ਅਵਤਾਰ ਸਿੰਘ ਬਿਲਿੰਗ
ਦਾਦਕਿਆਂ ਤੋਂ ਬਾਅਦ ਇੱਕ ਹੀ ਪਿੰਡ ਅਜਿਹਾ ਹੁੰਦਾ ਜੋ ਬੱਚੇ ਦੇ ਸੁਫ਼ਨਿਆਂ ਵਿੱਚ ਵੱਸਦਾ। ਸਾਡੇ ਬਚਪਨ ਵਿੱਚ ਸੋਝੀ ਸੰਭਾਲਣ ਤੋਂ ਮਗਰੋਂ ਝੱਟ ਨਾਨਕਿਆਂ ਦੀ ਖਿੱਚ ਪੈਦਾ ਹੋ ਜਾਂਦੀ। ਉਦੋਂ ਦੇ ਮੁਕਾਬਲੇ ਮਾਪਿਆਂ ਦੀ ਅਜੋਕੀ ਪੀੜ੍ਹੀ ਆਪਣੇ ਬੱਚਿਆਂ ਦੇ ਭਵਿੱਖ ਦੀ ਹੁਣ ਬੇਹੱਦ ਪਰਵਾਹ ਕਰਦੀ ਹੈ ਜਿਸ ਦੇ ਨਤੀਜੇ ਵਜੋਂ ਉਪਜੀ ਪਰੇਸ਼ਾਨੀ ਅਤੇ ਬੇਵਿਸਾਹੀ ਨੇ ਨਾਨੇ ਨਾਨੀ, ਮਾਮੇ ਮਾਸੀਆਂ, ਮਾਮੀਆਂ ਦੇ ਰਿਸ਼ਤਿਆਂ ਨੂੰ ਬਹੁਤ ਪਿੱਛੇ ਧੱਕ ਦਿੱਤਾ ਹੈ। ਦੋ ਕੁ ਸਾਲਾਂ ਦੇ ਜਵਾਕ ਦੇ ਕੰਨਾਂ ਵਿੱਚ ‘ਪੜ੍ਹਾਈ ਪੜ੍ਹਾਈ’ ਕੁਰਲਾਉਂਦੀਆਂ ਅੱਜ ਦੀਆਂ ਮਾਵਾਂ ਉਸ ਨੂੰ ਕਿਸੇ ਸਕੀਰੀ ਵਿੱਚ ਰਾਤ ਨਹੀਂ ਕੱਟਣ ਦਿੰਦੀਆਂ। ਇੱਥੋਂ ਤੀਕ ਕਿ ਦਾਦੇ ਦਾਦੀ, ਆਂਢ-ਗੁਆਂਢ ਨਾਲ ਵੀ ਪੂਰੀ ਤਰ੍ਹਾਂ ਰਚਣ ਮਿਚਣ ਤੋਂ ਕੰਨੀ ਕਤਰਾਉਂਦੀਆਂ ਹਨ। ਸ਼ਾਇਦ ਤਾਂ ਹੀ ਸਾਡੀ ਜ਼ਿਆਦਾਤਰ ਨਵੀਂ ਪੌਧ ਰਿਸ਼ਤਿਆਂ ਦੇ ਪੱਖ ਤੋਂ ਕੋਰੀ ਤੇ ਨਿਰਮੋਹੀ ਹੈ।
ਸਾਡੇ ਪਿੰਡ ਤੋਂ ਮੈਥੋਂ ਸਾਲ ਕੁ ਛੋਟਾ ਮੇਰਾ ਮਸੇਰ ਤੇ ਮੈਂ ਸੋਝੀ ਸੰਭਾਲਣ ਤੋਂ ਮਗਰੋਂ ਨਾਨਕੇ ਜਾਣ ਲੱਗੇ। ਪਹਿਲਾਂ ਮਾਪੇ ਛੱਡ ਆਉਂਦੇ ਜਾਂ ਕੋਈ ਮਾਮਾ ਆ ਕੇ ਲੈ ਜਾਂਦਾ। ਪੰਜਵੀਂ ਜਮਾਤ ਤੋਂ ਗਰਮੀ ਦੀਆਂ ਛੁੱਟੀਆਂ ਹੁੰਦੇ ਸਾਰ, ਇੱਕ ਸਵੇਰ ਬੂਟੀਆਂ ਵਾਲੇ ਝੋਲ਼ਿਆਂ ਵਿੱਚ ਕੱਪੜੇ ਪਾ ਕੇ ਸੂਏ ਦੀ ਪਟੜੀ ਤੁਰਦੇ, ਚਾਰ ਪੰਜ ਘੰਟਿਆਂ ਵਿੱਚ ਵੀਹ ਕਿਲੋਮੀਟਰ ਦਾ ਸਫ਼ਰ ਨਬਿੇੜਦੇ, ਰਾਹ ਵਿੱਚ ਲੱਗੇ ਨਲਕਿਆਂ ਦਾ ਪਾਣੀ ਪੀਂਦੇ ਕੂਲੇ ਦੁਪਹਿਰੇ ਨਾਨੀ ਨੂੰ ਜਾ ਮੱਥਾ ਟੇਕਦੇ। ਰਾਹ ਵਿੱਚ ਅਸੀਂ ਖੇਡਾਂ ਖੇਡਦੇ, ਰਾਹੀਆਂ ਨਾਲ ਚਹੇਡਾਂ ਕਰਦੇ, ਤੁਰੇ ਜਾਂਦੇ।
ਜ਼ਮਾਨਾ ਚੰਗਾ ਸੀ। ਅੱਜ ਦੇ ਨੌਂ ਦਸ ਵਰ੍ਹਿਆਂ ਦੇ ਜਵਾਕ ਕੀ ਵੀਹ ਕਿਲੋਮੀਟਰ ਪੈਦਲ ਤੁਰ ਕੇ ਜਾਣ ਦਾ ਹੌਸਲਾ ਦਿਖਾ ਸਕਦੇ ਹਨ? ਅਜੋਕੇ ਮਾਪੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਭੇਜਣ ਨੂੰ ਵੱਡੀ ਲਾਪਰਵਾਹੀ ਨਹੀਂ ਸਮਝਣਗੇ? ਅਸੀਂ ਪੰਜਵੀਂ ਤੋਂ ਅੱਠਵੀਂ ਤੱਕ ਚਾਰ ਸਾਲ ਗਰਮੀ ਦੀਆਂ ਛੁੱਟੀਆਂ ਨਾਨਕੀਂ ਕੱਟਦੇ ਰਹੇ ਹਾਂ। ਵਾਪਸ ਵੀ ਉਵੇਂ ਤੁਰ ਕੇ ਆਉਣਾ। ਸਾਲ ਦੇ ਵਿਚਕਾਰ ਦਾਅ ਲੱਗਦਾ ਤਾਂ ਵੀ ਉੱਥੇ ਗਏ ਕੁਝ ਦਿਨ ਹੋਰ ਠਹਿਰ ਜਾਂਦੇ। ਅਸਲ ਵਿੱਚ ਉਦੋਂ ਰਾਹ ਵਿੱਚ ਕੋਈ ਖ਼ਤਰਾ ਨਾ ਹੁੰਦਾ। ਦਿਨ ਵੇਲੇ ਕੋਈ ਰਸਤਾ ਸੁੰਨਾ ਨਹੀਂ ਸੀ। ਬੜੀ ਜਲਦੀ ਕੋਈ ਸਾਈਕਲ ਸਵਾਰ ਕੋਲੋਂ ਲੰਘਦਾ। ਖੂਹਾਂ ਖੇਤਾਂ ਵਿੱਚ ਲੋਕਾਂ ਦੀ ਰੌਣਕ ਹੁੰਦੀ। ਪੈਦਲ ਤੁਰਨ ਵਾਲਾ ਰਾਹੀ ਮੁਸਾਫ਼ਿਰ ਵੀ ਟੱਕਰ ਜਾਂਦਾ। ਬੱਚੇ ਚੁੱਕਣ ਵਾਲੇ ਕਿਸੇ ਗਰੋਹ ਬਾਰੇ ਸੁਫ਼ਨੇ ਵਿੱਚ ਵੀ ਨਹੀਂ ਸੀ ਸੁਣਿਆ। ਹੁਣ ਤਾਂ ਪਿੰਡ ਦੀਆਂ ਗਲ਼ੀਆਂ ਵਿੱਚ ਇਕੱਲਾ ਫਿਰਦਾ ਜਵਾਕ ਵੀ ਸੁਰੱਖਿਅਤ ਨਹੀਂ।
ਸਾਡੇ ਨਾਨਕੇ ਸਾਨੂੰ ਐਸ਼ ਕਦੇ ਨਾ ਕਰਨ ਦਿੰਦੇ ਸਗੋਂ ਸਦਾ ਕੰਮ ਲਾ ਕੇ ਰੱਖਦੇ। ਸੁਬ੍ਹਾ ਸਵੇਰੇ ਨਾਨਾ ਆਪਣੇ ਡੰਗਰਾਂ ਦਾ ਗੋਹਾ ਕੂੜਾ ਆਪ ਕਰਦਾ, ਬਾੜੇ ਵਿੱਚ ਸਾਨੂੰ ਵੀ ਊਠ ਦੇ ਲੇਡੇ ਹੂੰਝਣ ਲਾ ਲੈਂਦਾ। ਗੁਆਂਢੀ ਲੰਗੜਾ ਬੁੜ੍ਹਾ ਜੋ ਡਾਂਗ ਦੇ ਸਹਾਰੇ ਤੁਰਦਾ, ਤੇ ਅਸੀਂ ਜਿਸ ਨੂੰ ਨਾਨਾ ਜੀ ਆਖਦੇ, ਉਹ ਨੇੜੇ ਆਇਆ, ਊਠ ਦੇ ਲੇਡਿਆਂ ਵੱਲ ਦੇਖਦਾ ਹੱਸਦਾ, ਟਿੱਚਰਾਂ ਕਰਦਾ, ”ਵਾਹ ਬਈ ਵਾਹ! ਓਏ ਢਾਹੇ ਆਲ਼ਿਓ, ਗੁਲਾਬ ਜਾਮਣਾਂ ਕਿਉਂ ਹੂੰਝ ਹੂੰਝ ਸਿੱਟੀ ਜਾਨੇ ਓਂ? ਭਲਿਓ ਮਾਣਸੋ, ਏਹ ਤਾਂ ਖਾਣ ਵਾਲੀ ਸ਼ੈਅ ਹੁੰਦੀ ਐ।” ਦਿਨ ਚੜ੍ਹੇ, ਬੜੇ ਚਾਵਾਂ ਮੱਤੇ ਅਸੀਂ ਨਾਨੇ ਨਾਲ ਨਹਿਰ ਉੱਤੇ ਡੰਗਰ ਚਰਾਉਣ ਚੱਲ ਪੈਂਦੇ। ਸਾਨੂੰ ਨਹਿਰ ਤੋਂ ਉਰਾਂਹ ਦਿਸਦੇ ਬਿਜਲੀ ਦੇ ਆਸਮਾਨ ਛੂੰਹਦੇ ਖੰਭੇ ਆਪਣੇ ਵੱਲ ਖਿੱਚਦੇ। ਉਸ ਪਿੰਡ ਵਿੱਚ ਅਜੇ ਬਿਜਲੀ ਨਹੀਂ ਸੀ ਆਈ। ਨਹਿਰ ਦੇ ਨਾਲੋ ਨਾਲ ਬਹੁਤ ਉੱਚੀ ਭਾਖੜਾ ਲਾਈਨ ਲੰਘਦੀ। ਪੰਜਾਂ ਪੀਰਾਂ ‘ਤੇ ਕੋਈ ਚੂਰਮਾ ਵੰਡਣ ਵਾਲਾ ਵੀ ਆ ਜਾਂਦਾ। ਨਹਿਰ ਤੋਂ ਅੱਧਾ ਕਿਲੋਮੀਟਰ ਉਰਾਂਹ ਪੈਂਦੇ ਪੰਜ ਪੀਰਾਂ ਦਾ ਮਕਬਰਾ ਅਲੱਗ ਖਿੱਚ ਦਾ ਕਾਰਨ ਬਣਦਾ। ਹਾੜ੍ਹ ਸਾਉਣ ਦਾ ਮਹੀਨਾ ਅੰਬ ਰਸਣ ਦਾ ਹੁੰਦਾ। ਕੱਚੀਆਂ ਪੱਕੀਆਂ ਅੰਬੀਆਂ ਸ਼ਾਇਦ ਹੱਥ ਲੱਗ ਜਾਣ। ਇਹ ਸੋਚਦੇ ਮੋੜੇ ਲਾਈ ਜਾਂਦੇ।
ਹਾੜ੍ਹ ਦਾ ਪਹਿਲਾ ਮੀਂਹ ਪਏ ਤੋਂ ਮਾਮੇ ਮੂੰਗਫਲੀ ਬੀਜਦੇ। ਬੜੀ ਜਲਦੀ ਉਸ ਵਿੱਚ ਸਲਾਰਾ ਹੋ ਜਾਂਦਾ। ਦੰਦਲ਼ ਦਾਤੀਆਂ ਲੈ ਕੇ ਉੱਚੇ ਨੀਵੇਂ ਖੇਤਾਂ ਵਿੱਚ ਨੱਠੇ ਫਿਰਦੇ, ਫਿੱਕੇ ਗੁਲਾਬੀ ਸਿੱਟਿਆਂ ਵਾਲਾ ਸਲਾਰਾ ਵੱਢਦੇ। ਕਦੇ ਕਦਾਈਂ ਵਿਹਲ ਮਿਲਦਾ ਤਾਂ ਦਰਵਾਜ਼ੇ ਵਿੱਚ ਖੇਡਦੇ। ਟੋਭੇ ਨੇੜਲੀ ਪਿਲਕਣ ਸਾਡਾ ਟਿਕਾਣਾ ਹੁੰਦੀ। ਸਾਡੇ ਦਾਦਕਾ ਨਗਰ ਦੇ ਮੁਕਾਬਲੇ ਇਹ ਪਿੰਡ ਬਹੁਤ ਛੋਟਾ ਸੀ। ਦਰਵਾਜ਼ੇ ਵਿੱਚੋਂ ਲੰਘਦੀ ਇੱਕੋ ਬੀਹੀ ਵਿੱਚੋਂ ਸੱਜੇ ਖੱਬੇ ਬ੍ਰਿਛ ਦੀਆਂ ਲੰਡੀਆਂ ਟਾਹਣੀਆਂ ਵਾਂਗ ਗਲ਼ੀਆਂ ਪਾਟਦੀਆਂ ਅੱਗੇ ਜਾ ਕੇ ਬੰਦ ਹੋ ਜਾਂਦੀਆਂ। ਜਾਗੀਰਦਾਰ ਸਿੱਖਾਂ ਦਾ ਮੁਹੱਲਾ ਜਿਸ ਨੂੰ ਕਿਲ੍ਹਾ ਕਹਿੰਦੇ, ਵੱਖਰਾ ਸੀ। ਖੇਡਾਂ ਖੇਡਦੇ ਗਲ਼ੀਆਂ ਵਿੱਚ ਦੜਿੱਕਦੇ, ਅਸੀਂ ਲੁਹਾਰਾਂ ਦੇ ਘਰ ਵਿੱਚੋਂ ਆਰ-ਪਾਰ ਲੰਘਦੇ, ਪ੍ਰਾਇਮਰੀ ਸਕੂਲ ਤੇ ਗੁਰਦੁਆਰੇ ਵੱਲ ਜਾ ਨਿਕਲਦੇ। ਉਸ ਫਿਰਨੀ ਤੋਂ ਪਾਰਲੇ ਘਰਾਂ ਨੂੰ ਹੀ ‘ਕਿਲ੍ਹਾ’ ਆਖਦੇ। ਪਰ ਕਿਸੇ ਗੜ੍ਹੀ ਜਾਂ ਕਿਲ੍ਹੇ ਦਾ ਉੱਥੇ ਨਾਂ ਨਿਸ਼ਾਨ ਨਹੀਂ ਸੀ। ਨਾਨਾ ਦੱਸਦਾ ਹੁੰਦਾ, ”ਮੈਂ ਨਿਆਣੇ ਹੁੰਦੇ ਨੇ ਕਾਠ ਦੀ ਕੁੜਿੱਕੀ ਕਿਲ੍ਹੇ ਮੂਹਰੇ ਰੁਲ਼ਦੀ ਦੇਖੀ ਐ, ਜੀਹਦੇ ‘ਚ ਸਾਡੇ ਕਿਸੇ ਵਡਾਰੂ ਦੀ ਲੱਤ ਫਸਾ ਦਿੰਦੇ, ਜੇ ਉਹ ਮੁਜਾਰਾ ਛੱਲੀਆਂ ਤੋੜਦਾ ਜਾਂ ਗੰਨੇ ਪੱਟਦਾ ਫੜਿਆ ਜਾਂਦਾ। ਉੱਥੇ ਕਿਲ੍ਹੇ ‘ਚ ਲਿਟਦਾ ਬੇਅਰਥ ਵਿਲਕਦਾ।” ਗੁਰਦੁਆਰੇ ਦੇ ਛੋਟੇ ਜਿਹੇ ਕਮਰੇ ਵਿੱਚ ‘ਮਹੰਤ’ ਰਹਿੰਦਾ ਜਿਹੜਾ ਕਿਸੇ ਨਾਲ ਨਾ ਬੋਲਦਾ। ਨੀਮ ਪਾਗਲ ਹੋਇਆ, ਪਿੰਡ ਵਿੱਚੋਂ ਰੋਟੀ ਜ਼ਰੂਰ ਮੰਗ ਲਿਆਉਂਦਾ। ਚੜ੍ਹਦੀ ਜਵਾਨੀ ਵਿੱਚ ਉਸ ਮਹੰਤ ਨੇ ਬੜੀਆਂ ਬਦਫੈਲੀਆਂ ਕੀਤੀਆਂ। ਫੇਰ ਪਿੰਡ ਦੇ ਗੁਰੂ ਘਰ ‘ਚ ਬਾਬਾ ਕੇਹਰ ਸਿੰਘ ਆ ਗਿਆ ਜੋ ਪੂਰਨ ਗੁਰਸਿੱਖ, ਨਿੱਤਨੇਮੀ ਜਿਊੜਾ ਸੀ ਜਿਸ ਨੇ ਕਈ ਨਸ਼ੇ ਕਰਦੇ, ਦਾੜ੍ਹੀ ਕਤਰਦੇ, ਸਾਡੇ ਉਸ ਮਾਮੇ ਵਰਗੇ ਕਈਆਂ ਨੂੰ ਸਿੰਘ ਸਜਣ ਦੀ ਪ੍ਰੇਰਨਾ ਦਿੱਤੀ।
ਪਿੰਡ ਦੇ ਸਾਰੇ ਜੱਟਾਂ, ਗੈਰਕਾਸ਼ਤਕਾਰਾਂ, ਮਹਾਜਨਾਂ, ਲੁਹਾਰਾਂ ਤਰਖਾਣਾਂ, ਰਾਜਿਆਂ ਸਮੇਤ ਅਸੀਂ ਲਗਪਗ ਸਭ ਨੂੰ ਚੰਗੀ ਤਰ੍ਹਾਂ ਜਾਣਦੇ। ਇੱਥੇ ਸਾਡੇ ਪਿੰਡ ਵਾਂਗ ਪਰਜਾਪਤੀਆਂ ਦੀ ਆਬਾਦੀ ਸਾਰੇ ਗੈਰਕਾਸ਼ਤਕਾਰਾਂ ਵਿੱਚੋਂ ਵੱਧ ਸੀ। ਕਿਲ੍ਹੇ ਵਾਲੇ ਕੁਝ ਮਸ਼ਹੂਰ ਸਿੱਖਾਂ ਦੀ ਜਾਣਕਾਰੀ ਵੀ ਸਾਨੂੰ ਸੀ। ਕੇਹਰ ਸਿਹੁੰ ‘ਸਿੱਖ’ ਟੁੱਟੀਆਂ ਲੱਤਾਂ ਬਾਂਹਾਂ ਮੁਫ਼ਤ ਬੰਨ੍ਹਦਾ, ਬੇਹੱਦ ਮਿੱਠਾ ਬੋਲਦਾ। ਕਿਲ੍ਹੇ ਵਾਲੇ ਪਾਸੇ ਅੰਬਾਂ ਦੇ ਬਾਗ਼ ਹੁੰਦੇ। ਉਧਰ ਪੱਛਮ ਵੱਲ ਪਿੰਡ ਰਾਏਪੁਰ ਵਿੱਚ ਸਾਧ ਦੀ ਕੁਟੀਆ ਵਿਖੇ ਸਾਲਾਨਾ ਮੇਲਾ ਭਰਦਾ। ਵੈਸੇ ਵੀ ਜੇ ਕਦੇ ਉੱਥੇ ਜਾਂਦੇ, ਬੁੱਢਾ ਬਾਵਾ ਸਾਨੂੰ ਮਿੱਠਾ ਚੂਰਨ ਚੱਟਣ ਲਈ ਦਿੰਦਾ। ਮੁਫ਼ਤ ਦਵਾਈ ਬੂਟੀ ਵੀ ਕਰਦਾ। ਨੇੜੇ ਖਮਾਣੋ ਵਿਖੇ ਪੂਰਨਗਿਰ ਦਾ ਮੇਲਾ ਭਰਦਾ। ਉੱਥੇ ਧਰਤੀ ਸੁੰਭਰਦੇ ਚਾਦਰਿਆਂ ਵਾਲੇ ਢਾਡੀ ਗੇੜਾ ਕੱਢ ਕੇ ਗਾਉਂਦੇ। ਚੜ੍ਹਦੇ ਸਿਆਲ ਚਮਕੌਰ ਸਾਹਿਬ ਵਿਖੇ ਦਸਹਿਰਾ ਲੱਗਦਾ। ਗੂੜ੍ਹੇ ਸਿਆਲ ਵਿੱਚ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਮਨਾਉਂਦੀ ਸਿੰਘ ਸਭਾ ਭਰਦੀ।
ਦੋ ਹੱਟੀਆਂ ਸਨ। ਦਰਵਾਜ਼ਾ ਲੰਘਦੇ ਸਾਰ ਸਭ ਤੋਂ ਪੁਰਾਣੀ ਹੱਟੀ ਵਾਲਾ ਗੋਰਾ ਚਿੱਟਾ, ਖੁੱਲ੍ਹੀ ਦਾੜ੍ਹੀ ਵਾਲਾ ਲਾਲਾ ਰਾਮ ਦਿਆਲ ਐਤਵਾਰ ਵਾਲੇ ਦਿਨ ਫੋੜੇ ਫਿਨਸੀਆਂ ਹਟਾਉਣ ਲਈ ‘ਅੱਕ ਦਾ ਪੱਤਾ’ ਪੜ੍ਹਦਾ। ਬਰਸਾਤ ਦੇ ਮੌਸਮ ਵਿੱਚ ਜਵਾਕ ਹੱਥਾਂ ਵਿੱਚ ਤਾਜ਼ੇ ਤੋੜੇ ਦੇਸੀ ਅੱਕ ਦੇ ਪੱਤੇ ਲੈ ਕੇ ਕਤਾਰ ਵਿੱਚ ਖੜ੍ਹੇ ਹੁੰਦੇ। ਵਾਰੀ ਆਈ ਤੋਂ ਲਾਲਾ ਉਸ ਬੱਚੇ ਦਾ ਅਤੇ ਮਾਪਿਆਂ ਦੇ ਨਾਮ ਸਿਆਹੀ ਨਾਲ ਪੱਤੇ ਉਪਰ ਲਿਖਦਾ, ਪੁੱਠਾ ਕਰ ਕੇ ਫੜਾਉਂਦਾ, ”ਜਾਹ, ਘਰ ਲੈ ਜਾ ਕੇ ਹਨੇਰੇ ਖੱਲ-ਖੂੰਜੇ ‘ਚ ਰੱਖ ਦੇਵੀਂ। ਰਾਹ ਜਾਂਦੇ ਨਾ ਕਿਸੇ ਨਾਲ ਬੋਲਣਾ ਨਾ ਹੀ ਏਹਨੂੰ ਦੇਖਣਾ।” ਜਿਵੇਂ ਪੱਤਾ ਮੁਰਝਾਉਂਦਾ, ਸੁੱਕਦਾ, ਫੋੜੇ ਸਾਫ਼ ਹੋ ਜਾਂਦੇ। ਇਹ ਲੋਕਾਂ ਦੀ ਮਨੌਤ ਸੀ। ਅਸੀਂ ਉਸ ਦੀ ਹੱਟੀ ਤੋਂ ਕੋਈ ਸੌਦਾ ਲੈਣ ਜਾਂਦੇ, ਉਹ ਪੁਰਾਣੀ ਜਰ ਖਾਧੀ ਪੀਪੀ ਵਿੱਚੋਂ ਰਲ਼ੇ ਮਿਲੇ ਭੋਰੇ ਚੂਰੇ ਦਾ ਰੂੰਘਾ ਦਿੰਦਾ। ਦੂਜੀ ਦੁਕਾਨ ਪਾਕਿਸਤਾਨ ਤੋਂ ਆਏ ਲਾਲਿਆਂ ਦੀ ਸੀ।
ਛੋਟੇ ਜਵਾਕ ਖਾਣ ਪੀਣ ਨਾਲੋਂ ਮੋਹ ਤਿਉਹ ਦੇ ਵੱਧ ਭੁੱਖੇ ਹੁੰਦੇ। ਨਾਨਕਿਆਂ ਦੇ ਆਸ ਪੜੋਸ ਵਿੱਚ ਕਈ ਮਾਮੀਆਂ ਮਾਸੀਆਂ ਮੋਹ ਦੀਆਂ ਮੂਰਤਾਂ, ਘਰ ਗਿਆਂ ਨੂੰ ਬੁੱਕਲ ਵਿੱਚ ਲੈਂਦੀਆਂ, ਲਾਡ ਲਡਾਉਂਦੀਆਂ, ਅੱਜ ਵੀ ਨਹੀਂ ਭੁੱਲਦੀਆਂ। ਲਾਲਾ ਰਾਮ ਦਿਆਲ ਦੇ ਸਾਹਮਣੇ ਰਾਹ ਤੋਂ ਪਾਰ ਨਾਨਕਿਆਂ ਦੇ ਨਜ਼ਦੀਕੀ ਮਾਮਾ ਚਰਨ ਸਿਹੁੰ ਦਾ ਘਰ ਸੀ। ਉਸ ਦੇ ਲੜਕੇ ਭਿੰਦਰ ਨਾਲ ਘਰ ਜਾਂਦਾ, ਮਾਮੀ ਮੱਖਣ ਨਾਲ ਰੋਟੀ ਖੁਆਉਂਦੀ, ਬਹੁਤ ਮਿੱਠਾ ਬੋਲਦੀ।
ਮਾਮਿਆਂ ਦੇ ਅੰਦਰਲੇ ਮਕਾਨ ਦੇ ਸਾਹਮਣੇ ਲੰਬੜਦਾਰਾਂ ਦਾ ਇਮਲੀ ਵਾਲਾ ਘਰ ਸੀ। ਉਸ ਘਰ ਵਿਚਲੀ ਨਾਨੀ, ਮਾਸੀ ਤੇ ਮਾਮੀ ਬਹੁਤ ਮਿੱਠ ਪਿਆਰ ਨਾਲ ਮਿਲਦੀਆਂ। ਉਸ ਗਲੀ ਦੇ ਅੰਤ ਵਿੱਚ ਨਾਨਾ ਸੰਤੂ ਦਾ ਘਰ ਸੀ। ਮੇਰੀ ਬੀਬੀ ਤੋਂ ਕੁਝ ਸਾਲ ਛੋਟੀ ਵਿਆਹੀ ਵਰੀ ਲੜਕੀ ਜਿਸ ਨੂੰ ਮੈਂ ਮਾਸੀ ਕਹਿੰਦਾ, ਜਦੋਂ ਪੇਕੀਂ ਆਈ ਹੁੰਦੀ, ਬੁੱਕਲ ਵਿੱਚ ਘੁੱਟ ਕੇ ਪਲੋਸਦੀ ਪੁੱਛਦੀ, ”ਕਯਾ ਹਾਲ ਹੈ ਤੇਰਾ, ਦੇਬੋ ਦਿਆ ਬਾਲਕਿਆ?” ਦਰਵਾਜ਼ਾ ਲੰਘ ਕੇ ਚੜ੍ਹਦੀ ਤਰਫ਼ ਲਾਲਾ ਤੇਲੂ ਰਾਮ ਦਾ ਮਕਾਨ ਸੀ। ਉਸ ਦੇ ਪੁੱਤਰ ਚਰਨ ਦਾਸ ਨਾਲ ਕਦੇ ਉਧਰ ਜਾ ਨਿਕਲਦਾ। ਚਰਨ ਦੀ ਮਾਂ ਮੇਰੀ ਨਾਨੀ ਨਾਲ ਪੇਕਿਆਂ ਦੀ ਸਾਂਝ ਜਤਾਉਂਦੀ। ਉਹ ਕੋਠੀ ਵਿੱਚੋਂ ਕੋਈ ਖਾਣ ਵਾਲੀ ਚੀਜ਼ ਪਿੰਨੀ, ਲੱਡੂ ਆਦਿ ਖਾਧੇ ਬਿਨਾਂ ਨਾ ਮੁੜਨ ਦਿੰਦੀ। ਉਸ ਘਰ ਵੱਲੋਂ ਆਉਂਦਿਆਂ ਨੂੰ ਮੁਸਲਮਾਨ ਗੁੱਜਰਾਂ ਦਾ ਘਰ ਸੀ। ਨੇੜੇ ਮਾਮਿਆਂ ਦਾ ਡੰਗਰਾਂ ਵਾਲਾ ਕੋਠੜਾ ਜਿੱਥੇ ਤੂੜੀ ਦੇ ਨਾਲ ਖ਼ਾਲੀ ਪਈ ਥਾਂ ਵਿੱਚ ਊਠ ਬੰਨ੍ਹਿਆ ਹੁੰਦਾ। ਉਧਰ ਜਾਂਦੇ। ਗੁੱਜਰਾਂ ਦੀ ਹਸਮੁੱਖ ਨੂੰਹ ਜੋ ਪਿੰਡ ਦੀ ਸਾਂਝ ਵਜੋਂ ਸਾਡੀ ਮਾਮੀ ਲੱਗਦੀ, ਬੜੇ ਲਾਡ ਨਾਲ ਬੁਲਾਉਂਦੀ। ਪਰਜਾਪਤ ਬਰਾਦਰੀ ਵਿੱਚੋਂ ਕੰਨਾਂ ਵਿੱਚ ਝੂਲਦੀਆਂ ਸੋਨੇ ਦੀਆਂ ਵਾਲ਼ੀਆਂ ਵਾਲੀ ਭਰਿੰਡ ਰੰਗੀ ਇੱਕ ਹੋਰ ਮਾਮੀ ‘ਦੋਹਤਮਾਨ’ ਕਹਿੰਦੀ, ਅੰਤਾਂ ਦਾ ਮੋਹ ਤਿਉਹ ਜਤਾਉਂਦੀ।
ਸਾਡੇ ਦਾਦਕੇ ਪਿੰਡ ਨਾਲੋਂ ਨਾਨਕਿਆਂ ਦੀ ਮਰਿਆਦਾ ਕਈ ਪੱਖਾਂ ਤੋਂ ਵੱਖਰੀ ਸੀ। ਇੱਥੇ ਗੁਰਦੁਆਰਾ ਛੋਟਾ ਸੀ ਜਿੱਥੇ ਨਾਨਾ ਘਰੋਂ ਕੜਾਹ ਬਣਾ ਕੇ ਲੈ ਜਾਂਦਾ ਅਤੇ ਅਰਦਾਸ ਹੋਈ ਤੋਂ ਡੋਲੂ ਵਿੱਚ ਕਾਫ਼ੀ ਖੁੱਲ੍ਹੀ ਡੁੱਲ੍ਹੀ ਦੇਗ ਪੁਆ ਲਿਆਉਂਦਾ। ਸਾਡੇ ਦਾਦਕੇ ਨਗਰ ਇਹ ਰੀਤ ਨਹੀਂ ਸੀ। ਸਿਆਲ ਵਿੱਚ ਨਾਨਕਿਆਂ ਦੇ ਕਈ ਬੰਦੇ ਜਾਗੀਰਦਾਰਾਂ ਦੀ ਰੀਸ ਨਹਿਰ ਟੱਪ ਕੇ ਮੰਡ ਵੱਲ ਸ਼ਿਕਾਰ ਖੇਡਣ ਜਾਂਦੇ। ਇੱਕ ਸ਼ਿਕਾਰੀਆਂ ਦਾ ਘਰ ਵੀ ਸੀ। ਪਸ਼ੂਆਂ ਦੇ ਵੱਗ ਤਾਂ ਸਾਰਾ ਸਾਲ ਨਹਿਰ ਵੱਲ ਚੁਗਣੇ ਨਿਕਲਦੇ ਹੀ ਸਨ। ਮਾਮਿਆਂ ਦੇ ਘਰ ਤੋਂ ਅੱਗੇ ਖੱਬੀ ਤਰਫ਼ ਗਲ਼ੀ ਮੁੜ ਕੇ ਜੀਆ ਰਾਮ ਮਹਿਰੇ ਦਾ ਮਕਾਨ ਸੀ ਜਿਸ ਦੇ ਮੂਹਰੇ ਉਸ ਦੀ ਪਤਨੀ ਤੀਜੇ ਪਹਿਰ ਭੱਠੀ ਤਪਾਉਂਦੀ, ਦਾਣੇ ਭੁੰਨਦੀ। ਸਾਡੇ ਦਾਦਕੇ ਪਿੰਡ ਅੰਦਰ ਭੱਠੀ ਕਰਨੀ ਵਡਾਰੂਆਂ ਨੇ ਬੰਦ ਕੀਤੀ ਹੋਈ ਸੀ।
ਸਾਡੇ ਨਾਨਕਿਆਂ ਦੇ ਪਿੰਡ ਜੁਲਾਹਾ ਅਤੇ ਦਰਜ਼ੀ ਕੋਈ ਨਹੀਂ ਸੀ। ਲਾਗਲੇ ਪਿੰਡ ਤੋਂ ਪਗੜੀਧਾਰੀ ਛੀਂਬਾ ਰਾਮ ਰੱਖਾ ਪੈਦਲ ਤੁਰ ਕੇ ਆਉਂਦਾ। ਇੱਕ ਹੋਰ ਬਾਲਕ ਨਾਥ ਨਾਮ ਦਾ ਦਰਜ਼ੀ ਵੀ ਗੇੜਾ ਮਾਰਦਾ। ਦੀਵਾਲੀ ਮੌਕੇ ਇੱਥੇ ਘੁਮਾਰਾਂ ਵੱਲੋਂ ਆਵੇ ਵਿੱਚ ਪਕਾਏ ਜਾਲੀਦਾਰ ਫਰੇਮ ਜਿਹੇ ਨੂੰ ਗੜਭੜਾ ਆਖਦੇ ਜਿਸ ਵਿੱਚ ਰੱਖੇ ਜਗਦੇ ਦੀਵੇ ਦੂਰੋਂ ਟਿਮਟਿਮਾਉਂਦੇ। ਦੀਵਾਲੀ ਮਗਰੋਂ ਆਉਂਦਾ ਇੱਕ ਤਿਉਹਾਰ ‘ਪੰਜ ਭੀਖਵਾਂ’ ਵੀ ਇੱਥੇ ਮਨਾਇਆ ਜਾਂਦਾ। ਸਾਡੇ ਪਿੰਡ ਦੇ ਮੁਕਾਬਲੇ ਨਾਨਕਾ ਪਿੰਡ ਤਿੰਨ ਤਰਫ਼ ਤੋਂ ਅੰਬ ਦੇ ਬਾਗਾਂ ਨਾਲ ਘਿਰਿਆ ਜਾਪਦਾ। ਨੇੜਲੇ ਪਿੰਡ ਵਿਖੇ ‘ਮੋਟਿਆਂ ਦਾ ਬਾਗ’ ਅਤੇ ਬਹਿਲੋਲਪੁਰ ਦੇ ਆਲੇ ਦੁਆਲੇ ਅਨੇਕਾਂ ਅੰਬਾਂ ਦੇ ਬਾਗ ਸਨ ਜਿੱਥੋਂ ਬਰਸਾਤ ਵਿੱਚ ਨਾਨਾ ਪੱਕੇ ਅੰਬ ਲੈ ਕੇ ਆਉਂਦਾ। ਕਦੇ ਗੁਰਦੁਆਰਾ ਝਾੜ ਸਾਹਿਬ ਗਏ, ਨੇੜਲੇ ਬਾਗਾਂ ਵਿੱਚ ਜਾ ਕੇ ਵੀ ਅੰਬ ਚੂਪਦੇ।
ਛੁੱਟੀਆਂ ਖ਼ਤਮ ਹੋਣ ਵਾਲੀਆਂ ਹੁੰਦੀਆਂ ਤਾਂ ਤੀਆਂ ਦੇ ਸੰਧਾਰੇ ਲਈ ਬਿਸਕੁਟ ਕਰਵਾਉਣ ਲਈ ਨਹਿਰ ਦੀ ਪਟੜੀ ਪੈਦਲ ਤੁਰਦਾ ਨਾਨਾ ਚਮਕੌਰ ਸਾਹਿਬ ਜਾਂਦਾ ਹੋਇਆ ਸਾਨੂੰ ਵੀ ਨਾਲ ਲੈ ਜਾਂਦਾ। ਉੱਥੇ ਅਸੀਂ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰ ਕੇ ਮੁੜਦੇ ਤਾਂ ਨਾਨੇ ਨੇ ਬਿਸਕੁਟ ਕਰਵਾ ਲਏ ਹੁੰਦੇ। ਆਥਣ ਵਕਤ ਮੁੜਦਿਆਂ ਨੂੰ ਨਹਿਰ ਦੇ ਝਾੜਾਂ ਝੁੰਡਾਂ, ਖਜੂਰਾਂ ਨਾਲ ਢਕੇ ਉੱਚੇ ਡੌਲ਼ਿਆਂ ਉਤੇ ਗਿੱਦੜ ਹੁਆਂਕਦੇ। ਸਾਡੇ ਪਿੰਡ ਤੋਂ ਸਿਰਫ਼ ਵੀਹ ਕਿਲੋਮੀਟਰ ਦੀ ਵਿੱਥ ਉਪਰ ਵੱਸਦੇ ਨਾਨਕਿਆਂ ਦੀ ਬੋਲੀ ਦਾ ਵੀ ਫ਼ਰਕ ਸੀ। ਸਾਡੀ ‘ਕੀ’ ਨੂੰ ਉੱਥੇ ‘ਕਿਆ’, ‘ਮੋਥੇ ਘਾਹ’ ਨੂੰ ‘ਡੀਲਾ’, ਪੰਜਾਲੀ ਦੀ ‘ਸੌਲ਼’ ਨੂੰ ‘ਅਰਲੀ’, ਕਣਕ ਵਿਚ ਉਗਦੀ ਕੰਡੇਦਾਰ ਕੰਡਿਆਈ ਨੂੰ ‘ਕੁਸੰਭੀ’, ‘ਹੁੰਦੈ’ ਨੂੰ ‘ਹੁੰਨੈਂ’, ‘ਦੀਵੇ’ ਨੂੰ ‘ਡਿਊਟਾ’, ‘ਰੂੜੀ’ ਨੂੰ ‘ਢੇਰ’ ਆਖਦੇ। ਹਰੇਕ ਦਾ ਅੱਧਾ ਨਾਉਂ ਲੈਣ ਦੀ ਮਨਾਹੀ ਸੀ। ਨਾਨਾ ਜੀ, ਮਾਮਾ ਜੀ, ਮਾਮੀ ਜੀ ਕਹਿਣਾ ਜ਼ਰੂਰੀ ਸੀ। ਪਿੰਡ ਦੇ ਦੋਹਤਿਆਂ ਲਈ ਮਿੱਠ ਪਿਆਰ ਮੋਹ ਮੁਹੱਬਤ ਮਰਦ ਵੀ ਦਿਖਾਉਂਦੇ। ਸਾਡਾ ਨਾਨਾ ਗੁਜ਼ਰ ਗਿਆ, ਮੈਂ ਕਾਹਨੀ ਲੱਗਿਆ ਤੁਰਿਆ ਜਾ ਰਿਹਾ ਸਾਂ। ਤਪਦੇ ਜੇਠ ਦੇ ਮਹੀਨੇ ਸ਼ਾਇਦ ਮੈਂ ਕਾਹਲੀ ਵਿੱਚ ਜੁੱਤੀ ਪਾਉਣੀ ਭੁੱਲ ਗਿਆ ਸੀ। ”ਭਾਣਜਿਆ, ਤੇਰੇ ਸੋਹਲ ਪੈਰਾਂ ‘ਚ ਛਾਲੇ ਪੈ ਜਾਣੇ।” ਰਾਹ ਵਿੱਚ ਖੜ੍ਹੇ ਗੁਆਂਢੀ ਮਾਮੇ ਰਚਨ ਸਿਹੁੰ ਨੇ ਝੱਟ ਪੱਟ ਆਪਣੀਆਂ ਚੱਪਲਾਂ ਲਾਹ ਕੇ ਜ਼ਬਰਦਸਤੀ ਮੈਨੂੰ ਤੁਰੇ ਜਾਂਦੇ ਨੂੰ ਪਹਿਨਾ ਦਿੱਤੀਆਂ। ਕੀ ਹੁਣ ਦੋਹਤਮਾਨਾਂ, ਪਿੰਡ ਦੀਆਂ ਧੀਆਂ ਜਵਾਈਆਂ ਲਈ ਅਜਿਹਾ ਮਿੱਠ ਪਿਆਰ ਅੱਜ ਵੀ ਸਲਾਮਤ ਹੈ? ਜੇ ਨਹੀਂ, ਤਾਂ ਕਿਉਂ?
ਸੰਪਰਕ: +918284909596 (ਵੱਟਸਐਪ)