ਨਾਮਧਾਰੀ ਹਾਕੀ: ਸੁਵਰਨ ਸਿੰਘ ਵਿਰਕ : The Tribune India

ਲੜੀ ਨੰਬਰ 105

ਨਾਮਧਾਰੀ ਹਾਕੀ: ਸੁਵਰਨ ਸਿੰਘ ਵਿਰਕ

ਨਾਮਧਾਰੀ ਹਾਕੀ: ਸੁਵਰਨ ਸਿੰਘ ਵਿਰਕ

ਪ੍ਰਿੰ. ਸਰਵਣ ਸਿੰਘ

ਕਿਰਪਾਲ ਸਿੰਘ ਕਸੇਲ ਨੇ ਆਪਣੀ ਪੁਸਤਕ ‘ਮਿਤਰ ਅਸਾਡੜੇ ਸੇਈ’ ਵਿਚ ਸੁਵਰਨ ਸਿੰਘ ਵਿਰਕ ਨੂੰ ਬਹੁਗੁਣੀ ਮਾਨਵੀ ਸਦਗੁਣਾਂ ਦਾ ਸਮੂਹ ਆਖਦਿਆਂ ਲਿਖਿਆ ਕਿ ਉਹ ਕੋਈ ਇਕ ਵਿਅਕਤੀ ਨਹੀਂ, ਕਈ ਵਿਅਕਤੀਆਂ ਦਾ ਸਮੂਹ ਹੈ ਅਤੇ ਹੈ ਵੀ ਕਈ ਸਦਗੁਣਾਂ ਦਾ ਭੰਡਾਰ। ਨੈਸ਼ਨਲ ਕਾਲਜ ਸਿਰਸਾ ਵਿਚ ਉਹ ਕਾਲਜ ਮੈਗਜ਼ੀਨ ‘ਘੱਗਰ’ ਦਾ ਵਿਦਿਆਰਥੀ ਸੰਪਾਦਕ ਅਤੇ ਵਿਦਿਆਰਥੀ ਜਥੇਬੰਦੀ ਦਾ ਆਗੂ ਬਣਿਆ। ਉਥੇ ਹੀ ਉਹ ਪ੍ਰੋ. ਹਰਦਿਆਲ ਸਿੰਘ ਦੇ ਪ੍ਰਭਾਵ ਹੇਠ ਖੱਬੇਪੱਖੀ ਵਿਚਾਰਧਾਰਾ ਵੱਲ ਖਿੱਚਿਆ ਗਿਆ। ਉਹ ਕਾਮਰੇਡ ਵੀ ਹੈ ਤੇ ਕੂਕਾ ਵੀ। ਉਹ ਨਾਮਧਾਰੀਆਂ ਦਾ ਪ੍ਰਮੁੱਖ ਲੇਖਕ ਹੈ। ਉਹਦੀ ਖੋਜ ਪੁਸਤਕ ‘ਕੂਕਾ ਲਹਿਰ ਦੇ ਅਮਰ ਨਾਇਕ’ ਦੋ ਸੈਂਚੀਆਂ ਵਿਚ ਛਪੀ ਹੈ ਜਿਨ੍ਹਾਂ ਦੇ 1600 ਤੋਂ ਉਪਰ ਸਫੇ ਹਨ।

ਸੁਵਰਨ ਸਿੰਘ ਵਿਰਕ ਕਾਮਰੇਡ ਵੀ ਹੈ ਤੇ ਕੂਕਾ ਵੀ। ਉਹ ਨਾਮਧਾਰੀਆਂ ਦਾ ਪ੍ਰਮੁੱਖ ਲੇਖਕ ਹੈ। ਉਸ ਨੇ ਨਾਮਧਾਰੀ ਹਾਕੀ ਟੀਮ ਦੇ ਪਿਛੋਕੜ ਬਾਰੇ ਖੋਜ ਭਰਪੂਰ ਲੇਖ ਲਿਖਿਆ ਜੋ ਪੁਸਤਕ ‘ਸਿੱਖੀ ਸਰੂਪ ਦੀ ਸ਼ਾਨ ਨਾਮਧਾਰੀ ਹਾਕੀ’ ਵਿਚ ਸ਼ਾਮਲ ਹੈ। ਕਈਆਂ ਨੂੰ ਹੈਰਾਨੀ ਹੋਵੇਗੀ ਕਿ ਉਹ ਮਾਰਕਸਵਾਦੀ ਹੋ ਕੇ ਨਾਮਧਾਰੀਆਂ ਦਾ ਲੇਖਕ ਤੇ ਪ੍ਰਚਾਰਕ ਕਿਵੇਂ ਬਣਿਆ? ਕਿਸਾਨ ਅੰਦੋਲਨ ਵਿਚ ਇਨਕਲਾਬ ਜ਼ਿੰਦਾਬਾਦ ਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਇਕੇ ਸਾਹ ਲੱਗਦੇ ਰਹੇ ਹਨ। ਉਸ ਨੇ ਕੂਕਿਆਂ ਦਾ ਇਤਿਹਾਸ ਤੇ ‘ਕੂਕਾ ਲਹਿਰ ਦਾ ਪੰਜਾਬੀ ਸਾਹਿਤ’, ‘ਪੱਛਮੀ ਪੰਜਾਬ ਵਿਚ ਕੁਝ ਦਿਨ’ ਅਤੇ ‘ਅੱਖੀਂ ਡਿੱਠਾ ਕਿੱਸਾ ਕੀਤਾ’ ਕਈ ਪੁਸਤਕਾਂ ਲਿਖੀਆਂ ਹਨ। ਉਹ ਨਾਮਧਾਰੀਆਂ ਦੇ ਝੰਡੇ ਝੁਲਾਉਂਦਾ ਐਤਕੀਂ ‘31ਵਾਂ ਮੇਲਾ ਗਦਰੀ ਬਾਬਿਆਂ ਦਾ’ ਝੰਡਾ ਵੀ ਝੁਲਾਵੇਗਾ। ਗਦਰੀ ਬਾਬਿਆਂ ਦਾ ਤਿੰਨ ਰੋਜ਼ਾ ਮੇਲਾ ਹਰ ਸਾਲ 30 ਅਕਤੂਬਰ ਤੋਂ 1 ਨਵੰਬਰ ਤਕ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਭਰਦਾ ਹੈ।

2016 ’ਚ ਛਪੀ ਉਹਦੀ ਖੋਜ ਪੁਸਤਕ ‘ਕੂਕਾ ਲਹਿਰ ਦੇ ਅਮਰ ਨਾਇਕ’ ਦੀ ਪਹਿਲੀ ਸੈਂਚੀ ਦੇ 704 ਪੰਨੇ ਅਤੇ 2019 ਵਿਚ ਛਪੀ ਦੂਜੀ ਸੈਂਚੀ ਦੇ 936 ਪੰਨੇ ਹਨ। ਡਾ. ਸੁਖਦੇਵ ਸਿੰਘ ਸਿਰਸਾ ਦੇ ਸ਼ਬਦ ਪੁਸਤਕ ਦੇ ਸਰਵਰਕ ਉਤੇ ਛਪੇ ਹਨ: ਇਸ ਪੁਸਤਕ ਦਾ ਮਨੋਰਥ ਕੂਕਾ ਅੰਦੋਲਨ ਦੇ ਨਾਇਕਾਂ ਬਾਰੇ, ਇਤਿਹਾਸਕ ਸਰੋਤ ਗ੍ਰੰਥਾਂ, ਲੋਕਧਾਰਾਈ ਸਮੱਗਰੀ, ਦੰਤ ਕਥਾਵਾਂ, ਲੋਕ ਪ੍ਰਚਲਿਤ ਬਿਰਤਾਂਤਾਂ ਅਤੇ ਮੌਖਿਕ ਸਰੋਤਾਂ ਤੋਂ ਪ੍ਰਾਪਤ ਸਮੱਗਰੀ ਨੂੰ ਲਿਖਤ ਦਾ ਜਾਮਾ ਪੁਆਉਣਾ ਹੈ ਤਾਂ ਜੋ ਲੋਕ-ਸਿਮਰਤੀ ਤੋਂ ਓਝਲ ਹੋ ਰਹੇ ਇਹ ਨਾਇਕ ਸਾਡੇ ਕੌਮੀ ਇਤਿਹਾਸ ਦਾ ਸਾਂਭਣਯੋਗ ਸਰਮਾਇਆ ਬਣ ਜਾਣ। ਇਹ ਪੁਸਤਕ ਕੂਕਾ ਲਹਿਰ ਦੇ ਇਤਿਹਾਸ, ਉਸ ਦੇ ਧਰਮ ਤੇ ਸਮਾਜ ਸੁਧਾਰਕ ਮਨੋਰਥ, ਸਿੱਖ ਪੁਨਰ-ਜਾਗਰਨ ਤੇ ਕੌਮੀ ਸੁਤੰਤਰਤਾ ਸੰਗਰਾਮ ਚ ਅਹਿਮ ਯੋਗਦਾਨ ਪਾਉਣ, ਕੂਕਾ ਲਹਿਰ ਦੇ ਸੰਗਠਨ, ਵਿਦੇਸ਼ੀ ਰਾਜ ਤੇ ਆਰਥਿਕ ਅਜਾਰੇਦਾਰੀ ਦੇ ਵਿਰੋਧ ਵਿਚ ਸਵੈਰਾਜ ਤੇ ਸਵੈਦੇਸ਼ੀ ਦੇ ਸਿਧਾਂਤ, ਸਵਦੇਸ਼ੀ ਮਾਲ, ਆਪਣੀ ਸਿੱਖਿਆ ਤੇ ਡਾਕ ਪ੍ਰਬੰਧ, ਬਸਤੀਵਾਦੀ ਹਕੂਮਤ ਦੀਆਂ ਸਖਤੀਆਂ ਜਲਾਵਤਨੀ, ਕੈਦਾਂ, ਕੁਰਕੀਆਂ, ਜੂਹਬੰਦੀਆਂ ਤੇ ਸ਼ਹੀਦੀ ਸਾਕੇ, ਨਾਮਧਾਰੀ ਜੀਵਨ ਜਾਚ, ਸਾਦਗੀ, ਸਾਂਝਾ ਲੰਗਰ, ਸਾਂਝੇ ਸਮੂਹਿਕ ਵਿਆਹ, ਨਾਮਧਾਰੀ ਧਾਰਮਿਕ ਤੇ ਸਮਾਜਿਕ ਸੰਗਠਨਾਂ ਵਿਚ ਔਰਤ ਦੀ ਬਰਾਬਰ ਭਾਗੀਦਾਰੀ, ਕੂਕਿਆਂ ਦੀ ਨਾਮ-ਬਾਣੀ ਸਿਮਰਨ ਤੇ ਸੰਗੀਤ ਦੀ ਪ੍ਰਥਾ ਅਤੇ ਕੂਕਿਆਂ ਦੇ ਮਸਤਾਨੇ ਹੋਣ ਦੀ ਰੀਤ ਆਦਿ ਉਪਰ ਭਰਵੀਂ ਝਾਤ ਪੁਆਉਂਦੀ ਹੈ।

ਸੁਵਰਨ ਸਿੰਘ ਵਿਰਕ ‘ਅੱਖੀਂ ਡਿੱਠਾ ਕਿੱਸਾ ਕੀਤਾ’ ਵਿਚ ਆਪਣੇ ਬਾਪ ‘ਜਥੇਦਾਰ ਗੁਰਮੁਖ ਸਿੰਘ ਝੱਬਰ’ ਦੇ ਸ਼ਬਦ ਦੁਹਰਾਉਂਦਾ ਹੈ: ਸਾਡਾ ਪਿੰਡ ਝੱਬਰ ਪਹਿਲੋਂ ਗੁਜਰਾਂਵਾਲੇ ਜ਼ਿਲ੍ਹੇ ਵਿਚ ਸੀ ਤੇ ਫਿਰ ਸਾਡੀ ਸੰਭਾਲ ਵਿਚ ਹੀ ਸੇ਼ਖੂਪੁਰਾ ਜ਼ਿਲ੍ਹਾ ਬਣਾ ਦਿੱਤਾ ਗਿਆ ਸੀ। ਦੇਸ਼ ਦੀ ਵੰਡ ਹੋਣ ਪਿੱਛੋਂ ਇਹ ਇਲਾਕਾ ਪਾਕਿਸਤਾਨ ਵਿਚ ਆ ਗਿਆ ਹੈ। ਇਥੇ ਸੌ ਡੇਢ ਸੌ ਪਿੰਡ ਵਿਰਕਾਂ ਦੇ ਸਨ ਜੋ ਵਿਰਕੈਤ ਕਰਕੇ ਜਾਣੇ ਜਾਂਦੇ ਸਨ। ਇਹਨੂੰ ਦੁੱਲੇ ਦੀ ਬਾਰ ਜਾਂ ਉਹਦੇ ਪਿਉ ਦਾਦੇ ਦੇ ਨਾਂ ਤੇ ਸਾਂਦਲ ਬਾਰ ਵੀ ਆਖਦੇ ਸਨ। ਜਦੋਂ ਸਤਿਗੁਰੂ ਰਾਮ ਸਿੰਘ ਜੀ ਕਲਜੁਗ ਵਿਚ ਸਤਜੁਗ ਵਰਤਾਉਣ ਲਈ ਪ੍ਰਗਟ ਹੋਏ ਤਾਂ ਸਾਡੇ ਇਲਾਕੇ ਨੂੰ ਵੀ ਉਨ੍ਹਾਂ ਦੀ ਚਰਨ ਛੋਹ ਪ੍ਰਾਪਤ ਕਰਨ ਦਾ ਸੁਭਾਗ ਹਾਸਲ ਹੋਇਆ। ਵਿਰਕਾਂ ਦੇ ਅਨੇਕਾਂ ਪਿੰਡਾਂ ਵਿਚ ਉਨ੍ਹਾਂ ਦਾ ਚੌਅੱਖਰਾ ਭਜਨ ਪੁੱਛ ਕੇ, ਆਪਣਾ ਚੋਰੀ ਯਾਰੀ ਮਾਸ-ਸ਼ਰਾਬ ਵਾਲਾ ਧੰਦਾ ਛੱਡ ਕੇ, ਸਿੰਘ ਸਜਣ ਦੀਆਂ ਡਾਰਾਂ ਲੱਗ ਗਈਆਂ। ਸਤਿਗੁਰਾਂ ਦੇ ਪਰਦੇਸ ਗਮਨ ਬਾਅਦ ਉਹਨਾਂ ਦੇ ਵਿਯੋਗ ਵਿਚ ਬਾਰਾਂ ਮਾਹ ਲਿਖਣ ਵਾਲਾ ਸੂਰਮਾ ਸਿੰਘ, ਨਾਮਧਾਰੀ ਸਾਹਿਤ ਦਾ ਪਹਿਲਾ ਕਵੀ ਭਾਈ ਚੰਦਾ ਸਿੰਘ, ਸਾਡੇ ਪਿੰਡ ਦੇ ਰਾਮਗੜ੍ਹੀਆ ਪਰਿਵਾਰ ਵਿਚੋਂ ਸੀ। ਮੇਰਾ ਪੜਦਾਦਾ ਧਰਮ ਸਿੰਘ ਘੋੜਿਆਂ ਦਾ ਸੌਦਾਗਰ ਸੀ। ਵੱਡੇ ਦੱਸਦੇ ਸਨ ਕਿ ਸਾਡੇ ਪਿੰਡ ਵਿਚਲੇ ਘਰ ਦੇ ਜ਼ਿਆਦਾ ਕੋਠੇ ਘਾਹ ਸੁਕਾ ਕੇ ਉਸ ਨਾਲ ਭਰੇ ਰਹਿੰਦੇ। ਬਾਬਾ ਧਰਮ ਸਿੰਘ ਕਾਬਲ ਵੱਲੋਂ ਘੋੜੇ ਖਰੀਦ ਕੇ ਲਿਆਉਂਦਾ। ਕੁਝ ਮਹੀਨੇ ਪਿੰਡ ਰੱਖ ਕੇ ਉਹਨਾਂ ਦੀ ਸੇਵਾ ਕਰਦਾ ਤੇ ਫੇਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਲਾਹੌਰ ਜਾ ਕੇ ਵੇਚ ਆਉਂਦਾ।

ਕਿਰਪਾਲ ਸਿੰਘ ਕਸੇਲ ਨੇ ਆਪਣੀ ਪੁਸਤਕ ‘ਮਿਤਰ ਅਸਾਡੜੇ ਸੇਈ’ ਵਿਚ ਕਾ. ਸੁਵਰਨ ਸਿੰਘ ਵਿਰਕ ਨੂੰ ਬਹੁਗੁਣੀ ਮਾਨਵੀ ਸਦਗੁਣਾਂ ਦਾ ਸਮੂਹ ਆਖਦਿਆਂ ਲਿਖਿਆ ਕਿ ਉਹ ਕੋਈ ਇਕ ਵਿਅਕਤੀ ਨਹੀਂ ਸਗੋਂ ਕਈ ਵਿਅਕਤੀਆਂ ਦਾ ਸਮੂਹ ਹੈ ਅਤੇ ਹੈ ਵੀ ਕਈ ਸਦਗੁਣਾਂ ਦਾ ਭੰਡਾਰ। ਉਸ ਦਾ ਜਨਮ 9 ਦਸੰਬਰ 1948 ਨੂੰ ਜਥੇਦਾਰ ਗੁਰਮੁਖ ਸਿੰਘ ਝੱਬਰ ਅਤੇ ਮਾਤਾ ਸ੍ਰੀਮਤੀ ਪ੍ਰੀਤਮ ਕੌਰ ਦੇ ਗ੍ਰਹਿ ਵਿਖੇ ਸ੍ਰੀ ਭੈਣੀ ਸਾਹਿਬ ਵਿਖੇ ਹੋਇਆ। ਭੈਣੀ ਸਾਹਿਬ ਉਸ ਪ੍ਰਸਿੱਧ ਗ੍ਰਾਮ ਦਾ ਨਾਮ ਹੈ ਜਿਥੋਂ ਨਾਮਧਾਰੀ ਸਤਿਗੁਰੂ ਰਾਮ ਸਿੰਘ ਜੀ ਦੀ ਅਗਵਾਈ ਵਿਚ ਅੰਗਰੇਜ਼ੀ ਸਾਮਰਾਜ ਦੀ ਵਿਦੇਸ਼ੀ ਗ਼ੁਲਾਮੀ ਵਿਰੁੱਧ ਪਹਿਲੀ ਵਾਰ ਆਵਾਜ਼ ਉਠਾਈ ਗਈ ਜਿਸ ਨੇ 1857 ਵਿਚ ਸੰਤ ਖਾਲਸਾ ਦੇ ਜਥੇਬੰਦਕ ਰੂਪ ਵਿਚ ਵੱਡੀ ਸਮਾਜਿਕ ਤੇ ਰਾਜਨੀਤਕ ਕ੍ਰਾਂਤੀ ਨੂੰ ਜਨਮ ਦਿੱਤਾ। ਸੁਵਰਨ ਸਿੰਘ ਦੇ ਜਨਮ ਸਮੇਂ ਸਤਿਗੁਰੂ ਪ੍ਰਤਾਪ ਸਿੰਘ ਜੀ ਨਾਮਧਾਰੀ ਮੱਤ ਦੇ ਮੁਖੀ ਸਨ ਤੇ ਜਥੇਦਾਰ ਗੁਰਮੁਖ ਸਿੰਘ ਸ੍ਰੀ ਭੈਣੀ ਸਾਹਿਬ ਵਿਖੇ ਉਨ੍ਹਾਂ ਦੇ ਕਾਰ-ਮੁਖਤਿਆਰ ਹੋਣ ਦੀ ਵੱਡੀ ਜ਼ਿੰਮੇਵਾਰੀ ਨਿਭਾਅ ਰਹੇ ਸਨ।

ਕਿਤਾਬ ‘ਸਿੱਖੀ ਸਰੂਪ ਦੀ ਸ਼ਾਨ: ਨਾਮਧਾਰੀ ਹਾਕੀ ਟੀਮ’ ਦਾ ਸਰਵਰਕ।

ਝੱਬਰ ਤੋਂ ਉੱਜੜ ਕੇ ਆਏ ਵਿਰਕਾਂ ਨੂੰ ਪਿੰਡ ਕਰੀਵਾਲਾ, ਜ਼ਿਲ੍ਹਾ ਸਿਰਸਾ ਵਿਚ ਜ਼ਮੀਨ ਅਲਾਟ ਹੋਈ ਸੀ ਜੋ ਸੁਵਰਨ ਸਿੰਘ ਦੇ ਪਰਿਵਾਰ ਦਾ ਪੱਕਾ ਟਿਕਾਣਾ ਹੈ। ਉਸ ਨੇ ਮੁੱਢਲੀ ਪੜ੍ਹਾਈ ਕਰੀਵਾਲਾ ਤੇ ਹਾਇਰ ਸੈਕੰਡਰੀ ਸਿਰਸਾ ਤੋਂ ਕਰ ਕੇ ਬੀਏ ਨੈਸ਼ਨਲ ਕਾਲਜ ਸਿਰਸਾ ਤੋਂ ਕੀਤੀ। ਉਥੇ ਕਾਲਜ ਦੇ ਮੈਗਜ਼ੀਨ ‘ਘੱਗਰ’ ਦਾ ਵਿਦਿਆਰਥੀ ਸੰਪਾਦਕ, ਭਾਸ਼ਨ ਮੁਕਾਬਲਿਆਂ ਤੇ ਕਾਵਿ ਉਚਾਰਨ ਮੁਕਾਬਲਿਆਂ ਦਾ ਟਰਾਫੀ ਜੇਤੂ ਅਤੇ ਵਿਦਿਆਰਥੀ ਜਥੇਬੰਦੀ ਦਾ ਆਗੂ ਸੀ। ਉੁਥੇ ਹੀ ਉਹ ਪ੍ਰੋ. ਹਰਦਿਆਲ ਸਿੰਘ ਦੇ ਪ੍ਰਭਾਵ ਹੇਠ ਖੱਬੇਪੱਖੀ ਵਿਚਾਰਧਾਰਾ ਵੱਲ ਖਿੱਚਿਆ ਗਿਆ। ਉਸ ਦਾ ਇਕ ਮਿੱਤਰ ਸੀਪੀਆਈ ਦੀ ਟਿਕਟ ਤੇ ਹਰਿਆਣੇ ਦੀ ਅਸੈਂਬਲੀ ਚੋਣ ਲੜਿਆਂ ਤਾਂ ਉਹਨੇ ਡਟ ਕੇ ਸਾਥ ਦਿੱਤਾ। ਉਸ ਨੇ 1973 ਵਿਚ ਪੰਜਾਬ ਯੂਨੀਵਰਸਿਟੀ ਤੋਂ ਐੱਲਐੱਲਬੀ ਤੇ 1975 ਵਿਚ ਪੰਜਾਬੀ ਦੀ ਐੱਮਏ ਕਰ ਕੇ ਅੱਠ ਸਾਲ ਸਿਰਸੇ ਵਕਾਲਤ ਕੀਤੀ ਤੇ ਹੁਣ ਵੀ ਡਿਸਟ੍ਰਿਕ ਬਾਰ ਐਸੋਸੀਏਸ਼ਨ ਦਾ ਮੈਂਬਰ ਹੈ। 1980 ਵਿਚ ਅੰਤਰਰਾਸ਼ਟਰੀ ਲੈਨਿਨ ਸਕੂਲ ਤੋਂ ਮਾਰਕਸਵਾਦ ਦੀ ਸਿੱਖਿਆ ਲੈਣ ਉਪਰੰਤ ਸੀਪੀਆਈ ਦਾ ਕੁਲਵਕਤੀ ਮੈਂਬਰ ਬਣ ਗਿਆ ਤੇ ਹੁਣ ਸੀਪੀਆਈ ਦੀ ਹਰਿਆਣਾ ਸੂਬਾ ਕਮੇਟੀ ਦਾ ਮੈਂਬਰ ਹੈ। ਲੇਖਕ ਬਣਨ ਵਿਚ ਉਸ ਦੇ ਪ੍ਰੇਰਨਾ ਸਰੋਤ ਸੰਤ ਇੰਦਰ ਸਿੰਘ ਚੱਕਰਵਰਤੀ, ਸੰਤ ਬਿਸ਼ਨ ਸਿੰਘ ਵਹਿਮੀ ਤੇ ਹਿਸਟੋਰੀਅਨ ਬਿਸ਼ਨ ਸਿੰਘ ਹਨ।

ਕਸੇਲ ਦੇ ਸ਼ਬਦਾਂ ਵਿਚ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਸਮਾਜ ਦੀ ਆਦਰਸ਼ਵਾਦੀ ਵਿਆਖਿਆ ਕੀਤੀ ਤੇ ਨਵੀਆਂ ਪ੍ਰੇਰਨਾਵਾਂ ਨੂੰ ਜਗਾਇਆ। ਯੂਕੇ ਵਿਚ ਰਹਿੰਦੇ ਪੂਰਨ ਸਿੰਘ ਨੇ ਸਮਾਜ ਦੀ ਯਥਾਰਥਵਾਦੀ ਵਿਆਖਿਆ ਨਾਲ ਨਵੇਂ ਮਾਰਗਾਂ ਦੀ ਨਿਸ਼ਾਨਦੇਹੀ ਕੀਤੀ ਤੇ ਸਵਰਨ ਸਿੰਘ ਵਿਰਕ ਬੜੀ ਤੀਖਣ ਸੂਝ, ਵਿਸ਼ਾਲ ਗਿਆਨ ਭੰਡਾਰ ਅਤੇ ਸ਼ੁਧ ਟਕਸਾਲੀ ਭਾਸ਼ਾ ਰਾਹੀਂ ਸਾਡੇ ਵਰਤਮਾਨ ਸਾਹਿਤ ਦੀ ਨਵੀਂ ਨੁਹਾਰ ਦਾ ਰਾਹ ਦਸੇਰਾ ਬਣ ਗਿਆ ਹੈ। ਉਹ 21ਵੀਂ ਸਦੀ ਦੇ ਪੰਜਾਬੀ ਸਾਹਿਤ ਦਾ ਰੋਲ ਮਾਡਲ ਹੈ।

‘ਸਿੱਖੀ ਸਰੂਪ ਦੀ ਸ਼ਾਨ ਨਾਮਧਾਰੀ ਹਾਕੀ’ ਸਚਿੱਤਰ ਦਰਸ਼ਨੀ ਪੁਸਤਕ ਹੈ। ਇਸ ਦੇ ਸੰਪਾਦਕ ਭਜਨ ਸਿੰਘ, ਗੁਰਲਾਲ ਸਿੰਘ, ਅਨਮੋਲਕ ਸਿੰਘ ਤੇ ਜਸਵੰਤ ਸਿੰਘ ਮਸਤ ਹਨ। ਡਿਜ਼ਾਈਨਰ ਬੰਤਾ ਸਿੰਘ ਨੇ ਇਸ ਨੂੰ ਕਲਾਤਮਿਕ ਸਰੂਪ ਦੇ ਕੇ ਕੌਫੀ ਟੇਬਲ ਬੁੱਕ ਬਣਾ ਦਿੱਤਾ ਹੈ। ਨਾਮਧਾਰੀ ਸਤਿਗੁਰਾਂ, ਵਿਸ਼ਵ ਪ੍ਰਸਿੱਧ ਖਿਡਾਰੀਆਂ ਤੇ ਨਾਮਧਾਰੀ ਹਾਕੀ ਟੀਮਾਂ ਦੀਆਂ ਰੰਗੀਨ ਤਸਵੀਰਾਂ ਛਾਪੀਆਂ ਗਈਆਂ ਹਨ। ਤਤਕਰੇ ਵਿਚ ਅਜੀਤ ਸਿੰਘ ਲਾਇਲ ਦੀ ਸੰਪਾਦਕੀ, ਸਤਿਗੁਰੂ ਜਗਜੀਤ ਸਿੰਘ ਜੀ ਤੇ ਸਤਿਗੁਰੂ ਉਦੇ ਸਿੰਘ ਜੀ ਦੇ ਉਪਦੇਸ਼ ਅਤੇ ਸੁਵਰਨ ਸਿੰਘ ਵਿਰਕ, ਹਰਪਾਲ ਸਿੰਘ ਸੇਵਕ, ਸੁਰਜੀਤ ਸਿੰਘ ਜੀਤ, ਭਜਨ ਸਿੰਘ, ਜਸਵੰਤ ਸਿੰਘ ਮਸਤ, ਗੁਰਲਾਲ ਸਿੰਘ, ਗੁਰਮੁਖ ਸਿੰਘ ਰਹਿਬਰ, ਜਗਰੂਪ ਸਿੰਘ ਜਰਖੜ, ਜਸਬੀਰ ਸਰਾਂ, ਗੁਰਸੇਵਕ ਸਿੰਘ ਕਵੀਸ਼ਰ, ਅਮਰਿੰਦਰ ਸਿੰਘ ਗਿੱਧਾ, ਗੁਰਦੇਵ ਸਿੰਘ ਚੀਮਾ, ਗੁਰਚਰਨ ਸਿੰਘ, ਕਵੀ ਪ੍ਰੀਤਮ ਸਿੰਘ, ਡਾ. ਚਰਨ ਸਿੰਘ ਸੇਖੋਂ, ਮਨਜੀਤ ਸਿੰਘ ਦੇਗੁਣ ਅਤੇ ਅਨਮੋਲਕ ਦੇ ਨਾਮਧਾਰੀ ਹਾਕੀ ਬਾਰੇ ਜਾਣਕਾਰੀ ਭਰਪੂਰ ਲੇਖ ਹਨ। ਅਖਬਾਰਾਂ ਦੀਆਂ ਕਾਤਰਾਂ, ਖੇਡ ਪੱਤਰਕਾਰਾਂ ਤੇ ਹਾਕੀ ਮਾਹਿਰਾਂ ਦੀਆਂ ਟਿੱਪਣੀਆਂ ਵੀ ਛਾਪੀਆਂ ਹਨ। ਹਾਕੀ ਪ੍ਰੇਮੀਆਂ ਲਈ ਇਹ ਨਾਯਾਬ ਤੋਹਫ਼ਾ ਹੈ।

ਓਲੰਪਿਕ ਖੇਡਾਂ ਦਾ ਕਪਤਾਨ, ਪਦਮਸ੍ਰੀ ਪਰਗਟ ਸਿੰਘ ਲਿਖਦਾ ਹੈ: ਮੈਂ ਲੰਮੇ ਸਮੇਂ ਤੋਂ ਨਾਮਧਾਰੀ ਹਾਕੀ ਟੀਮ ਨੂੰ ਜਾਣਦਾ ਹਾਂ, ਇਹ ਵੱਖਰੀ ਤੇ ਕਲਾਤਮਕ ਹਾਕੀ ਖੇਡਦੇ ਹਨ। ਖੇਡ ਮੈਦਾਨ ਵਿਚ ਪਹਿਲੀ ਵਾਰ ਸਿੱਖੀ ਪ੍ਰੰਪਰਾ ਤੇ ਹਾਕੀ ਦਾ ਸੁਮੇਲ ਇਕੱਠਾ ਵੇਖਿਆ...। ਓਲੰਪੀਅਨ ਅਰਜੁਨ ਅਵਾਰਡੀ ਸੁਰਿੰਦਰ ਸਿੰਘ ਸੋਢੀ ਨੇ ਲਿਖਿਆ: ਇਹ ਗੱਲ ਦੇਸ਼ ਵਿਚ ਕਿਸੇ ਤੋਂ ਲੁਕੀ ਛਿਪੀ ਨਹੀਂ ਕਿ ਨਾਮਧਾਰੀਆਂ ਨੇ ਹਾਕੀ ਦੇ ਖੇਤਰ ਵਿਚ ਬਹੁਤ ਸਾਰੇ ਓਲੰਪੀਅਨ, ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ...। ਓਲੰਪੀਅਨ ਖਿਡਾਰੀਆਂ ਵੱਲੋਂ ਅਜਿਹੀਆਂ ਟਿੱਪਣੀਆਂ ਵੱਡੀ ਗਿਣਤੀ ਵਿਚ ਹਨ। ਭਾਰਤੀ ਹਾਕੀ ਟੀਮ ਦੇ ਸਾਬਕਾ ਕੋਚ, ਦਰੋਣਾਚਾਰੀਆ ਐਵਾਰਡੀ ਰਾਜਿੰਦਰ ਸਿੰਘ ਨੇ ਲਿਖਿਆ: ਹਾਕੀ ਵਿਚ ਨਾਮਧਾਰੀ ਸੰਸਥਾ ਦੀ ਵੱਖਰੀ ਪਹਿਚਾਨ ਹੈ। ਮੈਂ ਸਤਿਗੁਰ ਉਦੇ ਸਿੰਘ ਜੀ ਨੂੰ ਮੁਬਾਰਕਬਾਦ ਦਿੰਦਾ ਹਾਂ ਜਿਨ੍ਹਾਂ ਦਾ ਨਾਮਧਾਰੀ ਹਾਕੀ ਵਿਚ ਵੱਡਾ ਯੋਗਦਾਨ ਹੈ। ਉਹਨਾਂ ਨੇ ਨਾਮਧਾਰੀ ਹਾਕੀ ਖਿਡਾਰੀਆਂ ਨੂੰ ਸਤਿਗੁਰੂ ਜਗਜੀਤ ਸਿੰਘ ਜੀ ਦੇ ਹੁਕਮ ਅਨੁਸਾਰ ਇਕ ਪਲੇਟਫਾਰਮ ਦਿੱਤਾ ਜਿਸ ਨੇ ਬਹੁਤ ਸਾਰੇ ਓਲੰਪੀਅਨ ਤੇ ਅੰਤਰਰਾਸ਼ਟਰੀ ਖਿਡਾਰੀ ਪੈਦਾ ਕੀਤੇ। ਇਕ ਨਰਸਰੀ ਸ੍ਰੀ ਭੈਣੀ ਸਾਹਿਬ ਸ਼ੁਰੂ ਕੀਤੀ ਤੇ ਦੂਸਰੀ ਹਰਿਆਣੇ ਵਿਚ ਸੰਤ ਨਗਰ। ਉਥੇ ਆਸਟਰੋ ਟਰਫ ਲੱਗ ਚੁੱਕੈ। ਨਾਮਧਾਰੀ ਹਾਕੀ ਟੀਮ ਭਾਰਤ ਵਿਚ ਹੀ ਨਹੀਂ ਪੂਰੀ ਦੁਨੀਆ ਵਿਚ ਖੇਡਦੀ ਹੈ।

ਓਲੰਪੀਅਨ ਸਰਦਾਰ ਸਿੰਘ, ਹਰਪਾਲ ਸਿੰਘ, ਦੀਦਾਰ ਸਿੰਘ, ਦੀਦਾਰ ਸਿੰਘ ਜੂਨੀਅਰ, ਗੁਰਚਰਨ ਸਿੰਘ, ਅਜਮੇਰ ਸਿੰਘ, ਗੁਰਵਿੰਦਰ ਸਿੰਘ, ਸਵਿੰਦਰ ਸਿੰਘ, ਜੋਗਾ ਸਿੰਘ, ਅਵਤਾਰ ਸਿੰਘ, ਕਰਮਜੀਤ ਸਿੰਘ, ਗੁਰਮੇਲ ਸਿੰਘ, ਮਲਕ ਸਿੰਘ, ਹਰਪ੍ਰੀਤ ਸਿੰਘ, ਨਾਨਕ ਸਿੰਘ, ਸੰਤਾ ਸਿੰਘ, ਅਕਾਸ਼ਦੀਪ ਸਿੰਘ ਆਦਿ ਨਾਮਧਾਰੀ ਖਿਡਾਰੀ ਹਾਕੀ ਆਕਾਸ਼ ਦੇ ਤਾਰੇ ਹਨ। ਸਰਦਾਰ ਸਿੰਘ ਨੂੰ ਐੱਫਆਈਐੱਚ ਨੇ ਪਲੇਅਰ ਆਫ਼ ਦਿ ਯੀਅਰ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਤੇ ਵਿਸ਼ਵ ਇਲੈਵਨ ਦਾ ਮੈਂਬਰ ਚੁਣਿਆ। ਉਸ ਨੂੰ ਭਾਰਤੀ ਹਾਕੀ ਟੀਮਾਂ ਦੀ ਕਪਤਾਨੀ ਕਰਨ ਦਾ ਵਾਰ ਵਾਰ ਸੁਭਾਗ ਪ੍ਰਾਪਤ ਹੋਇਆ। ਪੇਸ਼ ਹੈ ਸੁਵਰਨ ਸਿੰਘ ਵਿਰਕ ਦੇ ਲੰਮੇ ਲੇਖ ਦਾ ਸੰਖੇਪ:

ਨਾਮਧਾਰੀ ਹਾਕੀ ਟੀਮ ਦਾ ਪਿਛੋਕੜ

ਮਨੁੱਖ ਦੇ ਬੌਧਿਕ ਅਤੇ ਆਤਮਿਕ ਵਿਕਾਸ ਤੋਂ ਪਹਿਲਾਂ, ਉਸ ਦਾ ਸਰੀਰਕ ਵਿਕਾਸ ਬਹੁਤ ਜ਼ਰੂਰੀ ਹੁੰਦਾ ਹੈ। ਸਵੱਛ ਤਨ ਵਿਚ ਹੀ ਨਰੋਏ ਮਨ ਦਾ ਵਾਸ ਹੁੰਦਾ ਹੈ। ਨਰੋਆ ਮਨ ਹੀ ਆਲੇ-ਦੁਆਲੇ, ਭਾਈਚਾਰੇ ਅਤੇ ਸਮਾਜ ਲਈ ਲਾਭਕਾਰੀ ਹੋ ਕੇ, ਸਾਰੀ ਉਮਰ ਕਲਿਆਣਕਾਰੀ ਸੋਚਾਂ ਨਾਲ ਸ੍ਰਿਸ਼ਟੀ ਦੇ ਸੁਹਜ ਵਿਚ ਵਾਧਾ ਕਰਦਾ ਹੈ। ਇਸ ਦੇ ਉਲਟ ਕੁੰਠਿਤ ਮਨ ਦੀ ਅਵੱਸਥਾ, ਹਾਂਡੀ ਉਬਲੇਗੀ ਤਾਂ ਆਪਣੇ ਕੰਢੇ ਸਾੜੇਗੀ ਵਾਲੀ ਹੋ ਕੇ, ਧਰਤੀ ਦੇ ਕੁਹਜ ਵਿਚ ਹੀ ਵਾਧਾ ਕਰੇਗੀ। ਮਨੁੱਖ ਦਾ ਸਰੀਰ ਲਗਾਤਾਰ ਗਤੀਸ਼ੀਲ ਅਵਸਥਾ ਵਿਚ ਰਹਿੰਦਾ ਹੈ। ਇਹਦੇ ਵਿਚ ਵਿਰੋਧੀ ਕਿਰਿਆਵਾਂ ਚਲਦੀਆਂ ਰਹਿੰਦੀਆਂ ਹਨ ਜੋ ਇਸ ਦੀ ਗਤੀ ਦਾ ਸੋਮਾ ਹਨ। ਗਤੀਸ਼ੀਲ ਹੋਣ ਕਾਰਨ ਹੀ ਅਸੀਂ ਸਰੀਰ ਨੂੰ ਬਾਲ, ਜੁਆਨੀ, ਬਿਰਧ ਅਵਸਥਾ ਵਿਚ ਵਟਦਿਆਂ ਵੇਖਦੇ ਹਾਂ। ਸਰੀਰਕ ਵਿਗਿਆਨ ਦੇ ਮਾਹਰਾਂ ਨੇ ਇਸ ਲਈ ਸਰੀਰ ਨੂੰ ਹਰ ਅਵੱਸਥਾ ਵਿਚ ਗਤੀਸ਼ੀਲ ਰੱਖਣ ਲਈ, ਪੈਦਲ ਚੱਲਣ, ਤੇਜ਼ ਦੌੜਨ ਤੇ ਕਸਰਤ ਕਰਨ ਦੇ ਭਿੰਨ ਭਿੰਨ ਢੰਗ ਬਣਾਏ ਹਨ। ਬਚਪਨ ਤੋਂ ਹੀ ਹਰ ਕਿਸੇ ਨੂੰ ਇਸ ਪਾਸੇ ਤੋਰਨ ਲਈ ਖੇਡਾਂ ਦੀਆਂ ਕਈ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ। ਬਚਪਨ ਵਿਚ ਖੇਡਾਂ ਜਿਥੇ ਸਰੀਰ ਨੂੰ ਚੁਸਤੀ-ਫੁਰਤੀ ਪ੍ਰਦਾਨ ਕਰਦੀਆਂ ਹਨ, ਉਥੇ ਇਹ ਬਾਲ-ਮਨ ਵਿਚ ਖ਼ੁਸ਼ੀਆਂ ਖੇੜਿਆਂ ਦਾ ਸੰਚਾਰ ਵੀ ਕਰਦੀਆਂ ਹਨ। ਖੇਡਾਂ ਵਿਚ ਰੁੱਝਿਆ ਬੱਚਾ, ਸਮੂਹਕਤਾ ਦੀ ਭਾਵਨਾ ਨਾਲ ਓਤ-ਪੋਤ ਹੋ ਕੇ, ਸਮਾਜਿਕ ਸੰਸਕਾਰ ਗ੍ਰਹਿਣ ਕਰਨ ਦਾ ਰਾਹ ਵੀ ਫੜਦਾ ਹੈ। ਜਿਵੇਂ ਜਿਵੇਂ ਉਸ ਵਿਚ ਖੇਡ ਭਾਵਨਾ ਵਿਕਸਿਤ ਹੁੰਦੀ ਹੈ, ਉਹ ਸਾੜਾ, ਕੀਨਾ, ਈਰਖਾ, ਹਉਮੈ ਹੰਕਾਰ ਅਤੇ ਮੇਰ-ਤੇਰ ਦੀ ਭਾਵਨਾ ਤਿਆਗ ਕੇ ਪਰਸਪਰ ਸਹਿਹੋਂਦ, ਮੇਲ-ਜੋਲ, ਮੁਆਫ਼ ਕਰਨ, ਪਰਉਪਕਾਰ, ਮੁਸੀਬਤ ਗ੍ਰਸਤ ਲੋਕਾਂ ਦੀ ਇਮਦਾਦ ਜਿਹੇ ਗੁਣ ਗ੍ਰਹਿਣ ਕਰਦਾ ਹੈ।

ਖੇਡਾਂ ਪੰਜਾਬੀ ਸਭਿਆਚਾਰ ਦਾ ਅਭਿੰਨ ਅੰਗ ਹਨ। ਮਜ਼ਬੂਤ ਦਿਲ ਗੁਰਦੇ ਵਾਲਾ ਹੋਣ ਤੇ ਸਹਿਣਸ਼ੀਲ ਹੋ ਕੇ, ਹਰ ਆਫ਼ਤ, ਹਰ ਔਕੜ ਦਾ ਦਲੇਰੀ ਨਾਲ ਟਾਕਰਾ ਕਰਨ ਦਾ ਸੁਭਾਉ, ਪੰਜਾਬੀਆਂ ਨੂੰ ਆਪਣੇ ਖੇਡ ਵਿਰਸੇ ਵਿਚੋਂ ਮਿਲਿਆ ਹੈ। ਸਾਡੇ ਮਹਾਨ ਆਦਰਸ਼, ਸਤਿਗੁਰੂ ਸਾਹਿਬਾਨ, ਆਪਣੇ ਬਚਪਨ ਵਿਚ ਸਰੀਰਕ ਤੇ ਮਾਨਸਿਕ ਖੇਡਾਂ ਵਿਚ ਵੀ ਹਿੱਸਾ ਲੈਂਦੇ ਸਨ ਅਤੇ ਸਮੇਂ ਸਮੇਂ ਇਹਨਾਂ ਖੇਡਾਂ ਦਾ ਸੰਗਤ ਵਿਚ ਪ੍ਰਚਾਰ-ਪ੍ਰਸਾਰ ਕਰਨ ਲਈ ਵੱਖ ਵੱਖ ਖੇਡ ਮੁਕਾਬਲੇ ਵੀ ਕਰਵਾਇਆ ਕਰਦੇ ਸਨ। ਗੁਰੂ ਨਾਨਕ ਸਾਹਿਬ ਜੀ ਦਾ ਪਸ਼ੂ ਚਾਰਦੇ ਸਮੇਂ, ਹਾਣੀਆਂ ਨਾਲ ਖੇਡ ਵਿਚ ਮਸਤ ਹੋਣ ਦਾ ਜ਼ਿਕਰ ਸੁਣਿਆ ਜਾਂਦਾ ਹੈ। ਉਹ ਦਿਮਾਗੀ ਖੇਡਾਂ, ਦੇਵ ਨਾਗਰੀ ਅਤੇ ਅਰਬੀ ਲਿੱਪੀ ਵਿਚ ਅੜਾਉਣੀਆਂ ਲਿਖ ਕੇ, ਪੱਟੀ ਪਾਂਧੇ ਤੇ ਮੁੱਲਾਂ ਨੂੰ ਵਿਖਾ ਕੇ ਚਕਿਤ ਕਰ ਕੇ, ਆਪਣੇ ਬੁਧ ਬਲ ਦਾ ਸਬੂਤ ਦਿੰਦੇ ਸਨ। ਗੁਰੂ ਅੰਗਦ ਸਾਹਿਬ ਜੀ ਨੇ ਖਡੂਰ ਸਾਹਿਬ ਵਿਚ ਮੱਲ ਅਖਾੜਾ ਰਚ ਕੇ, ਗੁਰੂ ਪਿਆਰਿਆਂ ਨੂੰ ਕੁਸ਼ਤੀ ਦੇ ਦਾਅ ਪੇਚ ਸਿੱਖਣ ਲਈ ਪ੍ਰੇਰਿਆ। ਗੁਰੂ ਅਮਰਦਾਸ ਜੀ ਨੇ ਸਿੱਖ ਸੰਗਤਾਂ ਨੂੰ ਸਾਲਾਨਾ ਹੋਲੇ ਦੇ ਅਵਸਰ ਤੇ ਇਕੱਠਾ ਕਰਨਾ ਸ਼ੁਰੂ ਕੀਤਾ, ਜਿਥੇ ਉਨ੍ਹਾਂ ਨੂੰ ਨਾਮ ਬਾਣੀ ਅਤੇ ਗੁਰ ਉਪਦੇਸ਼ ਦੀ ਆਤਮਿਕ ਖੁਰਾਕ ਦੇ ਨਾਲ ਨਾਲ ਸਰੀਰਕ ਸਾਂਭ ਸੰਭਾਲ ਦੇ ਗੁਰ ਦਰਸਾਉਣ ਵਾਲੀਆਂ ਖੇਡਾਂ ਅਤੇ ਹੋਰ ਕਰਤਬ ਵੀ ਵੇਖਣ ਨੂੰ ਮਿਲਦੇ। ਗੁਰੂ ਅਰਜਨ ਦੇਵ ਜੀ ਸਿਰੀ ਰਾਗ ਵਿਚ ਉਚਾਰੀ ਬਾਣੀ ਵਿਚ, ਮੱਲ ਅਖਾੜੇ ਦਾ ਸਜੀਵ ਚਿੱਤਰਣ ਇਸ ਤਰ੍ਹਾਂ ਕਰਦੇ ਹਨ, ਜਿਥੋਂ ਪਤਾ ਲੱਗਦਾ ਹੈ ਕਿ ਇਸ ਪਰੰਪਰਾਂ ਦੀਆਂ ਜੜ੍ਹਾਂ, ਗੁਰ ਸੰਗਤ ਵਿਚ ਕਿਥੋਂ ਤਕ ਜਾ ਚੁੱਕੀਆਂ ਸਨ:

ਹਉ ਗੁਸਾਈ ਦਾ ਪਹਿਲਵਾਨੜਾ।।

ਮੈ ਗੁਰ ਮਿਲਿ ਉਚ ਦੁਮਾਲੜਾ।।

ਸਭ ਹੋਈ ਛਿੰਝ ਇਕਠੀਆ

ਦਯੁ ਬੈਠਾ ਵੇਖੈ ਆਪਿ ਜੀਉ।।

ਵਾਤ ਵਜਨਿ ਟੰਮਕ ਭੇਰੀਆ।।

ਮਲ ਲਥੇ ਲੈਦੇ ਫੇਰੀਆ।।

ਨਿਹਤੇ ਪੰਜਿ ਜੁਆਨ ਮੈ

ਗੁਰ ਥਾਪੀ ਦਿਤੀ ਕੰਡਿ ਜੀਉ।।

ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਪਣੇ ਬਾਲ ਸਖਾ, ਪੈਂਦੇ ਖਾਨ ਨਾਲ ਕਈ ਵੇਰ ਕੁਸ਼ਤੀ ਦਾ ਜ਼ਿਕਰ, ਸਿੱਖ ਸਾਹਿਤ ਵਿਚ ਮਿਲਦਾ ਹੈ। ਉਹਨਾਂ ਨੇ ਜਾਬਰ ਹਕੂਮਤਾਂ ਨਾਲ ਟੱਕਰ ਲੈਣ ਲਈ, ਸਿੱਖ ਜੁਆਨਾਂ ਨੂੰ ਸੈਨਿਕ ਸਿਖਲਾਈ ਦਿੱਤੀ। ਉਹਨਾਂ ਨੂੰ ਸ਼ਸਤ੍ਰਬੱਧ ਕੀਤਾ। ਘੋੜ ਸਵਾਰੀ, ਨੇਜ਼ਾਬਾਜ਼ੀ, ਤਲਵਾਰਜ਼ਨੀ ਅਤੇ ਹਰ ਤਰ੍ਹਾਂ ਦੀ ਸ਼ਸਤਰ ਵਿੱਦਿਆ ਦੇਣ ਲਈ ਜੰਗੀ ਖੇਡਾਂ ਵੀ ਕਰਵਾਈਆਂ। ਪਹਿਲੇ ਗੁਰੂ ਸਾਹਿਬਾਨ ਦੀਆਂ ਇਹਨਾਂ ਸਰਗਰਮੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹੋਰ ਵਿਸਥਾਰਿਆ ਗਿਆ। ਉਹ ਸੁੰਦਰ ਘੋੜਿਆਂ, ਫੁਰਤੀਲੇ ਅਤੇ ਚੰਗੇ ਸ਼ਸਤਰਾਂ ਨੂੰ ਹਮੇਸ਼ਾ ਸੰਗਤ ਦਾ ਹਿੱਸਾ ਬਣਾ ਕੇ, ਉਸ ਦੀ ਸਰੀਰਕ ਸਮਰੱਥਾ ਵਧਾਉਣ ਲਈ ਅਨੇਕ ਤਰ੍ਹਾਂ ਦੀਆਂ ਖੇਡਾਂ ਤੇ ਸਰੀਰਕ ਕਰਤਬ ਕਰਵਾਉਂਦੇ। ਆਪ ਜੀ ਨੇ ਅਨੰਦਪੁਰ ਸਾਹਿਬ ਵਿਚ ਹੋਲੇ ਮਹੱਲੇ ਦੇ ਪੁਰਬ ਨੂੰ ਨਵਾਂ ਰੂਪ ਦੇ ਕੇ, ਇਸ ਵਿਚ ਮਾਰਸ਼ਲ ਖੇਡਾਂ ਦਾ ਪ੍ਰਚਾਰ-ਪ੍ਰਸਾਰ ਵੱਡੀ ਪੱਧਰ ਤੇ ਕੀਤਾ। ਆਪਣੀ ਸੰਗਤ ਨੂੰ ਸ਼ਸਤਰਬੱਧ ਕਰ ਕੇ ਸੈਨਾ ਦਾ ਰੂਪ ਦਿੱਤਾ। ਗਤਕੇਬਾਜ਼ੀ, ਘੋੜ-ਦੌੜ, ਨਿਸ਼ਾਨੇਬਾਜ਼ੀ ਤੇ ਕੁਸ਼ਤੀਆਂ ਦੇ ਦੰਗਲ ਵੱਡੀ ਪੱਧਰ ਤੇ ਕਰਵਾ ਕੇ ਜੇਤੂਆਂ ਨੂੰ ਇਨਾਮ ਬਖਸ਼ਦੇ ਸਨ। ਆਪ ਜੀ ਦੇ ਹਜ਼ੂਰੀ ਕਵੀਆਂ ਵਿਚੋਂ ਕੁਝ ਕਵੀਆਂ ਦੇ ਪਹਿਲਵਾਨੀ ਕਰਨ ਦੇ ਸ਼ੌਕ ਦਾ ਜ਼ਿਕਰ ਵੀ ਪੁਰਾਤਨ ਗ੍ਰੰਥਾਂ ਵਿਚ ਮਿਲਦਾ ਹੈ।

ਸ. ਨਾਹਰ ਸਿੰਘ ਹੋਰਾਂ ਮੁਤਾਬਿਕ, ਨਾਮਧਾਰੀ ਖਾਲਸੇ ਦੇ ਬਾਨੀ, ਸ੍ਰੀ ਸਤਿਗੁਰ ਰਾਮ ਸਿੰਘ ਜੀ, ਨੌਂ ਸਾਲ ਦੀ ਉਮਰ ਵਿਚ ਘਰ ਦੇ ਕੰਮਾਂ ਨੂੰ ਹੱਥ ਪਾਵਨ ਲੱਗ ਪਏ। ਪਿੰਡ ਦੇ ਵਾਗੀ ਮੁੰਡਿਆਂ ਨਾਲ ਗਊਆਂ ਲੈ ਜਾਂਦੇ ਤੇ ਛੇੜਾਂ ਨਾਲ ਬਾਹਰਲੀ ਖੁੱਲ੍ਹੀ ਹਵਾ ਵਿਚ ਡੰਗਰ ਚਾਰਦੇ। ਕੌਡੀ ਬਾਡੀ, ਘੁਲਣਾ, ਅੱਡੀ ਛੜੱਪਾ, ਬਾਂਦਰ ਕਿੱਲਾ, ਅੜਾਂਗੀ ਟੱਪਣੀ ਆਦਿ ਵਾਗੀ ਮੁੰਡਿਆਂ ਦੀਆਂ ਖੇਡਾਂ ਵਿਚ ਪੂਰਾ ਹਿੱਸਾ ਲੈਂਦੇ। ਇਸ ਤੋਂ ਇਲਾਵਾ ਤੇਜ਼ ਚੱਲਣ, ਉੱਚੀ ਤੇ ਲੰਮੀ ਛਾਲ, ਘੋੜ ਸਵਾਰੀ, ਠਾਠਾਂ ਮਾਰਦੇ ਦਰਿਆ ਨੂੰ ਤੈਰ ਕੇ ਸਿੱਧਾ ਪਾਰ ਜਾਣਾ ਅਤੇ ਹੋਰ ਬਹੁਤ ਸਾਰੇ ਜੰਗੀ ਕਰਤਬਾਂ ਤੇ ਚੱਕਰ ਚਲਾਉਣ ਵਿਚ ਵੀ ਮਾਹਿਰ ਸਨ। ਛਟੀ ਦੀ ਅੜੇਸ ਨਾਲ, ਖੋਟੀ ਨੀਅਤ ਤਾੜ ਕੇ ਰੁੜਕੇ ਪਿੰਡ ਵਿਚ ਭੇਟਾ ਲਈ ਆਏ ਪਤਾਸਿਆਂ ਦੇ ਥਾਲ ਨੂੰ, ਦੀਵਾਨ ਅਸਥਾਨ ਤੋਂ ਬਾਹਰ ਵਗਾਹ ਮਾਰਨਾ ਵੀ ਆਪ ਜੀ ਦਾ ਇਕ ਐਸਾ ਹੀ ਵਚਿਤਰ ਕਰਤਬ ਸੀ। ਆਪ ਜੀ ਦੇ ਛੋਟੇ ਭਰਾਤਾ ਮਹਾਰਾਜ ਬੁੱਧ ਸਿੰਘ ਜੀ ਜੋ ਸ੍ਰੀ ਗੁਰੂ ਹਰੀ ਸਿੰਘ ਜੀ ਦੇ ਤੌਰ ’ਤੇ ਵਖਿਆਤ ਹੋਏ, ਇਤਨੇ ਬਲਸ਼ਾਲੀ ਸਨ ਕਿ ਪੰਜ ਪੰਜ ਜਣਿਆਂ ਜਿੰਨਾ ਕੰਮ, ਇਕੱਲੇ ਕਰ ਲੈਂਦੇ। ਉਹ ਪਿਤਾ ਪੁਰਖੀ, ਲੋਹਾਰਾ-ਤਰਖਾਣਾ ਅਤੇ ਖੇਤੀ ਦੇ ਸਖ਼ਤ ਮਿਹਨਤ ਵਾਲੇ ਕੰਮ ਕਰਨ ਲੱਗਿਆਂ ਉੱਡੇ ਫਿਰਦੇ। ਉਹ ਸਤਿਗੁਰੂ ਜੀ ਦੇ ਸਟੋਰ ਦੇ ਕੰਮ ਲਈ, ਗੱਡਾ ਲੱਦਣ ਲਾਹੁਣ ਵਿਚ ਵੀ ਤਕੜੇ ਸਨ। ਮਾਲ ਅਸਬਾਬ ਲਈ ਆਉਂਦਿਆਂ ਰਸਤੇ ਚ ਚੋਰ ਧਾੜਵੀ ਵੀ ਮਿਲ ਪੈਂਦੇ। ਅਜਿਹੇ ਸਮੇਂ ਆਪ ਜੀ ਦਾ ਡਾਂਗ ਬਹਾਦੁਰ ਵਾਲਾ ਰੂਪ ਕੰਮ ਆਉਂਦਾ ਸੀ।

ਸਤਿਗੁਰੂ ਪ੍ਰਤਾਪ ਸਿੰਘ ਜੀ ਬਾਲ ਅਵੱਸਥਾ ਤੋਂ ਜੁਆਨੀ ਚੜ੍ਹਦੇ ਸਮੇਂ ਖਿੱਦੋ-ਖੂੰਡੀ ਦੇ ਸ਼ੌਕੀਨ ਸਨ। ਡੇਰੇ ਵਿਚ ਰਹਿਣ ਵਾਲੇ ਕੁਝ ਸਿੱਖਾਂ ਦੇ ਬੱਚੇ ਅਤੇ ਪਿੰਡ ਭੈਣੀ ਸਾਹਿਬ ਦੇ ਕਿਸਾਨ ਅਤੇ ਦਸਤਕਾਰ ਪਰਿਵਾਰਾਂ ਦੇ ਬੱਚੇ ਰਲ ਮਿਲ ਕੇ ਦੋ ਟੀਮਾਂ ਬਣਾ ਲੈਂਦੇ। ਇਕ ਟੀਮ ਦੀ ਅਗਵਾਈ ਬਾਲਕ ਸਤਿਗੁਰੂ ਜੀ ਅਤੇ ਦੂਸਰੀ ਦੀ ਮਹਾਰਾਜ ਨਿਹਾਲ ਸਿੰਘ ਜੀ ਕਰਿਆ ਕਰਦੇ। ਰਤਾ ਵਡੇਰੇ ਹੋਏ ਤਾਂ ਖਿੱਦੋ-ਖੂੰਡੀ ਦੇ ਨਾਲ ਨਾਲ ਕਉਡੀ ਖੇਡਣੀ ਵੀ ਸ਼ੁਰੂ ਕਰ ਦਿੱਤੀ। ਚੜ੍ਹਦੀ ਜੁਆਨੀ ਚ ਅਖਾੜੇ ਵਿਚ ਜ਼ੋਰ ਵੀ ਕਰਿਆ ਕਰਦੇ। ਆਪਣੇ ਸਰੀਰ ਨੂੰ ਅਨੇਕਾਂ ਕਰਤਬਾਂ ਨਾਲ ਸਾਧਿਆ ਕਰਦੇ ਸਨ। ਖੂਹ ਦੀ ਭਰੀ ਮਾਹਲ ਤਿੰਨ ਸੇਰੀ ਟਿੰਡ ਸੱਤ ਵੀਹਾਂ ਦੀ, ਪਾਣੀ ਵਿਚੋਂ ਬਾਹਰ ਕੱਢ ਧਰਨੀ ਤੇ ਖੂਹ ਦੇ ਸੱਤ ਗੇੜੇ ਲਿਆਉਣੇ ਭਰੀ ਮਾਹਲ ਦੇ ਇਕੱਲਿਆਂ। ਦੂਜੇ ਪਾਸੇ ਕਈ ਸਾਥੀ ਲਾ ਕੇ ਇਕੱਲਿਆਂ ਰੱਸਾ ਖਿੱਚਣਾ। ਇੱਟ ਭਾਰੀ ਤੋਂ ਭਾਰੀ ਚੁਬਾਰੇ ਦੇ ਉਪਰ ਦੀ ਵਹਾਗ ਦੇਣੀ। ਘੋੜੀ ਉੱਚੀ ਤੋਂ ਉੱਚੀ ਦਾ ਕੰਨ ਫੜ ਉੱਛਲ ਕੇ ਪਲਾਕੀ ਮਾਰ ਬਹਿਣਾ। ਨੱਸੇ ਜਾਂਦੇ ਊਠ ਦੀ ਦੌੜ ਕੇ ਪੂਛ ਫੜ, ਖੁੱਚ ਉੱਤੇ ਪੈਰ ਧਰ ਉਪਰ ਜਾ ਬੈਠਣਾ। ਹਾਣੀਆਂ ਨਾਲ ਕੁੱਦਣਾ ਦੌੜਨਾ। ਅਖਾੜੇ ਵਿਚ ਕਈ ਪੱਠਿਆਂ ਦਾ ਇਕੱਲਿਆਂ ਹੀ ਜ਼ੋਰ ਕਰਵਾ ਦੇਣਾ। ਸਤਿਗੁਰੂ ਜੀ ਮੰਨੇ ਹੋਏ ਘੋੜ ਅਸਵਾਰ ਸਨ। ਲੋਕ ਆਪ ਜੀ ਨੂੰ ਨੇਜ਼ਾਬਾਜ਼ੀ ਕਰਦਿਆਂ ਤੇ ਕਿੱਲਾ ਫੁੰਡਦਿਆਂ ਤੱਕ ਕੇ ਬਾਗੋ-ਬਾਗ ਹੋ ਜਾਇਆ ਕਰਦੇ ਸਨ। ਉਸ ਸਮੇਂ ਦੇ ਉੱਘੇ ਨਿਹੰਗ ਸਿੰਘ ਵੀ ਸਤਿਗੁਰੂ ਜੀ ਪਾਸ ਗਤਕੇ, ਘੋੜ ਸਵਾਰੀ ਅਤੇ ਨੇਜ਼ੇਬਾਜ਼ੀ ਦੀਆਂ ਵਚਿੱਤਰ ਖੇਡਾਂ ਦਾ ਅਨੰਦ ਮਾਨਣ ਲਈ ਆਇਆ ਕਰਦੇ ਸਨ...।

ਸਤਿਗੁਰੂ ਰਾਮ ਸਿੰਘ ਜੀ, ਸਤਿਗੁਰੂ ਹਰੀ ਸਿੰਘ ਜੀ ਤੇ ਸਤਿਗੁਰੂ ਪਰਤਾਪ ਸਿੰਘ ਜੀ ਦੇ ਸਮੇਂ ਨਾਮਧਾਰੀ ਸਿੰਘ ਸਜਣ ਵਾਲੇ ਭਲਵਾਨਾਂ ਵਿਚ ਪਹਿਲਵਾਨ ਬਾਬਾ ਫਤਿਹ ਸਿੰਘ ਵਲਟੋਹੀਆ ਬਾਰੇ ਬੜੀਆਂ ਦੰਦ ਕਥਾਵਾਂ ਚੱਲੀਆਂ। ਉਹਨੇ ਖੂਹ ਵਿਚ ਡਿੱਗੀ ਡਾਚੀ ਲੱਜਾਂ ਪਾ ਕੇ ਇਕੱਲਿਆਂ ਬਾਹਰ ਖਿੱਚ ਲਈ ਸੀ। ਉਹਦੇ ਪਿੰਡ ਢੋਟੀਆਂ ਦੀ ਰੱਸਾਕਸ਼ੀ ਦੀ ਟੀਮ ਬੜੀ ਪ੍ਰਸਿੱਧ ਹੋਈ। ਲਾਲਾ ਸਿੰਘ ਇਸ ਟੀਮ ਦੇ ਕਪਤਾਨ ਸਨ, ਤੇ ਮੈਂਬਰ ਸਨ- ਪਾਲ ਸਿੰਘ, ਨਰਾਇਣ ਸਿੰਘ ਮਧਰੂ, ਨਰਾਇਣ ਸਿੰਘ ਲੰਮੂ, ਸਾਧੂ ਸਿੰਘ, ਭੋਲਾ ਸਿੰਘ, ਊਧਮ ਸਿੰਘ, ਫੌਜਾ ਸਿੰਘ, ਬਿਸ਼ਨ ਸਿੰਘ, ਵਧਾਵਾ ਸਿੰਘ, ਮੱਲ ਸਿੰਘ, ਗੁਰਦਿੱਤ ਸਿੰਘ ਤੇ ਭਗਤ ਸਿੰਘ। ਖਿਆਲੇ ਵਾਲੇ ਪਾਸਿਓਂ ਇਸ ਟੀਮ ਨਾਲ ਰਹਿਣ ਵਾਲੇ ਤੇ ਸੇਵਾ ਸੰਭਾਲ ਕਰਨ ਵਾਲੇ ਸਨ- ਮੰਗਲ ਸਿੰਘ, ਬਾਬਾ ਗੰਡਾ ਸਿੰਘ, ਦੇਵਾ ਸਿੰਘ ਅਤੇ ਉਸ ਦਾ ਛੋਟਾ ਭਾਈ ਪਾਲ ਸਿੰਘ। ਢੋਟੀਆਂ ਵਾਲੇ ਪਾਸਿਓਂ ਸਨ- ਤਾਰਾ ਸਿੰਘ, ਤਾਰਾ ਸਿੰਘ ਦੂਜਾ, ਲਾਭ ਸਿੰਘ ਤੇ ਦੋ ਉਸ ਦੇ ਭਾਈ, ਪਰਤਾਪ ਸਿੰਘ, ਅਰਜਨ ਸਿੰਘ, ਮਹੰਤ ਕਿਸ਼ਨ ਦਾਸ, ਆਸਾ ਸਿੰਘ ਅਤੇ ਕਬੀਰ ਨਾਮ ਦਾ ਇਕ ਸਿੱਖ।

ਜਦੋਂ ਇੰਗਲੈਂਡ ਦਾ ਬਾਦਸ਼ਾਹ ਜਾਰਜ ਪੰਚਮ ਤਖਤ ਨਸ਼ੀਨ ਹੋਇਆ ਤਾਂ ਉਹਦੀ ਤਾਜਪੋਸ਼ੀ ਦਾ ਜਸ਼ਨ ਮਨਾਉਣ ਲਈ 1911 ਵਿਚ ਦਿੱਲੀ ਵਿਚ ਵੱਡਾ ਦਰਬਾਰ ਹੋਇਆ। ਇੰਗਲੈਂਡ ਦਾ ਉਹ ਪਹਿਲਾ ਬਾਦਸ਼ਾਹ ਸੀ ਜਿਸ ਨੇ ਆਪਣੇ ਰਾਜ ਸਮੇਂ ਹਿੰਦੋਸਤਾਨ ਦਾ ਦੌਰਾ ਕੀਤਾ। ਇਸ ਲਈ ਹਿੰਦ ਸਰਕਾਰ ਵੱਲੋਂ ਇਹ ਦਿੱਲੀ ਦਰਬਾਰ ਬੜੀ ਸ਼ਾਨੋ-ਸ਼ੌਕਤ ਨਾਲ ਸਜਾਇਆ ਗਿਆ। ਦੇਸ਼ ਦੇ ਸਾਰੇ ਰਾਜੇ ਰਜਵਾੜੇ, ਧਾਰਮਿਕ ਹਸਤੀਆਂ ਤੇ ਵੱਖ ਵੱਖ ਖੇਤਰਾਂ ਦੇ ਪ੍ਰਸਿੱਧ ਵਿਅਕਤੀਆਂ ਨੇ ਹਿੱਸਾ ਲਿਆ। ਮਹਾਰਾਜਾ ਹੀਰਾ ਸਿੰਘ ਨਾਭੇ ਵਾਲੇ ਦੇ ਸੱਦੇ ਤੇ ਢੋਟੀਆਂ ਤੋਂ ਨਾਮਧਾਰੀਆਂ ਦੀ ਰੱਸਾ ਟੀਮ ਵੀ ਦਿੱਲੀ ਗਈ। ਇਸ ਟੀਮ ਨੇ ਆਪਣਾ ਰੱਸਾ ਜਦੋਂ ਮੈਦਾਨ ਵਿਚ ਸੁੱਟਿਆ ਤਾਂ ਪਹਿਲਾਂ ਤਾਂ ਇਸ ਨੂੰ ਤੱਕ ਕੇ ਸ਼ਿਵ ਜੀ ਦੇ ਧਨੁੱਖ ਜਿਉਂ ਕਿਸੇ ਨੂੰ ਚੁੱਕਣ ਦੀ ਹਿੰਮਤ ਨਾ ਪਈ। ਅਖ਼ੀਰ ਰੋਹਤਕ ਜ਼ਿਲ੍ਹੇ ਦੇ ਚੌਧਰੀਆਂ ਦੀ ਟੀਮ ਮੈਦਾਨ ਵਿਚ ਨਿੱਤਰੀ ਪਰ ਰੱਸਾਕਸ਼ੀ ਸ਼ੁਰੂ ਹੁੰਦਿਆਂ ਹੀ ਚੌਧਰੀ ਘਿਸੜਦੇ ਹੋਏ ਢੋਟੀਆਂ ਵਾਲਿਆਂ ਵੱਲ ਖਿਚੀਂਦੇ ਆਏ। ਉਸ ਸਮੇਂ ਪ੍ਰਮਾਣ ਪੱਤਰ ਦੇ ਕੇ ਮੰਨ ਲਿਆ ਗਿਆ ਕਿ ਦੇਸ਼ ਵਿਚ ਕੋਈ ਟੀਮ ਇਹਨਾਂ ਦੇ ਜੋੜ ਨਹੀਂ।

ਨਾਮਧਾਰੀਆਂ ਦੀ ਖੇਡਾਂ ਵਿਚ ਦਿਲਚਸਪੀ ਵੇਖਦੇ ਹੋਏ, ਸਤਿਗੁਰੂ ਜਗਜੀਤ ਸਿੰਘ ਜੀ ਨੇ ਆਪਣੇ ਗੁਰੂ ਕਾਲ ਵਿਚ, ਪਿਤਾ ਪੁਰਖੀ ਇਹਨਾਂ ਗੁਣਾਂ ਨੂੰ, ਸਮੇਂ ਅਨਕੂਲ ਪ੍ਰਸਥਿਤੀਆਂ ਵਿਚ ਹੋਰ ਵਿਕਸਿਤ ਕਰਨ ਲਈ, 1976 ਵਿਚ ਭੈਣੀ ਸਾਹਿਬ ਵਿਖੇ ਹਾਕੀ ਦੀ ਨਾਮਧਾਰੀ ਇਲੈਵਨ ਦਾ ਆਰੰਭ ਕੀਤਾ। ਪਹਿਲਾਂ ਪਹਿਲ ਇਥੇ ਖੇਡ ਗਰਾਊਂਡ ਨਾ ਹੋਣ ਕਰਕੇ ਬੱਚੇ ਕਟਾਣੀ ਕਲਾਂ ਖੇਡਣ ਜਾਂਦੇ। ਫਿਰ ਹਾਕੀ ਅਕੈਡਮੀ ਬਣਾ ਕੇ ਇਕੇ ਛੱਤ ਹੇਠ, ਉਹਨਾਂ ਦੀ ਪੜ੍ਹਾਈ, ਖੇਡ ਕੋਚਿੰਗ, ਲੰਗਰ, ਰਹਾਇਸ਼ ਆਦਿ ਦਾ ਸਾਰਾ ਪ੍ਰਬੰਧ ਕਰ ਦਿੱਤਾ। ਬੜੇ ਗੁਣੀ ਸੱਜਣ ਹਾਕੀ ਟੀਮ ਦੇ ਕੋਚ ਤੇ ਮੈਨੇਜਰ ਲਾਏ। ਖੇਡਾਂ ਨਾਲ ਗੁਰਸਿੱਖੀ ਜੀਵਨ ਜਾਚ ਵਿਚ ਵੀ ਪਰਪੱਕ ਕੀਤਾ। 1982 ਤੋਂ ਨਾਮਧਾਰੀ ਹਾਕੀ ਟੀਮਾਂ ਦਾ ਮੱਲਾਂ ਮਾਰਨ ਦਾ ਸਫ਼ਰ ਅੱਗੇ ਤੋਂ ਅਗੇਰੇ ਵਧਦਾ ਗਿਆ। ਫਿਰ ਇਹ ਸਫ਼ਰ ਅਨੇਕ ਇਤਿਹਾਸਕ ਮੈਚ ਜਿੱਤਣ ਦਾ, ਭਾਰਤੀ ਹਾਕੀ ਟੀਮਾਂ ਵਿਚ ਸ਼ਾਮਲ ਹੋ ਕੇ ਤਿੰਨ ਨਾਮਧਾਰੀ ਖਿਡਾਰੀਆਂ ਦਾ ਓਲੰਪੀਅਨ ਬਣਨ ਦਾ ਤੇ ਓੜਕ ਭਾਰਤੀ ਓਲੰਪਿਕ ਟੀਮ ਦੀ ਕਪਤਾਨੀ ਕਰਨ ਤੱਕ ਪੁੱਜਾ।

ਸੰਪਰਕ: principalsarwansingh@gmail.com

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All