DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ਿੰਦਗੀ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਜਿਊਣ ਵਾਲਾ

ਜ਼ਿੰਦਗੀ ਜਿਊਣ ਦਾ ਸਲੀਕਾ, ਜ਼ਿੰਦਗੀ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਤੁਰਨ ਦੀ ਜਾਂਚ ਅਤੇ ਗੰਭੀਰ ਸਰੀਰਕ ਦਿੱਕਤ ਕਾਰਨ ਤੁਰਨ-ਫਿਰਨ ਤੋਂ ਆਹਰੀ ਹੋ ਜਾਣ ਤੋਂ ਬਾਅਦ ਵੀ ਕਲਮ ਨੂੰ ਹਥਿਆਰ ਬਣਾ ਸਰਪਟ ਛਾਲਾਂ ਮਾਰਨ ਦਾ ਹੁਨਰ ਜੇ ਕਿਸੇ ਨੇ ਜਾਣਨਾ...

  • fb
  • twitter
  • whatsapp
  • whatsapp
Advertisement
ਜ਼ਿੰਦਗੀ ਜਿਊਣ ਦਾ ਸਲੀਕਾ, ਜ਼ਿੰਦਗੀ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਤੁਰਨ ਦੀ ਜਾਂਚ ਅਤੇ ਗੰਭੀਰ ਸਰੀਰਕ ਦਿੱਕਤ ਕਾਰਨ ਤੁਰਨ-ਫਿਰਨ ਤੋਂ ਆਹਰੀ ਹੋ ਜਾਣ ਤੋਂ ਬਾਅਦ ਵੀ ਕਲਮ ਨੂੰ ਹਥਿਆਰ ਬਣਾ ਸਰਪਟ ਛਾਲਾਂ ਮਾਰਨ ਦਾ ਹੁਨਰ ਜੇ ਕਿਸੇ ਨੇ ਜਾਣਨਾ ਤੇ ਮਾਣਨਾ ਹੋਵੇ ਤਾਂ ਉਸ ਨੂੰ ਰਣਜੀਤ ਲਹਿਰਾ ਦੀ ਜੀਵਨ-ਜਾਂਚ ਦੀ ਉਂਗਲ ਫੜ ਤੁਰਨਾ ਚਾਹੀਦਾ ਹੈ। ਬੀਤੀ ਦਸ ਫਰਵਰੀ ਨੂੰ ਸਨੇਹੀਆਂ ਤੋਂ ਬੇਹੱਦ ਉਦਾਸ ਖ਼ਬਰ ਮਿਲੀ ਕਿ ਤਾਉਮਰ ਮੌਤ ਨੂੰ ਟਿੱਚ ਜਾਣ ਕੇ ਮਖੌਲਾਂ ਕਰਨ ਵਾਲਾ ਯੋਧਾ ਪਟਿਆਲਾ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਗੁਰਪ੍ਰੀਤ ਸਿੰਘ ਦੇ ਹਸਪਤਾਲ ’ਚ ਆਖਰੀ ਸਲਾਮ ਕਹਿ ਸਦਾ ਲਈ ਸਾਨੂੰ ਵਿਛੋੜਾ ਦੇ ਗਿਆ। ਇਹ ਖ਼ਬਰ ਸੁਣ ਕੇ ਹਰ ਕਿਸੇ ਜਾਨਣ-ਚਾਹੁਣ ਵਾਲੇ ਨੂੰ ਵੱਡਾ ਸਦਮਾ ਪੁੱਜਿਆ।ਦਿਲ ਦੇ ਰੋਗਾਂ ਦੇ ਮਾਹਿਰ ਡਾ. ਗੁਰਪ੍ਰੀਤ ਸਿੰਘ ਪਟਿਆਲਾ ਅਤੇ ਲੰਮਾ ਸਮਾਂ ਵਿਚਾਰਾਂ ਦੇ ਸਾਂਝੀਦਾਰ ਰਹੇ ਡਾ. ਧਰਮਵੀਰ ਗਾਂਧੀ ਰਣਜੀਤ ਦੇ ਲਈ ਚਾਰ ਦਹਾਕਿਆਂ ਤੱਕ ਸੰਜੀਵਨੀ ਬੂਟੀ ਬਣੇ ਰਹੇ। ਰਣਜੀਤ ਦੀ ਜੀਵਨ ਸਾਥਣ ਰਾਜਪਾਲ ਨੇ ਬੇਹੱਦ ਸੰਵੇਦਨਸ਼ੀਲ ਨਰਸ ਵਾਂਗ ਉਸ ਦੀ ਅੰਤ ਤੱਕ ਸੇਵਾ-ਸੰਭਾਲ ਕੀਤੀ। ਉਸ ਨੇ ਦਿਲ ਦੇ ਛੇਕ ਦੇ ਬਾਵਜੂਦ ਜੇ ਹਰ ਵਾਰ ਮੌਤ ਨੂੰ ਗਲਾਮਿਓਂ ਫੜ ਪਿੱਛੇ ਮੋੜਿਆ ਤਾਂ ਇਹ ਉਸ ਨੂੰ ਆਪਣੇ ਜੀਵਨ ਸੰਗਰਾਮ ’ਚੋਂ ਮਿਲੀ ਚੇਤਨਾ ਕਾਰਨ ਸੀ। ਗੰਭੀਰ ਸਰੀਰਕ ਬੀਮਾਰੀ ਦੇ ਚੱਲਦਿਆਂ ਮੈਡੀਕਲ ਸਾਇੰਸ ਲਈ ਚੁਣੌਤੀ ਬਣੇ ਉਸ ਦੇ ਹਸਮੁਖ ਜੀਵਨ ਤੇ ਜਿਊਣ ਦੀ ਇੱਛਾ ਸ਼ਕਤੀ ਨੇ ਬਹੁਤਿਆਂ ਨੂੰ ਹੈਰਾਨ ਕੀਤਾ ਹੈ।

ਇਕ ਨਿਮਨ ਮੱਧਵਰਗੀ ਪਰਿਵਾਰ ’ਚ ਪੰਜ ਭੈਣਾਂ-ਭਰਾਵਾਂ ’ਚੋਂ ਸਭ ਤੋਂ ਛੋਟੇ ਰਣਜੀਤ ਲਹਿਰਾ ਨੇ ਦਸਵੀਂ ਕਰਨ ਉਪਰੰਤ ਬੁਢਲਾਡਾ ਆਈ ਟੀ ਆਈ ’ਚ ਦਾਖਲਾ ਲਿਆ ਸੀ। ਵਿਸ਼ੇ ਦੀ ਪੜ੍ਹਾਈ ਦੇ ਨਾਲ-ਨਾਲ ਜੋ ਸਮਾਜਿਕ ਪੜ੍ਹਾਈ ਰਣਜੀਤ ਨੇ ਇਸ ਸੰਸਥਾ ’ਚ ਹਾਸਲ ਕੀਤੀ ਉਹ ਇਸ ਦੇ ਜੀਵਨ ’ਚ ਕੂਹਣੀ ਮੋੜ ਸਾਬਤ ਹੋਈ। ਵਿਦਿਆਰਥੀ ਜੀਵਨ ਦੌਰਾਨ ਉਸ ਦੇ ਜੀਵਨ ਦੀ ਸੇਧ ਤੈਅ ਕਰਨ ’ਚ ਵਿਦਿਆਰਥੀ ਜਥੇਬੰਦੀ ‘ਪੰਜਾਬ ਸਟੂਡੈਂਟਸ ਯੂਨੀਅਨ’ ਨੇ ਮੁੱਖ ਭੂਮਿਕਾ ਨਿਭਾਈ। ਉਥੇ ਪੜ੍ਹਦਿਆਂ ਸਮੇਂ ਦੀਆਂ ਸਰਕਾਰਾਂ ਅਤੇ ਅਧਿਕਾਰੀਆਂ ਖ਼ਿਲਾਫ਼ ਵਿਦਿਆਰਥੀ ਮੰਗਾਂ ਲਈ ਜੂਝਦਿਆਂ, ਜਥੇਬੰਦਕ ਤਾਕਤ ਦੇ ਜ਼ੋਰ ’ਤੇ ਗੁੰਡਾਗਰਦੀ ਨਾਲ ਮੱਥਾ ਲਾਉਂਦਿਆਂ ਤੇ ਸੰਸਾਰ ਵਰਤਾਰਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ਉਹ ਜ਼ਿੰਦਗੀ ਦੇ ਗੂੜ੍ਹੇ ਲਾਲ ਰੰਗ ’ਚ ਐਸਾ ਰੰਗਿਆ ਗਿਆ ਕਿ ਫਿਰ ਉਸ ਤੋਂ ਇਹ ਰੰਗ ਕਦੇ ਨਾ ਛੁੱਟਿਆ।

Advertisement

ਪੰਜਾਬ ਸਟੂਡੈਂਟਸ ਯੂਨੀਅਨ ਨੇ ਸੱਤਰਵਿਆਂ ਦੇ ਦੌਰ ’ਚ ਰਾਜ ਅਤੇ ਸਮਾਜ ਬਦਲੀ ਦੇ ਕਾਫ਼ਲਿਆਂ ’ਚ ਜਿਨ੍ਹਾਂ ਨੂੰ ਵੀ ਤਿਆਰ ਕਰਕੇ ਤੋਰਿਆ, ਉਨ੍ਹਾਂ ’ਚੋਂ ਭਾਵੇਂ ਕੁੱਝ ਸਮੁੰਦਰ ਟੱਪ ਗਏ ਤੇ ਕੁੱਝ ਪ੍ਰਤੀਬੱਧਤਾਵਾਂ ਬਦਲ ਗਏ ਪਰ ਅਨੇਕਾਂ ਨੌਜਵਾਨ ਰਣਜੀਤ ਲਹਿਰਾ ਵਾਂਗ ਅੱਜ ਵੀ ਜੂਝ ਰਹੇ ਹਨ। ਰਣਜੀਤ ਲਹਿਰਾ ਜਿੱਥੇ ਇਕ ਸਫਲ ਲੇਖਕ, ਅਨੁਵਾਦਕ, ਕਾਲਮ ਨਵੀਸ ਤੇ ਇਨਕਲਾਬੀ ਦੋ ਮਾਸਿਕ ‘ਲਾਲ ਪਰਚਮ’ ਦਾ ਸੰਪਾਦਕ ਸੀ ਉਥੇ ਹੀ ਉਸ ਨੇ ਬਤੌਰ ਕਨਵੀਨਰ ਅਤੇ ਤੇਰਾਂ ਸਾਲ ਜਨਰਲ ਸਕੱਤਰ ਵਜੋਂ ਇਨਕਲਾਬੀ ਕੇਂਦਰ ਪੰਜਾਬ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾਈ। 1992 ’ਚ ਇਨਕਲਾਬੀ ਕੇਂਦਰ ਪੰਜਾਬ ਦੇ ਬਰੇਟਾ ਇਜਲਾਸ ’ਚ ਉਹ ਜਨਰਲ ਸਕੱਤਰ ਚੁਣਿਆ ਗਿਆ। ਅੱਸੀਵਿਆਂ ’ਚ ਪੰਜਾਬ ਫਿਰਕੂ ਤੇ ਸਰਕਾਰੀ ਦਹਿਸ਼ਤਗਰਦੀ ਦੇ ਜਬਾੜਿਆਂ ’ਚ ਫਸਿਆ ਬੇਇੰਤਹਾ ਪੀੜਾਂ ਹੰਢਾ ਰਿਹਾ ਸੀ। ਆਮ ਲੋਕਾਂ ਦੇ ਨਾਲ ਖੱਬੀਆਂ ਅਤੇ ਇਨਕਲਾਬੀ ਧਿਰਾਂ ਦੇ ਆਗੂਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਨੌਜਵਾਨਾਂ ਦੇ ਝੂਠੇ ਪੁਲੀਸ ਮੁਕਾਬਲੇ ਬਣਾਏ ਜਾ ਰਹੇ ਸਨ, ਅਪਰੇਸ਼ਨ ਬਲੂ ਸਟਾਰ ਅਤੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦੇ ਕਤਲੇਆਮ ਦੇ ਦੌਰ ’ਚ ਇਨਕਲਾਬੀ ਲਹਿਰ ਦੀ ਏਕਤਾ, ਇੱਕਜੁੱਟਤਾ ਦੇ ਮੁੱਦੇ ਨੇ ਜ਼ੋਰ ਫੜਿਆ ਤਾਂ ਪੰਜਾਬ ਭਰ ’ਚ ਅਨੇਕਾਂ ਸਾਂਝੀਆਂ ਮੀਟਿੰਗਾਂ ਹੋਈਆਂ। ਉਸ ਸਮੇਂ ਪੰਜਾਬ ਦੀ ਇਨਕਲਾਬੀ ਲਹਿਰ ਦੇ ਏਕਤਾ ਯਤਨਾਂ ਦੀ ਅਗਵਾਈ ਕਰਨ ’ਚ ਇਨਕਲਾਬੀ ਚਿੰਤਕ ਅਤੇ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਨੇ ਮੋਹਰੀ ਭੂਮਿਕਾ ਨਿਭਾਈ ਸੀ। ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਇੱਕ ਸਾਂਝਾ ਐਲਾਨਨਾਮਾ ਜਾਰੀ ਕੀਤਾ ਗਿਆ ਸੀ। ਇਸ ਸਮੇਂ ਚੁਣੀ ਗਈ ਸੂਬਾ ਕਮੇਟੀ ’ਚ ਸਾਥੀ ਰਣਜੀਤ ਲਹਿਰਾ ਨੂੰ ਵੀ ਸ਼ਾਮਲ ਕੀਤਾ ਗਿਆ ਸੀ।

Advertisement

ਅਤਿਵਾਦ ਦੇ ਉਸ ਦੌਰ ’ਚ ਜਦੋਂ ਬਲਦੇਵ ਮਾਨ, ਜੈਮਲ ਪੱਡਾ, ਗਿਆਨ ਸੰਘਾ, ਮੇਘਰਾਜ, ਮਲਕੀਤ ਸਿੰਘ, ਨਰਿੰਦਰ ਨਿੰਦੀ ਜਿਹੇ ਆਗੂ ਕਤਲ ਕੀਤੇ ਜਾ ਰਹੇ ਸਨ ਤਾਂ ‘ਇਨਕਲਾਬੀ ਏਕਤਾ ਕੇਂਦਰ’ ਨੇ ਇਕ ਆਸ ਜਗਾਈ, ਇਨਕਲਾਬੀ ਲਹਿਰ ਨੂੰ ਵੱਡਾ ਹੁਲਾਰਾ ਦਿੱਤਾ। ਉਨ੍ਹਾਂ ਸਮਿਆਂ ’ਚ ਪ੍ਰਸਿੱਧ ਫਿਲਮਸਾਜ਼ ਆਨੰਦ ਪਟਵਰਧਨ ਨੇ ਇਨ੍ਹਾਂ ਸ਼ਹਾਦਤਾਂ ਨੂੰ ਲੈ ਕੇ ‘ਓਹਨਾਂ ਮਿੱਤਰਾਂ ਦੀ ਯਾਦ ਪਿਆਰੀ’ ਡਾਕੂਮੈਂਟਰੀ ਬਣਾਈ ਸੀ, ਜਦੋਂ ਮਾਝੇ ਦੁਆਬੇ ਦੇ ਪਿੰਡਾਂ-ਕਸਬਿਆਂ ਤੋਂ ਮਾਰਚ ਕਰਦਾ ਇਨਕਲਾਬੀ ਏਕਤਾ ਕੇਂਦਰ ਦਾ ਵੱਡਾ ਕਾਫ਼ਲਾ 23 ਮਾਰਚ ਵਾਲੇ ਦਿਨ ਖਟਕੜ ਕਲਾਂ ਪੁੱਜਿਆ ਸੀ। ਉਸ ਕਾਫਲੇ ’ਚ ਸ਼ਾਮਲ ਸਾਥੀ ਰਣਜੀਤ ਨੇ ਵੀ ਹੋਰਨਾਂ ਸੰਗ ਨਾਅਰੇ ਗੁੰਜਾਏ ਸਨ। ਸਾਂਝੇ ਮੰਚ ਨੇ ਲੋਕ ਮੁੱਦਿਆਂ ਨੂੰ ਲੈ ਕੇ ਨਿਰੰਤਰ ਸਰਗਰਮੀਆਂ ਜਾਰੀ ਰੱਖੀਆਂ, ਪਰ ਬਦਕਿਸਮਤੀ ਨਾਲ ਅਨੇਕਾਂ ਕਾਰਨਾਂ ਕਰਕੇ ਪੰਜਾਬ ਦੇ ਇਨਕਲਾਬੀਆਂ ਦਾ ਸਾਂਝਾ ਮੰਚ ਲੰਮਾ ਸਮਾਂ ਕਾਇਮ ਨਾ ਰਹਿ ਸਕਿਆ। ਰਣਜੀਤ ਨੇ ਪੰਜਾਬ ਅੰਦਰ ਅਨੇਕਾਂ ਜਨਤਕ ਸਰਗਰਮੀਆਂ ਦੀ ਠੋਸ ਅਗਵਾਈ ਕੀਤੀ। ਉਹ ਲੋਕ ਚੇਤਨਾ ਮੰਚ ਲਹਿਰਾਗਾਗਾ ਦਾ ਪ੍ਰੈੱਸ ਸੱਕਤਰ ਸੀ। ਉਹ ਜਨ ਸਿਹਤ ਮਹਿਕਮੇ ’ਚੋਂ ਸੇਵਾਮੁਕਤ ਹੋਇਆ ਤੇ ਯੂਨੀਅਨ ਦਾ ਸੂਬਾਈ ਆਗੂ ਵੀ ਸੀ। ਸਾਥੀ ਰਣਜੀਤ ਦੀ ਬੇਟੀ ਅਰਸ਼ਪ੍ਰੀਤ ਸੰਧੂ ਇਕ ਪੱਤਰਕਾਰ ਹੈ ਤੇ ਪ੍ਰੈੱਸ ਕਲੱਬ ਚੰਡੀਗੜ੍ਹ ਦੀ ਮੀਤ ਪ੍ਰਧਾਨ ਹੈ।

ਡਾਕਟਰਾਂ ਦੀ ਸਲਾਹ ਮੰਨਦਿਆਂ ਲਹਿਰਾ ਨੇ ਪਿਛਲੇ ਦੋ ਦਹਾਕਿਆਂ ਤੋਂ ਸਰੀਰ ਨੂੰ ਖੇਚਲ ਦੇਣ ਤੋਂ ਪਰਹੇਜ਼ ਹੀ ਕੀਤਾ। ਇਸ ਸਮੇਂ ਦੌਰਾਨ ਰਣਜੀਤ ਲਹਿਰਾ ਨੇ ਆਪਣੀਆਂ ਸਰਗਰਮੀਆਂ ਨਹੀਂ ਘਟਾਈਆਂ, ਸਗੋਂ ਉਸ ਨੇ ਕਲਮ ਚੁੱਕ ਕੇ ਆਪਣਾ ਯੋਗਦਾਨ ਪਾਉਂਦੇ ਰਹਿਣ ਦਾ ਫ਼ੈਸਲਾ ਲਿਆ। ‘ਪੰਜਾਬੀ ਟ੍ਰਿਬਿਊਨ’ ਦੇ ਮਿਡਲ ’ਚ ਅਕਸਰ ਆਪਣੀਆਂ ਪਿਆਰੀਆਂ ਲਿਖਤਾਂ ਲੈ ਕੇ ਛਪਣ ਵਾਲਾ ਰਣਜੀਤ ਲਹਿਰਾ ਬਹੁਤ ਪੜ੍ਹਿਆ ਤੇ ਉਡੀਕਿਆ ਜਾਣ ਵਾਲਾ ਲੇਖਕ ਸਾਬਤ ਹੋਇਆ। ਉਸ ਦੇ ਮਿਡਲ ਲੇਖਾਂ ਦੀ ਕਿਤਾਬ ‘ਕਲਮ ਦਾ ਇਸ਼ਕ’ ਅਤੇ ਉਸ ਦੀ ਸਵੈ-ਜੀਵਨੀ ‘ਜ਼ਿੰਦਗੀ ਦੇ ਰਾਹਾਂ ’ਤੇ’ ਪੰਜਾਬੀ ਦੇ ਅਗਾਂਹਵਧੂ ਸਾਹਿਤ ਦਾ ਅਮੀਰ ਖਜ਼ਾਨਾ ਹੈ। ਉਸ ਨੇ ‘ਜੋ ਜੂਝੇ ਲੋਕਾਂ ਲਈ’ ਰਾਹੀਂ ਕਈ ਅਜ਼ਾਦੀ ਘੁਲਾਟੀਏ ਲੋਕਾਂ ਦੇ ਸਨਮੁੱਖ ਕੀਤੇ ਹਨ। ਨਕਸਲੀ ਸ਼ਹੀਦ ਗੁਲਜ਼ਾਰਾ ਭੱਠਲ ਦੀ ਮਾਤਾ ਸੋਦਾਂ ਦੀ ਜੀਵਨੀ, ਇਨਕਲਾਬੀ ਜਮਹੂਰੀ ਲਹਿਰ ਦੇ ਆਗੂ ਸਾਥੀ ਨਾਮਦੇਵ ਭੁਟਾਲ ਦੇ ਜੀਵਨ ’ਤੇ ਕਿਤਾਬ ਦੀ ਸੰਪਾਦਨਾ, ਆਜ਼ਾਦ ਹਿੰਦ ਫ਼ੌਜ ਦੇ ਸੰਗਰਾਮ ਬਾਰੇ ਕਿਤਾਬ ਤੋਂ ਬਿਨਾਂ ਉਸ ਨੇ ਦੋ ਮਹੱਤਵਪੂਰਨ ਕਿਤਾਬਾਂ ਦਾ ਅਨੁਵਾਦ ਕੀਤਾ ਹੈ। ਮਨਦੀਪ-ਰਣਦੀਪ ਦੁਆਰਾ ਸੰਪਾਦਿਤ ਕਿਤਾਬ ‘ਗਾਥਾ ਗਦਰੀਆਂ ਦੀ’ ’ਚ ਰਣਜੀਤ ਵੱਲੋਂ ਸਾਂਭੀਆਂ ਗਦਰੀਆਂ ਦੀਆਂ ਜੀਵਨੀਆਂ ਦੀ ਅਹਿਮ ਭੂਮਿਕਾ ਸੀ।

ਪੀ ਐੱਸ ਯੂ ’ਚ ਉਸ ਦੇ ਆਗੂ ਰਹੇ ਸਾਥੀ ਅਜਾਇਬ ਸਿੰਘ ਟਿਵਾਣਾ ਨੇ ਉਸ ਦੀ ਤੁਲਨਾ ‘ਕਬਹੂ ਨਾ ਛਾਡੈ ਖੇਤ’ ਦੇ ਨਾਇਕ ‘ਨਿਕੋਲਾਈ ਓਸਤਰੋਵਸਕੀ’ ਨਾਲ ਕੀਤੀ ਹੈ ਜਿਸ ਨੇ ਕਠਿਨ ਤੋਂ ਕਠਿਨ ਸਮਿਆਂ ’ਚ ਵੀ ਹਾਰ ਨਹੀਂ ਸੀ ਮੰਨੀ। ਸੱਚ-ਮੁੱਚ ਸਾਡੇ ਸਮਿਆਂ ਦਾ ਇਕ ਯੋਧਾ ਲੇਖਕ, ਇਨਕਲਾਬੀ ਲਹਿਰ ਦਾ ਉਸਰੱਈਆ ਸਾਨੂੰ ਵਿਛੋੜਾ ਦੇ ਗਿਆ ਹੈ। ਰਣਜੀਤ ਲਹਿਰਾ ਦੀ ਪਤਨੀ ਤੇ ਧੀ ਅਰਸ਼ਦੀਪ ਨੇ ਉਨ੍ਹਾਂ ਦੀ ਦੇਹ ਸਰਕਾਰੀ ਰਾਜਿੰਦਰਾ ਕਾਲਜ ਅਤੇ ਹਸਪਤਾਲ ਪਟਿਆਲਾ ਨੂੰ ਵਿਸ਼ੇਸ਼ ਖੋਜ ਕਾਰਜਾਂ ਲਈ ਅਰਪਿਤ ਕੀਤੀ ਹੈ। ਰਣਜੀਤ ਲਹਿਰਾ ਨੇ ਜਿਸ ਤਰ੍ਹਾਂ ਜ਼ਿੰਦਗੀ ਗੁਜ਼ਾਰੀ ਉਹ ਹੋਰਨਾਂ ਲਈ ਵੀ ਪ੍ਰੇਰਣਾ ਹੈ। 24 ਫਰਵਰੀ ਨੂੰ ਪੰਜਾਬ ਦੇ ਕੋਨੇ ਕੋਨੇ ਤੋਂ ਲਹਿਰਾਗਾਗਾ ਪੁੱਜ ਕੇ ਰਣਜੀਤ ਲਹਿਰਾ ਦੇ ਸਾਥੀ ਉਸ ਨੂੰ ਸ਼ਰਧਾਂਜਲੀ ਭੇਟ ਕਰਨਗੇ।

ਸੰਪਰਕ: 94170-67344

Advertisement
×