DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੜਕ ਹਾਦਸਿਆਂ ਬਾਰੇ ਜਾਗਰੂਕ ਹੋਣ ਦੀ ਲੋੜ

ਅੱਜ ਦਾ ਯੁੱਗ ਤੇਜ਼ ਰਫ਼ਤਾਰ ਦਾ ਯੁੱਗ ਬਣ ਗਿਆ, ਹਰੇਕ ਨੂੰ ਕਾਹਲੀ ਹੈ ਆਪਣੀ ਮੰਜ਼ਿਲ ’ਤੇ ਪਹੁੰਚਣ ਦੀ ਪਰ ਇਸ ਕਾਹਲੀ ਦੇ ਨਤੀਜੇ ਕਈ ਵਾਰ ਬਹੁਤ ਭਿਆਨਕ ਹੋ ਨਿੱਬੜਦੇ ਹਨ। ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਨਾਲ ਆਵਾਜਾਈ ਦੇ ਸਾਧਨਾਂ ਵਿੱਚ...

  • fb
  • twitter
  • whatsapp
  • whatsapp
Advertisement

ਅੱਜ ਦਾ ਯੁੱਗ ਤੇਜ਼ ਰਫ਼ਤਾਰ ਦਾ ਯੁੱਗ ਬਣ ਗਿਆ, ਹਰੇਕ ਨੂੰ ਕਾਹਲੀ ਹੈ ਆਪਣੀ ਮੰਜ਼ਿਲ ’ਤੇ ਪਹੁੰਚਣ ਦੀ ਪਰ ਇਸ ਕਾਹਲੀ ਦੇ ਨਤੀਜੇ ਕਈ ਵਾਰ ਬਹੁਤ ਭਿਆਨਕ ਹੋ ਨਿੱਬੜਦੇ ਹਨ। ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਨਾਲ ਆਵਾਜਾਈ ਦੇ ਸਾਧਨਾਂ ਵਿੱਚ ਬੇਹੱਦ ਵਾਧਾ ਹੋਇਆ ਹੈ ਤੇ ਮੌਜੂਦਾ ਸਮੇਂ ਵਿੱਚ ਆਵਾਜਾਈ ਦੇ ਅਤਿ-ਆਧੁਨਿਕ ਸਾਧਨਾਂ ਨੇ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਇਆ ਦਿੱਤਾ ਹੈ, ਪਰ ਇਸ ਤਸਵੀਰ ਦਾ ਇੱਕ ਪੱਖ ਇਹ ਵੀ ਹੈ ਕਿ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸੜਕ ਆਵਾਜਾਈ ਦੌਰਾਨ ਹਾਦਸਿਆਂ ਦੇ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਪੈ ਰਹੇ ਹਨ। ਇਹ ਵਰਤਾਰਾ ਸਮਾਜ ਲਈ ਗੰਭੀਰ ਅਤੇ ਚੁਣੌਤੀਪੂਰਣ ਬਣ ਗਿਆ ਹੈ। ਅਖ਼ਬਾਰਾਂ ਅਤੇ ਟੀਵੀ ਵਿੱਚ ਸਾਨੂੰ ਰੋਜ਼ਾਨਾ ਹੀ ਕੋਈ ਨਾ ਕੋਈ ਦਰਦਨਾਕ ਹਾਦਸਾ ਵੇਖਣ ਨੂੰ ਮਿਲ ਜਾਂਦਾ ਹੈ ਤੇ ਹਰ ਉਮਰ ਵਰਗ ਦੇ ਇਨਸਾਨ ਇਨ੍ਹਾਂ ਦਰਦਨਾਕ ਹਾਦਸਿਆਂ ਦੇ ਸ਼ਿਕਾਰ ਵੀ ਹੁੰਦੇ ਹਨ।

ਮੁਢਲੇ ਤੌਰ ’ਤੇ ਸੜਕ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਮਨੁੱਖੀ ਲਾਪਰਵਾਹੀ ਹੈ। ਪਰ ਇਸ ਤੋਂ ਵੱਡਾ ਕਾਰਨ ਇਹ ਹੈ ਕਿ ਮਨੁੱਖ ਆਪਣੀ ਇਸ ਸਭ ਤੋਂ ਵੱਡੀ ਗ਼ਲਤੀ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰੀ ਹੈ। ਇਸ ਦੇ ਕਾਰਨ ਬਹੁਤ ਹੀ ਸਪੱਸ਼ਟ ਹਨ। ਟਰੈਫਿਕ ਨਿਯਮਾਂ ਦੀ ਪਾਲਣਾ ਸਹੀ ਢੰਗ ਨਾਲ ਨਾ ਕਰਨਾ, ਜਿਵੇਂ-ਤੇਜ਼ ਰਫ਼ਤਾਰੀ, ਬਿਨਾਂ ਆਲੇ-ਦੁਆਲੇ ਵੇਖਿਆਂ ਓਵਰਟੇਕ ਕਰਨ ਦੀ ਕਾਹਲ, ਵਾਹਨ ਚਲਾਉਂਦੇ ਹੋਏ ਮੋਬਾਈਲ ਫੋਨ ਦੀ ਵਰਤੋਂ, ਲਾਲ ਬੱਤੀ ਦੀ ਉਲੰਘਣਾ, ਵਾਹਨ ਦੇ ਇੰਜਣ, ਬਰੇਕਾਂ ਆਦਿ ਦੀ ਸੰਭਾਲ ਨਾ ਕਰਨਾ ਆਦਿ। ਇੱਕ ਹੋਰ ਕਾਰਨ ਵੀ ਮੌਜੂਦਾ ਸਮੇਂ ਵਿੱਚ ਸੜਕ ਦੁਰਘਟਨਾਵਾਂ ਲਈ ਪ੍ਰਮੁੱਖ ਰੂਪ ਨਾਲ ਉਭਰ ਕੇ ਸਾਹਮਣੇ ਆ ਰਿਹਾ ਹੈ, ਉਹ ਹੈ ਨਾਬਾਲਗ ਲੜਕੇ ਲੜਕੀਆਂ ਵੱਲੋਂ ਵਾਹਨ ਚਲਾਉਣਾ। ਚੜ੍ਹਦੀ ਉਮਰ ਵਿੱਚ ਬੇਸ਼ਕ ਨੌਜਵਾਨ ਊਰਜਾ ਨਾਲ ਭਰੇ ਹੁੰਦੇ ਹਨ, ਪਰ ਉਨ੍ਹਾਂ ਵਿੱਚ ਆਪਣੇ ਫ਼ੈਸਲਿਆਂ ਦੀ ਗੰਭੀਰਤਾ ਨੂੰ ਸਮਝਣ ਅਤੇ ਉਨ੍ਹਾਂ ਦੇ ਨਿਕਲਣ ਵਾਲੇ ਨਤੀਜਿਆਂ ਨੂੰ ਪਰਖ ਸਕਣ ਦੀ ਸਮਝ ਹਾਲੇ ਨਹੀਂ ਹੁੰਦੀ, ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਉਹ ਬਿਨਾਂ ਟਰੈਫਿਕ ਨਿਯਮਾਂ ਬਾਰੇ ਪੂਰੀ ਜਾਣਕਾਰੀ ਹਾਸਲ ਕੀਤਿਆਂ ਵਾਹਨ ਲੈ ਕੇ ਸੜਕਾਂ ’ਤੇ ਨਿਕਲ ਪੈਂਦੇ ਹਨ। ਕਿਸੇ ਬੇਸਮਝ ਨੂੰ ਦਿੱਤਾ ਵਾਹਨ ਮਾਰੂ ਹਥਿਆਰ ਵਾਂਗ ਹੁੰਦਾ ਹੈ, ਜਿਸ ਦਾ ਖਾਮਿਆਜ਼ਾ ਸੜਕ ਦੁਰਘਟਨਾ ਵਿੱਚ ਜਾਨ ਗਵਾ ਲੈਣ ਵਾਲੇ ਜੀਅ ਦੇ ਪੂਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ।

Advertisement

ਨਸ਼ਿਆਂ ਦੀ ਮਾਰ ਹੇਠ ਇਹ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਨਸ਼ਾ ਮਨੁੱਖ ਦੀ ਸੋਚਣ ਸਮਝਣ ਦੀ ਸ਼ਕਤੀ ਨੂੰ ਖ਼ਤਮ ਕਰ ਦਿੰਦਾ ਹੈ ਜਿਸ ਕਰਕੇ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਣ ਵਾਲਾ ਇਨਸਾਨ ਵਾਹਨ ਦੀ ਰਫ਼ਤਾਰ ਅਤੇ ਸੜਕ ’ਤੇ ਜਾ ਰਹੇ ਹੋਰਨਾਂ ਵਾਹਨਾਂ ਦੇ ਆਪਸੀ ਸੰਤੁਲਨ ਨੂੰ ਕਾਇਮ ਰੱਖਣ ਤੋਂ ਅਸਮਰੱਥ ਸਾਬਤ ਹੁੰਦਾ ਹੈ। ਕਈ ਵਾਰ ਇਸ ਦਾ ਸਿੱਟਾ ਨਸ਼ੇ ਵਿੱਚ ਵਾਹਨ ਚਲਾਉਣ ਵਾਲੇ ਦੀ ਮੌਤ ਹੁੰਦਾ ਹੈ, ਪਰ ਬਹੁਤੀ ਵਾਰ ਅਜਿਹਾ ਕੋਈ ਵੀ ਹਾਦਸਾ ਹੋਰਨਾਂ ਕਈਆਂ ਦੀ ਜਾਨ ਵੀ ਲੈ ਬੈਠਦਾ ਹੈ।

Advertisement

ਸੜਕਾਂ ਦੀ ਮਾੜੀ ਹਾਲਤ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇੱਕ ਵਾਹਨ ਚਾਲਕ ਵਾਹਨ ਖਰੀਦਣ ਵੇਲੇ ਵੀ ਸੜਕ ਟੈਕਸ ਭਰਦਾ ਹੈ, ਪਰ ਇਸ ਦੇ ਬਾਵਜੂਦ ਉਸ ਨੂੰ ਵਾਹਨ ਚਲਾਉੁਣ ਯੋਗ ਸੜਕਾਂ ਮੁਹੱਈਆ ਨਹੀਂ ਹੁੰਦੀਆਂ। ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਵੱਡੀ ਗਿਣਤੀ ਸੜਕਾਂ ਟੁੱਟੀਆਂ ਹੋਈਆਂ ਤੇ ਟੋਇਆਂ ਨਾਲ ਭਰੀਆਂ ਹੋਈਆਂ ਹਨ। ਵੱਡੀ ਗਿਣਤੀ ਚੌਰਾਹਿਆਂ ਆਦਿ ’ਤੇ ਟਰੈਫਿਕ ਲਾਈਟਾਂ ਵੀ ਨਹੀਂ ਲੱਗੀਆਂ ਹੋਈਆਂ। ਜੇਕਰ ਕਿਤੇ ਲੱਗੀਆਂ ਵੀ ਹਨ ਤਾਂ ਉਨ੍ਹਾਂ ਵਿੱਚੋਂ ਵੀ ਅੱਧੀਆਂ ਖਰਾਬ ਹਨ। ਅਜਿਹੇ ਹਾਲਾਤ ਵਿੱਚ ਵਾਪਰਨ ਵਾਲੇ ਸੜਕ ਹਾਦਸਿਆਂ ਲਈ ਸਰਕਾਰ ਤੇ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੁੰਦੇ ਹਨ।

ਸੜਕ ਹਾਦਸਿਆਂ ਵਿੱਚ ਜਾਨ ਗਵਾਉਣ ਵਾਲਾ ਸ਼ਖ਼ਸ ਕਿਸੇ ਪਰਿਵਾਰ ਦਾ ਅਟੁੱਟ ਹਿੱਸਾ ਹੁੰਦਾ ਹੈ। ਕਈ ਵਾਰ ਉਹ ਪਰਿਵਾਰ ਦਾ ਇੱਕਲੌਤਾ ਕਮਾਊ ਹੁੰਦਾ ਹੈ, ਜਿਸ ਦੇ ਜਾਣ ਨਾਲ ਪਰਿਵਾਰ ਦੀ ਆਰਥਿਕਤਾ ਢਹਿ ਢੇਰੀ ਹੋ ਜਾਂਦੀ ਹੈ ਤੇ ਜੀਆਂ ਦੀ ਹਾਲਤ ਤਰਸਯੋਗ ਬਣ ਜਾਂਦੀ ਹੈ। ਪਰਿਵਾਰ ਦੇ ਬੱਚਿਆਂ ਦੀ ਪੜ੍ਹਾਈ ਛੁੱਟ ਜਾਂਦੀ ਹੈ, ਬਜ਼ੁਰਗਾਂ ਦੀਆਂ ਦਵਾਈਆਂ ਛੁੱਟ ਜਾਂਦੀਆਂ ਹਨ। ਅਜਿਹੇ ਸੜਕ ਹਾਦਸੇ ਬਹੁਤੀ ਵਾਰ ਇਨਸਾਨ ਨੂੰ ਬੁਰੀ ਤਰ੍ਹਾਂ ਤੋੜ ਦਿੰਦੇ ਹਨ। ਕਈ ਵਾਰ ਸੜਕ ਹਾਦਸੇ ਦੇ ਸ਼ਿਕਾਰ ਹੋਣ ਵਾਲੇ ਦੀ ਜਾਨ ਤਾਂ ਬਚ ਜਾਂਦੀ ਹੈ ਪਰ ਉਹ ਤੁਰਨ ਫਿਰਨ ਅਤੇ ਕੰਮ ਕਰ ਸਕਣ ਤੋਂ ਅਸਮਰੱਥ ਹੋ ਜਾਂਦਾ ਹੈ ਤੇ ਮਾਨਸਿਕ ਤਣਾਅ ਦਾ ਸ਼ਿਕਾਰ ਵੀ ਹੋ ਜਾਂਦਾ ਹੈ।

ਮੁਕਾਬਲੇ ਦੀ ਭਾਵਨਾ ਅਤੇ ਕਾਹਲ ਇਸ ਸਮੱਸਿਆ ਵਿੱਚ ਹੋਰ ਵਾਧਾ ਕਰਦੇ ਹਨ। ਲੋਕ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਆਪਣੀ ਅਤੇ ਦੂਜਿਆਂ ਦੀ ਜਾਨ ਦੀ ਪਰਵਾਹ ਨਹੀਂ ਕਰਦੇ। ਪੰਜਾਬ ਵਿੱਚ ਦੁਪਹੀਆ ਵਾਹਨ ਚਲਾਉਣ ਵਾਲਿਆਂ ਵਿੱਚੋਂ ਸ਼ਾਇਦ ਗਿਣਤੀ ਦੇ ਕੁਝ ਚਾਲਕ ਹੀ ਹੋਣਗੇ, ਜੋ ਹੈਲਮਟ ਦੀ ਵਰਤੋਂ ਕਰਦੇ ਹਨ। ਇਸੇ ਤਰ੍ਹਾਂ ਕਾਰ ਆਦਿ ਚਲਾਉਣ ਵੇਲੇ ਸੀਟ ਬੈਲਟ ਲਗਾਉਣ ਦੀ ਜ਼ਿੰਮੇਵਾਰੀ ਨਿਭਾਉਣ ਵਾਲਿਆਂ ਦੀ ਗਿਣਤੀ ਵੀ ਆਟੇ ’ਚ ਲੂਣ ਬਰਾਬਰ ਹੀ ਹੈ।

ਸੜਕ ਹਾਦਸਿਆਂ ਨੂੰ ਰੋਕਣ ਲਈ ਸਰਕਾਰ, ਪ੍ਰਸ਼ਾਸਨ ਅਤੇ ਆਮ ਲੋਕਾਂ ਨੂੰ ਮਿਲ ਕੇ ਯਤਨ ਕਰਨੇ ਪੈਣਗੇ। ਸਰਕਾਰ ਨੂੰ ਚਾਹੀਦਾ ਹੈ ਕਿ ਸੜਕਾਂ ਦੀ ਮੁਰੰਮਤ ਅਤੇ ਸੁਧਾਰ ਵੱਲ ਖ਼ਾਸ ਧਿਆਨ ਦਿੱਤਾ ਜਾਵੇ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਹਰ ਸ਼ਹਿਰ ਅਤੇ ਪਿੰਡ ਵਿੱਚ ਟਰੈਫਿਕ ਜਾਗਰੂਕਤਾ ਮੁਹਿੰਮ ਹੋਰ ਤੇਜ਼ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਡਰਾਈਵਿੰਗ ਦੀ ਮਹੱਤਤਾ ਸਮਝ ਆ ਸਕੇ। ਸਕੂਲਾਂ ਅਤੇ ਕਾਲਜਾਂ ਵਿੱਚ ਟਰੈਫਿਕ ਸਿੱਖਿਆ ਨੂੰ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਇਸ ਦੇ ਨਾਲ-ਨਾਲ ਹਰ ਨਾਗਰਿਕ ਨੂੰ ਵਾਹਨ ਚਲਾਉਂਦੇ ਸਮੇਂ ਸਾਵਧਾਨੀ, ਧੀਰਜ ਅਤੇ ਅਨੁਸ਼ਾਸਨ ਦੀ ਪਾਲਣਾ ਕਰਨੀ ਚਾਹੀਦੀ ਹੈ। ਹੈਲਮੈਟ ਅਤੇ ਸੀਟ ਬੈਲਟ ਦੀ ਵਰਤੋਂ ਹਰ ਹਾਲਤ ਵਿੱਚ ਕਰਨੀ ਚਾਹੀਦੀ ਹੈ। ਨਸ਼ੇ ਵਿੱਚ ਡਰਾਈਵਿੰਗ ਤੋਂ ਪੂਰੀ ਤਰ੍ਹਾਂ ਬਚਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਵੀ ਛੋਟੀ ਉਮਰ ਤੋਂ ਹੀ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।

ਇਸ ਲਈ ਸਮੇਂ ਦੀ ਲੋੜ ਹੈ ਕਿ ਅਸੀਂ ਟਰੈਫਿਕ ਨਿਯਮਾਂ ਦੀ ਪਾਲਣਾ ਕਰੀਏ, ਜ਼ਿੰਮੇਵਾਰ ਨਾਗਰਿਕ ਬਣੀਏ ਅਤੇ ਸੁਰੱਖਿਅਤ ਸਮਾਜ ਦੀ ਨੀਂਹ ਰੱਖੀਏ।

ਸੰਪਰਕ: 98550-36444

Advertisement
×