Neetu Kapoor ਵੱਲੋਂ Kapil Sharma ਦੀ Acting ਦੀ ਸ਼ਲਾਘਾ
'Dadi Ki Shaadi' ਵਿੱਚ 'Tony' ਦੇ ਕਿਰਦਾਰ ਨਾਲ ਜਿੱਤਿਆ ਦਿਲ: ਨੀਤੂ ਕਪੂਰ
ਅਦਾਕਾਰਾ ਨੀਤੂ ਕਪੂਰ ਨੇ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਦਾਦੀ ਕੀ ਸ਼ਾਦੀ’ ਵਿੱਚ ਸਹਿ-ਕਲਾਕਾਰ ਕਪਿਲ ਸ਼ਰਮਾ ਦੀ ਅਦਾਕਾਰੀ ਦੀ ਸ਼ਲਾਘਾ ਕੀਤੀ ਹੈ। ਇੱਕ ਇੰਟਰਵਿਊ ਦੌਰਾਨ ਨੀਤੂ ਕਪੂਰ ਨੇ ਦੱਸਿਆ ਕਿ ਕਪਿਲ ਸ਼ਰਮਾ ਸ਼ਾਨਦਾਰ ਇਨਸਾਨ ਹੈ ਅਤੇ ਸੈੱਟ ’ਤੇ ਉਸ ਦਾ ਸੁਭਾਅ ਬੇਹੱਦ ਖੁਸ਼ਮਿਜ਼ਾਜ ਰਿਹਾ। ਉਸ ਨੇ ਕਿਹਾ ਕਿ ਫਿਲਮ ਵਿੱਚ ਕਪਿਲ ਨੇ ‘ਟੋਨੀ’ ਦਾ ਕਿਰਦਾਰ ਇੰਨੀ ਸ਼ਿੱਦਤ ਨਾਲ ਨਿਭਾਇਆ ਹੈ ਕਿ ਦੇਖਣ ਵਾਲੇ ਨੂੰ ਉਹ ਕਿਤੇ ਵੀ ਕਾਮੇਡੀਅਨ ਵਜੋਂ ਨਜ਼ਰ ਨਹੀਂ ਆਉਂਦਾ। ਫਿਲਮ ਵਿੱਚ ਨੀਤੂ ਕਪੂਰ ਮੁੱਖ ਭੂਮਿਕਾ ਵਿੱਚ ਹੈ ਅਤੇ ਇਹ ਫਿਲਮ 8 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਨੀਤੂ ਕਪੂਰ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਅਜੋਕੇ ਪਰਿਵਾਰਕ ਰਿਸ਼ਤਿਆਂ ਅਤੇ ਬਜ਼ੁਰਗਾਂ ਦੀ ਇਕੱਲਤਾ ’ਤੇ ਆਧਾਰਿਤ ਹੈ, ਜਿਸ ਨਾਲ ਹਰ ਕੋਈ ਆਸਾਨੀ ਨਾਲ ਜੁੜ ਸਕਦਾ ਹੈ। ਨਿਰਦੇਸ਼ਕ ਆਸ਼ੀਸ਼ ਆਰ ਮੋਹਨ ਨੇ ਦੱਸਿਆ ਕਿ ਕਪਿਲ ਸ਼ਰਮਾ ਦੀ ਟੀਮ ਦੇ ਸੁਝਾਅ ’ਤੇ ਹੀ ‘ਦਾਦੀ’ ਦੇ ਕਿਰਦਾਰ ਲਈ ਨੀਤੂ ਕਪੂਰ ਦੀ ਚੋਣ ਕੀਤੀ ਗਈ ਸੀ। ਫਿਲਮ ਵਿੱਚ ਜੀਵਨ ਆਹੂਜਾ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦੀਪਕ ਦੱਤਾ ਨੇ ਕਿਹਾ ਕਿ ਇਸ ਦੀ ਕਹਾਣੀ ਮਾਪਿਆਂ ਪ੍ਰਤੀ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਂਦੀ ਹੈ। ਆਰਟੇਕ ਸਟੂਡੀਓਜ਼, ਬੀਂਗਯੂ ਸਟੂਡੀਓਜ਼ ਅਤੇ ਸ਼ਿਮਲਾ ਟਾਕੀਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਵਿੱਚ ਰਿਧੀਮਾ ਕਪੂਰ ਸਾਹਨੀ, ਸ਼ਰਤ ਕੁਮਾਰ ਅਤੇ ਸਾਦੀਆ ਖਤੀਬ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ।

