ਦਿੱਲੀ: ਸਾਲ 1969
ਮੈਨੂੰ ਮੁੰਬਈ ਵੇਲੇ ਤੋਂ ਵੱਡੇ ਸ਼ਹਿਰ ਵਿਚ ਆਪਣਾ ਰਾਹ-ਰਸਤਾ ਬਨਾਣ ਦੀ ਮੁਹਾਰਤ ਹੈ, ਬੇਸ਼ੱਕ ਮਹਾਂਨਗਰ ਵਿਚ ਆਪਣੀ ਪੁਗਾਣ ਲਈ ਵਿਹਲ ਚਾਹੀਦੀ ਹੈ। ਵਿਹਲ ਪ੍ਰਾਪਤ ਨਹੀਂ ਹੁੰਦੀ ਤੇ ਬੰਦਾ ਇਰਦ ਗਿਰਦ ਦੇ ਘਮਾਸਾਨ ਵਿਚ ਮਨਫ਼ੀ ਹੋਈ ਜਾਂਦਾ। ਉਹਦਾ ਆਪਣਾ ਕੁਝ ਬਚਦਾ ਨਹੀਂ।
ਮੇਰੇ ਕਾਲਜ ਦਾ ਸਿਲਸਿਲਾ ਅਜਿਹਾ ਕਿ ਮੈਨੂੰ ਚੋਖੀ ਵਿਹਲ ਪ੍ਰਾਪਤ ਹੋਈ ਜਾਣੀ ਹੈ। ਮੈਂ ਨੌਕਰੀ ਕਰੀ ਜਾਣੀ ਹੈ ਤੇ ਆਪਣੀ ਵੀ ਪੁਗਾਈ ਜਾਣੀ ਹੈ। ਜਿਸ ਥਾਂ ਮੈਂ ਆਪਣੀ ਨਾ ਪੁਗਾ ਸਕਾਂ, ਜਾਂ ਜਿਸ ਨੌਕਰੀ ਤੋਂ ਅਵਾਜ਼ਾਰ ਰਹਵਾਂ, ਉੱਥੇ ਟਿਕਦਾ ਨਹੀਂ। ਮੇਰੀ ਲਟੋਰ ਬਿਰਤੀ ਦਾ ਕਾਰਨ ਵੀ ਇਹੀ ਹੈ। ਮੁੰਬਈ ਮੇਰੇ ਰਾਸ ਆ ਗਿਆ ਕਿ ਉੱਥੇ ਮੈਂ ਹੋਣਥੀਣ ਦਾ ਨਿੱਜੀ ਢੰਗ-ਤਰੀਕਾ ਸਿਰਜ ਲਿਆ। ਤਰੱਕੀ-ਪਸੰਦ ਮੁਹਾਜ਼ ਦੇ ਥੰਮ੍ਹ ਜੋ ਅਦੀਬ/ਸ਼ਾਇਰ ਸਨ, ਉਨ੍ਹਾਂ ਦੀ ਸੰਗਤ ਪ੍ਰਾਪਤ ਹੋਣ ਲੱਗੀ ਤਾਂ ਮੈਂ ਸੋਚਿਆ ਕੋਈ ਕ੍ਰਿਸ਼ਮਈ ਤਾਕਤ ਮੇਰਾ ਸਾਥ ਦੇ ਰਹੀ ਹੈ।
ਹੁਣ ਦਿੱਲੀ ਦੀ ਵਾਰੀ ਹੈ।
*
ਦਿੱਲੀ ਮਹਾਂਨਗਰ ਵਿਚ ਮੇਰੇ ਲਈ ਦੋ ਤਰ੍ਹਾਂ ਦੇ ਸੰਸਾਰ ਮਾਅਨੇ ਰੱਖਦੇ ਹਨ: ਇਕ ਹੈ ਪੰਜਾਬੀ ਦਾ ਸਾਹਿਤਕ ਸੰਸਾਰ। ਇਸ ਦਾ ਮਾਹੌਲ ਚੋਖਾ ਲੁਤਫ਼ ਦੇਣ ਵਾਲਾ ਹੈ ਤਫ਼ਰੀਹ, ਰੌਣਕ ਮੇਲਾ, ਨਿੰਦਾ ਚੁਗਲੀ। ਕੌਫੀ ਹਾਊਸ ਅਜਿਹੇ ਲੁਤਫ਼ ਦਾ ਗੜ੍ਹ ਹੈ। ਬਿਨਾਂ ਪੜ੍ਹੇ ਲਿਖੇ ਜੋ ਸਾਹਿਤਕ ਪ੍ਰਾਣੀ ਬਣਨਾ ਚਾਹੁੰਦੇ ਹਨ ਉਨ੍ਹਾਂ ਲਈ ਇਹ ਪਿੜ ਚੋਖਾ ਮਾਕੂਲ ਹੈ।
ਪੰਜਾਬੀ ਦੇ ਮੁਹਤਬਰ ਲੇਖਕਾਂ ਦੀ ਗਿਣਤੀ ਵੀ ਏਥੇ ਚੰਗੀ-ਚੋਖੀ ਹੈ। ਇਕ ਤਰ੍ਹਾਂ ਨਾਲ ਦਿੱਲੀ ਪੰਜਾਬੀ ਸਾਹਿਤ ਦੀ ਵੀ ਰਾਜਧਾਨੀ ਹੈ। ਸਾਹਿਤਕਾਰੀ ਤਾਂ ਪੰਜਾਬ ਵਿਚ ਵੀ ਚੰਗੀ-ਚੋਖੀ ਹੁੰਦੀ ਹੈ, ਜ਼ਿਕਰ ਪਰ ਦਿੱਲੀ ਵਾਲਿਆਂ ਦਾ ਹੁੰਦਾ। ਏਥੇ ਸਾਹਿਤ ਦੀ ਏਨੀ ਅਹਿਮੀਅਤ ਨਹੀਂ, ਜਿੰਨੀ ਸਾਹਿਤ ਦੇ ਨਾਂ ਉੱਤੇ ਜੋ ਹੋਰ ਕੁਝ ਹੁੰਦਾ ਉਹਦੀ ਮੰਨੀ ਜਾਂਦੀ ਹੈ। (ਚੰਗੀ ਰਚਨਾ ਬਾਰੇ ਕੋਈ ਗੱਲ ਨਹੀਂ ਕਰਦਾ) ਤਾਕਤੀ ਅਦਾਰੇ, ਅਕਾਦਮੀਆਂ ਵਗ਼ੈਰਾ ਏਥੇ ਹਨ। ਸਾਹਿਤ ਵਿਚ ਨਾਂ-ਸਿਰਨਾਵਾਂ ਪੱਕਾ ਕਰਨਾ ਜਾਂ ਸ਼ੁਹਰਤ ਹਾਸਲ ਕਰਨੀ ਹੈ ਤਾਂ ਦਿੱਲੀ। ਚੰਗੇ ਕਿਸੇ ਰਸਾਲੇ ਵਿਚ ਛੱਪਣਾ, ਦਿੱਲੀ। ਕਿਤਾਬ ਸੁਹਣੀ-ਸੁਨੱਖੀ ਛਪਵਾਣੀ ਹੈ ਦਿੱਲੀ। ਜਿਨ੍ਹਾਂ ਦੀ ਇੱਛਾ ਤੁਰੰਤ ਟੀਸੀ ਉੱਤੇ ਸਵਾਰ ਹੋਣ ਦੀ ਹੁੰਦੀ ਹੈ ਉਨ੍ਹਾਂ ਦਾ ਦਿੱਲੀ ਬਗ਼ੈਰ ਉੱਕਾ ਨਹੀਂ ਸਰਦਾ।
ਮੈਂ ਲੁਧਿਆਣੇ ਵਾਲੀ ਸਾਹਿਤ ਅਕਾਦਮੀ ਵਿਚ ਸੀ ਤਾਂ ਦਿੱਲੀ ਦਾ ਜ਼ਿਕਰ ਸਾਹਿਤ ਅਕਾਦਮੀ ਐਵਾਰਡ ਕਰਕੇ ਸੀ। ਅਕਾਦਮੀ ਨੇ ਪੰਜਾਬ ਯੂਨੀਵਰਸਟੀ ਦੇ ਪ੍ਰਕਾਸ਼ਨ ਵਿਭਾਗ ਵਿਚ ਸਕੱਤਰ ਨਿਯੁਕਤ ਹੋਏ ਹਰਨਾਮ ਸਿੰਘ ਸ਼ਾਨ ਦੀ ਮੋਟੇ ਆਕਾਰ ਵਾਲੀ ਕਿਤਾਬ ਸਸੀ ਹਾਸ਼ਮ ਪ੍ਰਕਾਸ਼ਿਤ ਕੀਤੀ ਸੀ। ਇਹ ਕਿਤਾਬ ਛੱਪਣ ਯੋਗ ਨਹੀਂ ਸੀ ਮੰਨੀ ਗਈ, ਪਰ ਵਿਚਾਲੇ ਕੁਝ ਵਾਪਰ ਗਿਆ ਤੇ ਅਕਾਦਮੀ ਨੇ ਚੋਖਾ ਖਰਚਾ ਕਰਕੇ ਪ੍ਰਕਾਸ਼ਿਤ ਕਰ ਦਿੱਤੀ। ਵਾਪਰਿਆ ਇਹ ਕਿ ਅਕਾਦਮੀ ਦਾ ਪ੍ਰਧਾਨ ਭਾਈ ਜੋਧ ਸਿੰਘ ਸੀ, ਤੇ ਉਹ ਪੋਠੋਹਾਰੀ ਪਿਛੋਕੜ ਤੋਂ ਸੀ। ਹਰਨਾਮ ਸਿੰਘ ਸ਼ਾਨ ਘਣਾ ਇੱਛਾਧਾਰੀ ਵਿਅਕਤੀ ਸੀ, ਤੇ ਉਹ ਵੀ ਪੋਠੋਹਾਰੀ ਪਿਛੋਕੜ ਦਾ ਸੀ। ਏਨੀ ਗੱਲ ਜਾਣ ਲਈ ਜਾਵੇ ਤਾਂ ਅੱਗੇ ਕਹਿਣ ਨੂੰ ਕੁਝ ਬਚਦਾ ਨਹੀਂ।
ਅਗਲੀ ਗੱਲ ਹੋਰ ਵੀ ਕਮਾਲ ਦੀ ਹੈ। ਸਾਲ 1958 ਚਲ ਰਿਹਾ ਸੀ ਤੇ ਰੌਲਾ ਇਹ ਪੈ ਗਿਆ ਕਿ ਸ਼ਾਨ ਸਾਹਿਬ ਆਪਣੀ ਕਿਤਾਬ ਸਸੀ ਹਾਸ਼ਮ ਨੂੰ ਸਾਹਿਤ ਅਕਾਦਮੀ ਐਵਾਰਡ ਦਿਵਾਣ ਦੀ ਖਾਤਰ ਦਿੱਲੀ ਵਿਚ ਦੌੜ-ਭੱਜ ਕਰ ਰਿਹਾ ਹੈ। ਦਰਅਸਲ, ਐਵਾਰਡ ਲਈ ਸੰਤ ਸਿੰਘ ਸੇਖੋਂ ਦੀ ਕਿਤਾਬ ਮੂਹਰੇ ਸੀ ਤੇ ਸੇਖੋਂ ਕਮਿਊਨਿਸਟ ਹੋਣ ਕਰਕੇ ਦਿੱਲੀ/ਪੰਜਾਬ ਦੇ ਮੁਹਤਬਰਾਂ ਦੀ ਅੱਖ ਵਿਚ ਰੜਕਦਾ ਸੀ। ਹਰਨਾਮ ਸਿੰਘ ਸ਼ਾਨ ਇਸ ਰੜਕ ਦਾ ਫ਼ਾਇਦਾ ਉਠਾਣ ਲਈ ਤਤਪਰ ਹੋਇਆ ਬੈਠਾ ਸੀ। ਨਤੀਜਾ ਇਹ ਨਿਕਲਿਆ ਕਿ ਉਸ ਵਰ੍ਹੇ ਪਹਿਲੀ ਅਤੇ ਅਖੀਰ ਵੇਰ ਸਾਹਿਤ ਅਕਾਦਮੀ ਐਵਾਰਡ ਪੰਜਾਬੀ ਵਿਚ ਕਿਸੇ ਨੂੰ ਨਾ ਦਿੱਤਾ ਗਿਆ।
*
ਹੁਣ ਜਦ ਮੈਂ ਰਾਜਧਾਨੀ ਦਾ ਪੱਕਾ ਵਾਸੀ ਹੋ ਗਿਆ ਹਾਂ, ਟੀਸੀਆਂ ਦੇ ਨਿਕਟ ਵਿਚਰਦਾ ਹਾਂ, ਇਸ ਵਰ੍ਹੇ (1969) ਵੀ ਸਾਹਿਤ ਅਕਾਦਮੀ ਐਵਾਰਡ ਦਾ ਰੇੜਕਾ ਪਿਆ ਹੋਇਆ। ਦੋ ਉਮੀਦਵਾਰਾਂ ਦਾ ਨਾਂ ਸਿਖਰ ਉੱਤੇ ਹੈ: ਸੰਤ ਸਿੰਘ ਸੇਖੋਂ ਅਤੇ ਹਰਿਭਜਨ ਸਿੰਘ। ਸਾਨੂੰ ਪਤਾ ਕਿ ਐਵਾਰਡ ਸੇਖੋਂ ਨੂੰ ਨਹੀਂ ਮਿਲ ਸਕਦਾ। (ਅੰਮ੍ਰਿਤਾ ਸਾਹਿਤ ਅਕਾਦਮੀ ਦੇ ਪੰਜਾਬੀ ਬੋਰਡ ਦੀ ਕਨਵੀਨਰ ਹੈ, ਤੇ ਸੇਖੋਂ ਅੰਮ੍ਰਿਤਾ ਪ੍ਰੀਤਮ ਦੀਆਂ ਨਿਗਾਹਾਂ ਵਿਚ ਰੜਕਦਾ ਹੈ।) ਮੈਂ ਆਪਣੇ ਅੰਦਰ ਉੱਸਲਵੱਟੇ ਲੈਂਦੇ ਬਗ਼ਾਵਤੀ ਕੀੜੇ ਨੂੰ ਸੰਤੁਸ਼ਟ ਕਰਨ ਲਈ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਹਰਿਭਜਨ ਸਿੰਘ ਦਾ ਸੇਖੋਂ ਨਾਲ ਕੀ ਮੁਕਾਬਲਾ! ਇਹ ਗੱਲ ਹਰਿਭਜਨ ਸਿੰਘ ਤੱਕ ਪੁੱਜ ਜਾਂਦੀ ਹੈ।
ਵਿਚਲੀ ਗੱਲ ਇਹ ਹੈ ਕਿ ਦਿੱਲੀ ਵਿਚ ਪੰਜਾਬੀ ਸਾਹਿਤ ਦਾ ਮਾਹੌਲ ਚੋਖਾ ਲੁਤਫ਼ ਵਾਲਾ ਹੈ। ਮੈਂ ਲੁਤਫ਼ ਲੈਂਦਾ ਤਾਂ ਹਾਂ ਪਰ ਸੋਚਦਾਂ ਗੱਲ ਕੀ ਬਣੀ?
ਹੁਲਾਸ ਤਾਂ ਏਥੇ ਕਲਾ/ਸਾਹਿਤ, ਥੇਟਰ, ਸੰਗੀਤ, ਪੇਂਟਿੰਗ ਵਾਲੇ ਸੰਸਾਰ ਦੀ ਜੋ ਵਿਰਾਟ ਮੌਜੂਦਗੀ ਹੈ, ਉਸ ਤੋਂ ਪ੍ਰਾਪਤ ਹੁੰਦਾ, ਜਿਵੇਂ ਮੁੰਬਈ ਵਿਚ ਪ੍ਰਾਪਤ ਹੁੰਦਾ ਸੀ। ਕਲਾ ਸੰਸਾਰ ਦਾ ਗੜ੍ਹ ਮੰਡੀ ਹਾਊਸ ਦੁਆਲੇ ਦਾ ਇਲਾਕਾ ਹੈ। ਕਾਲਜ ਤੋਂ ਬਾਅਦ ਇਹ ਇਲਾਕਾ ਮੇਰਾ ਹੁੰਦਾ। ਏਥੇ ਮੈਨੂੰ ਕੋਈ ਜਾਣਦਾ ਨਹੀਂ। ਮੈਂ ਅਪਾਰ ਆਨੰਦ ਦੀ ਸਥਿਤੀ ਵਿਚ ਵਿਚਰਦਾ ਹਾਂ। ਮੇਰਾ ਕੋਈ ਹਿੱਸਾ ਕਿਸੇ ਹੋਰ ਅੱਗੇ ਸਪੁਰਦ ਨਹੀਂ ਹੁੰਦਾ। ਅਲਕਾਜ਼ੀ ਏਥੇ ਹੀ ਆਪਣੇ ਨਿਰਦੇਸ਼ਿਤ ਨਾਟਕਾਂ ਦਾ ਮੰਚਣ ਕਰਦਾ। ਆਉਂਦੇ ਕੁਝ ਮਹੀਨਿਆਂ ਵਿਚ ਉਹਨੇ ਬ੍ਰੈਸ਼ਤ ਦੇ ਦੋ ਤਿੰਨ ਨਾਟਕਾਂ ਦਾ ਮੰਚਨ ਕਰਨਾ। ਬ੍ਰੈਸ਼ਤ ਦੇ ਥ੍ਰੀਪੈਨੀ ਓਪੇਰਾ ਨਾਟਕ ਦਾ ਮੰਚਣ ਕਰਨ ਲਈ ਜਰਮਨੀ ਤੋਂ ਕਿਸੇ ਥੇਟਰ ਮਾਹਿਰ ਨੇ ਆਉਣਾ। ਇਹ ਨਾਟਕ ਮੈਂ ਤਿੰਨ ਵੇਰ ਦੇਖਣਾ। ਦੇਖ ਕੇ ਸੋਚਣਾ ਕਿ ਕਲਾ/ਸਾਹਿਤ ਅਤੇ ਥੇਟਰ ਦੇ ਸੰਸਾਰ ਵਿਚ ਅੱਥਾਹ ਸੰਭਾਵਨਾਵਾਂ ਹੁੰਦੀਆਂ ਹਨ। ਬ੍ਰੈਸ਼ਤ ਦੇ ਨਾਟਕਾਂ ਵਿਚ ਗਾਣ ਅਤੇ ਸੰਗੀਤ ਰਾਹੀਂ ਮਨੁੱਖੀ ਦੁਸ਼ਟ ਨੰਗੇਜ਼ ਵਿਚ ਪ੍ਰਗਟ ਹੁੰਦਾ ਹੈ। ਏਦਾਂ ਹੀ ਸਿਰੀ ਰਾਮ ਸੈਂਟਰ ਵਿਚ ਵਿਜੇ ਤੈਂਦੁਲਕਰ ਦੇ ਨਾਟਕਾਂ ਦਾ ਮੰਚਣ ਹੁੰਦਾ। ਅਲਕਾਜ਼ੀ ਨੇ ਗਿਰੀਸ਼ ਕਰਨਾਡ ਦੇ ਤੁਗਲਕ ਅਤੇ ਮੋਹਨ ਰਾਕੇਸ਼ ਦੇ ਆਧੇ ਅਧੂਰੇ ਨਾਟਕ ਦਾ ਮੰਚਣ ਵੀ ਕਰਨਾ। ਮੰਡੀ ਹਾਊਸ ਕੰਪਲੈਕਸ ਵਿਚ ਹੀ ਤ੍ਰਿਵੇਨੀ ਵਾਲੀ ਕਲਾ ਥੇਟਰ ਦੀ ਇਮਾਰਤ ਹੈ। ਏਥੇ ਮੈਂ ਹਬੀਬ ਤਨਵੀਰ ਦਾ ਲੋਕ-ਨਾਟ ਚਰਨਦਾਸ ਚੋਰ ਦੇਖਾਂਗਾ, ਜਿਵੇਂ ਉਹਦੇ ਆਗਰਾ ਬਾਜ਼ਾਰ ਦਾ ਮੰਚਣ ਸਪਰੂ ਹਾਊਸ ਸਭਾਘਰ ਵਿਚ ਦੇਖਿਆ ਸੀ। ਸਪਰੂ ਹਾਊਸ ਦੇ ਵੱਡੇ ਸਭਾਘਰ ਵਿਚ ਉਸਤਾਦ ਬਿਸਮਿਲਾ ਖਾਂ ਦਾ ਸ਼ਹਿਨਾਈ ਵਾਦਨ ਅਤੇ ਬੇਗ਼ਮ ਅਖ਼ਤਰ ਦਾ ਗਾਇਨ ਸੁਣਨ ਦਾ ਮੌਕਾ ਮਿਲਣਾ।
ਇਸੇ ਪਰਿਸਰ ਵਿਚ ਅੱਧੀ ਦਰਜਨ ਤੋਂ ਵੱਧ ਲਾਇਬਰੇਰੀਆਂ ਹਨ। ਲਾਇਬਰੇਰੀਆਂ ਵਿਚ ਪੜ੍ਹਣ ਲਈ ਅੰਤਹੀਣ ਕਿਤਾਬਾਂ। ਕੁਝ ਦਿਨ ਇਕ ਲਾਇਬਰੇਰੀ ਵਿਚ, ਫਿਰ ਦੂਜੀ ਵਲ। ਦੁਪਹਿਰ ਵੇਲੇ ਸਪਰੂ ਹਾਊਸ ਕੰਟੀਨ ਜਾਂ ਰਾਬਿੰਦਰਾ ਭਵਨ ਦੀ ਕੰਟੀਨ ਵਿਚ ਖਾਣਾ ਮਿਲਦਾ ਜਾਂ ਕਈ ਵੇਰ ਅਮਰੀਕਨ ਲਾਇਬਰੇਰੀ ਦੀ ਕੰਟੀਨ ਵਿਚ! ਉੱਥੇ ਬੈਠਣਾ ਮੇਰੇ ਲਈ ਅਰਥ ਰੱਖਦਾ, ਆਸ ਪਾਸ ਸਕਾੱਲਰਾਂ ਨੂੰ ਕੌਫੀ ਪੀਂਦਿਆਂ ਤੇ ਗਹਿਰੀ ਬਹਿਸ ਵਿਚ ਖੁੱਭੇ ਦੇਖਣ ਦਾ ਲੁਤਫ਼ ਅਨੂਠਾ ਹੈ। ਸਾਹਿਤ/ਲਲਿਤ ਕਲਾ ਅਕਾਦਮੀ ਦੇ ਦਫਤਰਾਂ ਹੇਠ ਵਿਸ਼ਾਲ ਲਾਇਬਰੇਰੀ ਹੈ। ਜਾਂ ਸੜਕ ਪਾਰ ਕਰਕੇ ਨੈਸ਼ਨਲ ਸਕੂਲ ਔਫ ਡਰਾਮਾ ਦੀ ਲਾਇਬਰੇਰੀ! ਸਪਰੂ ਹਾਊਸ ਦੀ ਜੋ ਰਾਜਨੀਤੀ ਸ਼ਾਸਤਰ ਦੀ ਲਾਇਬਰੇਰੀ ਹੈ, ਇਹਦੀ ਕੰਟੀਨ ਵਿਚ ਸਿਆਸੀ/ਆਰਥਿਕ ਮਸਲਿਆਂ ਬਾਰੇ ਬਹਿਸ ਕਰਨ ਵਾਲੇ ਜਵਾਹਰ ਲਾਲ ਨਹਿਰੂ ਯੂਨੀਵਰਸਟੀ ਦੇ ਯੁਵਕ ਸਕਾੱਲਰ ਆਉਂਦੇ ਹਨ। ਮੈਂ ਅਕਸਰ ਪਰਿਓਡੀਕਲ ਸੈਕਸ਼ਨ ਵਿਚ ਬੈਠਦਾਂ। ਲੰਡਨ, ਪੈਰਿਸ, ਨਿਊਯੌਰਕ ਤੋਂ ਆਏ ਅਖਬਾਰਾਂ ਵਿਚ ਉੱਚ-ਪਾਏ ਦੇ ਲੇਖ ਦਿਖਦੇ ਹਨ, ਚਾਅ ਚੜ੍ਹ ਜਾਂਦਾ। ਪੈਰਿਸ ਤੋਂ ਨਿਕਲਦੇ ਸਪਤਾਹਿਕ ਲੇਮੋਂਦ ਦਾ ਅੰਗਰੇਜ਼ੀ ਸੰਸਕ੍ਰਣ ਦਿਖਦਾ। ਇਸ ਵਿਚ ਯੌਂ ਪੋਲ ਸਾਰਤਰ ਦਾ ਲੇਖ ਹੈ : Betrayed but not beaten. ਇਹ ਫਰਾਂਸ ਦੀ ਕਮਿਊਨਿਸਟ ਪਾਰਟੀ ਦਾ ਮਈ 1968 ਵਿਚ ਵਿਦਿਆਰਥੀਆਂ ਦੇ ਪ੍ਰਤਿਰੋਧੀ-ਉਠਾਣ ਦੇ ਵਿਰੋਧ ਬਾਰੇ ਹੈ। ਪੈਰਿਸ ਵਿਚ ਵਿਦਿਆਰਥੀਆਂ ਨੇ ਖਰੂਦੀ ਤਰਜ਼ ਦਾ ਇਨਕਲਾਬ ਖੜਾ ਕਰਕੇ ਤਦੋਂ ਦੀ ਸਰਕਾਰ ਹੇਠੋਂ ਜ਼ਮੀਨ ਖਿਸਕਾ ਦਿੱਤੀ, ਮੈਂ ਇਸ ਘਟਨਾ-ਕ੍ਰਮ ਦਾ ਚੋਖੇ ਮਨ ਨਾਲ ਅਧਿਅਨ ਕਰਦਾ ਆ ਰਿਹਾ ਹਾਂ। ਸਾਰਤਰ ਹੰਢੇ-ਵਰਤੇ ਕਾਮਰੇਡਾਂ ਦੀ ਚੰਗੀ ਠੁਕਾਈ ਕਰਦਾ ਹੈ। ਜਿਵੇਂ ਕਿਹਾ ਬੌਧਿਕ ਪੱਧਰ ਦੀ ਬੇਲਿਹਾਜ਼ ਠੁਕਾਈ ਮੇਰੇ ਅੰਦਰ ਉੱਸਲਵੱਟੇ ਲੈਂਦੇ ਬਗ਼ਾਵਤੀ ਕੀੜੇ ਲਈ ਵਿਟਾਮਨ ਵਾਂਗ ਕੰਮ ਕਰਦੀ ਹੈ।
*
ਨਗਰ/ਮਹਾਂਨਗਰ ਵਿਚ ਜੋ ਸੈਂਕੜੇ ਲਘੂ ਸੰਸਾਰ ਮੌਜੂਦ ਹਨ, ਹਰੇਕ ਨੂੰ ਆਪੋ ਆਪਣੇ ਸੰਸਾਰ ਦੀ ਚੋਣ ਕਰਨੀ ਪੈਂਦੀ ਹੈ, ਤੇ ਉਸ ਸੰਸਾਰ ਤੱਕ ਅਪੜਨ ਲਈ ਅਣਚਾਹੇ ਸੰਸਾਰਾਂ ਨੂੰ ਪਾਰ ਕਰਨਾ ਪੈਂਦਾ ਹੈ। ਦਿੱਲੀ ਵਰਗੇ ਸ਼ਹਿਰ ਵਿਚ ਬੰਦਾ ਪੈਂਡੇ ਦੀ ਗ੍ਰਿਫ਼ਤ ਵਿਚ ਰਹਿੰਦਾ – ਚਿਹਰਾ, ਹਾਵਭਾਵ, ਸੋਚ ਆਦਿ ਸਭ ਪੈਂਡੇ ਦੇ ਦਾਸ! ਵਸੀਲਿਆਂ ਨਾਲ ਲਤਪਤ ਵਿਹਲੜ ਜਮਾਤ ਲਈ ਹੀ ਵੱਡਾ ਸ਼ਹਿਰ ਸੁਖਾਵਾਂ ਹੈ।
ਨਿੱਕੇ ਸ਼ਹਿਰ ਜਾਂ ਪਿੰਡ ਤੋਂ ਆਇਆ ਬੰਦਾ ਸ਼ਹਿਰ ਵਿਚ ਉੱਖੜ ਜਾਂਦਾ। ਜੜ੍ਹਾਂ ਉਸ ਦੀਆਂ ਕਿਸੇ ਹੋਰ ਸੰਸਾਰ ਵਿਚ ਹੁੰਦੀਆਂ। ਇਹ ਵਜੂਦੀ ਖਿੱਚੋਤਾਨ ਹੈ। ਸੰਵੇਦਨੀ ਬੰਦੇ ਅੰਦਰ ਅਜਿਹੀ ਖਿੱਚੋਤਾਨ ਕਰਕੇ ਰਚਨਾਤਮਿਕਤਾ ਦੇ ਬੀਜ ਅੰਕੁਰਿਤ ਹੋਣ ਲੱਗਦੇ ਹਨ, ਜਿਵੇਂ ਚੰਡੀਗੜ੍ਹ ਵਿਚ ਜਦ ਕਵੀ ਅਮਿਤੋਜ ਆਇਆ ਤਾਂ ਉਹਦੇ ਨਾਲ ਹੋਇਆ। ਭੁਲੱਥ ਪਿੰਡ ਵਿਚ ਅਮਿਤੋਜ ਦਾ ਨਾਂ ਕ੍ਰਿਸ਼ਨ ਕੰਵਲ ਸੀ। ਜਾਲੰਧਰ ਆਣ ਉਤਰਿਆ ਤਾਂ ਸ਼ਮੀਮ ਨਾਂ ਰੱਖ ਲਿਆ। ਕਿਸੇ ਕਿਹਾ, ਚੰਡੀਗੜ੍ਹ ਜਾਹ, ਏਥੇ ਤੇਰਾ ਕੁਝ ਨਹੀਂ ਬਣਨਾ। ਉਹਨੇ ਜਲੰਧਰ ਛੱਡਣ ਬਾਅਦ ਸ਼ਮੀਮ ਨਾਂ ਉੱਤੇ ਕਾਟਾ ਫੇਰ ਦਿੱਤਾ। ਅਮਿਤੋਜ ਬਣ ਗਿਆ। ਇਹ ਨਾਂ ਉਹਦੇ ਚਿਹਰੇ-ਮੁਹਰੇ ਵਰਗਾ ਸੀ ਤੇ ਸੁਰਤੀ ਵਿਚ ਰਿਝ-ਪਕ ਰਹੀਆਂ ਧੁਨੀਆਂ ਵਰਗਾ। ਉਹ ਯੂਨੀਵਰਸਟੀ ਦੇ ਪੰਜਾਬੀ ਵਿਭਾਗ ਵਿਚ ਐਮ ਏ ਵਿਚ ਦਾਖਲ ਹੋ ਗਿਆ। ਉਹਦੇ ਅੰਦਰ ਕੁਝ ਹੋਰ ਵਾਪਰ ਰਿਹਾ ਸੀ, ਜੀਹਦਾ ਉਹਨੂੰ ਆਪ ਪਤਾ ਨਹੀਂ ਸੀ। ਉਹ ਕੀ ਹੈ ਤੇ ਕੀ ਨਹੀਂ, ਇਸ ਦਵੰਦ ਵਿਚ ਪੀੜਤ ਹੋਣ ਲੱਗਾ। ਇਸ ਮਾਨਸਿਕ ਸਥਿਤੀ ਵਿਚ ਉਹਨੇ ਸ਼ਾਨਦਾਰ ਕਵਿਤਾਵਾਂ ਲਿਖੀਆਂ, ਜਿਨ੍ਹਾਂ ਤੋਂ ਪਤਾ ਚਲਦਾ ਕਿ ਰਚਨਾਤਮਿਕਤਾ ਅੰਤਰ-ਮਨ ਦੀ ਕਸ਼ਮਕਸ਼ ਵਿਚੋਂ ਪੈਦਾ ਹੁੰਦੀ ਹੈ।
ਮੇਰਾ ਵਾਹ ਦਿੱਲੀ ਦੇ ਸਿਰਮੌਰ ਲੇਖਕਾਂ ਨਾਲ ਵੱਧਣ ਲੱਗਣਾ ਤਾਂ ਚਿੱਤ ਵਿਚ ਆਉਣਾ ਕਿ ਮਹਾਂਨਗਰ ਦਾ ਇਨ੍ਹਾਂ ਦੇ ਰਚਨਾਤਮਿਕ ਮਨ ਉੱਤੇ ਕੀ ਅਸਰ ਪਿਆ? ਇਨ੍ਹਾਂ ਦੀ ਟੈਂਸ਼ਨ ਕੀ ਹੈ? ਕੀ ਹੈ ਇਨ੍ਹਾਂ ਦੀ ਵਿਯਨ? ਇਹ ਜੋ ਲਿਖਦੇ ਹਨ, ਉਹਨੂੰ ਧਿਆਨ ਵਿਚ ਰੱਖ ਕੇ ਸੁਆਲ ਪੈਦਾ ਹੁੰਦਾ, ਇਹ ਸਿਰਮੌਰ ਕਿਵੇਂ ਬਣ ਗਏ? ਕੀਹਨੇ ਬਣਾ ਦਿੱਤੇ ਇਹ ਸਿਰਮੌਰ?
ਇਕ ਦਿਨ ਕਰੋਲ ਬਾਗ ਦੇ ਮਦਰਾਸ ਕੈਫੇ ਵਿਚ ਬੈਠਿਆਂ ਮੈਂ ਇਹ ਗੱਲ ਹਰਿਭਜਨ ਸਿੰਘ ਨਾਲ ਕਰਦਾਂ ਤਾਂ ਉਹ ਕਹਿੰਦਾ, ‘‘ਤੂੰ ਇਹਦੇ ਬਾਰੇ ਜ਼ਿਆਦਾ ਸੀਰੀਅਸ ਨਾ ਹੋ।’’ ਕੁਝ ਸੋਚਣ ਬਾਅਦ ਉਹ ਬੋਲਦਾ, ‘‘ਪੰਜਾਬੀ ਵਿਚ ਜੋ ਲਿਖਿਆ ਜਾਂਦਾ ਉਹਨੂੰ ਸੀਰੀਅਸਲੀ ਕੋਈ ਨਹੀਂ ਲੈਂਦਾ। ਚੰਗੇ ਮੰਦੇ ਦੀ ਤਮੀਜ਼ ਕਰਨ ਦਾ ਸਮਾਂ ਅਜੇ ਨਹੀਂ ਆਇਆ। ਬੰਦੇ ਦਾ ਨਾਂ ਛੱਪੀ ਜਾਵੇ, ਉਹ ਲਿਖੀ ਜਾਵੇ, ਬਾਕੀ ਦਾ ਪ੍ਰਬੰਧ ਹੋਈ ਜਾਂਦਾ।’’ ਮੈਂ ਕਿਆਸ ਕਰਨ ਲੱਗਦਾਂ ਕਿ ਵੰਡ ਵੇਲੇ ਲਾਹੌਰ ਤੋਂ ਕੁਝ ਇਕ ਪੰਜਾਬੀ ਵਿਚ ਲਿਖਣ ਵਾਲੇ ਦਿੱਲੀ ਪੁੱਜਦਿਆਂ ਕਵਿਤਾ/ਕਹਾਣੀ ਲਿਖਣ ਲੱਗੇ।ਨਵਯੁਗ/ਆਰਸੀ ਵਾਲਾ ਭਾਪਾ ਜੀ ਇਨ੍ਹਾਂ ਨੂੰ ਛਾਪਣ ਲੱਗਾ। ਮੈਦਾਨ ਖਾਲੀ ਸੀ। ਜਿਹਨੂੰ ਸਾਹਿਤ ਅਕਾਦਮੀ ਐਵਾਰਡ ਪ੍ਰਾਪਤ ਹੁੰਦਾ ਉਹਦਾ ਗੁੱਡਾ ਸਿਖਰ ਉੱਤੇ ਪੁੱਜ ਜਾਂਦਾ।
ਇਸ ਮਹਾਂਨਗਰ ਦੇ ਲੇਖਕਾਂ ਦੀ ਇਕ ਪਛਾਣ ਮੈਂ ਇਹ ਦੇਖਦਾਂ ਕਿ ਇਹ ਮਾਰਕਸਵਾਦ ਨੂੰ ਸੰਤ ਸਿੰਘ ਸੇਖੋਂ ਦਾ ਵਿੱਢਿਆ ਵਾਧੂ ਦਾ ਝੰਜਟ ਸਮਝਦੇ ਹਨ।
*
1969 ਦਾ ਇਹ ਜੋ ਸਾਲ ਹੈ, ਹਿੱਪੀ ਦਿੱਲੀ ਵਿਚ ਘੁੰਮਦੇ ਦਿਖਦੇ ਨੇ। ਇਹ ਪੱਛਮੀ ਦੇਸਾਂ ਦੇ ਅਮਿਤੋਜ ਨੇ। ਪੱਛਮੀ ਅਮਿਤੋਜਾਂ ਦੇ ਦਰਸ ਕੌਫੀ ਹਾਊਸ ਵਿਚ ਹੁੰਦੇ ਰਹਿੰਦੇ ਨੇ: ਵਾਲ ਬਿਖਰੇ, ਮੂੰਹ ਉੱਤੇ ਸਿਹਾਈਆਂ, ਬੁੱਲ੍ਹਾਂ ਵਿਚ ਸਿਰਗਟ, ਦੰਦਾਂ ਉਤੇ ਮੈਲ, ਮੁਸਕ੍ਰਾਹਟ ਵਿਚ ਕੈੜ। ਉਹ ਬੋਲਦੇ ਦਿਖਦੇ ਨਹੀਂ; ਗੱਲਬਾਤ ਵਿਚ ਕੀ ਪਿਆ? ਪੰਜਾਬੀ ਕਵੀ ਹਰਨਾਮ ਹਿੱਪੀਆਂ ਨੂੰ ਇਸ ਯੁੱਗ ਦੇ ਸਪੂਤ ਕਹਿੰਦਾ। ਸ਼ਾਮ ਮੈਂ ਕੌਫੀ ਹਾਊਸ ਜਾਨਾਂ ਤਾਂ ਦੇਖਦਾਂ ਚਾਰ ਪੰਜ ਟੇਬਲਾਂ ਦੁਆਲੇ ਹਿੱਪੀ ਯੁਵਕ ਯੁਵਤੀਆਂ ਬੈਠੇ ਹੋਏ ਨੇ। ਆਸ ਪਾਸ ਦੇਸੀ ਘੈਂਟਾਂ ਦੇ ਟੇਬਲ ਹਨ। ਪਤਾ ਨਹੀਂ ਚਲਦਾ ਕਿਸ ਟੇਬਲ ਦੁਆਲੇ ਕੁਰਸੀ ਕਰ ਕੇ ਬੈਠਾਂ। ਜਿੱਥੇ ਬੈਠਦਾਂ ਉੱਥੇ ਬੈਠ ਕੇ ਵੀ ਨਹੀਂ ਬੈਠਦਾ। ਪੰਜਾਬੀ ਲੇਖਕਾਂ ਦਾ ਟੇਬਲ ਹੈ ਜਿਸ ਵਿਚ ਸਿਵਾਏ ਦੇਵਿੰਦਰ ਸਤਿਆਰਥੀ ਦੇ ਕੋਈ ਲੇਖਕ ਨਹੀਂ। ਤਮਾਸ਼ਬੀਨ ਜੋ ਹਨ ਉਹ ਮੁਹਤਬਰ ਲੇਖਕਾਂ ਦੀਆਂ ਜਾਅਲਸਾਜ਼ੀਆਂ ਦੀ ਗੁਥਲੀ ਫੜੀ ਬੋਲਣ ਲਈ ਤਿਆਰ ਹਨ। ਬਕਬਕ ਕਰਦਿਆਂ ਥੱਕ ਜਾਂਦੇ ਨੇ ਤਾਂ ਸਤਿਆਰਥੀ ਵਲ ਦੇਖਦੇ ਨੇ, ਸ਼ਾਇਦ ਉਸ ਕੋਲੋਂ ਕੋਈ ਨਵੀਂ ਗੱਲ ਪ੍ਰਾਪਤ ਹੋ ਜਾਵੇ। ਸਤਿਆਰਥੀ ਉਨ੍ਹਾਂ ਦੇ ਚੁੱਪ ਹੋਣ ਦੀ ਉਡੀਕ ਕਰ ਰਿਹਾ ਹੁੰਦਾ ਤਾਂ ਜੋ ਆਪਣੀ ਨਵੀਂ ਲਿਖਤ ਨੀਲ ਗਾਏ ਦਾ ਪਾਠ ਸ਼ੁਰੂ ਕਰ ਸਕੇ। ਇਕ ਬੰਦਾ ਸਤਿਆਰਥੀ ਨੂੰ ਸੁਣਨ ਤੋਂ ਪਹਿਲਾਂ ਬੈਰ੍ਹੇ ਕੋਲੋਂ ਪਾਣੀ ਦਾ ਗਿਲਾਸ ਮੰਗਵਾ ਕੇ ਮੈਂਡਰਿਕਸ ਦੀ ਗੋਲੀ ਮੂੰਹ ਵਿਚ ਸੁੱਟਦਾ ਤੇ ਕਹਿੰਦਾ: ‘‘ਹੁਣ ਸੁਣਾਓ ਸਤਿਆਰਥੀ ਜੀ, ਆਪਣੀ ਨੀਲ ਗਾਏ।’’ ਸਤਿਆਰਥੀ ਲਿਖਤ ਦਾ ਪਾਠਕ ਕਰ ਰਿਹਾ ਹੁੰਦਾ ਤਾਂ ਮੈਂਡਰਿਕਸ ਵਾਲਾ ਹੱਸਦਿਆਂ ਊਲ ਜਲੂਲ ਬੋਲਣ ਲੱਗਦਾ। ਮੈਂ ਸੋਚਦਾਂ ਦਿੱਲੀ ਦੀ ਦੁਨੀਆਂ ਕਿੰਨੀ ਰੰਗ ਬਿਰੰਗੀ ਹੈ – ਜਿੱਦਾਂ ਹਿੱਪੀਆਂ ਨੇ ਰੰਗ ਬਿਰੰਗੇ ਕਪੜੇ ਪਾਏ ਹੋਏ ਹਨ। ਮੈਂ ਕੌਫੀ ਪੀ, ਜਾਂ ਪੀਤੇ ਬਗ਼ੈਰ, ਉਠ ਜਾਨਾਂ। ਮੇਰੇ ਬੈਠਣ ਜਾਂ ਉਠਣ ਨੂੰ ਕੋਈ ਨਹੀਂ ਗੌਲਦਾ। ਮੈਂ ਆਪਣੇ ਆਪ ਨੂੰ ਸੁਆਲ ਕਰਦਾਂ: ਇਸ ਕੌਫੀ ਹਾਊਸ ਵਿਚ ਮੈਂ ਕਿਸ ਢਾਣੀ ਦੇ ਨਾਲ ਹਾਂ? ਕਿਸੇ ਨਾਲ ਵੀ ਤਾਂ ਨਹੀਂ।
ਜਾਲੰਧਰ ਕੌਫੀ ਹਾਊਸ ਵਿਚ ਜਾ ਕੇ ਵੀ ਏਦਾਂ ਹੁੰਦਾ ਸੀ। ਉੱਥੇ ਕੁਝ ਖਰੂਦੀ ਬੰਦਿਆਂ ਨੇ ਪ੍ਰਯੋਗਸ਼ੀਲ ਕਵਿਤਾ ਦੇ ਨਾਂ ਉੱਤੇ ਭੜਥੂ ਪਾਇਆ ਹੋਇਆ ਸੀ। ਮੁਕਾਬਲਾ ਉਨ੍ਹਾਂ ਦਾ ਪ੍ਰਗਤੀਆਂ ਨਾਲ ਸੀ ਜੋ ਆਪਣੇ ਆਪ ਨੂੰ ਸੂਝਵਾਨ ਸਮਝਦੇ ਤੇ ਵਿਰੋਧੀ ਉਨ੍ਹਾਂ ਨੂੰ ਮਾਰਕਸ ਦੇ ਬਹੇ ਹਲਵੇ ਉੱਤੇ ਭਿਨਭਿਨਾਂਦੀਆਂ ਮੱਖੀਆਂ ਕਹਿੰਦੇ। ਪ੍ਰਤਿਦਵੰਦੀਆਂ ਦੇ ਟੇਬਲ ਤੋਂ ਆਉਂਦੀਆਂ ਆਵਾਜ਼ਾਂ ਨਾਲ ਸਾਰੇ ਪਾਸੇ ਫਰੀ ਫਾਰ ਆਲ ਦਾ ਮਾਹੌਲ ਪੈਦਾ ਹੋ ਜਾਂਦਾ। ਕੋਨੇ ਵਿਚ ਪ੍ਰੇਮ ਪ੍ਰਕਾਸ਼ ਤੇ ਦਲਜੀਤ ਸਿੰਘ ਵਰਗੇ ਕਹਾਣੀਕਾਰ ਹੋਰਾਂ ਵਲ ਦੇਖ ਕੇ ਲਤੀਫ਼ਾ ਕਸਦੇ, ਆਪ ਹੀ ਹੱਸੀ ਜਾਂਦੇ। ਦੂਰ ਕੋਨੇ ਵਿਚ ਫਰਾਂਸ ਦੇ ਮਹਾਂ-ਚਿੰਤਕਾਂ, ਸਾਰਤਰ ਅਤੇ ਕਾਮਿਊ, ਦੇ ਪੈਰੋਕਾਰ ਬੈਠੇ ਹੁੰਦੇ। ਉਨ੍ਹਾਂ ਕੋਲ ਬੋਲਣ ਲਈ ਹੁੰਦਾ ਕੁਝ ਨਹੀਂ ਸੀ ਪਰ ਸਿਗਰਟ-ਦਰ-ਸਿਗਰਟ ਫੂਕੀ ਜਾਂਦੇ। ਕੁਝ ਇਕ ਕੱਸ਼ ਖਿੱਚ ਕੇ ਧੂੰਏਂ ਦਾ ਗੋਲਾ ਬਣਾ ਕੇ ਦੂਜੇ ਦੇ ਮੂੰਹ ਵਲ ਵਗਾਹ ਮਾਰਦੇ। (ਇਹ ਕਵਾਇਦ ਉਨ੍ਹਾਂ ਤਦ ਤੋਂ ਸ਼ੁਰੂ ਕੀਤੀ ਸੀ ਜਦ ਫਿਲਮ ਐਕਟਰ ਪ੍ਰਾਣ ਨੇ ਕੱਸ਼ ਖਿੱਚ ਕੇ ਪੰਜ ਛੇਅ ਦਾਇਰੇ ਬਣਾਏ ਤੇ ਕੈਮਰਾ ਕਾਫੀ ਦੇਰ ਦਾਇਰਿਆਂ ਦਾ ਦ੍ਰਿਸ਼ ਬੰਨ੍ਹਦਾ ਰਿਹਾ।)
ਉਸ ਕੌਫੀ ਹਾਊਸ ਵਿਚ ਇਕ ਹੁੰਦਾ ਸੀ ਕਪਿਲ ਮਲ੍ਹੋਤਰਾ। ਲੰਮਾ-ਉੱਚਾ ਯੁਵਕ। ਉਹਨੇ ਹਿੰਦੀ ਵਿਚ ਇੱਕੋ ਕਹਾਣੀ ਲਿਖੀ : ਵੀਪਿੰਗ ਹੈਮਿੰਗਵੇ। ਇਹ ਨਈ ਕਹਾਣੀਆਂ ਵਿਚ ਛਪੀ ਸੀ। ਚੋਖੀ ਪਸੰਦ ਕੀਤੀ ਗਈ ਸੀ। ਕਪਿਲ ਨੂੰ ਲੱਗਾ ਉਹ ਵਿਸ਼ਵ ਪੱਧਰ ਦਾ ਲੇਖਕ ਬਣ ਗਿਆ ਹੈ। ਦਿਨ ਵੇਲੇ ਧੁੱਤ ਹੋਇਆ ਰਹਿੰਦਾ। ਇਕ ਸ਼ਾਮ ਉਹ ਕੌਫੀ ਹਾਊਸ ਦੀਆਂ ਪੌੜੀਆਂ ਉਤਰਦਾ ਲੜਖੜਾਂਦਾ ਸਿੱਧਾ ਹੇਠਾਂ ਜਾ ਡਿੱਗਾ। ਜਦ ਤੱਕ ਕੋਈ ਉਹਦੇ ਨੇੜੇ ਪਹੁੰਚਦਾ ਕਪਿਲ ਮਲ੍ਹੋਤਰਾ ਲਾਸ਼ ਵਿਚ ਬਦਲ ਚੁੱਕਾ ਸੀ। ਇਕ ਹੋਰ ਯੁਵਕ ਮਰਨ ਬਾਰੇ ਸੋਚਦਾ ਹੁੰਦਾ ਸੀ। ਉਹਨੂੰ ਕਿਸੇ ਨੇ ਦੱਸਿਆ ਕਿ ਆਲਬੇਰ ਕੈਮਿਊ ਨੇ ਆਪਣੀ ਕਿਤਾਬ ਮਿੱਥ ਔਫ ਸਿਸੀਫਸ ਵਿਚ ਮਨੁੱਖੀ ਹੋਣੇ ਦੀ ਐਬਸਰਡ ਸਥਿਤੀ ਦੀ ਗੱਲ ਕਰਦਿਆਂ ਕਿਹਾ ਹੈ ਕਿ ਮਨੁੱਖ ਨੂੰ ਖੁਦਕੁਸ਼ੀ ਕਰਨ ਬਾਰੇ ਸੋਚਣਾ ਚਾਹੀਦਾ ਹੈ। ਕਾਮਿਊ ਸਾਹਮਣੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਯੌਰਪ ਵਿਚ ਪੱਸਰੇ ਵਿਸ਼ਾਦ ਵਿਚ ਬੌਧਿਕਤਾ ਜਾਂ ਫਿਲਾਸਫੀ ਦੀ ਨਿਰਾਰਥਕਤਾ ਵਾਲਾ ਸੁਆਲ ਸੀ। ਪਰ ਉਸ ਯੁਵਕ ਉੱਤੇ ਆਤਮ ਹੱਤਿਆ ਵਾਲੀ ਗੱਲ ਦਾ ਗਹਿਰਾ ਅਸਰ ਹੋਇਆ ਤੇ ਉਹਨੇ ਨਹਿਰੂ ਗਾਰਡਨ ਦੇ ਇਕ ਦਰਖਤ ਨਾਲ ਰੱਸੀ ਬੰਨ੍ਹੀ ਤੇ ਫਾਹਾ ਲੈ ਲਿਆ।
*
ਅੰਤ ਵਿਚ:
ਮੁੰਬਈ ਵਿਚ ਮੈਂ ਉਨ੍ਹਾਂ ਸਾਹਿਤਕਾਰਾਂ ਨਾਲ ਮਾਨਸਿਕ ਤੌਰ ਉੱਤੇ ਜੁੜਿਆ ਮਹਿਸੂਸ ਕਰਦਾ ਜਿਨ੍ਹਾਂ ਲਈ ਬਿਨਾਂ ਕਿਸੇ ਉਚੇਰੇ ਲਕਸ਼ ਦੇ ਸਾਹਿਤਕਾਰੀ ਬੇਮਾਅਨਾ ਸੀ। ਉਨ੍ਹਾਂ ਕੋਲ ਕੋਈ ਵਿਯਨ ਸੀ। ਖਵਾਜਾ ਅਹਿਮਦ ਅੱਬਾਸ, ਬਲਰਾਜ ਸਾਹਨੀ, ਕੈਫ਼ੀ ਆਜ਼ਮੀ, ਸਰਦਾਰ ਜ਼ਾਫ਼ਰੀ, ਸਾਹਿਰ ਲੁਧਿਆਣਵੀ ਤੇ ਮੁਲਕ ਰਾਜ ਆਨੰਦ ਨੂੰ ਦੇਖਣ/ਸੁਣਨ ਜਾਂ ਮਿਲਣ ਦਾ ਮੌਕਾ ਕਦੇ ਕਦਾਈਂ ਹੀ ਮਿਲਦਾ, ਪਰ ਮੈਂ ਹਰ ਪਲ ਮੈਂ ਆਪਣੇ ਆਪ ਨੂੰ ਉਨ੍ਹਾਂ ਨਾਲ ਤੁਰਦਾ ਦੇਖਦਾ।
ਇਹਦੇ ਉਲਟ, ਦਿੱਲੀ ਵਿਚ ਪੰਜਾਬੀ ਟੀਸੀਧਾਰੀਆਂ ਦਾ ਜ਼ਿਕਰ ਜਦੋਂ ਵੀ ਹੁੰਦਾ, ਖਾਸ ਕਰਕੇ ਕੌਫੀ ਹਾਊਸ ਵਿਚ, ਤਾਂ ਸਾਰੇ ਸੁਆਦ ਲੈਣ ਲੱਗਦੇ ਹਨ, ਜਿਨ੍ਹਾਂ ਵਿਚ ਮੈਂ ਵੀ ਸ਼ਾਮਿਲ ਹੁਨਾਂ।
ਇਕ ਗੱਲ ਹੋਰ : ਦਿੱਲੀ ਵਿਚ ਕਲਾ/ਸਾਹਿਤ ਥੇਟਰ, ਸਿਨੇਮਾ ਆਦਿ ਦੀ ਵਿਭਿੰਨਤਾ ਪ੍ਰਾਪਤ ਹੈ। ਉਸ ਨਾਲ ਜੁੜੇ ਬਗ਼ੈਰ ਬੰਦਾ ਅਧੂਰਾ ਮਹਿਸੂਸ ਕਰਦਾ। ਪੰਜਾਬੀ ਵਾਲਿਆਂ ਨੇ ਇਸ ਅਧੂਰੇਪਣ ਦਾ ਜੁਆਬ ਆਪਣੇ ਲਘੂ/ਸੌੜੇ ਸੰਸਾਰ ਦੇ ਆਰ ਪਾਰ ਤੋਂ ਬੇਲਾਗ ਹੋਣ ਵਿਚ ਲੱਭਿਆ ਹੈ। ਸਾਹਿਤਕਾਰੀ ਦਾ ਸਵੈ-ਸੀਮਤ ਅਤੇ ਬੰਦ ਸੰਸਾਰ ਸਿਰਜ ਲਿਆ ਹੈ। ਤੰਗ ਬਸਤੀਆਂ ਵਾਲੀ ਅਜਿਹੀ ਮਾਨਸਿਕਤਾ (Ghetto mentality) ਦਾ ਨਤੀਜਾ ਇਹ ਕਿ ਮਹਿਮਾ ਉਸ ਸਾਹਿਤਕਾਰ ਦੀ ਹੁੰਦੀ ਹੈ ਜੀਹਦਾ ਜ਼ਿਕਰ ਵੱਧ ਹੈ ਜਾਂ ਜਿਸ ਦੀ ਸਰਕਾਰੀ ਅਦਾਰਿਆਂ ਵਿਚ ਚੜ੍ਹਤ ਹੈ। ਅਜਿਹੇ ਵਰਤਾਰੇ ਦਾ ਘਾਤਕ ਸਿੱਟਾ ਤਿੰਨ ਕੁ ਦਹਾਕਿਆਂ ਬਾਅਦ ਨਿਕਲਣਾ ਜਦੋਂ ਲਿਖਣ ਵਾਲਿਆਂ ਦੀ ਇਹ ਪੁਸ਼ਤ ਅਗਲੇ ਜਹਾਨ ਵਿਚ ਜਾ ਪਹੁੰਚਣੀ ਹੈ। ਤਦ ਦਿੱਲੀ ਮਹਾਂਨਗਰ ਵਿਚ ਪੰਜਾਬੀ ਸਾਹਿਤਕਾਰੀ ਦੀ ਸਫ਼ ਪੂਰੀ ਤਰ੍ਹਾਂ ਲਪੇਟੀ ਜਾਣੀ ਹੈ।
ਸੰਪਰਕ: 98725-06926