ਸਾਡੇ ਮਿਸਾਲੀ ਪਿੰਡ
ਸਾਲ 2011 ਦੀ ਜਨਗਣਨਾ ਮੁਤਾਬਿਕ ਸਾਡੇ ਮੁਲਕ ’ਚ ਤਕਰੀਬਨ 6,49,481 ਪਿੰਡ ਹਨ। ਇਨ੍ਹਾਂ ਪਿੰਡਾਂ ਵਿੱਚ ਅਜਿਹੇ ਪਿੰਡ ਵੀ ਹਨ, ਜਿਹੜੇ ਹੋਰਨਾਂ ਲਈ ਮਿਸਾਲ ਬਣੇ ਹਨ। ਇਹ ਪਿੰਡ ਨਾ ਸਿਰਫ਼ ਕੁਦਰਤੀ ਆਫ਼ਤਾਂ ਨਾਲ ਮੱਥਾ ਲਾ ਕੇ ਮਜ਼ਬੂਤ ਬਣੇ ਸਗੋਂ ਇਨ੍ਹਾਂ ਦੀ...
ਸਾਲ 2011 ਦੀ ਜਨਗਣਨਾ ਮੁਤਾਬਿਕ ਸਾਡੇ ਮੁਲਕ ’ਚ ਤਕਰੀਬਨ 6,49,481 ਪਿੰਡ ਹਨ। ਇਨ੍ਹਾਂ ਪਿੰਡਾਂ ਵਿੱਚ ਅਜਿਹੇ ਪਿੰਡ ਵੀ ਹਨ, ਜਿਹੜੇ ਹੋਰਨਾਂ ਲਈ ਮਿਸਾਲ ਬਣੇ ਹਨ। ਇਹ ਪਿੰਡ ਨਾ ਸਿਰਫ਼ ਕੁਦਰਤੀ ਆਫ਼ਤਾਂ ਨਾਲ ਮੱਥਾ ਲਾ ਕੇ ਮਜ਼ਬੂਤ ਬਣੇ ਸਗੋਂ ਇਨ੍ਹਾਂ ਦੀ ਜੱਦੋ-ਜਹਿਦ ਨੇ ਇਨ੍ਹਾਂ ਨੂੰ ਦੁਨੀਆ ਦੇ ਨਕਸ਼ੇ ’ਤੇ ਚਮਕਾਇਆ। ਇਨ੍ਹਾਂ ਪਿੰਡਾਂ ਨੇ ਪਲਾਸਟਿਕ ਤੋਂ ਪਿੱਛਾ ਛੁਡਾਇਆ ਅਤੇ ਹੁਣ ਵਾਤਾਵਰਣ ਪੱਖੀ ਹਰੀ ਊਰਜਾ ਰਾਹੀਂ ਵਾਤਾਵਰਨ ਸਵੱਛਤਾ ਵਿੱਚ ਮੋਹਰੀ ਹਨ। ਆਓ, ਵਿਸਥਾਰ ਵਿੱਚ ਇਨ੍ਹਾਂ ਪਿੰਡਾਂ ਬਾਰੇ ਜਾਣੀਏ।
ਰੱਬ ਦਾ ਆਪਣਾ ਬਗੀਚਾ ਪਿੰਡ ਮਾਲਾਈਨੌਂਗ
ਮੇਘਾਲਿਆ ਵਿੱਚ ਸ਼ਿਲੌਂਗ ਦੇ ਦੱਖਣ ਵਿੱਚ 80 ਕਿਲੋਮੀਟਰ ਦੂਰ ਮਾਲਾਈਨੌਂਗ ਪਿੰਡ ਨੂੰ ਸੰਨ 2003 ਵਿੱਚ ‘ਡਿਸਕਵਰ ਇੰਡੀਆ’ ਮੈਗਜ਼ੀਨ ਵੱਲੋਂ ‘ਏਸ਼ੀਆ ਦਾ ਸਭ ਤੋਂ ਸਾਫ਼-ਸੁਥਰਾ ਪਿੰਡ’ ਐਲਾਨਿਆ ਗਿਆ ਸੀ। ਇਸ ਤੋਂ ਦੋ ਵਰ੍ਹੇ ਪਿੱਛੋਂ ਇਸ ਪਿੰਡ ਨੂੰ ਭਾਰਤ ਦਾ ਸਭ ਤੋਂ ਸਵੱਛ ਪਿੰਡ ਐਲਾਨਿਆ ਗਿਆ। ਮੇਘਾਲਿਆ ਦੇ ਲੋਕ ਇਸ ਪਿੰਡ ਨੂੰ ‘ਰੱਬ ਦਾ ਆਪਣਾ ਬਗੀਚਾ’ ਕਹਿੰਦੇ ਹਨ। ਇਹ ਪਿੰਡ ਖਾਸੀ ਸੰਸਕ੍ਰਿਤੀ ਦਾ ਬੇਸ਼ਕੀਮਤੀ ਕੇਂਦਰ ਹੈ। ਇੱਥੇ ਲੋਕਾਂ ਨੇ ਸਵੈ-ਇੱਛਾ ਨਾਲ ਪਲਾਸਟਿਕ ਦੀ ਵਰਤੋਂ, ਸਿਗਰਟ ਪੀਣ ’ਤੇ ਪਾਬੰਦੀ ਲਾਈ ਹੋਈ ਹੈ। ਇੱਥੇ 99 ਫ਼ੀਸਦੀ ਪੜ੍ਹੇ-ਲਿਖੇ ਲੋਕ ਰਲ-ਮਿਲ ਕੇ ਸਫ਼ਾਈ ਮੁਹਿੰਮ ਚਲਾਉਂਦੇ ਹਨ। ਕੂੜਾ ਇਕੱਠਾ ਕਰਨ ਲਈ ਬਾਂਸ ਦੇ ਕੂੜਾਦਾਨ ਹਨ। ਆਮ ਲੋਕਾਂ ਦਾ ਕੰਮ ਖੇਤੀਬਾੜੀ ਅਤੇ ਸੈਰ-ਸਪਾਟਾ ਹੈ। ਨੇੜਲੇ ਪਿੰਡ ਰਿਵੇਈ ਵਿੱਚ ਖਾਸੀ ਲੋਕਾਂ ਵੱਲੋਂ ਰੁੱਖਾਂ ਦੀਆਂ ਜੜ੍ਹਾਂ ਤੋਂ ਦੁਰਲੱਭ ਅਤੇ ਮਜ਼ਬੂਤ ਪੁਲ ਤਿਆਰ ਕੀਤੇ ਹੋਏ ਹਨ।
ਸੋਕੇ ਤੋਂ ਉੱਭਰਿਆ ਪਿੰਡ ਹਿਵਰੇ ਬਾਜ਼ਾਰ
ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿੱਚ ਸਥਿਤ ਪਿੰਡ ਹਿਵਰੇ ਬਾਜ਼ਾਰ (Hiware Bazar) ਨੂੰ ਜਲ ਸੰਭਾਲ ਤੇ ਆਤਮ-ਨਿਰਭਰਤਾ ਲਈ ਦੁਨੀਆ ਭਰ ਵਿੱਚ ਆਦਰਸ਼ ਪਿੰਡ ਵਜੋਂ ਜਾਣਿਆ ਜਾਂਦਾ ਹੈ। ਭਿਆਨਕ ਸੋਕੇ ਅਤੇ ਲੋਕਾਂ ਦੇ ਪਲਾਇਨ ਕਰਨ ਦੀ ਵੱਡੀ ਦਿੱਕਤ ਵਿੱਚੋਂ ਇਹ ਪਿੰਡ ਉੱਭਰਿਆ ਅਤੇ ਖੇਤੀਬਾੜੀ, ਜਲ ਪ੍ਰਬੰਧਨ ਤੇ ਵਾਟਰ ਸ਼ੈੱਡ ਵਿਕਸਤ ਕਰਕੇ ਦੁਨੀਆ ਸਾਹਮਣੇ ਮਿਸਾਲ ਬਣ ਗਿਆ ਹੈ। ਇਸ ਪਿੰਡ ਦੇ ਪਹਿਲੇ ਸਰਪੰਚ ਪਦਮ ਸ੍ਰੀ ਪੋਪਟ ਰਾਓ ਪਵਾਰ ਦੀ ਅਗਵਾਈ ਹੇਠ ਸੋਕਾ ਮਾਰੇ ਇਸ ਪਿੰਡ ਵਿੱਚ ਪਾਣੀ ਦੀ ਸਾਂਭ-ਸੰਭਾਲ ਕਰ ਕੇ ਵੀਰਾਨ ਜ਼ਮੀਨ ਹਰਿਆਵਲ ਭਰੇ ਖੇਤਾਂ ਅਤੇ ਸੰਘਣੇ ਜੰਗਲਾਂ ਵਿੱਚ ਤਬਦੀਲ ਕੀਤੀ ਗਈ।
ਇੱਥੇ ਲੋਕਾਂ ਨੇ ਤਕਰੀਬਨ ਤੀਹ ਲੱਖ ਬੂਟੇ ਲਾਏ। ਪਸ਼ੂਆਂ ਦੇ ਘਾਹ ਚਰਨ ’ਤੇ ਪਾਬੰਦੀ ਲਾਈ। ਹੁਣ ਲੋਕ ਵੱਧ ਕਮਾਈ ਵਾਲੀਆਂ ਫ਼ਸਲਾਂ ਦੀ ਖੇਤੀ ਅਤੇ ਪਸ਼ੂ ਪਾਲਣ ਦਾ ਕੰਮ ਕਰਦੇ ਹਨ। ਕਦੇ ਸੋਕੇ ਮਾਰੇ ਇਸ ਪਿੰਡ ਦੇ ਲੋਕਾਂ ਵਿੱਚ ਇਸ ਸਮੇਂ ਦਰਜਨਾਂ ਪਰਿਵਾਰ ਲੱਖਪਤੀ ਹਨ। ਪਿੰਡ ਨੇ ਰਲ ਕੇ ਸਖ਼ਤ ਅਨੁਸ਼ਾਸਨ ਕਾਇਮ ਕੀਤਾ ਹੈ। ਸ਼ਰਾਬ ਅਤੇ ਤੰਬਾਕੂ ਪੀਣ ’ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਪਰਿਵਾਰ ਵਿੱਚ ਦੋ ਬੱਚੇ ਹੋਣ ਦਾ ਰਿਵਾਜ ਹੈ। ਮੀਹਾਂ ਦਾ ਪਾਣੀ ਲੋਕ ਰਲ ਕੇ ਸਾਂਭਦੇ ਹਨ। ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋ-ਦਿਨ ਸੁਧਰ ਰਿਹਾ ਹੈ। ਪਾਣੀ ਦੀ ਸੰਭਾਲ ਲਈ ਇਸ ਪਿੰਡ ਨੂੰ ਮਾਡਲ ਮੰਨਿਆ ਜਾਂਦਾ ਹੈ। ਤੁਸੀਂ ਹੈਰਾਨ ਹੋਵੋਗੇ ਕਿ ਇਸ ਪਿੰਡ ਵਿੱਚ ਮੱਛਰ ਨਹੀਂ ਲੱਭਦਾ। ਹਰ ਘਰ ਗੁਸਲਖਾਨਾ ਹੈ ਅਤੇ ਸੀਵਰੇਜ ਦੀ ਸੁਵਿਧਾ ਨਾਲ ਜੁੜਿਆ ਹੋਇਆ ਹੈ।
ਮਹਿਲਾ ਸ਼ਕਤੀਕਰਨ ਦੀ ਮਿਸਾਲ ਪਿੰਡ ਧਰਹਰਾ
ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਦਾ ਪਿੰਡ ਹੈ ਧਰਹਰਾ, ਜਿਹੜਾ ਵਾਤਾਵਰਨ ਹਿਤੈਸ਼ੀ ਅਤੇ ਮਹਿਲਾ ਸ਼ਕਤੀਕਰਨ ਦੀ ਪੁਰਾਤਨ ਰਵਾਇਤ ਕਰਕੇ ਦੁਨੀਆ ਭਰ ਵਿੱਚ ਪ੍ਰਸਿੱਧ ਹੈ। ਇਸ ਪਿੰਡ ਵਿੱਚ ਜਦ ਵੀ ਕਿਸੇ ਘਰ ਧੀ ਜੰਮਦੀ ਹੈ, ਪਰਿਵਾਰ ਵਾਲੇ ਆਪਣੇ ਵਿਹੜੇ ਜਾਂ ਖੇਤ ਵਿੱਚ ਦਸ ਫ਼ਲਦਾਰ ਬੂਟੇ ਲਾਉਂਦੇ ਹਨ। ਜਦੋਂ ਕੁੜੀਆਂ ਵੱਡੀਆਂ ਹੋ ਜਾਂਦੀਆਂ ਹਨ, ਰੁੱਖਾਂ ਦੇ ਫ਼ਲਾਂ ਤੋਂ ਹੋਈ ਆਮਦਨ ਉਨ੍ਹਾਂ ਦੀ ਪੜ੍ਹਾਈ, ਵਿਆਹ ਅਤੇ ਹੋਰ ਆਰਥਿਕ ਜ਼ਰੂਰਤਾਂ ਪੂਰਾ ਕਰਨ ਲਈ ਵਰਤੀ ਜਾਂਦੀ ਹੈ। ਇਸੇ ਪਰੰਪਰਾ ਦੇ ਚੱਲਦਿਆਂ ਪਿੰਡ ਵਿੱਚ 20,000 ਤੋਂ ਵੱਧ ਫ਼ਲਾਂ ਦੇ ਵੱਡੇ-ਵੱਡੇ ਰੁੱਖ ਪਿੰਡ ਨੂੰ ਹਰਿਆ-ਭਰਿਆ ਅਤੇ ਵਾਤਾਵਰਨ ਨੂੰ ਸੁਰੱਖਿਅਤ ਬਣਾਉਂਦੇ ਹਨ। ਇਹ ਪਿੰਡ ਦਹਾਕਿਆਂ ਤੋਂ ਤੁਰੀ ਆ ਰਹੀ ਮਹਿਲਾ ਸ਼ਕਤੀਕਰਨ ਦੀ ਪਰੰਪਰਾ ਕਰਕੇ ਇੱਕ ਆਦਰਸ਼ ਬਣਿਆ ਹੋਇਆ ਹੈ।
ਈਕੋ ਫੈਮਿਨਿਜ਼ਮ ਦਾ ਪ੍ਰਤੀਕ ਪਿੰਡ ਪਿਪਲਾਂਤਰੀ
ਇਹ ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਹੈ ਜਿਸ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ ਅਤੇ ਵਾਤਾਵਰਨ ਸੰਭਾਲ’ ਦੇ ਮਾਡਲ ਵਜੋਂ ਆਪਣੀ ਪਛਾਣ ਬਣਾਈ ਹੈ। ਇਸ ਪਿੰਡ ਦੇ ਸਾਬਕਾ ਸਰਪੰਚ ਸ਼ਾਮ ਸੁੰਦਰ ਪਾਲੀਵਾਲ ਨੇ ਆਪਣੀ ਜਵਾਨ ਧੀ ਦੀ ਬੇਵਕਤ ਮੌਤ ਪਿੱਛੋਂ ਉਸ ਦੀ ਯਾਦ ਵਿੱਚ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਕਿ ਧੀ ਦੇ ਜਨਮ ਨੂੰ ਸਰਾਪ ਨਾ ਸਮਝਿਆ ਜਾਵੇ ਸਗੋਂ ਇਸ ਨੂੰ ਉਤਸਵ ਵਾਂਗ ਮਨਾਇਆ ਜਾਵੇ। ਧੀ ਜੰਮਣ ’ਤੇ ਉਸ ਦੇ ਸਨਮਾਨ ਵਿੱਚ ਲੋਕ ਰਲ ਕੇ 111 ਪੌਦੇ ਲਾਉਂਦੇ ਹਨ। ਲੋਕਾਂ ਨੇ ਇੱਕ ਫੰਡ ਸਥਾਪਤ ਕੀਤਾ ਹੈ ਕਿ ਧੀ ਜੰਮਣ ’ਤੇ 21,000 ਰੁਪਏ ਆਪਣੇ ਕੋਲੋਂ ਅਤੇ 10,000 ਰੁਪਏ ਲੋਕਾਂ ਤੋਂ ਇਕੱਠੇ ਕੀਤੇ ਸਾਂਝੇ ਫੰਡ ਵਿੱਚੋਂ ਲੈ ਕੇ ਕੁੱਲ 31,000 ਰੁਪਏ ਵੀਹ ਸਾਲਾਂ ਦੀ ਮਿਆਦ ਲਈ ਉਸ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ ਜਾਂਦੇ ਹਨ। ਇਹ ਰਕਮ ਸਮਾਂ ਪਾ ਕੇ ਧੀ ਦੀ ਪੜ੍ਹਾਈ ਅਤੇ ਵਿਆਹ ਸਮੇਂ ਕੰਮ ਆਉਂਦੀ ਹੈ। ਇਸ ਪਿੰਡ ਵਿੱਚ ਟਾਹਲੀ, ਨਿੰਮ, ਆਉਲੇ, ਅੰਬ ਦੇ ਰੁੱਖ ਲੋਕਾਂ ਦੀ ਆਮਦਨ ਦਾ ਸਾਧਨ ਹਨ। ਰੁੱਖਾਂ ਨੂੰ ਸਿਉਂਕ ਤੋਂ ਬਚਾਉਣ ਲਈ ਰੁੱਖਾਂ ਵਿਚਕਾਰ ਐਲੋਵੇਰਾ ਦੇ ਪੌਦੇ ਵੀ ਲਾਏ ਜਾਂਦੇ ਹਨ। ਵਿਸ਼ਵ ਪੱਧਰ ’ਤੇ ਜਾਣੇ ਜਾਂਦੇ ਇਸ ਪਿੰਡ ਦੇ ਵਿਕਾਸ ਮਾਡਲ ਦੀ ਗਾਥਾ ਦੇਸ਼ ਵਿਦੇਸ਼ ਵਿੱਚ ਬੱਚਿਆਂ ਨੂੰ ਪਾਠ ਪੁਸਤਕਾਂ ਵਿੱਚ ਪੜ੍ਹਾਈ ਜਾਂਦੀ ਹੈ।
ਗ੍ਰੀਨ ਪਿੰਡ ਖੋਨੋਮਾ
ਨਾਗਾਲੈਂਡ ਦੀ ਰਾਜਧਾਨੀ ਕੋਹਿਮਾ ਤੋਂ ਤਕਰੀਬਨ 20 ਕਿਲੋਮੀਟਰ ਦੂਰ ਪਿੰਡ ਖੋਨੋਮਾ, ਭਾਰਤ ਦਾ ਹੀ ਨਹੀਂ ਸਗੋਂ ਏਸ਼ੀਆ ਦਾ ਪਹਿਲਾ ‘ਗ੍ਰੀਨ ਪਿੰਡ’ (ਵਾਤਾਵਰਣ-ਪੱਖੀ) ਹੈ। ਇਹ ਪਿੰਡ ਜੈਵ ਵਿਭਿੰਨਤਾ, ਵਣ-ਸੰਭਾਲ ਅਤੇ ਜੈਵਿਕ ਖੇਤੀ ਲਈ ਪ੍ਰਸਿੱਧ ਹੈ। ਅੰਗਾਮੀ ਜਨਜਾਤੀ ਲੋਕਾਂ ਵੱਲੋਂ ਸੱਤ ਸੌ ਸਾਲ ਪਹਿਲਾਂ ਵਸਾਇਆ ਇਹ ਪਿੰਡ ਅੰਗਰੇਜ਼ਾਂ ਖ਼ਿਲਾਫ਼ ਬਹਾਦਰੀ ਨਾਲ ਲੜਨ ਵਾਲੇ ਯੋਧਿਆਂ ਦਾ ਪਿੰਡ ਹੈ। ਸੰਨ 1998 ਤੋਂ ਪਿੰਡ ਵਿੱਚ ਲੋਕਾਂ ਦੇ ਸ਼ਿਕਾਰ ਖੇਡਣ ’ਤੇ ਪਾਬੰਦੀ ਲਾਈ ਹੋਈ ਹੈ। ਜੰਗਲ ਦੇ ਰੁੱਖ ਕੱਟਣ ਦੀ ਮਨਾਹੀ ਹੈ। ਕੁਦਰਤ ਪ੍ਰੇਮੀਆਂ ਲਈ ਇਹ ਪਿੰਡ ਇੱਕ ਮਿਸਾਲ ਬਣ ਗਿਆ ਹੈ। ਖੋਨੋਮ ਉੱਨਤ ਤਕਨੀਕ ਵਾਲੀ ਟੈਰੇਸ (ਛੱਤ ’ਤੇ ਕੀਤੀ ਜਾਣ ਵਾਲੀ) ਖੇਤੀਬਾੜੀ ਲਈ ਵੀ ਜਾਣਿਆ ਜਾਂਦਾ ਹੈ। ਇੱਥੇ ਵੀਹ ਕਿਸਮ ਦੇ ਚੌਲਾਂ ਦੀ ਖੇਤੀ ਕੀਤੀ ਜਾਂਦੀ ਹੈ। ਖੋਨੋਮ ਦੇ ਲੋਕ ਬਹੁਤ ਇਮਾਨਦਾਰ ਹਨ। ਦੁਕਾਨ ’ਤੇ ਦੁਕਾਨਦਾਰ ਨਾ ਵੀ ਬੈਠਾ ਹੋਵੇ, ਦੁਕਾਨ ਤੋਂ ਸੌਦਾ ਲੈ ਕੇ ਲੋਕ ਪੈਸੇ ਗੱਲੇ ਵਿੱਚ ਪਾ ਆਉਂਦੇ ਹਨ। ਇੱਥੇ ਲੋਕ ਘਰਾਂ ਨੂੰ ਤਾਲੇ ਨਹੀਂ ਲਾਉਂਦੇ ਕਿਉਂਕਿ ਚੋਰੀ ਨਹੀਂ ਹੁੰਦੀ। ਸਾਡੇ ਦੇਸ਼ ਦੇ ਇਹ ਪਿੰਡ ਵਾਕਈ ਹੋਰ ਪਿੰਡਾਂ ਲਈ ਰਾਹ-ਦਸੇਰੇ ਹਨ।
ਸੰਪਰਕ: 97806-67686

