ਜੋਗੇ ਭੰਗਲ
ਬਹਾਦੁਰ ਸਿੰਘ ਨੇ ਅਜੇ ਪਹਿਲੇ ਦਿਨ ਹੀ ਕੋਰਟ ’ਚ ਹਾਜ਼ਰੀ ਦਿੱਤੀ ਸੀ। ਉਹਨੂੰ ਪੈਰੋਂ ਕੱਢਣ ਵਾਲਿਆਂ ਨੇ ਆਪਣੀਆਂ ਚਾਲਾਂ ਸ਼ੁਰੂ ਵੀ ਕਰ ਦਿੱਤੀਆਂ। ਦੋਸ਼ੀਆਂ ਦੇ ਘਰਦਿਆਂ ਨੇ ਪਹਿਲਾ ਜਾਲ ਬੁਣਿਆ। ਮਿੰਨਤਾਂ, ਤਰਲੇ, ਪੈਰੀਂ ਪੈ। ਅਖੇ, ਮ੍ਹਾਰਾਜ ਕਾਹਨੂੰ ਗਰੀਬ-ਮਾਰ ਕਰਦੇ ਓ। ਕੋਈ ਥੁਆਡਾ ਨੁਕਸਾਨ ਹੋਇਆ ਤਾਂ ਹਰਜਾਨਾ ਭੁਗਤਣ ਨੂੰ ਤਿਆਰ ਆਂ। ਪਰ ਪਹਿਲੀ ਤਰੀਕ ’ਤੇ ਕਿਸੇ ਤਰ੍ਹਾਂ ਵੀ ਉਹ ਉਨ੍ਹਾਂ ਦੇ ਕਾਬੂ ਨਾ ਆਇਆ।
ਦੂਜੀ ਤਰੀਕ ’ਤੇ ਮੋਰਚਾ ਉਨ੍ਹਾਂ ਦੀਆਂ ਜਨਾਨੀਆਂ ਨੇ ਸਾਂਭ ਲਿਆ। ਉਨ੍ਹਾਂ ਪਤਾ ਨਈਂ ਉਹਨੂੰ ਲੁਕੇ ਬੈਠੇ ਨੂੰ ਕਿੱਥੋਂ ਲੱਭ ਲਿਆ। ਉਹਨੂੰ ਪਤਿਆਉਣ ਲਈ ਆਪਣੇ ਹੱਥਕੰਡੇ ਅਜ਼ਮਾ ਕੇ ਦੇਖੇ। ਆਪਣੇ ਸੁਹਾਗ, ਨਿਆਣਿਆਂ ਨੂੰ ਮੋਹਰਾ ਬਣਾ ਕੇ ਵਾਸਤੇ ਪਾਏ। ਜ਼ਨਾਨੀਆਂ ਨੇ ਉਹਨੂੰ ਹੱਥ-ਹੁੱਥ ਫੇਰ ਕੇ ਵੀ ਟੋਹਿਆ ਪਈ ਸ਼ਾਇਦ ਰਾਜੇ ਦੀ ਘੋੜੀ ਸੂਅ ਪਏ। ਪਰ ਉਹ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੋਇਆ ਸੀ, ਉਹ ਨਾ ਪਿਘਲਿਆ। ਬਹਾਦੁਰ ਸਿੰਘ ਬਹਾਦੁਰ ਬਣ ਕੇ ਅੜਿਆ ਰਿਹਾ ਪਰ ਉਹ ਅੰਦਰੋਂ ਗਿੱਦੜ ਬਣਿਆ ਸੋਚੀਂ ਜ਼ਰੂਰ ਪੈ ਗਿਆ।
ਤੀਸਰੀ ਤਰੀਕ ’ਤੇ ਉਹ ਉਹਨੂੰ ਹੜ੍ਹਿਆ-ਹੜ੍ਹਿਆ ਕਰਦੇ ਲੱਭਦੇ ਫਿਰਨ। ਉਨ੍ਹਾਂ ਦੀਆਂ ਅੱਖਾਂ ਵਿਚ ਲਾਲੀ ਉਤਰੀ ਹੋਈ। ਪੂਰੇ ਬਗ਼ਾਵਤੀ ਰੌਂਅ ਵਿਚ। ਤਰੀਕ ’ਤੇ ਆਇਆ, ਕੀ ਜ਼ਨਾਨੀ, ਨਿਆਣਾ-ਸਿਆਣਾ ਜਾਣੀ ਕਹਿੰਦੇ ਲੱਗਣ ਜਿਵੇਂ ਉਹਦੀ ਖ਼ੈਰ ਨਹੀਂ। ਅੱਜ ਤੂੰ ਬਹਾਦਰਾ ਘਰ ਨਈਂ ਪਹੁੰਚਦਾ ਸਾਬਤਾ।
ਉੱਧਰ ਸਰਕਾਰੀ ਵਕੀਲ ਅਲੱਗ ਪੈਰੋਂ ਕੱਢੀ ਚੱਲੇ ਕਿ ਓ ਭਾਈ ਬਹਾਦੁਰ ਸਾਬ੍ਹ, ਬਿਆਨ ਸੋਚ-ਸਮਝ ਕੇ ਦਿਉ। ਤੁਸੀਂ ਮੈਨੂੰ ਨਵੇਂ ਭੌਰ ਫਸੇ ਲੱਗਦੇ ਆਂ। ਕਿਤੇ ਉਲਟਾ-ਸਿੱਧਾ ਕਹਿ ਕੇ ਅੰਦਰ ਨਾ ਹੋ ਜਿਉ। ਫੇਰ ਮੂਹਰੇ ਬੰਦੇ ਉੱਦਾਂ ਦੇ ਚੋਰ-ਕਾਤਲ। ਉਹ ਸੋਚੇ ਕਿ ਬੰਦਾ ਕਿਸ ਤੋਂ ਆਸਰਾ ਭਾਲੇ। ਉਹਨੂੰ ਆਪਣੇ ਆਪ ਨੂੰ ਇਉਂ ਲੱਗਣ ਲੱਗ ਪਿਆ ਜਿਵੇਂ ਉਹ ਮੁਜ਼ਰਮ ਹੋਵੇ ਅਤੇ ਕੁੱਤਿਆਂ ਦੀਆਂ ਹੇੜਾਂ ਉਹਦੇ ਮਗਰ-ਮਗਰ। ਉਹ ਸੋਚੀਂ ਪੈ ਗਿਆ- ਬਣ ਲਉ ਸੱਚੇ, ਸ਼ਰੀਫ਼। ਮੈਂ ਕੀ ਕੱਢਣਾ ਸੀ ਇਨ੍ਹਾਂ ਨੂੰ ਫਸਾ ਕੇ। ਉੱਥੇ ਗੱਲ ਠੱਪ-ਚੰਦ ਕਰ ਦਿੰਦੇ ਤਾਂ ਵਧੀਆ ਸੀ। ਇਨ੍ਹਾਂ ਨੂੰ ਪਸਾ ਕੇ ਤਾਂ ਮੈਂ ਆਪ ਈ ਫਸ ਗਿਆ। ਇਹ ਤਾਂ ਹੁਣ ਸੱਪ ਦੇ ਮੂੰਹ ’ਚ ਕੋਹੜ ਕਿਰਲੀ ਵਾਲੀ ਗੱਲ ਹੋ ਗਈ। ਉਹਨੂੰ ਕੁਝ ਨਈਂ ਸੀ ਸੁੱਝ ਰਿਹਾ, ਕੀ ਕਰੇ। … ਉਹਨੂੰ ਬੈਠੇ-ਬੈਠੇ ਨੂੰ ਆਖ਼ਰ ਇੱਕੋ ਆਸ ਦੀ ਕਿਰਨ ਨਜ਼ਰ ਆਈ।
ਉਹ ਡਰਿਆ ਹੋਇਆ ਆਖ਼ਰ ਮੌਕਾ ਦੇਖ ਕੇ ਨਾਇਬ-ਕੋਰਟ ਦੇ ਪੈਰੀਂ ਜਾ ਪਿਆ। “ਓ ਮ੍ਹਾਰਾਜ! ਜਿੱਦਾਂ-ਕਿੱਦਾਂ ਮੈਨੂੰ ਕੱਢੋ ਇਸ ਕੁੱਤੇ ਕੰਮ ’ਚੋਂ। ਮੈਂ ਬਾਲ-ਬੱਚੇਦਾਰ ਬੰਦਾ। ਨਾਲੇ ਕਿਹੜਾ ਵਾਰ-ਵਾਰ ਤਰੀਕਾਂ ਭੁਗਤਦਾ ਫਿਰੇ। ਮੈਂ ਹਰ ਤਰ੍ਹਾਂ ਹਾਜ਼ਰ ਆਂ, ਜੋ ਸੇਵਾ-ਪਾਣੀ ਚਾਹੀਦਾ ਦੱਸੋ।”
“ਮਾਹਟਰ ਜੀ ਐਨਾ ਘਬਰਾਉ ਨਾ, ਕੁਛ ਨਈਂ ਹੁੰਦਾ, ਹੌਸਲਾ ਰੱਖੋ। ਬਹਾਦੁਰ ਓ, ਬਹਾਦੁਰ ਬਣ ਕੇ ਰਹੋ।”
“ਓ ਸਰ ਨਈਂ, ਮੈਂ ਗਿੱਦੜੇ ਚੰਗਾਂ। ਮੈਂ ਦੇਖ ਲਿਆ, ਇਹ ਆਪਣੇ ਵੱਸ ਦੇ ਕੰਮ ਨ੍ਹੀਂ।”
“ਕੋਈ ਨਈਂ, ਫੇ ਮੈਨੂੰ ਲੰਚ ਟੈਮ ’ਚ ਮਿਲ ਲਈਂ, ਲੜਾਨੇ ਆਂ ਸਰਕਾਰੀ ਵਕੀਲ ਨਾਲ ਮਿਲ ਕੇ ਕੋਈ ਜੁਗਾੜ।” ਨਾਇਬ-ਕੋਰਟ ਨੇ ਉਹਨੂੰ ਥਾਪੀ ਦੇ ਕੇ ਤੋਰ ਦਿੱਤਾ।
ਲੈ-ਦੇ ਕੇ ਬਹਾਦੁਰ ਆਪਣਾ ਖਹਿੜਾ ਛੁਡਾ ਗਿਆ। ਡਰੇ ਹੋਏ ਤੋਂ ਉਸ ਤੋਂ ਨਾਇਬ-ਕੋਰਟ ਨੇ ਇਕ ਬਲੈਂਕ ਪੇਪਰ ’ਤੇ ਉਹਦੇ ਦਸਤਖ਼ਤ ਕਰਵਾ ਲਏ। ਉਹਨੇ ਆਪਣਾ ਸੰਤੁਲਨ ਖੋਂਦਿਆਂ, ਹਸਤਾਖ਼ਰ ਕਰਨ ਲੱਗਿਆਂ ਵੀ ਕੁਝ ਨਾ ਸੋਚਿਆ। ਅਖੇ ਲੈ, ਹੁਣ ਬੇਸ਼ਕ ਤੈਨੂੰ ਸੰਮਨ ਵੀ ਆਉਣ, ਤੂੰ ਤਰੀਕ ’ਤੇ ਨਾ ਆਈਂ। ਸਾਂਭ ਲਾਂਗੇ ਆਪੇ। ਖ਼ੁਸ਼ ਹੋਏ ਨਾਇਬ-ਕੋਰਟ ਨੇ ਉਹਨੂੰ ਖ਼ੁਸ਼ ਕਰ ਕੇ ਚਲਦਾ ਕੀਤਾ।
… … …
ਬਹਾਦੁਰ ਸਿੰਘ ਵਿਚਾਰਾ ਗ੍ਰਹਿ ਦਾ ਮਾਰਿਆ, ਅਣਭੋਲ ਹੀ ਜਾਲ਼ ’ਚ ਫਸ ਗਿਆ। ਇਹਤੋਂ ਚਾਰ ਕੁ ਮਹੀਨੇ ਪਹਿਲਾਂ ਅਜੇ ਇਕ ਹੋਰ ਘਟਨਾ ਨੇ ਉਹਦੇ ਪੈਰ ਜਾਲ਼ੇ ਹੋਏ ਸੀ। … ਕਿਤੇ ਰਿਸ਼ਤੇਦਾਰੀ ’ਚ ਵਿਆਹ ਗਏ। ਮੁੜਦਿਆਂ-ਕਰਦਿਆਂ ਨੂੰ ਥੋੜ੍ਹਾ ਕੁਵੇਲਾ ਹੋ ਗਿਆ। ਅਜੇ ਚਾਰ ਕੁ ਕਿਲੋਮੀਟਰ ਚੱਲ ਕੇ ਜਿਉਂ ਹੀ ਸੁੰਨਸਾਨ ਰਸਤੇ ਪਏ, ਪਿੱਛਿਉਂ ਆ ਕੇ ਪਤਾ ਨਈਂ ਕਦੋਂ ਦੋ ਜਣਿਆਂ ਨੇ ਮੂਹਰੇ ਐਨਫੀਲਡ ਲਾ ਕੇ ਪਿਸਤੌਲ ਤਾਣ ਲਿਆ। ਅਖੇ, ਰੱਖ ਦਿਉ ਜੋ ਕੋਲ਼ ਐ। ਜ਼ਨਾਨੀ ਦੇ ਗਹਿਣੇ ਲੁਹਾ ਲਏ, ਇਹਦਾ ਬਟੂਆ ਕਢਾ ਲਿਆ। ਸਕੂਟਰ ਦੀ ਡਿੱਗੀ ਖੁੱਲ੍ਹਵਾਈ ਤਾਂ ਵਿਚ ਦਾਤ। ਇਕ ਕਹਿੰਦਾ, ‘‘ਇਹ ਕਿਉਂ ਰੱਖਿਆ ਬਈ?’’
ਅਖੇ, ਵੇਲੇ-ਕੁਵੇਲੇ ਲਈ। ਉਹ ਜਾਣ ਲੱਗੇ ਹੱਸਦੇ ਹੋਏ ਬਹਾਦੁਰ ਨੂੰ ਸ਼ਾਬਾਸ਼ ਦੇ ਗਏ। ਕਹਿੰਦੇ, ‘‘ਇਕ ਦਾਤ ਹੋਰ ਰੱਖੋ। ਦੋ ਜਣੇ ਹੋ ਨਾ।’’
ਅਜੇ ਪਹਿਲੀ ਘਟਨਾ ਦਾ ਝੰਬਿਆ ਉਹ ਵਿਚਾਰਾ ਪੈਰੀਂ ਨਈਂ ਸੀ ਆਇਆ ਕਿ ਇਕ ਹੋਰ ਬਿਪਤਾ ਗਲ਼ ਪੈ ਗਈ। … ਕਿਤੇ ਸਕੂਲ ਤੋਂ ਪੰਜ-ਚਾਰ ਕਿਲੋਮੀਟਰ ’ਤੇ ਪੰਜ ਕੁ ਦਿਨ ਲਈ ਕੰਪਿਊਟਰ ਦੀ ਟਰੇਨਿੰਗ ਲੱਗੀ। ਸ਼ੁਰੂ ਤੋਂ ਸਾਈਕਲ ਚਲਾਉਣ ਦਾ ਉਹਨੂੰ ਸ਼ੌਕ ਸੀ। ਇਕ ਦਿਨ ਟਰੇਨਿੰਗ ਤੋਂ ਬਾਅਦ ਸਾਈਕਲ ’ਤੇ ਆਪਣੇ ਮਜ਼ੇ ’ਚ ਮਸਤ ਚਾਲੇ ਪਿੰਡ ਨੂੰ ਆ ਰਿਹਾ ਸੀ। ਵਿਚਾਰੇ ਦੇ ਯਾਦ ਨਾ ਚਿੱਤ। ਉਹਨੂੰ ਤਾਂ ਬੱਸ ਉਦੋਂ ਪਤਾ ਲੱਗਾ ਜਦੋਂ ਮੋਟਰ ਸਾਈਕਲ ਐਨ ਮੂਹਰੇ ਆ ਕੇ ਠਾਹ ਆ ਲੱਗਾ।
ਉਹ ਡਿੱਗਦਾ-ਡਿੱਗਦਾ ਮਸਾਂ ਬਚਿਆ। ਦੋ ਜਣੇ, ਮੂੰਹ ਬੰਨ੍ਹੇ ਹੋਏ। ਇਕ ਨੇ ਬਟਨ ਦੱਬ ਕੇ ਪਟਾਹ ਕਰਦਾ ਚਾਕੂ ਉਹਦੇ ਗਲੇ ’ਤੇ ਲਿਆ ਧਰਿਆ। ਉਹਨੂੰ ਤਾਂ ਕੰਬਾ ਕੇ ਰੱਖ ਦਿੱਤਾ। ਡਰੇ ਨੂੰ ਵਿਚਾਰੇ ਨੂੰ ਸੁੱਝੇ ਕੁਝ ਨਾ। ਦੂਜੇ ਨੇ ਉਹਦੀਆਂ ਜੇਬਾਂ ਦੀ ਫਰੋਲਾ-ਫਰਾਲੀ ਸ਼ੁਰੂ ਕਰ ਦਿੱਤੀ। ਐਨੇ ਨੂੰ ਇਕ ਜੀਪ ਤੇਜ਼ ਗਤੀ ਨਾਲ ਆਉਂਦੀ ਉਨ੍ਹਾਂ ਦੇ ਕੋਲ ਆ ਕੇ ਘੜੀਂ ਕਰਦੀ ਆ ਰੁਕੀ। ਚੋਰਾਂ ਨੇ ਮੋਟਰ-ਸਾਈਕਲ ਚੁੱਕ ਕੇ ਭੱਜਣ ਦੀ ਕੀਤੀ। ਜੀਪ ਵਾਲਿਆਂ ਨੇ ਬਹਾਦੁਰ ਦਾ ਸਾਈਕਲ ਪਰ੍ਹੇ ਸੁਟਵਾ ਕੇ ਉਹਨੂੰ ਜੀਪ ’ਚ ਬਿਠਾ ਕੇ ਜੀਪ ਚੋਰਾਂ ਦੇ ਮਗਰ ਲਾ ਲਈ। ਚਾਰ ਕੁ ਕਿਲੋਮੀਟਰ ’ਤੇ ਜਾ ਕੇ ਜੀਪ ਉਨ੍ਹਾਂ ਦੇ ਮੂਹਰੇ ਜਾ ਲਾਈ। ਚੋਰ ਥਾਈਂ ਆਪਣਾ ਮੋਟਰ-ਸਾਈਕਲ ਸੁੱਟ ਕੇ ਭੱਜ ਲਏ। ਦੇਖਾ-ਦੇਖੀ ਹੋਰ ਲੋਕ ਵੀ ਉਨ੍ਹਾਂ ਦੇ ਨਾਲ ਰਲ ਗਏ। ਉਹ ਅੱਗੇ ਕਮਾਦ ’ਚ ਜਾ ਲੁਕੇ। ਲੱਭਣ ਵਾਲੇ ਉਨ੍ਹਾਂ ਦੇ ਵੀ ਉਸਤਾਦ ਨਿਕਲੇ। ਉਨ੍ਹਾਂ ਲੱਭ ਕੇ ਹੀ ਦਮ ਲਿਆ। ਉਸੇ ਵੇਲੇ ਕਿਸੇ ਨੇ ਪੁਲੀਸ ਨੂੰ ਫ਼ੋਨ ਖੜਕਾ ਦਿੱਤਾ। ਪੁਲੀਸ ਦੇ ਆਉਣ ਤੋਂ ਪਹਿਲਾਂ ਲੋਕਾਂ ਨੇ ਚੋਰਾਂ ਦੀ ਰੱਜ ਕੇ ਤੌਣੀ ਲਾਈ। ਪੁਲੀਸ ਨੇ ਉਹ ਥਾਣੇ ਲਿਆ ਸੁੱਟੇ। ਨਾਲੇ ਬਹਾਦੁਰ ਸਿੰਘ ਨੂੰ ਲੈ ਆਏ। ਕਾਗਜ਼ੀ ਕਾਰਵਾਈ ਤੋਂ ਬਾਅਦ ਬਹਾਦੁਰ ਨੂੰ ਘਰ ਭੇਜ ਦਿੱਤਾ।
ਆਖ਼ਰ ਇਕ ਦਿਨ ਬਹਾਦੁਰ ਨੂੰ ਕੋਰਟ ਵਿਚ ਪੇਸ਼ ਹੋਣ ਦੇ ਸੰਮਨ ਆ ਗਏ। ਪਹਿਲਾਂ ਉਹ ਜਾ ਕੇ ਨਾਇਬ ਕੋਰਟ ਨੂੰ ਮਿਲਿਆ। ਉਹਨੇ ਬਹਾਦੁਰ ਨੂੰ ਕੇਸ ਪੜ੍ਹਾਇਆ ਕਿ ਇਸ ਅਨੁਸਾਰ ਬਿਆਨ ਦੇਈਂ। ਇਨ੍ਹਾਂ ਨੂੰ ਤੋਤੇ ਆਂਗ ਰਟ ਲਾ। ਉਹ ਤਾਂ ਆਪਣੇ ਬਿਆਨ ਪੜ੍ਹ ਕੇ ਹੱਕਾ-ਬੱਕਾ ਰਹਿ ਗਿਆ। ਕੇਸ ਦੀ ਕਹਾਣੀ ਕੁਛ ਹੋਰ ਹੀ ਦੱਸ ਰਹੀ ਸੀ … ਅਖੇ, ਬਹਾਦੁਰ ਸਿੰਘ ਆਪਣੀ ਟਰੇਨਿੰਗ ਅਟੈਂਡ ਕਰਨ ਤੋਂ ਬਾਅਦ ਘਰ ਵਾਪਸ ਪਰਤ ਰਿਹਾ ਸੀ। ਥੋੜ੍ਹੀ ਦੂਰ ਸੜਕ ਤੋਂ ਇਕ ਪਾਸੇ ਪੁਲੀਸ ਦਾ ਨਾਕਾ ਲੱਗਾ ਹੋਇਆ ਸੀ। ਉਨ੍ਹਾਂ ਨੂੰ ਅਚਾਨਕ ‘ਮਾਰ ਲਏ, ਲੁੱਟ ਲਏ’ ਦੀਆਂ ਆਵਾਜਾਂ ਸੁਣੀਆਂ। ਪੁਲੀਸ ਪਾਰਟੀ ਇਕਦਮ ਹਰਕਤ ’ਚ ਆ ਗਈ ਅਤੇ ਫੌਰਨ ਘਟਨਾ ਸਥਾਨ ’ਤੇ ਪਹੁੰਚ ਗਈ। ਲੁਟੇਰਿਆਂ ਨੂੰ ਬਹਾਦੁਰ ਸਿੰਘ ਦੀਆਂ ਜੇਬਾਂ ਫਰੋਲਦਿਆਂ ਰੰਗੇ ਹੱਥੀਂ ਫੜਿਆ। ਉਹ ਤਾਂ ਪੜ੍ਹ ਕੇ ਜਾਣੀ ਸੁੰਨ ਹੀ ਹੋ ਗਿਆ। ਅਖੇ, ਝੂਠ ਦੀ ਵੀ ਹੱਦ ਹੁੰਦੀ ਆ। ਇਹ ਆਪਣੇ ਫ਼ੀਤੀਆਂ ਲੁਵਾਉਣ ਲਈ ਜਾਲ਼ ਬੁਣੀ ਬੈਠੇ।
ਘਰ ਆ ਕੇ ਵੀ ਬਹਾਦੁਰ ਸਿੰਘ ਨੂੰ ਚੈਨ ਨਹੀਂ ਸੀ ਆ ਰਹੀ। ਉਹਨੂੰ ਲੱਗ ਰਿਹਾ ਸੀ ਜਿਵੇਂ ਉਹ ਚੋਰਾਂ ’ਚ ਘਿਰਿਆ ਹੋਵੇ। ਜਦੋਂ ਵੀ ਉਹ ਬਾਹਰ ਨਿਕਲਦਾ, ਉਹਨੂੰ ਐਂ ਲਗਦਾ, ਕੋਈ ਉਹਦਾ ਪਿੱਛਾ ਕਰ ਰਿਹਾ। ਇਕ ਦਿਨ ਰਾਤ ਨੂੰ ਉਹਨੂੰ ਬੜਾ ਡਰਾਉਣਾ ਸੁਪਨਾ ਆਇਆ। ਆਪਣੇ ਡੈਬਿਟ-ਕਾਰਡ ਨਾਲ ਏ.ਟੀ.ਐਮ. ’ਚੋਂ ਪੈਸੇ ਕਢਵਾ ਰਿਹਾ ਸੀ। ਦੋ ਆਦਮੀ ਮੂੰਹ-ਸਿਰ ਲਪੇਟੀ ਅੰਦਰ ਘੁਸੇ ਅਤੇ ਉਹਦੇ ਪੈਸੇ ਖੋਹ ਕੇ ਫਰਾਰ ਹੋ ਗਏ। ਸਵੇਰੇ ਉਠਦਿਆਂ ਹੀ ਉਹਨੇ ਆਪਣਾ ਸੰਤੁਲਨ ਗੁਆਉਂਦਿਆਂ ਏ.ਟੀ.ਐਮ ਕਾਰਡ ਹੀ ਤੋੜ-ਮਰੋੜ ਕੇ ਸੁੱਟ ਮਾਰਿਆ।
… … …
ਉਹ ਹੁਣ ਰਿਟਾਇਰ ਹੋ ਗਿਆ ਸੀ। ਵਿਹਲਾ ਹੋਇਆ-ਹੋਇਆ ਤਾਂ ਲੋਕਾਂ ਨੇ ਚੁੱਕ-ਚਕਾ ਕੇ ਉਹਨੂੰ ਪੰਚ ਬਣਾ ਦਿੱਤਾ। ਅਖੇ, ਤੂੰ ਪੜ੍ਹਿਆ-ਲਿਖਿਆ, ਸੱਚਾ-ਸੁੱਚਾ ਸ਼ਰੀਫ਼ ਬੰਦਾ ਏਂ। ਤੇਰੇ ਵਰਗੇ ਬੰਦਿਆਂ ਦੀ ਤਾਂ ਸਮਾਜ ਨੂੰ ਲੋੜ ਏ। … ਮਹੀਨੇ ’ਚ ਪੰਜ-ਚਾਰ ਵਾਰ ਉਹਨੂੰ ਥਾਣੇ-ਕਚਹਿਰੀ ਕੀ ਜਾਣਾ ਪੈ ਗਿਆ ਕਿ ਉਹ ਤਾਂ ਐਨੇ ਨਾਲ ਹੀ ਰੋਣਹਾਕਾ ਹੋ ਗਿਆ ਕਿ ਸਾਰਾ ਦਿਨ ਬਿਨਾਂ ਮਤਲਬ ਤੋਂ ਖੱਜਲ਼ ਹੋਈ ਚਲੋ। ਸੱਚ ਨੂੰ ਪੈਂਦੀਆਂ ਕੁੱਤੇ-ਝਿੜਕਾਂ ਉਹਤੋਂ ਬਰਦਾਸ਼ਤ ਨਾ ਹੋਣ। ਅਖੇ, ਨਾਲ਼ੇ ਕਿਹੜਾ ਬੇਮਤਲਬੇ ਨਿੱਤ ਦੇ ਲੜਾਈ-ਝਗੜੇ ਨਜਿੱਠਦਾ ਫਿਰੇ। ਸੱਚੀ ਗੱਲ ਕੀਤੀ ਚੁਭਦੀ ਏ। ਸੱਚੇ ਦੀ ਸਾਈਡ ਲਉ, ਦੂਜੇ ਦਾ ਮੂੰਹ ਵਿੰਗਾ। ਇਕ ਵਾਰ ਕਿਸੇ ਦੇ ਘਰ ਮੂਹਰੇ ਬਣੇ ਰੈਂਪ ਕਰਕੇ ਨੇਰ੍ਹੇ ’ਚ ਵਿਚਾਰਾ ਇਕ ਬਜ਼ੁਰਗ ਫਸ ਕੇ ਡਿਗਿਆ ਲੱਤ ਤੁੜਾ ਬੈਠਾ। ਜਦ ਉਹਨੇ ਸਰਪੰਚ ਨੂੰ ਕਹਿ ਕੇ ਸਾਰਿਆਂ ਦੇ ਨਾਜ਼ਾਇਜ ਰੈਂਪ ਢਹਾਉਣ ਦੀ ਗੱਲ ਕੀਤੀ ਤਾਂ ਉਹ ਉਨ੍ਹਾਂ ਦੇ ਭਰਿੰਡ ਵਾਂਗ ਲੜ ਗਈ। ਰਹਿੰਦੇ-ਖੂੰਹਦੇ, ਦੂਜੀ ਪਾਰਟੀ ਦੇ ਪੁਰਾਣੇ ਸਰਪੰਚ ਨੇ ਚੁੱਕ ਦਿੱਤੇ। ਅਖੇ ਦੱਸੋ, ਹੈ ਕੋਈ ਭਲੇ ਦਾ ਸਮਾਂ। ਇਹ ਤਾਂ ਕੰਮ ਈ ਬੜਾ ਕੁੱਤਾ। ਮਿੱਤਰਾਂ, ਗੁਆਂਢੀਆਂ, ਰਿਸ਼ਤੇਦਾਰਾਂ ਨੇ ਮਸਾਂ ਸਮਝਾ-ਸਮਝੂ ਕੇ ਖੜ੍ਹਾ ਕੀਤਾ। ਨਈਂ ਤਾਂ ਅਸਤੀਫ਼ਾ ਦੇਣ ਨੂੰ ਫਿਰੇ।
ਆਪਣੀ ਛੇ ਮਹੀਨੇ ਦੀ ਜਮ੍ਹਾਂ ਹੋਈ ਪੈਨਸ਼ਨ ਵੀ ਉਹ ਕਿਸੇ ਨੂੰ ਨਾਲ ਲਿਜਾ ਕੇ ਇਕੱਠੀ ਕਢਵਾ ਲਿਆਉਂਦਾ। ਉਹ ਐਸਾ ਜਲਿਆ ਕਿ ਠੰਢੇ ਨੂੰ ਵੀ ਫੂਕਾਂ ਮਾਰਨ ਲੱਗ ਪਿਆ। ਬਾਹਰ ਅਮਰੀਕਾ ਗਏ ਭਰਾ ਨੂੰ ਪਤਾ ਲੱਗਾ ਕਿ ਮਾਸਟਰ ਨੇ ਟੈਨਸ਼ਨ ਲੈ ਕੇ ਐਵੇਂ ਆਪਣੇ ਮਨ ’ਤੇ ਬੋਝ ਪਾਇਆ ਹੋਇਆ। ਉਹਨੇ ਫ਼ੋਨ ਕਰਕੇ ਉਹਨੂੰ ਹੌਸਲਾ ਦਿੱਤਾ ਕਿ ਇੱਧਰ ਮੇਰੇ ਕੋਲ ਗੇੜਾ ਮਾਰ ਜਾ। ਮੂਹਰਿਉਂ ਉਹਨੂੰ ਕਹਿੰਦਾ, ਨਾ ਭਰਾਵਾ। ਅਖੇ ਸਾਡਾ ਪ੍ਰਿੰਸੀਪਲ ਭਰਾ ਨੂੰ ਮਿਲਣ ਗਿਆ ਹੀ ਜਾਨ ਗੁਵਾ ਬੈਠਾ। ਜਿਸ ਜਹਾਜ਼ ’ਚ ਉਹ ਗਿਆ, ਅਤਿਵਾਦੀਆਂ ਨੇ ਅਗਵਾ ਕਰ ਲਿਆ। ਉਹ ਆਪਣੇ ਵੱਲੋਂ ਪੁੱਤ-ਬੱਚਾ ਕਰਕੇ ਉਨ੍ਹਾਂ ਨੂੰ ਸਮਝਾਉਣ ਲੱਗਾ ਆਪਣੀ ਜਾਨ ਗੁਆ ਬੈਠਾ। ਅਖੇ, ਮੈਂ ਤਾਂ ਦੇਖ ਲਿਆ, ਪਈ ਸ਼ਰੀਫ਼ ਬੰਦਾ ਨਾ ਜ਼ਮੀਨ ’ਤੇ ਸੁਰੱਖਿਅਤ ਨਾ ਹਵਾ ’ਚ। ਨਾਲੇ ਜਹਾਜ਼ ਤਾਂ ਕਹਿੰਦੇ ਉਂਝ ਹੀ ਉਪਰ ਕਰੈਸ਼ ਹੋ ਜਏ ਤਾਂ ਬੰਦੇ ਦਾ ਲੱਭਦਾ ਕੱਖ ਨੀਂ।
ਫਿਰ ਇਕ ਦਿਨ ਉਹਦੇ ਮਨ ’ਚ ਪਤਾ ਨਈਂ ਕੀ ਆਈ। ਕਚਹਿਰੀ ਵਿਚ ਨਾਇਬ-ਕੋਰਟ ਕੋਲ਼ ਫਿਰ ਜਾ ਹਾਜ਼ਰ ਹੋਇਆ।
“ਮਾਹਟਰ ਜੀ! ਕੀ ਗੱਲ ਹੋਈ, ਸੁਖ ਆ… ਮੈਂ ਤਾਂ ਥੁਆਡਾ ਛੁਟਕਾਰਾ ਕਰਵਾ ਦਿੱਤਾ ਸੀ, ਅਜੇ ਵੀ ਘਬਰਾਏ ਹੋਏ ਲੱਗਦੇ ਆਂ!”
“ਨਈਂ, ਘਬਰਾਂਦਾ ਤਨੀਂ ਮੈਂ। … ਮੈਂ ਤਾਂ ਇਹ ਪੁੱਛਣਾ ਸੀ ਕਿ ਮੈਂ ਪਸਤੌਲ ਰੱਖ ਸਕਦਾਂ।”
ਨਾਇਬ-ਕੋਰਟ ਸੁਣ ਕੇ ਐਨੀ ਉੱਚੀ ਹੱਸਿਆ ਕਿ ਆਲ਼ੇ-ਦੁਆਲ਼ੇ ਖੜ੍ਹੀ ਪਬਲਿਕ ਦੇ ਮੂੰਹ ਉਨ੍ਹਾਂ ਵੱਲ ਘੁੰਮ ਗਏ । “ਜਦੋਂ ਲੁਟੇਰਿਆਂ ਨੇ ਤੈਨੂੰ ਘੇਰਿਆ, ਉਦੋਂ ਤੇਰੇ ਕੋਲ ਕੋਈ ਹਥਿਆਰ ਸੀ?”
“ਹਾਂ, ਚਾਕੂ ਸੀ।”
“ਫੇਰ ਉਹ ਤੇਰੇ ਉਦੋਂ ਕੰਮ ਆਇਆ?”
“ਨਈਂ।”
“ਫੇ ਮਾਹਟਰ ਤੂੰ ਨਈਂ ਰੱਖ ਸਕਦਾ। … …ਜਾਹ ਕੁਛ ਨੀਂ ਹੁੰਦਾ। ਬਹੁਤਾ ਸੋਚਦੇ ਨੂੰ ਸੁਪਨਿਆਂ ਨੇ ਢਾਹ ਲਿਆ ਲੱਗਦਾ।”
ਉਹ ਨਿੰਮੋਝੂਣਾ ਜਿਹਾ ਉਠ ਕੇ ਤੁਰ ਪਿਆ। ਨਾਇਬ-ਕੋਰਟ ਨੂੰ ਅਚਾਨਕ ਕੁਝ ਸੁੱਝਿਆ। ਉਹਨੇ ਫੇਰ ਆਵਾਜ਼ ਮਾਰ ਕੇ ਬੁਲਾ ਲਿਆ। ਕਹਿੰਦਾ, ‘‘ਮਾਹਟਰ ਜੀ, ਇਕ ਹੱਲ ਹੈ।’’
“ਕੀ? … ਛੇਤੀ ਦੱਸੋ।”
“ਤੁਸੀਂ ਪਸਤੌਲ ਰੱਖ ਸਕਦੇ ਹੋ।”
“ਉਹ ਕਿਵੇਂ?”
“ਉਹ ਇਮੇਂ- ਇਕ ਖਿਡੌਣਾ-ਪਸਤੌਲ਼ ਲੈ ਲਉ। ਜੇ ਚੱਲ ਵੀ ਗਿਆ ਤਾਂ ਖਤਰਾ ਕੋਈ ਨੀਂ। ਫ਼ਰਾਟਾ ਪੂਰਾ ਵੱਜੂ।” ਕਹਿ ਕੇ ਨਾਇਬ ਕੋਰਟ ਨੇ ਫਾਈਲਾਂ ਕੱਛ ’ਚ ਦਿੱਤੀਆਂ ਅਤੇ ਮਿੰਨ੍ਹਾ-ਮਿੰਨ੍ਹਾ ਹੱਸਦਾ ਕੋਰਟ ਰੂਮ ਵੱਲ ਨੂੰ ਤੁਰ ਗਿਆ। ਬਹਾਦੁਰ ਉੱਥੇ ਵਿਚਾਰਾ ਜਿਹਾ ਬਣਿਆ ਖੜ੍ਹਾ ਕੋਈ ਬੁੱਤ ਲੱਗ ਰਿਹਾ ਸੀ।
ਸੰਪਰਕ: 94659-52938
* * *
ਅਗਲੀ ਸੋਚ
ਸੁਖਵਿੰਦਰ ਦਾਨਗੜ੍ਹ
ਮਨਵੀਰ ਕੌਰ ਨੇ ਪੂਰੀ ਲਗਨ ਤੇ ਮਿਹਨਤ ਨਾਲ ਉੱਚ ਪੱਧਰੀ ਪੜ੍ਹਾਈ ਕੀਤੀ ਪਰ ਸਮੇਂ ਦੀਆਂ ਸਰਕਾਰਾਂ ਦੇ ਲਾਰਿਆਂ ਨੇ ਉਸ ਨੂੰ ਬੇਰੁਜ਼ਗਾਰ ਬਣਾ ਦਿੱਤਾ ਸੀ। ਸੋ ਕੋਈ ਹੋਰ ਹੀਲਾ ਵਸੀਲਾ ਨਾ ਬਣਦਾ ਦੇਖ ਮਨਵੀਰ ਨੇ ਆਪਣੇ ਬੇਰੁਜ਼ਗਾਰ ਸਾਥੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਸਮੇਂ ਦੇ ਹਾਕਮਾਂ ਵਿਰੁੱਧ ਤਿੱਖਾ ਸੰਘਰਸ਼ ਛੇੜ ਦਿੱਤਾ। ਜਦੋਂ ਕਦੇ ਕਬੀਲਦਾਰੀ ਦੀ ਝੰਬੀ ਮਨਵੀਰ ਨੂੰ ਰੁਜ਼ਗਾਰ ਦੀ ਮੰਗ ਖ਼ਾਤਿਰ ਦੂਰ-ਦੂਰ ਭੁੱਖ ਹੜਤਾਲ, ਕਦੇ ਮਰਨ ਵਰਤ ਅਤੇ ਕਦੇ ਰੋਸ ਰੈਲੀਆਂ ਲਈ ਜਾਣਾ ਪੈਂਦਾ ਤਾਂ ਉਸ ਨੂੰ ਆਪਣਾ ਰੋਂਦਾ ਕੁਰਲਾਉਂਦਾ ਜਵਾਕ ਘਰ ਹੀ ਛੱਡਣਾ ਪੈਂਦਾ ਸੀ। ਇੱਕ ਦਿਨ ਮਨਵੀਰ ਜਦੋਂ ਸੰਘਰਸ਼ ’ਚ ਜਾਣ ਲਈ ਤਿਆਰ ਹੋ ਰਹੀ ਸੀ ਤਾਂ ਉਸ ਦਾ ਪੁੱਤਰ ਗੁਰਨੂਰ ਕਹਿਣ ਲੱਗਾ, ‘‘ਮੰਮੀ!! ਅੱਜ ਤਾਂ ਮੈਂ ਵੀ ਜਾਊਂਗਾ ਤੁਹਾਡੇ ਨਾਲ। ਮੈਂ ਨੀਂ ਘਰ ਰਹਿਣਾ। ਤੁਸੀਂ ਤਾਂ ਅੱਧੀ-ਅੱਧੀ ਰਾਤ ਤੱਕ ਨੀਂ ਮੁੜਦੇ ਹੁੰਦੇ।’’
ਜ਼ਿੱਦ ਕਰਦੇ ਗੁਰਨੂਰ ਨੂੰ ਦੇਖ ਮਨਵੀਰ ਹਰਖ ਕੇ ਬੋਲੀ, ‘‘ਨਾ ਤੂੰ ਕੀ ਕਰਨਾ ਓਥੇ ਜਾ ਕੇ? ਧਰਨੇ ’ਤੇ ਕੀ ਪਤਾ ਕਿਹੜੇ ਵੇਲ਼ੇ ਕੀ ਹੋ ਜਾਵੇ, ਜੇ ਲਾਠੀਚਾਰਜ ਹੋ ਗਿਆ ਫਿਰ! ਤੈਨੂੰ ਪਤਾ ਅੱਥਰੂ ਗੈਸ ਦੇ ਗੋਲ਼ੇ ਕਿਵੇਂ ਚਲਦੇ ਨੇ?’’
ਇਹ ਸੁਣ ਕੇ ਗੁਰਨੂਰ ਭੱਜ ਕੇ ਬੋਲਿਆ, ‘‘ਚੱਲੀ ਜਾਣ ਜਿਹੜੇ ਬੰਬ ਚਲਦੇ ਆ, ਪਰ ਮੈਂ ਤਾਂ ਨਾਲ ਜਾਊਂਗਾ ਹੀ। ਜੇਕਰ ਮੈਂ ਧਰਨੇ ’ਤੇ ਨੀਂ ਜਾਊਂ, ਫਿਰ ਮੈਂ ਸਿੱਖੂੰਗਾ ਕਿਵੇਂ? ਕੱਲ੍ਹ ਨੂੰ ਮੈਂ ਵੀ ਪੜ੍ਹ ਕੇ ਨੌਕਰੀ ਲੈਣੀ ਐ ਸਰਕਾਰ ਤੋਂ!!’’
ਸੰਪਰਕ: 94171-80205