ਰਮੇਸ਼ ਬੱਗਾ ਚੋਹਲਾ
ਅਣਗਹਿਲੀ ਕਿਸੇ ਵੀ ਪੱਖ ਤੋਂ ਮਨੁੱਖ ਦੇ ਵਿਅਕਤੀਗਤ ਅਤੇ ਸਮਾਜਿਕ ਵਿਕਾਸ ਪ੍ਰਤੀ ਲਾਹੇਵੰਦ ਨਹੀਂ ਕਹੀ ਜਾ ਸਕਦੀ। ਅਣਗਹਿਲੀ ਕਰਕੇ ਕੋਈ ਵੀ ਵਿਅਕਤੀ ਸੰਤੋਖਜਨਕ ਸਿੱਟਿਆਂ ਦੀ ਪ੍ਰਾਪਤੀ ਨਹੀਂ ਕਰ ਸਕਦਾ ਅਤੇ ਇਹ ਹਮੇਸ਼ਾਂ ਨਿਰਾਸ਼ਾ ਦਾ ਆਲਮ ਸਿਰਜਦੀ ਹੈ। ਇਸ ਆਲਮ ਵਿੱਚ ਵਿਚਰਦਾ ਮਨੁੱਖ ਮਾਨਸਿਕ ਪੱਖੋਂ ਕਮਜ਼ੋਰ ਹੋ ਜਾਂਦਾ ਹੈ। ਇਹ ਕਮਜ਼ੋਰੀ ਉਸ ਦੇ ਜੀਵਨ ਦੀ ਰਫ਼ਤਾਰ ਨੂੰ ਮੱਠਾ ਕਰ ਦਿੰਦੀ ਹੈ ਅਤੇ ਉਹ ਡਾਵਾਂਡੋਲਤਾ ਦੀ ਸਥਿਤੀ ਵਿੱਚ ਆ ਜਾਂਦਾ ਹੈ। ਆਮ ਤੌਰ ’ਤੇ ਅਣਗਹਿਲੀ ਦੀ ਸੰਭਾਵਨਾ ਉੱਥੇ ਵਧੇਰੇ ਹੁੰਦੀ ਹੈ ਜਿੱਥੇ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਘਾਟ ਹੁੰਦੀ ਹੈ।
ਜ਼ਿੰਮੇਵਾਰ ਵਿਅਕਤੀ ਅਣਗਹਿਲੀ ਘੱਟ ਹੀ ਕਰਦੇ ਹਨ ਅਤੇ ਗ਼ੈਰਜ਼ਰੂਰੀ ਨਿਰਾਸ਼ਾ ਤੋਂ ਬਚੇ ਰਹਿੰਦੇ ਹਨ। ਅਜਿਹੇ ਮਨੁੱਖ ਹਮੇਸ਼ਾਂ ਚੜ੍ਹਦੀਕਲਾ ਵਿੱਚ ਰਹਿੰਦੇ ਹਨ। ਅਣਗਹਿਲੀ ਜ਼ਿੰਦਗੀ ਦੇ ਕਿਸੇ ਵੀ ਮੋੜ ’ਤੇ ਕੀਤੀ ਜਾਵੇ ਕਿਸੇ ਨਾ ਕਿਸੇ ਹਾਦਸੇ ਦਾ ਸਬੱਬ ਬਣ ਜਾਂਦੀ ਹੈ ਅਤੇ ਇਨ੍ਹਾਂ ਹਾਦਸਿਆਂ ਦੀ ਕੁੱਖ ਵਿੱਚੋਂ ਕੇਵਲ ਪਛਤਾਵੇ ਹੀ ਉੱਗਦੇ ਹਨ। ਇਹ ਪਛਤਾਵੇ ਕਈ ਵਾਰ ਮਨੁੱਖ ਦੀ ਉਸਾਰੂ ਸ਼ਕਤੀ ਨੂੰ ਖੋਰਨ ਲੱਗ ਜਾਂਦੇ ਹਨ ਅਤੇ ਆਪਣੀ ਖੁਰ ਰਹੀ ਸ਼ਕਤੀ ਕਾਰਨ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਨ ਲੱਗ ਪੈਂਦਾ ਹੈ। ਆਮ ਤੌਰ ’ਤੇ ਅਣਗਹਿਲੀ ਵਰਗੇ ਵਰਤਾਰੇ ਵਧੇਰੇ ਉੱਥੇ ਵਾਪਰਦੇ ਹਨ ਜਿੱਥੇ ਆਪਹੁਦਰੇਪਣ ਦਾ ਬੋਲਬਾਲਾ ਹੁੰਦਾ ਹੈ।
ਕਿਸੇ ਅਨੁਸ਼ਾਸਨੀ ਜੀਵਨਧਾਰਾ ਵਿੱਚ ਅਣਗਹਿਲੀ ਦਾ ਵਾਪਰਨਾ ਨਾ ਦੇ ਬਰਾਬਰ ਹੀ ਹੁੰਦਾ ਹੈ। ਜੇਕਰ ਕਿਸੇ ਜਾਣੇ-ਅਣਜਾਣੇ ਵਿੱਚ ਅਜਿਹੀ ਜੀਵਨਧਾਰਾ ਵਿੱਚ ਅਣਗਹਿਲੀ ਵਾਪਰ ਵੀ ਜਾਵੇ ਤਾਂ ਅਣਗਹਿਲੀਕਰਤਾ ਲਈ ਉਹ ਬੇਹੱਦ ਅਫ਼ਸੋਸਨਾਕ ਹੁੰਦੀ ਹੈ। ਸਿਆਣਾ ਵਿਅਕਤੀ ਇਸ ਅਫ਼ਸੋਸਨਾਕ ਪ੍ਰਸਥਿਤੀ ਵਿੱਚੋਂ ਕੋਈ ਨਾ ਕੋਈ ਸਬਕ ਜ਼ਰੂਰ ਲੈਂਦਾ ਹੈ ਅਤੇ ਅੱਗੇ ਤੋਂ ਉਨ੍ਹਾਂ ਹਾਲਤਾਂ ਨੂੰ ਟਾਲਣ ਦੀ ਭਰਪੂਰ ਕੋਸ਼ਿਸ਼ ਕਰਦਾ ਹੈ ਜਿਹੜੇ ਉਸ ਵੱਲੋਂ ਕੀਤੀ ਗਈ ਅਣਗਹਿਲੀ ਦਾ ਬਾਇਸ ਬਣੇ ਸਨ। ਅਣਗਹਿਲੀ ਜੀਵਨ ਦੇ ਕਿਸੇ ਵੀ ਪੜਾਅ ’ਤੇ ਹੋਵੇ ਹਮੇਸ਼ਾਂ ਘਾਟੇਵੰਦੀ ਹੀ ਹੁੰਦੀ ਹੈ, ਪਰ ਵਿਦਿਆਰਥੀ-ਜੀਵਨ ਵਿੱਚ ਕੀਤੀ ਗਈ ਕਿਸੇ ਅਣਗਹਿਲੀ ਦਾ ਖਮਿਆਜ਼ਾ ਕਈ ਵਾਰ ਬਹੁਤ ਵੱਡਾ ਵੀ ਭੁਗਤਣਾ ਪੈ ਸਕਦਾ ਹੈ।
ਵਿਦਿਆਰਥੀ-ਜੀਵਨ ਨੂੰ ਇੱਕ ਸੁਨਹਿਰੀ ਕਾਲ ਤਸਲੀਮ ਕੀਤਾ ਗਿਆ ਹੈ ਕਿਉਂਕਿ ਇਸ ਕਾਲ ਵਿੱਚ ਕਿਸੇ ਵਿਦਿਆਰਥੀ/ਵਿਅਕਤੀ ਦੀ ਜ਼ਿੰਦਗੀ ਦੀ ਬੁਨਿਆਦ ਪੱਕੀ ਹੋਣੀ ਹੁੰਦੀ ਹੈ। ਜੇਕਰ ਕਿਸੇ ਵਿਦਿਆਰਥੀ ਵੱਲੋਂ ਇਸ ਸਮੇਂ ਦੌਰਾਨ ਅਣਗਹਿਲੀ ਤੋਂ ਪ੍ਰਹੇਜ਼ ਨਹੀਂ ਕੀਤਾ ਜਾਂਦਾ ਤਾਂ ਇਸ ਬੁਨਿਆਦ ਦੇ ਕੱਚੀ-ਪਿੱਲੀ ਰਹਿਣ ਦੀਆਂ ਭਰਪੂਰ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ। ਆਪਣੇ ਜ਼ਿੰਮੇ ਲੱਗੇ ਕਾਰਜਾਂ ਨੂੰ ਸਹੀ-ਸਲਾਮਤ ਨੇਪਰੇ ਚਾੜ੍ਹਨ ਲਈ ਹਰੇਕ ਮਨੁੱਖ ਨੂੰ ਜਿੰਨਾ ਵੀ ਹੋ ਸਕੇ ਅਣਗਹਿਲੀ ਤੋਂ ਬਚਣਾ ਚਾਹੀਦਾ ਹੈ। ਇਹ ਬਚਾਅ ਹੀ ਹੈ ਜਿਹੜਾ ਕਿਸੇ ਵਿਅਕਤੀ ਵਿਸ਼ੇਸ਼ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਅਣਗਹਿਲੀ ਕਰਨ ਵਾਲਾ ਵਿਅਕਤੀ ਆਪਣੇ ਫਰਜ਼ਾਂ ਨੂੰ ਸਹੀ ਅਤੇ ਤਸੱਲੀਬਖ਼ਸ਼ ਢੰਗ ਨਾਲ ਨਹੀਂ ਨਿਭਾਅ ਸਕਦਾ।
ਜੇਕਰ ਕੋਈ ਅਧਿਆਪਕ ਅਣਗਹਿਲੀ ਕਰਦਾ ਹੈ ਤਾਂ ਉਹ ਆਪਣੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੁੰਦਾ ਹੈੈ। ਜੇਕਰ ਕੋਈ ਡਾਕਟਰ ਅਣਗਹਿਲੀ ਕਰਦਾ ਹੈ ਤਾਂ ਆਪਣੇ ਮਰੀਜ਼ ਦੇ ਭਰੋਸੇ ਨੂੰ ਠੇਸ ਪਹੁੰਚਾ ਰਿਹਾ ਹੁੰਦਾ ਹੈ। ਇਸ ਤਰ੍ਹਾਂ ਹੀ ਜੇਕਰ ਕੋਈ ਇੰਜੀਨੀਅਰ ਅਣਗਹਿਲੀ ਕਰਦਾ ਹੈ ਤਾਂ ਉਸ ਦੇ ਨਿਰਮਾਣ ਕਾਰਜ ਪ੍ਰਭਾਵਿਤ ਹੋ ਸਕਦੇ ਹਨ। ਕਿਸੇ ਧਰਮ ਪ੍ਰਚਾਰਕ ਵੱਲੋਂ ਕੀਤੀ ਗਈ ਅਣਗਹਿਲੀ ਉਸ ਧਰਮ ਦੇ ਸ਼ਰਧਾਲੂਆਂ/ਜਗਿਆਸੂਆਂ ਨੂੰ ਧਰਮ ਦੇ ਅਸਲੀ ਉਦੇਸ਼ ਤੋਂ ਅਭਿੱਜ ਹੀ ਰਹਿਣ ਦਿੰਦੀ ਹੈ। ਇਸ ਤਰ੍ਹਾਂ ਉਪਰੋਕਤ ਸੰਖੇਪ ਚਰਚਾ ਤੋਂ ਅਸੀਂ ਇਸ ਸਿੱਟੇ ’ਤੇ ਪਹੁੰਚਦੇ ਹਾਂ ਕਿ ਅਣਗਹਿਲੀ ਜ਼ਿੰਦਗੀ ਦੇ ਕਿਸੇ ਵੀ ਸ਼ੋਬੇ ਵਿਚ ਕੀਤੀ ਜਾਵੇ, ਜੀਵਨ ਦੇ ਰਸ ਨੂੰ ਫਿੱਕਾ ਹੀ ਕਰਦੀ ਹੈ। ਇਸ ਫਿਕਾਵਟ/ ਰੁਕਾਵਟ ਤੋਂ ਬਚਣ ਲਈ ਸਾਨੂੰ ਆਪਣੀ ਹਯਾਤੀ ਵਿੱਚੋਂ ਅਣਗਹਿਲੀਆਂ ਦੀ ਗਿਣਤੀ ਘੱਟ ਤੋਂ ਘੱਟ ਕਰਨੀ ਪਵੇਗੀ ਨਹੀਂ ਤਾਂ ਸਾਡੇ ਹਿੱਸੇ ਸਿਰਫ਼ ‘ਚਿੜੀਆਂ ਦੇ ਚੋਗ ਚੁਗਣ’ ਤੋਂ ਬਾਅਦ ਵਾਲਾ ਪਛਤਾਵਾ ਹੀ ਰਹਿ ਜਾਵੇਗਾ। ਅਣਗਹਿਲੀ ਕਰਕੇ ਕੋਈ ਵੀ ਵਿਅਕਤੀ ਕਾਮਯਾਬੀ ਦੀਆਂ ਸਿਖਰਾਂ ਨਹੀਂ ਛੂਹ ਸਕਦਾ।
ਸੰਪਰਕ: 94631-32719