ਗੁਆਚੀਆਂ ਛੁੱਟੀਆਂ ਦੀਆਂ ਮੌਜਾਂ

ਗੁਆਚੀਆਂ ਛੁੱਟੀਆਂ ਦੀਆਂ ਮੌਜਾਂ

ਬਲਜਿੰਦਰ ਜੌੜਕੀਆਂ

ਗਰਮੀ ਦੀਆਂ ਛੁੱਟੀਆਂ ਸਮੇਂ ਗਲੀਆਂ ਵਿੱਚ ਬੱਚਿਆਂ ਦੀ ਗਿਣਤੀ ਦੁੱਗਣੀ ਹੋ ਜਾਂਦੀ ਸੀ। ਬਾਲ ਮਹਿਮਾਨਾਂ ਦੀ ਹਾਜ਼ਰੀ ਰੰਗ ਲਾ ਦਿੰਦੀ ਸੀ। ਸਮੇਂ ਦੀ ਤੋਰ ਬਦਲੀ ਕਿ ਪੜ੍ਹਾਈ ਦੇ ਦਬਾਅ ਨੇ ਬੱਚਿਆਂ ਦੀਆਂ ਖੁਸ਼ੀਆਂ ਦਾ ਹੀ ਕਤਲ ਕਰ ਦਿੱਤਾ। ਮਾਪਿਆਂ ਵੱਲੋਂ ਬੱਚਿਆਂ ਲਈ ਪੱਕੇ ਨਿਸ਼ਾਨੇ ਹਨ। ਉਨ੍ਹਾਂ ਅੰਦਰਲੇ ਹੁਨਰ ਨੂੰ ਦਰ ਕਿਨਾਰ ਕਰਕੇ ਰੱਟੇ ਮਰਵਾਏ ਜਾ ਰਹੇ ਹਨ। ਛੁੱਟੀਆਂ ਦੇ ਕੰਮ ਕਰਕੇ ਬੱਚਿਆਂ ਅੰਦਰ ਛੁੱਟੀਆਂ ਦਾ ਚਾਅ ਗਾਇਬ ਹੈ।

ਬੱਚਿਆਂ ਦਾ ਘਰ ਰਹਿਣਾ ਮਾਪਿਆਂ ਲਈ ਬੋਝ ਬਣ ਗਿਆ ਹੈ। ਮਾਪਿਆਂ ਵੱਲੋਂ ਆਪਣੀ ਔਲਾਦ ਨੂੰ ਸਾਰੇ ਸੁੱਖ ਸਾਧਨ ਮੁਹੱਈਆ ਕਰਵਾਏ ਜਾਂਦੇ ਹਨ, ਪਰ ਬੱਚਿਆਂ ਦਾ ਵਿਕਾਸ ਸਹੂਲਤਾਂ ਨਾਲ ਨਹੀਂ ਸਮਾਂ ਦੇਣ ਨਾਲ ਹੋਣਾ ਹੈ। ਮਾਪੇ ਬੱਚਿਆਂ ਨੂੰ ਕੰਮ ਵਾਲੀਆਂ ਜਾਂ ਕਰੈੱਚ ਦੇ ਹਵਾਲੇ ਕਰ ਕੰਮਾਂ ’ਤੇ ਨਿਕਲ ਜਾਂਦੇ ਹਨ। ਸ਼ਾਮ ਨੂੰ ਥੱਕੇ ਥਕਾਏ ਘਰ ਪਰਤਦੇ ਹਨ ਅਤੇ ਬੱਚਿਆਂ ਨਾਲ ਸ਼ਾਮ ਨੂੰ ਪਿਆਰ ਨਿੱਕੀ ਜਿਹੀ ਮੁਸਕਰਾਹਟ ਦੇਣ ਤੱਕ ਸੀਮਤ ਹੋ ਕੇ ਰਹਿ ਗਿਆ ਹੈ ਤੇ ਕਈ ਵਾਰੀ ਉਹ ਵੀ ਰਹਿ ਜਾਂਦਾ ਹੈ। ਨਿਆਣੇ ਬੰਦ ਕਮਰਿਆਂ ਵਿੱਚ ਮੋਬਾਈਲਾਂ ’ਤੇ ਵੀਡਿਓ ਗੇਮਾਂ ਖੇਡਣ ਵਿੱਚ ਮਸਤ ਹਨ। ਬੱਚੇ ਕਾਰਟੂਨ ਵੇਖਦੇ ਖੁਦ ਕਾਰਟੂਨ ਬਣਦੇ ਜਾ ਰਹੇ ਹਨ। ਸਾਂਝੇ ਪਰਿਵਾਰਾਂ ਦੇ ਖਾਤਮੇ ਤੋਂ ਬਾਅਦ ਕੇਵਲ ਇੱਕ ਬੱਚਾ ਰੱਖਣ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਜੇ ਪਹਿਲਾ ਬੇਟਾ ਹੋ ਜਾਵੇ ਤਾਂ ਦੂਸਰੇ ਬੱਚੇ ਦੇ ਰਸਤੇ ਬੰਦ ਹੋ ਜਾਂਦੇ ਹਨ। ਸਕੇ ਭੈਣ ਭਾਈਆਂ ਦੀ ਅਣਹੋਂਦ ਨਾਲ ਕਿੰਨੇ ਰਿਸ਼ਤੇ ਮੁੱਕ ਜਾਂਦੇ ਹਨ। ਬਾਲ ਵਿਕਾਸ ਲਈ ਮਾਪਿਆਂ ਦੀਆਂ ਰੋਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ, ਪਰ ‘ਕੱਲੇ ਜੁਆਕ’ ਦੀ ਹਰ ਜਾਇਜ਼-ਨਾਜਾਇਜ਼ ਮੰਗ ਪੂਰੀ ਕਰਨਾ ਮਾਪਿਆਂ ਦੀ ਮਜਬੂਰੀ ਬਣ ਜਾਂਦਾ ਹੈ ਭਾਵ ਬੱਚੇ ਮਾਪਿਆਂ ਦੇ ਜਜ਼ਬਾਤਾਂ ਦਾ ਨਾਜਾਇਜ਼ ਫਾਇਦਾ ਚੁੱਕਦੇ ਹਨ। ਚਾਰੇ ਪਾਸੇ ਦੀ ਕਾਹਲ ਨਾਲ ਵਿੰਗੇ ਟੇਢੇ ਬਾਲਗਾਂ ਦੀ ਗਿਣਤੀ ਵਧ ਰਹੀ ਹੈ।

ਹਰ ਇੱਕ ਦੀ ਆਪਣੀ ਜੀਵਨ ਸ਼ੈਲੀ ਹੈ, ਕੋਈ ਵੀ ਦੂਸਰੇ ਦੀ ਦਖਲਅੰਦਾਜ਼ੀ ਪਸੰਦ ਨਹੀਂ ਕਰਦਾ। ਬੱਚਿਆਂ ਨੂੰ ਸੰਪੂਰਨ ਮਨੁੱਖ ਬਣਾਉਣ ਦੀ ਥਾਂ ਰੁਪਏ ’ਕੱਠੇ ਕਰਨ ਵਾਲੇ ਪੁਰਜ਼ੇ ਬਣਾਇਆ ਜਾ ਰਿਹਾ ਹੈ। ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਸਮਾਜਿਕ ਫਰਜ਼ਾਂ ਬਾਰੇ ਦੱਸਣਾ ਗਾਇਬ ਹੈ। ਸਗੋਂ ਬੱਚਿਆਂ ਨੂੰ ਸਮਾਜ ਤੇ ਸਾਥੀਆਂ ਨਾਲ ਕਿਵੇਂ ਬਣਾ ਕੇ ਰੱਖਣੀ ਹੈ, ਬਾਰੇ ਦੱਸਿਆ ਜਾਂਦਾ ਹੈ। ਇਹ ਪੱਕੀ ਧਾਰਨਾ ਬਣ ਗਈ ਹੈ ਕਿ ਸਾਡਾ ਬੱਚਾ ਬਾਹਰਲੇ ਬੱਚਿਆਂ ਨਾਲ ਰਲ ਕੇ ਖਰਾਬ ਹੋ ਜਾਵੇਗਾ ਹਾਲਾਂਕਿ ਦੂਸਰੇ ਬੱਚਿਆਂ ਨਾਲ ਘੁਲਣ ਮਿਲਣ ਨਾਲ ਬੱਚੇ ਅੰਦਰ ਮੋਹ ਮੁਹੱਬਤ, ਸਹਿਯੋਗ, ਸਹਿਣਸ਼ੀਲਤਾ ਵਰਗੇ ਮਾਨਵੀ ਗੁਣ ਪੈਦਾ ਹੁੰਦੇ ਹਨ। ਮਾਪਿਆਂ ਕੋਲ ਬੱਚਿਆਂ ਲਈ ਵਕਤ ਨਹੀਂ, ਪਰ ਮੋਬਾਈਲ ਲਈ ਪੂਰਾ ਸਮਾਂ ਹੈ। ਬੱਚੇ ਸਮਾਝਾਉਣ ਨਾਲ ਨਹੀਂ ਨਕਲ ਕਰਕੇ ਜ਼ਿਆਦਾ ਸਿੱਖਦੇ ਹਨ। ਮਾਪਿਆਂ ਦੇ ਗਲੀ-ਗੁਆਂਢ ਤੇ ਰਿਸ਼ਤੇਦਾਰ ਭੈਣ ਭਾਈਆਂ ਨਾਲ ਵਰਤਣ ਨਾਲ ਬੱਚਿਆਂ ਵਿੱਚ ਮੇਲ ਮਿਲਾਪ ਦੀ ਆਦਤ ਦਾ ਵਿਕਾਸ ਹੁੰਦਾ ਹੈ। ਘਰਾਂ ਦੇ ਖੁੱਲ੍ਹੇ ਦਰਾਂ ਨਾਲ ਬੱਚਿਆਂ ਦਾ ਦਾਇਰਾ ਮੋਕਲਾ ਹੈ, ਵਰਨਾ ਬੰਦ ਘਰ ਬੱਚਿਆਂ ਨੂੰ ਖੁੱਲ੍ਹਾ ਅੰਬਰ ਵੇਖਣ ਤੋਂ ਵਾਂਝਾ ਕਰ ਦਿੰਦੇ ਹਨ।

ਜੇਕਰ ਅਸੀਂ ਪਿਛਲੇ ਸਾਲਾਂ ਨੂੰ ਯਾਦ ਕਰੀਏ ਤਾਂ ਛੁੱਟੀਆਂ ਵਿੱਚ ਬੱਚਿਆਂ ਨੂੰ ਨਾਨਕੇ, ਭੂਆ ਜਾਂ ਮਾਸੀ ਕੋਲ ਜਾਣ ਦਾ ਚਾਅ ਹੁੰਦਾ ਸੀ। ਬੱਚੇ ਨਾਨੀ ਕੋਲ ਜਾ ਕੇ ਮੁੱਖ ਮਹਿਮਾਨ ਵਾਲੀ ਫੀਲਿੰਗ ਲੈਂਦੇ ਸਨ। ਨਾਨੇ ਵੱਲੋਂ ਦੁਆਏ ਬੱਤੇ ਤੇ ਕੁਲਫ਼ੀਆਂ ਦਾ ਸੁਆਦ ਹੀ ਵੱਖਰਾ ਹੁੰਦਾ ਸੀ। ਮਾਮੀਆਂ ਮਾਂ ਤੋਂ ਜ਼ਿਆਦਾ ਮੋਹ ਪਿਆਰ ਕਰਦੀਆਂ ਸਨ। ਨਾਨਕੇ ਪਿੰਡ ਦੇ ਸੂਏ ਕੱਸੀਆਂ ਤੇ ਤਿੱਖੜ ਦੁਪਹਿਰੇ ਨਹਾਉਣ ਦਾ ਨਜ਼ਾਰਾ ਹੀ ਵੱਖਰਾ ਸੀ, ਪਰ ਹੁਣ ਸਮੇਂ ਨੇ ਚਾਲ ਬਦਲੀ ਹੈ। ਗਰਮੀ ਦੀਆਂ ਛੁੱਟੀਆਂ ਵਿੱਚ ਨਾਨੀ ਪਿੰਡ ਦੀ ਥਾਂ ਟਿਊਸ਼ਨਾਂ, ਸਮਰ ਕੈਂਪਾਂ, ਐਕਸਟਰਾ ਜਮਾਤਾਂ, ਪਹਾੜਾਂ ’ਤੇ ਸੈਰ ਸਪਾਟੇ ਆਦਿ ਨੇ ਲੈ ਲਈ ਹੈ। ਅਧਿਆਪਕਾਂ ਵੱਲੋਂ ਛੁੱਟੀਆਂ ਦੇ ਕੰਮ ਦੇ ਨਾਂ ਹੇਠ ਬੋਝਲ ਲਿਖਤੀ ਤੇ ਜ਼ੁਬਾਨੀ ਯਾਦ ਕਰਨ ਦਾ ਕੰਮ ਦਿੱਤਾ ਜਾਂਦਾ ਹੈ ਜਿਸ ਨਾਲ ਬੱਚਿਆਂ ਅੰਦਰਲੀ ਸਿਰਜਣਾ ਖਤਮ ਹੋ ਜਾਂਦੀ ਹੈ। ਆਨਲਾਈਨ ਪੜ੍ਹਾਈ ਕਰਕੇ ਬੱਚੇ ਸਾਰਾ ਦਿਨ ਸਕਰੀਨ ਵੇਖਦੇ ਰਹਿੰਦੇ ਹਨ। ਇਸ ਨਾਲ ਉਨ੍ਹਾਂ ਦੀ ਨਿਗ੍ਹਾ ਘਟ ਰਹੀ ਹੈ, ਸਰੀਰਕ ਵਾਧਾ ਰੁਕਿਆ ਹੈ ਤੇ ਸੁਭਾਅ ਚਿੜ-ਚਿੜਾ ਹੋ ਗਿਆ ਹੈ। ਮੋਬਾਈਲ ਫੋਨ ਦੀ ਤੁਲਨਾ ਵੈਸੇ ਵੀ ਕੈਮੀਕਲ ਨਾਲ ਕੀਤੀ ਜਾ ਸਕਦੀ ਹੈ ਜਿਸ ਤੋਂ ਦਵਾਈਆਂ ਤੇ ਪਰਮਾਣੂ ਬੰਬ ਵੀ ਬਣਾਏ ਜਾ ਸਕਦੇ ਹਨ। ਫੋਨ ਦੇ ਸਦ ਉਪਯੋਗ ਬਾਰੇ ਮਾਪਿਆਂ ਅਤੇ ਅਧਿਆਪਕਾਂ ਨੇ ਦੱਸਣਾ ਹੈ। ਮਾਪਿਆਂ ਨੂੰ ਡਰ ਹੈ ਕਿ ਬੱਚੇ ਨੂੰ ਬਾਹਰ ਭੇਜਣਾ ਉਨ੍ਹਾਂ ਦੀਆਂ ਆਦਤਾਂ ਖਰਾਬ ਕਰਨਾ ਹੈ ਜਦੋਂ ਕਿ ਬੱਚਿਆਂ ਨੂੰ ’ਕੱਲੇ ਛੱਡਣ ਨਾਲ ਉਨ੍ਹਾਂ ਅੰਦਰ ਮਾਰੂ ਆਦਤਾਂ ਪੈਦਾ ਕਰਨ ਵਾਲੇ ਸਾਰੇ ਸਾਧਨ ਘਰਾਂ ਅੰਦਰ ਹੀ ਮੌਜੂਦ ਹਨ। ਦਾਇਰਿਆਂ ਨੂੰ ਮੋਕਲਾ ਕਰਨ ਦੀ ਲੋੜ ਹੈ। ਬੱਚਿਆਂ ਨੂੰ ਸ਼ਬਦਾਂ, ਸੰਵਾਦ ਤੇ ਸੰਵੇਦਨਾ ਨਾਲ ਜੋੜਨ ਦੀ ਲੋੜ ਹੈ ਤਾਂ ਜੋ ਉਨ੍ਹਾਂ ਅੰਦਰ ਸਮਾਜ ਪ੍ਰਤੀ ਪਿਆਰ ਤੇ ਦਰਦ ਬਣਿਆ ਰਹੇ। ਆਓ! ਬੱਚਿਆਂ ਨੂੰ ਛੁੱਟੀਆਂ ਦੇ ਜਸ਼ਨ ਮਨਾਉਣ ਵਿੱਚ ਸਹਿਯੋਗੀ ਬਣੀਏ।

ਸੰਪਰਕ: 94630-24575

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All