ਗ਼ਲਤੀਆਂ ਅਤੇ ਪਛਤਾਵੇ

ਗ਼ਲਤੀਆਂ ਅਤੇ ਪਛਤਾਵੇ

ਨਰਿੰਦਰ ਸਿੰਘ ਕਪੂਰ

ਅਹਿਮ ਨੁਕਤਾ

ਮਨੁੱਖ ਕੋਲੋਂ ਗ਼ਲਤੀਆਂ ਹੋ ਜਾਂਦੀਆਂ ਹਨ, ਪਰ ਕੋਈ ਜਾਣ-ਬੁੱਝ ਕੇ ਗ਼ਲਤੀ ਨਹੀਂ ਕਰਦਾ। ਇਹ ਲੇਖ ਗ਼ਲਤੀਆਂ ਨੂੰ ਦੁਹਰਾਉਣ ਤੋਂ ਹੋੜ੍ਹਦਿਆਂ ਇਨ੍ਹਾਂ ਤੋਂ ਸਬਕ ਸਿੱਖ ਕੇ ਆਪਣੀਆਂ ਮੰਜ਼ਿਲਾਂ ਸਰ ਕਰਨ ਲਈ ਪ੍ਰੇਰਿਤ ਕਰਦਾ ਹੈ।  

ਗ਼ਲਤੀਆਂ ਨੂੰ ਪਸੰਦ ਕੋਈ ਨਹੀਂ ਕਰਦਾ, ਪਰ ਇਹ ਕਰਦਾ ਹਰ ਕੋਈ ਹੈ। ਅਕਸਰ ਇਹ ਕੀਤੀਆਂ ਨਹੀਂ ਜਾਂਦੀਆਂ, ਹੋ ਜਾਂਦੀਆਂ ਹਨ। ਕੋਈ ਗ਼ਲਤੀ ਕਰਨ ਵੇਲੇ ਪਤਾ ਨਹੀਂ ਲੱਗਦਾ ਕਿ ਗ਼ਲਤੀ ਹੋ ਰਹੀ ਹੈ। ਇਸ ਦਾ ਪਤਾ ਗ਼ਲਤੀ ਕਰਨ ਮਗਰੋਂ ਲੱਗਦਾ ਹੈ ਅਤੇ ਲਗਪਗ ਅੱਸੀ ਫ਼ੀਸਦੀ ਗ਼ਲਤੀਆਂ ਬਾਰੇ ਸਾਨੂੰ ਹੋਰਾਂ ਤੋਂ ਪਤਾ ਲੱਗਦਾ ਹੈ, ਕੇਵਲ ਕੁਝ ਗ਼ਲਤੀਆਂ ਬਾਰੇ ਹੀ ਗ਼ਲਤੀ ਕਰਨ ਵਾਲਾ ਸੁਚੇਤ ਹੁੰਦਾ ਹੈ। ਅਕਸਰ ਕਿਹਾ ਜਾਂਦਾ ਹੈ ਕਿ ਅਸੀਂ ਗ਼ਲਤੀਆਂ ਤੋਂ ਸਿੱਖਦੇ ਹਾਂ, ਪਰ ਇਸ ਦਾ ਭਾਵ ਇਹ ਨਹੀਂ ਕਿ ਅਸੀਂ ਸਿੱਖਣ ਵਾਸਤੇ ਨਿਰੰਤਰ ਗ਼ਲਤੀਆਂ ਕਰਦੇ ਰਹੀਏ। ਨਿਰਸੰਦੇਹ, ਅਸੀਂ ਗ਼ਲਤੀਆਂ ਤੋਂ ਸਿੱਖਦੇ ਹਾਂ, ਪਰ ਇਹ ਸਿਖਲਾਈ ਉੱਚੀ ਪੱਧਰ ਦੀ ਨਹੀਂ ਹੁੰਦੀ। ਗ਼ਲਤੀਆਂ ਤੋਂ ਅਸੀਂ ਕਿਵੇਂ ਸਿੱਖਦੇ ਹਾਂ? ਆਪਣੀ ਜਾਂ ਕਿਸੇ ਦੀ ਗ਼ਲਤੀ ਪ੍ਰਤੀ ਅਸੀਂ ਪ੍ਰਤੀਕਰਮ ਪ੍ਰਗਟਾਉਂਦੇ ਹਾਂ। ਸਿੱਖਣ ਜਾਂ ਨਾ ਸਿੱਖਣ ਦਾ ਪਤਾ ਸਾਡੇ ਪ੍ਰਤੀਕਰਮ ਤੋਂ ਲੱਗਦਾ ਹੈ। ਜਦੋਂ ਕੋਈ ਝੱਟ ਹੀ ਆਪਣੀ ਗ਼ਲਤੀ ਮੰਨ ਲੈਂਦਾ ਹੈ ਤਾਂ ਸਪਸ਼ਟ ਹੈ ਕਿ ਉਸ ਨੇ ਆਪਣੀ ਗ਼ਲਤੀ ਤੋਂ ਲੋੜੀਂਦਾ ਸਬਕ ਸਿੱਖ ਲਿਆ ਹੈ, ਪਰ ਜਿਹੜਾ ਗ਼ਲਤੀ ਮੰਨਣ ਦੇ ਨਾਲ ਇਹ ਵੀ ਕਹਿੰਦਾ ਹੈ ਕਿ ਮੈਂ ਅੱਗੋਂ ਧਿਆਨ ਰੱਖਾਂਗਾ ਤਾਂ ਇਸ ਦਾ ਅਰਥ ਹੈ ਕਿ ਉਹ ਅਜਿਹੀ ਗ਼ਲਤੀ ਮੁੜ ਕਰਨ ਤੋਂ ਹਰ ਪੱਖੋਂ ਸੰਕੋਚ ਕਰੇਗਾ। ਕਾਲਜਾਂ ਜਾਂ ਯੂਨੀਵਰਸਿਟੀਆਂ ਜਾਂ ਸਿਖਲਾਈ ਸੰਸਥਾਵਾਂ ਵਿਚ ਜਿਹੜੇ ਕੋਰਸ ਕਰਵਾੲੇ ਜਾਂਦੇ ਹਨ, ਉਨ੍ਹਾਂ ਦਾ ਮੁੱਖ ਉਦੇਸ਼ ਕਿਸੇ ਕੰਮ ਨੂੰ ਸਹੀ ਢੰਗ ਨਾਲ ਕਰਨਾ ਸਿੱਖਣਾ ਅਤੇ ਗ਼ਲਤੀਆਂ ਤੋਂ ਬਚਣਾ ਹੁੰਦਾ ਹੈ। ਜੇ ਕੋਈ ਵਿਅਕਤੀ ਕਿਸੇ ਸੰਸਥਾ ਵਿਚ ਨਾ ਜਾਵੇ ਅਤੇ ਆਪਣੀਆਂ ਗ਼ਲਤੀਆਂ ਤੋਂ ਸਿੱਖ ਕੇ ਕਾਰਗੁਜ਼ਾਰੀ ਸੁਧਾਰੇ ਤਾਂ ਉਸ ਨੂੰ ਮਾਹਿਰ ਬਣਨ ਵਿਚ ਲਗਪਗ ਤੀਹ ਸਾਲ ਲੱਗਦੇ ਹਨ ਜਦੋਂਕਿ ਸਿਖਲਾਈ ਦੇ ਚਾਰ-ਪੰਜ ਸਾਲ ਦੇ ਕੋਰਸ ਦੌਰਾਨ ਉਹ ਕੰਮ ਦੇ ਸਾਰੇ ਪੱਖਾਂ ਦੀ ਹੀ ਸਿਖਲਾਈ ਨਹੀਂ ਲੈਂਦਾ, ਗ਼ਲਤੀਆਂ ਤੋਂ ਬਚਣ ਦੀ ਸਿਖਲਾਈ ਵੀ ਲੈਂਦਾ ਹੈ ਜਿਸ ਨਾਲ ਉਸ ਦੀ ਸਮੇਂ ਅਤੇ ਸਰਮਾਏ ਦੀ ਭਾਰੀ ਬੱਚਤ ਹੁੰਦੀ ਹੈ। ਅਕਸਰ ਵੇਖਿਆ ਗਿਆ ਹੈ ਕਿ ਕਈ ਗ਼ਲਤੀ ਕਰਕੇ ਆਪਣੀ ਗ਼ਲਤੀ ਮੰਨਦੇ ਨਹੀਂ ਅਤੇ ਅਜਿਹੇ ਵਿਅਕਤੀ ਗ਼ਲਤੀ ਦੇ ਬਾਵਜੂਦ ਆਪਣੇ ਆਪ ਨੂੰ ਸਹੀ ਠਹਿਰਾਉਂਦੇ ਹਨ ਜਾਂ ਆਪਣੀ ਗ਼ਲਤੀ ਦਾ ਦੋਸ਼ ਕਿਸੇ ਹੋਰ ਨੂੰ ਦਿੰਦੇ ਹਨ ਜਿਵੇਂ ਇਕ ਚੋਰ ਨੇ ਚੋਰੀ ਕਰਨ ਉਪਰੰਤ ਮਾਲਕ ਨੂੰ ਦੋਸ਼ ਦਿੰਦਿਆਂ ਕਿਹਾ ਕਿ ਤੁਸੀਂ ਇਹ ਚੀਜ਼ ਬਾਹਰ ਕਿਉਂ ਰੱਖੀ ਹੋਈ ਸੀ। ਇਕ ਇਸਤਰੀ ਨੇ ਪਤੀ ਨੂੰ ਦੋਸ਼ ਦਿੰਦਿਆਂ ਕਿਹਾ ਕਿ ਤੁਸੀਂ ਗੈਸ ਦਾ ਸਿਲੰਡਰ ਠੀਕ ਨਹੀਂ ਲਾਇਆ, ਮੇਰਾ ਹਰੇਕ ਫੁਲਕਾ ਸੜੀ ਜਾਂਦਾ ਹੈ। ਇਕ ਇਸਤਰੀ ਨੇ ਦੁੱਧ ਗਰਮ ਕਰਨਾ ਰੱਖਿਆ, ਫੋਨ ਆ ਗਿਆ, ਉਹ ਬਹਿ ਕੇ ਫੋਨ ਸੁਣਨ ਲੱਗ ਪਈ, ਦੁੱਧ ਉਬਲ ਕੇ ਡੁੱਲ੍ਹ ਗਿਆ ਤਾਂ ਉਸ ਨੇ ਪਤੀ ਨੂੰ ਕਿਹਾ ਤੁਹਾਨੂੰ ਦੁੱਧ ਵੱਲ ਧਿਆਨ ਦੇਣਾ ਚਾਹੀਦਾ ਸੀ। ਇਕ ਵਿਅਕਤੀ ਨੇ ਸੱਜੇ ਮੁੜਨ ਦਾ ਇਸ਼ਾਰਾ ਕੀਤਾ, ਪਰ ਮੁੜ ਖੱਬੇ ਗਿਆ ਅਤੇ ਦੁਰਘਟਨਾ ਵਾਪਰ ਗਈ ਅਤੇ ਉਹ ਦੋਸ਼ ਪਿਛਲੀ ਕਾਰ ਵਾਲੇ ਨੂੰ ਦੇ ਰਿਹਾ ਸੀ। ਕਈਆਂ ਦੀ ਗ਼ਲਤੀ ਵੇਖ ਕੇ ਆਪਮੁਹਾਰੇ ਪ੍ਰਗਟਾਇਆ ਜਾਂਦਾ ਹੈ ਕਿ ਕੀ ਕੋਈ ਇਤਨਾ ਬੇਵਕੂਫ਼ ਵੀ ਹੋ ਸਕਦਾ ਹੈ?

ਗ਼ਲਤੀਆਂ ਕੇਵਲ ਮਨੁੱਖ ਕਰਦੇ ਹਨ। ਜਦੋਂ ਕਿਸੇ ਦੀ ਯੋਗਤਾ ਨਾਲੋਂ ਸਵੈ-ਵਿਸ਼ਵਾਸ ਵਧ ਜਾਂਦਾ ਹੈ ਤਾਂ ਅਜਿਹਾ ਮਨੁੱਖ ਗ਼ਲਤੀ ਹੀ ਕਰਦਾ ਹੈ। ਇਕ ਵਿਅਕਤੀ ਨੇ ਟੀ.ਵੀ. ਚੋਰੀ ਕੀਤਾ ਅਤੇ ਕੁਝ ਦੇਰ ਮਗਰੋਂ ਉਹ ਰਿਮੋਟ ਵੀ ਚੋਰੀ ਕਰਨ ਆ ਗਿਆ ਅਤੇ ਫੜਿਆ ਗਿਆ। ਗ਼ਲਤੀਆਂ ਦੀ ਮੁਢਲੀ ਜਾਣਕਾਰੀ ਪਹਿਲਾਂ ਘਰ ਵਿਚ ਅਤੇ ਫਿਰ ਸਕੂਲ ਵਿਚ ਮਿਲਦੀ ਹੈ। ਸਕੂਲ ਦੀ ਸਿੱਖਿਆ ਦੇ ਮੁੱਖ ਉਦੇਸ਼ਾਂ ਵਿਚੋਂ ਇਕ ਉਦੇਸ਼ ਆਪਣੀਆਂ ਗ਼ਲਤੀਆਂ ਪ੍ਰਤੀ ਸੁਚੇਤ ਹੋਣਾ ਅਤੇ ਆਪਣੀਆਂ ਗ਼ਲਤੀਆਂ ਤੋਂ ਸਿੱਖਣਾ ਹੁੰਦਾ ਹੈ। ਸਕੂਲ, ਵਿਦਿਆਰਥੀਆਂ ਦੀਆਂ ਵਿਹਾਰਕ, ਸਰੀਰਕ, ਮਾਨਸਿਕ ਅਤੇ ਬੌਧਿਕ ਗ਼ਲਤੀਆਂ ਸੋਧਣ ਦਾ ਕਾਰਜ ਕਰਦੇ ਹਨ। ਸਕੂਲ ਵਿਚ ਗ਼ਲਤੀਆਂ ਦੀ ਸਜ਼ਾ ਮਿਲਦੀ ਹੈ, ਨੰਬਰ ਕੱਟੇ ਜਾਂਦੇ ਹਨ ਅਤੇ ਜੁਰਮਾਨਾ ਹੁੰਦਾ ਹੈ। ਜੇ ਛੋਟੀ ਜਿਹੀ ਗ਼ਲਤੀ ਦੀ ਬਹੁਤ ਅਧਿਕ ਸਜ਼ਾ ਦਿੱਤੀ ਜਾਵੇ ਤਾਂ ਬੱਚਾ ਇਤਨਾ ਡਰ ਜਾਂਦਾ ਹੈ ਕਿ ਉਹ ਕੁਝ ਕਰਨ ਤੋਂ ਹੀ ਡਰਨ ਲੱਗ ਪੈਂਦਾ ਹੈ। ਜਿਹੜੇ ਸਕੂਲਾਂ ਵਿਚ ਅਨੁਸ਼ਾਸਨ ਸਖ਼ਤ ਹੁੰਦਾ ਹੈ ਅਤੇ ਗ਼ਲਤੀਆਂ ਦੀ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ, ਉੱਥੇ ਬੱਚੇ ਕੁਝ ਨਹੀਂ ਕਰਦੇ, ਕੁਝ ਨਵਾਂ ਨਹੀਂ ਕਰਦੇ, ਅਨੁਸ਼ਾਸਨ ਦੀਆਂ ਪਾਬੰਦੀਆਂ ਦਾ ਡਰ ਉਨ੍ਹਾਂ ਨੂੰ ਲੀਹ ਤੋਂ ਇਧਰ-ਉਧਰ ਜਾਣ ਦੀ ਆਗਿਆ ਨਹੀਂ ਦਿੰਦਾ। ਗ਼ਲਤੀ ਦਾ ਡਰ ਮਨੁੱਖ ਨੂੰ ਭਰਪੂਰ ਜੀਵਨ ਜਿਉਣ ਤੋਂ ਵਰਜਦਾ ਰਹਿੰਦਾ ਹੈ। ਸਮਝਣ ਦੀ ਲੋੜ ਹੈ ਕਿ ਗ਼ਲਤੀਆਂ ਜ਼ਿੰਦਗੀ ਦੇ ਸਿਲੇਬਸ ਦਾ ਲਾਜ਼ਮੀ ਭਾਗ ਹੁੰਦੀਆਂ ਹਨ। ਛੋਟੀਆਂ ਅਤੇ ਭੋਲੀਆਂ ਗ਼ਲਤੀਆਂ ਨੂੰ ਭੁੱਲਾਂ ਕਿਹਾ ਜਾਂਦਾ ਹੈ। ਕਈ ਵਿਦਿਆਰਥੀ ਪ੍ਰੀਖਿਆ ਵਿਚ ਕਿਸੇ ਵਿਸ਼ੇ ਵਿਚੋਂ ਜਦੋਂ ਫੇਲ੍ਹ ਹੋ ਜਾਂਦੇ ਹਨ ਤਾਂ ਉਹ ਆਪਣੀ ਗ਼ਲਤੀ ਜਾਂ ਗ਼ਲਤੀਆਂ ਜਾਣਨ ਦਾ ਯਤਨ ਹੀ ਨਹੀਂ ਕਰਦੇ ਅਤੇ ਉਸ ਵਿਸ਼ੇ ਸਬੰਧੀ ਆਪਣੇ ਮਨ ਵਿਚ ਗੰਢ ਪਾ ਲੈਂਦੇ ਹਨ ਅਤੇ ਕਈ ਇਸ ਕਾਰਨ ਪੜ੍ਹਾਈ ਹੀ ਛੱਡ ਦਿੰਦੇ ਹਨ। ਵਾਸਤਵ ਵਿਚ ਵਿਸ਼ਾ ਮੁਸ਼ਕਿਲ ਨਹੀਂ ਹੁੰਦਾ, ਵਿਦਿਆਰਥੀ ਆਪਣੀਆਂ ਗ਼ਲਤੀਆਂ ਵਿਚਾਰਨ, ਉਨ੍ਹਾਂ ਨੂੰ ਸਮਝਣ ਅਤੇ ਸੋਧਣ ਤੋਂ ਇਨਕਾਰੀ ਹੋ ਰਹੇ ਹੁੰਦੇ ਹਨ। ਮਨੁੱਖ ਦੀ ਹਰ ਰੋਜ਼ ਇਕੋ ਜਿਹੀ ਸ਼ਕਤੀ ਅਤੇ ਮਾਨਸਿਕ ਬਿਰਤੀ ਨਹੀਂ ਹੁੰਦੀ। ਪਹਾੜਾਂ ਵਿਚ ਰਸਤਿਆਂ ’ਤੇ ਲਿਖਿਆ ਹੁੰਦਾ ਹੈ: ਧਿਆਨ ਹਟਿਆ, ਦੁਰਘਟਨਾ ਘਟੀ। ਪਹਾੜੀ ਰਸਤਿਆਂ ’ਤੇ ਅਤੇ ਸੜਕੀ ਸਫ਼ਰ ਵਿਚ ਬਹੁਤੀਆਂ ਦੁਰਘਟਨਾਵਾਂ ਧਿਆਨ ਦੀ ਕਮਜ਼ੋਰੀ ਜਾਂ ਇਕਾਗਰਤਾ ਦੀ ਘਾਟ ਕਾਰਨ ਵਾਪਰਦੀਆਂ ਹਨ। ਦੁਰਘਟਨਾਵਾਂ ਵੀ ਗ਼ਲਤੀਆਂ ਹੀ ਹੁੰਦੀਆਂ ਹਨ। ਜਿਨ੍ਹਾਂ ਗ਼ਲਤੀਆਂ ਨਾਲ ਜਾਨ-ਮਾਲ ਦਾ ਨੁਕਸਾਨ ਹੋਵੇ, ਉਨ੍ਹਾਂ ਨੂੰ ਦੁਰਘਟਨਾਵਾਂ ਕਿਹਾ ਜਾਂਦਾ ਹੈ। ਉਮਰ ਦੇ ਵਧਣ ਨਾਲ ਗ਼ਲਤੀਆਂ ਦੀ ਕਿਸਮ ਬਦਲਦੀ ਹੈ। ਕੰਮ ਕੋਈ ਹੋਵੇ, ਉਸ ਵਿਚ ਗ਼ਲਤੀਆਂ ਦਾ ਹੋਣਾ-ਵਾਪਰਨਾ ਸੁਭਾਵਿਕ ਹੁੰਦਾ ਹੈ। ਲਿਖਣ ਵਿਚ ਗ਼ਲਤੀਆਂ ਹੁੰਦੀਆਂ ਹਨ, ਸੰਚਾਰ ਵਿਚ ਗ਼ਲਤੀਆਂ ਵਾਪਰਦੀਆਂ ਹਨ। ਰਿਸ਼ਤਾ ਕਰਨ ਸਮੇਂ ਕਿਸੇ ਦੇ ਵਿਹਾਰ ਨੂੰ ਸਮਝਣ ਵਿਚ ਗ਼ਲਤੀ ਵਾਪਰ ਜਾਂਦੀ ਹੈ। ਜਿਹੜੀ ਗ਼ਲਤੀ ਮਗਰੋਂ ਠੀਕ ਕਰ ਲਈ ਜਾਵੇ, ਉਸ ਨੂੰ ਅਕਸਰ ਗਲਤ-ਫ਼ਹਿਮੀ ਕਿਹਾ ਜਾਂਦਾ ਹੈ। ਇਕ ਨਿਲਾਮੀ ਵਿਚ ਵੀਹ ਤੋਂ ਪੰਝੀ ਤੱਕ ਦੀਆਂ ਦੁਕਾਨਾਂ ਨੂੰ ਪੰਜ ਦੁਕਾਨਾਂ ਸਮਝ ਕੇ ਵੇਚ ਦਿੱਤਾ ਗਿਆ। ਆਡਿਟ ਸਮੇਂ ਪਤਾ ਲੱਗਾ ਕਿ ਦੁਕਾਨਾਂ ਪੰਜ ਨਹੀਂ ਛੇ ਹਨ। ਇਸ ਨੂੰ ਕਲਰਕੀ ਗ਼ਲਤੀ ਕਹਿੰਦੇ ਹਨ। ਇਕ ਪ੍ਰੀਖਿਆ ਵਿਚ ਇਕ ਪਰਚੇ ਵਿਚ ਸਾਰੇ ਵਿਦਿਆਰਥੀਆਂ ਨੂੰ ਛੇ ਰਿਆਇਤੀ ਨੰਬਰ ਦਿੱਤੇ ਗਏ। ਜਿਸ ਦੇ ਛਿਆਨਵੇਂ ਨੰਬਰ ਸਨ, ਰਿਆਇਤੀ ਨੰਬਰ ਪਾ ਕੇ ਉਸ ਦੇ ਸੌ ਵਿਚੋਂ ਇਕ ਸੌ ਦੋ ਨੰਬਰ ਬਣ ਗਏ। ਇਹ ਕੰਪਿਊਟਰ ਦੀ ਕਮਾਂਡ ਦੀ ਗ਼ਲਤੀ ਸੀ। ਜਿਮਨਾਸਟਿਕਸ ਵਿਚ ਕਦੇ ਕਿਸੇ ਦੇ ਦਸ ਵਿਚੋਂ ਦਸ ਅੰਕ ਆਏ ਹੀ ਨਹੀਂ ਸਨ, ਜਦੋਂ ਇਕ ਦੇ ਆਏ ਤਾਂ ਕੰਪਿਊਟਰ ਨੇ ਕੇਵਲ ਸਿਫ਼ਰਾਂ ਹੀ ਵਿਖਾਈਆਂ ਕਿਉਂਕਿ ਕੰਪਿਊਟਰ ਕੇਵਲ ਨੌਂ ਦਸ਼ਮਲਵ ਨੌਂ-ਨੌਂ ਹੀ ਵਿਖਾ ਸਕਦਾ ਸੀ। ਮਗਰੋਂ ਇਹ ਗ਼ਲਤੀ ਸੋਧਣੀ ਪਈ ਸੀ। ਅਜੋਕੇ ਸੰਸਾਰ ਵਿਚ ਕੰਪਿਊਟਰ ਦੀਆਂ ਗ਼ਲਤੀਆਂ ਵਧ ਰਹੀਆਂ ਹਨ।

ਗ਼ਲਤੀ ਮੰਨਣੀ ਮੁਸ਼ਕਿਲ ਕਿਉਂ ਹੁੰਦੀ ਹੈ? ਗ਼ਲਤੀਆਂ ਦੀ ਕਿਧਰੇ ਪ੍ਰਸੰਸਾ ਨਹੀਂ ਹੁੰਦੀ। ਗ਼ਲਤੀ ਕਾਰਨ ਵਿਅਕਤੀ ਮੂਰਖ, ਗੈਰ-ਜ਼ਿੰਮੇਵਾਰ ਅਤੇ ਅਕਲ ਦੇ ਪੱਖੋਂ ਊਣਾ ਸਮਝਿਆ ਜਾਂਦਾ ਹੈ। ਇਹ ਤੋਹਮਤ ਲੱਗਣ ਕਰਕੇ ਗ਼ਲਤੀ ਮੰਨਣੀ ਔਖੀ ਹੁੰਦੀ ਹੈ। ਗ਼ਲਤੀ ਅਜਿਹਾ ਨਤੀਜਾ ਸਿਰਜਦੀ ਹੈ ਜਿਹੜਾ ਚਾਹਿਆ ਨਹੀਂ ਗਿਆ ਹੁੰਦਾ। ਚੰਗੇ ਸਮਾਜਾਂ ਵਿਚ ਗ਼ਲਤੀਆਂ ਲਈ ਸਹਿਣਸ਼ੀਲਤਾ ਹੁੰਦੀ ਹੈ। ਅਸਫ਼ਤਲਾ ਗ਼ਲਤੀ ਦਾ ਨਤੀਜਾ ਹੁੰਦੀ ਹੈ, ਪਰ ਇਹ ਸਫ਼ਲਤਾ ਦਾ ਪੜਾਓ ਵੀ ਹੁੰਦੀ ਹੈ। ਬੱਚਾ ਤੁਰਨ ਦਾ ਯਤਨ ਕਰੇਗਾ, ਡਿੱਗੇਗਾ ਪਰ ਇਹ ਡਿੱਗਣਾ ਉਸਾਰੂ ਹੁੰਦਾ ਹੈ। ਘੋੜੇ ਦੀ ਸਵਾਰੀ ਜਾਂ ਸਾਈਕਲ ਚਲਾਉਣੀ ਸਿੱਖਦਿਆਂ ਹਰ ਕੋਈ ਡਿੱਗਦਾ ਹੈ। ਹਰ ਸਮਾਜ ਅਤੇ ਸਭਿਆਚਾਰ ਵਿਚ ਗ਼ਲਤੀ ਅਤੇ ਪਛਤਾਵੇ ਦੇ ਸੰਕਲਪ ਵੱਖਰੇ-ਵੱਖਰੇ ਹੁੰਦੇ ਹਨ। ਹੁਣ ਕਿਸੇ ਨੂੰ ਨਿਯੁਕਤ ਕਰਨ ਸਮੇਂ ਉਸ ਵੱਲੋਂ ਜੀਵਨ ਵਿਚ ਕੀਤੀਆਂ ਗ਼ਲਤੀਆਂ ਬਾਰੇ ਵੀ ਪੁੱਛਿਆ ਜਾਂਦਾ ਹੈ। ਇਕ ਉਦਯੋਗਪਤੀ ਉਨ੍ਹਾਂ ਨੂੰ ਨਿਯੁਕਤ ਕਰਦਾ ਸੀ ਜਿਨ੍ਹਾਂ ਨੇ ਕੁਝ ਨਿਵੇਕਲਾ ਕਰਨ ਦਾ ਯਤਨ ਕੀਤਾ ਸੀ, ਪਰ ਅਸਫ਼ਲ ਰਹੇ ਸਨ। ਉਦਯੋਗਪਤੀ ਇਨ੍ਹਾਂ ਅਸਫ਼ਲ ਰਹੇ ਵਿਅਕਤੀਆਂ ਦੇ ਤਜਰਬੇ ਦਾ ਲਾਭ ਉਠਾਉਣ ਲਈ ਉਨ੍ਹਾਂ ਨੂੰ ਨਿਯੁਕਤ ਕਰਦਾ ਸੀ। ਮਨੁੱਖ ਵਿਚ ਪਛਤਾਵਿਆਂ ਅਤੇ ਅਣਸੁਖਾਵੀਆਂ ਸਥਿਤੀਆਂ ਤੋਂ ਬਚਣ ਦੀ ਸੁਭਾਵਿਕ ਪ੍ਰਵਿਰਤੀ ਹੁੰਦੀ ਹੈ, ਕਿਉਂਕਿ ਕਿਧਰੇ ਵੀ ਗ਼ਲਤੀਆਂ ਨੂੰ ਹਾਰ ਨਹੀਂ ਪਾਏ ਜਾਂਦੇ, ਅਸਫ਼ਲਤਾ ਦੇ ਗੀਤ ਨਹੀਂ ਗਾਏ ਜਾਂਦੇ। ਇਨ੍ਹਾਂ ਕਾਰਨਾਂ ਕਰਕੇ ਗ਼ਲਤੀਆਂ ਲੁਕਾਈਆਂ ਜਾਂਦੀਆਂ ਹਨ ਅਤੇ ਪ੍ਰਾਪਤੀਆਂ ਨੂੰ ਵਧਾ-ਚੜ੍ਹਾ ਕੇ ਦੱਸਿਆ ਜਾਂਦਾ ਹੈ। ਕੁਝ ਗ਼ਲਤੀਆਂ ਵਿਅਕਤੀਆਂ ਨੂੰ ਪ੍ਰਸਿੱਧ ਵੀ ਕਰ ਦਿੰਦੀਆਂ ਹਨ। ਕੋਲੰਬਸ ਨੇ ਅਮਰੀਕਾ ਗ਼ਲਤੀ ਨਾਲ ਲੱਭਿਆ ਸੀ। ਮੁਹੰਮਦ ਬਿਨ ਤੁਗਲਕ ਆਪਣੀਆਂ ਗ਼ਲਤੀਆਂ ਕਾਰਨ ਜਾਣਿਆ ਜਾਂਦਾ ਹੈ। ਕਈ ਰੋਗਾਂ ਦੇ ਇਲਾਜ ਗ਼ਲਤੀਆਂ ਨਾਲ ਲੱਭੇ ਗਏ ਸਨ। ਕਈ ਵਾਰੀ ਕਿਸੇ ਦੀ ਗ਼ਲਤੀ ਵਿਰੋਧੀ ਨੂੰ ਰਾਸ ਆ ਜਾਂਦੀ ਹੈ। ਇਕ ਵਾਰੀ ਫੁੱਟਬਾਲ ਦੇ ਵਕਾਰੀ ਫਾਈਨਲ ਮੈਚ ਵਿਚ, ਜਿਸ ਟੀਮ ਦੇ ਜਿੱਤਣ ਦੀ ਆਸ ਸੀ, ਉਸ ਟੀਮ ਦੇ ਕਪਤਾਨ ਨੇ ਗ਼ਲਤੀ ਨਾਲ ਆਪਣੀ ਹੀ ਟੀਮ ਵਿਰੁੱਧ ਗੋਲ ਕਰਕੇ ਵਿਰੋਧੀ ਟੀਮ ਨੂੰ ਜਿਤਾ ਦਿੱਤਾ ਸੀ। ਮਾਹਿਰ ਵੀ ਗ਼ਲਤੀਆਂ ਕਰਦੇ ਹਨ। ਵੱਡੇ ਬੰਦਿਆਂ ਦੇ ਵੀ ਕਈ ਵਿਚਾਰ ਹਾਸੋਹੀਣੇ ਹੁੰਦੇ ਹਨ। ਜੇ ਅਸੀਂ ਗਾਂਧੀ ਜੀ ਵਾਲਾ ਚਰਖਾ ਅਪਣਾ ਲੈਂਦੇ ਅਤੇ ਖਾਦੀ ਹੀ ਪਹਿਨਦੇ ਤਾਂ ਅਨੁਮਾਨ ਲਾਉਣਾ ਮੁਸ਼ਕਿਲ ਨਹੀਂ ਕਿ ਸਾਡਾ ਕੀ ਹਾਲ ਹੋਣਾ ਸੀ।

ਮਨੁੱਖ ਅਕਸਰ ਪੰਜ ਕਿਸਮ ਦੀਆਂ ਮੁੱਖ ਗ਼ਲਤੀਆਂ ਕਰਦਾ ਹੈ: ਸਿੱਖਿਆ ਦੇ ਕੋਰਸ ਦੀ ਗ਼ਲਤ ਚੋਣ, ਰੁਜ਼ਗਾਰ ਦੀ ਗ਼ਲਤ ਚੋਣ, ਜੀਵਨ ਸਾਥੀ ਦੀ ਗ਼ਲਤ ਚੋਣ, ਨਿਵੇਸ਼ ਦੇ ਗ਼ਲਤ ਨਿਰਣੇ ਅਤੇ ਗ਼ਲਤ ਸੰਗਤ ਤੋਂ ਪੈਣ ਵਾਲੀਆਂ ਗ਼ਲਤ ਆਦਤਾਂ। ਸਕੂਲ ਦੀ ਪੜ੍ਹਾਈ ਉਪਰਤ ਜੇ ਕੋਰਸ ਦੀ ਚੋਣ ਠੀਕ ਹੋਵੇ ਤਾਂ ਜ਼ਿੰਦਗੀ ਸੌਖੀ ਹੋ ਜਾਂਦੀ ਹੈ, ਨਹੀਂ ਤਾਂ ਮਨੁੱਖ ਸਾਰਾ ਜੀਵਨ ਨਿੱਕੇ-ਮੋਟੇ ਅਤੇ ਟੁੱਟਵੇਂ ਕੰਮ ਕਰਦਾ ਰਹਿੰਦਾ ਹੈ। ਕਈ ਗ਼ਲਤ ਰੁਜ਼ਗਾਰ ’ਤੇ ਲੱਗ ਜਾਂਦੇ ਹਨ, ਜਿਵੇਂ ਕੋਈ ਲੱਗਾ ਇੰਜੀਨੀਅਰ ਹੋਵੇ ਅਤੇ ਦਿਲਚਸਪੀ ਨੇਤਾ ਬਣਨ ਵਿਚ ਹੋਵੇ ਜਾਂ ਰਹਿੰਦਾ ਇਕ ਸ਼ਹਿਰ ਹੋਵੇ ਅਤੇ ਰੁਜ਼ਗਾਰ ਦੂਜੇ ਸ਼ਹਿਰ ਹੋਵੇ। ਕੋਰਸ ਦੀ ਗ਼ਲਤ ਚੋਣ ਦਾ ਪਛਤਾਵਾ ਲਗਪਗ ਵੀਹ-ਪੱਝੀ ਪ੍ਰਤੀਸ਼ਤ ਵਿਅਕਤੀਆਂ ਨੂੰ ਹੁੰਦਾ ਹੈ। ਮਨੁੱਖ ਸਭ ਤੋਂ ਵਧੇਰੇ ਗ਼ਲਤੀਆਂ ਪੈਸੇ ਦੇ ਸਬੰਧ ਵਿਚ ਕਰਦਾ ਹੈ ਅਤੇ ਅਜਿਹੀਆਂ ਗ਼ਲਤੀਆਂ ਦਾ ਪਛਤਾਵਾ ਸਾਰਾ ਜੀਵਨ ਹੁੰਦਾ ਹੈ। ਇਕ ਵਿਅਕਤੀ ਨੇ ਆਪਣੇ ਦੋਸਤ ਦੀ ਦੇਖਾ-ਦੇਖੀ, ਉਸਾਰੀ ਦੀ ਠੇਕੇਦਾਰੀ ਆਰੰਭ ਕੀਤੀ, ਮਸ਼ੀਨਰੀ ਖਰੀਦੀ, ਅਮਲਾ ਭਰਤੀ ਕੀਤਾ, ਦਫ਼ਤਰ ਖੋਲ੍ਹਿਆ, ਪਰ ਤਜਰਬਾ ਨਾ ਹੋਣ ਕਾਰਨ ਪਹਿਲੇ ਦੋ-ਤਿੰਨ ਠੇਕਿਆਂ ਵਿਚ ਘਾਟਾ ਪਿਆ ਅਤੇ ਸਾਰਾ ਸਰਮਾਇਆ ਰੁੜ੍ਹ ਗਿਆ। ਹੋਟਲ ਖੋਲ੍ਹਿਆ, ਤਜਰਬਾ ਨਾ ਹੋਣ ਕਾਰਨ, ਇਹ ਵੀ ਫੇਲ੍ਹ ਹੋ ਗਿਆ। ਸ਼ੇਅਰਾਂ ਦਾ ਕੰਮ ਆਰੰਭਿਆ, ਦੋ ਸਾਲਾਂ ਵਿਚ ਮਕਾਨ ਵੀ ਵਿਕ ਗਿਆ। ਕਈ ਕੰਮ ਬਦਲਦੇ ਰਹਿੰਦੇ ਹਨ, ਪਰ ਟਿਕਦੇ ਕਿਸੇ ਕੰਮ ਵਿਚ ਨਹੀਂ। ਯਾਦ ਆ ਰਿਹਾ ਹੈ, ਮੇਰੇ ਨਾਲ ਇਕ ਵਿਦਿਆਰਥੀ ਹਰ ਸਾਲ ਗਣਿਤ ਵਿਚੋਂ ਫੇਲ੍ਹ ਹੋ ਜਾਂਦਾ ਸੀ, ਉਸ ਬਾਰੇ ਮਸ਼ਹੂਰ ਸੀ ਕਿ ਉਹ ਕਲਾਸ ਨਹੀਂ ਸੀ ਬਦਲਦਾ, ਸਕੂਲ ਬਦਲ ਲੈਂਦਾ ਸੀ। ਸਭ ਤੋਂ ਵਧੇਰੇ ਗ਼ਲਤੀਆਂ ਜੀਵਨ-ਸਾਥੀ ਦੇ ਸਬੰਧ ਵਿਚ ਹੁੰਦੀਆਂ ਹਨ। ਇਕ ਲੜਕੀ ਪਿਆਰ ਇਕ ਲੜਕੇ ਨੂੰ ਕਰਦੀ ਸੀ, ਪਰ ਵਿਆਹ ਉਸ ਨੇ ਉਸ ਦੇ ਦੋਸਤ ਨਾਲ ਕਰਵਾ ਲਿਆ ਅਤੇ ਵਿਆਹ ਅਣਬਣ ਦਾ ਸ਼ਿਕਾਰ ਹੋ ਗਿਆ। ਇਕ ਦਸਵੀਂ ਫੇਲ੍ਹ ਨੇ ਧੋਖੇ ਨਾਲ ਵਿਆਹ ਐਮ.ਏ. ਪਾਸ ਲੜਕੀ ਨਾਲ ਕਰਵਾ ਲਿਆ, ਲੜਕੀ ਛੱਡ ਗਈ। ਇਕ ਅਕਲੋਂ ਊਣੀ ਲੜਕੀ ਕੈਨੇਡਾ ਦੀ ਨਾਗਰਿਕ ਹੋਣ ਕਰਕੇ ਇਧਰੋਂ ਲੜਕਾ ਵਿਆਹ ਕੇ ਲੈ ਗਈ, ਕੈਨੇਡਾ ਪਹੁੰਚ ਕੇ ਲੜਕਾ ਲੋਪ ਹੋ ਗਿਆ। ਇਹ ਲੜਕਾ ਭਾਰਤ ਆ ਕੇ ਡਾਕਟਰ ਲੜਕੀ ਨਾਲ ਵਿਆਹ ਕਰਵਾ ਕੇ ਲੈ ਗਿਆ, ਨਾਗਰਿਕ ਬਣਦਿਆਂ ਹੀ ਡਾਕਟਰ ਲੜਕੀ ਨੇ ਪਤੀ ਤਿਆਗ ਦਿੱਤਾ। ਸਾਰੀਆਂ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ, ਧੂਮ-ਧਾਮ ਨਾਲ ਵਿਆਹ ਕੀਤਾ ਜਾਂਦਾ ਹੈ, ਪਰ ਕੁਝ ਚਿਰ ਮਗਰੋਂ ਹੀ ਭਾਂਡੇ ਤੋਂ ਕਲੀ ਉਤਰਨ ਵਾਂਗ ਇਕ ਧਿਰ ਨੂੰ ਅਸਲੀਅਤ ਪਤਾ ਲੱਗਣ ’ਤੇ ਬੜਾ ਤੀਬਰ ਪਛਤਾਵਾ ਹੁੰਦਾ ਹੈ। ਅਜਿਹੀ ਸਥਿਤੀ ਬਾਰੇ ਇਕ ਵਿਅਕਤੀ ਨੇ ਟਿੱਪਣੀ ਕੀਤੀ: ਵਿਆਹ ਕਰਨਾ ਗ਼ਲਤੀ ਨਹੀਂ ਸੀ, ਉਸ ਦਾ ਪਤੀ ਬਣਨਾ ਗ਼ਲਤ ਸੀ। ਅਜੋਕੇ ਸਮਿਆਂ ਵਿਚ ਭੈੜੀਆਂ ਆਦਤਾਂ ਤੋਂ ਬਚਣਾ ਬੜਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਇਕ ਵਪਾਰੀ ਬੜੀ ਮਿਹਨਤ ਕਰਦਾ ਰਿਹਾ, ਪਰਿਵਾਰ ਲਈ ਸੁਖ-ਸਾਧਨ ਉਪਜਾਉਂਦਾ ਰਿਹਾ, ਪਰਿਵਾਰ ਦੇ ਜੀਆਂ ਵੱਲ ਧਿਆਨ ਨਾ ਦਿੱਤਾ, ਧੀ ਨੇ ਇਕ ਵਿਹਲੜ ਨਾਲ ਪਿਆਰ-ਵਿਆਹ ਕਰ ਲਿਆ ਅਤੇ ਪੁੱਤਰ ਨਸ਼ਿਆਂ ਦੀ ਭੇਟ ਚੜ੍ਹ ਗਿਆ। ਇਨ੍ਹਾਂ ਕਾਰਨਾਂ ਕਰਕੇ ਸਾਰਾ ਪਰਿਵਾਰ ਬਰਬਾਦ ਹੋ ਗਿਆ।

ਜੋ ਕੁਝ ਅਜੋਕੇ ਸੰਸਾਰ ਵਿਚ ਵਾਪਰ ਰਿਹਾ ਹੈ, ਉਸ ਤੋਂ ਸਪਸ਼ਟ ਸੰਕੇਤ ਮਿਲ ਰਹੇ ਹਨ ਕਿ ਭਵਿੱਖ, ਅਤੀਤ ਜਾਂ ਵਰਤਮਾਨ ਵਰਗਾ ਨਹੀਂ ਹੋਵੇਗਾ। ਜੀਵਨ ਦੀ ਰਫ਼ਤਾਰ ਪਹਿਲਾਂ ਨਾਲੋਂ ਬਹੁਤ ਤੇਜ਼ ਅਤੇ ਹੁਣ ਨਾਲੋਂ ਹੋਰ ਤੇਜ਼ ਹੋਵੇਗੀ। ਇਸ ਲਈ ਗ਼ਲਤੀਆਂ ਦੀ ਰਫ਼ਤਾਰ ਅਤੇ ਇਸ ਦੇ ਨਤੀਜੇ ਬਦਲ ਜਾਣਗੇ। ਜਿਹੜੇ ਬਦਲਣ ਤੋਂ ਇਨਕਾਰੀ ਹਨ ਜਾਂ ਜਿਨ੍ਹਾਂ ਵਿਚ ਬਦਲਣ ਦੀ ਯੋਗਤਾ ਨਹੀਂ, ਉਹ ਪ੍ਰਾਚੀਨ ਹੋ ਨਿੱਬੜਨਗੇ। ਸਭ ਕੁਝ ਬਦਲਣ ਦੀਆਂ ਆਪਣੀ ਕਿਸਮ ਦੀਆਂ ਗ਼ਲਤੀਆਂ ਹੋਣਗੀਆਂ ਜਿਸ ਕਾਰਨ ਗ਼ਲਤ ਅਤੇ ਮਾੜੇ ਵਿਹਾਰ ਨੂੰ ਵਖਰਿਆਉਣਾ ਮੁਸ਼ਕਿਲ ਹੁੰਦਾ ਜਾਵੇਗਾ। ਸਹੀ-ਗ਼ਲਤ ਦਾ ਵਖਰੇਵਾਂ ਧੁੰਦਲਾ ਹੋ ਜਾਵੇਗਾ। ਅਧੂਰੀ ਸੋਚ ਕਰਕੇ ਅਤੇ ਕਿਸੇ ਸਮੱਸਿਆ ਦੇ ਸਾਰੇ ਪੱਖਾਂ ਵੱਲ ਧਿਆਨ ਨਾ ਦੇਣ ਕਰਕੇ ਨਾ ਸੁਲਝਣ ਵਾਲੀਆਂ ਉਲਝਣਾਂ ਉਪਜਣਗੀਆਂ। ਅਧੂਰੀ ਸੋਚ ਸਾਡੇ ਗਿਆਨ ਦੀ ਨਵੀਂ ਕਿਸਮ ਬਣ ਕੇ ਉਭਰੇਗੀ। ਗਿਆਨ ਇਤਨੀ ਤੇਜ਼ੀ ਨਾਲ ਦੁੱਗਣਾ-ਚੌਗਣਾ ਹੋਵੇਗਾ ਕਿ ਕੋਈ ਕੋਰਸ ਮੁਕੰਮਲ ਹੁੰਦਿਆਂ ਹੀ ਊਹ ਕੋਰਸ ਸਮੇਂ ਦੇ ਹਾਣ ਦਾ ਨਹੀਂ ਰਹੇੇਗਾ। ਸਾਰੇ ਕੋਰਸ ਕੰਪਿਊਟਰ ’ਤੇ ਊਪਲੱਬਧ ਹੋਣਗੇ ਜਿਸ ਕਾਰਨ ਕਾਲਜਾਂ, ਯੂਨੀਵਰਸਿਟੀਆਂ ਦਾ ਮਹੱਤਵ ਘਟੇਗਾ। ਹੌਲੀ ਰਫ਼ਤਾਰ ਨੁਕਸ ਸਮਝੀ ਜਾਵੇਗੀ। ਵੱਡਾ ਛੋਟੇ ਨੂੰ ਨਹੀਂ ਪਛਾੜੇਗਾ, ਤੇਜ਼, ਹੌਲੀ ਨੂੰ ਮਾਤ ਦੇਵੇਗਾ, ਜਦੋਂ ਸਭ ਕੁਝ ਬਦਲੇਗਾ ਤਾਂ ਗ਼ਲਤੀਆਂ ਤੇ ਪਛਤਾਵੇ ਵੀ ਬਦਲਣਗੇ। ਲੋਕਾਂ ਦਾ ਧਿਆਨ ਕਈ ਨੈੱਟਵਰਕਾਂ ਵਿਚ ਉਲਝਿਆ ਹੋਣ ਕਰਕੇ, ਮਾਨਸਿਕ ਵਿਕਾਸ ਨਹੀਂ ਵਾਪਰੇਗਾ। ਲੋਕ ਸੋਚਣਾ ਹੁਣ ਵੀ ਪਸੰਦ ਨਹੀਂ ਕਰਦੇ, ਉਹ ਪੜ੍ਹਨਾ-ਲਿਖਣਾ ਵੀ ਪਸੰਦ ਨਹੀਂ ਕਰਨਗੇ। ਕੁਝ ਧਿਆਨ ਨਾਲ ਸੁਣਨਗੇ ਨਹੀਂ, ਕੰਪਿਊਟਰ ਵਿਚ ਸਭ ਕੁਝ ਹੋਣ ਕਾਰਨ ਕੁਝ ਸਿੱਖਣ-ਜਾਣਨ ਦੀ ਲੋੜ ਨਹੀਂ ਸਮਝਣਗੇ। ਜੇ ਸਹੀ-ਗ਼ਲਤ ਦਾ ਅੰਤਰ ਹੀ ਪਤਾ ਨਹੀਂ ਹੋਵੇਗਾ ਤਾਂ ਮਨੁੱਖ ਕੀ ਸੋਚੇਗਾ? ਤਰਕ ਆਧਾਰਿਤ ਸਭ ਕੁਝ ਕੰਪਿਊਟਰ ਸੰਭਾਲ ਲਵੇਗਾ ਅਤੇ ਤਰਕਹੀਣਤਾ ਮਨੁੱਖ ਕੋਲ ਇਕੱਤਰ ਹੁੰਦੀ ਜਾਵੇਗੀ ਜਿਸ ਕਾਰਨ ਕੋਈ ਵੀ ਕਿਸੇ ਨਾਲ ਸਹਿਮਤ ਨਹੀਂ ਹੋਵੇਗਾ ਤੇ ਦੋਵੇਂ ਇਕ-ਦੂਜੇ ਨੂੰ ਗ਼ਲਤ ਸਿੱਧ ਕਰਨਗੇ। ਪਹਿਲਾਂ ਕੁਝ ਨਾ ਕਰ ਸਕਣ ਦਾ ਪਛਤਾਵਾ ਹੁੰਦਾ ਸੀ, ਹੁਣ ਕੁਝ ਕਰਨ ਦਾ ਵੀ ਹੋਵੇਗਾ। ਮਨੁੱਖ ਪਿਆਰ ਤਾਂ ਕਰਨਾ ਚਾਹਵੇਗਾ, ਪਰ ਵਿਸ਼ਵਾਸ ਨਹੀਂ ਕਰੇਗਾ। ਵਾਅਦੇ ਕਰੇਗਾ, ਪਰ ਨਿਭਾਉਣ ਬਾਰੇ ਨਿਰਣਾ ਨਹੀਂ ਕਰ ਸਕੇਗਾ। ਮੁਆਫ਼ ਕਰਨਾ ਅਤੇ ਕੀਤੇ ਜਾਣਾ ਚਾਹਵੇਗਾ, ਪਰ ਭੁੱਲਣ ਲਈ ਤਿਆਰ ਨਹੀਂ ਹੋਵੇਗਾ। ਉਹ ਹਰ ਵੇਲੇ ਕਿਸੇ ਗ਼ਲਤੀ ਦੇ ਪਛਤਾਵੇ ਵਿਚ ਗ੍ਰਸਿਆ ਹੋਵੇਗਾ।

ਵਿਉਂਤ ਬਣਾ ਕੇ ਕੰਮ ਕਰਨ ਕਰਕੇ ਘੱਟ ਗ਼ਲਤੀਆਂ ਹੁੰਦੀਆਂ ਹਨ, ਸੋ ਇਨ੍ਹਾਂ ਦਾ ਪਛਤਾਵਾ ਵੀ ਘੱਟ ਹੁੰਦਾ ਹੈ। ਅਜੋਕੀ ਪੀੜ੍ਹੀ ਨੂੰ ਨਿਸ਼ਾਨੇ ਮਿੱਥਣ ਦਾ ਰੋਗ ਹੈ। ਇਹ ਸਮਝਦੀ ਹੈ ਕਿ ਨਿਸ਼ਾਨਾ ਮਿੱਥਣ ਨਾਲ ਹੀ ਸਫ਼ਲਤਾ ਮਿਲ ਜਾਵੇਗੀ ਜਦੋਂਕਿ ਲੋੜ ਪ੍ਰਸੰਨਤਾ ਨਾਲ ਨਿਸ਼ਾਨਾ ਪੂਰਾ ਕਰਨ ਦੀ ਹੁੰਦੀ ਹੈ। ਜੇ ਪੜ੍ਹਾਈ ਨੂੰ ਮਾਣਿਆ ਜਾਵੇ ਤਾਂ ਇਹ ਸ਼ਕਤੀ ਪ੍ਰਦਾਨ ਕਰਦੀ ਹੈ, ਇਸ ਨਾਲ ਸਮੇਂ ਦਾ ਮਹੱਤਵ ਅਤੇ ਮੁੱਲ ਵਧ ਜਾਂਦਾ ਹੈ। ਪੜ੍ਹਾਈ ਪ੍ਰਤੀ ਵਿਖਾਈ ਲਾਪ੍ਰਵਾਹੀ, ਅਜਿਹੀ ਗ਼ਲਤੀ ਹੁੰਦੀ ਹੈ ਕਿ ਸਮੁੱਚੇ ਜੀਵਨ ਦਾ ਪੱਧਰ ਡਿੱਗ ਪੈਂਦਾ ਹੈ। ਜੇ ਪੂਰਾ ਯਤਨ ਕਰਨ ਦੇ ਬਾਵਜੂਦ ਅਸੀਂ ਸਫ਼ਲ ਨਾ ਹੋਈਏ ਤਾਂ ਵੀ ਪਛਤਾਵਾ ਨਹੀਂ ਹੁੰਦਾ ਕਿਉਂਕਿ ਕੀਤੀ ਮਿਹਨਤ ਸਿੱਧੇ-ਅਸਿੱਧੇ ਢੰਗ ਨਾਲ ਲਾਭਕਾਰੀ ਸਿੱਧ ਹੁੰਦੀ ਹੈ। ਜੀਵਨ ਦਾ ਕੋਈ ਵੀ ਪੜਾਓ, ਸਥਿਤੀ ਅਤੇ ਖੇਤਰ ਗ਼ਲਤੀਆਂ ਤੋਂ ਮੁਕਤ ਨਹੀਂ ਹੁੰਦਾ। ਕਿਸੇ ਸਮੱਸਿਆ ਨੂੰ ਹੱਲ ਕਰਨ ਦਾ ਕੋਈ ਇਕ ਢੰਗ ਨਹੀਂ ਹੁੰਦਾ। ਨਵੇਂ ਢੰਗ ਲੱਭਣੇ ਪੈਂਦੇ ਹਨ ਅਤੇ ਲੱਭਦੇ ਹਨ। ਜਦੋਂ ਐਡੀਸਨ ਬਲਬ ਦੀ ਕਾਢ ਵਿਚ ਰੁੱਝਿਆ ਹੋਇਆ ਸੀ ਤਾਂ ਢਾਈ-ਤਿੰਨ ਸੌ ਪ੍ਰਯੋਗਾਂ ਉਪਰੰਤ ਉਸ ਦੇ ਸਹਾਇਕ ਨੇ ਅਸਤੀਫ਼ਾ ਦੇ ਦਿੱਤਾ ਸੀ। ਊਦੋਂ ਐਡੀਸਨ ਨੇ ਕਿਹਾ, ਮੂਰਖ ਹੁਣ ਤਾਂ ਅਸੀਂ ਸਫ਼ਲਤਾ ਦੇ ਨੇੜੇ ਪਹੁੰਚੇ ਹੋਏ ਹਾਂ, ਸਫ਼ਲਤਾ ਦੀ ਪ੍ਰਸੰਸਾ-ਨਿੰਦਾ ਨਹੀਂ ਹੁੰਦੀ। ਪ੍ਰਸੰਸਾ ਨੀਵੀਂ ਰਹਿ ਜਾਂਦੀ ਹੈ, ਨਿੰਦਾ ਹਾਸੋਹੀਣੀ ਹੋ ਨਿੱਬੜਦੀ ਹੈ। ਜਿਨ੍ਹਾਂ ਦੀ ਕੁੰਡਲੀ ਵਿਚ ਗ਼ਲਤੀਆਂ ਨਹੀਂ ਹੁੰਦੀਆਂ, ਉਨ੍ਹਾਂ ਦੇ ਵਿਆਹ ਵੀ ਨਹੀਂ ਹੁੰਦੇ। ਗ਼ਲਤੀਆਂ ਤਾਂ ਤਾਜਮਹੱਲ ਬਣਾਉਣ ਵਿਚ ਵੀ ਹੋਈਆਂ, ਪਰ ਤਾਜ ਮਹੱਲ ਗ਼ਲਤੀਆਂ ਦੇ ਬਾਵਜੂਦ ਸੁੰਦਰ ਹੈ। ਆਪਣੇ ਨਿਸ਼ਾਨੇ ਵਿਚ ਤਾਂ ਸਿਕੰਦਰ ਵੀ ਸਫ਼ਲ ਨਹੀਂ ਹੋਇਆ, ਪਰ ਉਹ ਇਸ ਕਰਕੇ ਮਹਾਨ ਹੈ ਕਿ ਉਸ ਨੇ ਸਾਰੀ ਦੁਨੀਆਂ ਜਿੱਤਣ ਦਾ ਸੁਪਨਾ ਵੇਖਿਆ। ਗ਼ਲਤੀਆਂ ਪ੍ਰਤੀ ਸਾਨੂੰ ਆਪਣਾ ਦ੍ਰਿਸ਼ਟੀਕੋਣ ਬਦਲਣ ਦੀ ਲੋੜ ਹੈ। ਜੇ ਅਸੀਂ ਹੋਰਾਂ ਦੀਆਂ ਗ਼ਲਤੀਆਂ ਮੁਆਫ਼ ਕਰਾਂਗੇ ਤਾਂ ਸਾਡੀਆਂ ਆਪਣੀਆਂ ਗ਼ਲਤੀਆਂ ਮੁਆਫ਼ ਕੀਤੀਆਂ ਜਾਣਗੀਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All