ਹੋਰ ਬਈ ਲੋਕਨਾਥ! : The Tribune India

ਹੋਰ ਬਈ ਲੋਕਨਾਥ!

ਹੋਰ ਬਈ ਲੋਕਨਾਥ!

ਲੋਕਨਾਥ ਸ਼ਰਮਾ

ਸੰਸਾਰ ਦੀ ਹਰ ਹੋਣੀ ਤੇ ਜਨਮ-ਮਰਨ ਮਾਲਕ ਦੇ ਹੁਕਮ ਅੰਦਰ ਤਾਂ ਜ਼ਰੂਰ ਹੈ, ਜਬ-ਜਬ, ਜੋ-ਜੋ ਹੋਨਾ ਹੈ, ਤਬ-ਤਬ, ਸੋ-ਸੋ ਹੋਤਾ ਹੈ। ਪਰ ਆਪਣਿਆਂ ਤੋਂ ਵਿਛੜਣ ਦਾ ਦਰਦ ਤਾਂ ਉਹੀ ਜਾਣਦੈ ਜਿਸ ਦੇ ਕਲੇਜੇ ਵਿੱਚ ਤੀਰ ਵੱਜਾ ਹੁੰਦੈ। ਯਕੀਨਨ, ਜਿੰਨਾ ਸਾਕ, ਓਨਾ ਸੇਕ। ਪਰ ਭਰਾਵਾਂ ਸਾਹਮਣੇ, ਭਰਾਵਾਂ ਦੇ ਤੁਰ ਜਾਣ ਦੀ ਪੀੜਾ ਅਸਹਿ ਤੇ ਅਕਹਿ ਹੁੰਦੀ ਹੈ। ਕੁਝ ਮਹੀਨੇ ਪਹਿਲਾਂ ਮੇਰੇ ਪਿਤਾ ਸਮਾਨ, ਮੇਰੇ ਵੱਡੇ ਵੀਰ ਮਾਸਟਰ ਵੇਦ ਪ੍ਰਕਾਸ਼ ਜੀ ਅਤੇ ਕੁਝ ਦਿਨ ਪਹਿਲਾਂ ਮੇਰੇ ਵੱਡੇ ਵੀਰ ਹਕੀਮ ਦੀਨ ਦਿਆਲ ਜੀ ਦੇ ਤੁਰ ਜਾਣ ਨਾਲ ਮੇਰੀਆਂ ਦੋਵੇਂ ਬਾਹਾਂ ਟੁੱਟ ਗਈਆਂ ਹਨ ਤੇ ਹੁਣ ਮੈਂ ਟੁੰਡ-ਮੁੰਡ ਹੋ ਗਿਆ ਹਾਂ। ਵਾਰਿਸ ਸ਼ਾਹ ਦਾ ਆਖਣਾ ਹੈ:

ਲੱਖ ਓਟ ਹੈ ਕੋਲ ਵਸੇਂਦਿਆਂ ਦੀ, ਭਾਈਆਂ ਗਿਆ ਜੇਡੀ ਕੋਈ ਹਾਰ ਨਾਹੀਂ,

ਭਾਈ ਢਾਂਵਦੇ ਭਾਈ ਉਸਾਰਦੇ ਨੇ, ਭਾਈਆਂ ਬਾਝ ਬਾਹਾਂ ਬੇਲੀ ਯਾਰ ਨਾਹੀਂ।’

ਮੇਰੇ ਦੀਨ ਦਿਆਲ ਵੀਰ ਜੀ ਦਾ ਅਚਾਨਕ ਅਕਾਲ ਚਲਾਣਾ ਸਮੁੱਚੇ ਪਰਿਵਾਰ ਅਤੇ ਉਨ੍ਹਾਂ ਨਾਲ ਜੁੜੇ ਅਣਗਿਣਤ ਸੱਜਣਾਂ ਤੇ ਮਿੱਤਰ ਪਿਆਰਿਆਂ ਲਈ ਨਾ ਝੱਲਿਆ ਜਾਣ ਵਾਲਾ ਝਟਕਾ ਹੈ। ਉਹ ਬੜੇ ਦਿਆਲੂ, ਕਿਰਪਾਲੂ ਤੇ ਪਰਉਪਕਾਰੀ ਇਨਸਾਨ ਸਨ। ਉਨ੍ਹਾਂ ਨੇ ਦਾਦਾ ਜੀ ਕੋਲੋਂ ਹਿਕਮਤ ਦਾ ਉਹ ਹੁਨਰ ਗ੍ਰਹਿਣ ਕੀਤਾ ਜਿਸ ਨਾਲ ਘੱਟ ਪੈਸੇ ਲੈ ਕੇ ਹੀ ਬਿਮਾਰੀ ਭਜਾ ਦਿੰਦੇ ਸਨ। ਪਿੰਡ ਗੋਸਲਾਂ ਤੋਂ ਖੰਨਾ ਸ਼ਹਿਰ ਦੇ ਗੁਰੂ ਤੇਗ ਬਹਾਦਰ ਨਗਰ ਵਿੱਚ ਲੈ ਆਉਣ ਵਿੱਚ ਇਨ੍ਹਾਂ ਦੀ ਭੂਮਿਕਾ ਕਾਬਿਲੇ-ਏ-ਜ਼ਿਕਰ ਹੈ। ਭਾਵੇਂ ਆਪ ਅਧਿਆਪਕ ਨਹੀਂ ਬਣੇ, ਪਰ ਪਰਿਵਾਰ ਦੇ ਦੋ ਦਰਜਨ ਤੋਂ ਵੱਧ ਮੈਂਬਰਾਂ ਨੂੰ ਅਧਿਆਪਕ ਬਣਾਉਣ ਵਿੱਚ ਇਨ੍ਹਾਂ ਦਾ ਯੋਗਦਾਨ ਸਭ ਨੇੜਲੇ ਅੰਗ-ਸਾਕ ਜਾਣਦੇ ਹਨ। ਇਨ੍ਹਾਂ ਦੇ ਮਾਰਗਦਰਸ਼ਨ ਸਦਕਾ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਪੰਜ ਵਾਰ (ਦੋ ਨੈਸ਼ਨਲ ਤੇ ਤਿੰਨ ਸਟੇਟ ਐਵਾਰਡ ਦੇ ਕੇ) ਸਨਮਾਨਿਤ ਕੀਤਾ ਗਿਆ। ਪਰਿਵਾਰ ਦੇ ਤਿੰਨ ਮੈਂਬਰ ਪੀਐੱਚ.ਡੀ. ਅਤੇ ਦੋ ਗੋਲਡ ਮੈਡਲਿਸਟ ਹਨ। ਇਨ੍ਹਾਂ ਦੀ ਹੱਲਾਸ਼ੇਰੀ ਸਦਕਾ ਐਮ.ਏ. ਪਾਸ ਮੈਂਬਰਾਂ ਦੀ ਗਿਣਤੀ ਪੰਜਾਹ ਨੂੰ ਪਾਰ ਕਰ ਗਈ ਹੈ।

ਯੋਗਦਾਨ ਦੀ ਅਭੁੱਲ ਯਾਦ, ਜਿਹੜੀ ਆਖ਼ਰੀ ਦਮ ਤੱਕ ਯਾਦ ਰਹੇਗੀ, ਉਹ ਹੈ ਮੇਰੀ ਪਹਿਲੀ ਐਮ.ਏ. (ਅੰਗਰੇਜ਼ੀ) ਦੇ ਪਹਿਲੇ ਪੇਪਰ ਤੋਂ ਪਹਿਲਾਂ ਦੀ ਰਾਤ ਤੇ ਪੇਪਰ ਵਿੱਚ ਬੈਠਣ ਤੱਕ ਦਾ ਕਿੱਸਾ ਅਤੇ ਉਨ੍ਹਾਂ ਦੇ ਸਹਿਯੋਗ ਦੀ ਕਹਾਣੀ। ਲੁਧਿਆਣਾ ਵਿਖੇ ਪਹੁੰਚਣ ਦੀ ਦੇਰੀ ਦੇ ਤੌਖ਼ਲੇ ਨੂੰ ਖ਼ਤਮ ਕਰਨ ਹਿੱਤ ਅਸੀਂ ਲੁਧਿਆਣੇ ਵਾਲੇ ਰਿਸ਼ਤੇਦਾਰ ਤੋਂ ਕੋਠੀ ਦੀ ਚਾਬੀ ਲੈ ਲਈ। ਕੋਠੀ ਦਾ ਮੇਨ ਗੇਟ ਤਾਂ ਔਖਾ-ਸੌਖਾ ਖੁੱਲ੍ਹ ਗਿਆ ਪਰ ਅੰਦਰ ਵਾਲਾ ਜਿੰਦਰਾ ਜੰਗਾਲ ਲੱਗਣ ਕਰਕੇ ਖੁੱਲ੍ਹ ਹੀ ਨਾ ਸਕਿਆ। ਮੈਂ ਬੈਗ ਵਿੱਚੋਂ ਮੋਮਬੱਤੀਆਂ ਕੱਢ ਕੇ ਵਰਾਂਡੇ ਵਿੱਚ ਡੇਰੇ ਲਗਾ ਕੇ ਸਾਰੀ ਰਾਤ ਡੱਟਿਆ ਰਿਹਾ। ਮੇਰਾ ਵੀਰ ਵੀ ਗੱਤੇ ਦਾ ਪੱਖਾ ਬਣਾ ਕੇ ਸਾਰੀ ਰਾਤ ਮੱਛਰਾਂ ਨੂੰ ਭਜਾਉਂਦਾ ਰਿਹਾ। ਦੂਜੇ ਨੰਬਰ ’ਤੇ ਮੈਂ ਜਿਹੜਾ ਲਿਖਣ-ਪੜ੍ਹਣ ਵਿੱਚ ਮਸਤ ਰਿਹਾ। ਤੀਜੇ ਨੰਬਰ ’ਤੇ ਸੀ ਮੱਛਰਾਂ ਦੀ ਫ਼ੌਜ ਜਿਹੜੀ ਆਦਮ ਕੱਦ ਸਰਕੜੇ ’ਚੋਂ ਨਿਕਲ ਕੇ ਲਗਾਤਾਰ ਹਮਲਾਵਰ ਰਹੀ। ਪੇਪਰ ਵਿੱਚ ਬੈਠਣ ਤੋਂ ਚੰਦ ਮਿੰੰਟ ਪਹਿਲਾਂ ਮੇਰਾ ਸਿਰ ਚੱਕਰ ਖਾਵੇ ਤੇ ਜੀਅ ਕੱਚਾ ਹੋਵੇ। ਮੇਰੇ ਭਰਾ ਨੇ ਬੜੀ ਫੁਰਤੀ ਨਾਲ ਪ੍ਰੀਖਿਆ ਭਵਨ ਦੇ ਗੇਟ ’ਤੇ ਮੇਰੇ ਮੂੰਹ ਵਿੱਚ ਨਿੰਬੂ ਨਿਚੋੜ ਕੇ, ਥਾਪੀ ਦੇ ਕੇ, ਹਾਲ ਵਿੱਚ ਇਉਂ ਭੇਜਿਆ, ਜਿੱਦਾਂ ਕੋਈ ਬਜ਼ੁਰਗ ਉਸਤਾਦ ਆਪਣੇ ਚਹੇਤੇ ਪਹਿਲਵਾਨ ਨੂੰ ਅਖਾੜੇ ਵਿੱਚ ਉਤਾਰਦਾ ਹੈ। ਉਸ ਸ਼ੰਘਰਸ਼ਮਈ ਸ਼ੁਰੂਆਤ ਉਪਰੰਤ ਮੈਂ ਦਸ ਵਿਸ਼ਿਆਂ ਦੀ ਐਮ.ਏ. ਪਾਸ ਕਰ ਕੇ ਗੋਲਡ ਮੈਡਲ ਪ੍ਰਾਪਤ ਕੀਤਾ। ਐਮ.ਏ. ਦੇ ਪੇਪਰਾਂ ਵਿੱਚ 82 ਵਾਰ ਬੈਠਣ ਅਤੇ 50 ਹੋਰ ਪੇਪਰ ਪਾਸ ਕਰਨ ਪਿੱਛੇ ਵੀਰ ਦਾ ਨਿੰਬੂ ਨਿਚੋੜਣ ਵਾਲਾ ਉੱਦਮ ਹੀ ਹੈ।

ਆਮ ਤੌਰ ’ਤੇ ਬੱਚਿਆਂ ਦੇ ਲੇਖੇ ਸਾਰੀ ਉਮਰ ਲਾਉਣ ਵਾਲੇ ਜ਼ਿਆਦਾਤਰ ਮਾਪਿਆਂ ਨੂੰ ਬੁਢਾਪੇ ਵਿੱਚ ਘਰ ਦੇ ਕਿਸੇ ਖੱਲ-ਖੂੰਜੇ ਜਾਂ ਬਿਰਧ ਆਸ਼ਰਮਾਂ ਵਿੱਚ ਰੁਲਣ ਲਈ ਛੱਡ ਦਿੱਤਾ ਜਾਂਦਾ ਹੈ। ਪੰਜਾਬ ਦੇ ਇੱਕ ਪਿੰਡ ਦੇ ਸਭ ਤੋਂ ਵੱਡੇ ਘਰ ਦੀ ਸਭ ਤੋਂ ਵੱਡੀ ਬੇਬੇ ਪੰਜਾਬ ਕੌਰ ਨੂੰ ਆਖ਼ਰੀ ਸਮੇਂ ਤੂੜੀ ਵਾਲੇ ਕੋਠੇ ਦੇ ਇੱਕ ਖੂੰਜੇ ਵਿੱਚ ਇਕੱਲੀ ਮੱਖੀਆਂ ਦੇ ਹਵਾਲੇ ਕੀਤੀ, ਬੇਹੋਸ਼ੀ ਦੀ ਹਾਲਤ ਵਿੱਚ ਦੇਖ ਕੇ ਮੇਰੇ ਲੂ-ਕੰਡੇ ਖੜ੍ਹੇ ਹੋ ਗਏ। ਇਹ ਦਿਲ ਕੰਬਾਊ ਦ੍ਰਿਸ਼ ਅੱਜ ਵੀ ਮੇਰੀਆਂ ਅੱਖਾਂ ਤੋਂ ਓਹਲੇ ਨਹੀਂ ਹੁੰਦਾ।

ਅਜੋਕੀ ਪੀੜ੍ਹੀ ਦੀ ਆਪਣੇ ਬਜ਼ੁਰਗ ਮਾਪਿਆਂ ਪ੍ਰਤੀ ਬੇਰੁਖ਼ੀ, ਦੁਰਵਿਵਹਾਰ, ਉਦਾਸੀਨਤਾ ਅਤੇ ਅਣਗਹਿਲੀ ਅਫ਼ਸੋਸਨਾਕ ਹੀ ਨਹੀਂ, ਸ਼ਰਮਨਾਕ ਵੀ ਹੈ। ਜੋਸ਼ ਵਿੱਚ ਹੋਸ਼ ਗੁਆ ਬੈਠਣ ਵਾਲੇ ਭੁੱਲ ਜਾਂਦੇ ਨੇ ਕਿ ਮਾਪੇ ਸਿਰ ਦਾ ਤਾਜ ਹੁੰਦੇ ਨੇ, ਮਾਣ-ਤਾਣ, ਆਨ-ਸ਼ਾਨ, ਜਿੰਦ-ਜਾਨ, ਰੌਣਕ ਮੇਲਾ, ਹੀਰੇ-ਮੋਤੀ ਤੇ ਧਰਤੀ-ਆਸਮਾਨ ਸਭ ਕੁਝ ਹੁੰਦੇ ਨੇ। ਯਾਦ ਰਹੇ! ਬੇਵੱਸ ਤੇ ਲਾਚਾਰ ਬਜ਼ੁਰਗਾਂ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਹੁੰਦੀ ਸਗੋਂ ਉਨ੍ਹਾਂ ਨੂੰ ਤਾਂ ਸੰਗਤ ਦੀ, ਸਮੇਂ ਦੀ ਅਤੇ ਹੱਥੀਂ ਸੇਵਾ ਦੀ ਤਵੱਕੋ ਹੁੰਦੀ ਹੈ। ਕਾਸ਼! ਸਾਨੂੰ ਜਿਊਂਦੇ ਜੀਅ ਬਜ਼ੁਰਗਾਂ ਦੀ ਅਹਿਮੀਅਤ ਦਾ ਅਹਿਸਾਸ ਹੋ ਜਾਵੇ। ਗੱਡੀ ਦੇ ਚਲੇ ਪਿੱਛੋਂ ਪਲੇਟਫ਼ਾਰਮ ’ਤੇ ਜਾਣ ਦਾ ਕੀ ਲਾਭ? ਕਦਰ ਕਰਨੀ ਹੈ ਤਾਂ ਜਿਊਂਦੇ ਜੀਅ ਕਰੋ, ਮਰਨ ਉਪਰੰਤ ਤਾਂ ਪਰਾਏ ਵੀ ਬਨਾਵਟੀ ਹੰਝੂ ਕੇਰਦੇ ਅਤੇ ਕਫ਼ਨ ਚੁੱਕ-ਚੁੱਕ ਮੂੰਹ ਦੇਖਦੇ ਹਨ। ਦੂਜੇ ਬੰਨੇ, ਟਾਵੇਂ-ਟਾਵੇਂ ਮੇਰੇ ਪੁਰਾਣੇ ਵਿਦਿਆਰਥੀ, ਰਿਟਾਇਰਡ ਪ੍ਰਿੰਸੀਪਲ ਤੇਜਵੰਤ ਸਿੰਘ ਵਰਗੇ ਸਰਵਣ ਪੁੱਤਰਾਂ ਦੀ ਵੀ ਘਾਟ ਨਹੀਂ, ਜਿਨ੍ਹਾਂ ਦੇ ਮਾਂ-ਪਿਓ ਪ੍ਰਤੀ ਸੇਵਾ ਭਾਵ ਅਤੇ ਸਮਰਪਣ ਨੂੰ ਦੇਖ ਕੇ ਉਨ੍ਹਾਂ ਅੱਗੇ ਸਿਰ ਝੁਕਦਾ ਹੈ।

ਭਾਬੀ ਜੀ ਦੇ ਵਿਛੜਣ ਕਰਕੇ ਭਾਈ ਸਾਹਿਬ ਜੀਵਨ ਵਿੱਚ ਇਕੱਲਾਪਣ ਤੇ ਓਦਰਾਪਣ ਮਹਿਸੂਸ ਕਰਦੇ ਰਹਿੰਦੇ ਸਨ। ਘਰ ਬਿਲਕੁਲ ਨੇੜੇ ਹੋਣ ਕਰਕੇ ਉਹ ਦਿਨ ਵਿੱਚ ਦੋ ਵਾਰ ਮੈਨੂੰ ਮਿਲਣ ਜ਼ਰੂਰ ਆਉਂਦੇ। ਪੁਰਾਣੀਆਂ ਨਵੀਆਂ ਬਾਤਾਂ ਦੀ ਸਾਂਝ ਪਾਉਂਦੇ। ਦੁੱਖ-ਸੁੱਖ ਦੀ ਸਾਂਝ ਨਾਲ ਮਨ ਹੌਲਾ ਕਰ ਲੈਂਦੇ। ਅਕਸਰ ਆਖਦੇ ‘‘ਤੇਰੇ ਪਾਸ ਆ ਕੇ ਮੇਰਾ ਵਕਤ ਗੁਜ਼ਰ ਜਾਤਾ ਹੈ...’’। ਉਹ ਮੇਰਾ ਤੇ ਮੈਂ ਉਨ੍ਹਾਂ ਦਾ ਵਸਾਹ ਨਹੀਂ ਸੀ ਖਾਂਦਾ। ਕਾਲੇ ਮੋਤੀਏ ਕਰਕੇ ਉਨ੍ਹਾਂ ਦੀ ਨਜ਼ਰ ਕੁਝ ਮੱਧਮ ਪੈ ਗਈ ਸੀ, ਪਰ ਉਨ੍ਹਾਂ ਦੀ ਆਵਾਜ਼ ਵਿੱਚ ਕਮਾਂਡਰ ਜਿੰਨਾ ਦਮ ਸੀ। ਦਰਵਾਜ਼ੇ ’ਤੇ ਬੜੀ ਗੜਕਵੀਂ ਆਵਾਜ਼ ਆਉਂਦੀ ‘‘ਹੋਰ ਬਈ ਲੋਕਨਾਥ!’’ ਮੈਂ ਇਕਦਮ ‘‘ਹਾਂ ਜੀ’’, ‘‘ਆਇਆ ਜੀ’’, ‘‘ਭਾਈ ਸਾਹਿਬ ਲੰਘ ਆਓ’’ ਕਹਿੰਦਾ-ਕਹਿੰਦਾ ਉਨ੍ਹਾਂ ਕੋਲ ਪਹੁੰਚ ਜਾਂਦਾ ਸੀ। ਵੀਰ ਦੀ ਆਦਰ-ਸਨਮਾਨ ਨਾਲ ਦੁੱਧ-ਚਾਹ ਦੀ ਸੇਵਾ ਕਰਕੇ ਮੈਨੂੰ ਬੇਹੱਦ ਸਕੂਨ ਮਿਲਦਾ ਸੀ, ਅੰਤਰ-ਆਤਮਾ ਪ੍ਰਸੰਨ ਹੋ ਜਾਂਦੀ ਸੀ। ਅੱਜ ਮੇਰਾ ਚਿੱਤ ਬੇਹੱਦ ਉਦਾਸ-ਹਤਾਸ਼ ਹੈ ਕਿਉਂਕਿ ਸਿਰ ਪਲੋਸਣ ਵਾਲੇ, ਆਸ਼ੀਰਵਾਦ ਦੇਣ ਵਾਲੇ, ਮੇਰੇ ਦੋਵੇਂ ਵੱਡੇ ਭਰਾ, ਮੈਨੂੰ ਛੱਡ ਕੇ ਤੁਰ ਗਏ ਹਨ। ਥੋੜ੍ਹਾ ਜਿਹਾ ਖੜ੍ਹਕਾ ਸੁਣ ਕੇ ਮੈਂ ਦਰਵਾਜ਼ੇ ਵੱਲ ਝਾਕਦਾ ਹਾਂ ਅਤੇ ਮੇਰੇ ਕੰਨ ਖੜ੍ਹੇ ਹੋ ਜਾਂਦੇ ਹਨ ਪਰ ਜਗਜੀਤ ਸਿੰਘ ਦੀ ਗ਼ਜ਼ਲ ਦੇ ਬੋਲ ਯਾਦ ਆਉਂਦੇ ਹਨ: ‘‘ਕੌਨ ਆਇਆ ਹੋਗਾ, ਕੋਈ ਨਹੀਂ ਆਇਆ ਹੋਗਾ, ਮੇਰਾ ਦਰਵਾਜ਼ਾ ਯੂੰ ਹੀ ਹਵਾਓਂ ਨੇ ਖਟਖਟਾਇਆ ਹੋਗਾ।’’

ਅਫ਼ਸੋਸ! ਹੁਣ ਮੈਨੂੰ ਪ੍ਰਿੰਸੀਪਲ ਸਾਹਿਬ, ਪ੍ਰੋਫੈਸਰ ਸਾਹਿਬ, ਮੈਂਬਰ ਸਾਹਿਬ ਆਦਿ ਅਨੇਕਾਂ ਅਲੰਕਾਰ ਲਗਾ ਕੇ ਸੰਬੋਧਨ ਕਰਨ ਵਾਲੇ ਸੱਜਣ ਤਾਂ ਅਨੇਕਾਂ ਮਿਲ ਜਾਣਗੇ, ਪਰ ‘‘ਹੋਰ ਬਈ ਲੋਕਨਾਥ’’ ਵਾਲੀ ਪਿਆਰ ਭਰੀ ਉੱਚੀ ਆਵਾਜ਼ ਸੁਣਨ ਨੂੰ ਮੇਰੇ ਕੰਨ ਤੇ ਉਨ੍ਹਾਂ ਦੇ ਦਰਸ਼ਨ ਕਰਨ ਨੂੰ ਮੇਰੀਆਂ ਅੱਖਾਂ ਉਮਰ ਭਰ ਤਰਸਦੀਆਂ ਹੀ ਰਹਿਣਗੀਆਂ।
ਸੰਪਰਕ: 94171-76877

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਵਾਸੀਆਂ ਦੀ ਸਾਨੂੰ ਪੂਰੀ ਹਮਾਇਤ: ਭਗਵੰਤ ਮਾਨ

ਪੰਜਾਬ ਵਾਸੀਆਂ ਦੀ ਸਾਨੂੰ ਪੂਰੀ ਹਮਾਇਤ: ਭਗਵੰਤ ਮਾਨ

28 ਹਜ਼ਾਰ ਹੋਰ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਐਲਾਨ

ਅੰਕਿਤਾ ਕਤਲ ਕੇਸ: ਭਾਜਪਾ ਆਗੂ ਦੇ ਪੁੱਤ ਸਣੇ ਤਿੰਨ ਗ੍ਰਿਫ਼ਤਾਰ

ਅੰਕਿਤਾ ਕਤਲ ਕੇਸ: ਭਾਜਪਾ ਆਗੂ ਦੇ ਪੁੱਤ ਸਣੇ ਤਿੰਨ ਗ੍ਰਿਫ਼ਤਾਰ

ਛੇ ਦਿਨ ਮਗਰੋਂ ਨਹਿਰ ’ਚੋਂ ਮਿਲੀ ਲਾਸ਼; ਲੜਕੀ ਨੂੰ ਰਿਜ਼ੌਰਟ ਦੇ ਗਾਹਕਾਂ ...

ਹਿਮਾਚਲ ਦੇ ਵੋਟਰ ਮੁੜ ਭਾਜਪਾ ਦੇ ਹੱਕ ’ਚ: ਮੋਦੀ

ਹਿਮਾਚਲ ਦੇ ਵੋਟਰ ਮੁੜ ਭਾਜਪਾ ਦੇ ਹੱਕ ’ਚ: ਮੋਦੀ

ਮੀਂਹ ਕਾਰਨ ਮੰਡੀ ਰੈਲੀ ’ਚ ਨਹੀਂ ਪਹੁੰਚ ਸਕੇ ਪ੍ਰਧਾਨ ਮੰਤਰੀ; ਵੀਡੀਓ-ਕਾ...

ਅੱਸੂ ਦੀ ਝੜੀ: ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ

ਅੱਸੂ ਦੀ ਝੜੀ: ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ

ਪੰਜਾਬ ’ਚ ਕਈ ਥਾਵਾਂ ’ਤੇ ਫਸਲਾਂ ਵਿਛੀਆਂ; ਝਾੜ ਪ੍ਰਭਾਵਿਤ ਹੋਣ ਦਾ ਖਦਸ਼ਾ

ਸ਼ਹਿਰ

View All