ਜਿੰਦਰ
ਚਾਹ ਪੀਂਦਿਆਂ ਮੇਰੀ ਨਜ਼ਰ ਗਗਨ ਦੇ ਖੱਬੇ ਹੱਥ ਵੱਲ ਚਲੇ ਗਈ। ਉਹ ਤੇਜ਼ੀ ਨਾਲ ਉਂਗਲਾਂ ਨੂੰ ਹਥੇਲੀ ’ਤੇ ਐਦਾਂ ਮਾਰ ਰਿਹਾ ਸੀ ਜਿੱਦਾਂ ਕਿਸੇ ਗਿਣਤੀਆਂ-ਮਿਣਤੀਆਂ ਵਿੱਚ ਉਲਝਿਆ ਹੋਵੇ। ਤਿਰਤਾਲੀ ਸਾਲ ਮੈਨੂੰ ਦੇਖਦਿਆਂ ਹੋਇਆਂ ਹੋ ਗਏ। ਉਸ ਦੀ ਇਹ ਆਦਤ ਨਹੀਂ ਬਦਲੀ। ਅਸੀਂ ਡੀ.ਏ.ਵੀ. ਕਾਲਜ, ਜਲੰਧਰੋਂ ਐੱਮ.ਏ. ਇੰਗਲਿਸ਼ ਥਰਡ ਡਿਵੀਜ਼ਨ ਵਿਚ ਪਾਸ ਕੀਤੀ ਸੀ। ਮੈਂ ਆਪਣੇ ਪਿੰਡ ਲੱਧੜਾਂ ਤੋਂ ਜਲੰਧਰ ਬੱਸ ’ਤੇ ਆਉਂਦਾ। ਉਹ ਕਰਤਾਰਪੁਰੋਂ ਕਦੇ ਲੋਕਲ ਬੱਸ ਤੇ ਕਦੇ ਸਕੂਟਰ ’ਤੇ ਆਉਂਦਾ। 1975-76 ਵਿੱਚ ਆਪਣੇ ਸਕੂਟਰ ’ਤੇ ਪੜ੍ਹਣ ਆਉਣਾ ਬਹੁਤ ‘ਵੱਡੀ ਗੱਲ’ ਹੁੰਦੀ ਸੀ।
ਸਾਹਮਣੇ ਪਈ ਵੱਡੀ ਸਾਰੀ ਐਲ.ਈ.ਡੀ. ’ਤੇ ਖ਼ਬਰਾਂ ਆ ਰਹੀਆਂ ਸਨ। ਉਸ ਦੀ ਇਸ ਗੱਲ ਵਿੱਚ ਦਿਲਚਸਪੀ ਸੀ ਕਿ ਐਵੀਏਸ਼ਨ ਮਨਿਸਟਰ ਹਰਦੀਪ ਸਿੰਘ ਪੁਰੀ ਇੰਟਰਨੈਸ਼ਨਲ ਫਲਾਈਟਾਂ ਕਦੋਂ ਸ਼ੁਰੂ ਹੋਣਗੀਆਂ, ਬਾਰੇ ਕੀ ਦੱਸੇਗਾ। ਤਿੰਨ ਕੁ ਮਿੰਟਾਂ ਮਗਰੋਂ ਹੇਠਾਂ ਚਲਦੀ ਪੱਟੀ ’ਤੇ ਖ਼ਬਰ ਆਈ- ਅਭੀ ਅੰਤਰਰਾਸ਼ਟਰੀਏ ਉਡਾਨੇਂ ਸ਼ੁਰੂ ਕਰਨੇ ਕੇ ਬਾਰੇ ਮੇਂ ਕੋਈ ਸਹਮਤੀ ਨਹੀਂ ਬਨ ਰਹੀ। ਉਸ ਨੇ ਸੱਜੇ ਹੱਥ ਪਿਆ ਰਿਮੋਟ ਕੰਟ੍ਰੋਲਰ ਚੁੱਕਿਆ ਤੇ ਐਲ.ਈ.ਡੀ. ਬੰਦ ਕਰ ਦਿੱਤੀ। ਖਿੱਝ ਨਾਲ ਭਰਿਆ ਹੋਇਆ ਬੋਲਿਆ, ‘‘ਇਨ੍ਹਾਂ … ਕੋਲੋਂ ਕੋਈ ਫੈਸਲਾ ਨ੍ਹੀਂ ਕਰ ਹੋਣਾ।’’ ਮੇਰੇ ਵੱਲ ਐਦਾਂ ਦੇਖਿਆ ਜਿੱਦਾਂ ਇਸ ਬਾਰੇ ਮੇਰੇ ਵਿਚਾਰ ਜਾਣਨਾ ਚਾਹੁੰਦਾ ਹੋਵੇ। ਮੇਰੀ ਇਨ੍ਹਾਂ ਖ਼ਬਰਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ। ਚਹੁੰ ਪਾਸੀਂ ਕਰੋਨਾ-ਕਰੋਨਾ ਹੋ ਰਹੀ ਸੀ। ਮੈਂ ਖ਼ਬਰਾਂ ਸੁਣਨੀਆਂ ਬੰਦ ਕਰ ਛੱਡੀਆਂ ਸਨ। ਸਿਰਫ਼ ਐਨਡੀਟੀਵੀ ’ਤੇ ਰਵੀਸ਼ ਕੁਮਾਰ ਦਾ ‘ਪ੍ਰਾਈਮ ਟਾਈਮ’ ਪ੍ਰੋਗਰਾਮ ਦੇਖਣਾ ਕਦੇ ਨਹੀਂ ਭੁੱਲਿਆ।
‘‘ਆਪਣੀ ਕੋਈ ਕਲਾਸਫੈਲੋ ਨ੍ਹੀਂ ਮਿਲੀ ਕਦੇ?’’ ਉਸ ਪੁੱਛਿਆ।
‘‘ਅੱਜ ਸੁਨੀਤਾ ਯਾਦ ਆ ਗਈ ਲੱਗਦੀ?’’
‘‘ਨ੍ਹੀਂ ਯਾਰ, ਤੂੰ ਪੁੱਠੀ ਗੱਲ ਕਰਦਾਂ। ਐਵੇਂ ਕਾਲਜ ਦੇ ਦਿਨਾਂ ਵੱਲ ਖਿਆਲ ਚਲੀ ਗਿਆ।’’
‘‘ਇਕ ਕੁੜੀ ਮਾਡਲ ਟਾਊਨ ਵੱਲੋਂ ਆਉਂਦੀ ਹੁੰਦੀ ਸੀ। ਨਾਂ ਤਾਂ ਹੁਣ ਯਾਦ ਨ੍ਹੀਂ ਆ ਰਿਹਾ। ਅੱਜਕੱਲ੍ਹ, ਜਦੋਂ ਆਪਾਂ ਮੈਨਬਰੋ ਚੌਕ ਵੱਲੋਂ ਥਿੰਦ ਆਈਸ ਹਸਪਤਾਲ ਵੱਲ ਜਾਈਏ ਤਾਂ ਉਸ ਦੀ ਕੋਠੀ ਸੱਜੇ ਹੱਥ ਪੈਂਦੀ ਆ। ਪਿਛਲੇ ਵੀਹ ਸਾਲਾਂ ਤੋਂ ਮੈਂ ਉਸ ਨੂੰ ਦੇਖ ਰਿਹਾਂ। ਮਹੀਨੇ ਦੋ ਮਹੀਨਿਆਂ ਬਾਅਦ ਕੋਠੀ ’ਚੋਂ ਆਉਂਦੀ-ਜਾਂਦੀ ਦਿਸ ਪੈਂਦੀ ਆ। ਉਸ ਕਈ ਵਾਰ ਮੇਰੇ ਵੱਲ ਦੇਖਿਆ। ਜਿੱਦਾਂ ਪਛਾਣ ਰਹੀ ਹੋਵੇ। ਨਾ ਕਦੇ ਉਸ ਨੇ ਮੈਨੂੰ ਬੁਲਾਇਆ। ਨਾ ਹੀ ਮੈਂ।’’
‘‘ਅਸੀਂ ਬਹੁਤ ਪਹਿਲਾਂ ਜੰਮ ਪਏ। ਚਾਲੀ ਸਾਲ ਬਾਅਦ ਜੰਮਣਾ ਚਾਹੀਦਾ ਸੀ। ਆਪਣੇ ਵਾਲੇ ਸਮੇਂ ਨਾ ਹੋਇਆਂ ਵਰਗੇ ਸੀ। ਇਕ ਆਪਣਾ ਕਲਾਸਫੈਲੋ ਹੁੰਦਾ ਸੀ ਸੂਰੀ। ਉਹੀ ਜਿਹਦੇ ਕੁੜੀਆਂ ਵਰਗੇ ਲੰਬੇ-ਲੰਬੇ ਵਾਲ ਹੁੰਦੇ ਸੀ ਨਾ। ਉਹ ਹੱਥ ’ਤੇ ਹੱਥ ਮਾਰ ਕੇ ਕਹਿੰਦਾ ਹੁੰਦਾ ਸੀ- ‘ਐੱਮ.ਏ. ਕਰ ਲਈ ਪਰ ਇਕ ਵੀ ਕੁੜੀ ਨਾ ਫਸਾ ਹੋਈ’।’’
‘‘ਪ੍ਰਿੰਸੀਪਲ ਬਹਿਲ ਬਹੁਤ ਸਖ਼ਤ ਹੁੰਦਾ ਸੀ। ਉਸ ਦੇ ਰਾਜ ਤਾਂ ਕੋਈ ਕੰਨ ’ਚ ਪਾਇਆ ਨਾ ਰੜਕਦਾ। ਜੇ ਕੋਈ ਆਪਣੇ ਆਪ ਨੂੰ ਨਵਾਬਜ਼ਾਦਾ ਸਮਝਦਾ ਤਾਂ ਉਹ ਥਾਣੇਦਾਰ ਨੂੰ ਨ੍ਹੀਂ ਸਿੱਧਾ ਐੱਸ.ਐੱਸ.ਪੀ. ਨੂੰ ਫੋਨ ਕਰਦਾ ਸੀ। ਬੜਾ ਅਨੁਸ਼ਾਸਨ ਰੱਖਿਆ ਸੀ ਉਸ ਨੇ ਕਾਲਜ ’ਚ।’’
‘‘ਤੈਨੂੰ ਅੱਜ ਇਕ ਹੋਰ ਦਿਲਚਸਪ ਘਟਨਾ ਸੁਣਾਉਣਾਂ। ਚਾਹ ਦੀ ਕੱਪੀ-ਕੱਪੀ ਹੋਰ ਹੋ ਜਾਏ। ਪਹਿਲਾਂ ਪੀਤੀ ਦਾ ਸੁਆਦ ਹੀ ਨ੍ਹੀਂ ਆਇਆ। ਧਿਆਨ ਖ਼ਬਰਾਂ ਵੱਲ ਹੀ ਲੱਗਾ ਰਿਹਾ।’’ ਉਸ ਨੇ ਆਪਣੇ ਘਰੇਲੂ ਨੌਕਰ ਨੂੰ ਆਵਾਜ਼ ਮਾਰੀ, ‘‘ਉਏ ਕਨੱਈਆ- ਏਕ ਬਾਰ ਔਰ ਚਾਏ ਬਣਾ।’’
ਚਾਹ ਆਉਣ ਤੱਕ ਅਸੀਂ ਹਲਕੀਆਂ-ਫੁਲਕੀਆਂ ਗੱਲਾਂ ਕੀਤੀਆਂ। ਫੇਰ ਉਸ ਨੇ ਦੱਸਣਾ ਸ਼ੁਰੂ ਕੀਤਾ, ‘‘ਇਕ ਵਾਰ ਮੈਂ ਤੇਰੇ ਪਿੰਡ ਵਾਲੇ ਪਾਸੇ ਐੱਸ.ਡੀ.ਐਮ. ਲੱਗਾ ਸੀ। ਲਾਗਲੇ ਪਿੰਡ ਦੇ ਜ਼ਿੰਮੀਦਾਰ ਦੀ ਕੁੜੀ ਯੂਪੀ ਦੇ ਪਰਵਾਸੀ ਨਾਲ ਭੱਜ ਗਈ। ਪਰਵਾਸੀ ਦਾ ਪਿੰਡ ਮੁਜ਼ੱਫ਼ਰਪੁਰ ਜ਼ਿਲ੍ਹੇ ’ਚ ਸੀ। ਮੈਨੂੰ ਇਲਾਕੇ ਦੇ ਐਮ.ਐਲ.ਏ. ਦਾ ਫੋਨ ਆਇਆ, ‘ਐਸ.ਡੀ.ਐਮ. ਸਾਹਿਬ ਕੁੜੀ ਹਰ ਹਾਲਤ ’ਚ ਘਰ ਮੁੜਣੀ ਚਾਹੀਦੀ ਆ। ਉਹ ਮੇੇਰੇ ਖ਼ਾਸ ਬੰਦੇ ਨੇ।’ ਉਸ ਨੇ ਦੋ-ਤਿੰਨ ਵਾਰ ‘ਖ਼ਾਸ ਬੰਦੇ’ ’ਤੇ ਜ਼ੋਰ ਦਿੱਤਾ। ਮੈਂ ਉਸ ਦੇ ਕਹੇ ਨੂੰ ਸਮਝ ਗਿਆ। ਇਹ ਕਿਹੜਾ ਪਹਿਲਾ ਕੇਸ ਸੀ। ਡਿਊਟੀ ਦੌਰਾਨ ਪਤਾ ਨ੍ਹੀਂ ਕਿੰਨੀ ਵਾਰ ਐਦਾਂ ਦੇ ਕੇਸਾਂ ਨਾਲ ਵਾਹ ਪਿਆ। ਜਦੋਂ ਦੀ ਲੀਡਰਾਂ ਦੀ ਦਖਲਅੰਦਾਜ਼ੀ ਵਧਣ ਲੱਗੀ ਆ – ਨੌਕਰੀ ਕਰਨ ਦਾ ਪਹਿਲਾਂ ਵਾਲਾ ਮਜ਼ਾ ਨ੍ਹੀਂ ਰਿਹਾ। ਬੜਾ ਸੋਚ-ਸਮਝ ਕੇ ਚੱਲਣਾ ਪੈਂਦਾ। ਮੈਂ ਸਮਝ ਗਿਆ ਸੀ ਕਿ ਕਾਰਵਾਈ ਕਰਨੀ ਹੀ ਪੈਣੀ ਹੈ, ‘ਸਰਦਾਰ ਜੀ, ਮੈਂ ਇਸ ਮਾਮਲੇ ’ਚ ਕੀ ਕਰ ਸਕਦਾਂ? ਇਹ ਤਾਂ ਪੁਲੀਸ ਕੇਸ ਬਣਦਾ।’ ਐਮ.ਐਲ.ਏ. ਨੇ ਕਿਹਾ ਕਿ ਤੁਸੀਂ ਸਰਚ ਵਰੰਟ ਜਾਰੀ ਕਰ ਦਿਓ। ਪੁਲੀਸ ਵਾਲੇ ਕੀ, ਉਨ੍ਹਾਂ ਦਾ ਬਾਪ ਵੀ ਕੁੜੀ ਨੂੰ ਲੱਭ ਕੇ ਲਿਆਊ। ਮੈਂ ਸਰਚ ਵਰੰਟ ਜਾਰੀ ਕਰ ਦਿੱਤੇ।’’
‘‘ਪੰਦਰ੍ਹਾਂ ਦਿਨ ’ਚ ਹੀ ਪੁਲੀਸ ਨੇ ਕੁੜੀ ਤੇ ਮੁੰਡੇ ਨੂੰ ਮੇਰੀ ਕੋਰਟ ’ਚ ਲਿਆ ਪੇਸ਼ ਕੀਤਾ। ਮੈਂ ਮੁੰਡੇ ਵੱਲ ਦੇਖਿਆ। ਜਿੱਦਾਂ ਦੇ ਆਮ ਕਰਕੇ ਯੂਪੀ-ਬਿਹਾਰ ਦੇ ਮੁੰਡੇ ਹੁੰਦੇ ਨੇ, ਉਹ ਉੱਦਾਂ ਦਾ ਨ੍ਹੀਂ ਸੀ। ਉਸ ਦਾ ਰੰਗ ਭਾਵੇਂ ਸਾਂਵਲਾ ਸੀ, ਪਰ ਨੈਣ-ਨਕਸ਼ ਤਿੱਖੇ ਸੀ। ਚਿਹਰੇ ’ਤੇ ਜੁਆਨੀ ਵਾਲੀ ਚਮਕ ਸੀ। ਕੁੜੀ ਮੇਰੇ ਖੱਬੇ ਪਾਸੇ ਨੀਵੀਂ ਪਾ ਕੇ ਖੜ੍ਹੀ ਸੀ। ਐਨੀ ਖ਼ੂਬਸੂਰਤ ਕੁੜੀ। ਯਾਰ, ਮੈਂ ਉਸ ਦੀ ਖ਼ੂਬਸੂਰਤੀ ਨੂੰ ਸ਼ਬਦਾਂ ’ਚ ਬਿਆਨ ਨ੍ਹੀਂ ਕਰ ਸਕਦਾ। ਕਿੱਥੇ ਮੁੰਡਾ ਸਾਂਵਲੇ ਰੰਗ ਦਾ ਤੇ ਕਿੱਥੇ ਕੁੜੀ ਦਾ ਕਪਾਹ ਦੀਆਂ ਫੁੱਟੀਆਂ ਵਰਗਾ ਰੰਗ। ਸੇਬ ਵਰਗੀਆਂ ਗਲ੍ਹਾਂ। ‘ਸਾਡੀ ਕੁੜੀ’। ਉੁਦੋਂ ਇਹੀ ਮੇਰੇ ਧੁਰ ਅੰਦਰੋਂ ਆਵਾਜ਼ ਆਈ ਸੀ। ਕੁੜੀ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਆਪਣੀ ਮਰਜ਼ੀ ਨਾਲ ਬਿਹਾਰੀ ਨਾਲ ਗਈ ਸੀ। ਹੁਣ ਉਹ ਆਪਣੀ ਜ਼ਿੰਦਗੀ ਬਿਹਾਰੀ ਸੰਗ ਹੀ ਬਿਤਾਏਗੀ। ਉਨ੍ਹਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਨਾ ਕੀਤਾ ਜਾਵੇ। ਮੇਰੀ ਕਚਹਿਰੀ ’ਚ ਚੁੱਪ ਛਾ ਗਈ ਜਿੱਦਾਂ ਕੋਈ ਗੱਲ ਕਰਨ ਵਾਲੀ ਨਾ ਰਹੀ ਹੋਵੇ। ਮੈਂ ਸਰਪੰਚ ਨੂੰ ਪੁੱਛਿਆ, ‘ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਕੁੜੀ ਦੀ ਕੌਂਸਲਿੰਗ ਕਰ ਲਵਾਂ?’ ਸਰਪੰਚ ਨੇ ਸਿਰ ਹਿਲਾ ਕੇ ਹਾਂ ਕਹਿ ਦਿੱਤੀ।’’
‘‘ਮੈਂ ਉੱਠ ਕੇ ਰਿਟਾਇਰਿੰਗ ਰੂਮ ’ਚ ਪਏ ਸੋਫੇ ’ਤੇ ਆ ਬੈਠਾ। ਪੰਜ ਕੁ ਮਿੰਟਾਂ ਮਗਰੋਂ ਕੁੜੀ ਵੀ ਆਣ ਖੜ੍ਹੀ। ਮੈਂ ਸਾਹਮਣੇ ਵਾਲੀ ਕੁਰਸੀ ’ਤੇ ਬੈਠਣ ਦਾ ਇਸ਼ਾਰਾ ਕੀਤਾ। ਪਰ ਉਹ ਖੜ੍ਹੀ ਰਹੀ। ਮੈਂ ਕਿਹਾ, ‘ਹੁਣ ਮੈਂ ਕੋਈ ਅਫ਼ਸਰ ਨ੍ਹੀਂ ਆਂ। ਮੈਨੂੰ ਆਪਣਾ ਪਰਿਵਾਰਕ ਮੈਂਬਰ ਸਮਝ ਲਉ। ਤੁਸੀਂ ਮੈਨੂੰ ਅੰਕਲ ਕਹਿ ਕੇ ਬੁਲਾ ਸਕਦੇ ਹੋ’।’’
ਜਕੋਤਕੀ ਵਿਚ ਉਹ ਬੈਠ ਗਈ। ਮੈਂ ਪੁੱਛਿਆ, ‘‘ਤੁਹਾਡਾ ਨਾਂ?’’
‘‘ਸ਼ਮਿੰਦਰ ਕੌਰ।’’
‘‘ਤੁਸੀਂ ਕੋਰਟ ਮੈਰਿਜ ਤਾਂ ਨ੍ਹੀਂ ਕੀਤੀ?’’
ਉਸ ਨਾਂਹ ਵਿੱਚ ਸਿਰ ਹਿਲਾਇਆ।
‘‘ਸੌਰੀ, ਮੈਂ ਭੁੱਲ ਗਿਆ। ਪਹਿਲਾਂ ਦੱਸੋ ਚਾਹ ਪੀਣੀ ਆ ਜਾਂ ਕੋਲਡ ਡਰਿੰਕ ਮੰਗਵਾਵਾਂ?’’
ਉਸ ਫੇਰ ਨਾਂਹ ਵਿਚ ਸਿਰ ਹਿਲਾਇਆ।
ਮੈਂ ਘੰਟੀ ’ਤੇ ਉਂਗਲ ਦਾ ਭਾਰ ਪਾਇਆ। ਪੀਅਨ ਨੂੰ ਦੋ ਕੱਪ ਚਾਹ ਤੇ ਨਮਕੀਨ ਬਿਸਕੁਟ ਲਿਆਉਣ ਲਈ ਕਿਹਾ। ਮਾਹੌਲ ਸਾਂਵਾ ਕਰਨ ਲਈ ਮੈਨੂੰ ਹੋਰ ਸਮਾਂ ਚਾਹੀਦਾ ਸੀ। ਮੈਂ ਪਿੱਛੋਂ ਆਵਾਜ਼ ਮਾਰੀ, ‘‘ਨਿਹਾਲ ਚੰਦ ਦੀ ਦੁਕਾਨੋਂ ਸਮੋੋਸੇ ਵੀ ਮੰਗਵਾ ਲੈ ਕਿਸੇ ਦੇ ਹੱਥੀਂ।’’
‘‘ਸ਼ਮਿੰਦਰ, ਮੈਂ ਕਿਹੜਾ ਪੁਲੀਸ ਵਾਲਾ ਆਂ ਜਿਸ ਤੋਂ ਤੁਹਾਨੂੰ ਡਰ ਲੱਗੇਗਾ। ਤੁਸੀਂ ਰੀਲੈਕਸ ਮਹਿਸੂਸ ਕਰੋ। … ਮੈਂ ਉਮਰ ’ਚ ਤੁਹਾਥੋਂ ਕਾਫ਼ੀ ਵੱਡਾ ਆਂ। ਤੁਹਾਨੂੰ ਸਮਝਾਉਣਾ ਮੇਰਾ ਫ਼ਰਜ਼ ਆ। ਮੰਨਣਾ ਜਾਂ ਨਾ ਮੰਨਣਾ ਤੁਹਾਡੀ ਆਪਣੀ ਮਰਜ਼ੀ। ਮੈਂ ਕੋਈ ਜ਼ੋਰ ਜ਼ਬਰਦਸਤੀ ਨਾ ਆਪ ਕਰਾਂਗਾ। ਨਾ ਹੀ ਪੁਲੀਸ ਵਾਲਿਆਂ ਨੂੰ ਕਰਨ ਦਵਾਂਗਾ। … ਤੁਸੀਂ ਬਹੁਤ ਵੱਡੀ ਗ਼ਲਤੀ ਕਰਨ ਜਾ ਰਹੇ ਓ। ਇਹ ਗ਼ਲਤੀ ਬਹੁਤ ਸਾਰੇ ਮੁੰਡੇ-ਕੁੜੀਆਂ ਆਏ ਦਿਨ ਕਰਦੇ ਨੇ। ਸੋਚੋ – ਤੁਹਾਡੇ ਡੈਡੀ ਦੀ ਪੈਂਤੀ ਖਤਿਆਂ ਦੀ ਪੈਲੀ ਆ। ਦੋਵੇਂ ਵੱਡੇ ਭਰਾ ਇੰਗਲੈਂਡ ਤੇ ਕੈਨੇਡਾ ਨੇ। ਨਾਨਕਿਆਂ ਦਾ ਸਾਰਾ ਟੱਬਰ ਅਮਰੀਕਾ ’ਚ ਸੈੱਟ ਆ। ਘਰ ’ਚ ਲਹਿਰਾਂ-ਬਹਿਰਾਂ ਨੇ। ਮੈਨੂੰ ਪੁਲਿਸ ਵਾਲੀਆਂ ਨੇ ਦੱਸਿਆ ਕਿ ਬਿਹਾਰੀ ਲਾਲ ਦੇ ਪਿੰਡ ਨੂੰ ਤਾਂ ਪੱਕੀ ਸੜਕ ਵੀ ਨ੍ਹੀਂ ਜਾਂਦੀ। ਉਨ੍ਹਾਂ ਨੂੰ ਅੱਠ ਮੀਲ ਧੁੱਪ ’ਚ ਪੈਦਲ ਤੁਰ ਕੇ ਪਿੰਡ ਲੱਭਿਆ। ਦੱਸਦੇ ਨੇ ਕਿ ਬਹੁਤੇ ਲੋਕਾਂ ਨੇ ਬਾਂਸਾਂ ਤੇ ਘਾਹ-ਫੂਸ ਦੀਆਂ ਝੌਪੜੀਆਂ ਜਿਹੀਆਂ ਬਣਾਈਆਂ ਹੋਈਆਂ। ਹੁਣ ਤੁਹਾਡੀ ਜ਼ਿੰਦਗੀ ਦਾ ਸੁਆਲ ਆ। ਇਹ ਵੇਲਾ ਭਾਵੁਕ ਹੋਣ ਦਾ ਨ੍ਹੀਂ। ਸੋਚਣ ਦਾ ਆ। ਜਿੱਦਾਂ ਤੁਸੀਂ ਚਾਹੋਗੇ- ਉੱਦਾਂ ਹੀ ਹੋਵੇਗਾ- ਇਹ ਮੇਰਾ ਤੁਹਾਡੇ ਨਾਲ ਵਾਅਦਾ ਰਿਹਾ।’’
ਉਹ ਡੁੰਨਵਟਾ ਬਣੀ ਬੈਠੀ ਰਹੀ। ਮੈਂ ਕਦੇ ਵੀ ਕਿਸੇ ਫ਼ੈਸਲੇ ’ਚ ਕਾਹਲੀ ਨਹੀਂ ਕਰਦਾ। ਮੈਂ ਉਸ ਨੂੰ ਦੋ ਵਾਰ ਯਾਦ ਕਰਾਇਆ ਕਿ ਚਾਹ ਠੰਢੀ ਹੋ ਰਹੀ ਹੈ। ਉਸ ਨੇ ਚਾਹ ਵੱਲ ਦੇਖਿਆ ਤੱਕ ਨਾ। ਜੇ ਉਸ ਦੇ ਵੱਸ ’ਚ ਹੁੰਦਾ ਤਾਂ ਉਹ ਸੰਨਤੋੜ ਦੌੜ ਜਾਂਦੀ। ਮੈਂ ਕਿਹਾ, ‘‘ਮੈਨੂੰ ਤੁਹਾਡੇ ਘਰੋਂ ਪਤਾ ਲੱਗਾ ਕਿ ਤੁਸੀਂ ਚਾਹ ਪੀਣ ਦੇ ਬਹੁਤ ਸ਼ੌਂਕੀਨ ਹੋਂ। ਪੀ ਲਓ। ਮੈਨੂੰ ਓਪਰਾ ਬੰਦਾ ਨਾ ਸਮਝੋ। ਮੈਂ ਤੁਹਾਡੇ ਭਲੇ ਦੀ ਹੀ ਗੱਲ ਕਰਾਂਗਾ। ਹੁਣ ਤੁਸੀਂ ਘਰਦਿਆਂ ਦੇ ਨ੍ਹੀਂ- ਮੇਰੀ ਕਸਟਡੀ ’ਚ ਹੋਂ। ਮੈਂ ਤੁਹਾਨੂੰ ਖੁੱਲ੍ਹਾ ਸਮਾਂ ਦਵਾਂਗਾ – ਸੋਚਣ ਤੇ ਵਿਚਾਰਣ ਲਈ। ਇਹ ਕੋਈ ਛੋਟੀ-ਮੋਟੀ ਗੱਲ ਨ੍ਹੀਂ- ਸਾਰੀ ਜ਼ਿੰਦਗੀ ਦਾ ਸੁਆਲ ਆ। ਇਕ-ਦੋ ਦਿਨਾਂ ਦੀ ਗੱਲ ਨ੍ਹੀਂ।’’
‘‘ਸਾਨੂੰ ਸੋਚਣ ਦਾ ਸਮਾਂ ਦਿਓ,’’ ਉਸ ਸਿਰਫ਼ ਇੰਨੀ ਹੀ ਗੱਲ ਕੀਤੀ।
‘‘ਮੈਂ ਤੁਹਾਨੂੰ ਸਮਾਂ ਦੇ ਸਕਦਾਂ – ਇੱਕਲੀ ਨੂੰ। ਦੋਹਾਂ ਨੂੰ ਇਕੱਠਿਆਂ ਨ੍ਹੀਂ।’’ ਮੈਂ ਥੋੜ੍ਹਾ ਕੁ ਸਖ਼ਤ ਹੋ ਗਿਆ, ‘‘ਤੁਹਾਨੂੰ ਤਿੰਨ ਦਿਨ ਦਿੱਤੇ।’’
ਮੇਰੇ ਕੋਲ ਕਈ ਵਿਕਲਪ ਸਨ। ਮੈਂ ਕੁੜੀ ਨੂੰ ਮਹਿਲਾ ਆਸ਼ਰਮ ਵਿੱਚ ਭੇਜ ਸਕਦਾ ਸੀ। ਪੁਲੀਸ ਨੂੰ ਸੌਂਪ ਸਕਦਾ ਸੀ। ਮਾਂ-ਪਿਓ ਦੇ ਹਵਾਲੇ ਕਰ ਸਕਦਾ ਸੀ। ਕਿਸੇ ਵੱਖਰੀ ਥਾਂ ’ਤੇ ਰਹਿਣ ਦਾ ਬੰਦੋਬਸਤ ਕਰ ਸਕਦਾ ਸੀ।
ਕੁੜੀ ਨੇ ਘਰਦਿਆਂ ਨਾਲ ਜਾਣ ਤੋਂ ਨਾਂਹ ਕਰ ਦਿੱਤੀ। ਮੈਂ ਆਪਣੇ ਸਟਾਫ਼ ਵਿਚੋਂ ਮਿਸਿਜ਼ ਚੋਪੜਾ ਨੂੰ ਬੁਲਾਇਆ ਤੇ ਉਸ ਨੂੰ ਆਪਣੇ ਨਾਲ ਘਰੇ ਲਿਜਾਣ ਲਈ ਬੇਨਤੀ ਕੀਤੀ।
ਕੁੜੀ ਨੇ ਤਾਂ ਪਤਾ ਨਹੀਂ ਇਹ ਤਿੰਨ ਦਿਨ ਕਿੱਦਾਂ ਲੰਘਾਏ, ਮੇਰੇ ਤਿੰਨ ਦਿਨ ਬੜੀਆਂ ਜੱਕਾਂ-ਤੱਕਾਂ ਵਿਚ ਬੀਤੇ। ਮੈਨੂੰ ਆਪਣੀ ਕੁਰਸੀ ਤੇ ਸਟੇਟਸ ਦਾ ਖ਼ਿਆਲ ਵਾਰ-ਵਾਰ ਆਇਆ। ਜੇ ਮੈਥੋਂ ਕੋਈ ਗ਼ਲਤ ਫ਼ੈਸਲਾ ਹੋ ਗਿਆ ਤਾਂ ਬੜੀ ਬਦਨਾਮੀ ਹੋਵੇਗੀ। ਪ੍ਰੈੱਸ ਦਾ ਕੀ ਪਤਾ, ਕਹਾਣੀ ਨੂੰ ਕਿਹੜੀ ਰੰਗਤ ਦੇ ਦੇਵੇ। ਐਮ.ਐਲ.ਏ. ਨੇ ਬਦਲੀ ਕਰਵਾਉਣ ਲੱਗਿਆਂ ਕੋਈ ਦੂਰ ਦੀ ਗੱਲ ਨਹੀਂ ਸੋਚਣੀ ਸੀ। ਮੇਰੇ ਲਈ ਕੁੜੀ ਦੀ ਜ਼ਿੰਦਗੀ ਨੂੰ ਸਹੀ ਸੇਧ ਦੇਣ ਦਾ ਮਸਲਾ ਸੀ। ਦੂਜੇ ਬੰਦਿਆਂ ਵਾਂਗੂ ਛੇਤੀ ਕਿਤੇ ਮੈਂ ਭਾਵੁਕ ਨਹੀਂ ਹੁੰਦਾ, ਪਰ ਕੁੜੀਆਂ ਦੇ ਮਸਲਿਆਂ ਬਾਰੇ ਮੈਨੂੰ ਕੁਝ ਜ਼ਿਆਦਾ ਹੀ ਸੋਚਣਾ ਪੈਂਦਾ ਹੈ।
ਕੁੜੀ ਦੇ ਆਉਣ ਤੋਂ ਪਹਿਲਾਂ ਹੀ ਮੈਂ ਆਪਣੇ ਰੀਡਰ ਨੂੰ ਸੱਦ ਕੇ ਡਿਕਟੇਸ਼ਨ ਦੇ ਦਿੱਤੀ। ਸ਼ਮਿੰਦਰ ਨੂੰ ਉਸ ਦੇ ਫ਼ੈਸਲੇ ਬਾਰੇ ਪੁੱਛਿਆ। ਉਸ ਨਾ ਨਾਂਹ ਕਹੀ। ਨਾ ਹੀ ਹਾਂ ਕੀਤੀ। ਮੈਂ ਕਿਹਾ, ‘‘ਚੱਲੋ ਫੇਰ ਇਨ੍ਹਾਂ ਪੇਪਰਾਂ ’ਤੇ ਸਾਈਨ ਕਰੋ।’’ ਸ਼ਮਿੰਦਰ ਤੇ ਬਿਹਾਰੀ ਲਾਲ ਨੇ ਬਿਨਾਂ ਪੜ੍ਹਿਆਂ ਜਾਂ ਦੇਖਿਆਂ, ਜਿੱਥੇ-ਜਿੱਥੇ ਰੀਡਰ ਨੇ ਕਿਹਾ, ਦਸਤਖ਼ਤ ਕਰ ਦਿੱਤੇ। ਮੈਂ ਉਸ ਦੇ ਡੈਡੀ ਨੂੰ ਆਪਣੇ ਕੋਲ ਬੁਲਾ ਕੇ ਕਿਹਾ, ‘‘ਕੁੜੀ ਨੂੰ ਆਪਣੇ ਨਾਲ ਲੈ ਜਾਓ। ਇਸ ਨੂੰ ਪਿਆਰ ਨਾਲ ਸਮਝਾਇਓ। ਘੂਰਿਓ ਨਾ। ਨਾ ਹੀ ਪੜ੍ਹਣੋਂ ਹਟਾਉਣਾ।’’ ਉਹ ਚਲੇ ਗਏ। ਬਿਹਾਰੀ ਲਾਲ ਜਿੱਥੇ ਖੜ੍ਹਾ ਸੀ, ਉੱਥੇ ਹੀ ਪੱਥਰ ਹੋਇਆ ਖੜ੍ਹਾ ਰਿਹਾ। ਮੈਂ ਉਸ ਨੂੰ ਆਪਣੇ ਕੋਲੋਂ ਪੰਜ-ਪੰਜ ਸੌ ਦੇ ਦੋ ਨੋਟ ਦਿੱਤੇ। ਸਮਝਾਇਆ, ‘‘ਮੇਰੇ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਦੋਸਤੀਆਂ ਤੇ ਸੰਬੰਧ ਬਰੋਬਰ ਦੇ ਬੰਦਿਆਂ ਨਾਲ ਹੀ ਠੀਕ ਨਿਭਦੇ ਨੇ। ਸਮਝਿਆ ਮੇਰੀ ਗੱਲ ਨੂੰ। ਜਾ, ਹੁਣ ਤੂੰ ਚਲਾ ਜਾ। ਤੇਰਾ ਇਸੇ ਗੱਲ ’ਚ ਭਲਾ ਆ…।’’
ਸੰਪਰਕ: 98148-03254