ਚੱਲ ਰਹੀਆਂ ਮਾਰੂ ਹਨੇਰੀਆਂ ਅਤੇ ਅਰਥਚਾਰੇ ਦਾ ਸੰਕਟ : The Tribune India

ਚੱਲ ਰਹੀਆਂ ਮਾਰੂ ਹਨੇਰੀਆਂ ਅਤੇ ਅਰਥਚਾਰੇ ਦਾ ਸੰਕਟ

ਚੱਲ ਰਹੀਆਂ ਮਾਰੂ ਹਨੇਰੀਆਂ ਅਤੇ ਅਰਥਚਾਰੇ ਦਾ ਸੰਕਟ

ਓਪੀ ਵਰਮਾ (ਪ੍ਰੋ.)

ਓਪੀ ਵਰਮਾ (ਪ੍ਰੋ.)

ਸੰਸਾਰ ਵਿਚ ਅੱਜ ਮਨੁੱਖਤਾ ਮਾਰੂ ਹਨੇਰੀਆਂ ਚੱਲ ਰਹੀਆਂ ਹਨ ਜੋ ਸਾਡੀ ਹੋਂਦ ਅਤੇ ਆਰਥਿਕਤਾ ਲਈ ਨੁਕਸਾਨਦਾਇਕ ਹਨ। ਇਸ ਲੇਖ ਵਿਚ ਕੇਵਲ ਦੋ ਕੌਮਾਂਤਰੀ ਅਤੇ ਦੋ ਸਾਡੇ ਆਪਣੇ ਦੇਸ਼ ਵਿਚ ਚੱਲ ਰਹੀਆਂ ਹਨੇਰੀਆਂ ਦਾ ਹੀ ਜਿ਼ਕਰ ਹੈ। ਪਤਾ ਹੀ ਹੈ ਕਿ ਹਨੇਰੀ ਨਾਲ ਕਮਜ਼ੋਰ ਟਾਹਣੇ ਅਤੇ ਦਰੱਖਤ ਤੱਕ ਟੁੱਟ ਜਾਂਦੇ ਹਨ ਅਤੇ ਧੂੜ ਦੇ ਕਣ ਹਰ ਉਸ ਵਿਅਕਤੀ ਦੀਆਂ ਅੱਖਾਂ ਵਿਚ ਜ਼ਰੂਰ ਪੈਂਦੇ ਹਨ ਜਿਸ ਨੂੰ ਮਜਬੂਰੀ ਵਿਚ ਬਾਹਰ ਫਿਰਨਾ ਪੈਂਦਾ ਹੈ।

ਪਹਿਲੀ ਖੂਨੀ ਹਨੇਰੀ ਰੂਸ-ਯੂਕਰੇਨ ਯੁੱਧ ਹੈ ਜੋ 24 ਫਰਵਰੀ 2021 ਤੋਂ ਆਰੰਭ ਹੋਇਆ ਅਤੇ ਅੱਜ ਤੱਕ ਜਾਰੀ ਹੈ। ਇਸ ਨਾਲ ਯੂਕਰੇਨ ਦੀਆਂ ਆਲੀਸ਼ਾਨ ਇਮਾਰਤਾਂ ਰੂਸ ਦੇ ਟੈਂਕਾਂ ਨੇ ਢਹਿ-ਢੇਰੀ ਕਰ ਦਿੱਤੀਆਂ ਅਤੇ ਹਜ਼ਾਰਾਂ ਸੈਨਿਕ ਤੇ ਨਾਗਰਿਕ ਮਾਰੇ ਜਾ ਚੁੱਕੇ ਹਨ। ਉਨ੍ਹਾਂ ਦੇ ਬੱਚੇ ਅਤੇ ਪਰਿਵਾਰ ਦੇਸ਼ ਛੱਡ ਕੇ ਹਾਲੈਂਡ ਵਿਚ ਸ਼ਰਨ ਲੈ ਰਹੇ ਹਨ। ਰੂਸ ਦਾ ਆਪਣਾ ਵੀ ਬਹੁਤ ਨੁਕਸਾਨ ਹੋ ਚੁੱਕਾ ਹੈ। ਜਦ ਇਹ ਦ੍ਰਿਸ਼ ਅਸੀਂ ਟੀਵੀ ’ਤੇ ਦੇਖਦੇ ਹਾਂ ਤਾਂ ਅਸੀਂ ਵੀ ਮਰਨ ਵਰਗੇ ਹੋ ਜਾਂਦੇ ਹਾਂ।

ਇਹ ਹਮਲਾ ਰੂਸ ਦੇ ਰਾਸ਼ਟਰਪਤੀ ਪੂਤਿਨ ਨੇ ਕੀਤਾ ਹੈ। ਬਹੁਗਿਣਤੀ ਲੋਕ ਰੂਸ ਨੂੰ ਹਮਲਾਵਰ ਗਰਦਾਨ ਰਹੇ ਹਨ। ਲੋਕ ਆਪਣੀ ਸਮਝ ਅਨੁਸਾਰ ਸਹੀ ਹਨ ਪਰ ਜਦ ਅਸੀਂ ਇਸ ਯੁੱਧ ਨਾਲ ਜੁਡਿ਼ਆ ਰਾਜਨੀਤਕ ਵਿਸ਼ਲੇਸ਼ਣ ਕਰਦੇ ਹਾਂ ਤਾਂ ਰੂਸ ਨਿਰਦੋਸ਼ ਅਤੇ ਇਸ ਵਕਤ ਦੀ ਮਹਾਂਸ਼ਕਤੀ ਬਣੇ ਅਮਰੀਕਾ ਅਤੇ ਉਸ ਦੇ ਪਿੱਛਲੱਗੂ ‘ਨਾਟੋ’ ਨਾਂ ਦੀ ਸੰਸਥਾ ਵਿਚ ਸ਼ਾਮਲ ਦੇਸ਼ ਦਿਸਦੇ ਹਨ। ਇਨ੍ਹਾਂ ਦੇਸ਼ਾਂ ਨੇ ਯੂਕਰੇਨ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦੇ ਕੇ ਰੂਸ ਵਿਰੁੱਧ ਉਕਸਾਹਟ ਪੈਦਾ ਕੀਤਾ ਹੈ ਜੋ ਰੂਸ ਨੂੰ ਖਤਰਨਾਕ ਲੱਗਦੀ ਹੈ। ਹਰ ਦੇਸ਼ ਆਪਣੇ ਗੁਆਂਢੀ ਮੁਲਕ ਵਿਚ ਆਪਣੇ ਵਿਰੋਧੀਆਂ ਦੀ ਘੁਸਪੈਠ ਦੇਖ ਕੇ ਤਰਭਕਦਾ ਹੈ ਅਤੇ ਆਪਣੀ ਰੱਖਿਆ ਕਰਦਾ ਹੈ। ਰੂਸ ਇਹੋ ਕੁਝ ਕਰ ਰਿਹਾ ਹੈ। ਛੇੜਖਾਨੀ ਵਾਲੇ ਇਨ੍ਹਾਂ ਦੇਸ਼ਾਂ ਵੱਲੋਂ ਯੂਕਰੇਨ ਨੂੰ ਹਥਿਆਰ ਦੇਣ ਤੋਂ ਇਲਾਵਾ ਰੂਸ ਵੱਲੋਂ ਨਿਰਯਾਤ ਕੀਤੇ ਜਾਂਦੇ ਪੈਟਰੋਲ ਅਤੇ ਹੋਰ ਵਸਤਾਂ ਖਰੀਦਣ ਦਾ ਬਾਈਕਾਟ ਕਰ ਦਿੱਤਾ ਤਾਂ ਕਿ ਰੂਸ ਆਰਥਿਕ ਪੱਖੋਂ ਕਮਜ਼ੋਰ ਹੋ ਜਾਵੇ। ਭਾਰਤ ਅਤੇ ਚੀਨ ਨੇ ਇਸ ਐਲਾਨ ’ਤੇ ਅਮਲ ਨਹੀਂ ਕੀਤਾ। ਰੂਸ ਸਾਡਾ ਮੁੱਢ ਤੋਂ ਮਿੱਤਰ ਹੈ, ਅਸੀਂ ਇਸ ਔਖੇ ਸਮੇਂ ਆਪਣੀ ਮਿੱਤਰਤਾ ਨਿਭਾਈ ਹੈ। ਚੀਨ ਦਾ ਆਪਣਾ ਦ੍ਰਿਸ਼ਟੀਕੋਣ ਰੂਸ ਪੱਖੀ ਹੈ। ਇਸ ਨਾਲ ਪੈਟਰੋਲ ਦੀ ਕੁੱਲ ਪੂਰਤੀ ਘਟਣ ਨਾਲ ਪੈਟਰੋਲ ਮਹਿੰਗਾ ਹੋ ਗਿਆ ਹੈ ਅਤੇ ਸਾਡਾ ਖਰਚ ਜ਼ਰੂਰ ਵਧ ਗਿਆ ਹੈ।

ਅਸੀਂ ਅਮਨਪਸੰਦ ਭਾਰਤੀ ਇਸ ਜੰਗ ਦੇ ਜਲਦੀ ਖਤਮ ਹੋਣ ਦੇ ਇਛੁੱਕ ਹਾਂ। ਇਸ ਹਨੇਰੀ ਨਾਲ ਦੋਹਾਂ ਪਾਿਸਆਂ ਦਾ ਨੁਕਸਾਨ ਹੋਇਆ ਹੈ। ਜਦ ਤੀਜਾ ਵਿਸ਼ਵ ਯੁੱਧ ਹੋਣ ਦੀ ਸੰਭਾਵਨਾ, ਪਰਮਾਣੂ ਹਥਿਆਰਾਂ ਦੇ ਵਰਤੇ ਜਾਣ ਦੀਆਂ ਸੰਭਾਵਨਾਵਾਂ ਬਾਰੇ ਖਬਰਾਂ ਸੁਣਦੇ ਹਾਂ ਤਾਂ ਡਰ ਲਗਦਾ ਹੈ। ਦਰਅਸਲ ਇਹ ਯੂਕਰੇਨ ਦੀ ਧਰਤੀ ’ਤੇ ਅਮਰੀਕਾ ਅਤੇ ਉਸ ਦੇ ਪਿਛਲੱਗੂ ਦੇਸ਼ਾਂ ਅਤੇ ਰੂਸ ਵਿਚਕਾਰ ਲਡਿ਼ਆ ਜਾ ਰਿਹਾ ਯੁੱਧ ਹੈ। ਅਜੇ ਤੱਕ ਕੋਈ ਕੱਦਾਵਰ ਨੇਤਾ ਅੱਗੇ ਨਹੀਂ ਆਇਆ ਜਿਸ ਉੱਤੇ ਦੋਵੇਂ ਦੇਸ਼ ਵਿਸ਼ਵਾਸ ਕਰਦੇ ਹੋਣ ਅਤੇ ਉਹ ਇਹ ਯੁੱਧ ਰੁਕਵਾਉਣ ਲਈ ਪਹਿਲਕਦਮੀ ਕਰ ਸਕਦਾ ਹੋਵੇ।

ਦੂਜੀ ਹਨੇਰੀ ਤਾਇਵਾਨ ਕਾਰਨ ਹੋਣ ਲੱਗੀ ਹੈ। ਤਾਇਵਾਨ ਏਸ਼ੀਆ ਦਾ ਛੋਟਾ ਜਿਹਾ ਦੇਸ਼ ਹੈ ਜੋ ਸ਼ਾਂਤ ਮਹਾਂਸਾਗਰ ਦੇ ਕੰਢੇ ਸਥਿਤ ਹੈ। ਇਸ ਦੀ ਆਬਾਦੀ ਕੇਵਲ 2.36 ਕਰੋੜ ਹੈ। ਇਹ ਆਪਣੀ ਬੁੱਧਮਤਾ ਅਤੇ ਮਿਹਨਤ ਸਦਕਾ ਸਾਫਟਵੇਅਰ ਤਕਨੀਕ ਵਿਚ ਬਹੁਤ ਉਨਤੀ ਕਰ ਗਿਆ ਹੈ। ਸਾਰੇ ਸੰਸਾਰ ਵਿਚ ਖਪਤ ਹੋ ਰਹੀਆਂ ਸੈਮੀਕੰਡਕਟਰ ‘ਚਿਪਾਂ’ ਦਾ ਲਗਪਗ 63% ਹਿੱਸਾ ਕੇਵਲ ਇਸ ਦੇਸ਼ ਵਿਚ ਤਿਆਰ ਹੁੰਦਾ ਹੈ। ਹੋਰਾਂ ਦੇਸ਼ਾਂ ਖਾਸਕਰ ਅਮਰੀਕਾ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ। ਉਹ ਇਸ ਨੂੰ ਆਪਣੇ ਮੁਤਾਬਕ ਵਰਤਣਾ ਚਾਹੁੰਦਾ ਹੈ। ਉਸ ਨੇ ਆਪਣੀ ਉੱਚ ਅਧਿਕਾਰੀ ਮੈਡਮ ਨੈਨਸੀ ਪੈਲੋਸੀ ਨੂੰ ਉਥੋਂ ਦਾ ਦੌਰਾ ਕਰਨ ਲਈ ਭੇਜਿਆ। ਚੀਨ ਇਸ ਨੂੰ ਆਪਣੀ ‘ਵੰਨ ਚਾਈਨਾ’ ਦੀ ਨੀਤੀ ਕਾਰਨ ਆਪਣਾ ਹਿੱਸਾ ਸਮਝਦਾ ਹੈ। ਇਹ ਅਮਰੀਕਾ ਦੀ ਇਸ ਫੇਰੀ ਤੋਂ ਚਿੜ ਗਿਆ। ਜਦ ਇਸ ਦੇ ਜ਼ਬਾਨੀ ਕਹਿਣ ’ਤੇ ਅਮਰੀਕਾ ਨੇ ਆਪਣੀਆਂ ਹਰਕਤਾਂ ਬੰਦ ਨਾ ਕੀਤੀਆਂ ਤਾਂ ਇਸ ਨੇ ਪਹਿਲਾਂ ਤਾਂ ਕਈ ਦਿਨਾਂ ਲਈ ਆਪਣੀਆਂ ਜੰਗੀ ਤੋਪਾਂ ਨਾਲ ਘੇਰਾਬੰਦੀ ਕਰੀ ਰੱਖੀ ਅਤੇ ਫਿਰ ਚੀਨ ਦੀਆਂ ਫੌਜਾਂ ਤਾਇਵਾਨ ਵਿਚ ਦਾਖਲ ਹੋ ਗਈਆਂ। ਤਾਇਵਾਨ ਨੇ ਇਸ ਹਮਲੇ ਦਾ ਵਿਰੋਧ ਕੀਤਾ। ਭਾਰਤ ਨੇ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ‘ਚੀਨ ਇਜ਼ ਵੰਨ’ ਨੀਤੀ ਨਾਲ ਆਪਣੀ ਸਹਿਮਤੀ ਦੇ ਦਿੱਤੀ ਹੈ ਜੋ ਚੀਨ ਨੂੰ ਪ੍ਰਵਾਨ ਹੈ। ਭਾਰਤ ਨੇ ਕਿਹਾ ਹੈ ਕਿ ਉਸ ਦੇ ਚੀਨ ਨਾਲ ਸਰਹੱਦੀ ਝਗੜੇ ਬਰਕਰਾਰ ਹਨ ਜੋ ਅਲੱਗ ਤੌਰ ’ਤੇ ਨਜਿੱਠਣ ਦੀ ਕੋਸ਼ਿਸ਼ ਜਾਰੀ ਰਹੇਗੀ। ਉਂਝ, ਇਹ ਸਹਿਮਤੀ ਭਾਰਤ ਨੇ ਚੀਨ ਨਾਲ ਸਿੱਧੇ ਟਕਰਾਓ ਤੋਂ ਬਚਣ ਖਾਤਰ ਹੀ ਦਿੱਤੀ ਹੈ। ਹੁਣ ਅਮਰੀਕਾ ਨੇ ਤਾਇਵਾਨ ਦੇ ਗੁਆਂਢੀ ਦੇਸ਼ ਜਪਾਨ ਨੂੰ ਆਪਣਾ ਅੱਡਾ ਬਣਾ ਲਿਆ ਹੈ ਅਤੇ ਆਪਣਾ ਜੰਗੀ ਸਮਾਨ ਭੇਜ ਕੇ ਲੜਾਈ ਵਿਚ ਸ਼ਮੂਲੀਅਤ ਆਰੰਭ ਕਰ ਦਿੱਤੀ ਹੈ। ਇਸ ਨਾਲ ਵਿਚ ਵੀ ਜੰਗ ਦੀ ਹਨੇਰੀ ਚੱਲ ਪਈ ਹੈ ਜਿਸ ਦਾ ਅਸੀਂ ਵੀ ਹਿੱਸਾ ਹਾਂ। ਇਹ ਖਿੱਤਾ ਬਹੁਤ ਸਾਲ ਪਹਿਲਾਂ ਬਸਤੀਵਾਦੀ ਗੁਲਾਮੀ ਦਾ ਸ਼ਿਕਾਰ ਰਿਹਾ ਹੋਣ ਕਾਰਨ ਯੂਰੋਪ ਨਾਲੋਂ ਘੱਟ ਵਿਕਸਤ ਹੈ। ਹੁਣ ਭਾਰਤ ’ਤੇ ਵੀ ਇਸ ਜੰਗ ਦਾ ਅਸਰ ਪਵੇਗਾ।

ਸ੍ਰੀਲੰਕਾ ਦਾ ਪਹਿਲਾਂ ਹੀ ਬੁਰਾ ਹਾਲ ਹੈ। ਪਾਕਿਸਤਾਨ ਦੀ ਆਰਥਿਕ ਹਾਲਤ ਵੀ ਸੰਤੋਖਜਨਕ ਨਹੀਂ ਹੈ। ਕਥਨ ਹੈ ਕਿ ਜੰਗ ਕਿਤੇ ਵੀ ਹੋਵੇ, ਹਰ ਥਾਂ ਵਿਕਾਸ ਅਤੇ ਖੁਸ਼ਹਾਲੀ ਲਈ ਖਤਰਾ ਹੀ ਹੁੰਦੀ ਹੈ। ਇਨ੍ਹਾਂ ਦੋਵੇਂ ਜੰਗਾਂ ਕਾਰਨ ਸੰਸਾਰ ਵਿਚ ਪਹਿਲਾਂ ਤੋਂ ਚੱਲ ਰਿਹਾ ਆਰਥਿਕ ਮੰਦਵਾੜਾ ਗੰਭੀਰ ਰੂਪ ਧਾਰਦਾ ਜਾਵੇਗਾ।

ਤੀਜੀ ਹਨੇਰੀ ਬੇਰੁਜ਼ਗਾਰੀ ਦੀ ਹੈ। ਇਹ ਸੰਸਾਰ ਵਿਚ ਪੂੰਜੀਵਾਦੀ ਲੋਕਤੰਤਰੀ ਵਿਵਸਥਾ ਵਾਲੇ ਸਾਰੇ ਦੇਸ਼ਾਂ, ਸਮੇਤ ਭਾਰਤ, ਵਿਚ ਮੌਜੂਦ ਹੈ। ਬੇਰੁਜ਼ਗਾਰੀ ਕਈ ਕਿਸਮ ਦੀ ਹੁੰਦੀ ਹੈ; ਜਿਵੇਂ ਮੁਕੰਮਲ (ਜਦ ਕੰਮ ਹੀ ਨਹੀਂ ਮਿਲਦਾ), ਛੁਪੀ ਹੋਈ ਜਾਂ ਅਰਧ (ਵਧ ਯੋਗਤਾ, ਛੋਟੀ ਅਸਾਮੀ), ਢਾਂਚਾਗਤ (ਦੇਸ਼ ਦੇ ਢਾਂਚੇ ’ਤੇ ਆਧਾਰਿਤ), ਮੌਸਮੀ (ਕਿਸੇ ਮੌਸਮ ਵਿਚ ਕੰਮ ਘੱਟ ਮਿਲਣਾ, ਤਕਨੀਕੀ (ਕੰਮ ਕਰਨ ਦੇ ਢੰਗ ਨਵੇਂ ਆ ਜਾਣ ਕਾਰਨ) ਅਤੇ ਹੋਰ। ਸਿਫਾਰਸ਼ਾਂ, ਭ੍ਰਿਸ਼ਟਾਚਾਰ ਅਤੇ ਸਿਆਸੀ ਦਖਲ ਕਾਰਨ ਬੇਰੁਜ਼ਗਾਰ ਬਹੁਤ ਦੁਖੀ ਵਰਗ ਹੈ। ਇਨ੍ਹਾਂ ਵਿਚੋਂ ਕਈ ਤਾਂ ਮਾਯੂਸ ਹੋ ਕੇ ਨਸ਼ੇ ਦੇ ਆਦੀ ਹੋ ਜਾਂਦੇ ਹਨ, ਕਈ ਘਰੋਂ ਭੱਜ ਜਾਂਦੇ ਹਨ ਅਤੇ ਕਈ ਖੁਦਕਸ਼ੀ ਕਰਨ ਤੱਕ ਚਲੇ ਜਾਂਦੇ ਹਨ। ਰੁਜ਼ਗਾਰਦਾਤਾ ਇਨ੍ਹਾਂ ਦੀ ਉਦਾਸੀ ਦਾ ਲਾਭ ਲੈ ਕੇ ਵੱਧ ਸਮਾਂ ਕੰਮ ਕਰਵਾ ਕੇ ਪੂਰੀ ਉਜਰਤ ਨਹੀਂ ਦਿੰਦੇ। ਅਸੰਗਠਿਤ ਖੇਤਰ ਵਿਚ ਤਾਂ ਜਦ ਜੀਅ ਕਰੇ, ਕੰਮ ਤੋਂ ਹਟਾ ਦਿੰਦੇ ਹਨ ਅਤੇ ਕਈ ਵਾਰ ਅਮਾਨਵੀ ਵਿਹਾਰ ਵੀ ਕਰਦੇ ਹਨ।

ਭਾਰਤ ਵਿਚ ਉਪਰ ਦੱਸੀਆਂ ਸਾਰੀਆਂ ਕਿਸਮਾਂ ਦੀ ਬੇਰੁਜ਼ਗਾਰੀ ਮੌਜੂਦ ਹੈ। ਬੇਰੁਜ਼ਗਾਰਾਂ ਦੀ ਗਿਣਤੀ ਹਰ ਰੋਜ਼ ਵਧੀ ਜਾਂਦੀ ਹੈ। ਹੁਣ ਤਾਂ ਰੁਜ਼ਗਾਰ ਦਫਤਰ ਵੀ ਨਹੀਂ ਰਹੇ; ਭਾਵ, ਸਮੱਸਿਆ ਗੰਭੀਰ ਰੂਪ ਵਿਚ ਹੈ ਅਤੇ ਤੁਰੰਤ ਹੱਲ ਮੰਗਦੀ ਹੈ। ਥਾਂ ਥਾਂ ਹੋ ਰਹੇ ਮੁਜ਼ਾਹਰੇ ਇਹੋ ਦੱਸ ਰਹੇ ਹਨ। ਹੁਣ ਭਾਰਤ ਸਰਕਾਰ ਮਜ਼ਦੂਰਾਂ ਸਬੰਧੀ ਬੜੀ ਦੇਰ ਤੋਂ ਚੱਲ ਰਹੇ ਕਿਰਤ ਕਾਨੂੰਨਾਂ ਨੂੰ ‘ਸੁਧਾਰ’ ਕਹਿ ਕੇ ਬਦਲਣ ਲੱਗੀ ਹੈ। ਖਰੜਾ ਤਿਆਰ ਹੈ। ਇਸ ਵਿਚ 4 ਕੋਡ ਬਣਾਏ ਗਏ ਹਨ। ਮਜ਼ਦੂਰਾਂ ਨੂੰ ਹਫਤੇ ਵਿਚ 4 ਦਿਨ ਕੰਮ ਮਿਲੇਗਾ ਅਤੇ ਕੰਮ ਦਾ ਸਮਾਂ 8 ਘੰਟੇ ਤੋਂ ਵਧ ਕੇ 12 ਘੰਟੇ ਕਰ ਦਿੱਤਾ ਗਿਆ ਹੈ। ਪੀਐੱਫ ਅਤੇ ਈਐੱਸਆਈ ਵੀ ਤਬਦੀਲ ਕਰ ਦਿੱਤੇ ਗਏ ਹਨ। ਸਰਕਾਰ ਦੀ ਦਲੀਲ ਹੈ ਕਿ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਮਜ਼ਦੂਰਾਂ ਦੀ ਵੀ ਭਲਾਈ ਹੋਵੇਗੀ ਪਰ ਕਿਰਤੀ ਸੰਗਠਨ ਇਸ ਦੀ ਆਲੋਚਨਾ ਕਰਦੇ ਹਨ। ਰਾਜਨੀਤੀ ਸ਼ਾਸਤਰੀ ਅਤੇ ਅਰਥਵਿਗਿਆਨੀਆਂ ਦਾ ਮੱਤ ਹੈ ਕਿ ਜਿੰਨਾ ਚਿਰ ਅਜਿਹਾ ਵਾਤਾਵਰਨ ਰਹੇਗਾ, ਵਿਕਾਸ ਦਰ ਵਧ ਨਹੀਂ ਸਕੇਗੀ ਕਿਉਂਕਿ ਕਿਰਤੀ ਵਰਗ ਦੀ ਆਮਦਨ/ਖਰੀਦ ਸ਼ਕਤੀ ਘੱਟ ਹੋਣ ਕਾਰਨ ਵਸਤਾਂ ਦੀ ਕੁੱਲ ਮੰਗ ਘੱਟ ਰਹਿੰਦੀ ਹੈ ਜਿਸ ਨਾਲ ਕੁੱਲ ਉਤਪਾਦਿਤ ਵਸਤਾਂ ਦੀ ਪੂਰੀ ਵਿਕਰੀ ਨਹੀਂ ਹੁੰਦੀ। ਅਣਵਿਕੇ ਮਾਲ ਕਾਰਨ ਕਾਮੇ ਘਟਣ ਲਗਦੇ ਹਨ ਅਤੇ ਆਰਥਿਕ ਮੰਦੀ ਆ ਜਾਂਦੀ ਹੈ। ਇਹ ਵਰਤਾਰਾ ਸੰਸਾਰ ਵਿਚ ਖਾਸਕਰ ਉਨਤ ਦੇਸ਼ਾਂ ਵਿਚ ਵੀ ਹੈ। ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਨੇ ਅਜੇ ਤੱਕ ਭਾਵਪੂਰਤ ਨਤੀਜੇ ਸਾਹਮਣੇ ਨਹੀਂ ਲਿਆਂਦੇ। ਇਸ ਦਾ ਸਹੀ ਹੱਲ ਤਾਂ ਕੇਵਲ ਰੁਜ਼ਗਾਰ ਵਧਾਉਣਾ ਹੀ ਹੈ।

ਚੌਥੀ ਹਨੇਰੀ ਵਧ ਰਹੀ ਮਹਿੰਗਾਈ ਹੈ। ਮਹਿੰਗਾਈ ਵਿਚ ਮਾਮੂਲੀ ਵਾਧਾ ਤਾਂ ਨਿਵੇਸ਼ ਨੂੰ ਉਤਸ਼ਾਹਿਤ ਕਰਦਾ ਹੈ ਪਰ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦ ਇਹ ਹੱਦੋਂ ਬਾਹਰ ਹੋ ਜਾਂਦੀ ਹੈ ਅਤੇ ਲਗਾਤਾਰ ਵਧਦੀ ਜਾਂਦੀ ਹੈ। ਭਾਰਤ ਵਿਚ ਅੱਜ ਇਹੋ ਦੌਰ ਚੱਲ ਰਿਹਾ ਹੈ ਤਾਂ ਹੀ ਇਤਨੀ ਹਾਹਾਕਾਰ ਹੈ। ਕੀਮਤਾਂ ਵਿਚ ਤੇਜ਼ ਵਾਧਾ ਉਤਪਾਦਕਾਂ ਦੇ ਲਾਭ ਅਤੇ ਖਪਤਕਾਰਾਂ ਦੇ ਖਰਚ ਵਧਾ ਦਿੰਦਾ ਹੈ। ਜਦ ਲੋਕਾਂ ਨੂੰ ਕਿਸੇ ਵਸਤੂ ਦੀ ਆਦਤ ਪੈ ਜਾਂਦੀ ਹੈ ਤਾਂ ਉਤਪਾਦਕ ਕੀਮਤਾਂ ਵਧਾ ਦਿੰਦੇ ਹਨ। ਟੈਕਸ ਵਧਾਉਣ ਨਾਲ ਵੀ ਕੀਮਤਾਂ ਵਧਦੀਆਂ ਹਨ। ਆਪਣੇ ਮੁਲਕ ਵਿਚ ਇਸੇ ਤਰ੍ਹਾਂ ਹੋਇਆ ਹੈ। ਖਾਣ ਪੀਣ ਦੀ ਵਸਤਾਂ ’ਤੇ ਵੀ ਜੀਐੱਸਟੀ ਲਗਾ ਦਿੱਤਾ ਗਿਆ। ਇਸ ਨਾਲ ਹਰ ਨਾਗਿਰਕ ਦਾ ਖਰਚ ਵਧ ਗਿਆ ਹੈ। ਇਨ੍ਹਾਂ ਦਿਨਾਂ ਵਿਚ ਖਾਣ-ਪੀਣ ਦੀ ਵਸਤਾਂ ਤੇ ਵੀ ਜੀ.ਐਸ.ਟੀ. ਲਗਾ ਦਿੱਤਾ ਗਿਆ ਹੈ। ਇਸ ਨਾਲ ਹਰ ਨਾਗਰਿਕ ਦਾ ਖਰਚ ਵਧ ਗਿਆ ਹੈ। ਸੰਸਦ ਦੇ ਪਿਛਲੇ ਸੈਸ਼ਨ ਵਿਚ ਇਸ ਬਾਰੇ ਕਾਫੀ ਚਰਚਾ ਹੋਈ ਹੈ। ਪ੍ਰਬੰਧਕੀ ਖਰਚ ਹਰ ਰੋਜ਼ ਵਧ ਰਹੇ ਜਿਸ ਕਾਰਨ ਟੈਕਸ ਦਰ ਦਾ ਵਧਣਾ ਲਾਜ਼ਮੀ ਹੈ। ਸਰਹੱਦੀ ਤਣਾਅ ਵੀ ਇਸ ਦਾ ਇਕ ਕਾਰਨ ਹੈ ਕਿਉਂਕਿ ਜੰਗੀ ਸਮਾਨ ਬਹੁਤ ਮਹਿੰਗਾ ਹੋ ਗਿਆ ਹੈ। ਇਨ੍ਹਾਂ ਕਾਰਨਾਂ ਕਰ ਕੇ ਸਾਡੇ ਦੇਸ਼ ਵਿਚ ਮਹਿੰਗਾਈ ਜਿ਼ਆਦਾ ਵਧੀ ਹੈ ਜੋ ਆਮ ਪਰਿਵਾਰ ਲਈ ਸਹਿਣੀ ਔਖੀ ਹੈ। ਇਸ ਲਈ ਸੰਭਵ ਢੰਗ ਜਿਵੇਂ ਉਤਪਾਦਨ ਵਿਚ ਵਾਧਾ, ਟੈਕਸ ਢਾਂਚੇ ਨੂੰ ਦਰੁਸਤ ਕਰਨਾ ਆਦਿ ਉਪਰਾਲੇ ਕਰਨੇ ਚਾਹੀਦੇ ਹਨ।

ਆਰਥਿਕਤਾ ਦੀਆਂ ਤਰੰਗਾਂ ਆਪਸ ਵਿਚ ਜੁੜੀਆਂ ਹੁੰਦੀਆਂ ਹਨ। ਇਕ ਸਮੱਸਿਆ ਦੂਜੀ ਨੂੰ ਜਨਮ ਦਿੰਦੀ ਹੈ। ਇਸ ਲਈ ਸਭ ਸਮੱਸਿਆਵਾਂ ਵੱਲ ਧਿਆਨ ਦੇਣਾ ਪਵੇਗਾ। ਇਹ ਹਨੇਰੀਆਂ ਸਰਕਾਰ ਦੇ ਯਤਨਾਂ ਅਤੇ ਜਨਤਾ ਦੇ ਸਹਿਯੋਗ ਦੁਆਰਾ ਰੋਕੀਆਂ ਜਾ ਸਕਦੀਆਂ ਹਨ। ਜੇ ਅਸੀਂ ਇਹ ਹਨੇਰੀਆਂ ਰੋਕ ਸਕੇ ਤਾਂ ਹੀ ਬਚ ਸਕਾਂਗੇ।

*ਲੇਖਕ ਅਰਥਸ਼ਾਸਤਰੀ ਹੈ।

ਸੰਪਰਕ: 94170-50510

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All