ਸੁਰਿੰਦਰ ਸਿੰਘ ਤੇਜ
ਪੜ੍ਹਦਿਆਂ ਸੁਣਦਿਆਂ
ਜਬ ਮੁਲਕ ਹੈ ਪਾਕਿਸਤਾਨ। 1947 ਵਿੱਚ ਆਪਣੀ ਪੈਦਾਇਸ਼ ਤੋਂ ਲੈ ਕੇ ਹੁਣ ਤੱਕ ਆਪਣਾ ਵਜੂਦ ਬਚਾਉਣ ਦੀ ਲੜਾਈ ਇਹ ਲਗਤਾਰ ਲੜਦਾ ਆਇਆ ਹੈ। ਬੜੇ ਸੰਕਟ ਆਏ ਹਨ ਇਸ ਮੁਲਕ ’ਤੇ, ਕੁਝ ਇਸ ਦੀ ਭੂਗੋਲਿਕ ਸਥਿਤੀ ਕਾਰਨ ਅਤੇ ਕੁਝ ਇਸ ਦੀ ਰਾਜਕੀ, ਪ੍ਰਬੰਧਕੀ ਤੇ ਧਾਰਮਿਕ ਲੀਡਰਸ਼ਿਪ ਦੇ ਸੁਆਰਥਾਂ ਕਾਰਨ। ਇਨ੍ਹਾਂ ਦੇ ਬਾਵਜੂਦ ਇਸ ਨੇ ਹਰ ਸੰਕਟ ਵਿਚੋਂ ਉਭਰਨ ਅਤੇ ਆਪਣਾ ਵਜੂਦ ਤੇ ਵੁੱਕਤ ਬਰਕਰਾਰ ਰੱਖਣ ਦੀ ਸਮਰੱਥਾ ਨਿਰੰਤਰ ਦਿਖਾਈ ਹੈ। ਤਾਜ਼ਾਤਰੀਨ ਮਿਸਾਲ ਸਾਡੇ ਸਾਹਮਣੇ ਹੈ: ਕਰੋਨਾ ਮਹਾਂਮਾਰੀ ਫੈਲਣ ਤੋਂ ਪਹਿਲਾਂ ਇਹ ਮੁਲਕ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਿਹਾ ਸੀ। ਕਰੋਨਾ ਨੇ ਇਸ ਮੁਲਕ ’ਤੇ ਕਹਿਰ ਵੀ ਇਕਦਮ ਢਾਹਿਆ, ਪਰ ਸਥਿਤੀ ਵਿਚ ਮੋੜਾ ਭਾਰਤ ਤੋਂ ਬਹੁਤ ਪਹਿਲਾਂ ਆ ਗਿਆ। ਇਸੇ ਮੋੜੇ ਦੇ ਨਾਲ ਅਰਥਚਾਰੇ ਵਿਚ ਵੀ ਊਛਾਲਾ ਆਇਆ। ਇਸ ਸਮੇਂ ਦੱਖਣੀ ਏਸ਼ੀਆ ਵਿੱਚ ਬੰਗਲਾਦੇਸ਼ ਤੇ ਪਾਕਿਸਤਾਨ ਦੋ ਅਜਿਹੇ ਮੁਲਕ ਹਨ ਜਿਨ੍ਹਾਂ ਦਾ ਅਰਥਚਾਰਾ ਸੁੰਗੜਿਆ ਨਹੀਂ, ਮਜ਼ਬੂਤ ਹੋਇਆ ਹੈ। ਪਾਕਿਸਤਾਨੀ ਸ਼ੇਅਰ ਬਾਜ਼ਾਰ ਬੇਹੱਦ ਮਜ਼ਬੂਤੀ ਫੜ ਚੁੱਕਾ ਹੈ, ਬਰਾਮਦਾਂ ਵਧੀਆਂ ਹਨ, ਵਪਾਰਕ ਸੰਤੁਲਨ ਸੁਧਰਿਆ ਹੈ ਅਤੇ ਕਰੰਸੀ ਦੀ ਬੇਜ਼ਾਨੀਅਤ ਖ਼ਤਮ ਹੋਈ ਹੈ। ਇਸ ਖ਼ੁਸ਼ਗਵਾਰ ਸੂਰਤੇਹਾਲ ਦਾ ਨਾਖ਼ੁਸ਼ਗਵਾਰ ਪਹਿਲੂ ਇਹ ਹੈ ਕਿ ਖ਼ੁਸ਼ਗਵਾਰੀ ਦਾ ਸੁਖ ਭੋਗਣ ਦੀ ਥਾਂ ਇਮਰਾਨ ਖ਼ਾਨ ਸਰਕਾਰ ਖ਼ਿਲਾਫ਼ ਲੋਕ ਰੋਹ ਸਿਖਰ ’ਤੇ ਹੈ। ਹੁਕਮਰਾਨੀ ਵੱਲੋਂ ਵੀ ਜਮਹੂਰੀਅਤ ਦੀ ਸਲਾਮਤੀ ਦੇ ਨਾਂ ’ਤੇ ਗ਼ੈਰ-ਜਮਹੂਰੀ ਤੌਰ-ਤਰੀਕੇ ਬੇਕਿਰਕੀ ਤੇ ਬੇਹਯਾਈ ਨਾਲ ਵਰਤੇ ਜਾ ਰਹੇ ਹਨ।
ਕੌਮਾਂਤਰੀ ਪੱਤਰਕਾਰ ਡੈਕਲਾਨ ਵਾਲਸ਼ ਦੀ ਕਿਤਾਬ ‘‘ਨਾਈਨ ਲਾਈਵਜ਼ ਆਫ ਪਾਕਿਸਤਾਨ: ਡਿਸਪੈਚਿਜ਼ ਫਰੌਮ ਏ ਪ੍ਰੀਕੇਰੀਅਸ ਸਟੇਟ’’ (ਬਲੂਮਜ਼ਬਰੀ; 368 ਪੰਨੇ; ਪੇਪਰਬੈਕ 559 ਰੁਪਏ) ਭਾਵੇਂ ਪਾਕਿਸਤਾਨ ਦੀ ਮੌਜੂਦਾ ਸਥਿਤੀ ਉੱਤੇ ਕੇਂਦ੍ਰਿਤ ਨਹੀਂ, ਪਰ ਊਹ ਇਸ ਤੋਂ ਪਹਿਲੇ ਸੰਕਟਾਂ ਦਾ ਖੁਲਾਸਾ ਬੜੇ ਪੁਰਅਸਰ ਅੰਦਾਜ਼ ਨਾਲ ਪੇਸ਼ ਕਰਦੀ ਹੈ। ਆਇਰਿਸ਼ ਮੂਲ ਦਾ ਵਾਲਸ਼ 2004 ਤੋਂ 2013 ਤੱਕ ਪਾਕਿਸਤਾਨ ਵਿਚ ਬਤੌਰ ਪੱਤਰਕਾਰ ਕੰਮ ਕਰਦਾ ਰਿਹਾ, ਤਿੰਨ ਸਾਲ ਬ੍ਰਿਟਿਸ਼ ਅਖ਼ਬਾਰ ‘ਦਿ ਗਾਰਡੀਅਨ’ ਦੇ ਨਾਮਾਨਿਗਾਰ ਵਜੋਂ ਅਤੇ ਅਗਲੇ ਸੱਤ ਵਰ੍ਹੇ ‘ਨਿਊਯਾਰਕ ਟਾਈਮਜ਼’ ਦੇ ਬਿਓਰੋ ਚੀਫ ਵਜੋਂ। ਇਹ ਕਾਰਜਕਾਲ ਜੁਲਾਈ 2013 ਵਿਚ ਪਾਕਿਸਤਾਨ ਵਿਚੋਂ ਜਬਰੀ ਨਿਕਾਲੇ ਦੇ ਰੂਪ ਵਿਚ ਸਮਾਪਤ ਹੋਇਆ। ਇਸ ਅਰਸੇ ਦੌਰਾਨ ਉਸ ਨੂੰ ਪਾਕਿਸਤਾਨੀ ਫੌ਼ਜੀ ਅਧਿਕਾਰੀਆਂ, ਖਾਸ ਕਰਕੇ ਖੁਫ਼ੀਆ ਏਜੰਸੀ ਆਈਐੱਸਆਈ ਨਾਲ ਕਈ ਵਾਰ ਖਹਿਣਾ ਪਿਆ। ਉਸ ਨੂੰ ਦਹਿਸ਼ਤੀਆਂ ਰਾਹੀਂ ਅਗਵਾ ਕਰਵਾਉਣ ਦੇ ਯਤਨ ਵੀ ਤਿੰਨ ਵਾਰ ਹੋਏ। ਰਿਸ਼ਤੇ ਦੀ ਇਸ ਤਲਖ਼ੀ ਦੇ ਕਣ ਉਸ ਦੇ ਲੇਖਣ ਵਿਚ ਮੌਜੂਦ ਹਨ। ਕਿਸੇ ਵੀ ਜਰਨੈਲ ਨੂੰ (ਚੰਗੇ ਹੋਣ ਦੇ) ਸ਼ੱਕ ਦਾ ਲਾਭ ਉਸ ਨੇ ਨਹੀਂ ਦਿੱਤਾ। ਪਾਕਿਸਤਾਨ ਬਾਰੇ ਇਹ ਉਸ ਦੀ ਦੂਜੀ ਕਿਤਾਬ ਹੈ; ਪਹਿਲੀ ‘‘ਇਨਸ਼ਾ ਅੱਲ੍ਹਾ ਨੇਸ਼ਨ’’ ਨਾਲੋਂ ਵੱਧ ਪੜ੍ਹਨਯੋਗ, ਵੱਧ ਨਿੱਗਰ। ‘‘ਨਾਈਨ ਲਾਈਵਜ਼’’ ਪਾਕਿਸਤਾਨ ਨੂੰ ਸਮੇਂ-ਸਮੇਂ ਦਰਪੇਸ਼ ਸੰਕਟਾਂ ਦਾ ਬਿਰਤਾਂਤ ਵੀ ਹੈ ਅਤੇ ਵਜੂਦ ਬਚਾਉਣ ਦੀ ਲੜਾਈ ਦਾ ਅਧਿਐਨ ਵੀ। ਅੰਗਰੇਜ਼ੀ ਕੋਸ਼ਕਾਰੀ ਵਿੱਚ ‘‘ਨਾਈਨ ਲਾਈਵਜ਼’’ ਨੂੰ ਉੱਤਰਜੀਵਤਾ ਜਾਂ ਮਰ-ਮਰ ਕੇ ਜਿਊਣ ਨਾਲ ਜੋੜਿਆ ਜਾਂਦਾ ਹੈ। ਵਾਲਸ਼ ਲਈ ਪਾਕਿਸਤਾਨ ਦਾ ਅਕਸ ਵੀ ਮਰ-ਮਰ ਕੇ ਜਿਊਣ ਵਾਲਾ ਹੈ। ਉਹ ਇਸ ਹੰਢਣਸਾਰਤਾ ਜਾਂ ਖੂਬੀ ਦਾ ਸਿਹਰਾ ਪਾਕਿਸਤਾਨੀ ਰਾਜਸੀ-ਸਮਾਜਿਕ ਸਿਸਟਮ ਨੂੰ ਨਹੀਂ ਦਿੰਦਾ, ਉਨ੍ਹਾਂ ਸਿਰੜੀ ਤੇ ਸਿਰਲੱਥ ਹਸਤੀਆਂ ਨੂੰ ਦਿੰਦਾ ਹੈ ਜਿਨ੍ਹਾਂ ਨੇ ਫੌ਼ਜੀ ਜਰਨੈਲਾਂ, ਮੁਲਾਣਿਆਂ ਤੇ ਨਿੱਜਪ੍ਰਸਤ ਰਾਜਨੇਤਾਵਾਂ ਵੱਲੋਂ ਪੈਦਾ ਕੀਤੇ ਸੰਕਟਾਂ ਦੇ ਖ਼ਿਲਾਫ਼ ਲੜਾਈ, ਮਰਜੀਵੜਿਆਂ ਵਜੋਂ ਲੜੀ। ਗਿਆਰਾਂ ਚੈਪਟਰਾਂ ਵਾਲੀ ਇਸ ਕਿਤਾਬ ਵਿਚ ਅਜਿਹੀਆਂ ਨੌਂ ਜਿੰਦੜੀਆਂ ਦੀ ਜੱਦੋਜਹਿਦ ਨੂੰ ਪਾਕਿਸਤਾਨ ਦੀ ਸਮੁੱਚੀ ਸਥਿਤੀ ਦੇ ਪ੍ਰਸੰਗ ਵਿਚ ਚਿਤਰਿਆ ਗਿਆ ਹੈ। ਇਨ੍ਹਾਂ ਨੌਂ ਜ਼ਿੰਦਗੀਆਂ ਵਿਚ ਕਾਇਦੇ ਆਜ਼ਮ ਜਿਨਾਹ ਤੋਂ ਇਲਾਵਾ ਮਨੁੱਖੀ ਹੱਕਾਂ ਦੀ ਪਰਚਮਬਰਦਾਰ ਅਸਮਾ ਜਹਾਂਗੀਰ ਕੁਫ਼ਰ ਕਾਨੂੰਨ ਦਾ ਬੇਬਾਕ ਵਿਰੋਧੀ ਸਲਮਾਨ ਤਾਸੀਰ, ਬਲੋਚ ਆਗੂ ਅਕਬਰ ਬੁਗਤੀ, ਵਜ਼ੀਰਿਸਤਾਨ ਤੇ ਸਵਾਤ ਵਿਚ ਤਾਲਿਬਾਨੀ ਜੁੱਗਗਰਦੀ ਨਾਲ ਲੋਹਾ ਲੈਣ ਵਾਲਾ ਪਖ਼ਤੂਨ ਆਗੂ ਅਨਵਰ ਕਮਾਲ ਖ਼ਾਨ ਅਤੇ ਕਰਾਚੀ ਮਹਾਂਨਗਰੀ ਪੁਲੀਸ ਦੇ ਅਤਿਵਾਦ-ਵਿਰੋਧੀ ਸੈੱਲ ਦਾ ‘ਡਰਟੀ ਹੈਰੀ’ (ਕਟਹਿਰੇ ਦੀ ਥਾਂ ਗੋਲੀ ਨਾਲ ਨਿਆਂ ’ਚ ਯਕੀਨ ਰੱਖਣ ਵਾਲਾ) ਚੌਧਰੀ ਅਸਲਮ ਖ਼ਾਨ ਸ਼ਾਮਲ ਹਨ।
ਕਿਤਾਬ 2004 ਵਿੱਚ ਕਰਾਚੀ ਤੋਂ ਸ਼ੁਰੂ ਹੋ ਕੇ 2013 ਵਿੱਚ ਇਸਲਾਮਾਬਾਦ ’ਚ ਮਿਲੇ (ਪਾਕਿਸਤਾਨ ਤੋਂ) ਬੇਦਖ਼ਲੀ ਦੇ ਨੋਟਿਸ ਨਾਲ ਮੁੱਕਦੀ ਹੈ। ਇਸ ਇਕ ਦਹਾਕੇ ਦੌਰਾਨ ਵਾਲਸ਼ ਨੇ ਰਾਜਸੀ-ਸਮਾਜਿਕ ਦ੍ਰਿਸ਼ਟੀ ਪੱਖੋਂ ਅਹਿਮ ਜਾਪਣ ਵਾਲਾ ਪਾਕਿਸਤਾਨ ਦਾ ਹਰ ਨੁੱਕਰ-ਕੋਨਾ ਗਾਹਿਆ। ਸੱਤ ਵਰ੍ਹਿਆਂ ਤੱਕ ਆਈਐੱਸਆਈ ਉਸ ਦੇ ਪਿੱਛੇ ਲੱਗੀ ਰਹੀ। ਇਸ ਦੇ ਏਜੰਟ ਨਾਲ ਸਿੱਧੀ ਰੂਬਰੂ, ਕਿਤਾਬ ਦੇ ਅਤਿਅੰਤ ਦਿਲਚਸਪ ਅੰਸ਼ਾਂ ਵਿੱਚ ਸ਼ਾਮਲ ਹੈ। ਕਿਤਾਬ ਵਿੱਚ ਤਰੁੱਟੀਆਂ ਹਨ, ਖਾਸ ਤੌਰ ’ਤੇ ਤੱਥਾਂ, ਨਾਵਾਂ, ਪਰਿਭਾਸ਼ਾਵਾਂ ਦੀਆਂ, ਪਰ ਇਹ ਪਾਕਿਸਤਾਨੀ ਹੁਕਮਰਾਨੀ ਤੇ ਹਕੂਮਤੀ ਪ੍ਰਬੰਧ ਦੀਆਂ ਪੇਚੀਦਗੀਆਂ ਨੂੰ ਸਮਝਣ ਤੇ ਸਮਝਾਉਣ ਦੀ ਸੰਜੀਦਾ ਕੋਸ਼ਿਸ਼ ਹੈ। ਇਸ ਸਮੁੱਚੀ ਕਵਾਇਦ ਮਗਰੋਂ ਡੈਕਲਾਨ ਵਾਲਸ਼ ਇਕੋ ਨਤੀਜੇ ’ਤੇ ਪਹੁੰਚਦਾ ਹੈ ਕਿ ਪਾਕਿਸਤਾਨੀ ਜਰਨੈਲ ਤੇ ਮੁਲਾਣੇ ਹਾਰ ਕੇ ਵੀ ਨਹੀਂ ਹਾਰਦੇ, ਪਰ ਲੜਾਈ ਵਿਚ ਆਖ਼ਰ ਉਹ ਹੀ ਜੇਤੂ ਰਹਿੰਦੇ ਹਨ। ਲਿਹਾਜ਼ਾ, ਬਲਵਿਆਂ ਤੇ ਬਗ਼ਾਵਤਾਂ ਦਾ ਜੋ ਸਿਲਸਿਲਾ ਪਿਛਲੇ ਸੱਤ ਦਹਾਕਿਆਂ ਤੋਂ ਚੱਲਦਾ ਆ ਰਿਹਾ ਹੈ, ਉਹ ਨੇੜ ਭਵਿੱਖ ਵਿਚ ਮੁੱਕਣ ਵਾਲਾ ਨਹੀਂ। ਜਰਨੈਲਾਂ ਤੇ ਮੁਲਾਣਿਆਂ ਨੇ ਇਹ ਮੁੱਕਣ ਵੀ ਨਹੀਂ ਦੇਣਾ; ਉਨ੍ਹਾਂ ਦਾ ਵਜੂਦ ਹੀ ਬਲਵਿਆਂ, ਬਗ਼ਾਵਤਾਂ ਤੇ ਗੁਆਂਢੀ ਮੁਲਕਾਂ ਨਾਲ ਖਹਬਿਾਜ਼ੀ ਉੱਤੇ ਟਿਕਿਆ ਹੋਇਆ ਹੈ। ਹੌਲਨਾਕ ਹੈ ਇਹ ਵਰਤਾਰਾ।
***
ਪੰਜਾਬੀ ਵਿਚ ਅਜਿਹੀਆਂ ਬਹੁਤ ਘੱਟ ਕਿਤਾਬਾਂ ਸਾਹਮਣੇ ਆ ਰਹੀਆਂ ਹਨ ਜੋ ਕਹਾਣੀ ਕਲਾ ਨੂੰ ਵੱਧ ਜਾਨਦਾਰ, ਵੱਧ ਪ੍ਰਭਾਵਸ਼ਾਲੀ ਬਣਾਉਣ ਵੱਲ ਸੇਧਿਤ ਹੋਣ। ਸਦੀਵੀ ਛਾਪ ਛੱਡਣ ਵਾਲੀਆਂ ਕਹਾਣੀਆਂ ਦੀ ਗਿਣਤੀ ਵੀ ਵਧਣ ਦੀ ਥਾਂ ਘਟਦੀ ਜਾ ਰਹੀ ਹੈ। ਅਜਿਹੇ ਆਲਮ ਵਿੱਚ ਸਰਵਣ ਮਿਨਹਾਸ ਦਾ ਕਹਾਣੀ ਸੰਗ੍ਰਹਿ ‘‘ਹੋਣੀਆਂ-ਅਣਹੋਣੀਆਂ’’ ਆਸ ਦੀ ਕਿਰਨ ਵਾਂਗ ਹੈ। ਇਹ ਸੰਗ੍ਰਹਿ ਕਥਾ-ਯਾਤਰਾ ਦੇ ਜਿਊਂਦੇ ਹੋਣ ਦਾ ਅਹਿਸਾਸ ਜਗਾਉਂਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਦੇ ਮੁਖੀ ਰਹੇ ਪ੍ਰੋ. ਭੁਪਿੰਦਰ ਸਿੰਘ ਦਾ ਅਦਬੀ ਨਾਮ ਹੈ ਸਰਵਣ ਮਿਨਹਾਸ। ‘‘ਹੋਣੀਆਂ-ਅਣਹੋਣੀਆਂ’’ (ਨਵਯੁੱਗ ਪ੍ਰਕਾਸ਼ਨ, 250 ਰੁਪਏ) ਭਾਵੇਂ ਊਨ੍ਹਾਂ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ, ਪਰ ਕਥਾ-ਰਸ ਦੀ ਪੁਖ਼ਤਗੀ ਤੇ ਕਹਾਣੀ ਕਲਾ ਦੇ ਨਿਭਾਅ ਪੱਖੋਂ ਇਹ ‘ਪਲੇਠੇ’ ਤੋਂ ਵੱਧ ਵਾਲਾ ਪ੍ਰਭਾਵ ਦਿੰਦਾ ਹੈ। ਇਸ ਸੰਗ੍ਰਹਿ ਵਿਚ 20 ਕਹਾਣੀਆਂ ਸ਼ਾਮਲ ਹਨ। ਸਾਰੀਆਂ ਅਸਲਵਾਦੀ; ਸਾਡੇ ਆਸ-ਪਾਸ ਦੇ ਜੀਵਨ ਦੀਆਂ ਪੇਚੀਦਗੀਆਂ, ਸਾਡੇ ਰਿਸ਼ਤਿਆਂ ਅੰਦਰਲੇ ਵਿਰੋਧਾਭਾਸਾਂ ਅਤੇ ਸਾਡੇ ਚੌਗਿਰਦੇ ਦੀਆਂ ਹਕੀਕਤਾਂ ਦਾ ਬੇਲੌਸ ਬਿਰਤਾਂਤ ਪੇਸ਼ ਕਰਨ ਵਾਲੀਆਂ। ਫ਼ਲਸਫ਼ਾਨਾ, ਪਰ ਡੂੰਘੀ ਗੱਲ ਵੀ ਸਹਿਜ ਭਾਵ ਨਾਲ ਕਹਿਣ ਵਾਲੀਆਂ। ‘ਪੰਜ ਸਖ਼ੀਆਂ’, ‘ਕੋਲਾਜ’ ਤੇ ‘ਅਣਵਿੱਧ ਮੋਤੀ’ ਇਸ ਪੱਖੋਂ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹਨ। ‘ਪ੍ਰਸ਼ਨ ਚਿੰਨ੍ਹ’ ਵੀ ਇਸੇ ਕਤਾਰ ਵਿਚ ਆਉਂਦੀ ਹੈ। ਉਸਤਤ ਦਾ ਹੱਕਦਾਰ ਹੈ ਇਹ ਕਹਾਣੀ ਸੰਗ੍ਰਹਿ।
***
ਇਕ ਨਿੱਕਾ ਜਿਹਾ ਕਥਾ-ਅੰਸ਼ ਯਤੀਂਦ੍ਰ ਮਿਸ਼ਰ ਦੀ ਕਿਤਾਬ ‘‘ਲਤਾ: ਸੁਰ ਗਾਥਾ’’ ਵਿਚੋਂ। 1951 ਤੱਕ ਲਤਾ ਮੰਗੇਸ਼ਕਰ ਪਿੱਠਵਰਤੀ ਗਾਇਨ ਦੇ ਖੇਤਰ ਦੀ ਸੁਪਰਸਟਾਰ ਬਣ ਚੁੱਕੀ ਸੀ। ਉਹ ‘ਬੜੀ ਬਹੂ’ (1951) ਦੇ ਇਕ ਗੀਤ ਦੀ ਰਿਕਾਰਡਿੰਗ ਲਈ ਫਿਲਮਿਸਤਾਨ ਸਟੂਡੀਓ ਪੁੱਜੀ। ਉੱਥੇ ਸੰਗੀਤਕਾਰ ਅਨਿਲ ਬਿਸਵਾਸ ਇਸੇ ਫਿਲਮ ਦਾ ਇਕ ਹੋਰ ਗੀਤ ‘ਦੁਨੀਆ ਸੇ ਨਿਆਰੀ ਗੋਰੀ…’ ਸੁਰਿੰਦਰ ਕੌਰ ਦੀ ਅਵਾਜ਼ ਵਿਚ ਰਿਕਾਰਡ ਕਰਵਾ ਰਹੇ ਸਨ। ਲਤਾ ਨੂੰ ਦੇਖਦਿਆਂ ਹੀ ਉਹ ਬੜੀ ਬੇਤਕੁੱਲਫ਼ੀ ਨਾਲ ਬੋਲੇ, ‘‘ਲਤਿਕੇ’! ਗੀਤ ਦਾ ਕੋਰਸ ਸਹੀ ਨਹੀਂ ਜਮ ਰਹਾ। ਤੁਮ ਇਸ ਮੇਂ ਸ਼ਾਮਲ ਹੋ ਕੇ ਇਸ ਕੋ ਨਿਖਾਰ ਦੋ।’’ ਇਹ ਫ਼ਿਕਰਾ ਸੁਣਦਿਆਂ ਹੀ ਲਤਾ ਦੇ ਸੈਕ੍ਰੇਟਰੀ ਦੀਆਂ ਅੱਖਾਂ ਵਿਚ ਕਹਿਰ ਉਤਰ ਆਇਆ, ਪਰ ਲਤਾ ਝੱਟ ਕੋਰਸ ਗਾਇਕਾਵਾਂ ਦੀ ਕਤਾਰ ਵਿਚ ਜਾ ਖੜ੍ਹੀ ਹੋਈ। ਰਿਕਾਰਡਿੰਗ ਖ਼ਤਮ ਹੁੰਦਿਆਂ ਹੀ ਅਨਿਲ ਬਿਸਵਾਸ ਨੂੰ ਆਪਣੀ ਗੁਸਤਾਖ਼ੀ ਦਾ ਅਹਿਸਾਸ ਹੋਇਆ। ਉਨ੍ਹਾਂ ਨੇ ਲਤਾ ਤੋਂ ਮੁਆਫ਼ੀ ਮੰਗੀ, ਪਰ ਲਤਾ ਦਾ ਜਵਾਬ ਸੀ: ‘‘ਦਾਦਾ, ਆਪਕਾ ‘ਨਿਖਾਰ ਦੋ’ ਵਾਲਾ ਐਕਸਪ੍ਰੈਸ਼ਨ ਮੇਰੇ ਲੀਏ ਬਹੁਤ ਬੜੀ ਤਾਰੀਫ਼ ਥਾ। ਮੈਂ ਨਾਂਹ ਕੈਸੇ ਬੋਲਤੀ!’’
ਇਹ ਵੱਖਰੀ ਗੱਲ ਹੈ ਕਿ ਬਤੌਰ ਕੋਰਸ ਗਾਇਕਾ ਲਤਾ ਮੰਗੇਸ਼ਕਰ ਦਾ ਇਹ ਪਹਿਲਾ ਤੇ ਆਖਰੀ ਗੀਤ ਸੀ। •