ਅੱਜ ਐਨਐਸਐਸ ਦਿਵਸ ’ਤੇ ਵਿਸ਼ੇਸ਼

ਨੌਜਵਾਨਾਂ ’ਚ ਸੇਵਾ ਭਾਵਨਾ ਵਧਾਉਂਦੀ ਕੌਮੀ ਸੇਵਾ ਯੋਜਨਾ

ਨੌਜਵਾਨਾਂ ’ਚ ਸੇਵਾ ਭਾਵਨਾ ਵਧਾਉਂਦੀ ਕੌਮੀ ਸੇਵਾ ਯੋਜਨਾ

ਪ੍ਰੋ. ਜਸਪ੍ਰੀਤ ਕੌਰ

ਰਾਸ਼ਟਰੀ ਸੇਵਾ ਯੋਜਨਾ (ਨੈਸ਼ਨਲ ਸਰਵਿਸ ਸਕੀਮ - ਐਨਐਸਐਸ) ਭਾਰਤ ਸਰਕਾਰ ਦੇ ਖੇਡ ਅਤੇ ਯੁਵਾ ਮੰਤਰਾਲੇ ਵੱਲੋਂ ਜਨਤਾ ਦੀ ਸੇਵਾ ਨੂੰ ਸਮਰਪਿਤ ਪ੍ਰੋਗਰਾਮ ਹੈ। ਉੱਘੇ ਸਿੱਖਿਆ ਸ਼ਾਸਤਰੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੀ ਅਗਵਾਈ ਵਿਚ 1948 ’ਚ ਨੈਸ਼ਨਲ ਐਜੂਕੇਸ਼ਨ ਕਮਿਸ਼ਨ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦਾ ਗਠਨ ਕੀਤਾ ਗਿਆ। ਇਨ੍ਹਾਂ ਕਮਿਸ਼ਨਾਂ ਵੱਲੋਂ ਅਜਿਹੀ ਕਿਸੇ ਯੋਜਨਾ ਦੀ ਲੋੜ ਮਹਿਸੂਸ ਕੀਤੀ ਗਈ, ਜਿਸ ਨਾਲ ਦੇਸ਼ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿਚ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਪੈਦਾ ਹੋ ਸਕੇ। ਇਸ ਸੰਕਲਪ ਦੇ ਨਾਲ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਸਿੱਖਿਆ ਸਕੱਤਰ ਡਾ. ਸੀ.ਡੀ. ਦੇਸ਼ਮੁੱਖ ਅਤੇ ਹੋਰ ਚਿੰਤਕ ਤੇ ਵਿਦਵਾਨ ਵੀ ਸਹਿਮਤ ਸਨ।

ਇਸ ਤਰ੍ਹਾਂ 24 ਸਤੰਬਰ, 1969 ਨੂੰ ਮੌਕੇ ਦੇ ਕੇਂਦਰੀ ਸਿੱਖਿਆ ਮੰਤਰੀ ਡਾ. ਬੀ.ਕੇ.ਆਰ.ਵੀ. ਰਾਓ ਨੇ ਮਹਾਤਮਾ ਗਾਂਧੀ ਦੇ ਜਨਮ ਸ਼ਤਾਬਦੀ ਵਰ੍ਹੇ ਦੇ ਤੋਹਫ਼ੇ ਵਜੋਂ ਦੇਸ਼ ਦੀਆਂ 37 ਯੂਨੀਵਰਸਿਟੀਆਂ ਵਿਚ ‘ਕੌਮੀ ਸੇਵਾ ਯੋਜਨਾ’ ਸ਼ੁਰੂ ਕਰਨ ਦਾ ਹੁਕਮ ਦਿੱਤਾ। ਇਹ ਯੋਜਨਾ 2 ਅਕਤੂਬਰ, 1969 ਤੋਂ ਦੇਸ਼ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿਚ ਵੀ ਸ਼ੁਰੂ ਹੋ ਗਈ। ਚੌਥੇ ਯੋਜਨਾ ਕਮਿਸ਼ਨ ਵਿਚ 5 ਕਰੋੜ ਦਾ ਰਾਖਵਾਂ ਫੰਡ ਕੌਮੀ ਸੇਵਾ ਯੋਜਨਾ ਲਈ ਰੱਖਿਆ ਗਿਆ। ਓਦੋਂ ਤੋਂ ਹਰ ਸਾਲ 24 ਸਤੰਬਰ ਨੂੰ ਦੇਸ਼ ਭਰ ਵਿਚ ਸਮਾਜ ਸੇਵਾ ਦੀ ਭਾਵਨਾ ਵਿਕਸਤ ਕਰਨ ਲਈ ਕੌਮੀ ਸੇਵਾ ਯੋਜਨਾ ਦਿਵਸ ਮਨਾਇਆ ਜਾਂਦਾ ਹੈ।

ਇਸ ਯੋਜਨਾ ਦਾ ਮੁੱਖ ਉਦੇਸ਼ ਭਾਰਤ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਭਾਈਚਾਰਕ ਤੇ ਸਮਾਜਿਕ ਸੇਵਾ ਨਾਲ ਜੋੜ ਕੇ ਉਨ੍ਹਾਂ ਦੀ ਸ਼ਖ਼ਸੀਅਤ ਦਾ ਸਰੀਰਕ, ਭਾਵਨਾਤਮਕ, ਸਮਾਜਿਕ ਅਤੇ ਬੌਧਿਕ ਵਿਕਾਸ ਕਰਦਿਆਂ ਉਨ੍ਹਾਂ ਨੂੰ ਬਿਹਤਰੀਨ ਜ਼ਿੰਮੇਵਾਰ ਨਾਗਰਿਕ ਵਜੋਂ ਤਿਆਰ ਕਰਨਾ ਹੈ। ਇਸ ਦਾ ਸੰਚਾਲਨ ਅਤੇ ਨਿਗਰਾਨੀ ਭਾਰਤ ਸਰਕਾਰ ਦੇ ਖੇਡ ਅਤੇ ਮੰਤਰਾਲੇ ਵੱਲੋਂ ਕੀਤੀ ਜਾਂਦੀ ਹੈ। ਭਾਰਤ ਦੀਆਂ ਕਰੀਬ 460 ਯੂਨੀਵਰਸਿਟੀਆਂ ਦੇ ਕਰੀਬ 40 ਲੱਖ ਵਿਦਿਆਰਥੀ ਇਸ ਯੋਜਨਾ ਦਾ ਹਿੱਸਾ ਬਣ ਕੇ ਖ਼ੁਦ ਨੂੰ ਤੇ ਮੁਲਕ ਨੂੰ ਸੰਵਾਰਨ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਕੌਮੀ ਪੱਧਰ ‘ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਾਲੰਟੀਅਰਾਂ ਨੂੰ ਚੁਣ ਕੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਕੌਮੀ ਯੁਵਾ ਪੁਰਸਕਾਰ ਅਤੇ ਇੰਦਰਾ ਗਾਂਧੀ ਕੌਮੀ ਸੇਵਾ ਯੋਜਨਾ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾਂਦਾ ਹੈ।

ਹਰ ਸੰਸਥਾ ਵਿਚ ਇਕ ਅਧਿਆਪਕ ਨੂੰ ਐਨਐਸਐਸ ਦਾ ਇੰਚਾਰਜ ਭਾਵ ਪ੍ਰੋਗਰਾਮ ਆਫੀਸਰ ਥਾਪਿਆ ਜਾਂਦਾ ਹੈ, ਜਿਸ ਨੂੰ ਆਪਣੇ ਕੰਮਾਂ ਤੇ ਫਰਜ਼ਾਂ ਬਾਰੇ ਜਾਣੂ ਕਰਵਾਉਣ ਲਈ ਟਰੇਨਿੰਗ ਦਿੱਤੀ ਜਾਂਦੀ ਹੈ। ਮਾਪਿਆਂ, ਵਿਦਿਆਰਥੀਆਂ, ਸਮਾਜਿਕ ਭਾਈਚਾਰੇ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਚਲਾਈ ਜਾਣ ਵਾਲੀ ਇਸ ਯੋਜਨਾ ਵਿਚ ਵਿਦਿਆਰਥੀਆਂ ਨੂੰ ਵਧ ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ। ਕੌਮੀ ਸੇਵਾ ਯੋਜਨਾ ਦੇ ਮੈਂਬਰ ਵਿਦਿਆਰਥੀਆਂ ਨੂੰ ਵਾਲੰਟੀਅਰ ਆਖਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਸਮਾਜ ਸੇਵਾ ਕਰਨ ਲਈ ਸਮਰਪਿਤ ਕੀਤਾ ਹੁੰਦਾ ਹੈ।

ਇਸ ਦਾ ਸੰਕੇਤਕ ਚਿੰਨ੍ਹ ਉੜੀਸਾ ਦੇ ਪ੍ਰਸਿੱਧ ਕੋਣਾਰਕ ਮੰਦਰ ਦੇ ਰਥ ਦੇ ਪਹੀਏ ‘ਤੇ ਆਧਾਰਿਤ ਹੈ, ਜੋ ਸਮਾਜ ਨਿਰਮਾਣ ਲਈ ਚੰਗੇ ਵਿਚਾਰਾਂ ਤੇ ਕੰਮਾਂ ਦੀ ਲਗਾਤਾਰਤਾ ਨੂੰ ਦਰਸਾਉਂਦਾ ਹੈ। ਸੂਰਜ ਮੰਦਰ ਦੇ ਵਿਸ਼ਾਲ ਪਹੀਏ ਸਿਰਜਣਾ, ਸੰਘਰਸ਼ ਅਤੇ ਮੁਕਤੀ ਦੇ ਚੱਕਰ ਨੂੰ ਪ੍ਰਗਟ ਕਰਦੇ ਹਨ। ਕੋਣਾਰਕ ਪਹੀਏ ਦੀਆਂ ਅੱਠ ਤੀਲੀਆਂ ਦਿਨ ਦੇ ਅੱਠ ਪਹਿਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਭਾਵ ਕਿ ਕੌਮੀ ਸੇਵਾ ਯੋਜਨਾ ਦਾ ਵਾਲੰਟੀਅਰ ਦਿਨ ਦੇ ਅੱਠੇ ਪਹਿਰ ਭਾਵ 24 ਘੰਟੇ ਹੀ ਦੇਸ਼ ਦਾ ਸਿਪਾਹੀ ਹੁੰਦਾ ਹੈ। ਇਸ ਵਿਚਲਾ ਲਾਲ ਰੰਗ ਨੌਜਵਾਨਾਂ ਦੇ ਲਾਲ ਲਹੂ ਅਤੇ ਜੋਸ਼ ਦਾ ਪ੍ਰਤੀਕ ਹੈ। ਐਨਐਸਐਸ ਚੱਕਰ ਦਾ ਨੀਲਾ ਰੰਗ ਇਸ ਦੇ ਵਾਲੰਟੀਅਰਾਂ ਦੇ ਲਗਾਤਾਰ ਮਾਨਵ ਸੇਵਾ ਨੂੰ ਸਮਰਪਿਤ ਰਹਿਣ ਦਾ ਅਹਿਸਾਸ ਦਿਵਾਉਂਦਾ ਹੈ।

ਇਸ ਦਾ ਮਾਟੋ ‘ਮੈਂ ਨਹੀਂ, ਤੁਸੀਂ’ ਹੈ ਭਾਵ ਅਪਣੇ ਆਪ ਨੂੰ ਭੁੱਲ ਕੇ ਦੂਜਿਆਂ ਲਈ ਸਮਰਪਿਤ ਹੋਣਾ, ਪਰਉਪਕਾਰ ਅਤੇ ਸਾਂਝੀਵਾਲਤਾ ਦੀ ਮੁੱਦਈ ਬਣ ਕੇ ਸੇਵਾ ਕਰਨਾ। ਇਹ ਸੇਵਾ ਕਿਸੇ ਗਤੀਵਿਧੀ ਦਾ ਨਾਂ ਨਹੀਂ ਸਗੋਂ ਇਕ ਜਜ਼ਬਾ ਹੈ। ਖ਼ੂਨਦਾਨ, ਸਵੱਛਤਾ ਮੁਹਿੰਮ, ਬੂਟੇ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰਨਾ, ਹਸਪਤਾਲਾਂ ਅਤੇ ਬਿਰਧ ਆਸ਼ਰਮਾਂ ਵਿਚ ਸੇਵਾ ਕਰਨਾ ਅਤੇ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕਤਾ ਰੈਲੀਆਂ ਆਦਿ ਦਾ ਪ੍ਰਬੰਧ ਇਸ ਦੇ ਮੁੱਖ ਕਾਰਜ ਹਨ। ਇਸ ਯੋਜਨਾ ਦੇ ਮੁੱਖ ਉਦੇਸ਼ ਇਹ ਹਨ- -ਕੌਮੀ ਸੇਵਾ ਯੋਜਨਾ ਦਾ ਮੁੱਖ ਮਨੋਰਥ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਵਿਚ ਭਾਈਚਾਰਕ ਅਤੇ ਸਮਾਜਿਕ ਸੇਵਾ ਦੀ ਭਾਵਨਾ ਦੀਆਂ ਕਦਰਾਂ-ਕੀਮਤਾਂ ਪੈਦਾ ਕਰਨਾ ਹੈ। ਇਹ ਸੰਸਥਾ ਜਿੱਥੇ ਵਿਦਿਆਰਥੀਆਂ ਵਿਚ ਸਮਾਜਿਕ ਜਾਗ੍ਰਿਤੀ, ਸੇਵਾ ਭਾਵ ਅਤੇ ਦੇਸ਼ ਭਗਤੀ ਜਿਹੇ ਗੁਣ ਉਜਾਗਰ ਕਰਦੀ ਹੈ, ਉਥੇ ਵਿੱਦਿਅਕ ਅਦਾਰਿਆਂ ਦਾ ਸਮਾਜਿਕ ਅਤੇ ਭੂਗੋਲਿਕ ਵਾਤਾਵਰਨ ਵੀ ਸੁਧਾਰਦੀ ਹੈ। ਕੌਮੀ ਸੇਵਾ ਯੋਜਨਾ ਦੇ ਮੁੱਖ ਉਦੇਸ਼ਾਂ ਵਿਚ ਵਿਦਿਆਰਥੀਆਂ ਨੂੰ ਸਮੁੱਚੇ ਭਾਈਚਾਰੇ ਨਾਲ ਮਿਲ ਜੁਲ ਕੇ ਰਚਨਾਤਮਕ ਅਤੇ ਸਮਾਜ ਸੁਧਾਰ ਦੇ ਕੰਮ ਕਰਨ ਲਈ ਉਤਸ਼ਾਹਤ ਕਰਨਾ, ਵਿਦਿਆਰਥੀਆਂ ਅਤੇ ਜਨਤਾ ਦੇ ਆਮ ਗਿਆਨ ਵਿਚ ਵਾਧਾ ਕਰਨਾ, ਸਮਾਜਿਕ ਚੇਤਨਾ ਲਿਆਉਣਾ, ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਯੋਗਤਾ ਅਤੇ ਬੌਧਿਕਤਾ ਦਾ ਵਿਕਾਸ ਅਤੇ ਲੋਕਤੰਤਰ ਦੀ ਭਾਵਨਾ ਦ੍ਰਿੜ੍ਹ ਕਰਨਾ ਹੈ।

ਪੰਜਾਬ ਨਸ਼ੇ, ਪ੍ਰਦੂਸ਼ਣ, ਗੁੰਡਾਗਰਦੀ ਅਤੇ ਅਨੈਤਿਕਤਾ ਜਿਹੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਦਾ ਤਿਆਗ ਕਰਨਾ ਅਤੇ ਇਸ ਦਾ ਪ੍ਰਚਾਰ ਕਰਨਾ ਐਨਐਸਐਸ ਦੇ ਮੁੱਢਲੇ ਅਸੂਲ ਹਨ। ਅੱਜ ਦੀ ਨਵੀਂ ਪੀੜ੍ਹੀ ਵਿਚ ਹੱਥੀਂ ਕੰਮ ਕਰਨ ਦੀ ਭਾਵਨਾ ਨੂੰ ਵਿਕਸਿਤ ਕਰਨਾ ਅਤੇ ਸਵੈ ਰੁਜ਼ਗਾਰ ਯੋਗ ਬਣਾਉਣ ਲਈ ਕੰਮਾਂ ਵਿਚ ਨਿਪੁੰਨ ਕਰਨਾ। ਸਮਾਜ ਦੇ ਗ਼ਰੀਬ ਅਤੇ ਪਛੜੇ ਲੋਕਾਂ ਦੀ ਭਲਾਈ ਹਿਤ ਤਨੋਂ ਮਨੋਂ ਸੇਵਾ ਕਰਨ ਲਈ ਤਿਆਰ ਕਰਨਾ ਹੈ। ਅੱਜ ਦੇ ਸਮੇਂ ਦੀ ਵੱਡੀ ਤ੍ਰਾਸਦੀ ਹੈ ਕਿ ਨੌਜਵਾਨ ਸਮਾਜਿਕ ਸਾਂਝ ਅਤੇ ਸਰੋਕਾਰਾਂ ਤੋਂ ਵਾਂਝੇ ਹਨ। ਸੋਸ਼ਲ ਮੀਡੀਆ ਦੇ ਪਸਾਰੇ ਨੇ ਬੇਸ਼ੱਕ ਉਨ੍ਹਾਂ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਸਹੂਲਤ ਪ੍ਰਦਾਨ ਕਰ ਦਿੱਤੀ ਹੈ, ਪਰ ਇਸ ਨੂੰ ਵੀ ਗ਼ੈਰ-ਇਖ਼ਲਾਕੀ ਕੰਮਾਂ ਲਈ ਵਰਤਿਆ ਜਾ ਰਿਹਾ ਹੈ। ਸਿਹਤਮੰਦ ਸੰਵਾਦ ਸਿਰਜਣਾ ਦੀ ਥਾਂ ਨਿੰਦਾ ਕਰਨ ਦੀ ਪ੍ਰਵਿਰਤੀ ਭਾਰੂ ਹੈ। ਵਾਲੰਟੀਅਰਾਂ ਲਈ ਆਚਰਨ ਨਿਯਮ ਹਨ- ਸਮੇਂ ਦੇ ਪਾਬੰਦ ਰਹਿਣਾ -ਬੇਲੋੜੀ ਬਹਿਸ ਨਾ ਕਰਨਾ -ਰਹਿਨੁਮਾ ਦੀ ਅਗਵਾਈ ਅਤੇ ਨਿਗਰਾਨੀ ਹੇਠ ਰਹਿਣਾ -ਰੋਜ਼ ਦੇ ਕੀਤੇ ਕੰਮਾਂ ਨੂੰ ਡਾਇਰੀ ਵਿਚ ਨੋਟ ਕਰਨਾ -ਕੌਮੀ ਨਿਸ਼ਾਨੀਆਂ ਦਾ ਸਤਿਕਾਰ ਕਰਨਾ ਅਤੇ ਕੌਮੀ ਸੰਪਤੀ ਦੀ ਸੰਭਾਲ ਕਰਨਾ।

ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਯੋਜਨਾ ਨਾਲ ਜੋੜਨ ਅਤੇ ਇਸ ਵੱਲ ਆਕਰਸ਼ਿਤ ਕਰਨ ਲਈ ਐਨਐਸਐਸ ਦੇ ਮੈਂਬਰ ਬਣਾ ਕੇ ਇਕ ਰੋਜ਼ਾ, ਤਿੰਨ ਰੋਜ਼ਾ ਜਾਂ ਦਸ ਰੋਜ਼ਾ ਕੈਂਪਾਂ ਵਿਚ ਭਾਗ ਲੈਣ ’ਤੇ ਏ, ਬੀ ਅਤੇ ਸੀ ਗਰੇਡ ਦੇ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ। ਸਿੱਖਿਆ ਵਿਭਾਗ ਅਤੇ ਸਰਕਾਰਾਂ ਵੱਲੋਂ ਕੌਮੀ ਸੇਵਾ ਯੋਜਨਾ ਪ੍ਰਤੀ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ ਲਈ ਨਿਯੁਕਤੀਆਂ ਅਤੇ ਦਾਖ਼ਲੇ ਸਮੇਂ ਐਨਐਸਐਸ ਕੈਂਪ ਲਗਾਉਣ ’ਤੇ ਤਰਜੀਹ ਦਿੱਤੀ ਜਾਂਦੀ ਹੈ। ਕੌਮੀ ਸੇਵਾ ਯੋਜਨਾ ਕੈਂਪਾਂ ਦਾ ਪ੍ਰਬੰਧ ਆਮ ਤੌਰ ‘ਤੇ ਗਰਮੀਆਂ ਜਾਂ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਕੀਤਾ ਜਾਂਦਾ ਹੈ, ਜਿਸ ਦੌਰਾਨ ਖੇਡਾਂ ਵਿਚ ਭਾਗ ਲੈਣ, ਸਮਾਜ ਸੇਵਾ, ਹੱਥੀਂ ਕੰਮ ਕਰਨ, ਸਿੱਖਣ, ਸਿਖਾਉਣ, ਆਪਸੀ ਸਦਭਾਵਨਾ ਅਤੇ ਸਰਬ ਸਾਂਝੀਵਾਲਤਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਵੱਡੇ ਹੋ ਕੇ ਇਹ ਵਿਦਿਆਰਥੀ ਸਮਾਜ ਨੂੰ ਸਹੀ ਸੇਧ ਦੇਣ, ਕੌਮੀ ਏਕਤਾ ਅਤੇ ਅਖੰਡਤਾ ਦੇ ਪ੍ਰਚਾਰਕ ਅਤੇ ਚਾਨਣ ਮੁਨਾਰੇ ਬਣਦੇ ਹਨ। ਇਕ ਦੂਜੇ ਨਾਲ ਰਲ ਕੇ ਰਹਿਣ, ਕੰਮ ਕਰਨ ਭਾਵ ਟੀਮ ਭਾਵਨਾ ਉਤਸ਼ਾਹਤ ਕਰਨ ਵਾਲੀ ਕੌਮੀ ਸੇਵਾ ਯੋਜਨਾ ਦੀ ਪਿਰਤ ਇਕ ਸਲਾਹੁਣਯੋਗ ਕਦਮ ਹੈ। ਬੱਚਿਆਂ ਅਤੇ ਯੁਵਕਾਂ ਨੂੰ ਸਹੀ ਸੇਧ ਦੇਣ ਅਤੇ ਉਨ੍ਹਾਂ ਦੀ ਊਰਜਾ ਨੂੰ ਸੁਚਾਰੂ ਪਾਸੇ ਲਗਾਉਣ ਲਈ ਕੌਮੀ ਸੇਵਾ ਯੋਜਨਾ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ।

ਸੰਪਰਕ: 94178-31583

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All