ਕਥਾ ਪ੍ਰਵਾਹ

ਭੋਗ

ਭੋਗ

ਭੁਪਿੰਦਰ ਫ਼ੌਜੀ

ਭੁਪਿੰਦਰ ਫ਼ੌਜੀ

ਦੇਸ਼ ਵਿੱਚ ਕਰੋਨਾ ਬਿਮਾਰੀ ਕਾਰਨ ਹਾਹਾਕਾਰ ਮੱਚੀ ਹੋਈ ਸੀ। ਟੀਵੀ ’ਤੇ ਖ਼ਬਰਾਂ ਦੇ ਚੈਨਲ ਜ਼ੋਰ ਸੋਰ ਨਾਲ ਰੌਲਾ ਪਾ ਰਹੇ ਸਨ ਜਿਵੇਂ ਦੁਨੀਆ ਤਾਂ ਹੁਣ ਖ਼ਤਮ ਹੋ ਜਾਵੇਗੀ। ਇਸੇ ਤਰ੍ਹਾਂ ਮੌਤ ਦਰ ਤੇ ਬਿਮਾਰੀ ਫੈਲਣ ਦੇ ਅੰਕੜੇ ਪੇਸ਼ ਕੀਤੇ ਜਾ ਰਹੇ ਸਨ। ਅਖ਼ਬਾਰਾਂ ਵਿੱਚ ਵੀ ਇਹ ਸਭ ਪਰੋਸਿਆ ਜਾ ਰਿਹਾ ਸੀ। ਆਮ ਲੋਕਾਂ ਵਿੱਚ ਦਹਿਸਤ ਦਾ ਮਾਹੌਲ ਬਣਿਆ ਹੋਇਆ। ਸਰਕਾਰਾਂ ਨੇ ਲੌਕਡਾਊਨ ਲਾ ਰੱਖਿਆ। ਬਾਜ਼ਾਰ ਬੰਦ ਤੇ ਲੋਕਾਂ ਦੇ ਹੋਰ ਕਾਰਜ ਵਿੱਚ ਵਿਚਾਲੇ ਲਮਕ ਰਹੇ ਸਨ। ਲੋਕ ਇੱਕ ਦੂਜੇ ਤੋਂ ਮੂੰਹ ਲੁਕਾਉਂਦੇ ਫਿਰਦੇ ਸਨ। ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਸੀ। ਬਜ਼ੁਰਗਾਂ ਨੂੰ ਬਿਮਾਰੀ ਨੇ ਜ਼ਿਆਦਾ ਘੇਰਾ ਪਾਇਆ ਹੋਇਆ ਸੀ। ਕਿਸੇ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕੀ ਹੋ ਰਿਹਾ ਹੈ। ਜਿਸ ਕਿਸੇ ਨੂੰ ਇੱਕ ਦੋ ਦਿਨ ਤੋਂ ਬੁਖਾਰ ਦੀ ਸ਼ਿਕਾਇਤ ਹੁੁੰਦੀ ਡਾਕਟਰ ਕਰੋਨਾ ਦਾ ਟੈਸਟ ਲਿਖ ਦਿੰਦੇ। ਪਾਜ਼ਿਟਿਵ ਆਉਣ ਨਾਲ ਸਰਦੇ ਪੁੱਜਦੇ ਲੋਕ ਤਾਂ ਵੱਡੇ ਹਸਪਤਾਲਾਂ ਦਾ ਰੁਖ਼ ਕਰ ਲੈਂਦੇ। ਜਿਨ੍ਹਾਂ ਦੀਆਂ ਲੱਤਾਂ ਭਾਰ ਨਾ ਝੱਲਦੀਆਂ ਉਹ ਸਰਕਾਰੀ ਹਸਪਤਾਲਾਂ ਦੇ ਕਰੋਨਾ ਵਾਰਡ ਦੀ ਛੱਤ ਹੇਠਾਂ ਪਏ ਪੱਖੇ ਦੇ ਚੱਕਰ ਗਿਣਦੇ ਰਹਿੰਦੇ। ਇੱਕ ਬੈੱਡ ’ਤੇ ਦੋ-ਦੋ ਮਰੀਜ਼ ਪਏ ਸਨ। ਬੇਅੰਤ ਦੀ ਮਾਂ ਦਾ ਪਿਛਲੇ ਤਿੰਨ ਦਿਨਾਂ ਤੋਂ ਬੁਖਾਰ ਨਹੀਂ ਸੀ ਟੁੱਟ ਰਿਹਾ। ਗੋਲ਼ੀ ਲੈ ਲੈਂਦੀ ਤਾਂ ਉਤਰ ਜਾਂਦਾ ਤੇ ਫਿਰ ਚੜ੍ਹ ਜਾਂਦਾ। ਉਹ ਸ਼ਹਿਰ ਦੇ ਇੱਕ ਪ੍ਰਾਈਵੇਟ ਡਾਕਟਰ ਦੀ ਸਲਾਹ ਨਾਲ ਦਵਾਈ ਲੈ ਰਹੇ ਸਨ। ਅੱਜ ਡਾਕਟਰ ਨੇ ਬੇਅੰਤ ਨੂੰ ਕਹਿ ਦਿੱਤਾ, ‘‘ਤੁਸੀਂ ਇੰਝ ਕਰੋ! ਮਾਤਾ ਜੀ ਦਾ ਕਰੋਨਾ ਟੈਸਟ ਕਰਵਾ ਲਓ। ਆਪਣਾ ਸ਼ੱਕ ਵੀ ਦੂਰ ਹੋ ਜਾਊ...।’’ ਡਾਕਟਰ ਕਾਂਸਲ ਬੰਦ ਸ਼ੀਸ਼ਿਆਂ ਦੇ ਕੈਬਿਨ ਵਿੱਚ ਪਰਚੀ ’ਤੇ ਦਵਾਈ ਲਿਖ ਰਿਹਾ ਸੀ। ਉਸ ਨੇ ਚਾਰ ਕੁ ਇੰਚ ਦੀ ਇੱਕ ਛੋਟੀ ਜਿਹੀ ਖਿੜਕੀ ਰੱਖੀ ਹੋਈ ਜਿਸ ਵਿਚਦੀ ਕੇਵਲ ਹੱਥ ਨਾਲ ਪਰਚੀ ਦਿੱਤੀ ਜਾ ਸਕਦੀ ਸੀ ਜਾਂ ਡਾਕਟਰ ਆਪਣੀ ਫੀਸ ਬਟੋਰਦਾ। ਕਦੇ ਵੀ ਉਹ ਮਰੀਜ਼ ਨੂੰ ਹੱਥ ਨਹੀਂ ਸੀ ਲਾਉਂਦਾ। ਪੈਸੇ ਲੈਣ ਤੋਂ ਬਾਅਦ ਪੈਸਿਆਂ ਤੇ ਹੱਥ ਨੂੰ ਸੈਨੀਟਾਈਜ਼ ਕਰਦਾ। ਬੇਅੰਤ ਦਾ ਪਰਿਵਾਰ ਆਰਥਿਕ ਪੱਖ ਤੋਂ ਚੰਗਾ ਤੇ ਪੜ੍ਹਿਆ ਲਿਖਿਆ ਸੀ। ਬੇਅੰਤ ਆਪਣੀ ਮਾਂ ਦਾ ਸੈਂਪਲ ਆਪਣੇ ਕਸਬੇ ਦੇ ਸਰਕਾਰੀ ਹਸਪਤਾਲ ਵਿੱਚ ਦੇਣ ਗਿਆ।

‘‘ਕਿਉਂ ਪੁੱਤ ਨਾਸਾਂ ਵਿੱਚ ਸਲਾਈਆਂ ਜੀਆਂ ਮਰਵਾਉਣ ਜਾਣੈਂ। ਦੋ ਚਾਰ ਦਿਨਾਂ ਨੂੰ ਤਾਪ ਲੱਥ ਜਾਊ। ਅਜਿਹੇ ਤਾਪ ਜ਼ਿੰਦਗੀ ਵਿੱਚ ਬਥੇਰੇ ਚੜ੍ਹੇ ਨੇ...।’’ ਬੇਅੰਤ ਦੀ ਮਾਂ ਸੁਰਜੀਤ ਕੌਰ ਬੇਫ਼ਿਕਰੀ ਜਿਹੀ ’ਚ ਬੋਲਦੀ।

‘‘ਮਾਂ ਕੁਝ ਨ੍ਹੀਂ ਹੁੰਦਾ! ਆਪਾਂ ਨੂੰ ਚੈੱਕ ਕਰਵਾਉਣ ’ਚ ਕੀ ਹਰਜ਼ ਐ। ਇਹ ਬਿਮਾਰੀ ਫੈਲਣ ਦਾ ਪਤਾ ਨਹੀਂ ਲੱਗਦਾ। ਟੀਵੀ ’ਤੇ ਰੋਜ਼ ਦੇਖਦੇ ਹਾਂ ਕਿਸ ਤਰ੍ਹਾਂ ਲੋਕ ਮਰ ਰਹੇ ਨੇ। ਡਾਕਟਰ ਵੀ ਹੁਣ ਟੈਸਟ ਤੋਂ ਬਿਨਾਂ ਦਵਾਈ ਨਹੀਂ ਦਿੰਦੇ।’’ ਬੇਅੰਤ ਮਾਂ ਨੂੰ ਮਸ਼ਵਰਾ ਦਿੰਦਾ।

‘‘ਭੌਂਕਦੇ ਨੇ ਕੁੱਤੇ! ਸਾਰਾ ਦਿਨ ਟੀਵੀ ਮੂਹਰੇ ਬੈਠੋਂਗੇ ਤਾਂ ਆਹ ਕੁਝ ਹੀ ਦਿਸੂ...।’’ ਸੁਰਜੀਤ ਕੁਰ ਨੇ ਘਰ ਵਿੱਚ ਨੂੰਹ ਦੇ ਟੀਵੀ ਮੂਹਰੇ ਬੈਠਣ ਦੀ ਗੱਲ ’ਤੇ ਆਪਣੇ ਢੰਗ ਨਾਲ ਟਿੱਪਣੀ ਕੀਤੀ। ਬੇਅੰਤ ਦੀ ਪਤਨੀ ਸੁਖਦੀਪ ਤਾਂ ਜਦੋਂ ਦਾ ਸੱਸ ਨੂੰ ਬੁਖਾਰ ਹੋਇਆ ਸੀ, ਕਰੋਨਾ ਟੈਸਟ ਕਰਵਾਉਣ ਲਈ ਜ਼ੋਰ ਪਾ ਰਹੀ ਸੀ, ਪਰ ਬੇਅੰਤ ਨਹੀਂ ਸੀ ਮੰਨ ਰਿਹਾ।

ਤਿੰਨ ਸਾਲ ਪਹਿਲਾਂ ਪਝੰਤਰ ਸਾਲ ਦੀ ਉਮਰ ਵਿੱਚ ਉਸ ਦੇ ਬਾਪੂ ਜੀ ਵਿਛੋੜਾ ਦੇ ਗਏ ਸਨ। ਬੇਅੰਤ ਹੋਰੀਂ ਦੋ ਭਰਾ ਸਨ। ਵੱਡਾ ਅਲੱਗ ਰਹਿੰਦਾ ਸੀ। ਮਾਂ-ਬਾਪ ਬੇਅੰਤ ਕੋਲ ਰਹਿੰਦੇ ਸਨ। ਬਾਪੂ ਦੇ ਤੁਰ ਜਾਣ ਤੋਂ ਬਾਅਦ ਬੇਅੰਤ ਮਾਂ ਦਾ ਜ਼ਿਆਦਾ ਖ਼ਿਆਲ ਰੱਖਦਾ। ਬੇਅੰਤ ਦੇ ਦੋ ਬੱਚੇ ਸਨ ਮੁੰਡਾ ਵੱਡਾ ਤੇ ਕੁੜੀ ਛੋਟੀ। ਉਸ ਸਰਕਾਰੀ ਨੌਕਰੀ ਕਰਦਾ, ਜ਼ਮੀਨ ਚੰਗੀ ਸੀ ਜਿਸ ਨਾਲ ਘਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ। ਬੱਚੇ ਵਧੀਆ ਸਕੂਲਾਂ ਵਿੱਚ ਪੜ੍ਹਦੇ ਹਨ, ਪਰ ਹੁਣ ਸਕੂਲ ਬੰਦ ਹੋਣ ਕਾਰਨ ਬੱਚੇ ਘਰਾਂ ਵਿੱਚ ਤਾੜੇ ਹੋਏ ਸਨ। ਬੱਚਿਆਂ ਦਾ ਸਾਰਾ ਦਿਨ ਮੋਬਾਈਲਾਂ ’ਤੇ ਹੀ ਲੰਘਦਾ। ਪੜ੍ਹਾਈ ਆਨਲਾਈਨ ਹੁੰਦੀ ਸੀ।

ਤਿੰਨ ਦਿਨਾਂ ਬਾਅਦ ਸ਼ਾਮ ਨੂੰ ਬੇਅੰਤ ਖੇਤ ਗੇੜਾ ਮਾਰਨ ਗਿਆ। ਉਸ ਦੇ ਮੋਬਾਈਲ ’ਤੇ ਕਰੋਨਾ ਰਿਪੋਰਟ ਦਾ ਮੈਸੇਜ ਆਇਆ: ‘‘ਸੁਰਜੀਤ ਕੌਰ ਦੀ ਕਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। ਨੇੜੇ ਦੇ ਹਸਪਤਾਲ ਨਾਲ ਸੰਪਰਕ ਕਰੋ ਜਾਂ ਇੱਕ ਸੌ ਚਾਰ ਨੰਬਰ ’ਤੇ ਕਾਲ ਕਰਕੇ ਸਲਾਹ ਲਵੋ...।’’ ਮੈਸੇਜ ਪੜ੍ਹ ਕੇ ਬੇਅੰਤ ਇਕਦਮ ਸੁੰਨ ਹੋ ਗਿਆ ਜਿਵੇਂ ਉਸ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ ਹੋਵੇ। ਉਹ ਖਾਲ਼ ਦੀ ਵੱਟ ’ਤੇ ਬੈਠ ਗਿਆ। ਸਭ ਤੋਂ ਪਹਿਲਾਂ ਉਸ ਦਾ ਧਿਆਨ ਬੱਚਿਆਂ ਵੱਲ ਗਿਆ ਜੋ ਦਾਦੀ ਨਾਲ ਹਰ ਵਕਤ ਖੇਡਦੇ ਰਹਿੰਦੇ ਸਨ। ਇਕਦਮ ਉਸ ਦੇ ਦਿਮਾਗ਼ ਵਿੱਚ ਟੀਵੀ ਦੀਆਂ ਖ਼ਬਰਾਂ, ਅਖ਼ਬਾਰਾਂ ਦੀਆਂ ਰਿਪੋਰਟਾਂ ਤੇ ਮਰ ਰਹੇ ਲੋਕਾਂ ਦੀਆਂ ਤਸਵੀਰਾਂ ਨੇ ਝੁਰਮਟ ਪਾ ਲਿਆ। ਉਸ ਦੇ ਚਿਹਰੇ ’ਤੇ ਗਹਿਰੀ ਉਦਾਸੀ ਨੇ ਦਸਤਕ ਦੇ ਦਿੱਤੀ। ਗਹਿਰੀਆਂ ਸੋਚਾਂ ਵਿੱਚ ਆਪਣੇ-ਆਪ ਨਾਲ ਕਸ਼ਮਕਸ਼ ਕਰਦਿਆਂ ਆਪਣੇ ਮਿੱਤਰ ਮੱਖਣ ਦਾ ਕੁੰਡਾ ਜਾ ਖੜਕਾਇਆ। ਉਸ ਨੂੰ ਸਾਰੀ ਕਹਾਣੀ ਦੱਸੀ। ਫ਼ੈਸਲਾ ਇਹ ਹੋਇਆ ਕਿ ਮਾਤਾ ਨੂੰ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਵੇ। ਸਰਕਾਰੀ ਹਸਪਤਾਲ ਤਾਂ ਆਪ ਬਿਮਾਰ ਹੋਏ ਪਏ ਸਨ। ਬੇਅੰਤ ਆਪਣੇ ਘਰ ਦੇ ਰਾਹ ਪੈ ਗਿਆ।

ਬੇਅੰਤ ਦੇ ਜਾਣ ਤੋਂ ਬਾਅਦ ਜਦੋਂ ਮੱਖਣ ਨੇ ਆਪਣੇ ਪਤਨੀ ਨਾਲ ਗੱਲ ਕੀਤੀ ‘‘ਕਿ ਉਸ ਦੀ ਮਾਂ ਨੂੰ ਕਰੋਨਾ ਹੋ ਗਿਆ...।’’ ਤਾਂ ਉਸ ਨੇ ਸਾਰਾ ਘਰ ਸਿਰ ’ਤੇ ਚੁੱਕ ਲਿਆ। ਬੇਅੰਤ ਅਕਸਰ ਹੀ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਸੀ। ਦੋ ਦਿਨ ਪਹਿਲਾਂ ਹੀ ਬੇਅੰਤ ਪਰਿਵਾਰ ਸਮੇਤ ਉਨ੍ਹਾਂ ਦੇ ਘਰ ਆ ਕੇ ਗਿਆ ਸੀ।

‘‘ਉਸ ਨੂੰ ਕਮਰੇ ਵਿੱਚ ਕਿਉਂ ਬਿਠਾਇਆ? ਆਪ ਤਾਂ ਮਰੇਗਾ ਸਾਨੂੰ ਵੀ ਮਾਰੇਗਾ...। ਚੰਗਾ ਭਲਾ ਪਤਾ ਕਰੋਨਾ ਨਾਲ ਲੋਕ ਮਰੀ ਜਾਂਦੇ ਨੇ...। ਜੇ ਲਾਗ ਲੱਗ ਗਈ ਫਿਰ ਚੱਟ ਲਈਂ ਦੋਸਤੀ ਨੂੰ...।’’ ਕਿੰਨਾ ਕੁਝ ਉਹ ਬੋਲ ਗਈ। ਉਹ ਸਮਾਜਿਕ ਰਿਸ਼ਤਿਆਂ ਨੂੰ ਬਹੁਤੀ ਅਹਿਮੀਅਤ ਨਹੀਂ ਸੀ ਦਿੰਦੀ। ਮੱਖਣ ਨੇ ਉਸ ਨੂੰ ਬਹੁਤ ਸਮਝਾਇਆ, ਪਰ ਉਹ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਉਸ ਤੋਂ ਬਾਅਦ ਮੱਖਣ ਦੀ ਪਿੱਠ ’ਤੇ ਸੈਨੀਟਾਈਜ਼ਰ ਵਾਲੀ ਢੋਲੀ ਲੱਗ ਗਈ। ਸਾਰਾ ਘਰ ਸੈਨੀਟਾਈਜ਼ ਕਰਨਾ ਪਿਆ।

ਬੇਅੰਤ ਨੇ ਅਜੇ ਘਰ ਨਹੀਂ ਸੀ ਦੱਸਿਆ ਖ਼ਾਸਕਰ ਮਾਂ ਕੋਲ਼ ਤਾਂ ਗੱਲ ਕਰਨੀ ਮੁਨਾਸਿਬ ਨਾ ਸਮਝੀ। ਮਾਂ ਦਾ ਹਾਲ-ਚਾਲ ਪੁੱਛ ਕੇ ਉਹ ਨਹਾਉਣ ਚਲਿਆ ਗਿਆ। ਫੁਹਾਰੇ ਦਾ ਪਾਣੀ ਉਸ ਦੇ ਸਿਰ ’ਤੇ ਪੈ ਰਿਹਾ ਸੀ। ਉਹ ਇਸ ਨਵੀਂ ਸਮੱਸਿਆ ਨੂੰ ਇਸੇ ਤਰ੍ਹਾਂ ਧੋਣਾ ਚਾਹੁੰਦਾ ਸੀ। ਉਸ ਦੀਆਂ ਸੋਚਾਂ ਦੀ ਲੜੀ ਜੁੜੀ, ‘‘ਸਵੇਰੇ ਮਾਂ ਨੂੰ ਸ਼ਹਿਰ ਦੇ ਨਾਮਵਰ ਗੌਰਵ ਹਸਪਤਾਲ ਵਿੱਚ ਦਾਖਲ ਕਰਵਾ ਦੇਊਂ...। ਇਹ ਤਾਂ ਹੁਣ ਤੈਅ ਹੈ ਮਾਤਾ ਨੂੰ ਕਰੋਨਾ ਵਾਰਡ ਵਿੱਚ ਰੱਖਣਗੇ। ਪਹਿਲਾਂ ਸਾਰਿਆਂ ਦਾ ਟੈਸਟ ਕਰਵਾ ਕੇ ਜਾਊਂ। ਇਹ ਵੀ ਹੁਣ ਜ਼ਰੂਰੀ ਹੋ ਗਿਆ...। ਹਸਪਤਾਲ ਵਿੱਚੋਂ ਆਉਂਦੇ ਨੂੰ ਸਮਾਂ ਲੱਗ ਸਕਦਾ...। ਚਲੋ ਛੁੱਟੀਆਂ ਲੈਣ ਦੀ ਤਾਂ ਲੋੜ ਨਹੀਂ। ਦਫ਼ਤਰ ਤਾਂ ਬੰਦ ਹੀ ਨੇ... ਚੌਦਾਂ ਦਿਨਾਂ ਦੀ ਤਾਂ ਸਾਰੀ ਗੱਲ ਹੈ...। ਮਾਂ ਉਂਝ ਤਾਂ ਠੀਕ ਹੈ, ਬੁਖਾਰ ਹੀ ਰਹਿੰਦਾ...।’’ ਅਜਿਹੀ ਉਧੇੜ-ਬੁਣ ਉਸ ਦੇ ਮਨ ਵਿੱਚ ਚੱਲ ਰਹੀ ਸੀ। ਜਦੋਂ ਉਹ ਨਹਾ ਕੇ ਵਾਪਸ ਆਇਆ ਤਾਂ ਪਤਨੀ ਨੇ ਅੱਖਾਂ ਕੱਢਦੀ ਨੇ ਮੋਬਾਈਲ ਦੀ ਸਕਰੀਨ ਅੱਗੇ ਕੀਤੀ, ‘‘ਆਹ ਕੀ ਏ! ਤੁਸੀਂ ਮੈਨੂੰ ਦੱਸਿਆ ਨਹੀਂ...।’’

‘‘ਦੀਪ ਮੈਂ ਤੇਰੇ ਨਾਲ ਸਲਾਹ ਕਰਨੀ ਸੀ...। ਸੋਚਿਆ ਪਹਿਲਾਂ ਨਹਾ ਆਵਾਂ ਬਾਅਦ ਵਿੱਚ ਇਸ ਉੱਤੇ ਵਿਚਾਰ ਕਰਦੇ ਹਾਂ...। ਆਪਾਂ ਕੀ ਕਰਨਾ ਹੈ...।’’ ਬੇਅੰਤ ਬੜੇ ਸਹਿਜ ਤਰੀਕੇ ਨਾਲ ਬੋਲਿਆ।

‘‘ਮੈਂ ਤਾਂ ਤੁਹਾਨੂੰ ਉਸ ਦਿਨ ਦੀ ਕਹਿ ਰਹੀ ਸੀ। ਮੇਰੀ ਗੱਲ ਨਹੀਂ ਸੁਣੀ। ਹੁਣ ਕਰਨੀ ਐ ਸਲਾਹ...। ਸਾਨੂੰ ਵੀ ਮਰਵਾਓਗੇ...। ਇਹ ਕਿਹੜਾ ਘਰੇ ਟਿਕ ਕੇ ਬਹਿੰਦੀ ਐ, ਸਾਰਾ ਦਿਨ ਹਰਲ-ਹਰਲ ਕਰਦੀ ਫਿਰੂ...। ਪਾ ਦਿੱਤਾ ਹੁਣ ਨਵੀਂ ਮੁਸੀਬਤ ’ਚ...। ਕਰਾਓ ਸਾਰੇ ਟੈਸਟ...। ਜੇ ਕਿਸੇ ਦਾ ਹੋਰ ਪਾਜ਼ਿਟਿਵ ਆ ਗਿਆ ਫਿਰ ਦੇਖ ਲਿਓ...।’’ ਇੱਕ ਤਰ੍ਹਾਂ ਦੀ ਉਹ ਧਮਕੀ ਦੇ ਗਈ ਜਿਵੇਂ ਸਭ ਕੁਝ ਦਾ ਜ਼ਿੰਮੇਵਾਰ ਬੇਅੰਤ ਹੋਵੇ।

ਕੁਝ ਦਿਨਾਂ ਤੋਂ ਟੀ.ਵੀ. ਚੈਨਲਾਂ ਜ਼ਰੀਏ ਲੋਕਾਂ ਦੇ ਮੂੰਹਾਂ ’ਤੇ ਆਕਸੀਜਨ ਘਟਣ ਕਰਕੇ ਹੋ ਰਹੀਆਂ ਮੌਤਾਂ ਦੀਆਂ ਸੁਰਖੀਆਂ ਚੜ੍ਹੀਆਂ ਹੋਈਆਂ ਸਨ। ਲੋਕਾਂ ਵਿੱਚ ਇੱਕ ਨਵੀਂ ਦਹਿਸ਼ਤ ਫੈਲ ਚੁੱਕੀ ਸੀ। ਆਕਸੀਜਨ ਸਿਲੰਡਰ ਨਹੀਂ ਸਨ ਮਿਲ ਰਹੇ। ਲੋਕ ਆਕਸੀਜਨ ਦੀ ਬਲੈਕ ਕਰਨ ਲੱਗ ਪਏ ਸਨ। ਜਿਸ ਨੂੰ ਕਦੇ ਕੋਈ ਪੁੱਛਦਾ ਨਹੀਂ ਸੀ ਉਹੀ ਆਕਸੀਜਨ ਸਿਲੰਡਰ ਤੀਹ ਪੈਂਤੀ ਹਜ਼ਾਰ ਨੂੰ ਮਿਲ ਰਿਹਾ ਸੀ। ਬੇਅੰਤ ਦੀ ਮਾਂ ਨੂੰ ਆਕਸੀਜਨ ਦੀ ਸਮੱਸਿਆ ਨਹੀਂ ਸੀ ਨਜ਼ਰ ਆ ਰਹੀ। ਬੇਅੰਤ ਨੇ ਉਹ ਰਾਤ ਜਾਗਦਿਆਂ ਕੱਢੀ। ਮਨ ’ਚ ਬਹੁਤ ਮਾੜੇ ਵਿਚਾਰ ਆਏ। ਪਤਨੀ ਨਾਲ ਹੋਈ ਤਕਰਾਰ ਨੇ ਉਸ ਕਾਫ਼ੀ ਪ੍ਰੇਸ਼ਾਨ ਕੀਤਾ।

ਅੱਠ ਵਜੇ ਉਸ ਨੇ ਪਹਿਲਾਂ ਹਸਪਤਾਲ ਵਿੱਚ ਜਾ ਕੇ ਆਪਣੇ ਸਾਰੇ ਪਰਿਵਾਰ ਦਾ ਕਰੋਨਾ ਟੈਸਟ ਲਈ ਸੈਂਪਲ ਦਿੱਤਾ। ਰਿਪੋਰਟ ਤਿੰਨ ਦਿਨਾਂ ਬਾਅਦ ਆਉਣੀ ਸੀ। ਮਾਂ ਦਾ ਲੋੜੀਂਦਾ ਸਾਮਾਨ ਕਾਰ ਵਿੱਚ ਰੱਖ ਸ਼ਹਿਰ ਦੇ ਗੌਰਵ ਹਸਪਤਾਲ ਵੱਲ ਮਾਂ ਨੂੰ ਲੈ ਕੇ ਚਾਲੇ ਪਾ ਦਿੱਤੇ। ਕੁਝ ਸਮੇਂ ਬਾਅਦ ਹਸਪਤਾਲ ਦੇ ਗੇਟ ’ਤੇ ਮਾਂ ਨੂੰ ਲੈ ਕੇ ਉਹ ਪਹੁੰਚ ਗਿਆ। ਲੋਕਾਂ ਦੀ ਬੜੀ ਭੀੜ ਲੱਗੀ ਪਈ ਸੀ। ਹਸਪਤਾਲ ਦੀ ਪਾਰਕਿੰਗ ਹੀ ਨਹੀਂ ਸਗੋਂ ਸੜਕ ’ਤੇ ਵੀ ਐਂਬੂਲੈਂਸਾਂ ਤੇ ਹੋਰ ਵਾਹਨਾਂ ਦੀ ਭਰਮਾਰ ਸੀ। ਇਸ ਤਰ੍ਹਾਂ ਨਜ਼ਰ ਆ ਰਹੇ ਸਨਜਿਵੇਂ ਕਿਸੇ ਫ਼ਸਲ ’ਤੇ ਟਿੱਡੀ ਦਲ ਦਾ ਹਮਲਾ ਹੋ ਗਿਆ ਹੋਵੇ।

ਉਹ ਮਾਂ ਨੂੰ ਗੱਡੀ ਵਿੱਚ ਬਿਠਾ ਹਸਪਤਾਲ ਦੇ ਕਾਊਂਟਰ ’ਤੇ ਪਹੁੰਚ ਗਿਆ। ਉਨ੍ਹਾਂ ਨਾਲ ਸਾਰੀ ਗੱਲ ਸਾਂਝੀ ਕੀਤੀ। ਉਨ੍ਹਾਂ ਫੀਸ ਜਮ੍ਹਾ ਕਰਵਾ ਕੇ ਫਾਈਲ ਤਿਆਰ ਕਰ ਦਿੱਤੀ। ਹਸਪਤਾਲ ਦੀ ਪਿਛਲੀ ਇਮਾਰਤ ਵੱਲ ਮਾਂ ਨੂੰ ਲਿਜਾਣ ਲਈ ਕਿਹਾ ਜਿੱਥੇ ਵਿਸ਼ੇਸ਼ ਕਰੋਨਾ ਵਾਰਡ ਬਣਾਇਆ ਗਿਆ ਸੀ। ਮਾਂ ਨੂੰ ਉਸ ਨੇ ਸਾਰੀ ਗੱਲ ਗੱਡੀ ਵਿੱਚ ਸਮਝਾ ਦਿੱਤੀ। ਕੁਝ ਦਿਨਾਂ ਬਾਅਦ ਠੀਕ ਹੋ ਜਾਣਾ ਹੈ। ਮਾਂ ਪਹਿਲਾਂ ਤਾਂ ਨਾਂਹ-ਨੁੱਕਰ ਕਰਦੀ ਰਹੀ, ਫਿਰ ਮੰਨ ਗਈ। ਵਾਰਡ ਦੇ ਬਾਹਰ ਤਿੰਨ-ਚਾਰ ਐਂਬੂਲੈਂਸਾਂ ਖੜ੍ਹੀਆਂ ਸਨ। ਇੱਕ ਐਂਬੂਲੈਂਸ ਵਿੱਚ ਸਿਰ ਤੋਂ ਪੈਰਾਂ ਤੱਕ ਕਿੱਟਾਂ ਪਾਈ ਟੀਮ ਮੈਂਬਰ ਸਟਰੈਚਰ ’ਤੇ ਕਿਸੇ ਨੂੰ ਚੜ੍ਹਾ ਰਹੇ ਸਨ, ਸ਼ਾਇਦ ਉਸ ਦੀ ਕਹਾਣੀ ਖ਼ਤਮ ਹੋ ਚੁੱਕੀ ਸੀ। ਨਜ਼ਦੀਕ ਖੜ੍ਹੇੇ ਸਕੇ ਸਬੰਧੀਆਂ ਦੀਆਂ ਅੱਖਾਂ ਵਿੱਚ ਹੰਝੂਆਂ ਦੇ ਹੜ੍ਹ ਸਨ। ਦੂਸਰੀ ਐਂਬੂਲੈਂਸ ਵਿੱਚੋਂ ਕਿਸੇ ਨੂੰ ਉਤਾਰ ਰਹੇ ਸਨ। ਸਾਰੇ ਹਸਪਤਾਲ ਵਿੱਚ ਇੰਝ ਦੇ ਦ੍ਰਿਸ਼ ਦੇਖਣ ਨੂੰ ਆਮ ਮਿਲ ਰਹੇ ਸਨ। ਗੇਟ ਕੋਲ ਕਿੱਟ ਪਾਈ ਖੜ੍ਹੀ ਕੁੜੀ ਨੇ ਬੇਅੰਤ ਕੋਲੋਂ ਫਾਈਲ ਫੜੀ। ਫਾਈਲ ਦੇਖ ਕੇ ਮਾਤਾ ਦਾ ਚੈੱਕਅੱਪ ਕੀਤਾ। ਮਾਤਾ ’ਤੇ ਸੈਨੀਟਾਈਹਜ਼ਰ ਦੇ ਫੁਹਾਰੇ ਮਾਰ ਵਾਰਡ ਵੱਲ ਨੂੰ ਲੈ ਤੁਰੇ। ਇਨ੍ਹਾਂ ਵਾਰਡਾਂ ਵਿੱਚ ਸੈਂਕੜੇ ਮਰੀਜ਼ ਹੋਰ ਵੀ ਦਾਖਲ ਸਨ। ਪਰਿਵਾਰ ਦੇ ਕਿਸੇ ਮੈਂਬਰ ਨੂੰ ਅੰਦਰ ਜਾਣ ਦੀ ਮਨਾਹੀ ਸੀ। ਉਸ ਦਾ ਸਾਮਾਨ ਵੀ ਉਹ ਆਪ ਲੈ ਕੇ ਗਏ। ਮਾਂ ਮੁੜ-ਮੁੜ ਬੇਅੰਤ ਵੱਲ ਦੇਖ ਰਹੀ ਸੀ ਜਿਵੇਂ ਕਹਿ ਰਹੀ ਹੋਵੇ, ‘‘ਕਿਉਂ ਪੁੱਤ? ਤੂੰ ਮੈਨੂੰ ਇਨ੍ਹਾਂ ਜਮਦੂਤਾਂ ਦੇ ਹਵਾਲੇ ਕਰ ਦਿੱਤਾ...।’’ ਬੇਅੰਤ ਦੀਆਂ ਅੱਖਾਂ ਵੀ ਭਰ ਆਈਆਂ। ਵਾਰਡ ਦੇ ਇਰਦ-ਗਿਰਦ ਸਕਿਉਰਟੀ ਚੌਵੀ ਘੰਟੇ ਹਰਕਤ ਵਿੱਚ ਰਹਿੰਦੀ ਸੀ। ਮਰੀਜ਼ ਨੂੰ ਖਾਣਾ ਅੰਦਰ ਹੀ ਮਿਲ ਜਾਂਦਾ। ਬਾਹਰੋਂ ਜੋ ਸਾਮਾਨ ਭੇਜਿਆ ਜਾਂਦਾ ਉਸ ਨੂੰ ਪੂਰਾ ਚੈੱਕ ਕਰ ਕੇ ਦਿੱਤਾ ਜਾਂਦਾ। ਮਰੀਜ਼ਾਂ ਦੇ ਸਕੇ-ਸਬੰਧੀ ਆਮ ਤੌਰ ’ਤੇ ਖਾਣ ਪੀਣ ਦਾ ਸਾਮਾਨ ਭੇਜਦੇ ਰਹਿੰਦੇ ਸਨ। ਉਹ ਗੇਟ ’ਤੇ ਫੜਾ ਜਾਂਦੇ, ਅੱਗੇ ਉਹ ਭੇਜ ਦਿੰਦੇ। ਬੇਅੰਤ ਨੇ ਵੀ ਮਾਂ ਲਈ ਫ਼ਲ, ਜੂਸ ਵਗੈਰਾ ਭੇਜ ਦਿੱਤਾ। ਆਪ ਵਾਰਡ ਦੇ ਬਾਹਰ ਬੈਠ ਗਿਆ। ਡਾਕਟਰਾਂ ਨੇ ਤਾਂ ਕਹਿ ਦਿੱਤਾ ਸੀ, ‘‘ਜੇਕਰ ਤੁਸੀਂ ਜਾਣਾ ਹੈ ਤਾਂ ਜਾ ਸਕਦੇ ਹੋ...।’’ ਪਰ ਬੇਅੰਤ ਦਾ ਮਨ ਨਹੀਂ ਮੰਨਿਆ। ਉਹ ਉੱਠ ਕੇ ਬਾਹਰ ਪਾਰਕਿੰਗ ਵੱਲ ਆ ਗਿਆ ਜਿੱਥੇ ਗੱਡੀ ਖੜ੍ਹੀ ਸੀ। ਮੋਬਾਈਲ ’ਤੇ ਨਜ਼ਰ ਮਾਰੀ, ਦਸ ਵੱਜ ਚੁੱਕੇ ਸਨ। ਉਸ ਨੇ ਸੋਚ ਵਿਚਾਰ ਤੋਂ ਬਾਅਦ ਕਾਰ ਘਰ ਦੇ ਰਾਹ ਪਾ ਲਈ। ਅੱਧੇ ਘੰਟੇ ਬਾਅਦ ਘਰ ਪਹੁੰਚ ਗਿਆ। ਉਸ ਨੂੰ ਦੇਖ ਕੇ ਵੱਡਾ ਭਰਾ ਰਮਨ ਵੀ ਆ ਗਿਆ। ਬੇਅੰਤ ਨੇ ਮਾਂ ਨੂੰ ਕਰੋਨਾ ਹੋਣ ਤੇ ਦਾਖ਼ਲ ਕਰਵਾਉਣ ਦੀ ਸਾਰੀ ਵਿੱਥਿਆ ਸੁਣਾ ਦਿੱਤੀ। ਹੁਣ ਤੱਕ ਤਾਂ ਆਂਢ-ਗੁਆਂਢ ਨੂੰ ਵੀ ਪਤਾ ਲੱਗ ਗਿਆ ਸੀ। ਉਨ੍ਹਾਂ ਨੇ ਮੂੰਹ ’ਤੇ ਬੰਨੇ ਕੱਪੜੇ ਦੀ ਗੰਢ ਹੋਰ ਕਸ ਲਈ। ਹਾਲ ਚਾਲ ਪੁੱਛਣ ਤੋਂ ਦੂਰੀ ਬਣਾ ਲਈ। ਇੱਥੋਂ ਤਕ ਕਿ ਨਜ਼ਰਾਂ ਮਿਲਾਉਣੋਂ ਵੀ ਹਟ ਗਏ।

ਬੇਅੰਤ ਹਰ ਰੋਜ਼ ਮਾਂ ਲਈ ਤਿੰਨ ਵਾਰ ਘਰੋਂ ਰੋਟੀ ਬਣਾ ਕੇ ਲੈ ਆਉਂਦਾ। ਫ਼ਲ ਅਤੇ ਜੂਸ ਭੇਜਦਾ। ਮਾਂ ਦੀ ਸਿਹਤ ਬਾਰੇ ਡਾਕਟਰਾਂ ਤੋਂ ਪੁੱਛਦਾ। ਤੀਜੇ ਦਿਨ ਘਰ ਦੇ ਮੈਂਬਰਾਂ ਦੀ ਰਿਪੋਰਟ ਠੀਕ-ਠਾਕ ਆ ਗਈ। ਉਸ ਨੂੰ ਅਤੇ ਸਾਰੇ ਪਰਿਵਾਰ ਨੂੰ ਸੁਖ ਦਾ ਸਾਹ ਆਇਆ ਜਿਵੇਂ ਕੋਈ ਬਹੁਤ ਵੱਡੀ ਆਫ਼ਤ ਟਲ ਗਈ ਹੋਵੇ। ਰਮਨ ਵੀ ਕਦੇ-ਕਦੇ ਰੋਟੀ ਫੜਾਉਣ ਹਸਪਤਾਲ ਚਲਿਆ ਜਾਂਦਾ ਜਿਸ ਦਿਨ ਬੇਅੰਤ ਨੂੰ ਕੋਈ ਕੰਮ ਹੋ ਜਾਂਦਾ। ਉਂਜ ਰਾਤ ਨੂੰ ਬੇਅੰਤ ਹਸਪਤਾਲ ਰਹਿੰਦਾ। ਦਿਨ ਰਾਤ ਹਸਪਦਤਾਲ ਦੀ ਹਾਜ਼ਰੀ ਉਹੀ ਭਰਦਾ। ਅੰਦਰੋਂ ਦਵਾਈਆਂ ਦੀ ਪਰਚੀ ਆਉਂਦੀ ਤਾਂ ਹਸਪਤਾਲ ਦੀ ਦੁਕਾਨ ਤੋਂ ਦਵਾਈ ਲੈ ਪਹੁੰਚਦੀ ਕਰਦਾ। ਚਾਹੇ ਮਾਂ ਅੰਦਰ ਵਾਰਡ ਵਿੱਚ ਸੀ ਉਹ ਅੱਧੀ ਰਾਤ ਤੱਕ ਬਾਹਰ ਬੈਠਾ ਰਹਿੰਦਾ। ਹੋਰ ਬਹੁਤ ਸਾਰੇ ਪਰਿਵਾਰਾਂ ਨਾਲ ਰਾਬਤਾ ਹੋ ਗਿਆ ਸੀ। ਗੱਲਾਂ ਕਰਦੇ ਰਹਿੰਦੇ। ਫਿਰ ਕੱਪੜਾ ਵਿਛਾ ਪਾਰਕ ਵਿੱਚ ਪੈ ਜਾਂਦੇ। ਸਵੇਰੇ ਸੁਵਖਤੇ ਘਰ ਨੂੰ ਤੁਰ ਪੈਂਦਾ। ਤਿਆਰ ਹੋ ਕੇ ਮਾਂ ਲਈ ਨਾਸ਼ਤਾ ਲਿਆਉਂਦਾ।

ਅੱਜ ਬੇਅੰਤ ਦੀ ਮਾਂ ਨੂੰ ਸੱਤ ਦਿਨ ਹੋ ਗਏ ਸਨ ਹਸਪਤਾਲ ਗਈ ਨੂੰ। ਇਨ੍ਹਾਂ ਸੱਤ ਦਿਨਾਂ ਵਿੱਚ ਕਾਫ਼ੀ ਦਹਿਸ਼ਤ ਫੈਲ ਚੁੱਕੀ ਸੀ। ਲੋਕਾਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਸਨ। ਇੱਕ ਦਾ ਸਸਕਾਰ ਕਰ ਕੇ ਮੁੜਦੇ ਦੂਜੇ ਦੀ ਅਰਥੀ ਤੁਰ ਪੈਂਦੀ। ਕਈ ਵਾਰ ਤਾਂ ਚਾਰ-ਪੰਜ ਸਿਵੇ ਇਕੱਠੇ ਬਲਦੇ ਲੋਕਾਂ ਨੇ ਦੇਖੇ ਸਨ। ਸੋਸ਼ਲ ਮੀਡੀਆ ’ਤੇ ਬਹੁਤ ਕੁਝ ਦਿਖਾਇਆ ਜਾ ਰਿਹਾ ਸੀ ਜਿਸ ਨੂੰ ਦੇਖ ਕੇ ਹਰ ਇਨਸਾਨ ਕੰਬ ਜਾਂਦਾ। ਲੋਕਾਂ ਨੇ ਆਪਣੇ-ਆਪ ਦੇ ਬਚਾਓ ਲਈ ਘਰਾਂ ਵਿੱਚ ਰਹਿਣਾ ਮੁਨਾਸਿਬ ਸਮਝਿਆ। ਕਿਸੇ ਅਰਥੀ ਪਿੱਛੇ ਵੀ ਗਿਣਤੀ ਦੇ ਬੰਦੇ ਹੁੰਦੇ। ਕਈ ਵਾਰ ਤਾਂ ਜੇਕਰ ਕਿਸੇ ਦੀ ਹਸਪਤਾਲ ਵਿੱਚ ਮੌਤ ਕਿਸੇ ਹੋਰ ਬਿਮਾਰੀ ਕਾਰਨ ਵੀ ਹੁੰਦੀ, ਉਸ ਨੂੰ ਕਰੋਨਾ ਖਾਤੇ ਪਾ ਦਿੱਤਾ ਜਾਂਦਾ। ਸ਼ਮਸ਼ਾਨਘਾਟ ਵਿੱਚ ਸਸਕਾਰ ਕਰਨ ਲਾਸ਼ ਲੈ ਕੇ ਹਸਪਤਾਲ ’ਚੋਂ ਕਿੱਟਾ ਪਾ ਕੇ ਟੀਮ ਆਉਂਦੀ। ਲੋਕ ਬਿਮਾਰਾਂ ਨੂੰ ਹਸਪਤਾਲ ਲਿਜਾਣ ਦੀ ਬਜਾਏ ਆਰ.ਐੱਮ.ਪੀ. ਡਾਕਟਰਾਂ ਤੋਂ ਇਲਾਜ ਕਰਵਾਉਣ ਨੂੰ ਪਹਿਲ ਦਿੰਦੇ। ਜੇਕਰ ਕਿਸੇ ਦੀ ਆਕਸੀਜਨ ਘਟਦੀ ਘਰ ਸਿਲੰਡਰ ਲਿਆ ਲਾ ਦਿੰਦੇ। ਅਜਿਹੇ ਹਾਲਾਤ ਬਣੇ ਪਏ ਸਨ ਕਿ ਲੋਕਾਂ ਨੂੰ ਲੱਗਦਾ ਜੇਕਰ ਹਸਪਤਾਲ ਚਲੇ ਗਏ ਤਾਂ ਸ਼ਾਇਦ ਜਿਉਂਦੇ ਵਾਪਸ ਨਾ ਆਈਏ। ਪ੍ਰਾਈਵੇਟ ਹਸਪਤਾਲ ਲੋਕਾਂ ਦੀ ਦੋਵੇਂ ਹੱਥਾਂ ਨਾਲ ਲੁੱਟ ਕਰ ਰਹੇ ਸਨ। ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ। ਵੱਡੀ ਉਮਰ ਦੇ ਲੋਕਾਂ ਲਈ ਜ਼ਿਆਦਾ ਖ਼ਤਰੇ ਦੀ ਘੰਟੀ ਵੱਜ ਰਹੀ ਸੀ। ਉਹ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹੁੰਦੇ ਹਨ। ਕਰੋਨਾ ਪਾਜ਼ਿਟਿਵ ਆਉਣ ’ਤੇ ਬਾਕੀ ਬਿਮਾਰੀਆਂ ਦਾ ਇਲਾਜ ਛੱਡ ਕਰੋਨਾ ਦਾ ਸ਼ੁਰੂ ਕਰ ਦਿੰਦੇ ਜਿਸ ਕਰਕੇ ਪੀੜਤ ਦੀ ਦੂਜੀ ਬਿਮਾਰੀ ਵਧ ਜਾਂਦੀ ਤੇ ਉਹ ਮੌਤ ਦੇ ਮੂੰਹ ਚਲਿਆ ਜਾਂਦਾ। ਮੋਹਰ ਕਰੋਨਾ ਦੀ ਲੱਗ ਜਾਂਦੀ।

ਕਸਬੇ ਵਿੱਚ ਇੱਕ ਘਟਨਾ ਘਟੀ। ਕੁਝ ਦਿਨ ਪਹਿਲਾਂ ਇਕ ਵਿਆਹੁਤਾ ਔਰਤ ਮੋਟਰਸਾਈਕਲ ਤੋਂ ਡਿੱਗ ਪਈ। ਸਿਰ ਵਿੱਚ ਸੱਟ ਲੱਗੀ। ਉਂਜ ਤੰਦਰੁਸਤ ਸੀ। ਸਿਰ ਦੀ ਸੱਟ ਕਰਕੇ ਡਾਕਟਰ ਦੀ ਸਲਾਹ ਨਾਲ ਪੀ.ਜੀ.ਆਈ. ਲੈ ਗਏ। ਚਾਰ ਦਿਨਾਂ ਬਾਅਦ ਉਸ ਦੀ ਲਾਸ਼ ਕਿੱਟ ਵਿੱਚ ਲਪੇਟੀ ਘਰ ਆ ਗਈ। ਕਰੋਨਾ ਨਾਲ ਹੋਈ ਮੌਤ ਦੀ ਮੋਹਰ ਲਾ ਦਿੱਤੀ।

ਬੇਅੰਤ ਅੱਜ ਸਵੇਰੇ ਮਾਂ ਲਈ ਨਾਸ਼ਤਾ ਲੈ ਕੇ ਅਇਆ। ਡਾਕਟਰਾਂ ਨਾਲ ਗੱਲ ਕੀਤੀ। ‘‘ਉਹ ਤੰਦਰੁਸਤ ਹਨ। ਪੰਜ ਕੁ ਦਿਨਾਂ ਵਿੱਚ ਛੁੱਟੀ ਮਿਲ ਜਾਊ।’’ ਉਸ ਨੇ ਸੁਖ ਦਾ ਸਾਹ ਲਿਆ। ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਸੀ। ਅੰਦਰੋਂ ਖ਼ਬਰ ਤਾਂ ਇਹ ਵੀ ਮਿਲ ਰਹੀ ਸੀ ਕਿ ਬੈੱਡਾਂ ਦੀ ਗਿਣਤੀ ਘੱਟ ਹੋਣ ਕਾਰਨ ਮਰੀਜ਼ਾਂ ਨੂੰ ਭੁੰਜੇ ਪਾ ਰੱਖਿਆ। ਕਰੋਨਾ ਵਾਰਡ ਦੇ ਸਟਾਫ ਨੂੰ ਆਰਾਮ ਕਰਨ ਦੀ ਵਿਹਲ ਨਹੀਂ ਸੀ ਮਿਲ ਰਹੀ। ਦਿਨ ਰਾਤ ਇੱਕ ਬਣੀ ਪਈ ਸੀ।

ਰਾਤ ਦੇ ਦਸ ਵੱਜ ਚੁੱਕੇ ਸਨ। ਉਸ ਨੂੰ ਦਵਾਈਆਂ ਦੀ ਪਰਚੀ ਦਿੱਤੀ ਗਈ। ਉਹ ਦਵਾਈਆਂ ਲੈ ਆਇਆ। ਉਸ ਵਿੱਚ ਆਕਸੀਜਨ ਮਾਸਕ ਵੀ ਸੀ। ਉਸ ਨੇ ਦਵਾਈਆਂ ਫੜਾਉਂਦੇ ਪੁੱਛਿਆ, ‘‘ਇਸ ਦੀ ਕੀ ਲੋੜ ਪੈ ਗਈ...?’’

‘‘ਥੋੜ੍ਹਾ ਆਕਸੀਜਨ ਲੈਵਲ ਘੱਟ ਹੈ। ਆਕਸੀਜਨ ਦੇਣੀ ਹੈ। ਉਂਜ ਕੋਈ ਖ਼ਤਰੇ ਵਾਲ਼ੀ ਗੱਲ ਨਹੀਂ...।’’ ਨਰਸ ਦਵਾਈਆਂ ਲੈ ਕੇ ਅੰਦਰ ਚਲੀ ਗਈ। ਬੇਅੰਤ ਪਾਰਕ ਵੱਲ ਆ ਗਿਆ। ਉੱਥੇ ਬੈਠੇ ਬੰਦਿਆਂ ਨਾਲ ਗੱਲਾਂ ਕਰਦਾ ਰਿਹਾ। ਗੱਲਾਂ ਕਰਦਿਆਂ ਕਦੋਂ ਨੀਂਦ ਨੇ ਘੇਰਾ ਪਾ ਲਿਆ ਪਤਾ ਹੀ ਨਾ ਲੱਗਿਆ। ਅੱਖ ਉਸ ਵਕਤ ਖੁੱਲ੍ਹੀ ਜਦੋਂ ਉਸ ਨੂੰ ਨਾਲ ਦੇ ਸਾਥੀ ਨੇ ਜਗਾਇਆ। ਹਨੇਰੇ ਨੇ ਆਪਣੀ ਚਾਦਰ ਉਤਾਰਨੀ ਸ਼ੁਰੂ ਕਰ ਦਿੱਤੀ ਸੀ। ਦਿਨ ਚਾਂਦੀ ਵਾਂਗ ਚਮਕਣ ਲੱਗ ਪਿਆ ਸੀ। ਘਾਹ ਉੱਤੇ ਤਰੇਲ ਦਾ ਕੋਈ-ਕੋਈ ਤੁਪਕਾ ਸੂਰਜ ਦੀਆਂ ਪਹਿਲੀਆਂ ਕਿਰਨਾਂ ਨਾਲ ਚਮਕਣ ਲੱਗਾ। ਦਰੱਖ਼ਤਾਂ ’ਤੇ ਪੰਛੀਆਂ ਨੇ ਰਾਗ ਛੇੜ ਰੱਖੇ ਸਨ। ਵਾਰਡ ਵਿੱਚੋਂ ਅੱਜ ਕਈ ਲਾਸ਼ਾਂ ਨਿਕਲ ਚੁੱਕੀਆਂ ਸਨ। ਪਹਿਲਾਂ ਇਸ ਤਰ੍ਹਾਂ ਕਦੇ ਨਹੀਂ ਸੀ ਹੋਇਆ। ਲੋਕਾਂ ਵਿੱਚ ਸਹਿਮ ਪੈਦਾ ਹੋ ਗਿਆ। ਬੇਅੰਤ ਤਿਆਰ ਹੋਣ ਘਰ ਨੂੰ ਚਲਾ ਗਿਆ। ਆਪ ਨਾਸ਼ਤਾ ਕਰਕੇ ਮਾਂ ਦਾ ਨਾਸ਼ਤਾ ਬਣਵਾ ਹਸਪਤਾਲ ਨੂੰ ਮੁੜ ਪਿਆ। ਵਾਰਡ ਮੂਹਰੇ ਭੀੜ ਲੱਗੀ ਹੋਈ ਸੀ। ਬੇਅੰਤ ਨੂੰ ਦੇਖਦੇ ਡਾਕਟਰ ਨੇ ਆਪਣੇ ਕਮਰੇ ਵਿੱਚ ਬੁਲਾਇਆ, ‘‘ਸੁਰਜੀਤ ਕੌਰ ਤੁਹਾਡੇ ਮਾਤਾ ਜੀ ਨੇ...?’’

‘‘ਜੀ ਸਰ...।’’ ਉਸ ਨੇ ਜਵਾਬ ਦਿੱਤਾ।

‘‘ਸ਼ੀ ਇਜ਼ ਨੌ ਮੋਰ...।’’ ਡਾਕਟਰ ਨੇ ਅੰਗਰੇਜ਼ੀ ਦੇ ਤਿੰਨ ਚਾਰ ਲਫ਼ਜ਼ ਬੋਲੇ। ਸੁਣ ਕੇ ਬੇਅੰਤ ਦੇ ਹੱਥਾਂ ਵਿੱਚੋਂ ਨਾਸ਼ਤੇ ਵਾਲਾ ਝੋਲਾ ਫਰਸ਼ ’ਤੇ ਡਿੱਗ ਪਿਆ। ਉਸ ਨੂੰ ਹਸਪਤਾਲ ਦੀ ਇਮਾਰਤ ਹਿੱਲਦੀ ਮਹਿਸੂਸ ਹੋਈ ਜਿਵੇਂ ਅਚਨਚੇਤ ਭੁਚਾਲ ਆ ਗਿਆ ਹੋਵੇ। ਕਿੰਨਾ ਚਿਰ ਉਹ ਕੁਰਸੀ ’ਤੇ ਬੈਠਾ ਰਿਹਾ। ਉਸ ਨੂੰ ਪਾਣੀ ਦਿੱਤਾ ਗਿਆ। ਘੁੱਟ ਪਾਣੀ ਦੀ ਪੀ ਕੇ ਸਥਿਰ ਹੋਇਆ।

‘‘ਡਾਕਟਰ ਸਾਹਬ ਕਦੋਂ ਦੀ ਗੱਲ ਐ...।’’

‘‘ਸਵੇਰੇ ਛੇ ਕੁ ਵਜੇ ਉਨ੍ਹਾਂ ਆਖ਼ਰੀ ਸਾਹ ਲਿਆ...। ਤੁਸੀਂ ਹਸਪਤਾਲ ਦਾ ਖ਼ਰਚਾ ਭਰਕੇ ਡੈੱਡ ਬੌਡੀ ਲਿਜਾ ਸਕਦੇ ਹੋ...।’’ ਇੰਨਾ ਕਹਿੰਦਾ ਡਾਕਟਰ ਵਾਰਡ ਵੱਲ ਨੂੰ ਚਲਿਆ ਗਿਆ। ਬੇਅੰਤ ਨੇ ਰਮਨ ਨੂੰ ਫ਼ੋਨ ਲਾ ਲਿਆ। ਅੱਖਾਂ ਵਿੱਚ ਵਗਦੇ ਹੰਝੂ ਦੇ ਪਰਨਾਲਿਆਂ ਨਾਲ ਮਸਾਂ ਉਸ ਦੇ ਮੂੰਹ ’ਚੋਂ ਨਿਕਲਿਆ, ‘‘ਮਾਂ ਆਪਾਂ ਨੂੰ ਛੱਡ ਕੇ ਚਲੀ ਗਈ... ਤੂੰ ਹਸਪਤਾਲ ਆਜਾ...।’’ ਰਮਨ ਦਾ ਵੀ ਗੱਚ ਭਰ ਆਇਆ। ਉਸ ਦੇ ਮੂੰਹ ਵਿੱਚੋਂ ਸ਼ਬਦ ਬੁੱਲ੍ਹਾਂ ’ਤੇ ਆ ਰੁਕ ਗਏ। ਬੇਅੰਤ ਨੇ ਫਿਰ ਪਤਨੀ ਨੂੰ ਦੱਸਿਆ। ਘਰ ਵਿੱਚ ਸੱਥਰ ਵਿਛ ਗਏ। ਵੈਣ ਪੈਣੇ ਸ਼ੁਰੂ ਹੋ ਗਏ। ਰਿਸ਼ਤੇਦਾਰਾਂ ਨੂੰ ਫ਼ੋਨ ਖੜਕਾ ਦਿੱਤੇ। ਕੁਝ ਸਮੇਂ ਵਿੱਚ ਹੀ ਸਾਰੇ ਕਸਬੇ ਵਿੱਚ ਗੱਲ ਉੱਡ ਗਈ ‘‘ਕਰੋਨਾ ਨਾਲ ਇੱਕ ਹੋਰ ਮੌਤ ਹੋ ਗਈ...।’’

ਬਾਰ੍ਹਾਂ ਕੁ ਵਜੇ ਤੱਕ ਸਾਰੀ ਕਾਰਵਾਈ ਕਰ ਕੇ ਲਾਸ਼ ਨੂੰ ਐਂਬੂਲੈਂਸ ਵਿੱਚ ਕਿੱਟ ਪਾ ਰੱਖ ਦਿੱਤਾ। ਕੁਝ ਹਸਪਤਾਲ ਦੇ ਮੁਲਾਜ਼ਮ ਸਸਕਾਰ ਕਰਵਾਉਣ ਲਈ ਨਾਲ ਬੈਠ ਗਏ। ਐਂਬੂਲੈਂਸ ਸਿੱਧੀ ਸ਼ਮਸ਼ਾਨਘਾਟ ਨੂੰ ਹੀ ਜਾਣੀ ਸੀ। ਬੇਅੰਤ ਨੇ ਘਰ ਫ਼ੋਨ ਕਰ ਕੇ ਸਭ ਨੂੰ ਓਥੇ ਬੁਲਾ ਲਿਆ। ਐਂਬੂਲੈਂਸ ਦੇ ਮਗਰ ਕਾਰ ’ਤੇ ਬੇਅੰਤ ਅਤੇ ਰਮਨ ਚੱਲ ਪਏ। ਲੱਕੜਾਂ ਦਾ ਇੰਤਜ਼ਾਮ ਸ਼ਰੀਕੇ/ਕਬੀਲੇ ਦੇ ਬੰਦਿਆਂ ਨੇ ਪਹਿਲਾਂ ਹੀ ਕਰ ਦਿੱਤਾ ਸੀ। ਜਿਵੇਂ ਹੀ ਐਂਬੂਲੈਂਸ ਸ਼ਮਸ਼ਾਨ ਦੇ ਗੇਟ ’ਤੇ ਪਹੁੰਚੀ ਵਿਰਲਾਪ ਕਰ ਰਹੀਆਂ ਔਰਤਾਂ ਦੀਆਂ ਆਵਾਜ਼ਾਂ ਹੋਰ ਉੱਚੀਆਂ ਹੋ ਗਈਆਂ। ਜ਼ਿਆਦਾ ਇਕੱਠ ਨਹੀਂ ਸੀ, ਗਿਣਤੀ ਦੇ ਬੰਦੇ ਸਨ। ਚਿਖਾ ਤਿਆਰ ਕੀਤੀ ਪਈ ਸੀ। ਨਾਲ ਇੱਕ ਸਿਵਾ ਹੋਰ ਬਲ ਰਿਹਾ ਸੀ। ਸਵੇਰੇ ਸਸਕਾਰ ਕਰਕੇ ਗਏ ਸਨ। ਕੁਝ ਰਿਸ਼ਤੇਦਾਰਾਂ ਤੇ ਸ਼ਰੀਕੇ ਦੇ ਬੰਦਿਆਂ ਨੇ ਬੇਅੰਤ ਤੇ ਰਮਨ ਨੂੰ ਹੌਂਸਲਾ ਦਿੱਤਾ। ਉਨ੍ਹਾਂ ਦੀ ਭੁੱਬ ਨਿਕਲ ਜਾਂਦੀ। ਕਿੱਟਾਂ ਪਾਈ ਹਸਪਤਾਲ ਦੇ ਬੰਦਿਆਂ ਨੇ ਲਾਸ਼ ਨੂੰ ਐਂਬੂਲੈਂਸ ’ਚੋਂ ਕੱਢ ਕੇ ਚਿਖਾ ’ਤੇ ਰੱਖ ਦਿੱਤਾ। ਹੋਰ ਕਿਸੇ ਬੰਦੇ ਨੂੰ ਨਜ਼ਦੀਕ ਨਹੀਂ ਆਉਣ ਦਿੱਤਾ। ਬੱਸ ਬੇਅੰਤ ਨੇ ਚਿਖਾ ਨੂੰ ਲਾਂਬੂ ਲਾਇਆ। ਕੁਝ ਸਮੇਂ ਬਾਅਦ ਸ਼ਮਸ਼ਾਨਘਾਟ ਸੁੰਨਾ ਹੋ ਗਿਆ। ਰਹਿ ਗਿਆ ਸੀ ਬੇਅੰਤ ਦੀ ਮਾਂ ਦਾ ਬਲਦਾ ਸਿਵਾ।

ਅਗਲੇ ਦਿਨ ਫ਼ੁੱਲਾਂ ਦੀ ਰਸਮ ਰੱਖੀ ਗਈ। ਰਿਸ਼ਤੇਦਾਰਾਂ ਨੂੰ ਆਉਣ ਤੋਂ ਮਨ੍ਹਾਂ ਕਰ ਦਿੱਤਾ ਗਿਆ। ਹਾਲਾਤ ਹੀ ਕੁਝ ਇਸ ਤਰ੍ਹਾਂ ਦੇ ਸਨ। ਸਕੇ ਸਬੰਧੀਆਂ ਨੇ ਨਾਲ ਲੱਗ ਕੇ ਫ਼ੁੱਲ ਚੁਗੇ। ਬੇਅੰਤ ਬੱਚਿਆਂ ਨੂੰ ਨਾਲ ਲੈ ਕੇ ਮਾਂ ਦੇ ਫ਼ੁੱਲ ਕੀਰਤਪੁਰ ਪਾਉਣ ਚੱਲ ਪਿਆ ਤਾਂ ਜੋ ਸਮੇਂ ਸਿਰ ਘਰ ਵਾਪਸ ਆਇਆ ਜਾਵੇ। ਭੋਗ ਦੀ ਰਸਮ ਸੱਤ ਦਿਨ ਬਾਅਦ ਮੰਗਲਵਾਰ ਨੂੰ ਰੱਖੀ ਗਈ। ਰਮਨ ਨੇ ਸ਼ਰੀਕੇ ਵਾਲਿਆਂ ਦੀ ਮਦਦ ਨਾਲ ਸਹਿਜ ਪਾਠ ਘਰ ਵਿੱਚ ਰਖਵਾ ਲਿਆ। ਰਿਸ਼ਤੇਦਾਰ, ਦੋਸਤ-ਮਿੱਤਰ, ਆਂਢ-ਗੁਆਂਢ ਆਪਣੇ ਤਰੀਕੇ ਨਾਲ ਦੁੱਖ ਵੰਡਾਉਂਦੇ ਰਹੇ।

ਰਿਸ਼ਤੇਦਾਰ ਇੱਕ-ਇੱਕ ਦੋ-ਦੋ ਕਰਕੇ ਪਹੁੰਚ ਰਹੇ ਸਨ। ਬੇਅੰਤ ਰਿਸ਼ਤੇਦਾਰਾਂ ਵਿੱਚ ਬੈਠਾ ਸੀ। ਸਾਹਮਣੇ ਬਾਹਰ ਗੇਟ ’ਤੇ ਇੱਕ ਗੱਡੀ ਆ ਕੇ ਰੁਕੀ। ਟੈਂਟ ਵਿੱਚ ਬੈਠੇ ਲੋਕਾਂ ਦਾ ਧਿਆਨ ਉਸ ਵੱਲ ਗਿਆ। ਗੱਡੀ ਵਿੱਚੋਂ ਪਹਿਲਾਂ ਮੂਹਰਲੀਆਂ ਤਾਕੀਆਂ ਖੋਲ੍ਹ ਦੋ ਬੰਦੇ ਉੱਤਰੇ, ਫਿਰ ਉਨ੍ਹਾਂ ਗੱਡੀ ਦੀ ਪਿਛਲੀ ਤਾਕੀ ਖੋਲ੍ਹੀ। ਬਾਹਰ ਖੜ੍ਹੇ ਲੋਕ ਪਹਿਲਾਂ ਗੱਡੀ ਦੁਆਲੇ ਹੋ ਗਏ। ਉੱਥੇ ਬੈਠੇ ਬੰਦੇ ਬੁੜ੍ਹੀਆਂ ਸਭ ਖੜ੍ਹੇ ਹੋ ਗਏ, ਭਾਈ ਦਾ ਪਾਠ ਵਿੱਚ ਰਹਿ ਗਿਆ। ਤਾਕੀ ਨੂੰ ਹੱਥ ਪਾ ਸੁਰਜੀਤ ਕੌਰ ਉੱਤਰ ਰਹੀ ਸੀ। ਬੇਅੰਤ ਦੇਖ ਜ਼ੋਰ ਦੀ ਚੀਕਿਆ, ‘‘ਮਾਂ...ਆ ਗਈ ਓਏ...।’’ ਉਹ ਗੱਡੀ ਵੱਲ ਨੂੰ ਭੱਜਿਆ। ਇਹ ਸਭ ਕਿਸੇ ਸੁਪਨੇ ਵਾਂਗ ਲੱਗ ਰਿਹਾ ਸੀ। ਉਸ ਨੇ ਮਾਂ ਨੂੰ ਘੁੱਟ ਕੇ ਜੱਫੀ ਵਿੱਚ ਲੈ ਲਿਆ। ਫਿਰ ਕਿਤੇ ਜਾ ਉਸ ਨੂੰ ਯਕੀਨ ਹੋਇਆ। ਮਾਂ ਪੁੱਤ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੇ ਸੈਲਾਬ ਆ ਗਏ। ਦੇਖਣ ਲਈ ਲੋਕਾਂ ਦੀ ਭੀੜ ਲੱਗ ਗਈ। ਬੁੜ੍ਹੀਆਂ ਤਾਂ ਡਰ ਵੀ ਗਈਆਂ, ਬਈ ਜਿਸ ਨੂੰ ਫੂਕ ਆਏ ਸੀ ਉਹ ਜਿਉਂਦੀ ਕਿਵੇਂ ਆ ਗਈ। ਸਭ ਅੱਖਾਂ ਪਾੜ-ਪਾੜ ਦੇਖ ਰਹੇ ਸੀ। ਨਾਲ ਆਏ ਅਣਜਾਣ ਬੰਦੇ ਕੌਣ ਸਨ।

‘‘ਮੈਨੂੰ... ਅੰਦਰ ਤਾਂ ਜਾਣ ਦਿਓ...।’’ ਸੁਰਜੀਤ ਕੌਰ ਨੇ ਚੁੱਪੀ ਤੋੜੀ। ਮਾਂ ਨੂੰ ਬੇਅੰਤ ਪੰਡਾਲ ਵਿੱਚ ਲੈ ਆਇਆ। ਨਾਲ ਉਹ ਦੋਵੇਂ ਬੰਦੇ ਵੀ ਆ ਗਏ। ਸਾਰੇ ਲੋਕਾਂ ਨੂੰ ਭਾਈ ਨੇ ਬੈਠਣ ਲਈ ਕਿਹਾ।

‘‘ਮਾਂ ਤੂੰ ਤਾਂ... ਫਿਰ ਕਿਵੇਂ...।’’ ਮਾਂ ਨੂੰ ਪਾਣੀ ਦਾ ਗ਼ਲਾਸ ਫੜਾਉਂਦਿਆਂ ਮਸਾਂ ਬੇਅੰਤ ਦੇ ਮੂੰਹੋਂ ਬੋਲ ਨਿਕਲੇ।

‘‘ਵੀਰ ਜੀ! ਮੈਂ ਦੱਸਦਾ ਹਾਂ...।’’ ਨਾਲ ਆਏ ਵੱਡੀ ਉਮਰ ਦੇ ਬੰਦੇ ਨੇ ਕਿਹਾ। ਸਾਰੇ ਸੁਣਨ ਲਈ ਉਤਾਵਲੇ ਹੋ ਗਏ। ‘‘ਸਾਡੀ ਮਾਂ ਦਾ ਨਾਂ ਵੀ ਸੁਰਜੀਤ ਕੌਰ ਐ...। ਹਸਪਤਾਲ ਵਾਲਿਆਂ ਨੇ ਗਲਤੀ ਨਾਲ ਸਾਡੀ ਮਾਤਾ ਦੀ ਲਾਸ਼ ਤੁਹਾਨੂੰ ਦੇ ਦਿੱਤੀ...। ਡਿਸਚਾਰਜ ਕਰਨ ਵੇਲੇ ਜਦੋਂ ਵਾਰਡ ਵਿੱਚੋਂ ਮਾਤਾ ਨੂੰ ਸਾਡੇ ਕੋਲ ਲਿਆ ਖੜ੍ਹਾ ਕੀਤਾ, ਮਾਂ ਤੁਹਾਨੂੰ ਲੱਭ ਰਹੀ ਸੀ। ਅਸੀਂ ਆਪਣੀ ਮਾਂ ਨੂੰ...। ਜਦੋਂ ਡਾਕਟਰ ਨਾਲ ਗੱਲ ਕੀਤੀ, ਉਨ੍ਹਾਂ ਫਾਇਲਾਂ ਫਰੋਲੀਆਂ। ਬਹੁਤ ਵੱਡੀ ਗ਼ਲਤੀ ਹੋ ਗਈ...। ਅਸੀਂ ਪਹਿਲਾਂ ਮਾਤਾ ਨੂੰ ਤੁਹਾਡੇ ਘਰ ਛੱਡਣਾ ਠੀਕ ਸਮਝਿਆ। ਹਸਪਤਾਲ ਨਾਲ ਤਾਂ ਬਾਅਦ ’ਚ ਗੱਲ ਕਰਾਂਗੇ। ਤੁਸੀਂ ਆਪਣੀ ਮਾਂ ਸਮਝ ਸਾਡੀ ਮਾਂ ਨਮਿਤ ਭੋਗ ਰਖਾਇਐ... ਤੁਹਾਡੀ ਮਾਂ ਜਿਉਂਦੀ ਐ...। ਸਾਡੀ ਮਾਂ...।’’ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ। ਕੁਝ ਸਮੇਂ ਬਾਅਦ ਉਹ ਗੱਡੀ ਲੈ ਹਸਪਤਾਲ ਦੇ ਰਾਹ ਤੁਰ ਪਏ। ਲੋਕਾਂ ਦੀ ਜ਼ੁਬਾਨ ’ਤੇ ਨਵੀਂ ਚਰਚਾ ਤੁਰ ਪਈ...।

ਸੰਪਰਕ: 98143-98762

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All