ਕੁਦਰਤ ਅਤੇ ਕਰੋਨਾ

ਕੁਦਰਤ ਅਤੇ ਕਰੋਨਾ

ਡਾ. ਬੀਰਿੰਦਰ ਪਾਲ ਸਿੰਘ*

ਕੁਦਰਤ ਹਮੇਸ਼ਾ ਰਹੀ ਹੈ ਅਤੇ ਰਹੇਗੀ, ਆਦਮ-ਜਾਤ ਭਾਵੇਂ ਮੁੱਕ ਜਾਵੇ ਕਿਉਂਕਿ ਉਸ ਨਾਲ ਖਿਲਵਾੜ ਕਰਕੇ ਉਹ ਆਪਣੀ ਕਬਰ ਆਪ ਪੁੱਟ ਰਹੀ ਹੈ। ਆਮ ਇਨਸਾਨ ਦਾ ਇਸ ਖਿਲਵਾੜ ਨਾਲ ਉੱਕਾ ਹੀ ਸਰੋਕਾਰ ਨਹੀਂ ਹੈ ਕਿਉਂ ਜੋ ਉਹ ਤਾਂ ਆਪ ਇਸ ਦਾ ਇਕ ਹਿੱਸਾ ਹੈ ਜਿਸ ਦਾ ਸੋਸ਼ਣ ਕੁਦਰਤ ਵਾਂਗ ਹੀ ਹੋ ਰਿਹਾ ਹੈ। ਇਹ ਇਨਸਾਨ ਦੀ ਮਾੜੀ ਕਿਸਮਤ ਹੈ ਕਿ ਉਨ੍ਹਾਂ ਵਿਚੋਂ ਇਕ ਬਹੁਤ ਛੋਟੀ ਗਿਣਤੀ ਦੇ ਲੋਕ ਸਮਾਜ ਅਤੇ ਸਭਿਅਤਾ ਦੇ ਵਿਕਾਸ ਦੇ ਨਾਂ ’ਤੇ ਆਪ ਅਮੀਰ ਹੋਣ ਦੀ ਹੋੜ੍ਹ ’ਚ ਕੁਦਰਤੀ ਸੋਮਿਆਂ ਦੀ ਬੇਰਹਿਮੀ ਨਾਲ ਲੁੱਟ-ਖਸੁੱਟ ਕਰ ਰਹੇ ਹਨ। ਦੁਨੀਆਂ ਦੀ ਗੱਲ ਛੱਡ ਦੇਈਏ ਤਾਂ ਆਪਣੇ ਮੁਲਕ ਵਿਚ ਵੀ ਸਿਰਫ਼ ਇਕ ਫ਼ੀਸਦੀ ਲੋਕਾਂ ਕੋਲ 73 ਫ਼ੀਸਦੀ ਆਬਾਦੀ ਦਾ ਸਰਮਾਇਆ ਹੈ। ਸਾਡੇ ਮੁਲਕ ਨੂੰ ਖ਼ੁਦਮੁਖਤਾਰ ਹੋਇਆਂ ਵੀ 73 ਵਰ੍ਹੇ ਹੋ ਗਏ ਹਨ ਅਤੇ ਹਰ ਸਰਕਾਰ ਪਿਛਲੀ ਨਾਲੋਂ ਵਧ-ਚੜ੍ਹ ਕੇ ਗ਼ਰੀਬੀ ਦੂਰ ਕਰਨ ਲਈ ਪ੍ਰੋਗਰਾਮ ਉਲੀਕਦੀ ਰਹੀ ਹੈ, ਪਰ ਪਰਨਾਲਾ ਹਾਲੇ ਤੱਕ ਉੱਥੇ ਹੀ ਹੈ।

ਜੇ ਇਨਸਾਨ ਦੀ ਉਤਪਤੀ ਕੁਦਰਤੀ ਜੀਵਾਂ ’ਚੋਂ ਸਹਿਜ ਵਿਕਾਸ (evolution) ਨਾਲ ਹੋਈ ਹੈ ਤਾਂ ਇਸ ਸਰਬੋਤਮ ਅਤੇ ਸਰਬਉੱਚ ਜੀਵ ਦਾ ਫ਼ਰਜ਼ ਬਣਦਾ ਹੈ ਕਿ ਉਹ ਸਾਰੀ ਕਾਇਨਾਤ ਦੇ ਬਾਕੀ ਜੀਵਾਂ ਦੀ ਦੇਖਭਾਲ ਕਰੇ। ਜੇ ਕਿਤੇ ਤਕੜੇ ਜੀਵ ਦਾ ਧੱਕਾ ਲੱਗ ਜਾਵੇ, ਉੱਥੇ ਵੀ ਮਾੜੇ ਵਰਗ ਦੀ ਮਦਦ ’ਚ ਖੜ੍ਹੇ ਕਿਉਂਕਿ ਸ਼ੇਰ ਨੇ ਤਾਂ ਮੇਮਣਾ ਖਾਣਾ ਹੀ ਹੈ, ਪਾਣੀ ਭਾਵੇਂ ਉਹਦੇ ਪਿਓ-ਦਾਦਿਆਂ ਨੇ ਜੂਠਾ ਕੀਤਾ ਹੋਵੇ।

ਜੇ ਇਨਸਾਨ ਦੀ ਪੈਦਾਇਸ਼ ਰੱਬ ਹੱਥੋਂ ਹੋਈ ਹੈ ਤਾਂ ਉਸ ਵਿਚ ਵੀ ਰੱਬ ਵਰਗੇ ਗੁਣ ਹੋਣੇ ਚਾਹੀਦੇ ਹਨ। ਸਭ ਜੀਵਾਂ ਨਾਲੋਂ ਵਿਕਸਤ ਆਪਣੇ ਦਿਮਾਗ਼ ਸਦਕਾ ਉਹ ਘੱਟ ਬੁੱਧੀ ਵਾਲੇ ਜੀਵਾਂ ਦੀ ਸੁਰੱਖਿਆ ਕਰੇ। ਆਪਣੀ ਬੁੱਧੀ ਰਾਹੀਂ ਕੁਦਰਤੀ ਵਰਤਾਰੇ ਨੂੰ ਸਮਝੇ ਅਤੇ ਉਸ ਨੂੰ ਖ਼ਰਾਬ ਕਰਨ ਦੀ ਬਜਾਏ ਜਿੱਥੇ ਕੋਈ ਨੁਕਸ ਪੈਂਦਾ ਹੈ ਉਸ ਨੂੰ ਠੀਕ ਕਰੇ। ਕੁਦਰਤੀ ਸੋਮਿਆਂ ਨੂੰ ਬਚਾਵੇ ਅਤੇ ਵਧਾਵੇ। ਗੁਰੂ ਗ੍ਰੰਥ ਸਾਹਿਬ ’ਚ ਅਜਾਈ ਨਹੀਂ ਕਿਹਾ ਗਿਆ: ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।। ਇਹ ਗੁਰੂ ਦਾ ਹੁਕਮ ਹੈ, ਪਰ ਲੋਕਾਂ ਦੀ ਜੀਵਨ ਸ਼ੈਲੀ ਇਸ ਦੇ ਬਿਲਕੁਲ ਵਿਪਰੀਤ ਹੈ। ਧਰਤੀ ਹੇਠਲਾ ਪਾਣੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੈ। ਉਹੀ ਹਾਲ ਹਵਾ ਦਾ ਹੈ। ਲੌਕਡਾਊਨ ਕਾਰਨ ਜਲੰਧਰ ਤੋਂ ਧੌਲਾਧਾਰ ਦੀਆਂ ਬਰਫ਼ੀਲੀਆਂ ਚੋਟੀਆਂ ਦਿਸਣ ਲੱਗ ਪਈਆਂ ਜੋ ਕਰੀਬ 200 ਕਿਲੋਮੀਟਰ ਦੂਰ ਹਨ। ਧਰਤੀ ਮਾਤਾ ਦਾ ਹਾਲ ਇਹ ਹੈ ਕਿ ਟੋਬਿਆਂ ’ਚ ਭਰਤ ਪੈ ਗਈ ਹੈ, ਜੰਗਲਾਤ ਨਾਂ-ਬਰਾਬਰ ਹੈ ਅਤੇ ਬਾਕੀ ਥਾਂ ’ਤੇ ਖੇਤ ਅਤੇ ਮਕਾਨ ਹਨ। ਇਹ ਕੁਦਰਤ ਨਾਲ ਛੇੜਛਾੜ ਦਾ ਨਤੀਜਾ ਹੈ ਕਿ ਨਵੇਂ-ਨਵੇਂ ਵਾਇਰਸ ਉਪਜ ਰਹੇ ਹਨ। ਪਿਛਲੇ ਕੁਝ ਹੀ ਦਹਾਕਿਆਂ ਵਿਚ ਕਿੰਨੇ ਹੀ ਵਾਇਰਸ ਆਏ ਅਤੇ ਹਰ ਇਕ ਦੂਜੇ ਨਾਲੋਂ ਵਧ ਕੇ ਖ਼ਤਰਨਾਕ ਸਾਬਤ ਹੋਇਆ ਹੈ। ਕਰੋਨਾ ਵਾਇਰਸ ਨੇ ਤਾਂ ਸਾਰੀਆਂ ਹੱਦਾਂ ਪਾਰ ਕਰ ਛੱਡੀਆਂ ਨੇ। ਦੁਨੀਆਂ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਮੁਲਕ-ਦਰ-ਮੁਲਕ ਇਸ ਦੀ ਮਾਰ ਹੇਠ ਆਏ ਅਤੇ 200 ਤੋਂ ਜ਼ਿਆਦਾ ਮੁਲਕਾਂ ਨੇ ਪਿਛਲੇ ਦੋ ਮਹੀਨੇ ਤੋਂ ਪੂਰਨ ਲੌਕਡਾਊਨ ਦਾ ਸੰਤਾਪ ਝੱਲਿਆ। ਕੁੱਲ ਦੁਨੀਆਂ ਖੜੋਤ ’ਚ ਹੈ। ਪੰਜ ਲੱਖ ਦੇ ਕਰੀਬ ਲੋਕ ਫੌਤ ਹੋ ਗਏ ਹਨ ਅਤੇ ਮਹਾਂਮਾਰੀ ਦੀ ਮਾਰ ਅਜੇ ਜਾਰੀ ਹੈ, ਥੰਮੀ ਨਹੀਂ। ਦੁਨੀਆਂ ਦਾ ਨੰਬਰ ਇਕ ਦੇਸ਼ ਕਹਾਉਂਦਾ ਅਮਰੀਕਾ ਜਿੱਥੇ ਪਹੁੰਚਣ ਲਈ ਲੋਕ ਮੌਤ ਨੂੰ ਮਾਸੀ ਕਹਿ ਲੈਂਦੇ ਹਨ, ਉੱਥੇ ਸਾਰੇ ਮੁਲਕਾਂ ਨਾਲੋਂ ਵੱਧ ਮੌਤਾਂ ਹੋਈਆਂ। ਅਜਿਹੀ ਆਰਥਿਕਤਾ, ਅਜਿਹੇ ਵਿਕਾਸ, ਅਜਿਹੀ ਸਭਿਅਤਾ ਦਾ ਕੀ ਫ਼ਾਇਦਾ?

ਇਹ ਵੀ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੈ ਕਿ ਵਾਇਰਸ ਦੋ ਮਹਾਂਸ਼ਕਤੀਆਂ ਦਰਮਿਆਨ ਸਿਆਸਤ ਅਤੇ ਸਿਰਦਰਦੀ ਦਾ ਮੁੱਦਾ ਬਣਿਆ ਹੋਇਆ ਹੈ। ਦੋਵਾਂ ਨੇ ਇਸ ਦੀ ਪੈਦਾਇਸ਼ ਨੂੰ ਲੈ ਕੇ ਇਕ ਦੂਜੇ ’ਤੇ ਤੋਹਮਤਾਂ ਲਾਈਆਂ ਹਨ। ਇਹ ਗੱਲ ਤਾਂ ਪੱਕੀ ਹੈ ਕਿ ਘੱਟੋ-ਘੱਟ ਹਾਲ ਦੀ ਘੜੀ ਦੁਨੀਆਂ ਸਾਹਮਣੇ ਸ਼ਾਇਦ ਸਚਾਈ ਨਾ ਆਵੇ, ਪਰ ਕਰੋਨਾ ਨੇ ਅਜੋਕੇ ਵਰਤਾਰੇ ਬਾਰੇ ਕਈ ਸੱਚ ਜੱਗ ਜ਼ਾਹਰ ਕਰ ਦਿੱਤੇ ਹਨ। ਇਉਂ ਜਾਪਦਾ ਹੈ ਜਿਵੇਂ ਕਰੋਨਾ ਆਪ ਸਿਆਸਤ ਖੇਡ ਰਿਹਾ ਹੋਵੇ।

ਕਰੋਨਾ ਦੀ ਸਿਆਸਤ ਕਿਹੋ-ਜਿਹੀ ਹੈ? ਕੀ ਇਹ ਵਿਸ਼ਵੀਕਰਨ ਦੇ ਖ਼ਿਲਾਫ਼ ਹੈ? ਕੀ ਇਹ ਆਧੁਨਿਕ ਦੌਰ ਦੇ ਵੱਡ-ਆਕਾਰੀ ਵਿਕਾਸ ਦੇ ਪੱਖ ਵਿਚ ਨਹੀਂ? ਕੀ ਇਹ ਮੌਜੂਦਾ ਸਨਅਤੀ ਵਿਕਾਸ ਦਾ ਹਾਮੀ ਨਹੀਂ? ਕੀ ਇਹ ਅਮੀਰ-ਗ਼ਰੀਬ ’ਚ ਫ਼ਰਕ ਕਰਦਾ ਹੈ? ਕੀ ਇਹ ਵਾਤਾਵਰਨ ਬਚਾਉਣ ਲਈ ਪ੍ਰਗਟ ਹੋਇਆ ਹੈ?

ਇਕ ਗੱਲ ਤਾਂ ਪੱਕੀ ਹੈ ਕਿ ਕਰੋਨਾ ਵਾਇਰਸ ਨੇ ਵੱਡੇ-ਵੱਡਿਆਂ ਦੇ ਤਾਜ ਲੁਹਾ ਦਿੱਤੇ। ਕਹਿੰਦੇ-ਕਹਾਉਂਦੇ ਸੂਰਮਿਆਂ ਦੇ ਗੋਡੇ ਲਵਾ ਦਿੱਤੇ। ਇਸ ਨੇ ਇੰਗਲੈਂਡ ਦੇ ਰਾਜਕੁਮਾਰ ਚਾਰਲਸ ਤੋਂ ਲੈ ਕੇ ਉੱਥੋਂ ਦੇ ਪ੍ਰਧਾਨ ਮੰਤਰੀ, ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਪਤਨੀ ਅਤੇ ਹੋਰ ਅਨੇਕਾਂ ਨੂੰ ਆਪਣੀ ਚਪੇਟ ਵਿਚ ਲੈ ਆਂਦਾ ਹੈ। ਅਮਰੀਕਾ ਅਤੇ ਰੂਸ ਦੇ ਰਾਸ਼ਟਰਪਤੀ ਵੀ ਵਾਲ-ਵਾਲ ਬਚੇ ਹਨ।

ਕਰੋਨਾ ਵੱਲੋਂ ਵਿਸ਼ਵੀਕਰਨ ਦਾ ਵਿਰੋਧ ਤਾਂ ਲਾਮਿਸਾਲ ਹੈ। ਪਿਛਲੀ ਅੱਧੀ ਸਦੀ ਤੋਂ ਜ਼ੋਰ ਫੜ ਰਹੀ ਇਹ ਪ੍ਰਕਿਰਿਆ, ਜਿਸ ਦੀ ਮੁਖਾਲਫ਼ਤ ਕਰਨਾ ਪੱਛੜੇਪਣ ਅਤੇ ਸੌੜੀ ਸੋਚ ਦਾ ਠੱਪਾ ਲਵਾਉਣਾ ਹੈ, ਨੂੰ ਅਜਿਹੀ ਠੱਲ੍ਹ ਪਾਈ ਕਿ ਸਾਰੀ ਦੁਨੀਆਂ ਥਾਂ-ਪੁਰ-ਥਾਂ ਖੜ੍ਹੀ ਰਹਿ ਗਈ। ਵਿਸ਼ਵੀਕਰਨ ਦੀ ਰੀੜ੍ਹ ਦੀ ਹੱਡੀ ਬਣੀਆਂ ਹਵਾਈ ਜਹਾਜ਼ਾਂ ਦੀਆਂ ਕੰਪਨੀਆਂ ਤਾਂ ਮਰਨ ਕਿਨਾਰੇ ਹੋ ਗਈਆਂ ਹਨ। ਇੰਜ ਜਾਪਦਾ ਹੈ ਜਿਵੇਂ ਕਰੋਨਾ ਸਮਝ ਗਿਆ ਹੈ ਕਿ ਇਹ ਵਿਸ਼ਵੀਕਰਨ ਗ਼ਰੀਬ ਦੇ ਹੱਕ ਵਿਚ ਨਹੀਂ ਸਗੋਂ ਸਰਮਾਏਦਾਰੀ ਦੇ ਵਿਸਤਾਰ ਵਿਚ ਭੁਗਤ ਰਿਹਾ ਹੈ। ਇਹ ਮੈਕਲੂਹਾਨ ਦੇ ਵਿਸ਼ਵ ਪਿੰਡ (Global village) ਬਣਾਉਣ ਦੀ ਥਾਂ ਵਿਸ਼ਵ ਮੰਡੀਕਰਨ ਕਰ ਰਿਹਾ ਹੈ।

ਕਰੋਨਾ ਤੋਂ ਬਚਣ ਲਈ ਲੋਕਾਂ ਵਿਚਕਾਰ ਛੇ ਫੁੱਟ ਦੀ ਦੂਰੀ ਰੱਖਣਾ ਸ਼ਾਇਦ ਇਸ ਗੱਲ ਦਾ ਪ੍ਰਤੀਕ ਹੈ ਕਿ ਇਸ ਨੂੰ ਵੱਡ-ਆਕਾਰੀ ਸੰਸਥਾਵਾਂ ਪਸੰਦ ਨਹੀਂ। ਇਸ ਨੂੰ Small is beautiful ਲੱਗਦਾ ਹੈ ਭਾਵੇਂ ਉਹ ਸ਼ਹਿਰ ਹੋਣ ਜਾਂ ਫੈਕਟਰੀਆਂ। ਫਰਾਂਸੀਸੀ ਚਿੰਤਕ ਰੂਸੋ ਨੇ ਦੋ ਸੌ ਸਾਲ ਪਹਿਲਾਂ ਦੱਸਿਆ ਸੀ ਕਿ ਸਹੀ ਮਾਅਨਿਆਂ ਵਿਚ ਲੋਕਤੰਤਰ (ਡੈਮੋਕਰੇਸੀ) ਛੋਟੀਆਂ ਇਕਾਈਆਂ ਵਿਚ ਹੀ ਮੁਮਕਿਨ ਹੈ। ਕਰੋਨਾ ਨੇ ਇਕੋ ਝਟਕੇ ਵਿਚ ਵੱਡ-ਆਕਾਰੀ ਬਹੁਕੌਮੀ ਕੰਪਨੀਆਂ ਅਤੇ ਸਨਅਤੀ ਅਦਾਰੇ/ਫੈਕਟਰੀਆਂ ਬੰਦ ਕਰਾ ਦਿੱਤੇ। ਇਹ ਵੀ ਉਸ ਕ੍ਰਾਂਤੀ ਤੋਂ ਘੱਟ ਨਹੀਂ ਜਿਸ ਦੀ ਖੁਆਹਿਸ਼ ਕੱਟੜ ਕ੍ਰਾਂਤੀਕਾਰੀ ਸਾਲਾਂਬੱਧੀ ਕਰਦੇ ਹਨ।

ਬੇਸ਼ੱਕ ਕਰੋਨਾ ਇਕ ਮਹਾਂਸ਼ਕਤੀ ਤੋਂ ਚੱਲ ਕੇ, ਦੂਜੀ ਨੂੰ ਢਾਹ ਲਾਉਂਦਾ ਹੈ ਅਤੇ ਇਹ ਸਾਰੇ ਵਿਕਾਸਸ਼ੀਲ ਮੁਲਕਾਂ ਨੂੰ ਆਪਣੀ ਮਾਰ ਹੇਠ ਲੈ ਆਇਆ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਅਮੀਰ-ਗ਼ਰੀਬ ਮੁਲਕਾਂ ਅਤੇ ਲੋਕਾਂ ਵਿਚਕਾਰ ਫ਼ਰਕ ਕਰਦਾ ਹੈ। ਸ਼ਾਇਦ ਗ਼ਰੀਬਾਂ ਵਾਸਤੇ ਇਸ ਦੇ ਮਨ ’ਚ ਰਹਿਮ ਹੋਵੇ? ਝੁੱਗੀਆਂ-ਝੌਂਪੜੀਆਂ ਵਿਚ ਰਹਿਣ ਵਾਲੇ ਸੋਸ਼ਲ ਡਿਸਟੈਂਸਿੰਗ ਕਿਵੇਂ ਕਰ ਸਕਦੇ ਹਨ?

ਹੋਰ ਕੁਝ ਵੀ ਹੋਵੇ, ਕਰੋਨਾ ਧਰਤੀ ਮਾਂ ਦਾ ਤਾਂ ਸਰਵਣ ਪੁੱਤਰ ਜਾਪਦਾ ਹੈ। ਪਿਛਲੇ ਦੋ ਸੌ ਸਾਲਾਂ ਵਿਚ ਸ਼ਾਇਦ ਪਹਿਲੀ ਵਾਰ ਧਰਤੀ ਮਾਂ ਨੂੰ ਸਾਹ ਲੈਣ ਦਾ ਮੌਕਾ ਮਿਲਿਆ ਹੈ। ਕਾਰਬਨ ਦੀ ਮਾਤਰਾ ਅੱਠ ਫ਼ੀਸਦੀ ਘੱਟ ਹੋ ਗਈ ਹੈ ਜੋ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ। ਆਸਮਾਨ ਦਾ ਨੀਲਾ ਰੰਗ ਹੋਰ ਗੂੜ੍ਹਾ ਹੋ ਗਿਆ ਹੈ। ਜੰਗਲੀ ਜਾਨਵਰ ਵੀ ਹੁਣ ਪਾਰਕਾਂ ਤੇ ਸਫ਼ਾਰੀਆਂ ਵਿਚ ਖ਼ੁਸ਼ ਹੋਣਗੇ। ਉਹ ਵੀ ਕਦੇ-ਕਦੇ ਜਿਵੇਂ ਇਹ ਦੇਖਣ ਸ਼ਹਿਰਾਂ ਦਾ ਗੇੜਾ ਲਾਉਣ ਆਉਂਦੇ ਦੇਖੇ ਗਏ ਕਿ ਏਨੀ ਸ਼ਾਂਤੀ ਕਿਵੇਂ ਹੋ ਗਈ ਹੈ। ਜਲੰਧਰੋਂ ਵੀ ਧੌਲਾਧਾਰ ਇਉਂ ਦਿਸਣ ਲੱਗੇ ਜਿਵੇਂ ਚੰਡੀਗੜ੍ਹ ਤੋਂ ਕਸੌਲੀ ਦੀਆਂ ਪਹਾੜੀਆਂ। ਐਨੀ ਨੇੜਤਾ ਕਰੋਨਾ ਕਰਕੇ ਹੀ ਮੁਮਕਿਨ ਹੋ ਸਕੀ ਹੈ।

ਕਰੋਨਾ ਦੀ ਇਕ ਵੱਡੀ ਪ੍ਰਾਪਤੀ ਹੋਰ ਹੈ। ਉਸ ਨੇ ਮਹਾਂਸ਼ਕਤੀਆਂ ਅਤੇ ਵਿਕਾਸਸ਼ੀਲ ਮੁਲਕਾਂ ਨੂੰ ਇਹ ਦਿਖਾ ਦਿੱਤਾ ਕਿ ਤੁਹਾਡਾ ਸਿਸਟਮ ਅੰਦਰੋਂ ਖੋਖਲਾ ਹੀ ਹੈ ਅਤੇ ਵਿਗਿਆਨ ਦੀ ਵੀ ਹੱਦ ਹੈ। ਇਨਸਾਨ ਇਹ ਸਮਝਣ ਲਾ ਦਿੱਤਾ ਹੈ ਕਿ ਵਿਗਿਆਨ ਲਈ ਕੁਝ ਵੀ ਨਾ-ਮੁਮਕਿਨ ਨਹੀਂ ਹੈ। ਇਹ ਅਲਾਦੀਨ ਦਾ ਅਜਿਹਾ ਜਿੰਨ ਹੈ ਜੋ ਮਾਲਕ ਦਾ ਹੁਕਮ ਮੰਨ ਕੇ ਕੁਝ ਵੀ ਕਰ ਸਕਦਾ ਹੈ। ਅਮਰੀਕਾ ਵਿਚ ਇਕ ਲੱਖ ਦੇ ਕਰੀਬ ਮੌਤਾਂ ਹੋਈਆਂ। ਮਾਹਿਰਾਂ ਮੁਤਾਬਿਕ ਇਹ ਅੰਕੜਾ ਹੋਰ ਵੀ ਉਪਰ ਹੋ ਸਕਦਾ ਹੈ। ਇਹੋ ਨਹੀਂ, ਸਪੈਨਿਸ਼ ਫਲੂ (ਇਨਫਲੂਐਂਜ਼ਾ) ਸੌ ਸਾਲ ਪਹਿਲਾਂ ਹੋਇਆ ਸੀ, ਉਸ ਨੇ ਅਮਰੀਕਾ ਵਿਚ ਪਿਛਲੇ ਸਾਲ (2018-19) 32,000 ਲੋਕ ਸਦੀਵੀ ਨੀਂਦ ਸੁਆ ਦਿੱਤੇ। ਇਸ ਕਰਕੇ ਕਾਮੂ (1947) ਕਹਿੰਦਾ ਹੈ ਕਿ ਪਲੇਗ ਵਰਗੀਆਂ ਬਿਮਾਰੀਆਂ ਇਨਸਾਨ ਨੂੰ ਸਿਆਣਾ ਕਰਨ ਵਾਸਤੇ ਵਕਤ-ਬੇਵਕਤ ਮੁੜ-ਮੁੜ ਆਉਂਦੀਆਂ ਹਨ। ਆਪਣੇ ਵੀ ਕਹਾਵਤ ਹੈ ਕਿ ਅਜਿਹਾ ਝਟਕਾ ਚਾਰ-ਪੰਜ ਪੁਸਤਾਂ ’ਚ ਲੱਗਦਾ ਹੀ ਹੈ। ਸ਼ਾਇਦ ਕੁਦਰਤ ਦਾ ਇਹ ਨਿਯਮ ਹੀ ਹੈ ਕਿ ਜਿਹੜੇ ਪ੍ਰਾਣੀ ਕਮਜ਼ੋਰ ਹਨ ਉਹ ਝੜ ਜਾਣ। ਹਨੇਰੀ ਵੀ ਤਾਂ ਕੁਦਰਤ ਦਾ ਰੁੱਖ-ਬੂਟਿਆਂ ਦੀ ਸਫ਼ਾਈ ਕਰਨ ਦਾ ਜ਼ਰੀਆ ਹਨ। ਸਪੇਨ ਦੀ 113 ਸਾਲਾ ਔਰਤ ਕਰੋਨਾ ਤੋਂ ਠੀਕ ਹੋ ਗਈ ਜਿਸ ਨੂੰ 1918 ਵਾਲਾ ਫਲੂ ਵੀ ਹੋਇਆ ਸੀ। ਇਸ ਬਹਿਸ ’ਚੋਂ ਦੋ ਗੱਲਾਂ ਸਾਫ਼ ਹੁੰਦੀਆਂ ਹਨ। ਪਹਿਲੀ ਇਹ ਹੈ ਕਿ ਅਜੋਕੇ ਵਿਗਿਆਨ ਦਾ ਕੋਈ ਬਦਲ ਚਾਹੀਦਾ ਹੈ ਕਿਉਂਕਿ ਇਹ ਵਿਚਾਰਧਾਰਕ ਤੌਰ ’ਤੇ ਕੁਦਰਤ ਨਾਲ ਨਹੀਂ ਚਲਦਾ ਸਗੋਂ ਉਸ ਨੂੰ ਤੋੜ ਕੇ, ਮਾਰ ਕੇ, ਫਾੜ ਕੇ ਕਾਬੂ ਕਰਨਾ ਚਾਹੁੰਦਾ ਹੈ। ਕੁਦਰਤ ਇਸ ਵਾਸਤੇ ਮਹਿਜ਼ ਸਰਮਾਇਆ ਹੈ ਜਿਸ ਨੂੰ ਇਨਸਾਨ (ਜਾਂ ਕੁਝ ਕੁ ਵਾਸਤੇ ਹੀ) ਲਈ ਵਰਤਿਆ ਜਾਣਾ ਹੈ। ਦੂਸਰੀ ਗੱਲ ਇਹ ਹੈ ਕਿ ਲੋਕਾਂ ਦੀ ਸਿਹਤ ਸੰਭਾਲ ਦਾ ਪੂਰਾ ਖਿਆਲ ਅਤੇ ਜ਼ਿੰਮੇਵਾਰੀ ਸਰਕਾਰਾਂ ਆਪਣੇ ਹੱਥ ਲੈਣ। ਹਰ ਇਕ ਸ਼ਖ਼ਸ ਨੂੰ ਹਰ ਕਿਸਮ ਦ ਇਲਾਜ ਸਰਕਾਰੀ ਖ਼ਜ਼ਾਨੇ ’ਚੋਂ ਮੁਹੱਈਆ ਹੋਣਾ ਯਕੀਨੀ ਬਣਾਇਆ ਜਾਵੇ। ਅਮਰੀਕਾ ਵਾਂਗ ਸਿਹਤ ਸਨਅਤ ਨਹੀਂ ਹੋਣੀ ਚਾਹੀਦੀ ਜਿਸ ਨਾਲ ਜੀ.ਡੀ.ਪੀ. ਤਾਂ ਵਧ ਜਾਵੇ, ਪਰ ਲੋੜ ਪੈਣ ’ਤੇ ਪੀ.ਪੀ.ਈ. ਅਤੇ ਟੈਸਟ ਕਿੱਟਾਂ ਛੋਟੇ ਜਿਹੇ ਮੁਲਕ ਦੱਖਣੀ ਕੋਰੀਆ ਤੋਂ ਮੰਗਵਾਈਆਂ ਜਾਣ।
* ਸਾਬਕਾ ਪ੍ਰੋਫ਼ੈਸਰ ਸਮਾਜ ਵਿਗਿਆਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 0175-2222550

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All