ਅਵਤਾਰ ਸਿੰਘ ਬਿਲਿੰਗ ਦੇ ਨਾਵਲ

ਅਵਤਾਰ ਸਿੰਘ ਬਿਲਿੰਗ ਦੇ ਨਾਵਲ

ਪਰਗਟ ਸਿੰਘ ਬਰਾੜ

ਅਵਤਾਰ ਸਿੰਘ ਬਿਲਿੰਗ ਕਿਸੇ ਰਸਮੀ ਜਾਣ ਪਛਾਣ ਦਾ ਮੁਥਾਜ ਨਹੀਂ। ਉਹ ਅਜੋਕੇ ਸਮੇਂ ਦਾ ਚੇਤੰਨ ਗਲਪਕਾਰ ਹੈ। ਉਸ ਨੇ ਹੁਣ ਤੱਕ ਰਚੀਆਂ ਕਹਾਣੀਆਂ ਅਤੇ ਨਾਵਲਾਂ ਵਿਚ ਪਿਛਲੇ 100 ਵਰ੍ਹਿਆਂ ਦੌਰਾਨ ਬਦਲਦੀ ਪੇਂਡੂ ਜੀਵਨ ਚਾਲ ਅਤੇ ਸਭਿਆਚਾਰ ਨੂੰ ਬਾਖ਼ੂਬੀ ਪੇਸ਼ ਕੀਤਾ ਹੈ। ਉਸ ਤੋਂ ਪਹਿਲਾਂ ਵੀ ਇਸ ਯਥਾਰਥ ਨੂੰ ਚਿਤਰਨ ਵਾਲੇ ਸਮਰੱਥ ਗਲਪਕਾਰ ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਰਾਮ ਸਰੂਪ ਅਣਖੀ ਅਤੇ ਕਰਮਜੀਤ ਕੁੱਸਾ ਹੋਏ ਹਨ। ਬਿਲਿੰਗ ਦੀ ਵਿਲੱਖਣਤਾ ਸਤਲੁਜ ਦੇ ਢਾਹਾ ਆਂਚਲ ਦੇ ਜੀਵਨ, ਸਭਿਆਚਾਰ ਅਤੇ ਬੋਲੀ ਸ਼ੈਲੀ ਨੂੰ ਪਹਿਲੀ ਵਾਰ ਚਿਤਰਨ ਅਤੇ ਸੰਭਾਲਣ ਵਿਚ ਹੈ। ਅਵਤਾਰ ਸਿੰਘ ਬਿਲਿੰਗ ਨੇ ਹੁਣ ਤੱਕ ਛਪੇ ਆਪਣੇ ਅੱਠ ਨਾਵਲਾਂ ਵਿਚ ਸਤਲੁਜ ਦੇ ਪੂਰਬੀ ਕੰਢੇ ਮੀਲਾਂ ਤੱਕ ਵਿਛੇ ਉਪਜਾਊ ਖੇਤਰ ‘ਢਾਹਾ’ ਨਾਲ ਜੁੜੇ ਲੋਕਾਂ ਦੀ ਰਹਿਤਲ, ਖ਼ੁਸ਼ੀਆਂ ਗ਼ਮੀਆਂ, ਰਿਸ਼ਤੇ ਨਾਤਿਆਂ ਦੇ ਤਾਣੇ-ਬਾਣੇ, ਜਿਸਮਾਨੀ ਭੁੱਖ, ਮਾਨਸਿਕ ਉਲਾਰ ਆਦਿ ਨੂੰ ਕੇਵਲ ਚਿਤਰਿਆ ਹੀ ਨਹੀਂ ਸਗੋਂ ਇਨ੍ਹਾਂ ਸਮੱਸਿਆਵਾਂ ਅਤੇ ਗੁੰਝਲਾਂ ਲਈ ਵਧੇਰੇ ਜ਼ਿੰਮੇਵਾਰ ਪਰਿਵਾਰਕ, ਸਮਾਜਿਕ, ਆਰਥਿਕ ਅਤੇ ਭ੍ਰਿਸ਼ਟ ਰਾਜਨੀਤਿਕ ਵਰਤਾਰੇ ਨੂੂੰ ਢਾਹੇ ਦੇ ਮੌਲਿਕ ਮੁਹਾਵਰੇ ਤੇ ਠੁੱਕ ਰਾਹੀਂ ਇੰਜ ਬਿਆਨ ਕੀਤਾ ਹੈ ਕਿ ਉਹ ਪੰਜਾਬ ਦੀ ਸਮੁੱਚੀ ਧਰਤ ਨਾਲ ਜੁੜੇ ਲੋਕਾਂ ਦੀ ਇਕ ਲੜੀ ਵਿਚ ਪਰੋਈ ਵਿਥਿਆ ਹੋ ਨਿਬੜੀ ਹੈ। ਇਨ੍ਹਾਂ ਨਾਵਲੀ ਘਟਨਾਵਾਂ/ਸਥਿਤੀਆਂ ਦੀ ਝਲਕ ਪੰਜਾਬ ਦੇ ਹਰ ਪਿੰਡ/ਕਸਬੇ ਵਿਚ ਦੇਖੀ ਜਾ ਸਕਦੀ ਹੈ ਅਤੇ ਪਿਛਲੀ ਸਦੀ ਤੋਂ ਅੱਜ ਤੱਕ ਪੰਜਾਬੀ ਕਦਰਾਂ ਕੀਮਤਾਂ ਵਿਚ ਆਈ ਤਬਦੀਲੀ ਅਤੇ ਰਿਸ਼ਤੇ ਨਾਤਿਆਂ ਵਿਚ ਆਏ ਪਰਿਵਰਤਨ ਦੀ ਸਹਿਜੇ ਪਛਾਣ ਹੋ ਜਾਂਦੀ ਹੈ। ਨਾਵਲਕਾਰ ਕਿਸੇ ਵਿਸ਼ੇਸ਼ ਵਿਚਾਰਧਾਰਾ ਦਾ ਪ੍ਰਚਾਰਕ ਬਣ ਕੇ ਬੇਲੋੜਾ ਢੰਡੋਰਾ ਨਹੀਂ ਪਿੱਟਦਾ। ਇਸ ਦੇ ਨਾਲ ਹੀ ਉਹ ਆਪਣੇ ਮਾਨਵਵਾਦੀ ਨਜ਼ਰੀਏ ਦਾ ਪੱਲਾ ਵੀ ਕਦੇ ਹੱਥੋਂ ਨਹੀਂ ਖਿਸਕਣ ਦਿੰਦਾ। ਇੰਜ ਉਸ ਦੇ ਨਾਵਲਾਂ ਦੇ ਥੀਮਕ ਪਾਸਾਰ ਤੋਂ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਉਹ ਪਿਛਲੇ ਦਸ ਦਹਾਕਿਆਂ ਦੇ ਇਤਿਹਾਸਕ/ਸਭਿਆਚਾਰਕ ਦਸਤਾਵੇਜ਼ ਹਨ। ਪੰਜਾਬ ਦੀ ਇਸ ਹੋਣੀ ਦਾ ਅਜਿਹਾ ਇਤਿਹਾਸ ਸ਼ਾਇਦ ਹੀ ਕਿਸੇ ਹੋਰ ਪੁਸਤਕ ਵਿਚ ਮਿਲਦਾ ਹੋਵੇ। ‘ਖੇੜੇ ਸੁੱਖ ਵਿਹੜੇ ਸੁੱਖ’ ਵੱਸਦੇ ਪੰਜਾਬ ਦੇ ‘ਇਹਨਾਂ ਰਾਹਾਂ ਉੱਤੇ’ ਤੁਰਦਿਆਂ ‘ਪੱਤ ਕੁਮਲਾ ਗਏ’ ਤਾਂ ਨਾਵਲਕਾਰ ਨੂੰ ‘ਖ਼ਾਲੀ ਖੂਹਾਂ ਦੀ ਕਥਾ’ ਕਰਨੀ ਪਈ। ਇਸ ਉਮੀਦ ਅਤੇ ਯਕੀਨ ਨਾਲ ਕਿ ‘ਦੀਵੇ ਜਗਦੇ ਰਹਿਣਗੇ’ ਪਰ ‘ਗੁਲਾਬੀ ਨਗ ਵਾਲੀ ਮੁੰਦਰੀ’ ਦੀ ਜਾਤ ਪਾਤ ਰਹਿਤ ਨਰੋਈ ਸੋਚ ਨੂੰ ਅਪਨਾਉਣ ਲਈ ਕਲਪਦੇ ਨੌਜਵਾਨ ਆਪਣੀ ਮਾਂ ਭੋਇੰ ਨੂੰ ਅਲਵਿਦਾ ਕਹਿ ਗਏ। ਇਉਂ ਉਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਨੇ ‘ਰਿਜ਼ਕ’ ਖਾਤਰ ਪਲਾਇਨ ਕਰ ਕੇ ਵਿਦੇਸ਼ਾਂ ਵਿਚ ਆਸਰਾ ਲੱਭਣ ਲਈ ਵਹੀਰਾਂ ਘੱਤ ਦਿੱਤੀਆਂ ਹਨ ਕਿਉਂਕਿ ਪੇਂਡੂ ਅਰਥਚਾਰੇ ਵਿਚ ਸੁਧਾਰ ਲਿਆਉਣ ਤੋਂ ਅੱਖਾਂ ਮੀਟਣ ਵਾਲੇ ਭ੍ਰਿਸ਼ਟ ਰਾਜਨੀਤਕ ਵਰਤਾਰੇ ਨੇ ਪੰਜਾਬ ਨੂੰ ‘ਕੁੰਭੀ ਨਰਕ’ ਬਣਾ ਦਿੱਤਾ ਹੈ। ਹੁਣ ਨੌਜਵਾਨ ਇੱਥੇ ਰਹਿਣ ਦੀ ਥਾਂ ਪਰਵਾਸ ਦੀਆਂ ਔਕੜਾਂ ਝੱਲਦੇ, ਕਿਸੇ ਪੱਧਰ ਉੱਤੇ ਸ਼ੋਸ਼ਣ ਦਾ ਸ਼ਿਕਾਰ ਹੋਣੋਂ ਵੀ ਡਰਦੇ ਝਿਜਕਦੇ ਨਹੀਂ।

ਅਵਤਾਰ ਸਿੰਘ ਬਿਲਿੰਗ ਸਾਧਾਰਨ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਘੱਟ ਜ਼ਮੀਨ ਵਾਲੇ ਕਿਸਾਨ ਜੋ ਦੁੱਖ ਤਕਲੀਫ਼ਾਂ ਭੋਗਦੇ ਹਨ, ਉਹ ਸਾਰਾ ਕੁਝ ਉਸ ਨੇ ਆਪਣੇ ਪਿੰਡੇ ਉਪਰ ਹੰਢਾਇਆ ਹੈ। ਦਰਅਸਲ ਕਿਸੇ ਵੀ ਲੇਖਕ ਲਈ ਪਰਿਵਾਰਕ, ਸਮਾਜਿਕ ਅਤੇ ਆਰਥਿਕ ਸਥਿਤੀਆਂ ਬੜੀ ਫ਼ੈਸਲਾਕੁੰਨ ਭੂਮਿਕਾ ਨਿਭਾਉਂਦੀਆਂ ਹਨ। ਉਸ ਦੇ ਸ਼ਬਦਾਂ ਵਿਚ: ‘‘ਜਦੋਂ ਤੋਂ ਮੈਂ ਸੁਰਤ ਸੰਭਾਲੀ, ਘਰ ਵਿਚ ਜਾਂ ਤਾਂ ਨਿਹਾਲ ਹੋਏ ਬਾਪੂ ਦੀ ਕਵਿਤਾ ਸੁਣਦਾ ਜਾਂ ਕੰਮੀਂ ਧੰਦੀਂ ਲੱਗੀ ਆਪਮੁਹਾਰੇ ਗਾਉਂਦੀ ਬੀਬੀ ਦੇ ਗੀਤ। ਕਦੇ ਕਦਾਈਂ ਖ਼ਫ਼ਾ ਹੋਏ ਬੀਬੀ ਬਾਪੂ ਦੇ ਤਾਹਨੇ ਮਿਹਣੇ, ਗਾਲ਼ਾਂ ਦੁੱਪੜਾਂ ਅਤੇ ਬੋਲ ਕਬੋਲ ਨੇ ਹੀ ਮੇਰੇ ਅੰਦਰ ਕਹਾਣੀ ਦਾ ਬੀਜ ਬੋਅ ਦਿੱਤਾ। ਨਾਨਕੀਂ ਜਾਂਦਾ ਤਾਂ ਨਾਨੇ ਪਾਸੋਂ ਮੈਂ ਰੱਜ ਕੇ ਬਾਤਾਂ ਸੁਣਦਾ। ਇਸ ਤਰ੍ਹਾਂ ਮੇਰੇ ਅੰਦਰ ਇਕ ਰਸ ਪੈਦਾ ਹੋਇਆ ਜੋ ਬਾਅਦ ਵਿਚ ਕਹਾਣੀਕਾਰ ਵਜੋਂ ਸਾਹਮਣੇ ਆਇਆ।’’ ਉਸ ਦਾ ਪਹਿਲਾ ਕਹਾਣੀ ਸੰਗ੍ਰਹਿ ‘ਮੌਤ ਦੇ ਸਾਏ ਹੇਠ’ 1991 ਦੇ ਦਹਿਸ਼ਤੀ ਦਿਨਾਂ ਵਿਚ ਕਰਤਾਰ ਸਿੰਘ ਸੂਰੀ ਨੇ ਛਾਪਿਆ। ਉਪਰੰਤ ‘ਆਪਣਾ ਖ਼ੂਨ’, ‘ਨਿਆਜ਼’, ‘ਪੱਛੋਂ ਦੀ ਹਵਾ’ ਪ੍ਰਕਾਸ਼ਿਤ ਹੋਏ। ਡਾਕਟਰ ਰਘਬੀਰ ਸਿੰਘ ਦੀ ਪ੍ਰੇਰਨਾ ਸਦਕਾ ਉਸ ਨੇ 1997 ਵਿਚ ‘ਨਰੰਜਣ ਮਸ਼ਾਲਚੀ’ ਦੀ ਪ੍ਰਕਾਸ਼ਨਾ ਨਾਲ ਨਾਵਲ ਦੇ ਪਿੜ ਵਿਚ ਅਜਿਹਾ ਪੈਰ ਰੱਖਿਆ ਕਿ ਮੁੜ ਕੇ ਪਿੱਛੇ ਨਹੀਂ ਵੇਖਿਆ। ਇਸ ਆਤਮਕਥਾਈ ਰਚਨਾ ਵਿਚ ਉਸ ਨੇ ਕਿਸਾਨੀ ਦੀ ਟੁੱਟ-ਭੱਜ, ਰਿਸ਼ਤਿਆਂ ਵਿਚਲੇ ਪਿਆਰ ਤਕਰਾਰ, ਤਣਾਅ, ਸ਼ੱਕ ਤੋਂ ਇਲਾਵਾ ਸਭਿਆਚਾਰਕ ਜੀਵਨ ਦਾ ਖ਼ੂਬਸੂਰਤ ਚਿੱਤਰ ਪੇਸ਼ ਕੀਤਾ ਹੈ। ਵੱਡ ਆਕਾਰੀ ਨਾਵਲ ‘ਖੇੜੇ ਸੁੱਖ ਵਿਹੜੇ ਸੁੱਖ’ ਵਿਚ ਵੀਹਵੀਂ ਸਦੀ ਦੇ ਪਹਿਲੇ ਪੰਜ ਦਹਾਕਿਆਂ ਦੌਰਾਨ ਸਾਂਝੇ ਪੰਜਾਬ ਦੇ ਹਰ ਪੱਖ ਤੋਂ ਸਵੈ ਨਿਰਭਰ, ਭਾਈਚਾਰਕ ਏਕਤਾ ਦਰਸਾਉਂਦੇ, ਬੇਸ਼ੱਕ ਪਲੇਗ, ਗ਼ਰੀਬੀ, ਊਚ ਨੀਚ, ਧੌਂਸ, ਜਗੀਰੂ ਸਭਿਆਚਾਰ ਦੇ ਚੰਗੇ ਮੰਦੇ ਪੱਖਾਂ ਨੂੰ ਹੰਢਾਉਂਦੇ ਪਿੰਡ ਨੂੰ ਚਿਤਰਿਆ ਹੈ।

‘ਇਹਨਾਂ ਰਾਹਾਂ ਉੱਤੇ’ ਜਗੀਰੂ ਕਦਰਾਂ ਕੀਮਤਾਂ ਨੂੰ ਪਰਨਾਈ ਪਹਿਲੀ, ਦੂਜੀ ਤੇ ਤੀਜੀ ਪੀੜ੍ਹੀ ਦੀ ਪੰਜਾਬੀ ਔਰਤ ਦਾ ਦੁਖਾਂਤ ਹੈ। ‘ਪੱਤ ਕੁਮਲਾ ਗਏ’ ਨੌਜਵਾਨ ਪੀੜ੍ਹੀ ਦੇ ਮਾਨਸਿਕ ਦਵੰਦ, ਬੇਰੁਜ਼ਗਾਰੀ ਅਤੇ ਤਰੁੱਟੀ ਭਰਪੂਰ ਆਰਥਿਕ ਸਮਾਜਿਕ ਸਿਸਟਮ ਨੂੰ ਮੁਖਾਤਬ ਹੈ। ‘ਦੀਵੇ ਜਗਦੇ ਰਹਿਣਗੇ’ ਹਰੇ ਇਨਕਲਾਬ ਮਗਰੋਂ ਕਿਸਾਨੀ ਦੇ ਉਭਾਰ ਅਤੇ ਨਿਘਾਰ, ਜਾਤੀ ਟਕਰਾਅ, ਗਰਮ ਖਿਆਲੀਆ ਲਹਿਰ ਦੌਰਾਨ ਸਟੇਟ ਤੇ ਮੂਲਵਾਦੀ ਖ਼ੂਨੀ ਭੇੜ ਵਿਚਕਾਰ ਪਿਸਦੀ ਆਮ ਲੋਕਾਈ ਦੀ ਦਾਸਤਾਨ ਹੈ। ਧਨੀ ਕਿਸਾਨੀ ਵਿਚ ਕਿਰਤ ਸੱਭਿਆਚਾਰ ਦੀ ਘਾਟ, ਇਖ਼ਲਾਕੀ ਗਿਰਾਵਟ ਅਤੇ ‘ਅਸੀਂ’ ਤੋਂ ‘ਮੈਂ’ ਵਾਦੀ ਸੋਚ ਵੱਲ ਨੂੰ ਤੁਰਦੇ ਪੰਜਾਬੀ ਜਨ ਜੀਵਨ ਨੂੰ ਚਿੰਨ੍ਹਾਤਮਕ ਰੂਪ ਵਿਚ ਉਜਾਗਰ ਕਰਦਾ ਹੈ ‘ਖ਼ਾਲੀ ਖੂਹਾਂ ਦੀ ਕਥਾ’ ਜਿਸ ਉੱਤੇ ਬਿਲਿੰਗ ਨੂੰ ਪਹਿਲਾ ‘ਢਾਹਾਂ ਸਾਹਿਤ ਇਨਾਮ’ ਪ੍ਰਦਾਨ ਕੀਤਾ ਗਿਆ। ‘ਗੁਲਾਬੀ ਨਗ ਵਾਲੀ ਮੁੰਦਰੀ’ ਅੰਤਰਜਾਤੀ ਪਿਆਰ, ਵਿਆਹ ਅਤੇ ਦੋ ਪੀੜ੍ਹੀਆਂ ਦੇ ਦੁਖਾਂਤਕ ਟਕਰਾਅ ਦੀ ਸਫ਼ਲ ਪੇਸ਼ਕਾਰੀ ਹੈ। ਮਹਾਂ ਕਾਵਿਕ ਨਾਵਲ ‘ਰਿਜ਼ਕ’ ਵਿਚ ਤਤਕਾਲੀ ਜਨ ਜੀਵਨ ਅਤੇ ਪਰਵਾਸ ਦੀਆਂ ਦੁਸ਼ਵਾਰੀਆਂ ਹਨ। ਪੂੰਜੀਵਾਦੀ ਬਾਜ਼ਾਰਵਾਦ ਅਤੇ ਵਿਸ਼ਵੀਕਰਨ ਦੇ ਸਮੁੱਚੀ ਜਵਾਨੀ ਉਪਰ ਪੈਂਦੇ ਮਾਰੂ ਪ੍ਰਭਾਵਾਂ ਨੂੰ ਨਿੱਜੀ ਅਨੁਭਵ ਵਿਚ ਰੰਗ ਕੇ ਪੇਸ਼ ਕੀਤਾ ਗਿਆ ਹੈ।

ਨਾਵਲਕਾਰ ਅਵਤਾਰ ਸਿੰਘ ਬਿਲਿੰਗ ਨੇ ਲੋੜ ਮੁਤਾਬਿਕ ਢੁੱਕਵੇਂ ਬਿੰਬਾਂ, ਟੋਟਕਿਆਂ, ਕਾਵਿ ਟੂਕਾਂ, ਕਹਾਣੀਆਂ, ਅਖਾਉਤਾਂ ਨਾਲ ਆਪਣੇ ਸਮੁੱਚੇ ਗਲਪ ਨੂੰ ਸ਼ਿੰਗਾਰਿਆ ਹੈ। ਉਸ ਦੀਆਂ ਗਲਪੀ ਰਚਨਾਵਾਂ ਪਾਠਕ ਨੂੰ ਚੇਤੰਨ ਬਣਾਉਂਦੀਆਂ, ਤੁਲਨਾਤਮਿਕ ਚਿੰਤਨ ਲਈ ਝੰਜੋੜਦੀਆਂ ਹਨ। ਬਿਲਿੰਗ ਦਾ 1997 ਤੋਂ ‘ਨਰੰਜਣ ਮਸ਼ਾਲਚੀ’ ਨਾਲ ਸ਼ੁਰੂ ਹੋਇਆ ਨਾਵਲੀ ਸਫ਼ਰ ਲਗਾਤਾਰ ਗਤੀਸ਼ੀਲ ਬਣਿਆ, 2020 ਵਿਚ ਆਪਣੇ ਸਮੇਂ ਨੂੰ ਸੰਬੋਧਿਤ ਨਵੇਂ ਨਾਵਲ ‘ਰਿਜ਼ਕ’ ਦੀ ਪ੍ਰਕਾਸ਼ਨਾ ਨਾਲ ਪਿੰਡ ਤੋਂ ਸ਼ਹਿਰ ਅਤੇ ਦੇਸ ਤੋਂ ਪਰਦੇਸ ਤੱਕ ਦੀ ਹਿਜਰਤ ਕਰਦਾ ਦ੍ਰਿਸ਼ਟੀਗੋਚਰ ਹੁੰਦਾ ਹੈ।

ਸੰਪਰਕ: 98037-04201

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All