ਪੜ੍ਹਦਿਆਂ ਸੁਣਦਿਆਂ

ਅਫ਼ੀਮ, ਚਾਹ, ਨਾਰਾਜ਼ਗੀ ਤੇ ਬਦਲਾਖੋਰੀ...

ਅਫ਼ੀਮ, ਚਾਹ, ਨਾਰਾਜ਼ਗੀ ਤੇ ਬਦਲਾਖੋਰੀ...

ਸੁਰਿੰਦਰ ਸਿੰਘ ਤੇਜ

ਸੁਰਿੰਦਰ ਸਿੰਘ ਤੇਜ

ਬਹੁਤ ਪੁਰਾਣਾ ਹੈ ਨਸ਼ਿਆਂ ਦਾ ਕਾਰੋਬਾਰ। ਅਫ਼ੀਮ ਇਸ ਕਾਰੋਬਾਰ ਦੀ ਮੁੱਖ ਜਿਣਸ ਰਹੀ ਹੈ। ਰੋਮਨ ਸਾਮਰਾਜ ਦੇ ਦਿਨਾਂ ਦੌਰਾਨ ਰੋਮਨ ਹਕੀਮ ਇਸ ਦੀ ਵਰਤੋਂ ਮਰੀਜ਼ਾਂ ਤੇ ਜੰਗੀ ਜ਼ਖ਼ਮੀਆਂ ਲਈ ਦਰਦ ਨਿਵਾਰਕ ਵਜੋਂ ਕਰਦੇ ਸਨ। ਬਾਦਸ਼ਾਹਾਂ ਤੇ ਸ਼ਾਹੀ ਅਹਿਲਕਾਰਾਂ ਦੀ ਗੱਲ ਵੱਖਰੀ ਸੀ। ਉਨ੍ਹਾਂ ਲਈ ‘ਮਾਵਾ’ ਛਕਣਾ ਜਾਂ ਜਲਾ ਕੇ ਧੂੰਆਂ ਸੁੰਘਣਾ ਤਫ਼ਰੀਹ ਵੀ ਸੀ, ਅੱਯਾਸ਼ੀ ਵੀ। ਭਾਰਤੀ ਉਪ ਮਹਾਂਦੀਪ ਵਿਚ ਵੀ ਅਫ਼ੀਮ ਦਾ ਸੇਵਨ ਆਮ ਹੀ ਸੀ। ਖ਼ੁਰਾਸਾਨ ਤੇ ਖੋਸਤ ਭਾਰਤ ਦਾ ਹਿੱਸਾ ਸਨ। ਉੱਥੇ ਪੋਸਤ ਦੀ ਖੇਤੀ ਆਮ ਸੀ। ਇਸ ਤੋਂ ਉਪਜਣ ਵਾਲੀ ਅਫ਼ੀਮ ਪੱਛਮ ਵੱਲ ਮੱਧ ਏਸ਼ੀਆ ਤੇ ਯੂਰੋਪ ਤਕ ਜਾਂਦੀ ਸੀ ਅਤੇ ਪੂਰਬ ਵੱਲ ਵੱਖ ਵੱਖ ਭਾਰਤੀ ਰਿਆਸਤਾਂ ਤਕ ਵੀ ਪਹੁੰਚਦੀ ਸੀ। ਅਫ਼ੀਮ ਨੂੰ ਉਦੋਂ ਵੀ ਕਾਲਾ ਸੋਨਾ ਮੰਨਿਆ ਜਾਂਦਾ ਸੀ ਅਤੇ ਹੁਣ ਵੀ ਇਸ ਦੀ ਕਾਰੋਬਾਰੀ ਵੁੱਕਤ ਸੋਨੇ ਵਰਗੀ ਹੀ ਹੈ। ਇਸੇ ਵੁੱਕਤ ਨੂੰ ਸਭ ਤੋਂ ਪਹਿਲਾਂ ਬਾਬਰ ਨੇ ਪਛਾਣਿਆ। ਉਸ ਨੇ ਕਾਬੁਲ ਉਪਰ ਆਪਣੀ ਹਕੂਮਤ ਦੌਰਾਨ ਪੋਸਤ ਦੀ ਕਾਸ਼ਤ ਸਰਕਾਰੀ ਕੰਟਰੋਲ ਹੇਠ ਲਿਆਂਦੀ। ਖ਼ੁਦ ਵੀ ਅਫ਼ੀਮ ਦਾ ਸ਼ੌਕੀਨ ਸੀ ਉਹ। ‘ਬਾਬੁਰਨਾਮਾ’ ਵਿਚ ਉਸ ਨੇ ਸਾਫ਼ਗੋਈ ਨਾਲ ਕਬੂਲਿਆ ਹੈ ਕਿ ਅਫ਼ੀਮ ਦੇ ਐਬ ਨੇ ਉਸ ਤੋਂ ਕਈ ਵੱਡੀਆਂ ਗ਼ਲਤੀਆਂ ਕਰਵਾਈਆਂ। ਜੇਕਰ ਇਹ ਐਬ ਨਾ ਹੁੰਦਾ ਤਾਂ ਸਮਰਕੰਦ ਦਾ ਸੁਲਤਾਨ ਹੋਣ ਦਾ ਉਸ ਦਾ ਸੁਫ਼ਨਾ ਅਧੂਰਾ ਨਹੀਂ ਸੀ ਰਹਿਣਾ। ਬਾਬਰ ਦਾ ਵੱਡਾ ਪੁੱਤਰ ਹਮਾਯੂੰ ਵੀ ਇਸੇ ਨਸ਼ੇ ਦਾ ਆਦੀ ਸੀ। ਉਸ ਦੇ ਇਸ ਐਬ ਦਾ ਫ਼ਾਇਦਾ ਉਠਾਉਂਦਿਆਂ ਉਸ ਦੀ ਮਤਰੇਈ ਮਾਂ ਗੁਲਰੁਖ਼ ਬੇਗ਼ਮ (ਮਿਰਜ਼ਾ ਕਾਮਰਾਨ ਤੇ ਮਿਰਜ਼ਾ ਅਸਕਰੀ ਦੀ ਮਾਂ) ਨੇ ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ, ਗੁਲਾਬ ਦੇ ਸ਼ਰਬਤ ਵਿਚ ਢੇਰ ਸਾਰੀ ਅਫ਼ੀਮ ਘੋਲ ਕੇ। ਇਹ ਹਮਾਯੂੰ ਦੀ ਖ਼ੁਸ਼ਕਿਸਮਤੀ ਸੀ ਕਿ ਉਸ ਦੀ ਨਿੱਕੀ ਭੈਣ ਗ਼ੁਲਬਦਨ ਅਤੇ ਰਖੇਲ ਸਲੀਮਾ ਨੇ ਸਮੇਂ ਸਿਰ ਹਕੀਮੀ ਇਮਦਾਦ ਹਾਸਿਲ ਕਰ ਕੇ ਹਮਾਯੂੰ ਦੀ ਜਾਨ ਬਚਾ ਲਈ। ਹਮਾਯੂੰ ਦੇ ਪੁੱਤਰ ਅਕਬਰ ਦੀ ਬਾਦਸ਼ਾਹਤ ਸਮੇਂ ਉਸ ਦਾ ਮਤਰੇਆ ਭਰਾ ਹਕੀਮ ਮਿਰਜ਼ਾ ਕਾਬੁਲ ਦਾ ਸੂਬੇਦਾਰ ਸੀ। ਉਸ ਨੇ ਆਪਣੀ ਨੀਮ ਖ਼ੁਦਮੁਖ਼ਤਾਰੀ ਦਾ ਲਾਭ ਬਾਕੀ ਭਾਰਤ ਵੱਲ ਅਫ਼ੀਮ ਦੀ ਬਰਾਮਦ ਰੋਕ ਕੇ ਲਿਆ। ਉਦੋਂ ਤਕ ਬਿਹਾਰ-ਬੰਗਾਲ ਵਿਚ ਪੋਸਤ ਦੀ ਕਾਸ਼ਤ ਸ਼ੁਰੂ ਹੋ ਚੁੱਕੀ ਸੀ। ਅਕਬਰ ਨੇ ਇਸ ਕਾਸ਼ਤ ਨੂੰ ਉਤਸ਼ਾਹਿਤ ਕੀਤਾ। ਅਕਬਰ ਖ਼ੁਦ ਨਸ਼ਿਆਂ ਤੋਂ ਪਰਹੇਜ਼ ਕਰਦਾ ਸੀ। ਇਸੇ ਲਈ ਉਸ ਨੇ ਇਸ ਕਾਸ਼ਤ ਉੱਤੇ ਸਖ਼ਤ ਸਰਕਾਰੀ ਕੰਟਰੋਲ ਰੱਖਿਆ।

ਸਰਕਾਰੀ ਕੰਟਰੋਲ ਤਾਂ ਬਿਟ੍ਰਿਸ਼ ਈਸਟ ਇੰਡੀਆ ਕੰਪਨ ਦੇ ਰਾਜ ਸਮੇਂ ਵੀ ਸੀ, ਪਰ ਇਸ ਕੰਪਨੀ ਨੇ ਅਫ਼ੀਮ ਉਤਪਾਦਨ ਦੀ ਰੱਜ ਕੇ ਦੁਰਵਰਤੋਂ ਕੀਤੀ। ਅਫ਼ੀਮ ਦੇ ਕਾਰੋਬਾਰ ਰਾਹੀਂ ਉਸ ਨੇ ਬਿਟ੍ਰਿਸ਼ ਸਾਮਰਾਜ ਦੇ ਪਸਾਰੇ ਲਈ ਧਨ ਵੀ ਜੁਟਾਇਆ ਅਤੇ ਚੀਨੀਆਂ ਨੂੰ ਅਮਲੀ ਵੀ ਬਣਾਇਆ। ਪਲਾਸੀ (1757) ਤੇ ਬਕਸਰ (1764) ਦੀਆਂ ਲੜਾਈਆਂ ਵਿਚ ਜਿੱਤ ਦੇ ਜ਼ਰੀਏ ਈਸਟ ਇੰਡੀਆ ਕੰਪਨੀ ਨੂੰ ਮੁਗ਼ਲ ਬਾਦਸ਼ਾਹ ਪਾਸੋਂ ਬੰਗਾਲ-ਬਿਹਾਰ (ਤੇ ਉੜੀਸਾ) ਦੇ ਦੀਵਾਨੀ ਹੱਕ ਹਾਸਿਲ ਹੋ ਗਏ। ਇਨ੍ਹਾਂ ਹੱਕਾਂ ਰਾਹੀਂ ਅਫ਼ੀਮ ਪੈਦਾ ਕਰਨ ਵਾਲਾ ਇਲਾਕਾ, ਕੰਪਨੀ ਦੇ ਅਧਿਕਾਰ ਖੇਤਰ ਹੇਠ ਆ ਗਿਆ। ਉਸ ਨੇ ਅਫ਼ੀਮ ਦੀ ਕੁਵਰਤੋਂ ਚੀਨ ਤੋਂ ਚਾਹ-ਪੱਤੀ ਦੀ ਦਰਾਮਦ ਵਾਸਤੇ ‘ਕਰੰਸੀ’ ਵਜੋਂ ਕਰਨੀ ਸ਼ੁਰੂ ਕਰ ਦਿੱਤੀ। ਇਸ ਨੀਤੀ ਦੇ ਪ੍ਰਭਾਵਾਂ ਅਤੇ ਇਨ੍ਹਾਂ ਦਾ ਖ਼ਮਿਆਜ਼ਾ ਭਾਰਤ ਵੱਲੋਂ ਹੁਣ ਵੀ ਭੁਗਤੇ ਜਾਣ ਦੀ ਕਹਾਣੀ ਪੇਸ਼ ਕਰਦੀ ਹੈ ਚੇਨਈ ਸਥਿਤ ਪੱਤਰਕਾਰ ਟੌਮਸ ਮੈਨੂਏਲ ਦੀ ਕਿਤਾਬ ‘ਓਪੀਅਮ ਇਨਕਾਰਪੋਰੇਟਿਡ’ (ਅਫ਼ੀਮ ਕੰਪਨੀ; ਹਾਰਪਰ ਕੌਲਿਨਜ਼; 294 ਪੰਨੇ; 599 ਰੁਪਏ)।

ਬਿਟ੍ਰਿਸ਼ ਸਾਮਰਾਜ ਦੇ ਭਾਰਤੀ ਉਪ ਮਹਾਂਦੀਪ ਤੇ ੲੇਸ਼ੀਆ-ਅਫ਼ਰੀਕਾ ਵਿਚ ਪਸਾਰੇ ’ਚ ਨਸ਼ਿਆਂ ਦੇ ਕਾਰੋਬਾਰ ਦੀ ਮਾਇਕ ਭੂਮਿਕਾ ਦਾ ਬਿਰਤਾਂਤ ਹੈ ਇਹ ਕਿਤਾਬ। ਕੰਪਨੀ ਦੇ ਆਪਣੇ ਰਿਕਾਰਡ ਮੁਤਾਬਿਕ ਮੁਗ਼ਲ ਹਕੂਮਤ ਸਮੇਂ ਇਕੱਲੇ ਬਿਹਾਰ ਵਿਚੋਂ ਔਸਤ 4000 ਪੇਟੀ (ਇਕ ਪੇਟੀ = 77 ਕਿਲੋਗਰਾਮ) ਅਫ਼ੀਮ ਹਰ ਸਾਲ ਪੈਦਾ ਹੁੰਦੀ ਸੀ। 1773 ਵਿਚ ਕੰਪਨੀ ਨੇ ਇਸ ਸਾਰੀ ਖੇਤੀ ਨੂੰ ਆਪਣੇ ਕੰਟਰੋਲ ਹੇਠ ਲੈ ਲਿਆ। ਅਗਲੇ ਸੌ ਸਾਲਾਂ ਦੌਰਾਨ ਪੋਸਤ ਦੀ ਕਾਸ਼ਤ ਹੇਠਲਾ ਰਕਬਾ ਅਸਾਮ ਤੋਂ ਉੜੀਸਾ ਤਕ ਪੰਜ ਲੱਖ ਏਕੜ ਤਕ ਫੈਲ ਗਿਆ। ਕਲਕੱਤਾ ਬੰਦਰਗਾਹ ਦੀ ਵਰਤੋਂ ਭਾਰਤ ਤੋਂ ਅਫ਼ੀਮ, ਚੀਨ ਭੇਜੇ ਜਾਣ ਲਈ ਕੀਤੀ ਜਾਂਦੀ ਸੀ। ਬ੍ਰਿਟਿਸ਼ ਸਾਮਰਾਜੀਆਂ ਦੀ ਦੇਖਾ-ਦੇਖੀ ਦੋ ਪੱਛਮੀ ਮਰਾਠਾ ਰਿਆਸਤਾਂ- ਇੰਦੌਰ ਤੇ ਬੜੌਦਾ ਨੇ ਵੀ ਪੋਸਤ ਦੀ ਖੇਤੀ ਨੂੰ ਹੁਲਾਰਾ ਦੇਣਾ ਸ਼ੁਰੂ ਕਰ ਦਿੱਤਾ। ਉੱਥੇ ਤਿਆਰ ਹੋਣ ਵਾਲੀ ਅਫ਼ੀਮ, ਇਕ ਪਾਰਸੀ ਘਰਾਣੇ ਰਾਹੀਂ ਬੰਬਈ ਬੰਦਰਗਾਹ ਤੋਂ ਚੀਨ ਭੇਜੀ ਜਾਣ ਲੱਗੀ। ਜਦੋਂ ਕੰਪਨੀ ਦੀ ਬਦਨਾਮੀ ਹੋਣ ਲੱਗੀ ਤੇ ਬ੍ਰਿਟਿਸ਼ ਪਾਰਲੀਮੈਂਟ ਵਿਚ ਇਸ ਦੇ ਕਾਰ-ਵਿਹਾਰ ਬਾਰੇ ਤਿੱਖੇ ਸਵਾਲ ਉੱਠਣ ਲੱਗੇ ਤਾਂ ਇਸ ਨੇ ਸਿੱਧੇ ਤੌਰ ’ਤੇ ਅਫ਼ੀਮ ਵੇਚਣੀ ਬੰਦ ਕਰ ਦਿੱਤੀ ਅਤੇ ਇਹ ਕੰਮ ਠੇਕੇਦਾਰਾਂ ਤੋਂ ਕਰਵਾਉਣ ਲੱਗੀ। ਠੇਕੇ ਲੈਣ ਵਾਲਿਆਂ ਵਿਚ ਹਿੰਦੂ ਤੇ ਜੈਨੀ ਵਪਾਰੀ ਵੀ ਸ਼ਾਮਲ ਸਨ ਅਤੇ ਮੁਸਲਿਮ ਤੇ ਯਹੂਦੀ ਵੀ। ਠੇਕਿਆਂ ਰਾਹੀਂ ਕੰਪਨੀ ਵੀ ਮਾਇਕ ਤੌਰ ’ਤੇ ਖ਼ੂਬ ਵਧੀ-ਫੁਲੀ ਤੇ ਵਪਾਰੀ ਵੀ। ਪਰ ਕਾਸ਼ਤਕਾਰਾਂ ਦੀ ਹਾਲਤ ਖ਼ਸਤਾ ਹੀ ਰਹੀ। ਉਨ੍ਹਾਂ ਤੋਂ ਗ਼ੁਲਾਮਾਂ ਵਜੋਂ ਕੰਮ ਲੈਣ ਅਤੇ ਮਾਇਕ ਲਾਭਾਂ ਤੋਂ ਵਾਂਝਾ ਰੱਖਣ ਦਾ ਦਸਤੂਰ ਪਹਿਲਾਂ ਵਾਂਗ ਜਾਰੀ ਰਿਹਾ।

ਅਫੀਮ ਦੀ ਚੀਨ ਵੱਲ ਬਰਾਮਦ ਕਿਉਂ? ਇਹ ਕਹਾਣੀ ਰੌਚਿਕ ਵੀ ਹੈ ਤੇ ਤ੍ਰਾਸਦਿਕ ਵੀ। 1660 ਵਿਚ ਇੰਗਲੈਂਡ ਦੇ ਯੁਵਰਾਜ ਚਾਰਲਸ ਦੋਇਮ (ਅੰਤਾਂ ਦਾ ਵਿਭਚਾਰੀ ਸੀ ਉਹ) ਦਾ ਵਿਆਹ ਪੁਰਤਗੀਜ਼ ਸ਼ਹਿਜ਼ਾਦੀ ਕੈਥਰੀਨ ਡੀ’ਬਰਗੈਂਜ਼ਾ ਨਾਲ ਹੋਇਆ। ਦਹੇਜ ਵਿਚ ਹੋਰ ਵਸਤਾਂ ਦੇ ਨਾਲ ਨਾਲ ਸਾਲਸਿਟ, ਬਸੀਨ ਅਤੇ ਪੰਜ ਹੋਰ ਭਾਰਤੀ ਟਾਪੂ ਵੀ ਸ਼ਾਮਲ ਸਨ। (ਬੰਬਈ ਬੰਦਰਗਾਹ ਤੇ ਮਹਾਂਨਗਰ ਇਨ੍ਹਾਂ ਟਾਪੂਆਂ ਤੋਂ ਹੀ ਵਜੂਦ ਵਿਚ ਆਏ)। ਕੈਥਰੀਨ ਨੂੰ ਚਾਹ ਦਾ ਅਮਲ ਸੀ। ਉਸ ਦੀ ਦੇਖਾ-ਦੇਖੀ ਸ਼ਾਹੀ ਕੁਨਬੇ ਤੇ ਹੋਰ ਕੁਲੀਨ ਪਰਿਵਾਰਾਂ ਦੀਆਂ ਔਰਤਾਂ ਵੀ ਚਾਹ ਪੀਣ ਲੱਗੀਆਂ। ਕੁਝ ਵਰ੍ਹਿਆਂ ਦੇ ਅੰਦਰ ਇਹ ‘ਫੈਸ਼ਨ’ ਆਮ ਲੋਕਾਂ ਤਕ ਵੀ ਪਹੁੰਚ ਗਿਆ। ਚਾਹ-ਪੱਤੀ ਚੀਨ ਤੋਂ ਆਉਂਦੀ ਸੀ। ਚੀਨੀ ਹੁਕਮਰਾਨ ਚਾਹ ਬਦਲੇ ਚਾਂਦੀ ਵਸੂਲਦੇ ਸਨ। ਚਾਹ ਦੀ ਦਰਾਮਦ ਵਧਣ ਕਾਰਨ ਕੰਪਨੀ ਦੇ ਚਾਂਦੀ ਦੇ ਜ਼ਖ਼ੀਰੇ ਤੇਜ਼ੀ ਨਾਲ ਖੁਰਨੇ ਸ਼ੁਰੂ ਹੋ ਗਏ। ਇਸ ਮਸਲੇ ਦਾ ਹੱਲ ਅਫ਼ੀਮ ਸਾਬਤ ਹੋਈ। ਅਫ਼ੀਮ ਦੀ ਚੀਨ ਵਿਚ ਮੰਗ ਸੀ। ਚਾਹ-ਪੱਤੀ ਬਦਲੇ ਅਫ਼ੀਮ ਵਾਲਾ ਬਦਲ ਚੀਨੀ ਵਪਾਰੀਆਂ ਨੂੰ ਫ਼ਾਇਦੇ ਦਾ ਸੌਦਾ ਜਾਪਿਆ। ਹੌਲੀ ਹੌਲੀ ਚੀਨ ਅਮਲੀਆਂ ਦੀ ਕੌਮ ਬਣਨ ਲੱਗਾ। ਉੱਥੇ ਚਿੰਗ ਖ਼ਾਨਦਾਨ ਦਾ ਰਾਜ ਸੀ। ਇਸ ਖ਼ਾਨਦਾਨ ਨੇ ਸਥਿਤੀ ਸੰਭਾਲਣ ਲਈ ਅਫ਼ੀਮ ਦੀ ਦਰਾਮਦ ਰੋਕਣ ਦੇ ਫਰਮਾਨ ਜਾਰੀ ਕਰ ਦਿੱਤੇ, ਪਰ ਇਹ ਅਸਰਦਾਰ ਸਾਬਤ ਨਾ ਹੋਏ। 1839 ਵਿਚ ਕੈਂਟਨ ਦੇ ਗਵਰਨਰ ਲਿਨ ਸੇ-ਸ਼ੂ ਨੇ 20 ਹਜ਼ਾਰ ਪੇਟੀ ਅਫ਼ੀਮ ਜ਼ਬਤ ਕਰ ਕੇ ਸਾੜਨ ਦੇ ਹੁਕਮ ਦਿੱਤੇ। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਇਹ ਸਥਿਤੀ ਨਾਗਵਾਰ ਜਾਪੀ। ਉਸ ਕਾਰਨ ਦੋ ਅਫ਼ੀਮ ਜੰਗਾਂ ਹੋਈਆਂ। ਦੂਜੀ ਜੰਗ ਵਿਚ ਤਾਂ ਫਰਾਂਸ ਤੇ ਜ਼ਾਰਵਾਦੀ ਰੂਸ ਨੇ ਵੀ ਬ੍ਰਿਟੇਨ ਦਾ ਸਾਥ ਦਿੱਤਾ। ਪਹਿਲਾਂ ਨਾਨਕਿੰਗ (1842) ਤੇ ਫਿਰ ਤੀਨਸਤਿਨ ਜਾਂ ਤਿਆਨਜਿਨ (1858) ਦੀਆਂ ਸੰਧੀਆਂ ਰਾਹੀਂ ਚੀਨ ਪਾਸੋਂ ਜਿੱਥੇ ਹਾਂਗਕਾਂਗ ਸੌ ਸਾਲਾਂ ਲਈ ਖੁੱਸਿਆ, ਉੱਥੇ ਉਸ ਨੂੰ ਅਫ਼ੀਮ ਦਾ ਕਾਰੋਬਾਰ ਵੀ ਕਾਨੂੰਨੀ ਕਰਾਰ ਦੇਣਾ ਪਿਆ ਅਤੇੇ ਨਾਲ ਹੀ 10 ਬੰਦਰਗਾਹਾਂ ਇਸ ਵਪਾਰ ਲਈ ਖੋਲ੍ਹਣੀਆਂ ਪਈਆਂ। ਇਸ ਸਾਰੇ ਅਪਰੇਸ਼ਨ ਵਾਸਤੇ ਫੌਜ, ਈਸਟ ਇੰਡੀਆ ਕੰਪਨੀ ਦੀ ਵਰਤੀ ਗਈ ਜੋ ਮੂਲ ਰੂਪ ਵਿਚ ਭਾਰਤੀ ਸੀ। ਬੰਦਰਗਾਹਾਂ ਵਿਚ ਪਹਿਰੇ ਲਈ ਵੀ ਭਾਰਤੀ ਤਾਇਨਾਤ ਕੀਤੇ ਗਏ। ਗੱਲ ਇੱਥੇ ਨਹੀਂ ਮੁੱਕੀ। ਚਾਹ ਦੀ ਕਾਸ਼ਤ ਤੋਂ ਚੀਨੀ ਅਜਾਰੇਦਾਰੀ ਤੋੜਨ ਹਿੱਤ ਉੱਤਰ-ਪੂਰਬੀ ਭਾਰਤ ਵਿਚ ਚਾਹ ਦੇ ਬਾਗ਼ ਲਗਵਾਏ ਗਏ ਅਤੇ ਇਸ ਕੰਮ ਲਈ ਕਾਮੇ ਜਾਂ ਤਾਂ ਚੀਨ ਤੋਂ ਫੁਸਲਾਏ ਗਏ ਜਾਂ ਅਗਵਾ ਕਰ ਕੇ ਭਾਰਤ ਲਿਆਂਦੇ ਗਏ। ਇਸ ਸਮੁੱਚੀ ਕਾਰਵਾਈ ਰਾਹੀਂ ਹੋਏ ਮਾਇਕ ਫ਼ਾਇਦੇ ਨੂੰ ਬ੍ਰਿਟੇਨ ਨੇ ਜਿੱਥੇ ਭਾਰਤੀ ਉਪ ਮਹਾਂਦੀਪ ਉੱਪਰ ਆਪਣਾ ਬਸਤੀਵਾਦੀ ਗ਼ਲਬਾ ਵਧਾਉਣ ਲਈ ਵਰਤਿਆ, ਉੱਥੇ ਭਾਰਤੀ ਕਾਮਿਆਂ ਨੂੰ ਕਪਾਹ ਤੇ ਗੰਨੇ ਦੀ ਕਾਸ਼ਤ ਲਈ ਜਬਰੀ ਦੱਖਣੀ ਅਫ਼ਰੀਕਾ ਤੇ ਕੈਰੇਬੀਅਨ ਖਿੱਤੇ ਵਿਚ ਲਿਜਾਣ ਦੇ ਤਜਰਬੇ ਵਾਸਤੇ ਵੀ ਇਸਤੇਮਾਲ ਕੀਤਾ। ਇਸ ਪੂਰੀ ਘਟਨਾਵਲੀ ਨੂੰ ਤਤਕਾਲੀ ਚੀਨੀ ਇਤਿਹਾਸਕਾਰ ਤਾਨ ਚੁੰਗ ਨੇ ਬੜੇ ਢੁਕਵੇਂ ਸ਼ਬਦਾਂ ਨਾਲ ਬਿਆਨ ਕੀਤਾ ਹੈ: ‘‘ਚੀਨੀਆਂ ਨੂੰ ਮਿਲੀ ਅਫ਼ੀਮ, ਬਰਤਾਨਵੀਆਂ ਨੂੰ ਮਿਲੀ ਚਾਹ ਤੇ ਭਾਰਤੀਆਂ ਨੂੰ ਸਾਮਰਾਜੀ ਜੂਲਾ।’’ ਭਾਰਤੀ ਇਸ ਜੂਲੇ ਨੂੰ ਹੁਣ ਭੁਲਾ ਚੁੱਕੇ ਹਨ, ਪਰ ਦੋ ਅਫ਼ੀਮ ਜੰਗਾਂ ਸਮੇਂ ਦੀ ਉਨ੍ਹਾਂ ਦੀ ਭੂਮਿਕਾ ਤੋਂ ਉਪਜੀ ਕੜਵਾਹਟ ਚੀਨੀਆਂ ਨੇ ਅਜੇ ਤਕ ਨਹੀਂ ਭੁਲਾਈ। ਇਸ ਦੇ ਅਸਰਾਤ ਪਿਛਲੇ ਸੱਤ ਦਹਾਕਿਆਂ ਦੌਰਾਨ ਸਾਨੂੰ ਸਮੇਂ ਸਮੇਂ ਦੇਖਣ ਨੂੰ ਮਿਲਦੇ ਆਏ ਹਨ।

ਮੈਨੂਏਲ ਪੱਤਰਕਾਰ ਹੈ, ਇਤਿਹਾਸਕਾਰ ਨਹੀਂ। ਉਸ ਕੋਲ ਲੇਖਣ ਕਲਾ ਭਰਪੂਰ ਹੈ, ਪਰ ਇਤਿਹਾਸਕ ਤੱਥਾਂ ਤੇ ਖੋਜਾਂ ਦੀ ਸੁਹਜਮਈ ਪੇਸ਼ਕਾਰੀ ਵਾਲੀ ਪੁਖ਼ਤਗੀ ਮੌਜੂਦ ਨਹੀਂ। ਕਿਤਾਬ ਦੇ 11 ਅਧਿਆਇ ਹਨ, ਪਰ ਇਹ ਇਕ ਡੋਰ ਵਿਚ ਨਹੀਂ ਪਰੁੰਨੇ ਹੋਏ। ਅਜਿਹੀ ਘਾਟ ਦੇ ਬਾਵਜੂਦ ਕਿਤਾਬ ਨਵੀਂ-ਨਿਵਕੇਲੀ ਜਾਣਕਾਰੀ ਦਾ ਜ਼ਖ਼ੀਰਾ ਹੈ ਅਤੇ ਪੂਰੀ ਪੜ੍ਹਨਯੋਗ ਹੈ।

* * *

ਸੋਨਾਲੀ ਵੇਦ ਦੀ ਨਵੀਂ ਕਿਤਾਬ ‘ਹੂਜ਼ ਸਮੋਸਾ ਇਜ਼ ਇਟ ਐਨੀਵੇਅ’ (ਪੈਂਗੁਇਨ ਇੰਡੀਆ; 209 ਪੰਨੇ; 499 ਰੁਪਏ) ਆਪਣੇ ਨਾਮ ਤੋਂ ਸਮੋਸੇ ਦੀ ਕਹਾਣੀ ਜਾਪਦੀ ਹੈ, ਪਰ ਅਸਲ ਵਿਚ ਸਮੋਸਾ ਤਾਂ ਇੱਥੇ ਮਹਿਜ਼ ਪ੍ਰਤੀਕ ਹੈ- ਭਾਰਤੀ ਖਾਧ-ਖੁਰਾਕ ਤੇ ਵਿਅੰਜਨਾਂ ਦੀ ਪੁਰਾਤਨਤਾ ਦਾ। ਕਿਤਾਬ ਦੇ ਵਿਸ਼ਾ-ਵਸਤੂ ਦਾ ਦਾਇਰਾ ਬਹੁਤ ਵਸੀਹ ਹੈ। ਇਹ ਦਰਜਨਾਂ ਦੱਖਣ ਏਸ਼ਿਆਈ ਪਕਵਾਨਾਂ ਦੀ ਪੈਦਾਇਸ਼, ਬਣਤਰ, ਵਿਕਾਸ, ਉਨ੍ਹਾਂ ਵਿਚ ਵਰਤੇ ਜਾਂਦੇ ਖੁਰਾਕੀ ਸੋਮਿਆਂ ਦੀ ਪ੍ਰਾਚੀਨਤਾ, ਤਿਆਰੀ ਵਿਧੀਆਂ ਵਿਚ ਸਮੇਂ ਦੇ ਨਾਲ ਆਈਆਂ ਤਬਦੀਲੀਆਂ ਅਤੇ ਇਨ੍ਹਾਂ ਪਕਵਾਨਾਂ ਦੀਆਂ ਨਵੀਆਂ ਨਵੀਆਂ ਵੰਨਗੀਆਂ ਬਾਰੇ ਨਿੱਗਰ ਜਾਣਕਾਰੀ ਪ੍ਰਦਾਨ ਕਰਦੀ ਹੈ, ਉਹ ਵੀ ਅਤਿਅੰਤ ਰੌਚਿਕ ਢੰਗ ਨਾਲ। ਸੋਨਾਲੀ ‘ਵੋਗ ਇੰਡੀਆ’ ਰਸਾਲੇ ਦੀ ਫੂਡ ਐਡੀਟਰ ਹੈ। ਪਾਕ-ਪਕਵਾਨਾਂ ਦੇ ਇਤਿਹਾਸ ਬਾਰੇ ਇਹ ਉਸ ਦੀ ਦੂਜੀ ਕਿਤਾਬ ਹੈ। ਪਹਿਲੀ ਕਿਤਾਬ ‘ਟਿਫਿਨ’ ਵਿਆਹਾਂ-ਸ਼ਾਦੀਆਂ ਸਮੇਂ ਭਾਰਤ ਦੇ ਵੱਖ ਵੱਖ ਇਲਾਕਿਆਂ ਵਿਚ ਬਣਦੇ ਇਲਾਕਾਈ ਵਿਅੰਜਨਾਂ ਦਾ ਬਿਰਤਾਂਤ ਸੀ। ਉਸ ਕਿਤਾਬ ਨੂੰ ਅਤੇ ਉਸ ਉੱਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਡੇਢ ਦਰਜਨ ਦੇ ਕਰੀਬ ਪੁਰਸਕਾਰ ਮਿਲ ਚੁੱਕੇ ਹਨ।

ਦੂਜੀ ਕਿਤਾਬ ਲਿਖਣ ਦਾ ਵਿਚਾਰ, ਬੀਬੀਸੀ ਵੱਲੋਂ ਪ੍ਰਕਾਸ਼ਿਤ ਇਕ ਲੇਖ ਤੋਂ ਪੁੰਗਰਿਆ। ਵੈਨਕੂਵਰ ਦੀ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਵਿਚ ਕੰਮ ਕਰਦੇ ਦੋ ਪੁਰਾਤੱਤਵ ਵਿਗਿਆਨੀਆਂ ਅਰੁਣਿਮਾ ਕਸ਼ਿਅਪ ਤੇ ਸਟੀਵ ਵੈੱਬਰ ਦੇ ਖੋਜ ਪ੍ਰਾਜੈਕਟ ਉੱਤੇ ਆਧਾਰਿਤ ਸੀ ਇਹ ਲੇਖ। ਦੋਵਾਂ ਨੇ ਹੜੱਪਨ ਸਭਿਅਤਾ (2500 ਸਾਲ ਈਸਾ ਪੂਰਵ ਤੋਂ 1800 ਸਾਲ ਈਸਾ ਪੂਰਵ) ਨਾਲ ਜੁੜੇ ਨਗਰ ਰਾਖੀਗੜ੍ਹੀ ਤੋਂ ਮਿਲੇ ਮਿੱਟੀ ਦੇ ਭਾਂਡਿਆਂ ਅਤੇ ਮਨੁੱਖਾਂ ਤੇ ਜਾਨਵਰਾਂ ਦੇ ਪਥਰਾਟਾਂ ਤੇ ਪਿੰਜਰਾਂ ਦੇ ਦੰਦਾਂ ਉਪਰ ਜੰਮੇ ਖੁਰਾਕੀ ਕਿਣਕਿਆਂ ਦਾ ਬਾਰੀਕੀ ਨਾਲ ਖੁਰਦਬੀਨੀ ਅਧਿਐਨ (ਸਟਾਰਚ ਅਨੈਲੀਸਿਜ਼) ਕਰਵਾਇਆ ਸੀ ਅਤੇ ਇਸ ਨਤੀਜੇ ’ਤੇ ਅੱਪੜੇ ਸਨ ਕਿ ਉਸ ਸਮੇਂ ਦੇ ਲੋਕਾਂ ਦੀ ਖਾਧ-ਖੁਰਾਕ ਵਿਚ ਬੈਂਗਣ, ਹਲਦੀ, ਅਧਰਕ, ਲੌਂਗ ਅਤੇ ਤਿਲਾਂ ਤੇ ਅਲਸੀ ਦਾ ਤੇਲ ਸ਼ਾਮਲ ਸਨ। ਇਸ ਲੇਖ ਨੇ ਸੋਨਾਲੀ ਵੇਦ ਨੂੰ ਸਮੋਸੇ ਤੇ ਹੋਰ ਆਧੁਨਿਕ ਪਕਵਾਨਾਂ ਤੇ ਉਨ੍ਹਾਂ ਦੀਆਂ ਵੰਨਗੀਆਂ ਦੇ ਇਤਿਹਾਸ ਦਾ ਅਧਿਐਨ ਕਰਨ ਦੇ ਰਾਹ ਪਾਇਆ। ਕਿਤਾਬ ਦੱਸਦੀ ਹੈ ਕਿ ਵੈਦਿਕ ਯੁੱਗ ਵਿਚ ਭੇਡਾਂ-ਬੱਕਰੀਆਂ ਤੋਂ ਇਲਾਵਾ ਗਊ-ਮਾਸ ਖਾਣਾ ਵੀ ਵਰਜਿਤ ਨਹੀਂ ਸੀ। ਉਂਜ, ਇਸ ਸਤਰ ਦੇ ਨਾਲ ਹੀ (ਫੂਹੜਪੰਥੀਆਂ ਤੋਂ ਡਰਦਿਆਂ) ਉਸ ਨੇ ਇਕ ਨੋਟ ਵੀ ਦਿੱਤਾ ਹੈ ਕਿ ਇਹ ਤੱਥ ਪੇਸ਼ ਕਰਨ ਦਾ ਇਹ ਮਤਲਬ ਨਹੀਂ ਕਿ ਉਹ ਗਊ-ਮਾਸ ਖਾਣ ਦੇ ਹੱਕ ਵਿਚ ਹੈ।

ਕਿਤਾਬ ਅੰਦਰਲੇ ਤੱਤਾਂ-ਤੱਥਾਂ ਦਾ ਸੁਆਦ ਇਸ ਨੂੰ ਪੜ੍ਹ ਕੇ ਹੀ ਲਿਆ ਜਾ ਸਕਦਾ ਹੈ। ਮਸਲਨ, ਦਹੀਂ-ਭੱਲੇ ਦੀ ਚਾਟ ਦਾ ਜਨਮ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੀ ਬਿਮਾਰੀ ਵੇਲੇ ਹੋਇਆ। ਮੂੰਹ ਦਾ ਸੁਆਦ ਵਿਗੜਨ ਕਰਕੇ ਉਹ ਕੁਝ ਖਾ ਨਹੀਂ ਸੀ ਰਿਹਾ। ਸ਼ਾਹੀ ਖਾਨਸਾਮੇ ਨੇ ਦਹੀਂ ਤੇ ਮੂੰਗੀ ਦੀ ਦਾਲ ਦੇ ਭੱਲਿਆਂ ਦੀ ਵਰਤੋਂ ਕਰ ਕੇ ਉਸ ਵਾਸਤੇ ਅਜਿਹਾ ਪਕਵਾਨ ਤਿਆਰ ਕੀਤਾ ਜੋ ਜ਼ਾਇਕੇਦਾਰ ਵੀ ਸੀ ਅਤੇ ਹਾਜ਼ਮੇ ਲਈ ਹਲਕਾ ਵੀ। ਇਹ ਬਾਦਸ਼ਾਹ ਦੇ ਵੀ ਪ੍ਰਵਾਨ ਚੜ੍ਹਿਆ ਅਤੇ ਬੇਗ਼ਮਾਂ ਤੇ ਸ਼ਹਿਜ਼ਾਦੀਆਂ ਦੇ ਵੀ। ਬਾਦਸ਼ਾਹ ਔਰੰਗਜ਼ੇਬ ਨੂੰ ਖਿਚੜੀ ਬਹੁਤ ਪਸੰਦ ਸੀ, ਉਹ ਵੀ ਸਬਜ਼ੀਆਂ ਵਾਲੀ। ਨਾਲ ਉਹ ਆਚਾਰ ਤੇ ਪਾਪੜ ਖਾਂਦਾ ਸੀ। ਕਦੇ ਕਦੇ ਭੁੰਨੀ ਹੋਈ ਮੱਛੀ ਵੀ ਨਾਲ ਹੀ ਪਰੋਸਣ ਦੀ ਫ਼ਰਮਾਇਸ਼ ਕਰ ਦਿੰਦਾ ਸੀ। ਗੱਲ ਕੀ, ਸਮਰਾਟ ਅਸ਼ੋਕ ਤੋਂ ਲੈ ਕੇ ਫਿਲਮ ਅਭਿਨੇਤਾ ਅਕਸ਼ੈ ਕੁਮਾਰ ਤਕ ਦੇ ਪਸੰਦੀਦਾ ਵਿਅੰਜਨਾਂ ਤਕ ਦਾ ਸਫ਼ਰ ਤੈਅ ਕਰਦੀ ਹੈ ਇਹ ਕਿਤਾਬ। ਸੱਚਮੁੱਚ ਸੁਆਦਲਾ ਹੈ ਇਹ ਸਫ਼ਰ।

* * *

ਅਰਤਿੰਦਰ ਸੰਧੂ ਹੁਰਾਂ ਦੀ ਪਛਾਣ ਕਵਿੱਤਰੀ ਵਜੋਂ ਹੈ, ਪਰ ਵਾਰਤਕ ਉੱਤੇ ਵੀ ਉਨ੍ਹਾਂ ਦੀ ਪੂਰੀ ਪਕੜ ਹੈ। ਇਸ ਦਾ ਪ੍ਰਮਾਣ ‘ਸਾਹਿਤਕ ਏਕਮ’ ਵਿਚਲੀਆਂ ਉਨ੍ਹਾਂ ਦੀਆਂ ਸੰਪਾਦਕੀਆਂ ਹਨ। ਇਸੇ ਪ੍ਰਭਾਵ ਨੂੰ ਪਕੇਰਾ ਕਰਦਾ ਹੈ, ਉਨ੍ਹਾਂ ਦਾ ਪਲੇਠਾ ਨਿਬੰਧ ਸੰਗ੍ਰਹਿ ‘ਜੜ੍ਹਾਂ ਦੇ ਵਿਚ ਵਿਚਾਲੇ’ (ਲੋਕਗੀਤ ਪ੍ਰਕਾਸ਼ਨ; 115 ਪੰਨੇ; 250 ਰੁਪਏ)। ਵੀਹ ਨਿਬੰਧਾਂ ਵਾਲੇ ਇਸ ਸੰੰਗ੍ਰਹਿ ਦੇ ਦੋ ਅਨੁਭਾਗ ਹਨ। ਪਹਿਲੇ ਅਨੁਭਾਗ ਵਿਚ ਸ਼ਾਮਲ 11 ਨਿਬੰਧ ਪਿਛਲੇ 70 ਵਰ੍ਹਿਆਂ ਦੌਰਾਨ ਸਾਡੀ ਜ਼ਿੰਦਗੀ ਵਿਚ ਆਈਆਂ ਤਬਦੀਲੀਆਂ ਅਤੇ ਇਨ੍ਹਾਂ ਤੋਂ ਉਪਜੀਆਂ ਹਾਂ-ਪੱਖੀ ਤੇ ਨਾਂਹ-ਪੱਖੀ ਅਲਾਮਤਾਂ ਬਾਰੇ ਹਨ। ਦੂਜੇ ਅਨੁਭਾਗ ਵਿਚ ਨੌਂ ਉਹ ਲੇਖ ਸ਼ਾਮਲ ਹਨ ਜੋ ਡੇਢ ਦਹਾਕਾ ਪਹਿਲਾਂ ‘ਸੰਖ ਰਸਾਲੇ’ ਵਿਚ ਛਪੇ। ਸਾਰੇ ਨਿਬੰਧਾਂ ਵਿਚ ਫਲਸਫ਼ਾ ਹੈ, ਬੌਧਿਕਤਾ ਹੈ, ਗਿਆਨ ਤੇ ਮੌਲਿਕਤਾ ਹੈ ਅਤੇ ਨਾਲ ਹੀ ਅਸਲ ਜ਼ਿੰਦਗੀ ਵਾਲੀ ਧੜਕਣ ਭਰਪੂਰ ਮਿਕਦਾਰ ’ਚ ਮੌਜੂਦ ਹੈ। ਉਪਰੋਂ ਭਾਸ਼ਾਈ ਮਿਠਾਸ ਤੇ ਕਾਵਿਕਤਾ।

‘ਬੁਰਾ ਨਹੀਂ ਹੁੰਦਾ ਬੋਰ ਹੋਣਾ’, ‘ਆਪਣੇ ਅਕਸ ’ਚੋਂ ਉੱਭਰ ਰਹੀ ਔਰਤ’, ‘ਪੰਖੇਰੂਆਂ ਦੀ ਨਿਵੇਕਲੀ ਦੁਨੀਆਂ’, ‘ਜੜ੍ਹਾਂ ਦੇ ਵਿਚ ਵਿਚਾਲੇ’, ‘ਤ੍ਰਿਕਾਲਾਂ ਦਾ ਜਾਣੂ’ ਤੇ ‘ਰੱਜ ਦੀ ਹਕੀਕਤ’ - ਇਹ ਕੁਝ ਅਜਿਹੇ ਸਿਰਲੇਖ ਹਨ ਜੋ ਵਿਸ਼ਿਆਂ ਦੀ ਵਿਭਿੰਨਤਾ ਤੋਂ ਇਲਾਵਾ ਲੇਖਾਂ ਅੰਦਰਲੀ ਵਿਚਾਰਵਾਨਤਾ ਦਾ ਇਜ਼ਹਾਰ ਵੀ ਹਨ। ਭਾਸ਼ਾਈ ਖ਼ੂਬਸੂਰਤੀ ਦੀ ਇਕ ਮਿਸਾਲ ਇਹ ਸਤਰਾਂ ਹਨ: ‘‘...ਸਰਘੀ ਤੇ ਤ੍ਰਿਕਾਲਾਂ ਦੋ ਸਕੀਆਂ ਭੈਣਾਂ ਹਨ ਤੇ ਭੈਣਾਂ ਵੀ ਇਵੇਂ ਕਿ ਇਕ ਬਿਨਾਂ ਦੂਜੀ ਦੇ ਵਜੂਦ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਤ੍ਰਿਕਾਲਾਂ ਆਉਣਗੀਆਂ ਤਾਂ ਰਾਤ ਆਏਗੀ ਅਤੇ ਸਵੇਰ ਦੀ ਆਸ ਹੋਵੇਗੀ। ਇਕ ਆਏਗੀ ਤਾਂ ਦੂਜੀ ਦਾ ਵੀ ਰਸਤਾ ਬਣੇਗਾ... ਪਰ ਸਾਡੇ ਪੰਜਾਬੀ ਲੋਕ ਮਾਨਸ ਵਿਚ ਤ੍ਰਿਕਾਲਾਂ ਨੂੰ ਸ਼ੁਭ ਨਹੀਂ ਸਮਝਿਆ ਜਾਂਦਾ। ਸ਼ਾਇਦ ਪੰਜਾਬੀਆਂ ਦੇ ਉੱਦਮੀ ਤੇ ਮਿਹਨਤੀ ਸੁਭਾਅ ਕਾਰਨ ਇਹ ਵਿਚਾਰ ਪਨਪਿਆ ਹੋਵੇ ਕਿ ਸ਼ਾਮ ਪੈਂਦਿਆਂ ਮਿਹਨਤਾਂ ਤੇ ਚੁਣੌਤੀਆਂ ਠਹਿਰ ਜਾਂਦੀਆਂ ਹਨ ਤੇ ਜ਼ਿੰਦਗੀ ਨੀਂਦ ਦੇ ਆਗੋਸ਼ ਵਿਚ ਜਾਣ ਦਾ ਇਸਰਾਰ ਕਰਨ ਲੱਗਦੀ ਹੈ।’’ (ਪੰਨਾ 75)। ਕਿਤਾਬ ਸਾਂਭਣਯੋਗ ਹੈ।

* * *

ਪ੍ਰਿੰਸੀਪਲ ਹਰੀ ਕ੍ਰਿਸ਼ਨ ਮਾਇਰ ਉਨ੍ਹਾਂ ਸਿਰੜੀਆਂ ਵਿਚੋਂ ਹਨ ਜਿਨ੍ਹਾਂ ਨੇ ਪਾਠਕਾਂ ਨੂੰ ਗਿਆਨ, ਵਿਗਿਆਨ ਤੇ ਤਰਕ ਨਾਲ ਜੋੜਨ ਦਾ ਸਿਲਸਿਲਾ ਬਾਦਸਤੂਰ ਜਾਰੀ ਰੱਖਿਆ ਹੋਇਆ ਹੈ। ਲੇਖਾਂ-ਨਿਬੰਧਾਂ ਤੋਂ ਇਲਾਵਾ ਉਨ੍ਹਾਂ ਦੀਆਂ ਬਾਲ ਕਹਾਣੀਆਂ ਵਿਚ ਵੀ ਵਿਗਿਆਨ ਹੁੰਦਾ ਹੈ, ਉਹ ਵੀ ਰਸਭਿੰਨੀ ਵਾਰਤਕ ਰਾਹੀਂ। ਇਕ ਦਰਜਨ ਦੇ ਕਰੀਬ ਪੁਸਤਕਾਂ ਉਨ੍ਹਾਂ ਦੇ ਇਸ ਹੁਨਰ ਦਾ ਪ੍ਰਮਾਣ ਹਨ। ਨਵੀਂ ਪੁਸਤਕ ‘ਭਾਰਤੀ ਖੋਜਕਾਰ’ (ਗੋਰਕੀ ਪ੍ਰਕਾਸ਼ਨ, ਲੁਧਿਆਣਾ; 188 ਪੰਨੇ; 200 ਰੁਪਏ) ਇਸੇ ਸਿਲਸਿਲੇ ਦੀ ਅਗਲੀ ਕੜੀ ਹੈ। ਇਸ ਪੁਸਤਕ ਵਿਚ 27 ਅਜਿਹੇ ਭਾਰਤੀ ਖੋਜਕਾਰਾਂ ਦੇ ਸ਼ਬਦ ਚਿੱਤਰ ਸ਼ਾਮਲ ਹਨ ਜਿਨ੍ਹਾਂ ਨੇ ਕੌਮਾਂਤਰੀ ਪੱਧਰ ’ਤੇ ਤਾਂ ਨਾਮ ਕਮਾਇਆ ਹੀ, ਨਿੱਜੀ ਜ਼ਿੰਦਗੀ ਵਿਚ ਵੀ ਨੇਕਦਿਲ ਇਨਸਾਨੀਅਤ ਦੀਆਂ ਮਿਸਾਲਾਂ ਕਾਇਮ ਕੀਤੀਆਂ। ਡਾ. ਜਗਦੀਸ਼ ਚੰਦਰ ਬੌਸ, ਡਾ. ਮੇਘਨਾਥ ਸਾਹਾ, ਡਾ. ਹੋਮੀ ਜਹਾਂਗੀਰ-ਭਾਬਾ, ਡਾ. ਵਿਕਰਮ ਸਾਰਾਭਾਈ ਤੇ ਡਾ. ਜੈਅੰਤ ਵਿਸ਼ਨੂੰ ਨਾਰਲੀਕਰ ਆਪੋ-ਆਪਣੇ ਖੋਜ ਖੇਤਰਾਂ ਵਿਚ ਬੜੇ ਪ੍ਰਤਿਸ਼ਠਿਤ ਨਾਮ ਹਨ। ਇਸੇ ਸੂਚੀ ਵਿਚ ਡਾ. ਰੁਚੀ ਰਾਮ ਸਾਹਨੀ, ਪ੍ਰੋ. ਬੀਰਬਲ ਸਾਹਨੀ, ਪ੍ਰੋ. ਯਸ਼ਪਾਲ, ਡਾ. ਸਤੀਸ਼ ਚੰਦਰ ਧਵਨ, ਡਾ. ਹਰਗੋਬਿੰਦ ਖੁਰਾਣਾ ਤੇ ਡਾ. ਸੁਰੇਸ਼ ਰਤਨ ਦਾ ਹੋਣਾ ਪੰਜਾਬੀਆਂ ਲਈ ਫਖ਼ਰ ਦੀ ਗੱਲ ਹੈ। ‘ਭਾਰਤੀ ਖੋਜਕਾਰ’ ਹਵਾਲਾ ਸਰੋਤ ਤਾਂ ਹੈ ਹੀ, ਗਿਆਨ ਸਾਗਰ ਵੀ ਹੈ।

* * *

ਭਾਰਤੀ ਖ਼ੁਫ਼ੀਆ ਏਜੰਸੀ ‘ਰਾਅ’ ਦੇ ਸਾਬਕਾ ਉੱਚ ਅਧਿਕਾਰੀ ਜੀ.ਬੀ.ਐਸ. ਸਿੱਧੂ ਦੀ ਅੰਗਰੇਜ਼ੀ ਕਿਤਾਬ ‘ਦਿ ਖਾਲਿਸਤਾਨ ਕਾਂਸਪੀਰੇਸੀ’ ਦੀ ਚਰਚਾ ਇਸ ਕਾਲਮ ਵਿਚ ਕੁਝ ਮਹੀਨੇ ਪਹਿਲਾਂ ਕੀਤੀ ਗਈ ਸੀ। ਹੁਣ ਇਹ ਕਿਤਾਬ ਪੰਜਾਬੀ ਤੇ ਹਿੰਦੀ ਵਿਚ ਵੀ ਉਪਲਬਧ ਹੈ। ਹਰਜੋਤ ਵੱਲੋਂ ਅਨੁਵਾਦਿਤ ਪੰਜਾਬੀ ਰੂਪ ‘ਖਾਲਿਸਤਾਨ ਦੀ ਸਾਜ਼ਿਸ਼’ (ਮੁੱਲ 350 ਰੁਪਏ) ਦਾ ਪ੍ਰਕਾਸ਼ਨ ਵ੍ਹਾਈਟ ਕ੍ਰਾਊਨ ਪਬਲਿਸਰਜ਼, ਮੁਹਾਲੀ ਨੇ ਕੀਤਾ ਹੈ। ਹਿੰਦੀ ਅਨੁਵਾਦ ਪ੍ਰਭਾਤ ਪ੍ਰਕਾਸ਼ਨ ਵੱਲੋਂ ‘ਖਾਲਿਸਤਾਨ ਸ਼ੜਯੰਤਰ’ ਦੇ ਨਾਮ ਹੇਠ ਛਾਪਿਆ ਗਿਆ ਹੈ। ਪੰਜਾਬ ਦੇ ਸਾਬਕਾ ਰਾਜਪਾਲ ਬੀ.ਡੀ. ਪਾਂਡੇ (ਜੋ ਪਹਿਲਾਂ ਕੇਂਦਰੀ ਕੈਬਿਨਟ ਸਕੱਤਰ ਵੀ ਰਹੇ) ਦੀ ਕਿਤਾਬ ‘ਇਨ ਦਿ ਸਰਵਿਸ ਆਫ ਫ੍ਰੀ ਇੰਡੀਆ’ ਅਤੇ ਕੁਝ ਹੋਰ ਪ੍ਰਕਾਸ਼ਨਾਵਾਂ ਅੰਦਰਲੇ ਖੁਲਾਸਿਆਂ ਦੇ ਪ੍ਰਸੰਗ ਵਿਚ ਪੰਜਾਬੀ ਤੇ ਹਿੰਦੀ ਕਿਤਾਬਾਂ ਵਿਚ ਸ੍ਰੀ ਸਿੱਧੂ ਨੇ ਕੁਝ ਨਵੀਂ ਸਮੱਗਰੀ ਸ਼ਾਮਲ ਕੀਤੀ ਹੈ ਜੋ ਇਨ੍ਹਾਂ ਕਿਤਾਬਾਂ ਨੂੰ ਵੱਧ ਪ੍ਰਮਾਣਿਕ ਬਣਾਉਂਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਮੁੱਖ ਖ਼ਬਰਾਂ

ਪੰਜਾਬ ਵਿਚ ਭਾਜਪਾ 65 ਸੀਟਾਂ ’ਤੇ ਲੜੇਗੀ ਚੋਣ; ਜੇਪੀ ਨੱਢਾ ਨੇ ਕੀਤਾ ਐਲਾਨ

ਪੰਜਾਬ ਵਿਚ ਭਾਜਪਾ 65 ਸੀਟਾਂ ’ਤੇ ਲੜੇਗੀ ਚੋਣ; ਜੇਪੀ ਨੱਢਾ ਨੇ ਕੀਤਾ ਐਲਾਨ

ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ 37 ਤੇ ਢੀਂਡਸਾ ਧੜਾ 15 ਸੀਟਾਂ ’ਤੇ ਲੜ...

ਦੇਸ਼ ਦੇ ਬੱਚੇ ਸਾਹਿਬਜ਼ਾਦਿਆਂ ਦੀ ਜੀਵਨੀ ਪੜ੍ਹਨ: ਮੋਦੀ

ਦੇਸ਼ ਦੇ ਬੱਚੇ ਸਾਹਿਬਜ਼ਾਦਿਆਂ ਦੀ ਜੀਵਨੀ ਪੜ੍ਹਨ: ਮੋਦੀ

ਬੱਚਿਆਂ ਨੂੰ ਸਥਾਨਕ ਵਸਤਾਂ ਦੀ ਵਰਤੋਂ ਲਈ ਪ੍ਰਚਾਰ ਕਰਨ ਦਾ ਸੱਦਾ ਦਿੱਤਾ

ਗਣਤੰਤਰ ਦਿਵਸ ਸਮਾਗਮ ਵਿਚ ਕਰੋਨਾ ਰੋਕੂ ਟੀਕਿਆਂ ਦੀਆਂ ਦੋਵੇਂ ਡੋਜ਼ ਤੋਂ ਬਿਨਾਂ ਨਹੀਂ ਹੋਵੇਗਾ ਦਾਖਲਾ

ਗਣਤੰਤਰ ਦਿਵਸ ਸਮਾਗਮ ਵਿਚ ਕਰੋਨਾ ਰੋਕੂ ਟੀਕਿਆਂ ਦੀਆਂ ਦੋਵੇਂ ਡੋਜ਼ ਤੋਂ ਬਿਨਾਂ ਨਹੀਂ ਹੋਵੇਗਾ ਦਾਖਲਾ

15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸ਼ਾਮਲ ਹੋਣ ’ਤੇ ਪਾਬੰਦੀ ਲਾਈ; ਦਿੱ...

‘ਆਪ’ ਦਾ ਵੀ ਡਬਲ ਇੰਜਣ; ਮਾਨ ਨੇ ਆਪਣੇ ਤੇ ਕੇਜਰੀਵਾਲ ਲਈ ਮੰਗਿਆ ਮੌਕਾ

‘ਆਪ’ ਦਾ ਵੀ ਡਬਲ ਇੰਜਣ; ਮਾਨ ਨੇ ਆਪਣੇ ਤੇ ਕੇਜਰੀਵਾਲ ਲਈ ਮੰਗਿਆ ਮੌਕਾ

ਨਵਾਂ ਨਾਅਰਾ ਦਿੱਤਾ ‘ਹੁਣ ਨਹੀਂ ਖਾਵਾਂਗੇ ਧੋਖਾ, ਕੇਜਰੀਵਾਲ ਤੇ ਭਗਵੰਤ ਮ...

ਸ਼ਹਿਰ

View All