DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

National Librarians Day: ਗਿਆਨ ਪੰਧ ਦੇ ਨਿਸ਼ਕਾਮ ਸੇਵਕ ਹਨ ਲਾਇਬ੍ਰੇਰੀਅਨ

ਹਰ ਸਮਾਜ ਦੀ ਤਰੱਕੀ ਦਾ ਅਸਲ ਮਾਪਦੰਡ ਉਸ ਦੀਆਂ ਇਮਾਰਤਾਂ, ਸੜਕਾਂ ਜਾਂ ਉਦਯੋਗ ਨਹੀਂ ਹੁੰਦੇ ਸਗੋਂ ਉਸ ਦੇ ਨਾਗਰਿਕਾਂ ਦਾ ਗਿਆਨ, ਸੋਚ ਅਤੇ ਸਿੱਖਣ ਦੀ ਲਗਨ ਹੁੰਦੀ ਹੈ। ਇਸ ਗਿਆਨ ਦੀ ਸੰਭਾਲ, ਵਿਕਾਸ ਅਤੇ ਪਸਾਰ ਦਾ ਸਭ ਤੋਂ ਅਹਿਮ ਕੇਂਦਰ...

  • fb
  • twitter
  • whatsapp
  • whatsapp
Advertisement

ਹਰ ਸਮਾਜ ਦੀ ਤਰੱਕੀ ਦਾ ਅਸਲ ਮਾਪਦੰਡ ਉਸ ਦੀਆਂ ਇਮਾਰਤਾਂ, ਸੜਕਾਂ ਜਾਂ ਉਦਯੋਗ ਨਹੀਂ ਹੁੰਦੇ ਸਗੋਂ ਉਸ ਦੇ ਨਾਗਰਿਕਾਂ ਦਾ ਗਿਆਨ, ਸੋਚ ਅਤੇ ਸਿੱਖਣ ਦੀ ਲਗਨ ਹੁੰਦੀ ਹੈ। ਇਸ ਗਿਆਨ ਦੀ ਸੰਭਾਲ, ਵਿਕਾਸ ਅਤੇ ਪਸਾਰ ਦਾ ਸਭ ਤੋਂ ਅਹਿਮ ਕੇਂਦਰ ਲਾਇਬ੍ਰੇਰੀ ਹੈ ਅਤੇ ਲਾਇਬ੍ਰੇਰੀਅਨ ਉਸ ਦਾ ਦਿਲ। ਇਸੇ ਲਈ ਭਾਰਤ ਵਿੱਚ ਹਰ ਸਾਲ 12 ਅਗਸਤ ਨੂੰ ‘ਰਾਸ਼ਟਰੀ ਲਾਇਬ੍ਰੇਰੀਅਨ ਦਿਵਸ’ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤੀ ਲਾਇਬ੍ਰੇਰੀ ਵਿਗਿਆਨ ਦੇ ਪਿਤਾਮਾ ਡਾ. ਐੱਸ ਆਰ ਰੰਗਾਨਾਥਨ ਦੇ ਜਨਮ ਦਿਵਸ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਆਪਣੀ ਦੂਰਅੰਦੇਸ਼ੀ ਨਾਲ ਲਾਇਬ੍ਰੇਰੀ ਵਿਗਿਆਨ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ।

ਅੱਜ ਅਸੀਂ ਜਾਣਕਾਰੀ ਦੇ ਅਜਿਹੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ, ਜਿੱਥੇ ਇੱਕ ਕਲਿਕ ਨਾਲ ਲੱਖਾਂ ਨਤੀਜੇ ਸਾਹਮਣੇ ਆ ਜਾਂਦੇ ਹਨ। ਫਿਰ ਵੀ ਜਾਣਕਾਰੀ ਦੀ ਬਹੁਤਾਤ ਦਾ ਮਤਲਬ ਇਹ ਨਹੀਂ ਹੁੰਦਾ ਕਿ ਹਰ ਉਪਲਬਧ ਜਾਣਕਾਰੀ ਸਹੀ ਅਤੇ ਭਰੋਸੇਯੋਗ ਹੋਵੇ। ਝੂਠੀਆਂ ਖ਼ਬਰਾਂ ਅਤੇ ਅਧੂਰੇ ਤੱਥਾਂ ’ਤੇ ਆਧਾਰਿਤ ਜਾਣਕਾਰੀ ਸਮਾਜ ਲਈ ਵੱਡੀ ਚੁਣੌਤੀ ਬਣ ਸਕਦੀ ਹੈ। ਅਜਿਹੇ ਸਮੇਂ ਵਿੱਚ ਲਾਇਬ੍ਰੇਰੀਅਨ ਦੀ ਭੂਮਿਕਾ ਪਹਿਲਾਂ ਨਾਲੋਂ ਕਈ ਗੁਣਾ ਵਧ ਜਾਂਦੀ ਹੈ। ਉਹ ਸਿਰਫ਼ ਕਿਤਾਬਾਂ ਦਾ ਪ੍ਰਬੰਧਕ ਨਹੀਂ ਸਗੋਂ ਭਰੋਸੇਯੋਗ ਜਾਣਕਾਰੀ ਦਾ ਮਾਰਗਦਰਸ਼ਕ ਹੁੰਦਾ ਹੈ।

Advertisement

ਡਿਜੀਟਲ ਤਕਨਾਲੋਜੀ ਅਤੇ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਨੇ ਲਾਇਬ੍ਰੇਰੀਆਂ ਦੇ ਕੰਮ ਕਰਨ ਦਾ ਢੰਗ ਬਦਲ ਦਿੱਤਾ ਹੈ। ਈ-ਬੁੱਕਾਂ, ਈ-ਜਰਨਲਾਂ, ਸੰਸਥਾਗਤ ਰਿਪੋਜ਼ਟਰੀਆਂ, ਓਪਨ ਐਕਸੈੱਸ ਸਰੋਤਾਂ ਅਤੇ ਡਿਜੀਟਲ ਡੇਟਾਬੇਸ ਨੇ ਗਿਆਨ ਦੀ ਪਹੁੰਚ ਨੂੰ ਵਿਸ਼ਵ ਪੱਧਰ ਤੱਕ ਪਹੁੰਚਾ ਦਿੱਤਾ ਹੈ। ਇਸ ਦੇ ਬਾਵਜੂਦ ਤਕਨਾਲੋਜੀ ਮਨੁੱਖੀ ਸੋਚ, ਨੈਤਿਕਤਾ ਅਤੇ ਸਹੀ ਮਾਰਗਦਰਸ਼ਨ ਦੀ ਪੂਰਨ ਥਾਂ ਨਹੀਂ ਲੈ ਸਕਦੀ। ਇਸ ਲਈ ਅਜੋਕੇ ਯੁੱਗ ਵਿੱਚ ਲਾਇਬ੍ਰੇਰੀਅਨ ਦੀ ਲੋੜ ਅਤੇ ਮਹੱਤਤਾ ਘੱਟ ਹੋਣ ਦੀ ਬਜਾਏ ਹੋਰ ਵੀ ਵਧ ਗਈ ਹੈ।

Advertisement

ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਸਫ਼ਲ ਅਮਲ ਲਈ ਵੀ ਮਜ਼ਬੂਤ ਲਾਇਬ੍ਰੇਰੀ ਪ੍ਰਣਾਲੀ ਦੀ ਅਤਿਅੰਤ ਲੋੜ ਹੈ। ਵਿਦਿਆਰਥੀਆਂ ਵਿੱਚ ਪੜ੍ਹਨ ਦੀ ਚੇਟਕ, ਖੋਜ ਦੀ ਰੁਚੀ ਅਤੇ ਆਲੋਚਨਾਤਮਕ ਸੋਚ ਨੂੰ ਪ੍ਰਫੁੱਲਿਤ ਕਰਨ ਲਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਨੂੰ ਆਧੁਨਿਕ ਸਰੋਤਾਂ ਅਤੇ ਯੋਗ ਲਾਇਬ੍ਰੇਰੀਅਨਾਂ ਨਾਲ ਲੈਸ ਕਰਨਾ ਪਵੇਗਾ। ਦਰਅਸਲ, ਇਹ ਸਿਰਫ਼ ਸਿੱਖਿਆ ਖੇਤਰ ਵਿੱਚ ਕੀਤਾ ਗਿਆ ਨਿਵੇਸ਼ ਨਹੀਂ ਸਗੋਂ ਦੇਸ਼ ਦੇ ਸੁਨਹਿਰੀ ਭਵਿੱਖ ਦੀ ਬੁਨਿਆਦ ਹੈ।

ਖ਼ਾਸ ਤੌਰ ’ਤੇ ਮੈਡੀਕਲ, ਤਕਨੀਕੀ ਅਤੇ ਉੱਚ-ਖੋਜ ਸੰਸਥਾਵਾਂ ਵਿੱਚ ਲਾਇਬ੍ਰੇਰੀਅਨ ਦੀ ਭੂਮਿਕਾ ਰੀੜ੍ਹ ਦੀ ਹੱਡੀ ਵਾਂਗ ਹੁੰਦੀ ਹੈ। ਸਹੀ ਵਿਗਿਆਨਕ ਜਾਣਕਾਰੀ, ਖੋਜ ਡੇਟਾਬੇਸ ਅਤੇ ਪ੍ਰਮਾਣਿਕ ਸਾਹਿਤ ਤੱਕ ਸਮੇਂ ਸਿਰ ਪਹੁੰਚ ਮਰੀਜ਼ਾਂ ਦੀ ਬਿਹਤਰ ਦੇਖਭਾਲ ਅਤੇ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਨਵੀਆਂ ਖੋਜਾਂ ਨੂੰ ਚੰਗੀ ਦਿਸ਼ਾ ਪ੍ਰਦਾਨ ਕਰਦੀ ਹੈ। ਇਸ ਮਹੱਤਵਪੂਰਨ ਕਾਰਜ ਪਿੱਛੇ ਲਾਇਬ੍ਰੇਰੀਅਨਾਂ ਦੀ ਅਣਥੱਕ ਮਿਹਨਤ ਹੁੰਦੀ ਹੈ, ਜਿਸ ਦਾ ਅਕਸਰ ਜਨਤਕ ਤੌਰ ’ਤੇ ਜ਼ਿਕਰ ਤੱਕ ਨਹੀਂ ਹੁੰਦਾ।

ਅੱਜ ਸਮੇਂ ਦੀ ਮੰਗ ਹੈ ਕਿ ਲਾਇਬ੍ਰੇਰੀਆਂ ਨੂੰ ਸਿਰਫ਼ ਚਾਰਦੀਵਾਰੀ ਅੰਦਰ ਸਾਂਭੀਆਂ ਕਿਤਾਬਾਂ ਵਾਲੀ ਥਾਂ ਵਜੋਂ ਨਾ ਦੇਖਿਆ ਜਾਵੇ ਸਗੋਂ ਇਨ੍ਹਾਂ ਨੂੰ ਗਿਆਨ, ਨਵੀਨਤਾ, ਖੋਜ ਅਤੇ ਸਾਰਥਿਕ ਸਮਾਜਿਕ ਸੰਵਾਦ ਦੇ ਹਲਚਲ ਭਰੇ ਕੇਂਦਰਾਂ ਵਜੋਂ ਵਿਕਸਿਤ ਕੀਤਾ ਜਾਵੇ। ਇਸ ਦੇ ਨਾਲ-ਨਾਲ ਲਾਇਬ੍ਰੇਰੀਅਨਾਂ ਦੇ ਪੇਸ਼ੇਵਰ ਵਿਕਾਸ, ਉਨ੍ਹਾਂ ਦੀ ਆਧੁਨਿਕ ਸਿਖਲਾਈ ਅਤੇ ਡਿਜੀਟਲ ਢਾਂਚੇ ਨੂੰ ਮਜ਼ਬੂਤ ਕਰਨ ਨੂੰ ਪਹਿਲ ਦੇ ਆਧਾਰ ’ਤੇ ਤਰਜੀਹ ਮਿਲਣੀ ਚਾਹੀਦੀ ਹੈ।

ਹਰ ਸਾਲ 12 ਅਗਸਤ ਦਾ ਦਿਨ ਸਾਨੂੰ ਇਸ ਸਚਾਈ ਤੋਂ ਜਾਣੂ ਕਰਵਾਉਂਦਾ ਹੈ ਕਿ ਗਿਆਨ ਦਾ ਦੀਵਾ ਕਦੇ ਵੀ ਆਪਣੇ ਆਪ ਨਹੀਂ ਬਲਦਾ। ਇਸ ਲੋਅ ਨੂੰ ਸਦਾ ਰੌਸ਼ਨ ਰੱਖਣ ਲਈ ਅਣਗਿਣਤ ਲਾਇਬ੍ਰੇਰੀਅਨ ਬਿਨਾਂ ਕਿਸੇ ਪ੍ਰਸਿੱਧੀ ਦੀ ਭੁੱਖ ਤੋਂ ਚੁੱਪਚਾਪ ਆਪਣੀ ਸੇਵਾ ਨਿਭਾ ਰਹੇ ਹਨ। ਆਓ, ਇਸ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ’ਤੇ ਅਸੀਂ ਪੜ੍ਹਨ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਲਾਇਬ੍ਰੇਰੀਆਂ ਦੀ ਸਾਰਥਿਕ ਵਰਤੋਂ ਵਧਾਉਣ ਵਾਲੇ ਗਿਆਨ ਪੰਧ ਦੇ ਇਨ੍ਹਾਂ ਨਿਸ਼ਕਾਮ ਸੇਵਕਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਦਾ ਅਹਿਦ ਕਰੀਏ। ਇਹੋ ਇੱਕ ਗਿਆਨਵਾਨ, ਚੇਤੰਨ ਅਤੇ ਵਿਕਸਿਤ ਸਮਾਜ ਦੀ ਸਿਰਜਣਾ ਵੱਲ ਸਾਡਾ ਸਭ ਤੋਂ ਵੱਡਾ ਕਦਮ ਹੋਵੇਗਾ।

ਸੰਪਰਕ: 88727-56251

Advertisement
×