ਪ੍ਰਿੰ. ਗੁਰਦੀਪ ਸਿੰਘ ਢੁੱਡੀ
ਵਰਤਮਾਨ ਸਮੇਂ ’ਚ ਸਿੱਖਿਆ ਦੇ ਨਿੱਜੀਕਰਨ ਦੀਆਂ ਊਣਤਾਈਆਂ ਅਤੇ ਇਸ ਦੇ ਸਮਾਜੀ ਪ੍ਰਭਾਵ ਦੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਸਰਸਰੀ ਤੌਰ ’ਤੇ ਇਹ ਪੰਛੀ ਝਾਤ ਮਾਰ ਲੈਣੀ ਚਾਹੀਦੀ ਹੈ ਕਿ ਸਿੱਖਿਆ ਦਾ ਨਿੱਜੀਕਰਨ ਕਿਹੜੇ ਹਾਲਾਤਾਂ ਵਿੱਚ ਸ਼ੁਰੂ ਹੋਇਆ। ਸਿੱਖਿਆ ਦੀ ਲੋੜ ਨੂੰ ਅਨੁਭਵ ਕਰਦਿਆਂ ਹੀ ਇਹ ਗੁਰਦੁਆਰਿਆਂ, ਮੰਦਰਾਂ, ਮਸੀਤਾਂ ਵਿਚ ਸ਼ੁਰੂ ਹੋ ਚੁੱਕੀ ਸੀ। ਇਸੇ ਲੋੜ ਸਦਕਾ ਹੀ ਭਾਰਤ ’ਤੇ ਅੰਗਰੇਜ਼ੀ ਸਾਮਰਾਜ ਦੀ ਹਕੂਮਤ ਤੋਂ ਵੀ ਪਹਿਲਾਂ ਰਿਆਸਤੀ ਰਾਜਿਆਂ ਨੇ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਕੀਤੀ ਸੀ ਅਤੇ ਭਵਿੱਖ ਵਿਚ ਇਹ ਹੋਰ ਵੀ ਪ੍ਰਫ਼ੁੱਲਿਤ ਹੋਈ। ਅੰਗਰੇਜ਼ੀ ਹਕੂਮਤ ਨੇ ਭਾਰਤ ਵਿਚ ਜਦੋਂ ਵਿਧੀਵਤ ਸਿੱਖਿਆ ਦੇਣ ਦੀ ਵਿਵਸਥਾ ਕੀਤੀ ਤਾਂ ਭਾਰਤੀ ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਅੰਗਰੇਜ਼ਾਂ ਦੁਆਰਾ ਚਲਾਕੀ ਨਾਲ ਭਾਰਤ ਵਿਚ ਇਸਾਈ ਧਰਮ ਅਤੇ ਸੱਭਿਆਚਾਰ ਦਾ ਪ੍ਰਚਾਰ ਅਤੇ ਪਾਸਾਰ ਕਰਨ ਹਿੱਤ ਹੀ ਸਾਡੇ ਦੇਸ਼ ਵਿਚ ਸਿੱਖਿਆ ਸੰਸਥਾਵਾਂ ਖੋਲ੍ਹੀਆ ਜਾ ਰਹੀਆਂ ਹਨ। ਅੰਗਰੇਜ਼ਾਂ ਦੀ ਇਸ ਚਲਾਕੀ ਦਾ ਟਾਕਰਾ ਕਰਨ ਲਈ ਇੱਥੋਂ ਦੇ ਧਾਰਮਿਕ ਅਤੇ ਸਮਾਜਿਕ ਕਾਰਕੁਨਾਂ ਨੇ ਆਪਣੇ ਧਰਮ ਅਤੇ ਸੱਭਿਆਚਾਰ ਨੂੰ ਬਚਾਉਣ, ਪ੍ਰਚਾਰ ਅਤੇ ਪਾਸਾਰ ਕਰਨ ਵਾਸਤੇ ਵਿਦਿਅਕ ਸੰਸਥਾਵਾਂ ਖੋਲ੍ਹੀਆਂ। ਪੰਜਾਬ ਵਿਚ ਆਰੀਆ ਸਮਾਜ, ਚੀਫ਼ ਖਾਲਸਾ ਦੀਵਾਨ ਅਤੇ ਮੁਸਲਿਮ ਲੀਗ ਨੇ ਆਪਣੇ-ਆਪਣੇ ਸਕੂਲ ਖੋਲ੍ਹੇ। ਇਨ੍ਹਾਂ ਸਕੂਲਾਂ ਵਿਚ ਰਵਾਇਤੀ ਸਿੱਖਿਆ ਦੇ ਇਲਾਵਾ ਹਿੰਦੂ, ਸਿੱਖ ਅਤੇ ਇਸਲਾਮ ਧਰਮ ਦਾ ਪ੍ਰਚਾਰ ਕੀਤਾ ਜਾਂਦਾ ਅਤੇ ਭਾਰਤੀ ਸੱਭਿਆਚਾਰ ਨੂੰ ਪ੍ਰਭਾਵਿਤ ਹੋਣ ਤੋਂ ਬਚਾਉਣ ਵਾਸਤੇ ਵਿਸ਼ੇਸ਼ ਤਰ੍ਹਾਂ ਦੀ ਸਿੱਖਿਆ ਦੇਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਸੀ। ਉਸ ਸਮੇਂ ਦੀ ਇਸ ਵਿਦਿਅਕ ਵਿਵਸਥਾ ਨੂੰ ਅਜਿਹਾ ਅੱਗੇ ਲਿਜਾਇਆ ਗਿਆ ਕਿ ਸਕੂਲਾਂ ਤੋਂ ਅੱਗੇ ਕਾਲਜ ਅਤੇ ਯੂਨੀਵਰਸਿਟੀਆਂ ਅੱਜ ਵੀ ਸਾਡੇ ਵਿਦਿਅਕ ਢਾਂਚੇ ਵਿਚ ਮੌਜੂਦ ਹਨ। ਪੰਜਾਬ ਵਿਚ ਰਾਜਿਆਂ ਨੇ ਵਿਦਿਅਕ ਸੰਸਥਾਵਾਂ ਦੇ ਨਾਮ ਆਪਣੇ ਰਾਜ ਘਰਾਣਿਆਂ ਦੇ ਪੁਰਖਿਆਂ ਜਾਂ ਆਪਣੇ ਨਾਵਾਂ ’ਤੇ ਰੱਖਦਿਆਂ ਸਿੱਖਿਆ ਦਾ ਵੱਡੇ ਪੱਧਰ ’ਤੇ ਪਾਸਾਰ ਕੀਤਾ ਸੀ। ਆਜ਼ਾਦ ਭਾਰਤ ਵਿਚ ਪੰਜਾਬ ਸਰਕਾਰ ਨੇ ਸਰਕਾਰੀ ਪੱਧਰ ’ਤੇ ਪੰਜਾਬੀ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੁਝ ਇਸੇ ਤਰਜ਼ ਦੇ ਰਲ਼ਦੇ ਮਿਲਦੇ ਕਾਰਨਾਂ ਕਰਕੇ ਹੀ ਖੋਲ੍ਹੀਆਂ ਸਨ। ਹੁਣ ਵੀ ਵਿਸ਼ੇਸ਼ ਨਾਵਾਂ ਅਤੇ ਲੋੜਾਂ ਦੇ ਆਧਾਰ ’ਤੇ ਯੂਨੀਵਰਸਿਟੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਪੰਜਾਬ ਵਿਚ ਚੱਲ ਰਹੇ ਨਿੱਜੀ ਸਕੂਲਾਂ ਵਿਚ ਆਜ਼ਾਦੀ ਉਪਰੰਤ ਉਸੇ ਤਰ੍ਹਾਂ ਸਿੱਖਿਆ ਤਾਂ ਚੱਲਦੀ ਰਹੀ ਪਰ ਇਨ੍ਹਾਂ ਦਾ ਪਾਠਕ੍ਰਮ ਸਰਕਾਰ/ਪੰਜਾਬ ਸਕੂਲ ਬੋਰਡ ਅਨੁਸਾਰੀ ਰੱਖਿਆ ਗਿਆ। ਉਥੇ ਹੀ ਇਸ ਤਰ੍ਹਾਂ ਵੀ ਵੇਖਣ ਵਿਚ ਆਇਆ ਕਿ ਬਹੁਤ ਸਾਰੇ ਸਰਕਾਰੀ ਸਕੂਲਾਂ ਵਿਚ ਪ੍ਰਾਈਵੇਟ ਸਕੂਲਾਂ ਨਾਲੋਂ ਚੰਗੇਰੀ ਸਿੱਖਿਆ ਦਿੱਤੀ ਜਾਂਦੀ ਸੀ। ਸਰਕਾਰੀ ਸਕੂਲਾਂ ਵਿਚ ਸਸਤੀ ਅਤੇ ਮਿਆਰੀ ਸਿੱਖਿਆ ਹੋਣ ਸਦਕਾ ਨਿੱਜੀ ਸਕੂਲਾਂ ਨਾਲੋਂ ਇਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ। ਦੂਸਰੇ ਪਾਸੇ ਦੇਸ਼ ਆਜ਼ਾਦ ਹੋਣ ਉਪਰੰਤ ਵੀ ਸਰਕਾਰੀ ਵਿਭਾਗਾਂ ਵਿਚ ਅਫ਼ਸਰਾਂ ਅਤੇ ਕਰਮਚਾਰੀਆਂ ਦਾ ਕੰਮ ਕਰਨ ਦਾ ਤਰੀਕਾ ਅੰਗਰੇਜ਼ੀ ਹਕੂਮਤ ਸਮੇਂ ਵਾਲਾ ਹੀ ਰਿਹਾ। ਵਿਸ਼ੇਸ਼ ਕਰਕੇ ਸਿਵਲ ਸੇਵਾਵਾਂ ਪ੍ਰੀਖਿਆਵਾਂ, ਮੈਡੀਕਲ ਅਤੇ ਇੰਜਨੀਅਰਿੰਗ ਦੀ ਪੜ੍ਹਾਈ ਅੰਗਰੇਜ਼ੀ ਵਿਚ ਹੀ ਕੀਤੇ ਜਾਣ ਦੀ ਵਿਵਸਥਾ ਸੀ। ਆਮ ਜਨਤਾ ਵਿਚ ਇਸ ਪ੍ਰਤੀ ਥੋੜ੍ਹੀ ਜਿਹੀ ਚੇਤੰਨਤਾ ਆਉਣ ਕਾਰਨ ਪੰਜਾਬ ਵਿਚ ਅੰਗਰੇਜ਼ੀ ਮਾਧਿਅਮ ਵਿਚ ਪੜ੍ਹਾਈ ਕੀਤੇ ਜਾਣ ਦੀ ਲੋੜ ਵਿਚੋਂ ਪਬਲਿਕ ਅਤੇ ਮਾਡਲ ਸਕੂਲਾਂ ਦੇ ਨਾਮ ਵਾਲੇ ਪ੍ਰਾਈਵੇਟ ਸਕੂਲ ਖੁੱਲ੍ਹਣੇ ਆਰੰਭ ਹੋਏ। ਇਨ੍ਹਾਂ ਵਿਚੋਂ ਬਹੁਤੇ ਸਕੂਲਾਂ ਨੇ ਸੀਬੀਐੱਸਈ, ਆਈਸੀਐੱਸਈ ਵਰਗੇ ਅਦਾਰਿਆਂ ਦੀ ਪ੍ਰਵਾਨਤਾ ਹਾਸਲ ਕਰਕੇ ਇਹ ਜਤਾਇਆ ਕਿ ਉਨ੍ਹਾਂ ਦੇ ਸਕੂਲਾਂ ਵਿਚ ਬਿਹਤਰ ਪੜ੍ਹਾਈ ਕਰਵਾਈ ਜਾਂਦੀ ਹੈ ਅਤੇ ਇੱਥੋਂ ਦੇ ਪੜ੍ਹੇ ਵਿਦਿਆਰਥੀ ਉੱਚੇ ਕਰੀਅਰ ਵਾਸਤੇ ਚੁਣੇ ਜਾਂਦੇ ਹਨ।
ਸਕੂਲ ਸਿੱਖਿਆ ਇਕ ਵੱਡਾ ਅਦਾਰਾ ਸੀ ਅਤੇ ਸਿਆਸੀ ਪਾਰਟੀਆਂ ਇਸ ਨੂੰ ਆਪਣੇ ਕਲਾਵੇ ਵਿਚ ਲੈਣ ਦੀ ਕੋਸ਼ਿਸ਼ ਕਰਨ ਲੱਗੀਆਂ ਅਤੇ ਇਨ੍ਹਾਂ ਨੇ ਸਫ਼ਲਤਾ ਵੀ ਹਾਸਲ ਕੀਤੀ। ਸਕੂਲੀ ਸਿੱਖਿਆ ’ਤੇ ਸਿਆਸਤ ਦਾ ਗ਼ਲਬਾ ਵਧ ਗਿਆ ਅਤੇ ਇਸ ਦੇ ਨਾਕਾਰਾਤਮਕ ਪ੍ਰਭਾਵ ਮਿਲਣੇ ਆਰੰਭ ਹੋ ਗਏ। ਭਾਵੇਂ ਪੰਜਾਬ ਵਿਚ ਫੈਲੀ ਨਕਸਲਬਾੜੀ ਲਹਿਰ ਨੇ ਲੋਕਾਂ ਵਿਚ ਚੇਤਨਾ ਲਿਆਉਣ ਦਾ ਕਾਰਜ ਕੀਤਾ ਸੀ ਪਰ ਸਮੇਂ ਦੇ ਹਾਕਮਾਂ ਨੇ ਇਸ ਨੂੰ ਦਬਾਉਣ ਵਾਂਗ ਕਰ ਦਿੱਤਾ ਗਿਆ। ਹਾਲਾਂਕਿ ਇਸ ਦੇ ਉਚੇਰੀ ਸਿੱਖਿਆ ਵਿਚ ਪਏ ਪ੍ਰਭਾਵ ਅੱਜ ਤੱਕ ਵੀ ਵੇਖਣ ਨੂੰ ਮਿਲਦੇ ਹਨ ਪਰ ਇਸ ਤੋਂ ਕੁੱਝ ਸਮਾਂ ਬਾਅਦ ਅੱਠਵੇਂ ਦਹਾਕੇ ਦੇ ਮੱਧ ਵਿਚ ਪੰਜਾਬ ਵਿਚ ਅਤਿਵਾਦ/ਖਾੜਕੂਵਾਦ ਨੇ ਆਣ ਦਸਤਕ ਦਿੱਤੀ। ਆਮ ਤੌਰ ’ਤੇ ਇਸ ਦੇ ਨਾਕਾਰਾਤਮਕ ਪ੍ਰਭਾਵਾਂ ਨੇ ਜਿੱਥੇ ਪੰਜਾਬ ਦੀ ਆਰਥਿਕਤਾ, ਭਾਈਚਾਰਕ ਸਾਂਝ ਨੂੰ ਢਾਹ ਲਾਈ, ਉੱਥੇ ਸਿੱਖਿਆ ਦੇ ਸਤਰ ਨੂੰ ਬੜੀ ਤੇਜ਼ੀ ਨਾਲ ਹੇਠਾਂ ਲੈ ਆਂਦਾ। ਇਸ ਨੇ ਪੰਜਾਬ ਵਿਚ ਸਕੂਲਾਂ ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਵਿਚ ਨਕਲ ਨੂੰ ਬੇਖ਼ੌਫ਼ ਹੋ ਕੇ ਕਰਨ ਵਿਚ ਹੱਲਾਸ਼ੇਰੀ ਦਿੱਤੀ। ਇਸੇ ਤਰ੍ਹਾਂ ਅਤਿਵਾਦੀ/ਖਾੜਕੂ ਧਿਰਾਂ ਨੇ ਸਕੂਲਾਂ ਵਿਚ ਆਪਣੀਆਂ ਬ੍ਰਾਂਚਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ। ਸਕੂਲ ਪੜ੍ਹਦੇ ਵਿਦਿਆਰਥੀ ਆਪਣੇ ਨਫ਼ੇ-ਨੁਕਸਾਨ ਬਾਰੇ ਸੋਚਣ ਤੋਂ ਬਿਨਾਂ ਹੀ ਸਕੂਲ ਬੰਦ ਕਰਵਾਉਣ, ਨਕਲ ਕਰਵਾਉਣ ਆਦਿ ਵਿਚ ਆਪਣੀ ਭੂਮਿਕਾ ਅਦਾ ਕਰਨ ਲੱਗੇ। ਕੁਝ ਜ਼ਿਆਦਾ ਚੇਤਨ ਲੋਕਾਂ ਨੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੀ ਥਾਂ ਪ੍ਰਾਈਵੇਟ ਸਕੂਲਾਂ ਵਿਚ ਵਿਸ਼ੇਸ਼ ਕਰਕੇ ਸੀਬੀਐੱਸਈ ਜਾਂ ਆਈਸੀਐੱਸਈ ਨਾਲ ਸਬੰਧਤ ਸਕੂਲਾਂ ਵਿਚ ਦਾਖ਼ਲ ਕਰਵਾਉਣਾ ਸ਼ੁਰੂ ਕਰ ਦਿੱਤਾ। ਆਮ ਲੋਕਾਂ ਵਿਚ ਪ੍ਰਾਈਵੇਟ ਸਕੂਲਾਂ ਵਾਸਤੇ ਅੰਗਰੇਜ਼ੀ ਸਕੂਲ ਦਾ ਨਾਮ ਪ੍ਰਚੱਲਿਤ ਹੋ ਗਿਆ। ਇਹ ਸਕੂਲ ਆਮ ਤੌਰ ’ਤੇ ਵਪਾਰਕ ਪੱਧਰ ’ਤੇ ਆਪਣਾ ਕਾਰਜ ਕਰਦੇ ਹਨ ਅਤੇ ਇੱਥੇ ਵਿਦਿਆਰਥੀਆਂ ਦੇ ਮਾਪਿਆਂ ਦੀ ਆਰਥਿਕ ਲੁੱਟ-ਖਸੁੱਟ ਹੁੰਦੀ ਹੈ ਅਤੇ ਅਧਿਆਪਕਾਂ ਨੂੰ ਵੀ ਨਿਗੂਣੀਆਂ ਤਨਖਾਹਾਂ ਅਤੇ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਹੌਲ਼ੀ ਹੌਲ਼ੀ ਸਕੂਲਾਂ ਦਾ ਇਹ ਪ੍ਰਚੱਲਣ ਸਾਰੇ ਪ੍ਰਾਈਵੇਟ ਸਕੂਲਾਂ ਵਿਚ ਘੁਸਪੈਠ ਕਰ ਜਾਂਦਾ ਹੈ। ਅੱਜ ਕਿਸੇ ਕੱਲ੍ਹੇ-ਕਾਰੇ ਸਕੂਲ ਨੂੰ ਛੱਡ ਦੇਈਏ ਤਾਂ ਇਨ੍ਹਾਂ ਪ੍ਰਾਈਵੇਟ ਸਕੂਲਾਂ ਵਿਚ ਮਾਪਿਆਂ ਦੀ ਵੀ ਲੁੱਟ ਹੁੰਦੀ ਹੈ ਅਤੇ ਅਧਿਆਪਕਾਂ ਦਾ ਵੀ ਸ਼ੋਸ਼ਣ ਹੁੰਦਾ ਹੈ।
ਇਸ ਵਿਦਿਅਕ ਵਿਹਾਰ ਨੂੰ ਪ੍ਰਫ਼ੁੱਲਿਤ ਕਰਨ ਵਿਚ ਸਮੇਂ ਦੀਆਂ ਸਰਕਾਰਾਂ ਦਾ ਸਿਆਸੀ ਏਜੰਡਾ ਵਧੇਰੇ ਹੀ ਕੰਮ ਕਰਦਾ ਹੈ। ਪਿਛਲੇ ਸਮੇਂ ਵਿਚ ਸਮੁੱਚੇ ਸਰਕਾਰੀ ਕਰਮਚਾਰੀਆਂ ਦੀ ਭਰਤੀ ਕਰਨ ਤੋਂ ਆਮ ਤੌਰ ’ਤੇ ਪਾਸਾ ਹੀ ਵੱਟਿਆ ਜਾਂਦਾ ਰਿਹਾ ਹੈ। ਇਸ ਦਾ ਦੁਰਪ੍ਰਭਾਵ ਜ਼ਿਆਦਾ ਕਰਕੇ ਸਰਕਾਰੀ ਸਕੂਲਾਂ ਦੀ ਸਿੱਖਿਆ ’ ਵੇਖਣ ਵਿਚ ਆਉਂਦਾ ਹੈ। ਅਜੇ ਵੀ ਸਕੂਲ ਮੁਖੀਆਂ ਸਮੇਤ ਅਧਿਆਪਕਾਂ ਅਤੇ ਨਾਨ-ਟੀਚਿੰਗ ਅਮਲੇ ਦੀਆਂ ਤੀਸਰੇ ਹਿੱਸੇ ਤੋਂ ਵਧੇਰੇ ਖਾਲੀ ਅਸਾਮੀਆਂ ਸਕੂਲ ਸਿੱਖਿਆ ਦੇ ਵਿਦਿਅਕ ਸਤਰ ਦਾ ਮੂੰਹ ਚਿੜਾ ਰਹੀਆਂ ਹਨ। ਪਿਛਲੀ ਸਰਕਾਰ (2017-2022) ਦੇ ਸਮੇਂ ਸਿੱਖਿਆ ਵਿਭਾਗ ਨੇ ਅੰਕੜਿਆਂ ਦੀ ਖੇਡ ਖੇਡੀ ਅਤੇ ਸਿੱਖਿਆ ਸਤਰ ਨੂੰ ਹੋਰ ਵੀ ਹੇਠਾਂ ਲੈ ਆਂਦਾ। ਇਸ ਦਾ ਸਿੱਧੇ ਅਤੇ ਅਸਿੱਧੇ ਤੌਰ ’ਤੇ ਵਪਾਰਕ ਅਦਾਰਿਆਂ ਨੂੰ ਫ਼ਾਇਦਾ ਹੋਇਆ। ਕਰੋਨਾ ਕਾਲ ਸਮੇਂ ਅੰਕੜਿਆਂ ਅਨੁਸਾਰ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧੇਰੇ ਦਰਸਾ ਕੇ ਵਾਹਵਾਹੀ ਖੱਟੀ ਗਈ। ਜਦੋਂ ਹੀ ਸਕੂਲ ਹਕੀਕੀ ਤੌਰ ’ਤੇ ਕਾਰਜਸ਼ੀਲ ਹੋਏ ਤਾਂ ਇਹ ਗਿਣਤੀ ਅੰਤਾਂ ਦੀ ਹੇਠਾਂ ਆ ਡਿੱਗੀ। ਦੂਸਰੇ ਪਾਸੇ ਸਪੱਸ਼ਟ ਤੌਰ ’ਤੇ ਪ੍ਰਾਈਵੇਟ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਦਿਨ-ਬ-ਦਿਨ ਵਧੇਰੇ ਹੋ ਰਹੀ ਹੈ। ਜੇਕਰ ਗਹੁ ਨਾਲ ਵੇਖੀਏ ਤਾਂ ਸਕੂਲਾਂ ਦੇ ਆਧਾਰ ’ਤੇ ਹੁਣ ਸਮਾਜਿਕ ਵੰਡੀਆਂ ਵੀ ਵੇਖੀਆਂ ਜਾ ਸਕਦੀਆਂ ਹਨ। ਸਰਕਾਰੀ ਸਕੂਲਾਂ ਵਿਚ ਇਕੱਤਰ ਕੀਤੇ ਅੰਕੜਿਆਂ ਦੇ ਆਧਾਰ ’ਤੇ ਦੋ ਤਿਹਾਈ ਤੋਂ ਵੀ ਜ਼ਿਆਦਾ ਵਿਦਿਆਰਥੀ ਸਮਾਜਿਕ ਅਤੇ ਆਰਥਿਕ ਤੌਰ ’ਤੇ ਪਛੜੇ ਸਮਾਜ ਵਿਚੋਂ ਹਨ। ਇਕ ਹੋਰ ਬੜਾ ਲੁਕਵਾਂ ਅਤੇ ਦੁਖਦਾਈ ਪਹਿਲੂ ਸਰਕਾਰੀ ਸਕੂਲਾਂ ਵਿਚ ਲੜਕੀਆਂ ਦੀ ਵਧੇਰੇ ਗਿਣਤੀ ਦਾ ਵੇਖਿਆ ਜਾ ਸਕਦਾ ਹੈ। ਪਿਛਾਂਹ ਖਿਚੂ ਧਾਰਣਾ ਵਾਲੇ ਸਰਦੇ ਪੁੱਜਦੇ ਮਾਪੇ ਆਪਣੇ ਲੜਕੇ ਨੂੰ ਤਾਂ ਪ੍ਰਾਈਵੇਟ ਸਕੂਲ (ਚੰਗਾ ਸਮਝਦੇ ਹੋਏ) ਵਿਚ ਪੜ੍ਹਨ ਲਈ ਭੇਜਦੇ ਹਨ, ਜਦੋਂਕਿ ਲੜਕੀ ਨੂੰ ਸਰਕਾਰੀ ਸਕੂਲ (ਮਾੜਾ ਸਕੂਲ ਸਮਝਦੇ ਹੋਏ) ਭੇਜਦੇ ਹਨ।
ਪਿਛਲੇ ਸਾਲਾਂ ਵਿਚ ਪੰਜਾਬ ਵਿਚ ਬਹੁਤੇ ਥਾਵਾਂ ’ਤੇ ਪ੍ਰਾਈਵੇਟ ਸਕੂਲਾਂ ਦੁਆਰਾ ਕੀਤੀ ਜਾਂਦੀ ਲੁੱਟ ਵਿਰੁੱਧ ਲੋਕਾਂ ਨੇ ਆਵਾਜ਼ ਉਠਾਈ ਸੀ। ਇਹ ਬਹੁਤ ਹੱਦ ਤੀਕ ਸਹੀ ਵੀ ਹੈ। ਬਹੁਤ ਸਾਰੇ ਨਾਵਾਂ ਦੇ ਫ਼ੰਡ ਇਨ੍ਹਾਂ ਸਕੂਲਾਂ ਦੁਆਰਾ ਉਗਰਾਹੇ ਜਾਂਦੇ ਹਨ। ਕਿਤਾਬਾਂ ਕਾਪੀਆਂ ਅਤੇ ਵਰਦੀਆਂ ਦੀ ਖ਼ਰੀਦ ਵਿਚ ਵੀ ਅਜਿਹਾ ਵੇਖਣ ਵਿਚ ਆਉਂਦਾ ਹੈ। ਇਸ ਨਾਲੋਂ ਦੁਖਦਾਈ ਪਹਿਲੂ ਇੱਥੇ ਕੰਮ ਕਰ ਰਹੇ ਅਧਿਆਪਕਾਂ ਦਾ ਹੁੰਦਾ ਸ਼ੋਸ਼ਣ ਹੈ। ਅਦਾਲਤਾਂ ਅਤੇ ਸਰਕਾਰਾਂ ਦੀਆਂ ਹਦਾਇਤਾਂ ਦੇ ਵਿਰੁੱਧ ਇਨ੍ਹਾਂ ਅਧਿਆਪਕਾਂ ਨੂੰ ਬੜੀਆਂ ਨਿਗੂਣੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ। ਇੱਥੇ ਅਧਿਆਪਕਾਂ ਤੋਂ ਬੱਸਾਂ ਦੇ ਡਰਾਈਵਰਾਂ ਅਤੇ ਸਕੂਲ ਵਿਚਲੇ ਸੇਵਾਦਾਰਾਂ ਵਾਲਾ ਕੰਮ ਲਿਆ ਜਾਂਦਾ ਹੈ। ਸਰਕਾਰ ਦੁਆਰਾ ਕੀਤੀਆਂ ਜਾਂਦੀਆਂ ਛੁੱਟੀਆਂ ਵੀ ਇਨ੍ਹਾਂ ਅਧਿਆਪਕਾਂ ਵਾਸਤੇ ਨਹੀਂ ਹੁੰਦੀਆਂ। ਵਿਦਿਆਰਥੀਆਂ ਦੇ ਮਾਪਿਆਂ ਵਾਸਤੇ ਇਹ ਅਧਿਆਪਕ ਹੁੰਦੇ ਹਨ, ਜਦੋਂ ਕਿ ਸਕੂਲ ਪ੍ਰਬੰਧਕਾਂ ਦੇ ਇਹ ਨੌਕਰ ਹੁੰਦੇ ਹਨ। ਬਹੁਤ ਥਾਵਾਂ ’ਤੇ ਔਰਤ ਕਰਮਚਾਰੀਆਂ ਨੂੰ ਹੋਰ ਵੀ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਸਕੂਲ ਸਮੇਂ ਤੋਂ ਅੱਗੇ ਜਾਂ ਬਾਅਦ ਵਿਚ ਬੁਲਾਇਆ ਜਾਂਦਾ ਹੈ।
ਸਕੂਲਾਂ ਦਾ ਨਿੱਜੀਕਰਨ ਅਸਲ ਵਿਚ ਆਪਣੇ ਅੰਦਰ ਬਹੁਤ ਸਾਰੇ ਅਜਿਹੇ ਪ੍ਰਭਾਵ ਲਈ ਬੈਠਾ ਹੈ, ਜਿਸ ਦੇ ਨਾਕਾਰਾਤਮਕ ਪ੍ਰਭਾਵ ਸਮਾਜ ਵਾਸਤੇ ਬਹੁਤ ਮਾੜੇ ਸਾਬਤ ਹੋ ਰਹੇ ਹਨ।
ਸੰਪਰਕ: 95010-20731