ਗੁਰਦੀਪ ਸਿੰਘ ਭੁੱਲਰ
ਅੱਜ ਸਾਡਾ ਸਮੁੱਚਾ ਦੇਸ਼ ਕਰੋਨਾਵਾਇਰਸ ਨਾਂ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਿਹਾ ਹੈ। ਇਸ ਭਿਆਨਕ ਮਹਾਂਮਾਰੀ ਨੇ ਸਾਡੇ ਪੂਰੇ ਜਨ-ਜੀਵਨ ਨੂੰ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ। ਜਿਥੇ ਇਸ ਬਿਮਾਰੀ ਨੇ ਸਾਡੇ ਆਰਥਿਕ ਸਮਾਜਿਕ ਤੇ ਨਿੱਜੀ ਢਾਂਚੇ ਨੂੰ ਝੰਜੋੜਿਆ ਉੱਥੇ ਹੀ ਇਸ ਦਾ ਸਿੱਖਿਆ ਦੇ ਖੇਤਰ ’ਤੇ ਸਭ ਤੋਂ ਵੱਧ ਮਾਰੂ ਅਸਰ ਪਿਆ ਹੈ। ਇਸ ਮਹਾਂਮਾਰੀ ਦੇ ਚੱਲਦਿਆਂ ਸਕੂਲ ਕਾਲਜ ਯੂਨੀਵਰਸਿਟੀਆਂ ਤੇ ਸਿੱਖਿਆ ਨਾਲ ਸਬੰਧਤ ਸਭ ਅਦਾਰੇ ਬਿਲਕੁਲ ਬੰਦ ਹੋ ਚੁੱਕੇ ਹਨ। ਦੇਸ਼ ਦੀ ਸਰਕਾਰ ਆਮ ਜਨਤਾ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਤੇ ਉਨ੍ਹਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਅੱਜ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਪੂਰੇ ਦੇਸ਼ ਵਿੱਚ ਹਰ ਵਰਗ ਦੇ ਢਾਂਚੇ ਨੂੰ ਚੱਲਦਾ ਰੱਖਣ ਲਈ ਬੜੇ ਸਾਰਥਿਕ ਕਦਮ ਪੁੱਟੇ ਜਾ ਰਹੇ ਹਨ ਤੇ ਸਮੇਂ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਅੱਜ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਆਪਣੇ ਆਪਣੇ ਹਿਸਾਬ ਨਾਲ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ, ਜੋ ਕਾਫੀ ਹੱਦ ਤੱਕ ਕਾਰਗਰ ਸਿੱਧ ਵੀ ਹੋ ਰਹੇ ਹਨ ਪਰ ਉਨ੍ਹਾਂ ਵਿੱਚ ਅਜੇ ਵੀ ਕਈ ਤਰ੍ਹਾਂ ਦੀਆਂ ਊਣਤਾਈਆਂ ਬਾਕੀ ਹਨ। ਅਸੀਂ ਸਾਰੇ ਇਹ ਗੱਲ ਭਲੀ ਭਾਂਤ ਜਾਣਦੇ ਹਾਂ ਕਿ ਦੇਸ਼ ਦੀ ਤਰੱਕੀ ਦਾ ਪੂਰਾ ਦਾਰੋਮਦਾਰ ਉਥੋਂ ਦੀ ਸਿਹਤ ਅਤੇ ਸਿੱਖਿਆ ’ਤੇ ਨਿਰਭਰ ਹੁੰਦਾ ਹੈ। ਮਨੁੱਖ ਦੀ ਕੀਮਤੀ ਜ਼ਿੰਦਗੀ ਨੂੰ ਬਚਾਉਣ ਲਈ ਅੱਜ ਹਰ ਕੋਈ ਇਸ ਪ੍ਰਤੀ ਸੁਚੇਤ ਹੈ ਤੇ ਆਪਣਾ ਬਣਦਾ ਫਰਜ਼ ਨਿਭਾ ਰਿਹਾ ਹੈ। ਦੂਜੇ ਪਾਸੇ ਜੇ ਸਿੱਖਿਆ ਦੇ ਖੇਤਰ ਵੱਲ ਝਾਤ ਮਾਰੀਏ ਤਾਂ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਉਨ੍ਹਾਂ ਨੂੰ ਆਨਲਾਈਨ ਸਿੱਖਿਆ ਦੇਣ ਦਾ ਫ਼ੈਸਲਾ ਲਿਆ ਹੋਇਆ ਹੈ, ਜੋ ਕਿ ਲਗਭਗ ਪੂਰੇ ਦੇਸ਼ ਵਿੱਚ ਲਾਗੂ ਹੈ। ਸਰਕਾਰ ਦੁਆਰਾ ਲਿਆ ਗਿਆ ਇਹ ਫ਼ੈਸਲਾ ਇਸ ਕਾਰਨ ਸ਼ਲਾਘਾਯੋਗ ਹੈ ਕਿ ਉਨ੍ਹਾਂ ਨੇ ਬੱਚਿਆਂ ਦੀ ਸਿਹਤ ਸੰਭਾਲ ਨੂੰ ਤਰਜ਼ੀਹ ਦਿੱਤੀ ਪਰ ਇੰਟਰਨੈੱਟ ਦੁਆਰਾ ਦਿੱਤੀ ਜਾ ਰਹੀ ਸਿੱਖਿਆ ਨਾਲ ਸਿਲੇਬਸ ਪੂਰਾ ਨਹੀਂ ਹੋ ਰਿਹਾ ਤੇ ਬੱਚਿਆਂ ਦੀ ਪੜ੍ਹਾਈ ਦਾ ਕਾਫੀ ਹੱਦ ਤੱਕ ਨੁਕਸਾਨ ਹੋ ਰਿਹਾ ਹੈ। ਸਰਕਾਰੀ ਫੁਰਮਾਨ ਹੋਣ ਕਾਰਨ ਸਕੂਲ ਅਧਿਆਪਕਾਂ ਤੇ ਬੱਚਿਆਂ ਨੇ ਇਸ ਫ਼ੈਸਲੇ ਨੂੰ ਬੜੇ ਸਹਿਜ ਭਾਵ ਨਾਲ ਮੰਨਿਆ ਕਿਉਂਕਿ ਉਨ੍ਹਾਂ ਕੋਲ ਇਸ ਤੋਂ ਇਲਾਵਾ ਦੂਜਾ ਕੋਈ ਹੋਰ ਵਿਕਲਪ ਵੀ ਨਹੀਂ ਸੀ ਪਰ ਇਸ ਤਰ੍ਹਾਂ ਦੀ ਪੜ੍ਹਾਈ ਵਿੱਚ ਆਉਣ ਵਾਲੀਆਂ ਦਰਪੇਸ਼ ਮੁਸ਼ਕਿਲਾਂ ਨੂੰ ਸਿੱਖਿਆ ਵਿਭਾਗ ਤੇ ਸਰਕਾਰ ਵੱਲੋਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਜੇਕਰ ਮੁਸ਼ਕਿਲਾਂ ਦੀ ਗੱਲ ਕਰੀਏ ਤਾਂ ਉੱਚ ਅਧਿਕਾਰੀਆਂ ਨੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਸਮਾਰਟ ਫੋਨ ਜਿਹੇ ਯੰਤਰ ਦੀ ਚੋਣ ਕੀਤੀ ਜੋ ਮਾਪਿਆਂ ਲਈ ਵੱਡੀ ਮੁਸੀਬਤ ਦਾ ਕਾਰਨ ਬਣਿਆ ਹੋਇਆ ਹੈ। ਭਾਵੇਂ ਅੱਜ ਲਗਭਗ ਸਾਰੇ ਬੱਚੇ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ ਵਿੱਚ ਮਹਿੰਗੀ ਤੋਂ ਮਹਿੰਗੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਪਰ ਉਨ੍ਹਾਂ ਵਿੱਚ ਬਹੁ-ਗਿਣਤੀ ਅਜਿਹੇ ਬੱਚਿਆਂ ਦੀ ਹੈ ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲ ਰਿਹਾ ਹੈ। ਅੱਜ ਦੇ ਸਮੇਂ ਵਿੱਚ ਮਾਂ ਬਾਪ ਚਾਹੇ ਆਰਥਿਕ ਪੱਖੋਂ ਕਿੰਨੇ ਵੀ ਕਮਜ਼ੋਰ ਹੋਣ ਪਰ ਔਲਾਦ ਨੂੰ ਉੱਚ ਵਿੱਦਿਆ ਦਿਵਾਉਣ ਲਈ ਉਹ ਹਰ ਕੀਮਤ ਅਦਾ ਕਰਨ ਲਈ ਤਿਆਰ ਹਨ। ਅੱਜ ਦੀ ਤਰੀਕ ਵਿੱਚ ਮਾਪਿਆਂ ਦੇ ਹੱਥਾਂ ਵਿੱਚੋਂ ਨਿਕਲ ਕੇ ਮੋਬਾਈਲ ਫ਼ੋਨ ਬੱਚਿਆਂ ਦੇ ਹੱਥਾਂ ਵਿੱਚ ਚਲੇ ਗਏ ਹਨ ਤੇ ਉਹ ਆਪਣੀ ਬਣਦੀ ਸਹੂਲਤ ਤੋਂ ਵਾਂਝੇ ਹੋ ਗਏ ਹਨ। ਤਾਲਾਬੰਦੀ ਦੌਰਾਨ ਜਿੱਥੇ ਕਈ ਮੱਧਵਰਗੀ ਪਰਿਵਾਰਾਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ ਉੱਥੇ ਹੀ ਉਨ੍ਹਾਂ ਨੂੰ ਇੰਟਰਨੈੱਟ ਦੇ ਰੀਚਾਰਜ ਤੇ ਸਮਾਰਟ ਫੋਨ ਦੀ ਖਰੀਦ ਨੂੰ ਲੈ ਕੇ ਇਹ ਵਾਧੂ ਦਾ ਆਰਥਿਕ ਬੋਝ ਝੱਲਣਾ ਪਿਆ। ਜਿਹੜੇ ਮਾਪੇ ਅੱਜ ਬੱਚਿਆਂ ਨੂੰ ਵੱਖਰਾ ਫੋਨ ਲੈ ਕੇ ਦੇਣ ਦੀ ਸਥਿਤੀ ਵਿੱਚ ਨਹੀਂ ਹਨ ਉਨ੍ਹਾਂ ਨੂੰ ਬੱਚਿਆਂ ਦੀ ਪੜ੍ਹਾਈ ਖਾਤਰ ਮਜਬੂਰਨ ਘਰਾਂ ਵਿੱਚ ਕੈਦ ਹੋ ਕੇ ਰਹਿਣਾ ਪੈ ਰਿਹਾ ਹੈ।ਸਭ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਵੱਲੋਂ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਾਉਣ ਲਈ ਮੋਬਾਈਲ ਫ਼ੋਨ ਦੀ ਬਜਾਏ ਅਗਰ ਟੀਵੀ ਦੇ ਮਾਧਿਅਮ ਦਾ ਸਹਾਰਾ ਲਿਆ ਜਾਂਦਾ ਤਾਂ ਉਹ ਕਾਫੀ ਹੱਦ ਤੱਕ ਲਾਹੇਵੰਦ ਸਾਬਤ ਹੁੰਦਾ ਕਿਉਂਕਿ ਇਹ ਇੱਕ ਮੁਫਤ ਦੀ ਸਹੂਲਤ ਹੈ ਤੇ ਲਗਭਗ ਅੱਜ ਹਰ ਘਰ ਵਿੱਚ ਮੌਜੂਦ ਹੈ। ਜਿਸ ਤਰ੍ਹਾਂ ਪਿਛਲੇ ਦਿਨੀਂ ਰਮਾਇਣ ਤੇ ਮਹਾਂਭਾਰਤ ਜਿਹੇ ਸੀਰੀਅਲ ਟੀਵੀ ਤੇ ਪ੍ਰਸਾਰਿਤ ਕੀਤੇ ਗਏ ਸਨ, ਇੰਨ-ਬਿੰਨ ਉਸ ਤਰ੍ਹਾਂ ਹੀ ਸਕੂਲ ਦੀਆਂ ਕਲਾਸਾਂ ਅਨੁਸਾਰ ਉਨ੍ਹਾਂ ਦਾ ਸਮਾਂ ਸਾਰਣੀ ਤਹਿ ਕਰ ਕੇ ਪੜ੍ਹਾਈ ਦਾ ਵੀ ਵਿਸ਼ੇਸ਼ ਪ੍ਰਸਾਰਨ ਕੀਤਾ ਜਾ ਸਕਦਾ ਸੀ। ਇਹ ਪ੍ਰਸਾਰਨ ਇੱਕ ਖਾਸ ਵਿਉਂਤਬੰਦੀ ਬਣਾ ਕੇ ਪੂਰਾ ਯੋਜਨਾਬੱਧ ਤਰੀਕੇ ਨਾਲ ਹੁੰਦਾ ਤਾਂ ਜੋ ਹਰ ਘਰ ਵਿੱਚ ਬੱਚੇ ਮਨੋਰੰਜਨ ਦੇ ਰੂਪ ਵਿੱਚ ਅੱਜ ਉੱਚ ਸਿੱਖਿਆ ਗ੍ਰਹਿਣ ਕਰ ਰਹੇ ਹੁੰਦੇ। ਟੀਵੀ ਦੇ ਇਸ ਸਾਧਨ ਰਾਹੀਂ ਪੜ੍ਹਾਈ ਨੂੰ ਬੜੇ ਸਸਤੇ ਵਿੱਚ ਕਾਰਜਸ਼ੀਲ ਤੇ ਉਸਾਰੂ ਬਣਾਇਆ ਜਾ ਸਕਦਾ ਸੀ ਪਰ ਇਸ ਦੇ ਉਲਟ ਅੱਜ ਮੋਬਾਈਲ ਫੋਨਾਂ ’ਤੇ ਇੰਟਰਨੈੱਟ ’ਤੇ ਇੰਨਾਂ ਪੈਸਾ ਖਰਚ ਕਰਨ ਦੇ ਬਾਵਜੂਦ ਬੱਚਿਆਂ ਕੋਲ ਸਿਲੇਬਸ ਪੂਰਾ ਨਹੀਂ ਪਹੁੰਚ ਰਿਹਾ। ਸਕੂਲ ਵੱਲੋਂ ਬੱਚਿਆਂ ਨੂੰ ਭੇਜੀਆਂ ਜਾਣ ਵਾਲੀਆਂ ਜ਼ਿਆਦਾਤਰ ਫਾਈਲਾਂ ਜੇਪੀਈਜੀ ਫਾਰਮੈਟ ਵਿੱਚ ਹੁੰਦੀਆਂ ਹਨ, ਜੋ ਦੂਰ ਦੁਰਾਡੇ ਇਲਾਕਿਆਂ ਵਿੱਚ ਨੈੱਟਵਰਕ ਨਾ ਹੋਣ ਕਾਰਨ ਡਾਊਨਲੋਡ ਹੀ ਨਹੀਂ ਹੁੰਦੀਆਂ ਤੇ ਬੱਚੇ ਇਸ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ। ਸਿੱਖਿਆ ਵਿਭਾਗ ਇਨ੍ਹਾਂ ਸਭ ਗੱਲਾਂ ਤੋਂ ਅਣਜਾਣ ਹੈ ਅਤੇ ਇਸ ਪ੍ਰਤੀ ਸੁਚੇਤ ਨਾ ਹੋ ਕਰ ਕੇ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਹੈ। ਬੱਚਿਆਂ ਦੁਆਰਾ ਫੋਨ ਦੀ ਜ਼ਿਆਦਾ ਸਮਾਂ ਵਰਤੋਂ ਕਰਨ ਕਰਕੇ ਜਿੱਥੇ ਉਨ੍ਹਾਂ ਦੀਆਂ ਅੱਖਾਂ ’ਤੇ ਬੁਰਾ ਅਸਰ ਪੈ ਰਿਹਾ ਹੈ, ਉੱਥੇ ਹੀ ਇਸ ਦੇ ਹੋਰ ਵੀ ਕਈ ਬੁਰੇ ਸੰਕੇਤ ਦੇਖਣ ਨੂੰ ਮਿਲ ਰਹੇ ਹਨ, ਜੋ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਮਾਪਿਆਂ ਲਈ ਕਿਸੇ ਸੰਕਟ ਦਾ ਕਾਰਨ ਬਣਨਗੇ। ਜ਼ਿਆਦਾਤਰ ਬੱਚੇ ਪੜ੍ਹਾਈ ਦੌਰਾਨ ਮਾਤਾ ਪਿਤਾ ਦੇ ਸੰਪਰਕ ਵਿੱਚ ਨਾ ਰਹਿ ਕਰਕੇ ਇੱਕ ਬੰਦ ਕਮਰੇ ਵਿੱਚ ਹੈੱਡਫੋਨ ਲਗਾ ਕੇ ਸਕੂਲਾਂ ਦੀ ਹਾਜ਼ਰੀ ਭਰਦੇ ਹਨ ਤੇ ਜਦ ਅਧਿਆਪਕ ਪੜ੍ਹਾ ਰਿਹਾ ਹੁੰਦਾ ਹੈ ਤਾਂ ਉਹ ਆਪਣੇ ਸਾਥੀ ਵਿਦਿਆਰਥੀਆਂ ਨਾਲ ਦੂਜੇ ਗਰੁੱਪਾਂ ਵਿੱਚ ਲਿਖਤੀ ਮੈਸੇਜ ਪਾ ਕੇ ਜਾਂ ਆਪਸੀ ਗੱਲਬਾਤ ਰਾਹੀਂ ਮਨ ਪ੍ਰਚਾਵਾ ਕਰ ਰਹੇ ਹੁੰਦੇ ਹਨ। ਬੱਚਿਆਂ ਦੇ ਹੱਥ ਵਿੱਚ ਮੋਬਾਈਲ ਫ਼ੋਨ ਆ ਜਾਣ ਕਾਰਨ ਉਹ ਇਸ ਨੂੰ ਆਪਣਾ ਨਿੱਜੀ ਹੱਕ ਸਮਝ ਰਹੇ ਹਨ ਤੇ ਇਸ ਉਪਰ ਜ਼ਿਆਦਾ ਤੋਂ ਜ਼ਿਆਦਾ ਸਮਾਂ ਲਗਾ ਕੇ ਇਸ ਦੀ ਬੇਝਿਜਕ ਦੁਰਵਰਤੋਂ ਕਰ ਰਹੇ ਹਨ। ਬੇਵੱਸ ਮਾਪੇ ਚਾਹੇ ਇਸ ਪੂਰੀ ਰੂਪ ਰੇਖਾ ਤੋਂ ਅਣਜਾਣ ਨਹੀਂ ਪਰ ਉਹ ਕਿਤੇ ਨਾ ਕਿਤੇ ਬੱਚਿਆਂ ਦੀ ਪੜ੍ਹਾਈ ਨੂੰ ਆਧਾਰ ਮੰਨ ਕੇ ਆਪਣੇ ਆਪ ਨਾਲ ਸਮਝੌਤਾ ਕਰੀ ਬੈਠੇ ਹਨ। ਬੱਚੇ ਪੜ੍ਹਾਈ ਨੂੰ ਬਹੁਤ ਘੱਟ ਸਮਾਂ ਦੇ ਕੇ ਫੋਨ ਉਪਰ ਤਰ੍ਹਾਂ ਤਰ੍ਹਾਂ ਦੀਆਂ ਖਤਰਨਾਕ ਗੇਮਾਂ ਖੇਡ ਰਹੇ ਹਨ ਅਤੇ ਪੜ੍ਹਾਈ ਦੀ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਆਪਣਾ ਕੀਮਤੀ ਸਮਾਂ ਬਰਬਾਦ ਕਰ ਰਹੇ ਹਨ। ਦੇਖਣ ਵਿੱਚ ਆਇਆ ਹੈ ਕਿ ਜ਼ਿਆਦਾਤਰ ਬੱਚੇ ਜੋ ਪਹਿਲਾਂ ਫੋਨ ਦੀ ਵਰਤੋਂ ਨਹੀਂ ਸਨ ਕਰਦੇ ਪਰ ਅੱਜ ਉਹ ਆਨਲਾਈਨ ਸਿੱਖਿਆ ਦੀ ਛਤਰ ਛਾਇਆ ਹੇਠ ਫੋਨਾਂ ਉਪਰ ਆਪਣੇ ਵਟਸਐਪ ਗਰੁੱਪ ਅਤੇ ਨਿੱਜੀ ਫੇਸਬੁੱਕ ਪੇਜ ਬਣਾ ਕੇ ਖੂਬ ਮਨੋਰੰਜਨ ਕਰ ਰਹੇ ਹਨ। ਅਜਿਹੇ ਬੱਚਿਆਂ ਦੀ ਸਿੱਖਿਆ ਦਾ ਮਿਆਰ ਦਿਨੋਂ ਦਿਨ ਘੱਟਦਾ ਜਾ ਰਿਹਾ ਹੈ ਤੇ ਉਹ ਆਪਣੇ ਨਵੇਂ ਸਿਲੇਬਸ ਨੂੰ ਪੂਰਾ ਕਰਨ ਤੋਂ ਅਸਮਰੱਥ ਹੋ ਰਹੇ ਹਨ। ਜੇ ਪੰਜਾਬ ਰਾਜ ਦੀ ਗੱਲ ਕਰੀਏ ਤਾਂ ਸੂਬੇ ਦੀ ਸਰਕਾਰ ਵੱਲੋਂ ਪਹਿਲਾਂ ਮਈ ਤੇ ਫਿਰ ਜੂਨ ਤੱਕ ਵਿਦਿਅਕ ਅਦਾਰੇ ਬੰਦ ਰੱਖਣ ਦੇ ਆਦੇਸ਼ ਸਨ ਪਰ ਹੁਣ ਅਗਸਤ ਮਹੀਨੇ ਦੇ ਤੱਥ ਸਾਹਮਣੇ ਆ ਰਹੇ ਹਨ। ਉਸ ਵਕਤ ਤੱਕ ਪਹੁੰਚਣ ’ਤੇ ਹਾਲਾਤ ਕੀ ਬਿਆਨ ਕਰਨਗੇ ਇਸ ਬਾਰੇ ਤਾਂ ਫਿਲਹਾਲ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਆਨਲਾਈਨ ਸਿੱਖਿਆ ਦਾ ਇਹ ਸਿਲਸਿਲਾ ਅਗਰ ਇੰਨੇ ਲੰਮੇ ਸਮੇਂ ਤੱਕ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਬੱਚਿਆਂ ਦੀ ਪੜ੍ਹਾਈ ਦਾ ਗਰਾਫ ਹੇਠਲੇ ਪੱਧਰ ’ਤੇ ਆ ਜਾਵੇਗਾ। ਜਿਸ ਤਰ੍ਹਾਂ ਬੱਚਿਆਂ ਦੀ ਫੋਨ ਪ੍ਰਤੀ ਰੁਚੀ ਦਿਨੋਂ ਦਿਨ ਗੂੜ੍ਹੀ ਹੁੰਦੀ ਜਾ ਰਹੀ ਹੈ ਤੇ ਉਹ ਅਵੇਸਲੇ ਹੋ ਰਹੇ ਹਨ। ਇਹ ਸਭ ਕੁਝ ਦੇਖ ਕੇ ਲੱਗਦਾ ਹੈ ਕਿ ਪੜ੍ਹਾਈ ਨੂੰ ਲੈ ਕੇ ਆਉਣ ਵਾਲਾ ਸਮਾਂ ਹੋਰ ਵੀ ਚਿੰਤਾਜਨਕ ਹੋ ਸਕਦਾ ਹੈ। ਜਿੱਥੇ ਅਧਿਆਪਕ ਆਪੋ ਆਪਣਾ ਸਿਲੇਬਸ ਪੂਰਾ ਕਰਨ ਦੀ ਦੌੜ ਵਿੱਚ ਲੱਗੇ ਹੋਏ ਹਨ, ਉਥੇ ਹੀ ਵਿਦਿਆਰਥੀਆਂ ਵੱਲੋਂ ਦਿਖਾਈ ਜਾ ਰਹੀ ਗੈਰ ਜ਼ਿੰਮੇਵਾਰੀ ਉਨ੍ਹਾਂ ਨੂੰ ਪੜ੍ਹਾਈ ਵਿੱਚ ਇੰਨਾ ਪਿੱਛੇ ਲੈ ਜਾਵੇਗੀ ਕਿ ਸਿੱਖਿਆ ਸਾਰਣੀ ਵਿੱਚ ਉਨ੍ਹਾਂ ਦਾ ਇੱਕ ਸਾਲ ਮਨਫੀ ਹੋ ਜਾਵੇਗਾ। ਉਦੋਂ ਤੱਕ ਮੋਬਾਈਲ ਫ਼ੋਨ ਦਾ ਅਮਲ ਬੱਚਿਆਂ ਦੀ ਸੁਰਤ ਵਿੱਚ ਇੰਨਾ ਰਚ ਜਾਵੇਗਾ ਕਿ ਉਨ੍ਹਾਂ ਲਈ ਇਹ ਸਭ ਕੁਝ ਛੱਡਣਾ ਬਹੁਤ ਮੁਸ਼ਕਿਲ ਹੋਏਗਾ, ਜੋ ਕਿ ਇੱਕ ਬੜਾ ਹੀ ਚਿੰਤਾ ਦਾ ਵਿਸ਼ਾ ਹੈ। ਜੇ ਸਮੇਂ ਦੀ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਇਸ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੋ ਕੇ ਕੋਈ ਠੋਸ ਕਦਮ ਚੁੱਕੇ ਹੁੰਦੇ ਤਾਂ ਅੱਜ ਇਸ ਦੇ ਨਤੀਜੇ ਕੁਝ ਹੋਰ ਹੀ ਹੁੰਦੇ। ਸਿੱਖਿਆ ਖੇਤਰ ਨਾਲ ਸਬੰਧਿਤ ਅਮਲੇ ਨੂੰ ਅੱਜ ਬੱਚਿਆਂ ਦੀ ਪੜ੍ਹਾਈ ਵੱਲ ਪੂਰੀ ਗੰਭੀਰਤਾ ਨਾਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਉਨ੍ਹਾਂ ਦਾ ਸਿੱਖਿਆ ਪੱਧਰ ਉੱਚਾ ਚੁੱਕ ਕੇ ਭਵਿੱਖ ਨੂੰ ਸੰਵਾਰਿਆ ਜਾ ਸਕੇ। ਪ੍ਰਮਾਤਮਾ ਕਰੇ ਆਉਣ ਵਾਲੇ ਸਮੇਂ ਵਿੱਚ ਅਸੀਂ ਇੱਕ ਨਾ ਇੱਕ ਦਿਨ ਇਸ ਮਹਾਂਮਾਰੀ ਤੋਂ ਤਾਂ ਪੂਰੀ ਤਰ੍ਹਾਂ ਨਿਜਾਤ ਪਾ ਹੀ ਲਵਾਂਗੇ ਪਰ ਜੇ ਅਸੀਂ ਸਿੱਖਿਆ ਦੇ ਖੇਤਰ ਵੱਲ ਸੁਚੇਤ ਨਾ ਹੋਏ ਅਤੇ ਇਸ ਪ੍ਰਤੀ ਆਪਣੀ ਦਿਲਚਸਪੀ ਨਾ ਦਿਖਾਈ ਤਾਂ ਜਦੋਂ ਵੀ ਸਾਡੇ ਦੇਸ਼ ਦੀ ਪੜ੍ਹਾਈ ਦੀ ਗੱਲ ਚੱਲੇਗੀ ਤਾਂ ਇਸ ਦੇ ਸਮੀਕਰਨ ਕੁਝ ਹੋਰ ਹੀ ਹੋਣਗੇ।
ਸੰਪਰਕ: 9417241037