ਵੰਡ ਦੇ ਦੁੱਖੜੇ

ਇੱਕ ਸੀ ਨਜ਼ੀਬਾਂ!

ਇੱਕ ਸੀ ਨਜ਼ੀਬਾਂ!

ਸਾਂਵਲ ਧਾਮੀ

ਬੂੜ ਸਿੰਘ ਜਦੋਂ ਪਟਿਆਲਿਓਂ ਤੁਰਿਆ ਤਾਂ ਉਹਦੇ ਕੋਲ ਫੁੱਲਾਂ ਵਾਲਾ ਝੋਲਾ ਸੀ। ਉਹ ਪੰਦਰਾਂ ਵਰ੍ਹਿਆਂ ਬਾਅਦ ‘ਆਪਣਾ’ ਪਿੰਡ ਵੇਖਣ ਜਾ ਰਿਹਾ ਸੀ। ਸੰਤਾਲੀ ’ਚ ਉਹਦੀ ਉਮਰ ਵੀਹ ਸਾਲ ਦੇ ਕਰੀਬ ਸੀ। ਉਹਦਾ ਸਕੂਲ ਐਮਨਾਬਾਦ ਵਿੱਚ ਸੀ ਤੇ ਉਹ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ।

ਵਾਘੇ ਵਾਲੀ ਲੀਕ ਲੰਘਦਿਆਂ ਉਹਨੂੰ ਪੰਦਰਾਂ ਅਗਸਤ ਵਾਲਾ ਦਿਨ ਯਾਦ ਆ ਗਿਆ। ਉਸ ਦਿਨ ਉਹ ਆਪਣੇ ਤਹਿਸੀਲਦਾਰ ਮਾਮੇ ਦੇ ਘਰ ਵਿੱਚ ਸੀ। ਰੇਡੀਓ ਚੱਲ ਰਿਹਾ ਸੀ। ਖ਼ਬਰਾਂ ਸੁਣਨ ਵਾਲਿਆਂ ਨਾਲ ਵਿਹੜਾ ਭਰਿਆ ਪਿਆ ਸੀ। ਜਦੋਂ ਵੰਡ ਦੀ ਖ਼ਬਰ ਆਈ ਤਾਂ ਮਾਮੇ ਨੇ ਰੇਡੀਓ ਬੰਦ ਕਰ ਦਿੱਤਾ ਤੇ ਲੋਕ ਆਪੋ-ਆਪਣੇ ਘਰਾਂ ਨੂੰ ਚਲੇ ਗਏ।

ਵਾਘੇ ਤੋਂ ਲਾਹੌਰ ਵਾਲੀ ਬੱਸ ’ਚ ਬੈਠਦਿਆਂ ਉਹਨੇ ਆਪਣੇ ਸ਼ਹਿਰ ਅਤੇ ਇਲਾਕੇ ਨੂੰ ਯਾਦ ਕੀਤਾ। ਗੁੱਜਰਾਂਵਾਲੇ ਤੋਂ ਠੱਠਾ ਗੁਲਾਬ ਸਿੰਘ ਵੱਲ ਕੱਚੀ ਸੜਕ ਜਾਂਦੀ ਹੁੰਦੀ ਸੀ। ਸ਼ਹਿਰ ਤੋਂ ਚੜ੍ਹਦੇ ਪਾਸੇ ਅੱਠ ਮੀਲ ਦੀ ਦੂਰੀ ’ਤੇ ਉਹਦਾ ਛੋਟਾ ਜਿਹਾ ਪਿੰਡ ਸੀ। ਨਾਂ ਸੀ ਕੋਟਲੀ ਬਾਘਾ।

ਸੋਲਾਂ ਅਗਸਤ ਦੀ ਦੁਪਹਿਰ ਨੂੰ ਜਦੋਂ ਉਹ ਕੋਟਲੀ ਪਹੁੰਚਿਆ ਤਾਂ ਮੱਠਾ-ਮੱਠਾ ਮੀਂਹ ਪੈ ਰਿਹਾ ਸੀ। ਘਰ ਵੜਦਿਆਂ ਉਹਨੂੰ ਮਾਂ ਨੇ ਦੱਸਿਆ ਕਿ ਉਹਦਾ ਬਾਪੂ ਕਿਸੇ ਗੱਲੋਂ ਰੁੱਸ ਕੇ ਸਵੇਰ ਦਾ ਘਰੋਂ ਨਿਕਲਿਆ ਹੋਇਆ। ਉਹ ਡੰਗਰਾਂ ਵਾਲੇ ਢਾਰੇ ਵੱਲ ਨੂੰ ਤੁਰ ਪਿਆ। ਉਹਦਾ ਬਾਪੂ ਓਥੇ ਉਦਾਸ ਬੈਠਾ ਸੀ। ਬੂੜੇ ਨੇ ਉਹਨੂੰ ਘਰ ਆਉਣ ਲਈ ਆਖਿਆ ਤਾਂ ਉਹ ਰੁੱਖੀ ਆਵਾਜ਼ ’ਚ ਬੋਲਿਆ- ਤੂੰ ਚੱਲ, ਮੈਂ ਆਉਂਦਾ।

ਪਿੰਡ ਮੁੜਦਿਆਂ ਉਹਨੇ ਵੇਖਿਆ ਕਿ ਲਹਿੰਦੇ ਪਾਸਿਓਂ ਚਾਲੀ-ਪੰਜਾਹ ਬੰਦਿਆਂ ਦਾ ਜਥਾ ਕੋਟਲੀ ਵੱਲ ਆ ਰਿਹਾ ਸੀ। ਉਨ੍ਹਾਂ ਤੋਂ ਡਰਦਾ ਉਹ ਸੁੱਕੇ ਪਏ ਛੱਪੜ ਵਿੱਚ ਦੀ ਹੋ ਗਿਆ। ਕੋਠਿਆਂ ’ਤੇ ਚੜ੍ਹੇ ਹਿੰਦੂ-ਸਿੱਖਾਂ ਨੇ ਵੀ ‘ਹਮਲਾ ਹੋ ਗਿਆ, ਹਮਲਾ ਹੋ ਗਿਆ’ ਦਾ ਰੌਲਾ ਪਾ ਦਿੱਤਾ। ਪਿੰਡ ਦੇ ਗੱਭਰੂ ਇਕੱਠੇ ਹੋ ਕੇ ਜਥੇ ਵੱਲ ਦੌੜੇ, ਪਰ ਉਨ੍ਹਾਂ ਦੇ ਜਾਣ ਤੋਂ ਪਹਿਲਾਂ ਉਹਦਾ ਬਾਪ ਮਾਰਿਆ ਗਿਆ ਸੀ। ਕੋਟਲੀ ਵਾਲਿਆਂ ਦੇ ਜਵਾਬੀ ਹਮਲੇ ਵਿੱਚ ਤਿੰਨ ਧਾੜਵੀ ਵੀ ਮਾਰੇ ਗਏ ਸਨ। ਬਾਪੂ ਦੀ ਲਾਸ਼ ਉਨ੍ਹਾਂ ਬਾਲਣ ਅਤੇ ਪਾਥੀਆਂ ਨਾਲ ਭਰੇ ਕਮਰੇ ’ਚ ਰੱਖ ਕੇ ਅੱਗ ਲਗਾ ਦਿੱਤੀ ਸੀ। ਜਦੋਂ ਉਨ੍ਹਾਂ ਪਿੰਡ ਛੱਡਿਆ ਸੀ ਤਾਂ ਪਹਿਲਾਂ ਉਹ ਚੱਕ ਰਮਦਾਸ ਗਏ ਸਨ ਤੇ ਫਿਰ ਕਹਿਰਵਾਲੀ। ਨੱਤ ਪਿੰਡ ’ਚੋਂ ਹੋ ਕੇ ਰਾਤ ਨੂੰ ਉਹ ਚੁਕਰਾਲੀ ਪਹੁੰਚ ਗਏ ਸਨ।

ਇਨ੍ਹਾਂ ਉਦਾਸ ਯਾਦਾਂ ’ਚ ਡੁੱਬਿਆ ਬੂੜ ਸਿੰਘ ਲਾਹੌਰ ਬੱਸ ਅੱਡੇ ’ਤੇ ਪਹੁੰਚ ਗਿਆ ਸੀ। ਓਥੋਂ ਪੁੱਛਦਾ-ਪੁਛਾਉਂਦਾ ਉਹ ਮੁਜ਼ੰਗ ਚੁੰਗੀ ਵੱਲ ਤੁਰ ਪਿਆ। ਓਥੇ ਉਹਦੇ ਬਚਪਨ ਦੇ ਦੋਸਤ ਅਨਵਰ ਦੀ ਫੋਟੋਗ੍ਰਾਫ਼ੀ ਦੀ ਦੁਕਾਨ ਸੀ।

1950 ਤੱਕ ਉਹ ਇੱਕ-ਦੂਜੇ ਨੂੰ ਖ਼ਤ ਲਿਖਦੇ ਰਹੇ। ਆਖ਼ਰੀ ਖ਼ਤ ’ਚ ਅਨਵਰ ਨੇ ਲਿਖਿਆ ਸੀ- ਬੂੜਿਆ, ਰੁਜ਼ਗਾਰ ਦਾ ਗ਼ਮ ਮੈਨੂੰ ਲਾਹੌਰ ਲੈ ਚੱਲਿਆ। ਓਥੇ ਮੁਜ਼ੰਗ ਚੁੰਗੀ ਦੇ ਨੇੜੇ ਮੇਰੇ ਮਾਮੇ ਦੀ ਫੋਟੋਗ੍ਰਾਫ਼ੀ ਦੀ ਦੁਕਾਨ ਏ। ਮੇਰਾ ਰਿਸ਼ਤਾ ਵੀ ਉਨ੍ਹਾਂ ਵੱਲ ਹੋਇਆ ਏ। ਉਹਨੇ ਮੈਨੂੰ ਆਖਿਆ ਹੈ ਕਿ ਕੰਮ ਸਿੱਖ ਕੇ ਮੇਰੇ ਵਾਲੀ ਦੁਕਾਨ ਸੰਭਾਲ ਲੈ।

ਬੂੜ ਸਿੰਘ ਨੇ ਜਵਾਬੀ ਖ਼ਤ ’ਚ ਉਹਨੂੰ ਲਿਖਿਆ ਸੀ-ਅਨਵਰ, ਜਦੋਂ ਤੂੰ ਫੋਟੋਗ੍ਰਾਫ਼ੀ ਸਿੱਖ ਲਵੇਂ ਤਾਂ ਮੈਨੂੰ ਨਜ਼ੀਬਾਂ ਦੀ ਇੱਕ ਫੋਟੋ ਤਿਆਰ ਕਰਕੇ ਜ਼ਰੂਰ ਭੇਜੀਂ। ਨਜ਼ੀਬਾਂ ਉਨ੍ਹਾਂ ਦੇ ਨਾਲ ਪੜ੍ਹਦੀ ਹੁੰਦੀ ਸੀ। ਉਹਦਾ ਅੱਬਾ ਕੱਪੜੇ ਸਿਉਣ ਅਤੇ ਧੋਣ ਦਾ ਕੰਮ ਕਰਦਾ ਸੀ। ਜਦੋਂ ਬੂੜ ਸਿੰਘ ਐਮਨਾਬਾਦ ਪੜ੍ਹਨ ਚਲਾ ਗਿਆ ਤਾਂ ਉਹਦੀ ਮਾਂ ਨਜ਼ੀਬਾਂ ਕੋਲੋਂ ਖ਼ਤ ਲਿਖਵਾਉਂਦੀ ਹੁੰਦੀ ਸੀ। ਪਹਿਲਾਂ-ਪਹਿਲ ਨਜ਼ੀਬਾਂ ਸਿਰਫ਼ ਉਹਦੀ ਮਾਂ ਦੀਆਂ ਹੀ ਗੱਲਾਂ ਲਿਖਦੀ ਹੁੰਦੀ ਸੀ। ਫਿਰ ਮਾਂ ਦੀਆਂ ਗੱਲਾਂ ਘਟਦੀਆਂ ਤੇ ਨਜ਼ੀਬਾਂ ਦੀਆਂ ਗੱਲਾਂ ਵਧਦੀਆਂ ਗਈਆਂ।

ਬੂੜ ਸਿੰਘ ਨੂੰ ਵੇਖਦਿਆਂ ਅਨਵਰ ਖ਼ੁਸ਼ ਵੀ ਹੋਇਆ ਸੀ ਤੇ ਹੈਰਾਨ ਵੀ। ਦੋਵੇਂ ਗਲ਼ ਲੱਗ ਕੇ ਕਾਫ਼ੀ ਦੇਰ ਡੁਸਕਦੇ ਰਹੇ। ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਤੋਂ ਬਾਅਦ ਬੂੜਾ ਬੋਲਿਆ, ‘ਆਪਾ ਪਿੰਡ ਜਾਣਾ, ਅਨਵਰਾ!’

‘ਓਥੇ ਜਾ ਕੇ ਤੇਰਾ ਮਨ ਹੀ ਖ਼ਰਾਬ ਹੋਣੈ। ਹੁਣ ਓਥੇ ਕੌਣ ਆ?’ ਅਨਵਰ ਬੋਲਿਆ।

‘ਮੇਰਾ ਪਿੰਡ ਆ ਉਹ! ਓਥੇ ਮੈਂ ਆਪਣਾ ਘਰ ਵੇਖਾਂਗਾ। ਬਜ਼ੁਰਗਾਂ ਨੂੰ ਮਿਲਾਂਗਾ। ਖੂਹ ਤੇ ਦਰਖੱਤ ਵੇਖਾਂਗਾ। ਉਹ ਥਾਂ ਵੀ ਵੇਖਾਂਗਾ ਜਿੱਥੇ ਬਾਪੂ ਦਾ ਕਤਲ...।’

ਅਨਵਰ ਉਹਨੂੰ ਥਾਣੇ ਲੈ ਗਿਆ। ਉਹਦਾ ਨਾਂ ਪਤਾ ਦਰਜ ਕਰਵਾ ਕੇ ਉਹਨੇ ਪਿੰਡ ਜਾਣ ਦੀ ਲਿਖਤੀ ਇਜਾਜ਼ਤ ਵੀ ਲੈ ਲਈ ਸੀ। ਹੁਣ ਉਹ ਦੋਵੇਂ ਐਮਨਾਬਾਦ ਜਾਣ ਵਾਲੀ ਬੱਸ ’ਚ ਬੈਠ ਗਏ। ਰਾਵੀ ਲੰਘਦਿਆਂ ਬੀਤਿਆ ਵਕਤ ਬੂੜੇ ਦੇ ਅੰਦਰੋਂ ਇੱਕ ਵਾਰ ਫਿਰ ਜਾਗ ਉੱਠਿਆ।

ਚੁਕਰਾਲੀ ਤੋਂ ਬਾਅਦ ਉਨ੍ਹਾਂ ਦਾ ਕਾਫ਼ਲਾ ਰਾਵੀ ਕੰਢੇ ਪਹੁੰਚ ਗਿਆ ਸੀ। ਰਾਵੀ ਦੇ ਦੋ ਵਹਿਣ ਸਨ। ਦੋਹਾਂ ਵਿਚਕਾਰ ਤਿੰਨ-ਚਾਰ ਏਕੜ ਦਾ ਬਰੇਤਾ ਪਿਆ ਸੀ। ਪਹਿਲਾ ਵਹਿਣ ਪਾਰ ਕਰਕੇ ਜਦੋਂ ਉਹ ਵਿਚਕਾਰ ਆਏ ਤਾਂ ਮੀਂਹ ਪੈਣ ਲੱਗਾ। ਉਨ੍ਹਾਂ ਨੂੰ ਓਥੇ ਰੁਕਣਾ ਪਿਆ। ਰਾਤ ਨੂੰ ਹੜ੍ਹ ਆ ਗਿਆ। ਉਹ ਪੰਜ-ਛੇ ਦਿਨ ਉੱਥੇ ਹੀ ਫਸੇ ਰਹੇ। ਛੇਵੇਂ ਦਿਨ ਪਾਣੀ ਲੱਥਾ ਤਾਂ ਇੱਧਰਲੇ ਪਿੰਡਾਂ ਵਾਲੇ ਸਿੱਖ-ਹਿੰਦੂਆਂ ਇਨ੍ਹਾਂ ਨੂੰ ਇੱਧਰ ਲੰਘਾਇਆ ਸੀ। ਪਹਿਲੀ ਰਾਤ ਇਨ੍ਹਾਂ ਪਿੰਡੀਆਂ ਸਯੱਦਾਂ ਪਿੰਡ ’ਚ ਕੱਟੀ ਤੇ ਅਗਲੀ ਰਾਤ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪਹੁੰਚ ਗਏ। ਦੂਜੇ ਦਿਨ ਉਹ ਆਪਣੇ ਰਿਸ਼ਤੇਦਾਰਾਂ ਕੋਲ ਜੰਡਿਆਲਾ ਗੁਰੂ ਪਹੁੰਚ ਗਏ।

‘ਬੂੜ ਸਿਆਂ, ਪੂਰੀ ਜ਼ਮੀਨ ਮਿਲ ਗਈ ਓਧਰ?’ ਅਨਵਰ ਨੇ ਪੁੱਛਿਆ।

‘ਮਾਮਲੇ ਤੋਂ ਬਚਣ ਲਈ ਅਸੀਂ ਇੱਧਰ ਨਹਿਰੀ ਪਾਣੀ ਨਹੀਂ ਸੀ ਲਿਆ। ਮਹਾਰਾਜੇ ਵਾਲਾ ਪੈਂਤੀ ਸੌ ਤਾਂ ਓਧਰ ਵੀਰਾਨ ਮਿੱਥਿਆ ਗਿਆ। ਉਹਦੇ ਵੱਟੇ ਸਾਨੂੰ ਮਰਲਾ ਵੀ ਨਈਂ ਮਿਲਿਆ। ਕੋਟਲੀ ਵਾਲੀ ਜੱਦੀ ਜ਼ਮੀਨ ਬਦਲੇ ਪੱਚੀ ਕੁ ਏਕੜ ਜ਼ਰੂਰ ਮਿਲੇ ਨੇ।’

ਬੂੜੇ ਦੀ ਗੱਲ ਸੁਣ ਕੇ ਅਨਵਰ ਨੇ ਲੰਮਾ ਹਉਕਾ ਭਰਿਆ।

‘ਤਾਏ ਫੀਦੇ ਦਾ ਕੀ ਹਾਲ ਏ?’ ਬੂੜੇ ਦੇ ਇਸ ਸਵਾਲ ’ਤੇ ਅਨਵਰ ਨੇ ਉਹਦੇ ਚਿਹਰੇ ਨੂੰ ਗਹੁ ਨਾਲ ਵੇਖਿਆ।

‘ਉੱਜੜ ਕੇ ਆਏ ਲੋਕਾਂ ਨੇ ਨਾ ਤਾਂ ਨਵੇਂ ਕੱਪੜੇ ਸਿਲਾਉਣੇ ਸੀ ਤੇ ਨਾ ਧਵਾਉਣੇ। ਕੋਟਲੀ ’ਚ ਉਹ ਵਿਚਾਰੇ ਭੁੱਖੇ ਮਰਨ ਲੱਗੇ ਸਨ। ਉਹ ਵੀ ਸੰਨ ਪੰਜਾਹ ’ਚ ਪਿੰਡ ਛੱਡ ਗਏ ਸਨ।”

ਇਹ ਸੁਣਦਿਆਂ ਬੂੜੇ ਦੀਆਂ ਅੱਖਾਂ ਛਲਕ ਗਈਆਂ। ਉਨ੍ਹੇ ਅੱਖਾਂ ਮੀਟ ਲਈਆਂ ਤੇ ਖ਼ਾਮੋਸ਼ ਹੋ ਗਿਆ। ਉਹਨੂੰ ਪੁਰਾਣੇ ਪਿੰਡ ਤੇ ਬੰਦੇ ਯਾਦ ਆਏ।

‘ਤੂੰ ਕੀ ਕੰਮ ਕਰਦੈ ਬੂੜਿਆ?’ ਇਸ ਸਵਾਲ ਨੇ ਬੂੜੇ ਦੀਆਂ ਸੋਚਾਂ ਦੀ ਲੜੀ ਤੋੜ ਦਿੱਤੀ।

‘ਐੱਮ.ਐੱਸ. ਸੀ. ਕਰਕੇ ਮੈਂ ਖੇਤੀਬਾੜੀ ਮਹਿਕਮੇ ’ਚ ਨੌਕਰ ਹੋ ਗਿਆ ਸੀ। ਪਾਉਂਟਾ ਸਾਹਿਬ ਤੋਂ ਚੰਬੇ ਤੱਕ, ਕਾਂਗੜਾ, ਕੁੱਲੂ ਤੇ ਅਗਾਂਹ ਲਾਹੌਲ ਸਪੀਤੀ ਤੱਕ ਮੇਰੀ ਡਿਊਟੀ ਹੁੰਦੀ ਸੀ। ਮਹਿਕਮੇ ਨੇ ਮੈਨੂੰ ਪੰਦਰਾਂ ਬੰਦੇ, ਦੋ ਤੰਬੂ ਤੇ ਇੱਕ ਗੰਨ ਦਿੱਤੀ ਹੋਈ ਸੀ। ਮੈਂ ਸਰਵੇ ਕਰਦਾ ਹੁੰਦਾ ਸੀ ਕਿ ਕਿੱਥੇ-ਕਿੱਥੇ ਸ਼ਹਿਦ ਦੀਆਂ ਮੱਖੀਆਂ ਰੱਖੀਆਂ ਜਾ ਸਕਦੀਆਂ ਨੇ। ਅਸੀਂ ਸ਼ਹਿਦ ਵਾਲੇ ਫੁੱਲ ਲੱਭਦੇ ਹੁੰਦੇ ਸੀ। ਓਥੇ ਮੇਰਾ ਦਿਲ ਨਈਂ ਲੱਗਿਆ। ਉਹ ਨੌਕਰੀ ਮੈਂ ਛੱਡ ਦਿੱਤੀ। ਦਰਅਸਲ, ਮੈਂ ਅੰਦਰੋਂ ਟੁੱਟਿਆ ਹੋਇਆ ਸਾਂ। ਮੈਂ ਚਿੱਠੀਆਂ ’ਚ ਤੈਨੂੰ ਦਿਲ ਦਾ ਸਾਰਾ ਹਾਲ ਦੱਸਦਾ ਤਾਂ ਰਿਹਾਂ। ਤੇਰੇ ਪਤੇ ’ਤੇ ਨਜ਼ੀਬਾਂ ਨੂੰ ਵੀ ਚਿੱਠੀਆਂ ਲਿਖਦਾਂ ਰਿਹਾਂ। ਉਹਦਾ ਕਦੇ ਕੋਈ ਜਵਾਬ ਨਾ ਆਇਆ। ਕਿੱਥੇ ਨਿਕਾਹ ਹੋਇਆ ਉਹਦਾ?’ ਨੌਕਰੀ ਤੋਂ ਸ਼ੁਰੂ ਹੋਈ ਗੱਲ ਨਜ਼ੀਬਾਂ ਦੇ ਨਿਕਾਹ ’ਤੇ ਮੁੱਕ ਗਈ।

‘ਪਤਾ ਨਈਂ!’ ਨਿੱਕਾ ਜਿਹਾ ਉੱਤਰ ਦੇ ਕੇ ਅਨਵਰ ਚੁੱਪ ਹੋ ਗਿਆ।

ਉਹ ਸੋਚਾਂ ਵਿੱਚ ਡੁੱਬ ਗਿਆ।

‘ਨਜ਼ੀਬਾਂ ਮੈਨੂੰ ਆਖਦੀ ਹੁੰਦੀ ਸੀ- ਮੈਂ ਕੁਰਾਨ ਬਗੈਰ ਨਈਂ ਜੀ ਸਕਦੀ। ਮੈਂ ਉਹਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਉਹਨੂੰ ਲਾਹੌਰ ਤੋਂ ਕੁਰਾਨ ਸ਼ਰੀਫ਼ ਲਿਆ ਕੇ ਦੇਵਾਂਗਾ। ਉਹ ਦਿਨ ਕਦੇ ਨਾ ਆਇਆ। ਫਿਰ ਜਦੋਂ ਅਸੀਂ ਜੰਡਿਆਲੇ ਪਹੁੰਚੇ। ਮੈਂ ਸਵੇਰੇ ਘਰੋਂ ਨਿਕਲ ਜਾਂਦਾ ਤੇ ਮੁਸਲਮਾਨਾਂ ਦੇ ਉੱਜੜੇ ਘਰਾਂ ਦੀ ਫਰੋਲਾ-ਫਰਾਲੀ ਕਰਦਾ ਰਹਿੰਦਾ। ਇੱਕ ਘਰ ’ਚੋਂ ਮੈਨੂੰ ਕੁਰਾਨ ਸ਼ਰੀਫ਼ ਦੀਆਂ ਤਿੰਨ-ਚਾਰ ਜਿੱਲਦਾਂ ਮਿਲੀਆਂ ਸਨ। ਉਨ੍ਹਾਂ ਨੂੰ ਸਿਰ ’ਤੇ ਚੁੱਕੀ ਮੈਂ ਜਰਨੈਲੀ ਸੜਕ ’ਤੇ ਪਹੁੰਚ ਗਿਆ। ਇਸ ਸੜਕ ਉੱਤੋਂ ਅੰਮ੍ਰਿਤਸਰ ਵੱਲ ਨੂੰ ਮੁਸਲਮਾਨਾਂ ਦੇ ਬਹੁਤ ਕਾਫ਼ਲੇ ਲੰਘਦੇ ਹੁੰਦੇ ਸੀ। ਉਨ੍ਹਾਂ ਨਾਲ ਬਲੋਚ ਰੈਜੀਮੈਂਟ ਹੁੰਦੀ ਸੀ। ਉਨ੍ਹਾਂ ਬੰਦੂਕਾਂ ਦੀਆਂ ਨਾਲੀਆਂ ਮੇਰੇ ਵੱਲ ਕਰ ਦਿੱਤੀਆਂ। ਮੈਂ ਹੱਥ ਖੜ੍ਹਾ ਕਰਕੇ ਕਿਹਾ-ਤੁਸੀਂ ਮੇਰੀ ਗੱਲ ਤਾਂ ਸੁਣ ਲਓ। ਉਨ੍ਹਾਂ ਇਸ਼ਾਰੇ ਨਾਲ ਮੈਨੂੰ ਕੋਲ ਸੱਦਿਆ। ਮੈਂ ਉਹ ਜਿਲਦਾਂ ਉਨ੍ਹਾਂ ਦੇ ਸਪੁਰਦ ਕਰ ਦਿੱਤੀਆਂ।

ਗੱਲਾਂ ਅਤੇ ਸੋਚਾਂ ਦਾ ਸਿਲਸਿਲਾ ਜਾਰੀ ਸੀ ਕਿ ਬੱਸ ਐਮਨਾਬਾਦ ਪਹੁੰਚ ਗਈ। ਓਥੋਂ ਅਨਵਰ ਨੇ ਕਿਸੇ ਦਾ ਸਾਈਕਲ ਲਿਆ ਤੇ ਉਹ ਪਿੰਡ ਵੱਲ ਨੂੰ ਚੱਲ ਪਏ। ਪਿੰਡ ਦੀ ਜੂਹ ਲੰਘਦਿਆਂ ਉਨ੍ਹਾਂ ਨੇ ਵੇਖਿਆ ਕਿ ਚੌਕੀਦਾਰ ਨਵਾਬ ਨੂੰ ਕੁਝ ਬੰਦੇ ਥੱਪੜ ਮਾਰ ਰਹੇ ਨੇ। ਬੂੜਾ ਤੇ ਅਨਵਰ ਵੀ ਉਨ੍ਹਾਂ ਕੋਲ ਪਹੁੰਚ ਗਏ। ਬੂੜੇ ਨੂੰ ਪਛਾਣਦਿਆਂ ਨਵਾਬ ਅੱਧ-ਰੋਂਦੀ ਆਵਾਜ਼ ’ਚ ਬੋਲਿਆ-ਤੁਹਾਡੇ ਬਗੈਰ ਸਾਡਾ ਕੀ ਹਾਲ ਆ, ਵੇਖ ਲਓ ਸਰਦਾਰੋ। ਤੁਹਾਡੇ ਹੁੰਦਿਆਂ ਅਸੀਂ ਸਾਰੇ ਪਿੰਡ ਦੇ ਮਾਲਕ ਹੁੰਦੇ ਸਾਂ। ਜਿੱਥੋਂ ਦਿਲ ਕਰਦਾ, ਪੱਠੇ ਵੱਢ ਲੈਂਦੇ ਸਾਂ।

ਬੂੜਾ ਥੱਪੜ ਮਾਰਨ ਵਾਲਿਆਂ ਨੂੰ ਮੁਖ਼ਾਤਿਬ ਹੋਇਆ- ਨਵਾਬ ਤਾਂ ਕਿਸੇ ਵੀ ਘਰੋਂ ਚੀਜ਼ ਚੁੱਕ ਕੇ ਲੈ ਜਾਂਦਾ ਤਾਂ ਇਹਨੂੰ ਕੋਈ ਨਹੀਂ ਸੀ ਰੋਕਦਾ ਹੁੰਦਾ। ਇਹ ਸਾਡਾ ਰਖਵਾਲਾ ਹੁੰਦਾ ਸੀ। ਜੇ ਇਹ ਪੱਠਿਆਂ ਦੀ ਮੁੱਠ ਲੈ ਚੱਲਾ ਤਾਂ ਕਿਹੜੀ ਕਿਆਮਤ ਆ ਚੱਲੀ ਏ?

ਨਵਾਬ ਵੀ ਅੱਖਾਂ ਪੂੰਝਦਾ ਉਨ੍ਹਾਂ ਨਾਲ ਪਿੰਡ ਵੱਲ ਨੂੰ ਤੁਰ ਪਿਆ। ਬੂੜੇ ਨੇ ਸਾਰਾ ਪਿੰਡ ਘੁੰਮਿਆ। ਆਪਣਾ ਘਰ ਵੇਖਿਆ। ਉਹ ਥਾਂ ਵੀ ਵੇਖੀ ਜਿੱਥੇ ਉਹਦੇ ਬਾਪੂ ਦਾ ਸਸਕਾਰ ਕੀਤਾ ਸੀ। ਪਿੰਡ ਦੇ ਤਿੰਨੋਂ ਖੂਹ ਵੇਖੇ। ਪੁਰਾਣੇ ਦਰਖੱਤ ਵੇਖੇ। ਉਹ ਫੀਦੇ ਦਰਜ਼ੀ ਦੇ ਘਰ ਵੀ ਗਿਆ। ਓਥੇ ਹੁਣ ਚੜ੍ਹਦੇ ਪੰਜਾਬ ਤੋਂ ਗਏ ਮੁਸਲਮਾਨ ਵੱਸ ਰਹੇ ਸਨ।

ਚਾਣਚਕ ਉਹਨੂੰ ਤਾਈ ਸਲਾਮਤੇ ਮਿਲ ਗਈ। ਉਹ ਬੂੜੇ ਨੂੰ ਜੱਫੀ ਪਾ ਕੇ ਮਿਲੀ। ਇਹ ਟੱਬਰ ਵੀ ਬੂੜੇ ਹੋਰਾਂ ਦਾ ਮੁਜ਼ਾਰਾ ਹੁੰਦਾ ਸੀ।

‘ਤਾਈ, ਨਜ਼ੀਬਾਂ ਦਾ ਪਤਾ ਕਿ ਉਹਦਾ ਨਿਕਾਹ ਕਿੱਥੇ ਹੋਇਆ?’ ਬੂੜੇ ਨੇ ਬੀਬੀ ਸਲਾਮਤੇ ਨੂੰ ਸਵਾਲ ਕੀਤਾ ਤਾਂ ਅਨਵਰ ਉਹਨੂੰ ਬਾਹੋਂ ਫੜ ਕੇ ਤੁਰ ਪਿਆ।

‘ਸ਼ਾਮ ਹੋ ਗਈ ਏ ਬੂੜਿਆ। ਅਸੀਂ ਲਾਹੌਰ ਵੀ ਮੁੜਨਾ।’ ਕੁਝ ਕਦਮ ਪੁੱਟਣ ਤੋਂ ਬਾਅਦ ਅਨਵਰ ਤੋਂ ਬਾਂਹ ਛੁਡਵਾ ਕੇ ਬੂੜਾ ਫਿਰ ਤੋਂ ਬੀਬੀ ਸਲਾਮਤੇ ਅੱਗੇ ਆਣ ਖੜੋਤਾ।

‘ਪੁੱਤਰਾ! ਉਸ ਵਿਚਾਰੀ ਦਾ ਨਿਕਾਹ ਕਿੱਥੇ ਹੋਣਾ ਸੀ। ਉਹ ਤਾਂ ਤੁਹਾਡੇ ਜਾਣ ਤੋਂ ਦੋ ਮਹੀਨਿਆਂ ਬਾਅਦ ਹੀ ਖੂਹੀ ’ਚ ਛਾਲ ਮਾਰ ਕੇ ਮਰ ਗਈ ਸੀ।’ ਬੀਬੀ ਸਲਾਮਤੇ ਨੇ ਨਿਰਾਸ਼ਾ ’ਚ ਸਿਰ ਮਾਰਦਿਆਂ ਆਖਿਆ ਤਾਂ ਬੂੜੇ ਦਾ ਸਿਰ ਚਕਰਾ ਗਿਆ।

ਇਸ ਤੋਂ ਪਹਿਲਾਂ ਬੂੜਾ ਰੋਣ ਲੱਗ ਜਾਂਦਾ, ਅਨਵਰ ਉਹਦਾ ਕਲਾਵਾ ਭਰਦਿਆਂ ਉਹਨੂੰ ਭੀੜ ਤੋਂ ਦੂਰ ਲੈ ਗਿਆ। ਇਸ ਤੋਂ ਬਾਅਦ ਬੂੜਾ ਕੁਝ ਨਹੀਂ ਸੀ ਬੋਲਿਆ। ਉਹ ਐਮਨਾਬਾਦ ਵੱਲ ਮੁੜ ਪਏ।

‘ਇਹ ਕਿਵੇਂ ਹੋ ਗਿਆ?’ ਬੂੜੇ ਨੇ ਚੁੱਪ ਤੋੜੀ।

‘ਉਹਦੇ ਘਰ ਦੇ ਨਿਕਾਹ ਲਈ ਜ਼ੋਰ ਪਾਉਂਦੇ ਸੀ, ਪਰ ਉਹਨੂੰ ਭਰਮ ਸੀ ਕਿ ਤੁਸੀਂ ਮੁੜ ਆਉਣਾ।’ ਅਨਵਰ ਨੇ ਆਖਿਆ।

‘ਤੂੰ ਮੈਨੂੰ ਦੱਸਿਆ ਕਿਉਂ ਨਈਂ?’ ਬੂੜੇ ਨੇ ਰੋਂਦਿਆਂ ਪੁੱਛਿਆ।

‘ਤੁਸੀਂ ਤਾਂ ਪਹਿਲਾਂ ਹੀ ਉੱਜੜੇ ਹੋਏ ਸੀ। ਜੇ ਮੈਂ ਨਜ਼ੀਬਾਂ ਦੀ ਮੌਤ ਬਾਰੇ ਦੱਸਦਾ ਤਾਂ ਤੇਰਾ ਦਿਲ ਟੁੱਟ ਜਾਣਾ ਸੀ। ਇਸ ਕਰਕੇ ਮੈਂ...।’ ਅਨਵਰ ਨੇ ਉਦਾਸ ਸੁਰ ’ਚ ਆਖਿਆ।

ਉਸ ਰਾਤ ਉਹ ਐਮਨਾਬਾਦ ਰਹੇ। ਅਗਲੀ ਸਵੇਰ ਉਹ ਲਾਹੌਰ ਆ ਗਏ। ਬੂੜਾ ਦੋ ਦਿਨ ਅਨਵਰ ਕੋਲ ਰਿਹਾ। ਉਹ ਨਿਰੰਤਰ ਪਿੰਡ ਦੀਆਂ ਗੱਲਾਂ ਕਰਦੇ ਰਹੇ। ਮੁੜ-ਮੁੜ ਰੋਂਦੇ ਰਹੇ। ਚੌਥੇ ਦਿਨ ਜਦੋਂ ਉਹ ਅਨਵਰ ਦੇ ਘਰੋਂ ਤੁਰਨ ਲੱਗਾ ਤਾਂ ਉਹਨੇ ਆਪਣੇ ਝੋਲੇ ’ਚੋਂ ਕੱਪੜਿਆਂ ’ਚ ਲਪੇਟਿਆ ਕੁਰਾਨ ਸ਼ਰੀਫ਼ ਕੱਢ ਲਿਆ।

‘ਇਹ ਮੈਂ ਨਜ਼ੀਬਾਂ ਲਈ ਲੈ ਕੇ ਆਇਆ ਸਾਂ। ਹੁਣ ਤੂੰ ਰੱਖ ਲੈ!’ ਅਨਵਰ ਨੂੰ ਕੁਰਾਨ ਸ਼ਰੀਫ਼ ਫੜਾਉਂਦਿਆਂ ਉਹਦੀ ਭੁੱਬ ਨਿਕਲ ਗਈ।

ਸੰਪਰਕ: 97818-43444

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All