ਪੜ੍ਹਦਿਆਂ-ਸੁਣਦਿਆਂ

ਖ਼ਬਰ, ਖ਼ਬਰਦਾਰੀ ਤੇ ਜਾਅਲਸਾਜ਼ੀ...

ਖ਼ਬਰ, ਖ਼ਬਰਦਾਰੀ ਤੇ ਜਾਅਲਸਾਜ਼ੀ...

ਸੁਰਿੰਦਰ ਸਿੰਘ ਤੇਜ

ਫੇਕ ਨਿਊਜ਼ (ਜਾਅਲੀ ਖ਼ਬਰਾਂ) ਅੱਜ ਦੇ ਯੁੱਗ ਦਾ ਜ਼ਾਇਕਾ ਹਨ। ਚੰਦ ਦਹਾਕੇ ਪਹਿਲਾਂ ਜੋ ਕੁਝ ਅਫ਼ਵਾਹ ਜਾਪਦਾ ਸੀ, ਉਸ ਨੂੰ ਹੁਣ ਡਿਜੀਟਲ ਵਿਧੀਆਂ ਰਾਹੀਂ ਇਤਬਾਰ ਜਗਾਉਣ ਵਾਲੀਆਂ ਛੋਹਾਂ ਨਾਲ ਅਜਿਹਾ ਸੰਵਾਰਿਆ-ਸ਼ਿੰਗਾਰਿਆ ਜਾਂਦਾ ਹੈ ਕਿ ਸਫੈ਼ਦ ਝੂਠ ਵੀ ਸਿਆਹ ਸੱਚ ਹੋਣ ਦਾ ਪ੍ਰਭਾਵ ਦੇਣ ਲੱਗਦਾ ਹੈ। ਮਹਾਂਮਾਰੀ ਤੋਂ ਉਪਜੀ ਤਾਲਾਬੰਦੀ ਨੇ ਇਸ ‘ਪਕਵਾਨ’ ਨੂੰ ਭਾਂਤ-ਸੁਭਾਂਤੇ ਤੜਕੇ ਲਾ ਕੇ ਸਾਡੇ ਸਾਹਮਣੇ ਲਿਆਂਦਾ। ਤਾਲਾਬੰਦੀ ਮੁੱਕ ਗਈ, ਪਰ ਝੂਠ ਨੂੰ ਸੱਚ ਦੇ ਬਾਣੇ ਵਿਚ ਪੇਸ਼ ਕਰਨ ਵਾਲਾ ਸਿਲਸਿਲਾ ਬਾਦਸਤੂਰ ਜਾਰੀ ਹੈ। ਉਪਰੋਂ ਸਾਡੀ ਮਨੋਬਣਤਰ ਵੀ ਅਜਿਹੀ ਹੋ ਚੁੱਕੀ ਹੈ ਕਿ ਚੰਗਾ ਬੇਲਜ਼ੀਜ਼ ਜਾਪਦਾ ਹੈ ਤੇ ਬੁਰਾ ਲਜ਼ੀਜ਼।

ਇਸੇ ਵਰਤਾਰੇ ਦੀਆਂ ਪਰਤਾਂ ਫਰੋਲਦੀ ਹੈ ਬ੍ਰਿਟਿਸ਼ ਮਨੋਵਿਗਿਆਨੀ ਰੌਬ ਬ੍ਰਦਰਟਨ ਦੀ ਕਿਤਾਬ ‘ਬੈਡ ਨਿਊਜ਼’ (ਬਲੂਮਜ਼ਬਰੀ ਸਿਗਮਾ; 352 ਪੰਨੇ; 599 ਰੁਪਏ)। ਕਿਤਾਬ ਦਾ ਪੂਰਾ ਸਿਰਲੇਖ ਹੈ: ‘ਬੈਡ ਨਿਊਜ਼: ਵਾਇ ਵੀ ਫ਼ਾਲ ਫੌਰ ਫੇਕ ਨਿਊਜ਼’ (ਬੁਰੀ ਖ਼ਬਰ: ਕਿਉਂ ਇਤਬਾਰ ਕਰਦੇ ਹਾਂ ਅਸੀਂ ਜਾਅਲੀ ਖ਼ਬਰਾਂ ਉੱਤੇ)। ਅਮਰੀਕਾ ਵਿਚ ਇਹ ਕਿਤਾਬ ਮਈ ਮਹੀਨੇ ਰਿਲੀਜ਼ ਹੋ ਗਈ ਸੀ। ਸਾਡੇ ਮੁਲਕ ਵਿਚ ਇਹ ਹੁਣ ਉਪਲੱਬਧ ਹੋਈ ਹੈ। ਬ੍ਰਦਰਟਨ ਮਨੋਵਿਗਿਆਨ ਦੇ ਖੇਤਰ ਦਾ ਉਭਰਦਾ ਸਿਤਾਰਾ ਹੈ। ਮਨੋਵਿਗਿਆਨ ਤੇ ਸਮਾਜਿਕ ਸੂਝ ਦੇ ਅੰਤਰਮੇਲ ਨਾਲ ਸਬੰਧਤ ਉਸ ਦੀਆਂ ਦੋ ਕਿਤਾਬਾਂ ਪਹਿਲਾਂ ਹੀ ਕਾਫ਼ੀ ਚਰਚਿਤ ਹੋ ਚੁੱਕੀਆਂ ਹਨ। ‘ਬੈਡ ਨਿਊਜ਼’ ਵਿਚ ਉਸ ਨੇ ਇਤਬਾਰ ਕਰਨ ਦੀ ਮਨੁੱਖੀ ਬਿਰਤੀ ਦੀਆਂ ਕਾਣਾਂ-ਕਚਿਆਈਆਂ ਦਾ ਵਿਸ਼ਲੇਸ਼ਣ ਵੀ ਕੀਤਾ ਹੈ ਅਤੇ ਇਸ ਬਿਰਤੀ ਨੂੰ ਭਰਮਾਉਣ-ਫੁਸਲਾਉਣ ਦੀਆਂ ਜੁਗਤਾਂ ਦਾ ਵੀ। ਕਿਤਾਬ ਦਾ ਪਹਿਲਾ ਹੀ ਅਧਿਆਇ ਸੱਚ ਨੂੰ ਸੱਚ ਵਜੋਂ ਪਛਾਣਨ ਵਿਚ ਨਾਕਾਮ ਰਹਿਣ ਅਤੇ ਝੂਠ ਨੂੰ ਸੱਚ ਮੰਨ ਲੈਣ ਦੀ ਇਨਸਾਨੀ ਕਮਜ਼ੋਰੀ ਦਾ ਗਹਿਨ ਅਧਿਐਨ ਐਤਵਾਰ, 30 ਅਕਤੂਬਰ 1938 ਨੂੰ ਵਾਪਰੀ ਇਕ ਘਟਨਾ ਦੇ ਹਵਾਲੇ ਨਾਲ ਪੇਸ਼ ਕਰਦਾ ਹੈ। ਉਸ ਦਿਨ ਅਮਰੀਕਾ ਦੇ ਸੀਬੀਐੱਸ ਰੇਡੀਓ ਨੈੱਟਵਰਕ ਉੱਤੇ ਨਰਿੱਤ-ਸੰਗੀਤ ਦਾ ਪ੍ਰਸਾਰਨ ਅਚਾਨਕ ਰੋਕ ਕੇ ਇਕ ‘ਖ਼ਾਸ ਖ਼ਬਰ’ ਨਸ਼ਰ ਕੀਤੀ ਗਈ। ਇਹ ‘ਖ਼ਬਰ’ ਪ੍ਰਿੰਸਟਨ (ਨਿਊ ਜਰਸੀ, ਅਮਰੀਕਾ) ਤੋਂ 20 ਮੀਲ ਦੂਰ ਖੇਤਾਂ ਵਿਚ ਉੜਨ ਤਸ਼ਤਰੀ ਰਾਹੀਂ ਕਿਸੇ ਹੋਰ ਗ੍ਰਹਿ ਦੇ ਵਸਨੀਕਾਂ ਦੇ ਉਤਰਨ ਬਾਰੇ ਸੀ। ਇਸ ਖ਼ਬਰ ਕਰਕੇ ਪਹਿਲਾਂ ਸਮੁੱਚੇ ਅਮਰੀਕਾ ਅਤੇ ਫਿਰ ਯੂਰੋਪ ਦੇ ਕਈ ਮੁਲਕਾਂ ਵਿਚ ਖਲਬਲੀ ਮੱਚ ਗਈ। ਟੈਲੀਫੋਨ ਅਜੇ ਨਵਾਂ-ਨਵਾਂ ਜਨਤਕ ਹੋਇਆ ਸੀ, ਫਿਰ ਵੀ ਸੀਬੀਐੱਸ ਨੈੱਟਵਰਕ ਤੋਂ ਇਲਾਵਾ ਹੋਰਨਾਂ ਰੇਡੀਓ ਨੈੱਟਵਰਕਾਂ ’ਤੇ ਵੀ ਲੋਕਾਂ ਦੀਆਂ ਕਾਲਾਂ ਧੜਾਧੜ ਆਉਣੀਆਂ ਸ਼ੁਰੂ ਹੋ ਗਈਆਂ। ਕਈਆਂ ਨੇ ਉੜਨ ਤਸ਼ਤਰੀਆਂ ਨੂੰ ਉਤਰਦਿਆਂ ਦੇਖਣ ਅਤੇ ਮੰਗਲ ਵਾਸੀਆਂ ਨੂੰ ਸਾਡੀ ਧਰਤੀ ਉੱਤੇ ਵਿਚਰਦਿਆਂ ਦੇਖਣ ਦੇ ਦਾਅਵੇ ਕੀਤੇ। ਭਾਂਤ-ਭਾਂਤ ਦੇ ਦਾਅਵਿਆਂ ਅਤੇ ਇਨ੍ਹਾਂ ਤੋਂ ਉਪਜੇ ਕੋਹਰਾਮ ਦਰਮਿਆਨ ਅਮਰੀਕੀ ਰੱਖਿਆ ਵਿਭਾਗ ਨੂੰ ਸਪਸ਼ਟ ਕਰਨਾ ਪਿਆ ਕਿ ਅਮਰੀਕੀ ਧਰਤੀ ਉੱਤੇ ਕਿਤੇ ਵੀ ਕੋਈ ਉੜਨ ਤਸ਼ਤਰੀ ਨਹੀਂ ਉਤਰੀ ਅਤੇ ਨਾ ਹੀ ਕੋਈ ਮੰਗਲ ਵਾਸੀ ਦੇਖਿਆ ਗਿਆ ਹੈ।

ਸੀਬੀਐੱਸ ਨੈੱਟਵਰਕ ਦਾ ਵੀ ਸਨਸਨੀ ਪੈਦਾ ਕਰਨ ਦਾ ਮਕਸਦ ਹੱਲ ਹੋ ਚੁੱਕਾ ਸੀ। ਉਸ ਨੇ ਪੰਜ ਘੰਟਿਆਂ ਬਾਅਦ ਸਪਸ਼ਟ ਕੀਤਾ ਕਿ ਉਸ ਦੀ ਵਿਸ਼ੇਸ਼ ‘ਖ਼ਬਰ’ ਐੱਚ.ਜੀ. ਵੈੱਲਜ਼ ਦੇ ਨਾਵਲ ‘ਦਿ ਵਾਰ ਆਫ਼ ਦਿ ਵਲ਼ਡਜ਼’ (ਸੰਸਾਰਾਂ ਦੀ ਜੰਗ) ਦੀ ਰੇਡੀਓ ਰੂਪਾਂਤਰ ਲੜੀ ਦੇ ਪ੍ਰਚਾਰ ਦਾ ਹਿੱਸਾ ਸੀ। 1898 ਵਿਚ ਪ੍ਰਕਾਸ਼ਿਤ ਇਸ ਵਿਗਿਆਨਕ ਗਲਪ ਰਚਨਾ ਦੇ ਰੇਡੀਓ ਰੂਪਾਂਤਰ ਦਾ ਨਿਰਦੇਸ਼ਨ ਓਰਸੌਨ ਵੈੱਲਜ਼ ਨੇ ਕੀਤਾ ਸੀ ਜਿਸ ਨੇ ਬਾਅਦ ਵਿਚ ਫਿਲਮਸਾਜ਼ ਵਜੋਂ ਖ਼ੂਬ ਉਸਤਤ ਖੱਟੀ। ਅਜਿਹੇ ਸਪਸ਼ਟੀਕਰਨ ਦੇ ਬਾਵਜੂਦ ਉੜਨ ਤਸ਼ਤਰੀਆਂ ਤੇ ਓਪਰੀਆਂ ਸ਼ਕਲਾਂ ਵਾਲੇ ਬੰਦੇ ਦਿਸਣ ਦੀਆਂ ‘ਖ਼ਬਰਾਂ’ ਕਈ ਮੁਲਕਾਂ ਤੋਂ ਆਉਂਦੀਆਂ ਰਹੀਆਂ। ਬ੍ਰਦਰਟਨ 1930 ਤੋਂ ਲੈ ਕੇ 2019 ਤੱਕ ਦੀਆਂ ਇਕ ਦਰਜਨ ਜਾਅਲੀ ਖ਼ਬਰਾਂ ਦੇ ਪ੍ਰਮਾਣ ਦੇ ਕੇ ਜਾਅਲੀ ਖ਼ਬਰ ਦੀਆਂ ਪਰਿਭਾਸ਼ਾਵਾਂ ਅਤੇ ਇਨ੍ਹਾਂ ਉੱਤੇ ਆਸਾਨੀ ਨਾਲ ਯਕੀਨ ਕਰਨ ਦੀ ਸਾਡੀ ਮਨੋਬਿਰਤੀ ਦਾ ਵਿਸ਼ਲੇਸ਼ਣ ਪੇਸ਼ ਕਰਦਾ ਹੈ। ਸੱਚੀਆਂ ਜਾਂ ਹਾਂ-ਪੱਖੀ ਖ਼ਬਰਾਂ ਉੱਤੇ ਛੇਤੀ ਵਿਸ਼ਵਾਸ ਨਾ ਕਰਨ ਅਤੇ ਇਸ ਦੇ ਬਨਿਸਬਤ ਝੂਠੀਆਂ ਜਾਂ ਜਾਅਲੀ ਖ਼ਬਰਾਂ ਨੂੰ ਸੱਚਾ ਮੰਨ ਲੈਣ ਦੀ ਸਾਡੀ ਫਿ਼ਤਰਤ ਇਸੇ ਅਧਿਐਨ ਦਾ ਹਿੱਸਾ ਹੈ।

ਕਿਤਾਬ ਦੇ ਦੋ ਅਧਿਆਇ ਇਸ ਵਿਸ਼ਲੇਸ਼ਣ ਉੱਤੇ ਕੇਂਦ੍ਰਿਤ ਹਨ ਕਿ ਅਸੀਂ ਆਪਣੇ ਵਿਚਾਰ ਤੇ ਨਿਸ਼ਚੇ ਕਿਵੇਂ ਤਿਆਰ ਕਰਦੇ ਹਾਂ ਅਤੇ ਗ਼ਲਤ ਉਪਰ ਯਕੀਨ ਕਿਉਂ ਕਰ ਲੈਂਦੇ ਹਾਂ। ਅਸੀਂ ਕਿੰਨਾ ਕੁ ਗਿਆਨ ਆਪਣੇ ਅੰਦਰ ਜਜ਼ਬ ਕਰ ਸਕਦੇ ਹਾਂ। ਕੋਈ ਵੀ ਗੁਪਤ ਜਾਂ ਨਿਵੇਕਲੀ ਜਾਣਕਾਰੀ ਮਿਲਣ ’ਤੇ ਅਸੀਂ ‘ਜ਼ਿਹਨੀ ਬਦਹਜ਼ਮੀ’ ਦਾ ਸ਼ਿਕਾਰ ਕਿਉਂ ਹੋ ਜਾਂਦੇ ਹਾਂ ਅਤੇ ਉਸ ਜਾਣਕਾਰੀ ਨੂੰ ਅੱਗੇ ਕਿਸੇ ਨਾਲ ਸਾਂਝੀ ਕੀਤੇ ਬਿਨਾਂ ਸਾਡੀ ਇਹ ਬੇਚੈਨੀ (ਬਦਹਜ਼ਮੀ) ਦੂਰ ਕਿਉਂ ਨਹੀਂ ਹੁੰਦੀ। ਇੰਟਰਨੈੱਟ ਸਾਡੀ ਸੋਚ ਪ੍ਰਕਿਰਿਆ ਉਪਰ ਕਿੰਨਾ ਹਾਵੀ ਹੋ ਚੁੱਕਾ ਹੈ ਅਤੇ ਇਸ ਉਪਰ ਨਿਰੰਤਰ ਨਿਰਭਰਤਾ ਸਾਡੀ ਸੋਚ-ਸ਼ਕਤੀ ਨੂੰ ਖੋਰਾ ਲਾ ਰਹੀ ਹੈ ਜਾਂ ਨਹੀਂ, ਅਜਿਹੇ ਸਵਾਲ ਵੀ ਇਸ ਕਿਤਾਬ ਵਿਚ ਵਿਚਾਰੇ ਤੇ ਵਿਸਥਾਰੇ ਗਏ ਹਨ। ਗ਼ਲਤ ਤੇ ਸਹੀ ਜਾਣਕਾਰੀ ਦੇ ਮਾਇਆਜਾਲ ਵਿੱਚੋਂ ਖ਼ਬਰਾਂ ਦਾ ਚੁਸਤ-ਦਰੁਸਤ ਖ਼ਪਤਕਾਰ ਬਣ ਉਭਰਨ ਦੀਆਂ ਜੁਗਤਾਂ ਵੀ ਇਸ ਕਿਤਾਬ ਦੇ ਵਿਸ਼ਾ-ਵਸਤੂ ਦਾ ਹਿੱਸਾ ਹਨ।

ਕਿਤਾਬ ਇਸ ਸਮੇਂ ਵਿਸ਼ਵ ਪੱਧਰ ਦੇ ਬੈਸਟ ਸੈੱਲਰਾਂ ਦੀ ਸੂਚੀ ਵਿਚ ਸ਼ੁਮਾਰ ਹੈ, ਪਰ ਬ੍ਰਦਰਟਨ ਦੀ ਲੇਖਣ ਸ਼ੈਲੀ ਵਿਚ ਰੌਚਿਕਤਾ ਦੀ ਘਾਟ ਹੈ। ਕਿਤਾਬ ਵਿਚ ਅੱਜ ਦੀ ਨਿਊਜ਼ ਰਿਪੋਰਟਿੰਗ ਦੀ ਸਮਾਲੋਚਨਾ-ਸਮੀਖਿਆ ਜ਼ਰੂਰ ਸ਼ਾਮਲ ਹੈ, ਪਰ ਇਹ ਸਮਾਲੋਚਨਾ ਵੀ ਬਹੁਤੀ ਧਾਰਦਾਰ ਨਹੀਂ। ਬਹੁਤਾ ਫੋਕਸ ਖ਼ਬਰਾਂ ਘੜਨ ਤੇ ਪ੍ਰਚਾਰਨ ਦੇ ਇਤਿਹਾਸ ਅਤੇ ਖ਼ਬਰਨਵੀਸੀ ਦੇ ਅਮਲ ਵਿਚ ਆਏ ਪਰਿਵਰਤਨਾਂ ਉਪਰ ਕੇਂਦਰਿਤ ਹੈ। ਲੇਖਕ ਇਹ ਵੀ ਦੱਸਦਾ ਹੈ ਕਿ ਕਿਵੇਂ 95 ਫ਼ੀਸਦੀ ਖ਼ਬਰਾਂ ਪੂਰੀ ਤਰ੍ਹਾਂ ਨਿਰਪੱਖ ਨਹੀਂ ਹੁੰਦੀਆਂ। ਕਿਵੇਂ ਸਾਡੇ ਆਪਣੇ ਮਨੋਗ੍ਰਹਿ, ਪੱਖਪਾਤ, ਪਸੰਦਗੀ-ਨਾਪਸੰਦਗੀ ਵਰਗੇ ਤੱਤ ਖ਼ਬਰ ਦੀ ਬਣਤਰ ਨੂੰ ਪ੍ਰਭਾਵਿਤ ਕਰਦੇ ਹਨ। ਸਮੁੱਚੇ ਵਿਸ਼ਲੇਸ਼ਣ ਦਾ ਸਿੱਟਾ ਇਕੋ ਹੀ ਹੈ: ਜੋ ਦਿਖਾਇਆ ਜਾਂਦਾ ਹੈ, ਜ਼ਰੂਰੀ ਨਹੀਂ ਉਹ ਪੂਰਾ ਸੱਚ ਹੋਵੇ ਅਤੇ ਜੋ ਸੱਚ ਹੈ, ਜ਼ਰੂਰੀ ਨਹੀਂ ਕਿ ਉਹ ਪੂਰਾ ਦਿਖਾਇਆ ਜਾਵੇ।

ਕੀ ਇਹ ਤੱਤ-ਸਾਰ ਆਪਣੇ ਆਪ ਵਿਚ ਬੁਰੀ ਖ਼ਬਰ ਨਹੀਂ?

* * *

ਚੁੱਪ ਦੇ ਕਿੰਨੇ ਮੁਹਾਂਦਰੇ ਹੁੰਦੇ ਹਨ, ਇਨ੍ਹਾਂ ਦਾ ਗਿਆਨ ਮਲਵਿੰਦਰ ਦੀ ਨਵੀਂ ਕਿਤਾਬ ‘ਚੁੱਪ ਦੇ ਬਹਾਨੇ’ (ਲੋਕਗੀਤ ਪ੍ਰਕਾਸ਼ਨ; 225 ਰੁਪਏ) ਤੋਂ ਹੁੰਦਾ ਹੈ। ਇਹ ਕਿਤਾਬ ਮਲਵਿੰਦਰ ਦੀ ਕਾਵਿ-ਸ਼ਿਲਪ, ਡਾ. ਮੋਹਨਜੀਤ ਦੀ ਪ੍ਰੇਰਨਾ ਅਤੇ ਡਾ. ਸਰਬਜੀਤ ਸਿੰਘ ਸੰਧੂ ਦੀ ਸੰਪਾਦਕੀ ਸੋਹਜ ਦਾ ਸਾਂਝਾ ਹਾਸਿਲ ਹੈ। ਇਹ ਲੰਮੀ ਕਵਿਤਾ ਵੀ ਹੈ ਅਤੇ ਇਕੋ ਸੰਕਲਪ ਨੂੰ ਪ੍ਰਣਾਈਆਂ ਕਵਿਤਾਵਾਂ ਦਾ ਸੰਗ੍ਰਹਿ ਵੀ। ਆਪਣੀ ਤੁਆਰੁਫ਼ੀ ਲਿਖਤ ਵਿਚ ਡਾ. ਸੰਧੂ ਕਹਿੰਦੇ ਹਨ: ‘‘ਚੁੱਪ ਨਹੀਂ ਬੋਲਦੀ ਹੁੰਦੀ। ਚੁੱਪ ਬੋਲਦੀ ਹੁੰਦੀ ਤਾਂ ਉਹ ਚੁੱਪ ਹੀ ਕਿਉਂ ਹੁੰਦੀ। ਅਸਲ ਵਿਚ ਚੁੱਪ ਦੇ ਬਹਾਨੇ ਅਸੀਂ ਬੋਲਦੇ ਹਾਂ। ਚੁੱਪ ਸਾਡੇ ਅੰਦਰਲੇ ਕਈਆਂ-ਕੁਝਾਂ ਨੂੰ ਕੁਰੇਦਦੀ ਹੁੰਦੀ ਹੈ।’’

ਮਲਵਿੰਦਰ ਦੇ ਸ਼ਬਦਾਂ ਤੇ ਜਜ਼ਬਿਆਂ ਰਾਹੀਂ ਇਹ ਸਾਰੇ ਕਈ ਕੁਝ ਹਰਫ਼ਾਂ ਦੀ ਜ਼ੁਬਾਨ ਅਖ਼ਤਿਆਰ ਕਰਦੇ ਹਨ। ਕਿਤੇ ਰੀਝ ਦੇ ਮਰਸੀਏ ਦੇ ਰੂੁਪ ਵਿਚ, ਕਿਤੇ ਖ਼ਾਮੋਸ਼ ਬੋਲਾਂ ਦੇ ਅਣਗਾਏ ਗੀਤ ਦੇ ਅਹਿਸਾਸ ਵਾਂਗ, ਕਿਤੇ ਖੰਡ ਖੰਡ ਹੋਈ ਬਿਰਤੀ ਦੇ ਕਾਵਿਕ ਇਜ਼ਹਾਰ ਦੇ ਜਾਮੇ ਵਿਚ। ਖ਼ੂਬਸੂਰਤ ਤਜਰਬਾ ਹੈ ਮਲਵਿੰਦਰ ਦੀ ਇਹ ਨਵੀਂ ਕਿਤਾਬ।

* * *

ਰਾਜ ਕਪੂਰ ਦੀ ਫਿਲਮ ‘ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ’ (1960) ਦਾ ਗੀਤ ‘ਆ ਅਬ ਲੌਟ ਚਲੇਂ...’ ਸੁਣਦਿਆਂ ਅਚਾਨਕ ਧਿਆਨ ਇਸ ਅੰਦਰ ਸਾਜ਼ਾਂ ਤੇ ਕੋਰਸ ਗਾਇਕਾਂ ਦੀ ਬਹੁਤਾਤ ਵੱਲ ਚਲਾ ਗਿਆ। ਚੰਬਲ ਦੇ ਡਾਕੂਆਂ ਦੀ ਕੌਮੀ ਮੁੱਖ ਧਾਰਾ ਵਿਚ ਵਾਪਸੀ ਦਾ ਚਿਤਰਣ ਕਰਨ ਵਾਲਾ ਇਹ ਗੀਤ, ਸੰਗੀਤ ਸੰਯੋਜਨ ਪੱਖੋਂ ਇਕ ਅਨੂਠਾ ਤਜਰਬਾ ਹੈ। ਉਤਸੁਕਤਾਵੱਸ ਇੰਟਰਨੈੱਟ ਫਰੋਲਦਿਆਂ ਅਤੇ ਹਿੰਦੀ ਫਿਲਮ ਸੰਗੀਤ ਦੇ ਪ੍ਰਬੁਧ ਗਿਆਤਾ ਰਾਜੂ ਭਾਰਤਨ ਦੇ 1970ਵਿਆਂ ਵਿਚ ਛਪੇ ਕਾਲਮਾਂ ਉੱਤੇ ਨਜ਼ਰ ਮਾਰਦਿਆਂ ਇਹ ਤੱਥ ਸਾਹਮਣੇ ਆਇਆ ਕਿ ਇਸ ਗੀਤ ਵਿਚ ਪ੍ਰਮੁੱਖ ਗਾਇਕਾਂ ਮੁਕੇਸ਼ ਤੇ ਲਤਾ ਮੰਗੇਸ਼ਕਰ ਤੋਂ ਇਲਾਵਾ 180 ਸਾਜ਼ਿੰਦਿਆਂ ਅਤੇ 120 ਕੋਰਸ ਗਾਇਕਾਂ ਨੇ ਆਪਣਾ ਯੋਗਦਾਨ ਪਾਇਆ। ਸ਼ੈਲੇਂਦਰ ਵੱਲੋਂ ਇਸ ਗੀਤ ਦੀ ਧੁਨ ਸੰਗੀਤਕਾਰ ਜੋੜੀ ਸ਼ੰਕਰ-ਜੈਕਿਸ਼ਨ ਦੇ ਦੂਜੇ ਅੱਧ ਜੈਕਿਸ਼ਨ ਪਾਂਚਾਲ ਨੇ ਤਿਆਰ ਕੀਤੀ ਸੀ। ਗੀਤ ਲਈ ਸਿਰਫ਼ ਵਾਇਲਨਵਾਦਕਾਂ ਦੀ ਗਿਣਤੀ 100 ਸੀ। ਸਾਜ਼ਿੰਦਿਆਂ ਤੇ ਕੋਰਸ ਗਾਇਕਾਂ ਦੀ ਏਨੀ ਵੱਡੀ ਗਿਣਤੀ ਕਿਸੇ ਰਿਕਾਰਡਿੰਗ ਸਟੂਡੀਓ ਵਿਚ ਸਮਾ ਨਹੀਂ ਸੀ ਸਕਦੀ। ਲਿਹਾਜ਼ਾ, ਆਰ.ਕੇ. ਸਟੂਡੀਓ ਦੇ ਇਕ ਫਲੋਰ ਨੂੰ ਫੱਟਿਆਂ ਤੇ ਗਦੈਲਿਆਂ ਦੀ ਮਦਦ ਨਾਲ ਸਾਊਂਡਪਰੂਫ਼ ਬਣਾਇਆ ਗਿਆ। ਗਾਇਕਾਂ ਤੇ ਸਾਜ਼ਿੰਦਿਆਂ ਨਾਲ 32 ਘੰਟਿਆਂ ਦੇ ਨਿਰੰਤਰ ਅਭਿਆਸ ਤੋਂ ਬਾਅਦ ਸ਼ੰਕਰ-ਜੈਕਿਸ਼ਨ ਨੂੰ ਤਸੱਲੀ ਹੋਈ ਕਿ ਗੀਤ, ਰਿਕਾਰਡ ਕਰਵਾਇਆ ਜਾ ਸਕਦਾ ਹੈ। ਰਿਕਾਰਡਿੰਗ ਚਾਰ ਟੇਕਸ ਵਿਚ ਮੁਕੰਮਲ ਹੋਈ। ਪਹਿਲਾ ਟੇਕ ਤਸੱਲੀਬਖ਼ਸ਼ ਸੀ, ਪਰ ਸ਼ੰਕਰ ਨੇ ਇਹਤਿਆਤ ਵਜੋਂ ਇਕ ਵਾਰ ਫਿਰ ਰਿਕਾਰਡਿੰਗ ਕਰਵਾਉਣੀ ਵਾਜਬ ਸਮਝੀ। ਇਸ ਟੇਕ ਦੌਰਾਨ ਮੁਕੇਸ਼ ਇਕ ਥਾਂ ਸੁਰ ਖੁੰਝ ਗਏ। ਫਿਰ ਤੀਜੇ ਟੇਕ ਦੌਰਾਨ ਇਕ ਗਿਟਾਰਵਾਦਕ ਗ਼ਲਤੀ ਕਰ ਬੈਠਿਆ। ਚੌਥੇ ਟੇਕ ਦੌਰਾਨ ਸਭ ਕੁਝ ਠੀਕ ਰਿਹਾ, ਪਰ ਉਦੋਂ ਤੱਕ 36 ਘੰਟਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਸੀ। ਗੀਤ ਦੀ ਧੁਨ ਮੌਲਿਕ ਨਹੀਂ ਸੀ। ਇਹ ਕਿੱਥੋਂ ਚੁਰਾਈ ਗਈ, ਇਸ ਦੀ ਚਰਚਾ ਫਿਰ ਕਦੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All