ਲੜੀ ਨੰਬਰ 70

ਓਮ ਪ੍ਰਕਾਸ਼ ਗਾਸੋ ਦੀ ਖੇਡ ਸਿਰਜਣਾ

ਓਮ ਪ੍ਰਕਾਸ਼ ਗਾਸੋ ਦੀ ਖੇਡ ਸਿਰਜਣਾ

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

ਓਮ ਪ੍ਰਕਾਸ਼ ਗਾਸੋ ਨੱਬਿਆਂ ਨੂੰ ਢੁੱਕਾ ਸਰਗਰਮ ਲੇਖਕ ਹੈ। ਉਸ ਦੀਆਂ ਆਪਣੀਆਂ ਕਿਤਾਬਾਂ ਦੀ ਗਿਣਤੀ ਪੰਜਾਹਾਂ ਤੋਂ ਟੱਪ ਚੁੱਕੀ ਹੈ। ਇਨਾਮਾਂ ਦੀ ਗਿਣਤੀ ਤਾਂ ਸੌ ਤੋਂ ਵੀ ਟੱਪ ਚੁੱਕੀ ਹੋਵੇਗੀ। ਉਸ ਨੇ ਵੀਹ ਤੋਂ ਵੱਧ ਨਾਵਲ ਲਿਖੇ ਹਨ ਤੇ ਸੈਂਕੜੇ ਫੁਟਕਲ ਲੇਖ। ਬਾਲ ਸਾਹਿਤ ਵੀ ਰਚਿਆ ਤੇ ਖੇਡ ਸਾਹਿਤ ਦੀਆਂ ਭੂਮਿਕਾਵਾਂ ਵੀ ਬੰਨ੍ਹੀਆਂ ਹਨ। ਬੱਚਿਆਂ ਦੀਆਂ ਖੇਡਾਂ ਤੋਂ ਲੈ ਕੇ ਮੱਲਾਂ ਦੀ ਪਹਿਲਵਾਨੀ ਬਾਰੇ ਵੀ ਲਿਖਿਆ ਹੈ। ਪਹਿਲਾਂ ਉਹ ਸਕੂਲਾਂ ਵਿਚ ਖੇਡਾਂ ਦਾ ਪੀਟੀ ਮਾਸਟਰ ਹੀ ਹੁੰਦਾ ਸੀ। ਲੇਖਕ ਤੇ ਪ੍ਰੋਫੈਸਰ ਬਾਅਦ ਵਿਚ ਬਣਿਆ। ਮੁੱਢਲੇ ਰੁਜ਼ਗਾਰ ਵਜੋਂ ਉਸ ਨੇ ਕਈ ਵਰ੍ਹੇ ਬਰਨਾਲੇ ਦੇ ਪੇਂਡੂ ਸਕੂਲਾਂ ਵਿਚ ਪੀਟੀ ਹੋਣ ਦੀ ਵਿਸਲ ਵਜਾਈ। ਸਕੂਲਾਂ ਤੇ ਹੋਰ ਸਾਂਝੀਆਂ ਥਾਵਾਂ ਤੇ ਬੇਅੰਤ ਬੂਟੇ ਤੇ ਬ੍ਰਿਛ ਲਾਏ। ਚਾਰ ਚੁਫੇਰੇ ਹਰਿਆਵਲ ਦਾ ਖੁੱਲ੍ਹਾ ਛੱਟਾ ਦਿੱਤਾ ਜਿਸ ਦੀ ਗਵਾਹੀ ਫਲ-ਫੁੱਲ ਭਰ ਰਹੇ ਹਨ। ਮਹਿਕਾਂ ਤੇ ਸੁਗੰਧੀਆਂ ਭਰ ਰਹੀਆਂ ਹਨ।

ਮ ਪ੍ਰਕਾਸ਼ ਗਾਸੋ ਨੱਬਿਆਂ ਨੂੰ ਢੁੱਕਾ ਸਰਗਰਮ ਲੇਖਕ ਹੈ। ਪੰਜਾਬੀ ਦਾ ਸਾਹਿਤ ਰਤਨ। ਸਕੂਲਾਂ ਵਿਚ ਉਹ ਪੀਟੀ ਮਾਸਟਰ ਹੁੰਦਾ ਸੀ ਤੇ ਕਾਲਜਾਂ ਵਿਚ ਪੰਜਾਬੀ ਦਾ ਪ੍ਰੋਫੈਸਰ। ਉਹ ਸੱਤ ਪੱਤਣਾਂ ਦਾ ਤਾਰੂ ਹੈ ਪਰ ਦੇਖਣ ਨੂੰ ਓਨਾ ਨਹੀਂ ਲੱਗਦਾ ਜਿੰਨਾ ਹੈਗਾ। ਦੇਖਣ ਨੂੰ ਅਮਲੀ ਜਿਹਾ ਹੀ ਲੱਗਦੈ ਪਰ ਹੈਗਾ ਪੂਰਾ ਸੋਫੀ ਤੇ ਸਿਰੇ ਦਾ ਵਿਦਵਾਨ। ਜਿੰਨੇ ਸਾਲਾਂ ਦੀ ਉਹਦੀ ਉਮਰ ਹੈ, ਮਾਨ ਸਨਮਾਨ ਓਦੂੰ ਵੱਧ ਮਿਲ ਚੁੱਕੇ ਨੇ। ਉਹਦਾ ਕਿਤੇ ਰੂਬਰੂ ਹੁੰਦਾ ਦੇਖੀਏ ਤਾਂ ਉਂਗਲਾਂ ਨਚਾਉਂਦਾ ਤਮਾਸ਼ਾ ਕਰਦਾ ਲੱਗਦਾ ਹੈ। ਗੱਲਾਂ ਤੋਂ ਗਾਲੜੀ ਜਿਹਾ ਜਾਪਦਾ ਹੈ ਪਰ ਹੈ ਗਹਿਰ ਗੰਭੀਰ। ਅਗਮ ਨਿਗਮ ਦਾ ਜਾਣੀਜਾਣ। ਪੜ੍ਹਨ ਪੜ੍ਹਾਉਣ ਦੇ ਨਾਲ ਨਾਲ ਹਜ਼ਾਰਾਂ ਰੁੱਖ ਬੂਟੇ ਲਾਉਣ ਤੇ ਪਾਲਣ ਵਾਲਾ ਉਹ ਪਰਉਪਕਾਰੀ ਜਿਊੜਾ ਹੈ। ਉਹਦੇ ਮਿੱਤਰ ਮੰਡਲ ਦੀਆਂ ਕਿਤਾਬਾਂ ਦਾ ਲੰਗਰ ਕਈ ਸਾਲਾਂ ਤੋਂ ਜਾਰੀ ਹੈ।

ਉਸ ਦੀਆਂ ਆਪਣੀਆਂ ਕਿਤਾਬਾਂ ਦੀ ਗਿਣਤੀ ਪੰਜਾਹਾਂ ਤੋਂ ਟੱਪ ਚੁੱਕੀ ਹੈ। ਇਨਾਮਾਂ ਦੀ ਗਿਣਤੀ ਤਾਂ ਸੌ ਤੋਂ ਵੀ ਟੱਪ ਚੁੱਕੀ ਹੋਵੇਗੀ। ਕੱਪ, ਟਰਾਫੀਆਂ, ਪਲੇਕਾਂ ਤੇ ਸ਼ਾਲਾਂ ਭੂਰੀਆਂ ਨਾਲ ਘਰ ਦਾ ਕੋਈ ਖੱਲ-ਖੂੰਜਾ ਖਾਲੀ ਨਹੀਂ ਰਿਹਾ। ਉਸ ਨੇ ਵੀਹ ਤੋਂ ਵੱਧ ਨਾਵਲ ਲਿਖੇ ਹਨ ਤੇ ਸੈਂਕੜੇ ਫੁਟਕਲ ਲੇਖ। ਬਾਲ ਸਾਹਿਤ ਵੀ ਰਚਿਆ ਤੇ ਖੇਡ ਸਾਹਿਤ ਦੀਆਂ ਭੂਮਿਕਾਵਾਂ ਵੀ ਬੰਨ੍ਹੀਆਂ ਹਨ। ਬੱਚਿਆਂ ਦੀਆਂ ਖੇਡਾਂ ਤੋਂ ਲੈ ਕੇ ਮੱਲਾਂ ਦੀ ਪਹਿਲਵਾਨੀ ਬਾਰੇ ਵੀ ਲਿਖਿਆ ਹੈ। ਪਹਿਲਾਂ ਉਹ ਸਕੂਲਾਂ ਵਿਚ ਖੇਡਾਂ ਦਾ ਪੀਟੀ ਮਾਸਟਰ ਹੀ ਹੁੰਦਾ ਸੀ। ਲੇਖਕ ਤੇ ਪ੍ਰੋਫੈਸਰ ਬਾਅਦ ਵਿਚ ਬਣਿਆ। ਮੁੱਢਲੇ ਰੁਜ਼ਗਾਰ ਵਜੋਂ ਉਸ ਨੇ ਕਈ ਵਰ੍ਹੇ ਬਰਨਾਲੇ ਦੇ ਪੇਂਡੂ ਸਕੂਲਾਂ ਵਿਚ ਪੀਟੀ ਹੋਣ ਦੀ ਵਿਸਲ ਵਜਾਈ। ਵਿਦਿਆਰਥੀਆਂ ਨੂੰ ਕਸਰਤਾਂ ਤੇ ਖੇਡਾਂ ਨਾਲ ਅਨੁਸ਼ਾਸਨ ਵੀ ਸਿਖਾਇਆ। ਸਕੂਲਾਂ ਤੇ ਹੋਰ ਸਾਂਝੀਆਂ ਥਾਵਾਂ ਤੇ ਬੇਅੰਤ ਬੂਟੇ ਤੇ ਬ੍ਰਿਛ ਲਾਏ। ਚਾਰ ਚੁਫੇਰੇ ਹਰਿਆਵਲ ਦਾ ਖੁੱਲ੍ਹਾ ਛੱਟਾ ਦਿੱਤਾ ਜਿਸ ਦੀ ਗਵਾਹੀ ਫਲ-ਫੁੱਲ ਭਰ ਰਹੇ ਹਨ। ਮਹਿਕਾਂ ਤੇ ਸੁਗੰਧੀਆਂ ਭਰ ਰਹੀਆਂ ਹਨ।

ਖੇਡ ਲੇਖਕ ਨਵਦੀਪ ਗਿੱਲ ਨੇ ਆਪਣੀ ਪੁਸਤਕ ‘ਨੌਲੱਖਾ ਬਾਗ’ ਵਿਚ ਲਿਖਿਆ: ਮੇਰੇ ਪਿਤਾ ਜੀ ਨੂੰ ਉਨ੍ਹਾਂ ਦਾ ਕੁਲੀਗ ਰਹਿਣ ਦਾ ਮਾਣ ਹਾਸਲ ਹੈ। ਇਕੋ ਸਕੂਲ ਵਿਚ ਗਾਸੋ ਜੀ ਪੀਟੀ ਅਤੇ ਮੇਰੇ ਪਿਤਾ ਜੀ ਡੀਪੀਈ ਰਹੇ ਹਨ। ਉਹ ਮੇਰੇ ਪਹਿਲੇ ਆਦਰਸ਼ਕ ਲੇਖਕ ਹਨ ਜਿਨ੍ਹਾਂ ਵਰਗਾ ਬਣਨਾ ਮੈਂ ਅਕਸਰ ਲੋਚਦਾ। ਗਾਸੋ ਦੀ ਰਿਸ਼ਟ-ਪੁਸ਼ਟ ਸਿਹਤ ਦਾ ਰਾਜ਼ ਵੀ ਸਰੀਰਕ ਸਿੱਖਿਆ ਅਧਿਆਪਕ ਹੋਣਾ ਹੈ। ਸਕੂਲ ਪੜ੍ਹਾਉਂਦਿਆਂ ਗਾਸੋ ਨੇ ਪੰਜਾਬੀ ਵਿਸ਼ੇ ਵਿਚ ਪੰਜਾਬੀ ਯੂਨੀਵਰਸਿਟੀ ਤੋਂ ਐੱਮਏ ਐੱਮਫਿਲ ਕੀਤੀ ਤੇ ਕਾਲਜ ਲੈਕਚਰਾਰ ਬਣੇ। ਉਸ ਦੇ ਤਿੰਨ ਪੁੱਤਰਾਂ ਵਿਚੋਂ ਦੋ ਪੁੱਤਰਾਂ ਸੁਦਰਸ਼ਨ ਤੇ ਰਵੀ ਨੇ ਪੀਐੱਚਡੀ ਕੀਤੀ ਜੋ ਹੁਣ ਪ੍ਰੋਫੈਸਰ ਹਨ। ਗਾਸੋ ਨੇ ਹਿੰਦੀ ਦੀ ਵੀ ਐੱਮਏ ਕੀਤੀ। ਉਸ ਦਾ ਜਨਮ 9 ਅਪਰੈਲ 1933 ਨੂੰ ਪੰਡਤ ਗੋਪਾਲ ਦਾਸ ਦੇ ਘਰ ਮਾਤਾ ਉੱਤਮੀ ਦੇਵੀ ਦੀ ਕੁੱਖੋਂ ਹੋਇਆ। ਉਸ ਨੂੰ ਬਚਪਨ ਤੋਂ ਹੀ ਅਣਚਾਹੇ, ਅਣਡਿੱਠੇ ਤੇ ਅਣਗੌਲੇ ਪਲਾਂ ਵਿਚੋਂ ਗੁਜ਼ਰਨਾ ਪਿਆ। ਉਹਦਾ ਬਚਪਨ ਸਾਧਾਂ ਸੰਤਾਂ ਦੇ ਡੇਰਿਆਂ ਵਿਚ ਬੀਤਿਆ ਜਿਸ ਬਾਰੇ ਉਹ ਆਪਣੀ ਸਵੈਜੀਵਨੀ ‘ਨਦੀ ਦਾ ਨਾਦ’ ਵਿਚ ਲਿਖਦਾ ਹੈ:

ਹੰਢਿਆਇਆ ਵਾਲੇ ਸਾਧਾਂ ਦਾ, ਉਹ ਪਤਾ ਨਹੀਂ ਕਿਹੜਾ ਨਿਰਮਲਿਆਂ, ਉਦਾਸੀਆਂ, ਬੈਰਾਗੀਆਂ ਦਾ ਡੇਰਾ ਸੀ, ਜਿਥੇ ਮੇਰਾ ਬਾਪ ਮੈਨੂੰ ਲੰਡਰ ਜਿਹਾ ਕਤੂਰਾ ਸਮਝ ਕੇ ਛੱਡ ਗਿਆ ਪਰ ਪਤਾ ਨਹੀਂ ਕਿਹੜੀ ਸ਼ਕਤੀ ਸੀ ਜਿਸ ਨੇ ਮੈਨੂੰ ਲੰਡਰ ਕਤੂਰੇ ਤੋਂ ਅਵਾਰਾ ਕੁੱਤਾ ਨਾ ਬਣਨ ਦਿੱਤਾ। ਸਾਧਾਂ ਦੇ ਡੇਰਿਆਂ ਤੇ ਤੇਰਾਂ ਸਾਲ ਗੁਜ਼ਾਰਨ ਵਾਲੇ ਗਾਸੋ ਨੇ ਗਜਾ ਦੀਆਂ ਰੋਟੀਆਂ ਵੀ ਮੰਗੀਆਂ, ਸਾਧੂਆਂ ਦੀਆਂ ਚਿਲਮਾਂ ਵੀ ਭਰੀਆਂ ਤੇ ਮੰਦਰਾਂ ਚ ਖੜਤਾਲਾਂ ਵੀ ਖੜਕਾਈਆਂ। ਗਾਸੋ ਦਾ ਬਚਪਨ ਰੋਹੀ-ਬੀਆਬਾਨ ਤੇ ਸੁੰਨੇ ਖੇਤਾਂ ਦੀਆਂ ਪਗਡੰਡੀਆਂ ਤੇ ਬੀਤਿਆ ਜਿਥੇ ਉਸ ਨੂੰ ਪਾਧਾ ਬਣਾਉਣ ਲਈ ਤੋਰਿਆ ਗਿਆ ਸੀ ਪਰ ਉਨ੍ਹਾਂ ਹਾਲਤਾਂ ਵਿਚ ਉਹ ਪਾਧਾ ਬਣਨ ਦੀ ਥਾਂ ਪਾੜ੍ਹਾ ਬਣ ਕੇ ਅਗਾਂਹ ਪਾੜ੍ਹਿਆਂ ਨੂੰ ਪੜ੍ਹਾਉਣ ਲੱਗ ਪਿਆ। ਸਕੂਲਾਂ ਦੀ ਪੀਟੀ ਮਾਸਟਰੀ ਸਮੇਂ ਜੇ ਕਿਸੇ ਜਮਾਤ ਦਾ ਪੀਰੀਅਡ ਖਾਲੀ ਹੁੰਦਾ ਤਾਂ ਗਾਸੋ ਵਿਦਿਆਰਥੀਆਂ ਨੂੰ ਪੰਜਾਬੀ ਜਾਂ ਹਿੰਦੀ ਪੜ੍ਹਾਉਣ ਲੱਗ ਜਾਂਦਾ। ਪਹਿਲੀ ਨਜ਼ਰੇ ਹਰ ਕੋਈ ਉਸ ਨੂੰ ਪੰਜਾਬੀ ਜਾਂ ਹਿੰਦੀ ਦਾ ਅਧਿਆਪਕ ਸਮਝਦਾ। ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਉਹ ਕਬੱਡੀ ਤੇ ਖੋ-ਖੋ ਵੀ ਖਿਡਾਉਂਦਾ।

ਪੁਸਤਕ ਸਭਿਆਚਾਰ ਪੈਦਾ ਕਰਨ ਲਈ ਗਾਸੋ ਦੀ ਸਭ ਤੋਂ ਵੱਡੀ ਦੇਣ ਮਿੱਤਰ ਮੰਡਲ ਪ੍ਰਕਾਸ਼ਨ ਹੈ। ਮਿੱਤਰ ਮੰਡਲ ਪ੍ਰਕਾਸ਼ਨ ਦੀ ਸਥਾਪਨਾ 1966 ਵਿਚ ਹੋਈ ਸੀ। ਉਦੋਂ ਇਸ ਵਿਚ 200 ਦੋਸਤ ਸ਼ਾਮਲ ਸਨ ਜਿਨ੍ਹਾਂ ਤੋਂ ਪ੍ਰਤੀ ਵਿਅਕਤੀ 5 ਰੁਪਏ ਲਏ ਗਏ ਅਤੇ ਇਸ ਬਦਲੇ 4 ਪੁਸਤਕਾਂ ਵੰਡਣ ਲਈ ਦਿੱਤੀਆਂ ਗਈਆਂ। ਇਹ ਪੁਸਤਕਾਂ ਗਾਸੋ ਦੇ ਪਹਿਲੇ ਚਾਰ ਨਾਵਲ ‘ਸੁਪਨੇ ਤੇ ਸੰਸਕਾਰ’, ‘ਕੱਪੜਵਾਸ’, ‘ਆਸ ਅੱਥਰੂ’ ਤੇ ‘ਮਿੱਟੀ ਦਾ ਮੁੱਲ’ ਸਨ। ਉਦੋਂ ਤੋਂ ਪੁਸਤਕਾਂ ਘਰ-ਘਰ ਪਹੁੰਚਾਉਣ ਦੇ ਉਪਰਾਲੇ ਜਾਰੀ ਹਨ। ਮਿੱਤਰ ਮੰਡਲ ਪ੍ਰਕਾਸ਼ਨ ਵੱਲੋਂ ਹੁਣ ਤਕ 50 ਹਜ਼ਾਰ ਤੋਂ ਵੱਧ ਪੁਸਤਕਾਂ ਵਿਚ ਵੰਡੀਆਂ ਜਾ ਚੁੱਕੀਆਂ ਹਨ ਅਤੇ ਏਨੀਆਂ ਹੀ ਹੋਰ ਵੰਡਣ ਦਾ ਟੀਚਾ ਹੈ। ਪੁਸਤਕ ਦੀ ਕੀਮਤ ਪਹਿਲਾਂ 20 ਰੁਪਏ ਹੁੰਦੀ ਸੀ, ਫਿਰ 5 ਰੁਪਏ ਦਾ ਵਾਧਾ ਕਰ ਦਿੱਤਾ ਗਿਆ। 100 ਰੁਪਏ ਵਿਚ ਪਾਠਕ ਨੂੰ ਪਹਿਲਾਂ 5 ਪੁਸਤਕਾਂ ਮਿਲਦੀਆਂ ਸਨ ਹੁਣ 4 ਮਿਲਦੀਆਂ ਹਨ। ਕੋਈ ਖ਼ੁਸ਼ੀ, ਗ਼ਮੀ, ਵਿਆਹ ਸ਼ਾਦੀ, ਪਾਰਟੀ, ਸੇਵਾਮੁਕਤੀ ਜਾਂ ਹੋਰ ਕੋਈ ਵੀ ਸਮਾਗਮ ਹੋਵੇ ਗਾਸੋ ਹੋਰੀਂ ਕਿਤਾਬਾਂ ਦੇ ਝੋਲੇ ਭਰ ਕੇ ਪਹੁੰਚ ਜਾਂਦੇ ਹਨ।

ਗਾਸੋ ਦੀ ਪੁਸ਼ਾਕ ਸਾਦੀ ਜਿਹੀ ਪੋਚਵੀਂ ਪਗੜੀ, ਜੇਬ ਤੇ ਖੀਸੇ ਵਾਲਾ ਝੱਗਾ, ਜੇਬ ਚ ਪੈੱਨ, ਖੀਸੇ ਚ ਬੱਸ ਦਾ ਕਿਰਾਇਆ, ਝੱਗੇ ਦੇ ਰੰਗ ਦਾ ਪਜਾਮਾ ਤੇ ਦੇਸੀ ਜੁੱਤੀ ਜਾਂ ਗੁਰਗਾਬੀ ਦਾ ਹੁੰਦੈ। ਅੱਖਾਂ ਤੇ ਮੋਟੀਆਂ ਐਨਕਾਂ ਤੇ ਖੱਬੇ ਮੋਢੇ ਤੇ ਲਮਕਦਾ ਖੱਦਰ ਦਾ ਖਾਕੀ ਝੋਲਾ ਹੁੰਦੈ ਜਿਸ ਵਿਚ ਕਿਤਾਬਾਂ ਨਾਲ ਪੋਣੇ ਚ ਬੱਧੇ ਘਰ ਦੇ ਮਿੱਸੇ ਪਰੌਂਠੇ ਹੁੰਦੇ ਨੇ। ਆਪ ਤਾਂ ਖਾਣੇ ਹੀ ਹੁੰਦੇ ਨੇ, ਉਹ ਨਾਲ ਦਿਆਂ ਨੂੰ ਵੀ ਖੁਆਉਂਦਾ ਰਹਿੰਦੈ। ਅੱਸੀ ਸਾਲ ਦੀ ਉਮਰ ਤਕ ਹੀਰੇ ਹਿਰਨ ਵਾਂਗ ਕਿਸੇ ਨੂੰ ਡਾਹੀ ਨਹੀਂ ਸੀ ਦਿੰਦਾ ਪਰ ਹੁਣ ਖੱਬੀ ਲੱਤ ਤੋਂ ਢੀਚਕ ਜਿਹਾ ਮਾਰਨ ਲੱਗ ਪਿਐ ਤੇ ਦੰਦਾਂ ਵਿਚ ਵੀ ਪਾੜ ਪੈਣੇ ਸ਼ੁਰੂ ਹੋ ਗਏ ਨੇ। ਉਂਜ ਹੈ ਅਜੇ ਵੀ ਪੂਰੀ ਚੜ੍ਹਦੀ ਕਲਾ ਵਿਚ।

ਦਸਵੀਂ ਉਸ ਨੇ ਰਿੜ-ਖਿੜ ਕੇ ਪਾਸ ਕੀਤੀ ਸੀ। ਦਸਵੀਂ ਕਰਨ ਪਿੱਛੋਂ ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ, ਕੀ ਕੀਤਾ ਜਾਵੇ? ਕਿਸੇ ਪੀਟੀ ਮਾਸਟਰ ਨੇ ਦੱਸ ਪਾਈ ਕਿ ਉਹਦੇ ਵਾਂਗ ਮਦਰਾਸ ਤੋਂ ਕੋਰਸ ਕਰ ਲਵੇ ਤਾਂ ਪੀਟੀ ਮਾਸਟਰ ਦੀ ਨੌਕਰੀ ਵੱਟ ਤੇ ਪਈ ਐ। ਗਾਸੋ ਨੇ ਮਦਰਾਸ ਤੋਂ ਪੀਟੀਆਈ ਦਾ ਕੋਰਸ ਕਰ ਲਿਆ ਤਾਂ ਸੱਚੀਂ ਪੀਟੀ ਮਾਸਟਰ ਲੱਗ ਗਿਆ ਜਿਸ ਨਾਲ ਉਹ ਆਪ ਤੇ ਉਹਦਾ ਪਰਿਵਾਰ ਪੈਰਾ ਸਿਰ ਹੋ ਗਿਆ। ਵਿਆਹ ਉਹਦਾ ਛੋਟੀ ਉਮਰ ਵਿਚ ਹੀ ਹੋ ਗਿਆ ਸੀ। ਸੁੱਖ ਨਾਲ ਤਿੰਨ ਪੁੱਤਰਾਂ ਤੇ ਦੋ ਧੀਆਂ ਦਾ ਬਾਪ ਹੈ। ਉਹ ਖੇਡ ਵਿੱਦਿਆ ਦਾ ਚੰਗਾ ਗਿਆਤਾ ਹੈ ਜਿਸ ਨੇ ਕਈ ਖੇਡ ਪੁਸਤਕਾਂ ਦੀਆਂ ਭੂਮਿਕਾਵਾਂ ਲਿਖੀਆਂ ਤੇ ਪੰਜਾਬੀ ਖੇਡ ਸਾਹਿਤ ਵਿਚ ਸੀਰ ਪਾਇਆ। 1999 ਵਿਚ ਛਪੀ ਪਿਆਰਾ ਸਿੰਘ ਰਛੀਨ ਦੀ ਪੁਸਤਕ ‘ਕੁਸ਼ਤੀ ਅਖਾੜੇ’ ਦੀ ਭੂਮਿਕਾ ਬੰਨ੍ਹਦਿਆਂ ਉਸ ਨੇ ਲਿਖਿਆ:

ਇਕ ਵਡਮੁੱਲੀ ਰਚਨਾ

ਕੁਦਰਤ ਦੇ ਵਿਸ਼ਾਲ ਅਖਾੜੇ ਵਿਚ ਸਦੀਆਂ ਤੋਂ ਹੀ ਨਹੀਂ ਸਗੋਂ ਯੁਗਾਂ ਯੁਗਾਂ ਤੋਂ ਮਨੁੱਖ, ਜ਼ਿੰਦਗੀ ਨੂੰ ਸੁਚੱਜਾ ਬਣਾਉਣ ਲਈ ਦੋ ਹੱਥ ਕਰਦਾ ਆ ਰਿਹਾ ਹੈ। ਉਮਰਾਂ ਦੇ ਇਸ ਅਭਿਆਸ ਵਿਚ ਬਹੁਤ ਸਾਰੇ ਦਾਅ-ਪੇਚ ਵਰਤੋਂ ਵਿਚ ਆਉਂਦੇ ਰਹੇ। ਅੰਤ ਨੂੰ ਇਹ ਦਾਅ-ਪੇਚ, ਵਿੱਦਿਆ ਤੇ ਵਿਗਿਆਨ ਦਾ ਸੰਦੇਸ਼ ਧਾਰਨ ਕਰ ਕੇ, ਸਮੇਂ, ਸਮਾਜ, ਸੰਸਕ੍ਰਿਤੀ, ਸਭਿਆਚਾਰ ਅਤੇ ਸਭਿਅਤਾ ਦੀ ਮਲਕੀਅਤ ਬਣ ਬੈਠੇ। ਜਿੱਤ-ਹਾਰ ਦੀ ਇਸ ਲੰਮੀ ਕਹਾਣੀ ਨੇ ਮਨੁੱਖ ਨੂੰ ਮੱਲ ਬਣਾਇਆ। ਮੱਲ ਦਾ ਮਤਲਬ ਹੁੰਦਾ ਹੈ, ਭੁਜਾ ਨਾਲ ਲੜਨ ਵਾਲਾ ਬਲਵਾਨ ਬੰਦਾ। ਮੱਲ ਯੁੱਧ ਦੀ ਭੂਮੀ ਨੂੰ ਅਖਾੜਾ ਆਖਿਆ ਜਾਂਦਾ ਹੈ। ‘ਸਭੁ ਤੇਰਾ ਖੇਲੁ ਅਖਾੜਾ ਜੀਉ’। ਮੱਲ ਨੂੰ ਪਹਿਲਵਾਨ ਵੀ ਆਖਿਆ ਜਾਂਦਾ ਹੈ। ਪਹਿਲਵਾਨ ਦਾ ਅਰਥ ਵੀ ਸੂਰਬੀਰ, ਬਹਾਦਰ ਤੇ ਯੋਧਾ ਹੀ ਹੁੰਦਾ ਹੈ।

ਸੂਰਬੀਰਤਾ ਦੇ ਕਿਰਦਾਰ ਵਿਚ ਮੋਹਰੀ ਪੰਜਾਬ, ਜ਼ਿੰਦਗੀ ਨੂੰ ਸਦਾ ਸ਼ਰਧਾ ਨਾਲ ਸਵੀਕਾਰ ਕਰਦਾ ਰਿਹਾ। ਪੰਜਾਬ ਜ਼ਿੰਦਗੀ ਦਾ ਉਪਾਸ਼ਕ ਹੈ। ਉਮਰਾਂ ਦੇ ਅਰਥਾਂ ਨੂੰ ਸਮਝਣ ਵਾਲੀਆਂ ਕੌਮਾਂ ਸਿਆਣੀਆਂ ਹੁੰਦੀਆਂ ਹਨ। ਉਮਰਾਂ ਦੇ ਅਰਥਾਂ ਦੀ ਲੱਭਤ ਮਿਹਨਤ ਵਿਚੋਂ ਮਿਲਦੀ ਹੈ। ਮਿਹਨਤ ਕਰਨ ਵਾਲੇ ਮਨੁੱਖ ਮੱਲ ਬਣਦੇ ਹਨ। ਘੰਟਿਆਂ-ਬੱਧੀ ਮਿੱਟੀ ਦੇ ਅਖਾੜੇ ਵਿਚ ਮਿਹਨਤ ਕਰਨ ਵਾਲਾ ਮੱਲ, ਸਮਾਜ ਦੀ ਮਹਿਕ ਤੇ ਟਹਿਕ ਬਣ ਕੇ ਜਿੱਤ ਦੀ ਗੁਰਜ ਨੂੰ ਆਪਣੇ ਮੋਢੇ ਤੇ ਰੱਖਣ ਦਾ ਹੱਕਦਾਰ ਹੁੰਦਾ ਹੈ।

ਪਾਣਿਨੀ ਕਾਲ ਵਿਚ ਜਦੋਂ ਪੰਜਾਬ ਸਪਤ ਸਿੰਧੂ ਸੀ, ਉਸ ਸਮੇਂ ਅੱਠ ਕਿਸਮ ਦੀਆਂ ਕੁਸ਼ਤੀਆਂ ਹੁੰਦੀਆਂ ਸਨ। ਉਨ੍ਹਾਂ ਵਿਚੋਂ ਇਕ ਭੇਡੂ ਕੁਸ਼ਤੀ ਵੀ ਸੀ। ਜਿਸ ਤਰ੍ਹਾਂ ਭੇਡੂ ਟਕਰਾਉਂਦੇ ਹਨ, ਇੰਝ ਹੀ ਮੱਲ ਟਕਰਾਉਂਦੇ ਸਨ। ਨਿਰਸੰਦੇਹ, ਬਦਲਦੇ ਸਮੇਂ ਨਾਲ ਜ਼ਿੰਦਗੀ ਦੇ ਬਾਹਰੀ ਪੈਂਤਰੇ ਬਦਲਦੇ ਰਹਿੰਦੇ ਹਨ ਪਰ ਇਨ੍ਹਾਂ ਬਾਹਰਲੇ ਪੈਂਤਰਿਆਂ ਨਾਲ ਜ਼ਿੰਦਗੀ ਦਾ ਮੂਲ ਨਹੀਂ ਬਦਲਦਾ। ਪੰਜਾਬ ਦੇ ਪਹਿਨਾਵੇ ਵਿਚ ਲੰਗੋਟ ਦੀ ਆਪਣੀ ਵਿਸ਼ੇਸ਼ ਥਾਂ ਹੈ। ਹਨੂਮਾਨ ਅਤੇ ਭੈਰੋਂ ਯਤੀ ਨੂੰ ਪੰਜਾਬ, ਸ਼ਕਤੀ ਦੇ ਪ੍ਰਤੀਕ ਵਾਂਗ ਪੂਜਦਾ ਰਿਹਾ। ਹਨੂਮਾਨ ਦਾ ਲੰਗੋਟ ਤੇ ਹਨੂਮਾਨ ਦਾ ਰੋਟ ਪੰਜਾਬੀ ਸਭਿਆਚਾਰ ਦਾ ਪੂਜਨੀਕ ਪ੍ਰਕਰਨ ਬਣਿਆ ਰਿਹਾ। ਪੰਜਾਬ ਭਗਤੀ ਅਤੇ ਸ਼ਕਤੀ ਦਾ ਕੇਂਦਰ ਹੈ। ਭਗਤੀ ਅਤੇ ਸ਼ਕਤੀ ਨੂੰ ਹੀ ਸੰਤ ਅਤੇ ਸਿਪਾਹੀ ਦੇ ਸੋਹਣੇ ਤੇ ਸੁਚੱਜੇ ਸੰਬੋਧਨ ਦੀ ਥਾਂ ਮਿਲੀ ਹੈ।

ਪੰਜਾਬ ਦੇ ਪੁੱਤ, ਹੋਣਹਾਰ ਜੀਵਨ-ਧਾਰਾ ਦੇ ਕਾਰਜਸ਼ੀਲ ਕਾਰਿੰਦੇ ਹਨ। ਅਭਿਆਸ, ਕਿਰਤ, ਕਰਮ, ਸੰਜਮ, ਸਾਧਨਾ, ਸਮਰੱਥਾ, ਸੰਘਰਸ਼, ਸਹਿਯੋਗ, ਮਨੋਰੰਜਨ, ਮੁਕਾਬਲੇ, ਮੱਲਾਂ ਮਾਰਨੀਆਂ, ਮੱਲ ਬਣ ਕੇ ਰਹਿਣਾ, ਪੰਜਾਬੀ ਜੁੱਸੇ ਦਾ ਜ਼ਰੂਰੀ ਅੰਗ ਹੈ। ਨਿਰਸੰਦੇਹ ਪੰਜਾਬ ਦੇ ਇਸ ਸੁਭਾਅ ਨੂੰ ਅੱਜ ਖੋਰਾ ਲਾਇਆ ਜਾ ਰਿਹਾ ਹੈ। ਪੰਜਾਬੀ ਸਭਿਆਚਾਰ ਦੀ ਸਵੱਛ ਤੇ ਸੁੰਦਰ ਪਿਰਤ ਬਣੀ ਰਹੀ ਹੈ ਕਿ ਸਵੇਰਸਾਰ ਕਿਸੇ ‘ਮੱਲ’ ਦੇ ਦਰਸ਼ਨ ਹੋ ਜਾਣ ਤਾਂ ਸਾਰਾ ਦਿਨ ਸੁਭਾਗਾ ਬੀਤਦਾ ਹੈ। ਇਸ ਲੋਕ-ਕਹਾਵਤ ਦਾ ਅਰਥ ਬੜਾ ਸਾਫ਼ ਹੈ ਕਿ ਤੰਦਰੁਸਤ, ਸੂਰਤ ਤੇ ਸੀਰਤ ਦਾ ਮਾਲਕ ਪਹਿਲਵਾਨ, ਜ਼ਿੰਦਗੀ ਦੀ ਖ਼ੁਸ਼ਨੁਮਾ ਕਹਾਣੀ ਕਹਿਣ ਵਾਲਾ ਜਿਊਂਦਾ ਜਾਗਦਾ ਹੋਣਹਾਰ ਪੁਰਸ਼ ਹੁੰਦਾ ਹੈ।

ਪਹਿਲਵਾਨ ਫ਼ੱਕਰ ਤੇ ਦਰਵੇਸ਼ ਹੁੰਦੇ ਹਨ। ਇਨ੍ਹਾਂ ਫ਼ੱਕਰਾਂ ਤੇ ਦਰਵੇਸ਼ਾਂ ਦੀ ਜ਼ਿੰਦਗੀ, ਘਾਲਣਾ, ਮਿਹਨਤ, ਮੁਸ਼ੱਕਤ, ਮਜਬੂਰੀ ਅਤੇ ਮਹਿਕ ਵਾਂਗ ਹੁੰਦੀ ਹੈ। ਇਨ੍ਹਾਂ ਦਰਵੇਸ਼ਾਂ ਤੇ ਫ਼ੱਕਰਾਂ ਬਾਰੇ ਲਿਖਣ ਵਾਲਾ ਲੇਖਕ ਪਿਆਰਾ ਸਿੰਘ ਆਪ ਵੀ ਦਰਵੇਸ਼ ਦਿਲ ਦਾ ਬੰਦਾ ਹੈ। ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਕੁਝ ਸ਼ੌਂਕ ਸਿਦਕ, ਸਿਰੜ, ਸਵੱਸਥਾ, ਸੁੰਦਰਤਾ, ਸੰਗਰਾਮ, ਸਮਰੱਥਾ, ਸੰਘਰਸ਼ ਅਤੇ ਸਾਦਗੀ ਵਾਲੇ ਹੁੰਦੇ ਹਨ। ਪਹਿਲਵਾਨੀ ਦਾ ਸ਼ੌਂਕ ਸਮਾਜਿਕ ਜ਼ਿੰਦਗੀ ਨੂੰ ਚਾਰ ਚੰਨ ਲਾਉਣ ਵਾਲਾ ਹੈ। ਕਦੇ ਸਮਾਂ ਸੀ ਜਦੋਂ ਮੱਲ ਪੰਜਾਬੀ ਸਭਿਆਚਾਰ ਦਾ ਸ਼ਿੰਗਾਰ ਬਣੇ ਹੋਏ ਸਨ। ਆਮ ਬੋਲ-ਚਾਲ ਵਿਚ ‘ਮੱਲ’ ਸ਼ਬਦ ਦਾ ਸੰਬੋਧਨ, ਸੁਚੱਜਾ, ਪਿਆਰਾ ਤੇ ਸਤਿਕਾਰ ਵਾਲਾ ਬੋਲ ਹੁੰਦਾ ਸੀ। ਕਿਹਾ ਜਾਂਦਾ ਸੀ, ‘ਕਿਉਂ ਬਈ ਮੱਲਾ ਕਿਥੋਂ ਦੇ ਤਿਆਰੇ ਨੇ’, ‘ਮੱਲ ਬਣ ਕੇ ਆਈਂ ਤੇ ਜ਼ਰਾ ਕੁ ਮੇਰੀ ਮਦਦ ਕਰੀਂ’, ‘ਕੀ ਹਾਲ ਐ ਮੱਲ ਦਾ’ ਤੇ ‘ਮੱਲਾ ਬੈਠਣ ਨੂੰ ਜ਼ਰਾ ਕੁ ਥਾਂ ਤਾਂ ਦੇਵੀਂ’ ਆਦਿ।

ਪਹਿਲਵਾਨ, ਅਖਾੜੇ ਦੀ ਮਿੱਟੀ ਨੂੰ ਮਾਣਯੋਗ ਸਮਝਦਾ ਹੈ। ਇਸ ਮਰਿਯਾਦਾ ਮੁਤਾਬਿਕ ਪਹਿਲਵਾਨ ਲਈ ਅਖਾੜਾ ਪੂਜਨੀਕ ਹੁੰਦਾ ਹੈ ਤੇ ਉਹ ਇਸ ਅਖਾੜੇ ਵਿਚ ਆਪਣੇ ਦਾਅ-ਪੇਚ ਦੁਆਰਾ ਜਿੱਤ ਵੱਲ ਵਧਦਾ ਹੈ। ‘ਦਾਓ’ ਜਿਸ ਨੂੰ ਅਸੀਂ ਆਮ ਤੌਰ ‘ਤੇ ‘ਦਾਅ’ ਆਖਦੇ ਹਾਂ ਦਾ ਭਾਵ ਹੁੰਦਾ ਹੈ, ਘਾਤ, ਯੋਗ ਮੌਕਾ, ਸਮਾਂ, ਵੇਲਾ ਜਾਂ ਅਵਸਰ। ਪੇਚ ਦਾ ਅਰਥ ਬਣਦਾ ਹੈ, ਘੁਮਾਓ, ਉਲਝਣ, ਛਲ ਤੇ ਕਪਟ ਆਦਿ। ਪਹਿਲਵਾਨ ਲਈ ਆਪਣੇ ਗੁਰੂ ਦੀ ਬੜੀ ਮਹੱਤਤਾ ਹੁੰਦੀ ਹੈ। ਗੁਰੂ ਅੰਗਦ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਹੋਰਾਂ ਨੇ ਪੰਜਾਬ ਵਿਚ ਅਖਾੜਿਆਂ ਦੀ ਪਿਰਤ ਪਾਈ ਸੀ। ਪੁਸਤਕ ‘ਭਾਰਤ ਦੇ ਰੁਸਤਮ ਪਹਿਲਵਾਨ’ ਦੀ ਭੂਮਿਕਾ ਵਿਚੋਂ:

ਭਾਰਤ ਦੀ ਪਹਿਲਵਾਨੀ ਪਰੰਪਰਾ

ਸੰਸਾਰਕ ਜ਼ਿੰਦਗੀ ਦੇ ਸੰਸਾਰਕ ਅਖਾੜਿਆਂ ਵਿਚ ਸਮਾਜ ਘੁਲਦਾ ਹੋਇਆ ਜਿੱਤਦਾ ਤੇ ਹਾਰਦਾ ਰਹਿੰਦਾ ਹੈ। ਕਦੇ ਮੁਸ਼ਕਿਲਾਂ ਬੰਦੇ ਨੂੰ ਢਾਹ ਲੈਂਦੀਆਂ ਹਨ ਤੇ ਕਦੇ ਬੰਦਾ ਮੁਸ਼ਕਿਲਾਂ ਤੇ ਕਾਬੂ ਪਾ ਕੇ ਉਨ੍ਹਾਂ ਉਤੇ ਸਵਾਰ ਹੋ ਬੈਠਦਾ ਹੈ। ਸਮਾਜਿਕ ਅਖਾੜਿਆਂ ਤੋਂ ਬਿਨਾ ਪਹਿਲਵਾਨਾਂ ਨੇ ਕੁਸ਼ਤੀ ਕਲਾ ਦੀ ਪ੍ਰਾਪਤੀ ਲਈ ਅਖਾੜੇ ਬਣਾਏ ਹੁੰਦੇ ਹਨ। ਧਰਤੀ ਉਤੇ ਗੁੱਡੇ ਉਹ ਅਖਾੜੇ ਪਹਿਲਵਾਨਾਂ ਲਈ ਪਵਿੱਤਰ ਹੁੰਦੇ ਹਨ। ਭਲਾ ਹੋਵੇ ਜੇਕਰ ਸਾਡਾ ਸਮਾਜ ਜ਼ਿੰਦਗੀ ਵਿਚ ਘੋਲ ਕਰਨ ਵਾਲੇ ਅਖਾੜਿਆਂ ਨੂੰ ਪੂਜਨੀਕ ਸਮਝਣ ਲੱਗ ਪਵੇ:

ਪਹਿਲਵਾਨ ਸਭਿਆਚਾਰਕ ਵਿਰਸੇ ਦੀ ਪਵਿੱਤਰਤਾ ਦੇ ਸੰਸਕ੍ਰਿਤਕ ਸੂਤਰ ਹੁੰਦੇ ਹਨ। ਪਹਿਲਵਾਨ ਸਵਾਸਥ ਦਾਰਸ਼ਨਿਕ ਦੀ ਸੁਚੱਜੀ ਦਿੱਖ ਹੁੰਦੇ ਹਨ। ਪਹਿਲਵਾਨ ਪੂਜਨੀਕ ਪਰੰਪਰਾ ਦੀ ਪਛਾਣ ਹੁੰਦੇ ਹਨ। ਪਹਿਲਵਾਨ ਪ੍ਰੇਰਨਾ ਦੇ ਪ੍ਰਤੀਕ ਹੁੰਦੇ ਹਨ। ਪਹਿਲਵਾਨ ਤਾਂ ਰੱਬ ਦਾ ਰੂਪ ਹੁੰਦੇ ਹਨ।

ਦਰਵੇਸ਼ ਦਿਲਾਂ ਦੇ ਮਾਲਕ, ਪਹਿਲਵਾਨ ਫੱਕਰ ਉਮਰ ਦੀ ਉਪਾਸ਼ਨਾ ਕਰਦਿਆਂ ਕਰਦਿਆਂ ਧਰਤੀ ਮਾਂ ਦੀ ਮਿੱਟੀ ਨੂੰ ਆਪਣੇ ਮੱਥੇ ਦਾ ਸੁਭਾਗ ਸਮਝਦੇ ਰਹਿੰਦੇ ਹਨ।

ਪਹਿਲਵਾਨ ਸ਼ਕਤੀ ਦਾ ਸੂਚਕ ਹੁੰਦੇ ਹਨ। ਪਹਿਲਵਾਨ ਪੂਜਨੀਕ ਹੁੰਦੇ ਹਨ। ਪਹਿਲਵਾਨ ਸਾਧਾਂ ਵਰਗੇ ਹੁੰਦੇ ਹਨ।

ਹਨੂੰਮਾਨ ਲਈ ਜਿਥੇ ਮੰਨ ਤੇ ਮੰਨੀ ਦੇ ਚੜ੍ਹਾਵੇ ਦੀ ਪਰੰਪਰਾ ਹੈ, ਉਥੇ ਹਨੂੰਮਾਨ ਦੀ ਮੂਰਤੀ ਉਤੇ ਲੰਗੋਟ ਦੇ ਚੜ੍ਹਾਵੇ ਦੀ ਸ਼ਰਧਾ ਵੀ ਹੈ। ਕਿੱਕਰ ਸਿੰਘ, ਗਾਮਾ, ਕਰਤਾਰ ਸਿੰਘ ਆਦਿ ਪਹਿਲਵਾਨਾਂ ਬਾਰੇ ਪੜ੍ਹਦਿਆਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਅਗਿਆਤ ਅੱਖਰਾਂ ਦੇ ਅੰਗ ਸੰਗ ਤੁਰਦੇ ਤੁਰਦੇ ਕਿਸੇ ਅਣਪਛਾਤੀ ਸਿਖਰ ਦੀ ਪੂਜਾ ਕਰਨ ਲੱਗ ਪਏ ਹੋਈਏ। ਇਸ ਪੁਸਤਕ ਦੇ ਪੜ੍ਹਨ ਨਾਲ ਜਿਵੇਂ ਰਾਜਿਆਂ ਮਹਾਰਾਜਿਆਂ, ਨਵਾਬਾਂ ਦੇ ਸੌਂਕ, ਪਿੰਡਾਂ, ਰਿਆਸਤਾਂ, ਇਲਾਕਿਆਂ, ਰਿਆਸਤਾਂ ਤੇ ਖਿੱਤਿਆਂ ਦੇ ਕਰਮ ਦੀ ਪੂਰਤੀ ਕਰਨ ਵਾਲੇ ਇਤਿਹਾਸ ਦੀਆਂ ਗੱਲਾਂ ਆਪ ਮੁਹਾਰੇ ਹੀ ਅਸਾਡੇ ਆਪੇ ਵਿਚ ਰਚ ਮਿਚ ਗਈਆਂ ਹੋਣ।

ਪਹਿਲਵਾਨੀ ਦੇ ਅਤਿ ਉੱਤਮ ਗੁਣਾਂ ਵਿਚੋਂ ਜਾਤ-ਪਾਤ, ਫਿਰਕਿਆਂ, ਮਜ਼੍ਹਬਾਂ, ਸੰਕੀਰਨਤਾ ਤੇ ਸੰਪਰਦਾਇਕਤਾ ਦੀ ਕੋਈ ਥਾਂ ਨਹੀਂ। ਪਹਿਲਵਾਨ ਖੁਸ਼-ਇਖ਼ਲਾਕ ਜ਼ਿੰਦਗੀ ਦੀਆਂ ਖ਼ੁਸ਼ੀਆਂ ਦੇ ਸੋਮੇ ਹੁੰਦੇ ਹਨ। ਬਹਾਦਰੀ, ਸੂਰਬੀਰਤਾ, ਸ਼ਕਤੀ, ਸਮਰੱਥਾ ਅਤੇ ਸੰਘਰਸ਼ ਕਾਰਨ ਪਹਿਲਵਾਨੀ ਦੀ ਪਛਾਣ ਬਣੀ ਰਹਿੰਦੀ ਹੈ। ਪਹਿਲਵਾਨ ਦੇ ਹੋਣਹਾਰ ਜੁੱਸੇ ਦੇ ਹੁਨਰ ਨੂੰ ਦੇਖ ਕੇ ਆਮ ਆਦਮੀ ਨੂੰ ਵੀ ਪ੍ਰੇਰਨਾ ਮਿਲਦੀ ਰਹਿੰਦੀ ਹੈ। ਪਹਿਲਵਾਨੀ ਪ੍ਰਤਿਭਾ ਦੀ ਖ਼ੁਸ਼ਬੂਦਾਰ ਖ਼ੂਬਸੂਰਤੀ ਦੇ ਪ੍ਰਭਾਵ ਸਦਕਾ ਆਮ ਆਦਮੀ ਦੀ ਆਂਤਰਿਕਤਾ ਅੰਦਰ ਵੀ ਹੌਸਲਾ ਠਾਠਾਂ ਮਾਰਨ ਲੱਗ ਪੈਂਦਾ ਹੈ। ਇਸ ਤਰ੍ਹਾਂ ਇਸ ਪੁਸਤਕ ਨੂੰ ਅਣਪਛਾਤੇ ਕਿਰਦਾਰ ਦੀ ਕਰਾਮਾਤੀ ਕਿਰਤ ਵਜੋਂ ਸਵੀਕਾਰ ਕਰ ਸਕਦੇ ਹਾਂ ਕਿਉਂਕਿ ਇਸ ਪੁਸਤਕ ਦੁਆਰਾ ਭਾਰਤ ਦੀ ਪਹਿਲਵਾਨੀ ਪਰੰਪਰਾ ਦੇ ਪੜਾਅ ਦੀ ਇਤਿਹਾਸਕ ਜਾਣਕਾਰੀ ਵਾਲਾ ਮਹੱਤਵਪੂਰਨ ਅਧਿਆਏ ਮੂਰਤੀਮਾਨ ਹੋ ਸਕਿਆ ਹੈ।

ਗਾਸੋ ਦੀ ਸਵੈਜੀਵਨੀ ਵਿਚੋਂ

ਅਸਾਡੇ ਅਗਵਾੜ ਦੀਆਂ ਚਾਰ ਪੰਜ ਗਲੀਆਂ ਵਿਚ ਮਹਾਜਨਾਂ ਦੇ ਕੇਵਲ ਦੋ ਘਰ ਸਨ। ਪੰਡਤਾਂ ਦੇ ਪੰਜ ਕੁ ਘਰ ਸਨ। ਉਹ ਮਹਾਜਨ ਤੇ ਪੰਡਤ ਵੀ ਜ਼ਿਮੀਂਦਾਰਾਂ ਵਰਗੇ ਹੀ ਹੁੰਦੇ ਸਨ। ਦੇਖਿਆ ਜਾਵੇ ਤਾਂ ਸਾਦਗੀ ਬਿਨਾ ਜ਼ਿੰਦਗੀ ਦੀ ਸਮਝ ਨਹੀਂ ਆ ਸਕਦੀ। ਮੁਸ਼ਕ ਵਾਲੇ ਖਿਆਲ ਖਰਮਸਤੀ ਪੈਦਾ ਕਰਦੇ ਹਨ। ਆਪਣੇ ਅਗਵਾੜ ਦੀ ਉੱਚੀ ਸਾਰੀ ਆਬੀ ਦੇ ਨਾਲ ਲਗਦੇ ਪਹੇ ਵਿਚ ਅਸੀਂ ਅਗਵਾੜ ਦੇ ਅਣਘੜ ਬੱਚੇ ‘ਹੋਬੱਲ’ ਦੀ ਖੇਡ ਖੇਡੀ ਜਾਂਦੇ ਰਹਿੰਦੇ। ਕਦੇ ਕਦੇ ਆਬੀ ਦੀਆਂ ਰੂੜੀਆਂ ਤੇ ਕੱਖ ਕਾਨੇ ਚੁਗਣ ਵਾਲੇ ਗਧਿਆਂ ਦੇ ਟੀਟਣੇ ਖਾਈ ਜਾਂਦੇ ਰਹਿੰਦੇ। ਅੱਜ ਕੱਲ੍ਹ ਗੱਭਰੂ ਅਤੇ ਕਿਸ਼ੋਰ ਉਮਰ ਦੇ ਦੇਸੀ ਮੁੰਡਿਆਂ ਨੂੰ ‘ਹੋਬੱਲ ਹੋਬੱਲ’ ਵਾਲੀ ਖੂੰਡੇ ਖੂੰਡੀਆਂ ਨਾਲ ਖੇਲ੍ਹੀ ਜਾਣ ਵਾਲੀ ਖੇਡ ਦਾ ਪਤਾ ਹੀ ਨਹੀਂ ਹੋਣਾ। ਇਹ ਦੇਸੀ ਕਿਸਮ ਦੀ ਪੇਂਡੂ ਹਾਕੀ ਹੁੰਦੀ ਸੀ। ਅਸੀਂ ਕਾਲੀਆਂ ਕਿੱਕਰਾਂ, ਪੀਲੇ ਤੂਤਾਂ ਤੇ ਲਾਲ ਬੇਰੀਆਂ ਦੇ ਦਰੱਖਤਾਂ ਤੋਂ ਦੁਸਾਂਗੜ ਕਿਸਮ ਦਾ ਮੋਟਾ ਜਿਹਾ ਜਾਤੂ ਵੱਢ ਕੇ ਲੈ ਆਉਂਦੇ। ਇਸ ਦੇ ਸਿਰੇ ਤੇ ਹਾਕੀ ਸਟਿਕ ਵਾਂਗ ਖੂੰਡ ਹੁੰਦਾ ਸੀ। ਇਸ ਜਾਤੂ ਨੂੰ ਘਰ ਦੀ ਛੱਤ ਉੱਤੇ ਧੁੱਪੇ ਸੁੱਟ ਦਿੰਦੇ। ਜਾਤੂ ਸੁਕਦਾ ਰਹਿੰਦਾ ਤੇ ਹਾਕੀ ਸਟਿਕ ਬਣਦਾ ਰਹਿੰਦਾ। ਲੀਰਾਂ ਇਕੱਠੀਆਂ ਕਰ ਕੇ, ਲੀਰਾਂ ਦੇ ਮੋਟੇ ਸਾਰੇ ਗੋਲੇ ਨੂੰ ਸਣ ਦੀਆਂ ਪਤਲੀਆਂ ਰੱਸੀਆਂ ਨਾਲ ਮੜ੍ਹ ਕੇ ਖੁੱਦੋ ਬਣਾ ਲੈਂਦੇ। ਇੰਝ ਖੁੱਦੋ ਖੂੰਡੀ ਦੀ ਖੇਡ ਨੂੰ ‘ਹੋਬੱਲ ਹੋਬੱਲ’ ਆਖਦੇ ਖੇਡਦੇ ਰਹਿੰਦੇ। ‘ਹੋਬੱਲ’ ਦਾ ਅਰਥ ਹੁੰਦਾ ਸੀ ਆਪਣੀ ਸਾਈਡ ਤੇ ਹੋ।

ਜੇਕਰ ਸਮਾਜ ਵਿਚਲਾ ਹਰ ਵਰਗ ਦਾ ਬੰਦਾ ਆਪਣੀ ਸਾਈਡ ਤੇ ਹੋ ਕੇ ਤੁਰਦਾ ਰਹੇ ਤਾਂ ਸਮਾਜਿਕ ਦੁਰਘਟਨਾਵਾਂ ਨਾ ਹੋਣ। ਸਾਡੀ ਇਸ ਨਿੱਕੀ ਜਿਹੀ ਪੇਂਡੂਨੁਮਾ ਖੇਡ ਦਾ ਸਾਹਿਤ ਨਾਲ ਸੰਬੰਧਿਤ ਪ੍ਰਕਰਨ ਇਹ ਵੀ ਬਣਦਾ ਹੈ ਕਿ ਜਦੋਂ ਕੋਈ ਆਰਥਿਕ, ਸਮਾਜਿਕ ਜਾਂ ਅਧਿਆਤਮਕ ਵਿਵਸਥਾ ਆਪਣੇ ਪਾਸੇ ਤੋਂ ਇੱਕ ਪਾਸੇ ਹੋ ਬੈਠਦੀ ਹੈ ਤਦ ਲੋਕ-ਪੱਖੀ ਚੇਤਨਾ ਸੰਵੇਦਨਸ਼ੀਲ ਧਾਰਨਾਵਾਂ ਨੂੰ ਅਪਣਾਉਣ ਲੱਗ ਪੈਂਦੀ ਹੈ। ਬੱਸ ਇੰਝ ਮੇਰੀ ਜਿੰਨੀ ਕੁ ਸੰਵੇਦਨਾ ਹੈ, ਉਹ ਬਚਪਨ ਤੋਂ ਹੀ ਆਪਣੇ ਵੱਲ ਹੋ ਕੇ ਤੁਰਨ ਦੀ ਰੁਚੀ ਕਾਰਨ ਰਮਣੀਕ ਬਣੀ ਹੋਈ ਹੈ।

ਦੁਖਾਂਤ ਤਾਂ ਉਸ ਸਮੇਂ ਪੈਦਾ ਹੁੰਦੇ ਹਨ ਜਦ ਦਿਸ਼ਾਹੀਣ ਸਮਾਜ ਅਨਾਰਕੀ ਨੂੰ ਅਪਣਾਉਣ ਲੱਗ ਪੈਂਦਾ ਹੈ। ਸਮਾਜਿਕ ਅਨਾਰਕੀ ਲਈ ਧਾਰਮਿਕ ਸੋਚ ਅਨਰਥ ਸ਼ਬਦ ਦੀ ਵਰਤੋਂ ਕਰਦੀ ਆ ਰਹੀ ਹੈ। ਹੁਣ ਗੱਲ ਸਾਫ਼ ਹੁੰਦੀ ਜਾ ਰਹੀ ਹੈ ਕਿ ਮੇਰੇ ਸੰਸਕਾਰ ਤੰਦਰੁਸਤ ਕਿਵੇਂ ਬਣੇ? ਕੁਦਰਤ ਵਿਚੋਂ ਸਫਾਈ ਤੇ ਸਪੱਸ਼ਟਤਾ ਦੇ ਆਪ ਮੁਹਾਰੇ ਪੈਦਾ ਹੋਣ ਵਾਲੇ ਗੁਣਾਂ ਤੋਂ ਮੈਨੂੰ ਆਸ਼ੀਰਵਾਦ ਮਿਲਦੀ ਰਹੀ। ਦੇਖੋ ਨਾ ਸੂਰਜ, ਹਵਾ, ਸਾਗਰ, ਪਰਬਤ, ਪਾਣੀ, ਧਰਤੀ, ਚੰਨ ਆਦਿ ਕਿੰਨੇ ਸੁਤੰਤਰ ਹੁੰਦੇ ਹਨ। ਦਰੱਖ਼ਤ ਦੀ ਸੁੰਦਰਤਾ ਨੂੰ ਉਸ ਦੇ ਸੁਤੰਤਰ ਸੁਭਾਅ ਵਿਚੋਂ ਲੱਭਿਆ ਜਾ ਸਕਦਾ ਹੈ। ਕਿਰਨਾਂ ਦੇ ਪਸਾਰ ਦੀ ਸੁਤੰਤਰਤਾ ਕਿੰਨੀ ਸੁੰਦਰ ਹੁੰਦੀ ਹੈ। ਨਦੀ ਦੇ ਵਹਿਣ ਦੀਆਂ ਤਰੰਗਾਂ, ਬੇਮਿਸਾਲ ਸੁੰਦਰਤਾ ਦੀ ਤਰਤੀਬ ਹੁੰਦੀਆਂ ਹਨ। ਸੰਘਣੇ ਜੰਗਲਾਂ ਵਿਚਲੇ ਦਰੱਖ਼ਤਾਂ ਦੇ ਉੱਪਰ ਵੱਲ ਵਧਣ ਦੇ ਕੁਦਰਤੀ ਮੁਕਾਬਲੇ ਮਨਮੋਹਕ ਹੁੰਦੇ ਹਨ। ਹਰ ਇੱਕ ਦਰੱਖਤ ਨੇ ਸੂਰਜ ਤੋਂ ਚਾਨਣ, ਤਪਸ਼ ਅਤੇ ਗਰਮੀ ਪ੍ਰਾਪਤ ਕਰ ਕੇ ਆਪਣੇ ਆਪੇ ਨੂੰ ਵੱਧਦੇ ਫੁੱਲਦੇ ਰੱਖਣਾ ਹੁੰਦਾ ਹੈ। ਸੱਚ ਪੁੱਛੋ ਤਾਂ ਮੇਰੇ ਆਪੇ ਦੇ ਚੁਪਾਸੇ ਨੂੰ ਮੈਂ ਚਹੁਮੁਖੀਆ ਦੀਵਾ ਆਖ ਸਕਦਾ ਹਾਂ। ਮੇਰੇ ਆਪੇ ਦੇ ਚਹੁਮੁਖੀਏ ਦੀਵੇ ਦੀ ਜੋਤ ਲਈ ਮੈਨੂੰ ਕੁਦਰਤੀ ਕਰਮ ਵਿਚੋਂ ਚਾਨਣ ਮਿਲਦਾ ਰਿਹਾ ਤੇ ਇਸ ਕੁਦਰਤੀ ਚਾਨਣ ਕਾਰਨ ਮੈਂ ਅੱਜ ਵੀ ਲਟ ਲਟ ਬਲਦਾ ਤੇ ਜਜ਼ਬਾਤੀ ਭਾਬੜ ਵਾਂਗ ਭਖਦਾ ਭਖਦਾ ਨਾਵਲ ਲਿਖੀ ਜਾ ਰਿਹਾ ਹਾਂ। ਸੋ ਮੈਂ ਆਪਣੇ ਨਾਵਲਾਂ ਨੂੰ ਜਜ਼ਬਾਤੀ ਭਾਂਬੜ ਆਖ ਸਕਦਾ ਹਾਂ ਜਿਨ੍ਹਾਂ ਵਿਚਲੀ ਜਨਤਕ ਜੋਤ ਦੀ ਆਪਣੀ ਵਿਲੱਖਣਤਾ ਹੈ।

ਨਿੱਕੀਆਂ ਨਿੱਕੀਆਂ ਗੱਲਾਂ

ਨਿੱਕੀਆਂ ਨਿੱਕੀਆਂ ਗੱਲਾਂ ਦਾ ਆਨੰਦ ਚੜ੍ਹਦਾ ਤੇ ਲਹਿੰਦਾ ਪੰਜਾਬ ਮਾਣਦਾ ਰਿਹਾ। ਸਿਆਸੀ ਝੱਖੜ ਨੇ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਵੰਡ ਦਿੱਤਾ। ਥੀਊੜੇ ਦੇ ਪਹਾੜਾਂ ਦੀਆਂ ਖਾਣਾ ਵਿਚੋਂ ਨਿਕਲਦਾ ਸੁਲੇਮਾਨੀ ਲੂਣ ਪੰਜਾਬੀ ਸੁਆਦ ਤੇ ਸਭਿਆਚਾਰ ਦਾ ਅਟੁੱਟ ਅੰਗ ਬਣਿਆ ਰਿਹਾ। ਇਸ ਸੁਲੇਮਾਨੀ ਲੂਣ ਦੀ ਡਲੀ ਪੰਜਾਬੀ ਅਪਣੱਤ ਦੇ ਅੱਖਰ ਉਜਾਗਰ ਕਰਦੀ ਰਹੀ ਕਿਉਂਕਿ ਅੱਜ ਤੋਂ ਚਾਰ ਸਦੀਆਂ ਪਹਿਲਾਂ ਤਾਂ ਸਮੁੰਦਰੀ-ਲੂਣ ਪੰਜਾਬ ਦੀ ਧਰਤੀ ਉਤੇ ਆਇਆ ਹੀ ਨਹੀਂ ਸੀ। ਤਦੇ ਤਾਂ ਲੋਕ ਗੀਤ ਬਣਿਆ: ਮਿੱਤਰਾਂ ਦੀ ਲੂਣ ਦੀ ਡਲੀ ਮਿਸਰੀ ਬਰੋਬਰ ਜਾਣੀ।

ਦਵੰਦ ਉਥੇ ਛਿੜਦਾ ਹੈ ਜਿੱਥੇ ਮਨ, ਬਚਨ ਅਤੇ ਕਰਮ ਵੱਖ ਵੱਖ ਵਿਥਾਂ ਉਤੇ ਖੜ੍ਹੇ ਹੁੰਦੇ ਹਨ। ਪੰਜਾਬੀ ਸਭਿਆਚਾਰ ਵਿਚ ਇਹ ਵਿਥਾਂ ਤੇ ਬਖੇੜੇ ਨਹੀਂ, ਵੱਖਰਾਪਨ ਨਹੀਂ। ਜਿੱਥੇ ਵਿੱਥਾਂ ਨਹੀਂ ਹੁੰਦੀਆਂ, ਉਥੇ ਅੱਖਰ, ਸ਼ਬਦ ਅਰਥ, ਕਾਰਜ, ਸੋਚ ਸਮਝ, ਸੰਘਰਸ਼, ਸਮਰੱਥਾ, ਸੁਚੱਜ, ਕੁਚੱਜ ਸਾਰੇ ਦੇ ਸਾਰੇ ਸਾਫ ਸਪੱਸ਼ਟ ਅਤੇ ਸੁਖਾਵੇਂ ਬਣੇ ਰਹਿੰਦੇ ਹਨ। ਅਪਣੱਤ ਦੇ ਬੋਲਾਂ ਦੀ ਬਹਾਰ ਵਿਚ ਰਿਸ਼ਤਿਆਂ ਦਾ ਸ਼ਿੰਗਾਰ ਧਰਤੀ ਦੇ ਵਿਹੜੇ ਨੂੰ ਪ੍ਰੀਤ ਭਿੱਜੀਆਂ ਗਲਵੱਕੜੀਆਂ ਨਾਲ ਜਕੜ ਲੈਂਦਾ ਹੈ। ਆਵਾਜ਼ਾਂ ਉੱਚੀਆਂ ਹੋ ਆਖਦੀਆਂ ਨੇ: ਚੰਨ ਚੜ੍ਹਿਆ ਬਾਪ ਦੇ ਖੇੜੇ, ਵੀਰ ਘਰ ਪੁੱਤ ਜੰਮਿਆ। ਵਿਹੜੇ ਤੇ ਖੇੜੇ ਦੀ ਸੁੱਖ ਮੰਗਣਾ ਅਤੇ ਵਿਹੜੇ ਖੇੜੇ ਚ ਆਈਆਂ ਖੁਸ਼ੀਆਂ ਚ ਖੀਵੇ ਹੋ ਜਾਣਾ ਅਪਣੱਤ ਦਾ ਹੀ ਤਾਂ ਸਬੂਤ ਹੁੰਦਾ ਹੈ।

ਮਾਂ ਦੀ ਗੋਦ, ਬਾਪ ਦੀ ਬੁੱਕਲ, ਭੈਣ ਦੀ ਆਸ਼ੀਰਵਾਦ, ਨਾਨੇ, ਨਾਨੀ ਦੀਆਂ ਸਧਰਾਂ, ਦਾਦੀ ਦੀਆਂ ਇੱਛਾਵਾਂ, ਵੱਡੀ ਭਾਬੀ ਤੇ ਭਰਾ ਦੀ ਰੱਖ, ਜ਼ਿੰਦਗੀ ਨੂੰ ਲਾਡਲਾ ਜਿਹਾ ਬਣਾ ਕੇ ਉਤਸਾਹਿਤ, ਰਮਣੀਕ, ਸੁਖਾਲਾ ਅਤੇ ਸਾਵਾਂ ਬਣਾਈ ਰਖਦੀ ਹੈ। ਇਸ ਅਪਣੱਤ ਦਾ ਅਤਿਅੰਤ ਰੰਗੀਨ ਪਹਿਲੂ ਘਰ ਵਾਲੀ ਦੀਆਂ ਅੱਖਾਂ ਦੇ ਸੰਜੋਗ-ਵਿਯੋਗ ਦੇ ਪਲਾਂ ਸਮੇਂ ਵਹਿੰਦੇ ਅੱਥਰੂਆਂ ਦਾ ਪਾਣੀ ਹੁੰਦਾ ਹੈ। ਪਿਆਰ ਦਾ ਇਹ ਪਾਣੀ ਦਿਲਾਂ ਦਿਆਂ ਪੱਤਣਾਂ ਨੂੰ ਤੋੜ, ਦੂਰ, ਬਹੁਤ ਦੂਰ ਤਕ ਪਸਰੇ ਵਿਯੋਗ ਦੇ ਮਾਰੂਥਲ ਦੇ ਕੱਕੇ ਰੇਤੇ ਨੂੰ ਭਿਉਂ ਕੇ ਸਰਸਬਜ਼ ਕਰ ਦਿੰਦਾ ਹੈ। ਆਸ ਦੇ ਸੂਰਜ ਅਤੇ ਅਪਣੱਤ ਦੀਆਂ ਕਿਰਨਾਂ ਨਾਲ ਬਿਰਹਾ ਦਾ ਵਿਹੜਾ ਰੁਸ਼ਨਾ ਉਠਦਾ ਹੈ: ਤੈਨੂੰ ਤਾਪ ਚੜ੍ਹੇ ਤੇ ਮੈਂ ਪਈ ਹੂੰਗਾਂ, ਤੇਰੀ ਮੇਰੀ ਇੱਕ ਜਿੰਦੜੀ ਪੰਜਾਬ, ਭਾਰਤ ਦੀ ਉਸ ਪੱਕੀ ਡਿਓਢੀ ਵਾਂਗ ਹੈ ਜਿਸ ਦੀ ਨੀਂਹ ਵਿਚ ਮਰਦਾਨਗੀ ਅਤੇ ਸ਼ਹੀਦੀ ਦੀਆਂ ਪੱਕੀਆਂ ਇੱਟਾਂ ਲੱਗੀਆਂ ਹਨ। ਇਹ ਵੀ ਇੱਕ ਕਾਰਨ ਹੈ ਕਿ ਪੰਜਾਬ ਦੇ ਖੁੱਲ੍ਹੇ-ਖੁਲਾਸੇ ਮਨੁੱਖ ਅਤੇ ਤ੍ਰੀਮਤਾਂ, ਸੰਗ, ਸੰਕੋਚ ਅਤੇ ਫਰੇਬ ਦੇ ਕਿਸੇ ਫਰਮੇ ਜਾਂ ਫਰੇਮ ਚ ਜਕੜੇ ਹੋਏ ਨਹੀਂ ਸਗੋਂ ਇਹ ਤਾਂ ਆਪੇ ਦੀ ਵਿਸ਼ਾਲ ਮਾਲਾ ਦੇ ਝਿਲਮਿਲ ਕਰਦੇ ਮੋਤੀਆਂ ਵਾਂਗ ਸੁਹਿਰਦਤਾ ਦਾ ਸ਼ਿੰਗਾਰ ਬਣ ਕੇ ਲਿਸ਼ਕਦੇ ਹਨ।

ਜ਼ਿੰਦਗੀ ਦੀ ਬੁੱਕਲ ਚ ਬੈਠ ਜਦੋਂ ਕਦੇ ਪੰਜਾਬੀ ਆਪਣੇ ਸੁਰਮਈ ਸੁਪਨਿਆਂ ਨਾਲ ਲਾਡ-ਪਿਆਰ, ਚੋਹਲ ਮੋਹਲ, ਠੱਠਾ ਮਖੌਲ ਅਤੇ ਮਸ਼ਕਰੀ ਕਰਨ ਲਗਦੇ ਹਨ, ਤਦ ਇਨ੍ਹਾਂ ਦਾ ਆਪਾ ਸਾਗਰ ਦੀਆਂ ਲਹਿਰਾਂ ਵਾਂਗ ਠਾਠਾਂ ਮਾਰਦਾ ਹੋਇਆ ਆਖਦਾ ਹੈ:

ਤੂੰ ਹਸਦੀ ਦਿਲ ਰਾਜ਼ੀ ਮੇਰਾ ਲਗਦੇ ਬੋਲ ਪਿਆਰੇ,

ਚਲ ਕਿਧਰੇ ਦੋ ਗੱਲਾਂ ਕਰੀਏ ਬਹਿ ਕੇ ਨਦੀ ਕਿਨਾਰੇ।

ਲੁਕ ਲੁਕ ਲਾਈਆਂ ਪ੍ਰਗਟ ਹੋਈਆਂ ਵੱਜਗੇ ਢੋਲ ਨਗਾਰੇ,

ਸੋਹਣੀਏ ਆ ਜਾ ਨੀ ਡੁੱਬਦਿਆਂ ਨੂੰ ਰੱਬ ਤਾਰੇ।

ਸੰਪਰਕ: principalsarwansingh@gmail.com

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All