ਸੁਖਵਿੰਦਰ ਸਿੰਘ ਮੁੱਲਾਂਪੁਰ
ਪੰਜਾਬੀ ਕਵੀ ਅਤੇ ਗੀਤਕਾਰ ਨੰਦ ਲਾਲ ਨੂਰਪੁਰੀ ਦਾ ਜਨਮ 3 ਜੂਨ 1906 ਨੂੰ ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਵੀ ਦੇ ਘਰ ਪਿੰਡ ਨੂਰਪੁਰ ਜ਼ਿਲ੍ਹਾ ਲਾਇਲਪੁਰ (ਅਣਵੰਡੇ ਪੰਜਾਬ) ਵਿੱਚ ਹੋਇਆ। ਨੰਦ ਲਾਲ ਨੇ ਆਪਣੀ ਵੱਖਰੀ ਪਛਾਣ ਬਣਾਉਣ ਲਈ ਆਪਣੇ ਨਾਮ ਦੇ ਪਿੱਛੇ ਪਿੰਡ ਦਾ ਨਾਮ ਲਗਾਇਆ ਅਤੇ ਇਉਂ ਨੰਦ ਲਾਲ ਨੂਰਪੁਰੀ ਬਣ ਗਿਆ।
ਉਸ ਨੇ ਦਸਵੀਂ ਤੱਕ ਦੀ ਸਿੱਖਿਆ ਖ਼ਾਲਸਾ ਹਾਈ ਸਕੂਲ ਲਾਇਲਪੁਰ ਤੋਂ ਪ੍ਰਾਪਤ ਕਰਨ ਤੋਂ ਬਾਅਦ ਖ਼ਾਲਸਾ ਕਾਲਜ ਵਿੱਚ ਦਾਖ਼ਲਾ ਲੈ ਲਿਆ। ਫਿਰ ਕੁਝ ਸਮਾਂ ਅਧਿਆਪਕ ਵਜੋਂ ਨੌਕਰੀ ਕੀਤੀ।
ਨੰਦ ਲਾਲ ਨੂਰਪੁਰੀ ਛੇ ਫੁੱਟ ਲੰਬਾ ਸੁਡੌਲ ਸਰੀਰ ਦਾ ਜਵਾਨ ਸੀ। ਉਸ ਦੇ ਤਾਕਤਵਾਰ ਅਤੇ ਕੱਦਾਵਰ ਸਰੀਰ ਨੇ ਪੁਲੀਸ ਅਫ਼ਸਰ ਨੂੰ ਪ੍ਰਭਾਵਿਤ ਕੀਤਾ ਜਿਸ ਨੇ ਉਸ ਨੂੰ ਬੀਕਾਨੇਰ ਵਿਖੇ ਏ.ਐੱਸ.ਆਈ. ਭਰਤੀ ਕਰ ਲਿਆ। ਬੀਕਾਨੇਰ ਰਹਿੰਦਿਆਂ ਹੀ ਉਸ ਦਾ ਵਿਆਹ ਸਮਿਤਰਾ ਦੇਵੀ ਨਾਲ ਹੋ ਗਿਆ। ਉਨ੍ਹਾਂ ਦੇ ਘਰ ਛੇ ਲੜਕੀਆਂ ਅਤੇ ਦੋ ਲੜਕਿਆਂ ਨੇ ਜਨਮ ਲਿਆ।
ਪੁਲੀਸ ਦੀ ਨੌਕਰੀ ਕਰਦਿਆਂ ਇੱਕ ਪੁਲੀਸ ਮੁਕਾਬਲੇ ਨੇ ਉਸ ਦੇ ਮਨ ਨੂੰ ਕਾਫ਼ੀ ਠੇਸ ਪਹੁੰਚਾਈ। ਉਸ ਦਾ ਕਵੀ ਮਨ ਕੁਰਲਾ ਉੱਠਿਆ ਤੇ ਉਸ ਨੇ ਲਿਖਿਆ:
ਇੱਥੋਂ ਉੱਡਜਾ ਭੋਲਿਆ ਪੰਛੀਆ, ਵੇ ਤੂੰ ਆਪਣੀ ਜਾਨ ਬਚਾ। ਇੱਥੇ ਘਰ ਘਰ ਫ਼ਾਹੀਆਂ ਗੱਡੀਆਂ, ਵੇ ਤੂੰ ਛੁਰੀਆਂ ਹੇਠ ਨਾ ਆ।
1934 ਤੋਂ 1940 ਤੱਕ ਛੇ ਸਾਲ ਪੁਲੀਸ ਦੀ ਨੌਕਰੀ ਕਰ ਕੇ ਛੱਡ ਦਿੱਤੀ। ਫਿਰ ਵਾਪਸ ਆਪਣੇ ਪਿੰਡ ਚਲਿਆ ਗਿਆ। ਪ੍ਰੋ. ਮੋਹਨ ਸਿੰਘ ਅਨੁਸਾਰ ਇਨ੍ਹੀਂ ਦਿਨਾਂ ਵਿੱਚ ਸ਼ੋਰੀ ਫ਼ਿਲਮ ਕੰਪਨੀ ਦੀ ਮੰਗ ਉੱਤੇ ਉਸ ਨੇ ਪੰਜਾਬੀ ਫਿਲਮ ‘ਮੰਗਤੀ’ ਦੇ ਗੀਤ ਲਿਖੇ ਜਿਸ ਨਾਲ ਬਤੌਰ ਗੀਤਕਾਰ ਉਸ ਦੀ ਮੰਗ ਵਧਣ ਲੱਗੀ। ਇਸ ਤਰ੍ਹਾਂ ‘ਗੀਤ ਬਹਾਰਾਂ ਦੇ’ ਅਤੇ ‘ਵਲਾਇਤ ਪਾਸ’ ਫਿਲਮਾਂ ਦੇ ਲਿਖੇ ਗੀਤ ਵੀ ਬਹੁਤ ਮਕਬੂਲ ਹੋਏ।
1947 ‘ਚ ਦੇਸ਼ ਦੇ ਬਟਵਾਰੇ ਦਾ ਸੰਤਾਪ ਵੀ ਉਸ ਨੂੰ ਪਿੰਡੇ ‘ਤੇ ਹੰਢਾਉਣਾ ਪਿਆ। ਇਸ ਹਫ਼ੜਾ-ਦਫ਼ੜੀ ਵਿੱਚ ਉਸ ਨੇ ਲਹਿੰਦੇ ਪੰਜਾਬ ਦਾ ਨੂਰਪੁਰ (ਲਾਇਲਪੁਰ) ਪਿੰਡ ਛੱਡ ਕੇ ਚੜ੍ਹਦੇ ਪੰਜਾਬ ਮਾਡਲ ਹਾਊਸ ਕਲੋਨੀ ਜਲੰਧਰ ਵਿਖੇ ਰਿਹਾਇਸ਼ ਕਰ ਲਈ। ਆਜ਼ਾਦੀ ਤੋਂ ਬਾਅਦ ਕੁਝ ਸਮਾਂ ਭਾਸ਼ਾ ਵਿਭਾਗ ਵਿੱਚ ਨੌਕਰੀ ਕੀਤੀ, ਪਰ ਦੋ ਢਾਈ ਸਾਲ ਬਾਅਦ ਉਹ ਵੀ ਛੱਡ ਦਿੱਤੀ। ਫਿਰ ਉਹ ਕਵੀ ਦਰਬਾਰਾਂ ਅਤੇ ਰੇਡੀਓ ਪ੍ਰੋਗਰਾਮਾਂ ਆਸਰੇ ਜ਼ਿੰਦਗੀ ਬਤੀਤ ਕਰਨ ਲੱਗਾ। ਉਸ ਦੀ ਸਿੱਖ ਧਰਮ ਲਈ ਅਥਾਹ ਸ਼ਰਧਾ ਅਤੇ ਪਿਆਰ ਸੀ। ਉਸ ਨੇ ਕਈ ਧਾਰਮਿਕ ਗੀਤ ਲਿਖੇ ਜੋ ਸਾਰੇ ਹੀ ਮਕਬੂਲ ਹੋਏ:
* ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ।
* ਵਸਦੇ ਅਨੰਦਪੁਰ ਨੂੰ ਛੱਡ ਚਲਿਆ ਕਲਗੀਆਂ ਵਾਲਾ।
* ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀ ਚੰਦਾਂ ਦੀ ਗਾਵੇ,
ਅੱਖੀਆਂ ਦੇ ਤਾਰਿਆਂ ਦਾ ਮੈਨੂੰ ਚਾਨਣਾ ਨਜ਼ਰ ਨਾ ਆਵੇ।
* ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ
ਵਿਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ
* ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ,
ਟੁਰੇ ਜਾਂਦੇ ਸੂਬੇ ਦੇ ਸਿਪਾਹੀਆਂ ਦੇ ਜੋ ਨਾਲ ਨੀ।
ਇਹ ਗੀਤ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਹੋਏ।
ਨੂਰਪੁਰੀ ਨੇ ਸਭ ਤੋਂ ਪਹਿਲਾਂ 1925 ਵਿੱਚ ਦੇਸ਼ ਭਗਤੀ ਦਾ ਗੀਤ ‘ਮੈਂ ਵਤਨ ਦਾ ਸ਼ਹੀਦ’ ਲਿਖਿਆ:
* ਮੈਂ ਵਤਨ ਦਾ ਸ਼ਹੀਦ ਹਾਂ, ਮੇਰੀ ਯਾਦ ਭੁਲਾ ਦੇਣੀ
ਮੇਰੇ ਖ਼ੂਨ ਦੀ ਇੱਕ ਪਿਆਲੀ, ਕਿਸੇ ਪਿਆਸੇ ਨੂੰ ਪਿਲਾ ਦੇਣੀ।
ਨੰਦ ਲਾਲ ਨੂਰਪੁਰੀ ਨੇ ਹੋਰ ਬਹੁਤ ਸਾਰੇ ਸਾਫ਼ ਸੁਥਰੇ ਗੀਤ ਲਿਖੇ ਜਿਨ੍ਹਾਂ ਵਿੱਚੋਂ ਇਹ ਮੁੱਖ ਸਨ:
* ਜੁੱਤੀ ਕਸੂਰੀ ਪੈਰੀਂ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ/ ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾਂ, ਉੁਨ੍ਹੀਂ ਰਾਹੀਂ ਵੇ ਮੈਨੂੰ ਮੁੜਨਾ ਪਿਆ।
* ਚੰਨ ਵੇ! ਕਿ ਸ਼ੌਂਕਣ ਮੇਲੇ ਦੀ,
ਪੈਰ ਧੋ ਕੇ ਝਾਂਜਰਾਂ ਪਾਉਂਦੀ ਮੇਲਦੀ ਆਉਂਦੀ
ਕਿ ਸ਼ੌਂਕਣ ਮੇਲੇ ਦੀ।
* ਗੋਰੀ ਦੀਆਂ ਝਾਂਜਰਾਂ ਬੁਲੌਂਦੀਆਂ ਗਈਆਂ,
ਗਲੀਆਂ ਦੇ ਵਿੱਚ ਡੰਡ ਪਾਉਂਦੀਆਂ ਗਈਆਂ।
* ਹਟੋ ਨੀ ਸਹੇਲੀਓ ਹਟਾਓ ਨਾ ਨੀ ਗੋਰੀਓੁ,
ਗੁੜ ਵਾਂਗੂੰ ਮਿੱਠੀਓ ਨੀ ਗੰਨੇ ਦੀਓ ਪੋਰੀਓ।
ਨੀ ਮੈਨੂੰ ਅੱਗ ਦੇ ਭਬੂਕੇ ਵਾਂਗੂੰ ਮੱਚ ਲੈਣ ਦੇ,
ਨੀ ਮੈਨੂੰ ਦਿਉਰ ਦੇ ਵਿਆਹ ਵਿੱਚ ਨੱਚ ਲੈਣ ਦੇ।
ਅਜਿਹੇ ਬਹੁਤ ਸਾਰੇ ਗੀਤ ਸੁਰਿੰਦਰ ਕੌਰ ਤੇ ਪਰਕਾਸ਼ ਕੌਰ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਹੋਏ। ਜਦ ਦੇਸ਼ ਆਜ਼ਾਦ ਹੋਇਆ, ਭਾਖੜਾ ਡੈਮ ਤੋਂ ਬਿਜਲੀ ਪੈਦਾ ਹੈ ਕੇ ਪੰਜਾਬ ਵੱਲ ਆਉਣ ਲੱਗ ਪਈ। ਉਸ ਖ਼ੁਸ਼ੀ ਵਿੱਚ ਨੂਰਪੁਰੀ ਨੇ ਗੀਤ ਲਿਖਿਆ ਜੋ ਹਰਚਰਨ ਗਰੇਵਾਲ ਨੇ ਗਾਇਆ:
ਚੰਦ ਨਾਲੋਂ ਗੋਰੀ ਉੱਤੇ ਚੁੰਨੀ ਸੁੱਚੇ ਕੱਚ ਦੀ
ਭਾਖੜੇ ਤੋਂ ਆਉਂਦੀ ਮੁਟਿਆਰ ਇਕ ਨੱਚਦੀ।
ਨੰਦ ਲਾਲ ਨੂਰਪੁਰੀ ਦੀਆਂ ਅੱਡ ਅੱਡ ਪ੍ਰਕਾਸ਼ਿਤ ਪੁਸਤਕਾਂ ਵਿੱਚ ਨੂਰੀ ਪਰੀਆਂ, ਵੰਗਾਂ, ਜਿਊਂਦਾ ਪੰਜਾਬ, ਨੂਰਪੁਰੀ ਦੇ ਗੀਤ ਅਤੇ ਸੁਗਾਤ ਸ਼ਾਮਲ ਹਨ। ਇਨ੍ਹਾਂ ‘ਚੋਂ ਆਖ਼ਰੀ ਪੁਸਤਕ ‘ਸੁਗਾਤ’ ਨੂੰ ਭਾਸ਼ਾ ਵਿਭਾਗ, ਪੰਜਾਬ ਨੇ ਪਹਿਲਾ ਇਨਾਮ ਦੇ ਕੇ ਸਨਮਾਨਿਤ ਕੀਤਾ ਸੀ। ਨੂਰਪੁਰੀ ਨੇ 125 ਕੁ ਕਾਵਿ ਵੰਨਗੀਆਂ ਪੰਜਾਬੀ ਸਾਹਿਤ ਨੂੰ ਪ੍ਰਦਾਨ ਕੀਤੀਆਂ ਜਿਨ੍ਹਾਂ ਵਿੱਚ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਸ਼ਾਮਿਲ ਹਨ। ਇਨ੍ਹਾਂ ਵਿੱਚ ਗੀਤਾਂ ਦੀ ਗਿਣਤੀ ਸਭ ਨਾਲੋਂ ਜ਼ਿਆਦਾ 71 ਹੈ, ਕਵਿਤਾਵਾਂ 25 ਅਤੇ ਗ਼ਜ਼ਲਾਂ 12 ਹਨ। ਉਸ ਦੀ ਸਮੁੱਚੀ ਰਚਨਾ ਨੂੰ ਇੱਕ ਸੁਚੱਜੀ ਤਰਤੀਬ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪ੍ਰੋ. ਮੋਹਨ ਸਿੰਘ ਦੀ ਸੰਪਾਦਨਾ ਹੇਠ 1969 ਵਿੱਚ ਨੰਦ ਲਾਲ ਨੂਰਪੁਰੀ ਕਾਵਿ ਸੰਗ੍ਰਹਿ ਸਿਰਲੇਖ ਹੇਠ ਛਾਪਿਆ।
ਨੰਦ ਲਾਲ ਨੂਰਪੁਰੀ ਦੀ ਸਾਹਿਤ ਸੇਵਾ ਤੇ ਦੇਸ਼ ਸੇਵਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 75 ਰੁਪਏ ਮਹੀਨਾ ਵਜੀਫ਼ਾ ਲਗਾ ਦਿੱਤਾ ਸੀ, ਪਰ ਫਿਰ ਵੀ ਘਰ ਦਾ ਗੁਜ਼ਾਰਾ ਚੱਲਣਾ ਮੁਸ਼ਕਲ ਹੋ ਗਿਆ ਸੀ। ਉਸ ਦੇ ਗੀਤਾਂ ਗ਼ਜ਼ਲਾਂ ਵਿੱਚੋਂ ਨਿਰਾਸ਼ਾ ਦਾ ਰੰਗ ਨਜ਼ਰ ਆਉਣ ਲੱਗ ਪਿਆ ਸੀ। ਉਸ ਨੇ ਲਿਖਿਆ:
ਬੜਾ ਦੁਨੀਆਂ ਦਾ ਮੈਂ ਸਤਾਇਆ ਹੋਇਆ ਹਾਂ
ਕਿ ਤੰਗ ਇਸ ਜ਼ਿੰਦਗੀ ਤੋਂ ਆਇਆ ਹੋਇਆ ਹਾਂ
ਕੱਫ਼ਨ ਵਿਚ ਜ਼ਰਾ ਸੌਣ ਦੇਵੋ ਨਾ ਬੋਲੋ
ਮੈਂ ਜ਼ਿੰਦਗੀ ਦੇ ਪੰਧ ਦਾ ਥਕਾਇਆ ਹੋਇਆ ਹਾਂ।
ਤੰਗੀਆਂ ਤੁਰਸ਼ੀਆਂ ਹੋਣ ਕਰਕੇ ਨੂਰਪੁਰੀ ਨੇ ਹਾਲਾਤ ਨਾਲ ਸਮਝੌਤਾ ਨਾ ਕੀਤਾ। ਉਸ ਦੇ ਮਨ ਦੇ ਵਿਚਾਰ ਹੌਲੀ ਹੌਲੀ ਆਤਮਹੱਤਿਆ ਵੱਲ ਨੂੰ ਲੈ ਤੁਰੇ। 13 ਮਈ 1966 ਦੀ ਰਾਤ ਨੂੰ ਸਾਰੇ ਪਰਿਵਾਰ ਵਾਲੇ ਸੌਂ ਗਏ। ਅੱਧੀ ਰਾਤ ਘਰ ਦੇ ਨਜ਼ਦੀਕ ਵਾਲੇ ਖੂਹ ਵਿੱਚ ਖੜਾਕ ਹੋਇਆ। ਗਰਮੀ ਦੀ ਰੁੱਤ ਕਰਕੇ ਲੋਕ ਕਮਰਿਆਂ ਤੋਂ ਬਾਹਰ ਹੀ ਸੁੱਤੇ ਹੋਏ ਸਨ, ਉਹ ਇਕਦਮ ਖੂਹ ਵੱਲ ਭੱਜ ਪਏ। ਜਦ ਘਰਦਿਆਂ ਨੇ ਨੰਦ ਲਾਲ ਨੂਰਪੁਰੀ ਦਾ ਬਿਸਤਰਾ ਖਾਲੀ ਵੇਖਿਆ ਤੇ ਖੂਹ ਲਾਗੇ ਪਹੁੰਚ ਕੇ ਚੱਪਲਾਂ ਪਛਾਣੀਆਂ। ਉਨ੍ਹਾਂ ਦੇ ਵਿਰਲਾਪ ਨੇ ਕੰਧਾਂ ਕੌਲੇ ਵੀ ਹਿਲਾ ਦਿੱਤੇ। ਇੰਨੀ ਵੱਡੀ ਸ਼ਖ਼ਸੀਅਤ ਦਾ ਇੰਨਾ ਦੁਖਦਾਈ ਅੰਤ ਅੱਜ ਵੀ ਸਰਕਾਰਾਂ ਦੇ ਮੱਥੇ ‘ਤੇ ਕਲੰਕ ਹੈ। ਹਰਚਰਨ ਗਰੇਵਾਲ, ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੇ ਰੱਜ ਕੇ ਨੂਰਪੁਰੀ ਦੇ ਗੀਤਾਂ ਨੂੰ ਗਾ ਕੇ ਆਪਣਾ ਨਾਮ ਕਲਾਕਾਰਾਂ ਦੀ ਪਹਿਲੀ ਕਤਾਰ ਵਿੱਚ ਦਰਜ ਕਰਵਾਇਆ ਤੇ ਕਾਰਾਂ ਕੋਠੀਆਂ ਵੀ ਬਣਾ ਲਈਆਂ ਸਨ ਪਰ ਨੰਦ ਲਾਲ ਨੂਰਪੁਰੀ ਦੀ ਕਿਸੇ ਨੇ ਸਾਰ ਨਾ ਲਈ। ਉਹ ਗ਼ਰੀਬੀ ਹੋਣ ਕਰਕੇ ਪੈਰੀਂ ਚੱਪਲਾਂ ਪਾਉਂਦਾ ਤੇ ਆਉਣ ਜਾਣ ਲਈ ਸਾਈਕਲ ‘ਤੇ ਗੁਜ਼ਾਰਾ ਕਰਦਾ ਇਸ ਨਿਰਦਈ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ। ਉਸ ਦੀਆਂ ਲਿਖੀਆਂ ਸਤਰਾਂ:
ਚੱਲ ਜੀਆ ਘਰ ਆਪਣੇ ਚੱਲੀਏ,
ਨਾ ਕਰ ਮੱਲਾ ਅੜੀਆਂ।
ਇਹ ਪਰਦੇਸ ਦੇਸ ਨਹੀਂ ਸਾਡਾ,
ਇੱਥੇ ਗੁੰਝਲਾਂ ਬੜੀਆਂ।
ਸੰਪਰਕ: 99141-84794