ਪਾਕਿ-ਚੀਨ ਭਏ ਦੁਸ਼ਮਣ, ਕੈਸੀ ਕਰੀ ਤਿਆਰੀ ਜੀ

ਪਾਕਿ-ਚੀਨ ਭਏ ਦੁਸ਼ਮਣ, ਕੈਸੀ ਕਰੀ ਤਿਆਰੀ ਜੀ

ਐੱਸ ਪੀ ਸਿੰਘ*

“ਯੁੱਧ ਬੁਰੀ ਬਲਾ ਹੈ, ਵਿਸ਼ਵੀ ਅਮਨ-ਸ਼ਾਂਤੀ ਟੀਚਾ ਹੈ, ਗੁਰਬਤ ਅਤੇ ਭੁੱਖ ਅਸਲੀ ਦੁਸ਼ਮਣ ਹਨ, ਹਥਿਆਰਾਂ ਦੀ ਦੌੜ ਸਾਮਰਾਜਵਾਦੀ ਸਾਜ਼ਿਸ਼ ਹੈ।” ਏਡੇ ਸੋਹਣੇ ਸੰਕਲਪਾਂ ਵਿੱਚ ਗੁੰਦੇ ਅਗਾਂਹਵਧੂ ਲੋਕਪੱਖੀ ਅਖ਼ਬਾਰਾਂ ਦੇ ਪਾਠਕ ਅਤੇ ਕਾਲਮ-ਨਵੀਸ ਯੁੱਧ-ਨੀਤੀਆਂ ਅਤੇ ਸੱਤਾ ਦੀਆਂ ਹਕੀਕਤਾਂ ਤੋਂ ਅਕਸਰ ਕੋਰੇ ਖ਼ੁਦ ਨੂੰ ਤਸੱਲੀ ਦੇਣ ਖ਼ਾਤਰ ‘ਚੰਗੀਆਂ ਗੱਲਾਂ’ ਲਿਖਦੇ-ਪੜ੍ਹਦੇ-ਸੋਚਦੇ-ਬੋਲਦੇ ਹਨ। ਦੂਜੇ ਪਾਸੇ ਨੇਸ਼ਨ-ਸਟੇਟਸ ਆਪਣੇ ਭਵਿੱਖ ਅਤੇ ਵਜੂਦ ਦੀ ਕਾਇਮੀ ਲਈ ਸੁਰੱਖਿਆ ਨੀਤੀਆਂ ਅਤੇ ਸੰਭਾਵੀ ਯੁੱਧ-ਦ੍ਰਿਸ਼ ਚਿਤਵਦੇ, ਉਨ੍ਹਾਂ ਲਈ ਤਿਆਰੀ ਕਰਦੇ ਹਨ। 

‘ਚੰਗੀਆਂ ਗੱਲਾਂ’ ਕਰਨ ਵਾਲੇ ਸੰਭਾਵੀ ਯੁੱਧ-ਦ੍ਰਿਸ਼ਾਂ ਤੋਂ ਨਿਰਲੇਪ ਰਹਿ ਉਨ੍ਹਾਂ ਉੱਤੇ ਸਵਾਲ ਚੁੱਕਣੋਂ ਵੀ ਖੁੰਝ ਜਾਂਦੇ ਹਨ ਕਿਉਂ ਜੋ ਉਨ੍ਹਾਂ ਦਾ ਸੁਪਨ ਸੰਸਾਰ ਤਾਂ ਯੁੱਧ ਵਿੱਚ ਯਕੀਨ ਹੀ ਨਹੀਂ ਰੱਖਦਾ। ਹਕੀਕਤਨ ਜਦੋਂ ਤੱਕ ਦੁਨੀਆਂ ਵਿੱਚ ਦੇਸ਼ ਹਨ, ਉਦੋਂ ਤੱਕ ਯੁੱਧ ਵੀ ਹੋਣਗੇ, ਸੰਭਾਵੀ ਯੁੱਧ-ਦ੍ਰਿਸ਼ਾਂ ਲਈ ਤਿਆਰੀ ਵੀ। ਹਾਂ, ਕੱਲ੍ਹ ਨੂੰ ਵਿਸ਼ਵ ਸ਼ਾਂਤੀ ਹੋ ਗਈ ਤਾਂ ਇਨ੍ਹਾਂ ਅਗਾਂਹਵਧੂ ਕਾਲਮ-ਨਵੀਸਾਂ ਨੂੰ ਉਸ ਆਦਰਸ਼ ਰਾਜ ਦੀ ਨਾਗਰਿਕਤਾ ਪਹਿਲ ਦੇ ਆਧਾਰ ’ਤੇ ਮਿਲੇਗੀ, ਪਰ ਹਾਲੇ ਥੋੜ੍ਹਾ ਵਕਤ ਲੱਗੇਗਾ।

ਫਿਲਹਾਲ ਚੀਨ ਨੇ ਸਾਡੇ 20 ਜਵਾਨ ਦਸਵੀਂ ਸਦੀ ਵਾਲੇ ਹਥਿਆਰਾਂ ਨਾਲ ਮਾਰ ਮੁਕਾਏ ਹਨ। ਦੋਵੇਂ ਦੇਸ਼ ਘੰਟਿਆਂ ਲੰਬੇ ਮੁਸ਼ਕਿਲ ਮੁਜ਼ਾਕਰਾਤ ਵਿੱਚ ਮਸਰੂਫ਼ ਹਨ। ਭਵਿੱਖੀ ਸੰਭਾਵੀ ਯੁੱਧ-ਦ੍ਰਿਸ਼ ਚਿਤਵੇ ਜਾ ਰਹੇ ਹਨ। ਤਿਆਰੀਆਂ ਵਿੱਢ ਦਿੱਤੀਆਂ ਹਨ। ਇਸ ਹਫ਼ਤੇ 38,900 ਕਰੋੜ ਰੁਪਏ ਦੇ ਆਰਡਰ ਨੂੰ ਹਰੀ ਝੰਡੀ ਮਿਲ ਗਈ ਹੈ। ਰੂਸ ਤੋਂ 21 ਮਿੱਗ-29 ਲੜਾਕੂ ਜਹਾਜ਼ ਅਤੇ 12 ਸੁਖੋਈ-30 ਤਿਯਾਰੇ ਖਰੀਦਣ ਨੂੰ ਅਸੀਂ ਤਰਲੋ-ਮੱਛੀ ਹਾਂ, ਵਰਨਾ ਪਾਕਿਸਤਾਨ ਅਤੇ ਚੀਨ ਦੋਹਾਂ ਦਾ ਇਕੱਠਿਆਂ ਇੱਕੋ ਵਕਤ ਮੁਕਾਬਲਾ ਕਿਵੇਂ ਕਰਾਂਗੇ? ਸੁਣਿਐ 60 ਹਜ਼ਾਰ-ਕਰੋੜੀ ਸੌਦੇ ਵਾਲੇ 36 ਰਾਫੇਲ ਜਹਾਜ਼ਾਂ ਵਿੱਚੋਂ ਪੰਜ-ਛੇ ਅੰਬਾਲੇ ਪਹੁੰਚ ਰਹੇ ਹਨ, ਰਤਾ ਹੌਸਲਾ ਹੋਇਆ ਹੈ। ਬਾਕੀ ਰੱਬ ਹੀ ਜਾਣੇ ਚੀਨੀ ਅੰਦਰੋਂ ਕਿੰਨੇ ਕੰਬੇ ਹੋਣਗੇ? ਕੰਬਖ਼ਤ ਨਾਸਤਿਕ ਰੱਬ ਨੂੰ ਵੀ ਝਕਾਨੀ ਦੇਂਦੇ ਹੋਣੇ ਨੇ। 

ਕੁਝ ਜ਼ਰੂਰੀ ਸਵਾਲ ਪੁੱਛਣੇ ਬਣਦੇ ਹਨ: ਦੁਨੀਆਂ ਵਿੱਚ ਸਭ ਤੋਂ ਵਧੇਰੇ ਹਥਿਆਰ, ਸਰਮਾਇਆ, ਆਧੁਨਿਕ ਤਕਨੀਕ ਅਤੇ ਜੰਗੀ ਤਜਰਬਾ ਕਿਸ ਮੁਲਕ ਕੋਲ ਹੈ?  

5 ਜੂਨ 1944 ਨੂੰ ਅਮਰੀਕੀ ਜਰਨੈਲ ਜਾਰਜ ਪੈਟਨ ਇੰਗਲੈਂਡ ਵਿੱਚ ਅਮਰੀਕੀ ਫ਼ੌਜੀਆਂ ਸਨਮੁੱਖ ਹੋਇਆ ਸੀ: “ਅਸੀਂ ਹਮੇਸ਼ਾਂ ਜਿੱਤਦੇ ਆਏ ਹਾਂ, ਅੱਜ ਤੱਕ ਕਦੀ ਨਹੀਂ ਹਾਰੇ। ਭਵਿੱਖ ਵਿੱਚ ਵੀ ਕਦੀ ਨਹੀਂ ਹਾਰਾਂਗੇ। ਸਾਨੂੰ ਹਾਰ ਤੋਂ ਨਫ਼ਰਤ ਹੈ।” ਉਸ ਆਲਮੀ ਜੰਗ ਜਿੱਤੀ ਪਰ ਉਹ ਦਿਨ ਗਿਆ ਕਿ ਅੱਜ ਤੱਕ ਅਮਰੀਕਾ ਨੇ ਮੁੜ ਕੋਈ ਜੰਗ ਨਹੀਂ ਜਿੱਤੀ। 

ਕੋਰੀਆਈ ਜੰਗ ਸਟੇਲਮੇਟ ਸੀ, ਕੋਈ ਨਾ ਜਿੱਤਿਆ। ਵੀਅਤਨਾਮ ਕਮਿਊਨਿਸਟ ਹੋ ਗਿਆ, ਇਰਾਕ ਅਤੇ ਅਫ਼ਗ਼ਾਨਿਸਤਾਨ ਵਿੱਚ ਅਮਰੀਕੀ ਫ਼ੌਜੀ ਸ਼ਕਤੀ ਦਾ ਦੀਵਾਲਾ ਨਿਕਲ ਗਿਆ। ਇਰਾਨ ਨਾਲ ਕਦੀ ਸਮਝੌਤੇ ਕਰਦਾ, ਕਦੀ ਤੋੜਦਾ ਅਮਰੀਕਾ ਤਾਲਿਬਾਨ ਨਾਲ ਵੀ ਮੇਜ਼ ’ਤੇ ਬੈਠਿਆ। ਗਰਨੇਡਾ, ਪਾਨਾਮਾ, ਸੋਮਾਲੀਆ, ਬਾਲਕਾਨ, ਸੀਰੀਆ - ਸਭਨੀ ਥਾਈਂ ਅਮਰੀਕੀ ਫ਼ੌਜੀ ਸ਼ਕਤੀ ਦੀ ਨਕਸੀਰ ਫੁੱਟਦੀ ਦੁਨੀਆਂ ਨੇ ਤੱਕੀ।

ਨਾਟੋ ਨੇ ਅਫ਼ਗ਼ਾਨਿਸਤਾਨ ਵਿੱਚ ਬੜੀ ਸ਼ਕਤੀ ਝੌਂਕੀ। ਵੱਡੀਆਂ, ਸ਼ਕਤੀਸ਼ਾਲੀ, ਵਧੇਰੇ ਮਾਰੂ ਆਧੁਨਿਕ ਹਥਿਆਰਾਂ ਨਾਲ ਲੈਸ ਪੱਛਮੀ ਤਾਕਤਾਂ ਨੇ ਟੁੱਟੇ ਨਿਜ਼ਾਮਾਂ, ਫਟੇ ਬੂਟਾਂ, ਆਧੁਨਿਕਤਾ ਤੋਂ ਮੀਲਾਂ ਦੂਰ ਨੰਗੇਧੜ ਅਤੇ ਅੱਧੇ-ਕੱਚੇ, ਨੌਸਿੱਖੀਆ ਲੜਾਕਿਆਂ ਹੱਥੋਂ ਚਪੇੜਾਂ ਖਾਧੀਆਂ। ਫਰਾਂਸ ਨੇ ਅਲਜੀਰੀਆ ਅਤੇ ਇੰਡੋਚਾਈਨਾ ਵਿੱਚ, ਬਰਤਾਨੀਆ ਨੇ ਫਲਸਤੀਨ ਅਤੇ ਸਾਈਪ੍ਰਸ ਵਿੱਚ, ਰੂਸ ਨੇ ਅਫ਼ਗ਼ਾਨਿਸਤਾਨ ਅਤੇ ਇਜ਼ਰਾਈਲ ਨੇ ਲਿਬਨਾਨ ਵਿੱਚ ਇਹੋ ਹੱਤਕ-ਇੱਜ਼ਤ ਕਰਵਾਈ। 

ਯੁੱਧ ਦੇ ਸੰਕਲਪ ਵਿੱਚ ਚਿਰਾਂ ਤੋਂ ਤਬਦੀਲੀ ਆ ਚੁੱਕੀ ਹੈ, ਪਰ ਸਾਡੀ ਸੋਚ ਅਜੇ ਪ੍ਰੰਪਰਾਗਤ ਜੰਗੀ-ਦ੍ਰਿਸ਼ਾਂ ਤੱਕ ਸੀਮਤ ਹੈ। ਹਾਲੀਆ ਹਥਿਆਰ ਖਰੀਦ ਸੌਦੇ ਇਸ ਪਿੱਛੜੇਪਣ ਦੀ ਸ਼ਾਹਦੀ ਭਰਦੇ ਹਨ।  

ਵੈਸੇ ਇਹ ਮੂਰਖਤਾ ਨਵੀਂ ਨਹੀਂ। ਪਹਿਲੀ ਆਲਮੀ ਜੰਗ ਦਾ ਅਮਰੀਕੀ ਹੀਰੋ ਪਾਇਲਟ, ਜਰਨੈਲ ਵਿਲੀਅਮ ਮਿਚਲ (William Mitchell) ਸਾਲਾਂਬੱਧੀ ਰੌਲਾ ਪਾਉਂਦਾ ਰਿਹਾ ਕਿ ਭਵਿੱਖੀ ਯੁੱਧ ਹਵਾਈ ਜਹਾਜ਼ਾਂ ਦੀ ਤਾਕਤ ਨਾਲ ਲੜੇ ਜਾਣਗੇ, ਪਰ ਸਮੇਂ ਦੇ ਹਾਕਮ ਅਤੇ ਯੁੱਧ-ਨੀਤੀ ਘਾੜੇ ਪ੍ਰੰਪਰਾਗਤ ਸੋਚ ਨੂੰ ਪ੍ਰਣਾਏ ਸਨ, ਉਨ੍ਹਾਂ ਲਈ ਹਵਾਈ ਜਹਾਜ਼ ਮੋਟਰ ਵਾਲੀ ਪਤੰਗ ਤੋਂ ਵੱਧ ਕੁਝ ਨਹੀਂ ਸੀ। ਜਦੋਂ 1924 ਵਿੱਚ ਮਿਚਲ ਨੇ ਰੌਲਾ ਪਾਇਆ ਕਿ ਤੋਪਾਂ ਵਾਲੇ ਸਮੁੰਦਰੀ ਬੇੜੇ (battleships) ਨਹੀਂ, ਹਵਾਈ ਪੱਟੀ ਵਾਲੇ ਸਮੁੰਦਰੀ ਜਹਾਜ਼ (aircraft carriers) ਬਣਾਓ ਤਾਂ ਉਹਦੇ ’ਤੇ ਜਰਨੈਲ ਹੱਸਦੇ, ਕਹਿੰਦੇ ਚੱਲਦੇ ਸਮੁੰਦਰੀ ਜਹਾਜ਼ ਉੱਤੇ ਹਵਾਈ ਜਹਾਜ਼ ਸਟੰਟ ਪਾਇਲਟ ਉਤਾਰੇਗਾ? 

ਅੰਤ ਅਮਰੀਕੀ ਜਰਨੈਲ ਜੌਨ ਪਰਸ਼ਿੰਗ (John Pershing) ਨੇ ਮਿਚਲ ਤੋਂ ਖਹਿੜਾ ਛੁਡਾਉਣ ਲਈ ਉਹਨੂੰ ਪ੍ਰਸ਼ਾਂਤ ਖਿੱਤੇ ਦੇ ਨਿਰੀਖਣ ਟੂਰ ’ਤੇ ਭੇਜ ਦਿੱਤਾ। ਉਹ 525 ਸਫ਼ਿਆਂ ਦੀ ਰਿਪੋਰਟ ਬਣਾ ਲਿਆਇਆ। ਅਖੇ ਜੇ ਜਾਪਾਨ ਤੇ ਅਮਰੀਕਾ ਦਾ ਯੁੱਧ ਹੋ ਗਿਆ ਤਾਂ ਜਾਪਾਨੀ ਕੱਲ੍ਹ ਨੂੰ ਪਰਲ ਹਾਰਬਰ ’ਤੇ ਹਮਲਾ ਕਰਕੇ ਅਮਰੀਕਾ ਨੂੰ ਕਿਸੇ ਆਲਮੀ ਯੁੱਧ ਵਿੱਚ ਘੜੀਸ ਸਕਦੇ ਹਨ। ਫ਼ੈਸਲਾ ਹੋ ਗਿਆ ਕਿ ਮਿਚਲ ਦਾ ਦਿਮਾਗ਼ ਖ਼ਰਾਬ ਹੋ ਗਿਆ ਹੈ। ਉਹਦਾ ਕੋਰਟ ਮਾਰਸ਼ਲ ਹੋਇਆ, ਅੱਧੇ ਘੰਟੇ ਵਿੱਚ ਦੋਸ਼ੀ ਸਾਬਤ ਕਰ ਫ਼ੌਜ ਤੋਂ ਮੁਅੱਤਲ ਕਰ ਦਿੱਤਾ। ਬਾਕੀ ਉਮਰ ਜਗ੍ਹਾ-ਜਗ੍ਹਾ ਲੈਕਚਰ ਦੇਂਦਾ ਫਿਰਿਆ ਕਿ ਅਮਰੀਕਾ ਗ਼ਲਤੀ ਕਰ ਰਿਹਾ ਹੈ, ਹਵਾਈ ਤਾਕਤ ਹੀ ਬਚਾ ਸਕਦੀ ਹੈ। ਅੰਤ 1936 ਵਿੱਚ ਥੱਕਿਆ ਹਾਰਿਆ ਮਰ ਗਿਆ, ਲਿਖ ਕੇ ਗਿਆ ਕਿ ਮੈਨੂੰ ਮਹਾਨ ਅਮਰੀਕੀ ਜਰਨੈਲਾਂ ਵਾਲੀ ਆਰਲਿੰਗਟਨ ਨੈਸ਼ਨਲ ਸੀਮੈਟਰੀ ਵਿੱਚ ਨਾ ਦਫ਼ਨਾਉਣਾ, ਆਪਣੇ ਮੇਰੇ ਘਰ ਮਿਲਵਾਕੀ ਦੀ ਮਿੱਟੀ ’ਚ ਦੱਬਿਆ ਜੇ।

ਪੰਜ ਸਾਲ ਬੀਤੇ। ਜਾਪਾਨੀ ਪਰਲ ਹਾਰਬਰ ’ਤੇ ਆ ਪਏ। ਦੋ ਘੰਟਿਆਂ ਵਿੱਚ ਸਾਰਾ ਅਮਰੀਕੀ ਪੈਸੀਫ਼ਿਕ ਫਲੀਟ ਖ਼ਤਮ, 188 ਜਹਾਜ਼ ਤਬਾਹ। ਦੁਨੀਆਂ ਨੇ ਜਾਪਾਨ ਅਤੇ ਅਮਰੀਕਾ ਵਿਚਕਾਰ ਇਤਿਹਾਸ ਦਾ ਸਭ ਤੋਂ ਵੱਡਾ ਸਮੁੰਦਰੀ ਯੁੱਧ ਦੇਖਿਆ ਜਿਸ ਵਿੱਚ ਦੋਹਾਂ ਦੇ ਬੇੜੇ ਕਦੀ ਇੱਕ ਦੂਜੇ ਸਾਹਵੇਂ ਆਏ ਹੀ ਨਹੀਂ। ਸਾਰੀ ਸਮੁੰਦਰੀ ਜੰਗ ਹਵਾਈ ਜਹਾਜ਼ਾਂ ਨਾਲ ਲੜੀ ਗਈ। ਵਰ੍ਹਿਆਂ ਬਾਅਦ ਅਮਰੀਕੀ ਫ਼ੌਜ ਨੇ ਆਪਣੇ ਇੱਕ ਲੜਾਕੂ ਜਹਾਜ਼ ਦਾ ਨਾਮ ਵਿਲੀਅਮ ਮਿਚਲ ਦੇ ਨਾਮ ’ਤੇ ਰੱਖਿਆ।

ਬਰਤਾਨਵੀ ਜਰਨੈਲ ਜੇਐਫਸੀ ਫੁੱਲਰ ਨੇ 1928 ਵਿੱਚ ਟੈਂਕਾਂ ਅਤੇ ਜਹਾਜ਼ਾਂ ਦੀ ਸੁਮੇਲ ਸ਼ਕਤੀ ਬਾਰੇ ਲਿਖਿਆ ਤਾਂ ਅੰਗਰੇਜ਼ ਜਰਨੈਲਾਂ ਉਹਨੂੰ ਸਿਰਫਿਰਾ ਦੱਸਿਆ। ਜਰਮਨਾਂ ਨੇ ਉਹਦੀਆਂ ਲਿਖਤਾਂ ’ਤੇ ਗ਼ੌਰ ਕੀਤਾ। ਅੰਤ ਸਾਰੇ ਯੂਰਪ ਨੇ ਜਰਮਨਾਂ ਦੀ blitzkrieg ਵਾਲੀ ਫੈਂਟੀ ਖਾਧੀ। ਜਦੋਂ ਸ਼ੀਤ ਯੁੱਧ ਵਾਲੇ 70ਵਿਆਂ ਵਿੱਚ ਦੋਵੇਂ ਧਿਰਾਂ ਸਿੰਙ ਫਸਾਈ ਬੈਠੀਆਂ ਸਨ ਤਾਂ ਫ਼ਾਰਸੀ ਬੋਲਦਾ, ਇਰਾਨ ਅਫ਼ਗ਼ਾਨਿਸਤਾਨ ਗਾਹੁੰਦਾ ਵਿਲੀਅਮ ਜੇ. ਓਲਸਨ ਆਗਾਹ ਕਰ ਰਿਹਾ ਸੀ ਕਿ ਅੱਗੇ ਇਸਲਾਮ ਦੇ ਨਾਮ ’ਤੇ ਅਤਿਵਾਦ ਦੀ ਜ਼ਮੀਨ ਵਾਹੀ ਜਾ ਰਹੀ ਹੈ ਅਤੇ ਪੱਛਮ ਇਸ ਦਲਦਲ ਵਿੱਚ ਫਸ ਸਕਦਾ ਹੈ ਪਰ ਸੁਣ ਕੌਣ ਰਿਹਾ ਸੀ?

ਅੱਜ ਉਹੀ ਹਾਲ ਸਾਡਾ ਪਾਕਿਸਤਾਨ-ਚੀਨ ਖ਼ਿਲਾਫ਼ ਮਨਸੂਬਾਬੰਦੀਆਂ ਦਾ ਹੋਇਆ ਪਿਆ ਹੈ। ਜੇ ਕੋਈ 20 ਸਾਲ ਪਹਿਲੋਂ ਕਹਿੰਦਾ ਕਿ ਆਪਣੀ ਮੰਡੀ, ਮਨੁੱਖੀ ਸਰੋਤ, ਉਤਪਾਦਨ, ਤਕਨੀਕ, ਖੇਤੀ ਅਤੇ ਇਲੈਕਟ੍ਰਾਨਿਕ ਉੱਤੇ ਸਾਰਾ ਟਿੱਲ ਲਾ ਦਿਓ ਕਿਉਂਕਿ ਚੀਨ ਸਾਡਾ ਦੁਸ਼ਮਣ ਹੈ ਤਾਂ ਉਹਦੇ ’ਤੇ ਹਕੂਮਤਾਂ ਹੱਸਣਾ ਸੀ। ਹੁਣ ਜਿਹੜੇ ਯੁੱਧਾਂ ਲਈ ਤਿਆਰੀ ਕਰ ਰਹੇ ਹਾਂ, ਇਹ ਕਦੇ ਹੋਣੇ ਹੀ ਨਹੀਂ। ਪ੍ਰੰਪਰਾਗਤ ਯੁੱਧਾਂ ਦਾ ਸਮਾਂ ਬੀਤ ਗਿਆ ਹੈ। ਪਿਛਲੇ ਪੰਜਾਂ ਸਾਲਾਂ ਵਿਚਲੇ ਲਗਭਗ 50 ਹਥਿਆਰਬੰਦ ਯੁੱਧਾਂ ਵਿੱਚੋਂ ਸਿਰਫ਼ ਇੱਕ ਪਰੰਪਰਾਗਤ ਲੜਾਈ ਸੀ।  

ਕੀ ਗਲਵਾਨ ਘਾਟੀ ਵਿੱਚ ਕੁੱਟ ਇਸ ਲਈ ਖਾਧੀ ਹੈ ਕਿ ਦੇਸ਼ ਕੋਲ ਆਧੁਨਿਕ ਹਥਿਆਰ ਨਹੀਂ ਸਨ? ਫਿਰ ਯੁੱਧ ਦੀ ਤਿਆਰੀ ਲਈ ਲੜਾਕੂ ਜਹਾਜ਼ ਕਿਉਂ? ਜੇ ਤਕਨੀਕ ਨੇ ਹੀ ਬਚਾਉਣਾ ਹੁੰਦਾ ਤਾਂ ਅਮਰੀਕਾ ਦੇ ਐੱਫ-35 ਫਾਈਟਰ ਜੈੱਟ ਬਾਰੇ ਪੜ੍ਹ ਵੇਖੋ। ਜਾਪੇਗਾ ਕਿ ਹੁਣ ਸਾਰੀ ਦੁਨੀਆਂ ਗੋਡੇ ਟੇਕ ਦੇਵੇਗੀ। ਫਿਰ ਗਿਣ ਕੇ ਵੇਖੋ ਦੁਨੀਆਂ ਵਿੱਚ ਅਮਰੀਕਾ ਕਿੱਥੇ ਕਿੱਥੇ ਗੋਡਾ ਤੁੜਾਈ ਫਿਰਦਾ ਹੈ। 

ਹਾਂ, ਅਸੀਂ ਮੁਲਕ ਹਾਂ। ਦੂਜੇ ਮੁਲਕ ਸਾਡੇ ਦੁਸ਼ਮਣ ਹੋ ਸਕਦੇ ਹਨ। ਸਾਨੂੰ ਸ਼ਕਤੀਸ਼ਾਲੀ ਹੋਣਾ ਚਾਹੀਦਾ ਹੈ। ਪਰ ਜੇ ਰਣਨੀਤੀ ਲੋਕ-ਦਿਖਾਵੇ ਹਿੱਤ ਬਣੇ, ਸੁਰੱਖਿਆ ਨੀਤੀ ਰੱਖਿਆ ਸੌਦਿਆਂ ਤੱਕ ਮਹਿਦੂਦ ਰਹੇ, ਸਰਕਾਰ ‘ਵੇਖੋ ਅਸਾਂ ਕੁਝ ਤਾਂ ਕੀਤਾ’ ਵਾਲੀ ਚਾਰਾਜੋਈ ਨਾਲ ਹੀ ਕੰਮ ਚਲਾਵੇ ਤਾਂ ਅਸੀਂ ਕਿਸੇ ਨਾ ਕਿਸੇ ਗਲਵਾਨ ਘਾਟੀ ਵਿੱਚ ਗਰਕ ਜਾਵਾਂਗੇ। ਆਧੁਨਿਕ ਸਮਿਆਂ ਵਿੱਚ ਕਿਸੇ ਪ੍ਰੰਪਰਾਗਤ ਯੁੱਧ ਦਾ ਐਲਾਨ ਨਹੀਂ ਹੋਣਾ ਜਿਸ ਦੀ ਜਹਾਜ਼ ਖਰੀਦ ਕੇ ਤਿਆਰੀ ਕਰ ਰਹੇ ਹਾਂ। ਕੋਰਿਆਈ ਜੰਗ ਤੋਂ ਬਾਅਦ ਕਿਹੜੀ ਲੜਾਈ ਵਿਚ ਲੜਾਕੂ ਜਹਾਜ਼ਾਂ ਨੇ ਫੈਸਲਾਕੁੰਨ ਭੂਮਿਕਾ ਨਿਭਾਈ ਹੈ? ਅਸਲ ਵਿੱਚ ਅਸੀਂ ਸਾਲਾਂ ਤੋਂ ਯੁੱਧ ਵਿੱਚ ਹਾਂ, ਹਾਰ ਰਹੇ ਹਾਂ। ਜਦੋਂ ਸੈਂਕੜੇ ਐਪਾਂ ਵਿੱਚ ਫਸੇ ਸੀ, ਪਤਾ ਨਹੀਂ ਲੱਗਿਆ। ਹੁਣ ਟਿਕਟੌਕ ਹਟਾ ਰਹੇ ਹਾਂ। ਨਾ ਆਪਣਾ ਉਤਪਾਦਨ, ਨਾ ਖੇਤੀ, ਨਾ ਸਿੱਖਿਆ, ਨਾ ਸਿਹਤ ਬਚਾ ਰਹੇ ਹਾਂ। ਮਨੁੱਖੀ ਸਰੋਤਾਂ ਵਿੱਚ ਪੈਸੇ ਨਹੀਂ ਲਾ ਰਹੇ, ਰਾਫੇਲ ਖਰੀਦੀ ਜਾ ਰਹੇ ਹਾਂ।

ਜੇ ਐੱਫ-35 ਵਾਲਾ ਪ੍ਰੋਜੈਕਟ ਮੁਲਕ ਦਾ ਹੁੰਦਾ ਤਾਂ ਜੀ.ਡੀ.ਪੀ ਦੇ ਹਿਸਾਬ ਨਾਲ ਦੁਨੀਆਂ ਵਿੱਚ 11ਵੇਂ ਨੰਬਰ ’ਤੇ ਆਉਂਦਾ। ਜੇ ਏਨੇ ਸ੍ਰੋਤ ਸਿਆਹਫ਼ਾਮ ਭਾਈਚਾਰੇ ਦੇ ਵਿਕਾਸ ’ਤੇ ਲਾਏ ਹੁੰਦੇ ਤਾਂ ਅੱਜ ਅਮਰੀਕਾ ਉਹ ਜੰਗ ਨਾ ਹਾਰ ਰਿਹਾ ਹੁੰਦਾ ਜਿਸ ਦਾ ਕਿਸੇ ਨੇ ਐਲਾਨ ਵੀ ਨਹੀਂ ਕੀਤਾ। ਅਸੀਂ ਕਸ਼ਮੀਰ, ਨਕਸਲੀ, ਨਹਿਰੂ, ਦੇਸ਼ਧ੍ਰੋਹੀ ਦੇ ਨਾਮ ’ਤੇ ਜਿਹੜੀਆਂ ਲੜਾਈਆਂ ਵਿੱਚ ਫਸਾਏ ਹਰਾਏ ਜਾ ਰਹੇ ਹਾਂ, ਉਨ੍ਹਾਂ ਦਾ ਐਲਾਨ ਕਿੱਥੇ ਹੋਇਆ ਸੀ? ਕਰੋਨਾ ਖ਼ਿਲਾਫ਼ ਜੰਗ ਲੜਨ ਵਾਲੇ ਹਥਿਆਰ ਕਿਉਂ ਨਹੀਂ ਜੁਟਾਏ? ਆਪਣੇ ਕਿਸਾਨ, ਦਲਿਤ, ਆਦਿਵਾਸੀ ਕਿਉਂ ਨਹੀਂ ਬਚਾਏ? ਆਪਣੀ ਹਵਾ, ਪਾਣੀ, ਧਰਤੀ ਕਿਉਂ ਗਰਕਾਏ? ਜਿਨ੍ਹਾਂ ਬਿਮਾਰੀਆਂ ਦੇ ਦਵਾਈ ਟੀਕੇ ਦਹਾਕਿਆਂ ਪਹਿਲੋਂ ਲੱਭੇ ਸਨ, ਉਨ੍ਹਾਂ ਹੱਥ ਗ਼ਰੀਬ ਮਜ਼ਲੂਮ ਕਿਉਂ ਮਰਵਾਈ ਜਾ ਰਹੇ ਹਾਂ?       

ਚੀਨ ਨਾਲ ਲੜਨਾ ਹੈ ਤਾਂ ਪਹਿਲੋਂ ਆਪਣਾ ਮੁਲਕ ਬਚਾਉਣਾ ਹੋਵੇਗਾ। ਦਿਖਾਵਾ ਕਰਨਾ ਹੈ ਤਾਂ ਰਾਫੇਲ ਉੱਤੇ ਨਿੰਬੂ ਮਿਰਚਾਂ ਲਟਕਾਉਣਾ ਹੋਵੇਗਾ, ਫੋਟੋ ਖਿੱਚਣ ਲਈ ਕਿਸੇ ਸੋਹਣੇ ਜਿਹੇ ਹਾਲ ਵਿਚ ਨਵੇਂ ਬਿਸਤਰੇ ਲਾ ਜਵਾਨਾਂ ਨੂੰ ਅਟੈਂਸ਼ਨ ਬਿਠਾਉਣਾ ਹੋਵੇਗਾ।

(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ “ਹਿੰਦੀ-ਚੀਨੀ ਭਾਈ-ਭਾਈ” ਤੋਂ ਕਿਤੇ ਅਗਾਂਹ ਜਾ, “ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ” ਨੂੰ ਪ੍ਰਣਾਇਆ, ਮੁਲਕਾਂ ਦੀ ਜੰਗੀ ਸ਼ਕਤੀ ਦੀ ਮਹੱਤਤਾ ਤੋਂ ਮੁਨਕਰ ਨਹੀਂ ਹੈ।)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All