ਹਿਜਰਤ, ਬੇਰੁਜ਼ਗਾਰੀ ਅਤੇ ਪੰਜਾਬ ਦਾ ਉਜਾੜਾ
ਮਨੁੱਖ ਨੇ ਸਮੁੱਚੀ ਧਰਤੀ ਨੂੰ ਵੱਖ-ਵੱਖ ਦੇਸ਼ਾਂ ਅਤੇ ਖਿੱਤਿਆਂ ਵਿੱਚ ਵੰਡਿਆ ਹੋਇਆ ਹੈ। ਇਨ੍ਹਾਂ ਵਿੱਚ ਪ੍ਰਵੇਸ਼ ਕਰਨ ਲਈ ਕੁਝ ਨਿਯਮ ਤੇ ਕਾਨੂੰਨ ਬਣਾਏ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਨੀ ਲਾਜ਼ਮੀ ਹੁੰਦੀ ਹੈ। ਸਾਰੇ ਦੇਸ਼ ਆਪੋ-ਆਪਣੀ ਜਗ੍ਹਾ ਸਹੀ ਹਨ, ਪਰ ਕੁਝ...
ਮਨੁੱਖ ਨੇ ਸਮੁੱਚੀ ਧਰਤੀ ਨੂੰ ਵੱਖ-ਵੱਖ ਦੇਸ਼ਾਂ ਅਤੇ ਖਿੱਤਿਆਂ ਵਿੱਚ ਵੰਡਿਆ ਹੋਇਆ ਹੈ। ਇਨ੍ਹਾਂ ਵਿੱਚ ਪ੍ਰਵੇਸ਼ ਕਰਨ ਲਈ ਕੁਝ ਨਿਯਮ ਤੇ ਕਾਨੂੰਨ ਬਣਾਏ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਨੀ ਲਾਜ਼ਮੀ ਹੁੰਦੀ ਹੈ। ਸਾਰੇ ਦੇਸ਼ ਆਪੋ-ਆਪਣੀ ਜਗ੍ਹਾ ਸਹੀ ਹਨ, ਪਰ ਕੁਝ ਮੁਲਕਾਂ ਨੇ ਆਪਣੀ ਤੀਖਣ ਬੁੱਧੀ ਨਾਲ ਪ੍ਰਬੰਧਕੀ ਸਿਸਟਮ ਨੂੰ ਦਰੁਸਤ ਕਰਕੇ ਬੇਅੰਤ ਤਰੱਕੀ ਕਰ ਲਈ ਅਤੇ ਕੁਝ ਦੇਸ਼ ਆਰਥਿਕ ਕਾਰਨਾਂ ਕਰਕੇ ਪੱਛੜ ਗਏ।
ਕੁਝ ਪ੍ਰਬੁੱਧ ਇਨਸਾਨਾਂ ਨੇ ਆਪਣੇ ਮੁਲਕ ਦਾ ਮੁਲਾਂਕਣ ਕਰਨ ਲਈ ਵਿਦੇਸ਼ੀ ਮੁਲਕਾਂ ਦੇ ਦੌਰੇ ਕੀਤੇ ਅਤੇ ਉੱਚ ਪੱਧਰੀ ਸਿੱਖਿਆ ਹਾਸਲ ਕੀਤੀ। ਉੱਥੋਂ ਦੇ ਸੁਚੱਜੇ ਸਿਸਟਮ ਨੂੰ ਆਪਣੇ ਦੇਸ਼ ਵਿੱਚ ਲਾਗੂ ਕਰਵਾਉਣ ਲਈ ਕਈ ਉਪਰਾਲੇ ਕੀਤੇ। ਕੁਝ ਦੇਸ਼ ਉੱਥੋਂ ਦੀ ਤਕਨਾਲੋਜੀ ਨੂੰ ਅਪਣਾ ਕੇ ਉਨ੍ਹਾਂ ਦੇ ਬਰਾਬਰ ਜਾ ਖੜ੍ਹੇ ਹੋਏ ਜਾਂ ਉਸ ਤੋਂ ਵੀ ਅੱਗੇ ਨਿਕਲ ਗਏ, ਪਰ ਕੁਝ ਦੇਸ਼ ਆਪਣੇ ਨਿਜ਼ਾਮ ਦੀਆਂ ਕਮੀਆਂ ਕਾਰਨ ਅੱਗੇ ਵਧਣ ਤੋਂ ਅਸਮਰੱਥ ਰਹੇ। ਮਨੁੱਖੀ ਫਿਤਰਤ ਹੈ ਕਿ ਉਹ ਜੀਵਨ ਵਿੱਚ ਸੁਖ-ਸਹੂਲਤਾਂ ਮਾਣਨਾ ਚਾਹੁੰਦਾ ਹੈ। ਹਰ ਇਨਸਾਨ ਦੇ ਅੰਦਰ ਇਹ ਚਾਹਤ ਹੁੰਦੀ ਹੈ ਕਿ ਉਹ ਆਪਣਾ ਜੀਵਨ ਬਿਹਤਰ ਤਰੀਕੇ ਨਾਲ ਬਤੀਤ ਕਰ ਸਕੇ। ਇਸੇ ਇੱਛਾ ਤਹਿਤ ਸਾਡੇ ਦੇਸ਼ ਵਿੱਚੋਂ ਵੀ ਕੁਝ ਲੋਕਾਂ ਨੇ ਵਿਦੇਸ਼ ਜਾ ਕੇ ਪੈਸਾ ਕਮਾਉਣਾ ਸ਼ੁਰੂ ਕਰ ਦਿੱਤਾ। ਉੱਥੋਂ ਕਮਾਇਆ ਧਨ ਆਪਣੇ ਦੇਸ਼ ਲਿਆ ਕੇ ਬਹੁਤ ਵੱਡੀਆਂ ਜਾਇਦਾਦਾਂ ਬਣਾਈਆਂ। ਉਨ੍ਹਾਂ ਚੰਦ ਲੋਕਾਂ ਨੂੰ ਵੇਖ ਕੇ ਹੋਰਨਾਂ ਦੇ ਮਨ ਵਿੱਚ ਵੀ ਇਹ ਲਾਲਸਾ ਜਾਗੀ। ਉਹ ਲੋਕ ਵੀ ਕਾਨੂੰਨੀ ਪ੍ਰਕਿਰਿਆ ਰਾਹੀਂ ਉਨ੍ਹਾਂ ਦੇਸ਼ਾਂ ਵਿੱਚ ਪਹੁੰਚੇ, ਉੱਥੇ ਜਾ ਕੇ ਦਿਨ-ਰਾਤ ਮਿਹਨਤ ਕਰਕੇ ਪੈਸਾ ਕਮਾਇਆ ਅਤੇ ਆਪਣੇ ਪਿੰਡਾਂ ਵਿੱਚ ਆ ਕੇ ਉਸ ਪੈਸੇ ਦਾ ਖ਼ੂਬ ਵਿਖਾਵਾ ਵੀ ਕੀਤਾ, ਜਿਸ ਦੇ ਨਤੀਜੇ ਵਜੋਂ ਇਹ ਪ੍ਰਵਿਰਤੀ ਲਗਾਤਾਰ ਵਧਦੀ ਹੀ ਚਲੀ ਗਈ।
ਸ਼ੁਰੂਆਤੀ ਦੌਰ ਵਿੱਚ ਲੋਕ ਵਿਦੇਸ਼ਾਂ ਵਿੱਚ ਸਿਰਫ਼ ਰੁਜ਼ਗਾਰ ਲਈ ਜਾਂਦੇ ਅਤੇ ਪੈਸਾ ਕਮਾ ਕੇ ਦੇਸ਼ ਪਰਤ ਆਉਂਦੇ ਸਨ, ਪਰ ਸਮੇਂ ਦੇ ਨਾਲ ਮਾਨਸਿਕਤਾ ਬਦਲਣ ਲੱਗੀ। ਕੁਝ ਲੋਕਾਂ ਨੇ ਉੱਥੋਂ ਦੇ ਪੱਕੇ ਵਸਨੀਕਾਂ (ਵਡੇਰੀ ਉਮਰ ਦੀਆਂ ਔਰਤਾਂ) ਨਾਲ ਵਿਆਹ ਕਰਵਾ ਕੇ ਉੱਥੇ ਹੀ ਸਥਾਈ ਤੌਰ ’ਤੇ ਵਸਣਾ ਸ਼ੁਰੂ ਕਰ ਦਿੱਤਾ। ਅੱਜ ਇਸ ਪਰਵਾਸ ਦਾ ਸਰੂਪ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਵਧਦੀ ਆਬਾਦੀ ਅਤੇ ਰੁਜ਼ਗਾਰ ਦੀ ਘਾਟ ਕਾਰਨ ਸਾਡੀ ਨੌਜਵਾਨ ਪੀੜ੍ਹੀ ਵਿਦੇਸ਼ੀ ਹਿਜਰਤ ਨੂੰ ਪਹਿਲ ਦੇ ਰਹੀ ਹੈ। ਜੇਕਰ ਅੱਜ ਪੰਜਾਬ ਦੇ ਪਿੰਡਾਂ-ਸ਼ਹਿਰਾਂ ’ਤੇ ਝਾਤ ਮਾਰੀ ਜਾਵੇ ਤਾਂ ਸ਼ਾਇਦ ਹੀ ਕੋਈ ਅਜਿਹਾ ਘਰ ਮਿਲੇਗਾ, ਜਿਸ ਦਾ ਕੋਈ ਮੈਂਬਰ ਵਿਦੇਸ਼ ਨਾ ਗਿਆ ਹੋਵੇ। ਆਰਥਿਕ ਪੱਖੋਂ ਕਮਜ਼ੋਰ ਲੋਕ ਛੋਟੇ ਮੁਲਕਾਂ ਵੱਲ ਜਾ ਰਹੇ ਹਨ ਜਦੋਂਕਿ ਪੂੰਜੀਪਤੀ ਅਤੇ ਖਾਂਦੇ-ਪੀਂਦੇ ਪਰਿਵਾਰ ਪੜ੍ਹਾਈ ਜਾਂ ਵਰਕ ਵੀਜ਼ੇ ਰਾਹੀਂ ਵੱਡੇ ਦੇਸ਼ਾਂ ਵੱਲ ਧੜਾ-ਧੜ ਕੂਚ ਕਰ ਰਹੇ ਹਨ।
ਇਸ ਸਮੁੱਚੇ ਵਰਤਾਰੇ ਲਈ ਸਰਕਾਰਾਂ ਦੀਆਂ ਨਾਕਾਮੀਆਂ ਮੁੱਖ ਰੂਪ ਵਿੱਚ ਜ਼ਿੰਮੇਵਾਰ ਹਨ। ਇਸ ਪਰਵਾਸ ਦਾ ਬੁਨਿਆਦੀ ਕਾਰਨ ਬੇਰੁਜ਼ਗਾਰੀ ਹੈ। ਇੱਥੇ ਨਾ ਸਿਰਫ਼ ਰੁਜ਼ਗਾਰ ਦੇ ਮੌਕੇ ਸੀਮਤ ਹਨ ਸਗੋਂ ਕਿਰਤ ਦਾ ਮਿਹਨਤਾਨਾ ਵੀ ਬਹੁਤ ਨਿਗੂਣਾ ਹੈ। ਸਰਕਾਰੀ ਨੌਕਰੀਆਂ ਦੀ ਭਾਰੀ ਘਾਟ ਹੈ ਅਤੇ ਪ੍ਰਾਈਵੇਟ ਖੇਤਰ ਵਿੱਚ ਨੌਜਵਾਨਾਂ ਦਾ ਆਰਥਿਕ ਸ਼ੋਸ਼ਣ ਹੁੰਦਾ ਹੈ, ਜਿੱਥੇ ਮਾਮੂਲੀ ਤਨਖ਼ਾਹ ਬਦਲੇ ਅੱਠ ਤੋਂ ਦਸ ਘੰਟੇ ਕੰਮ ਲਿਆ ਜਾਂਦਾ ਹੈ। ਜਦੋਂ ਨੌਜਵਾਨ ਪੀੜ੍ਹੀ ਇਸ ਸਿਸਟਮ ਦੀ ਤੁਲਨਾ ਵਿਦੇਸ਼ਾਂ ਨਾਲ ਕਰਦੀ ਹੈ ਤਾਂ ਉਹ ਹਰ ਹੀਲਾ ਵਰਤ ਕੇ ਉੱਥੇ ਪਹੁੰਚਣਾ ਚਾਹੁੰਦੀ ਹੈ ਕਿਉਂਕਿ ਵਿਦੇਸ਼ਾਂ ਵਿੱਚ ਮਿਹਨਤ ਦੇ ਸਹੀ ਮੁੱਲ ਦੇ ਨਾਲ-ਨਾਲ ਮਨੁੱਖੀ ਸਨਮਾਨ ਵੀ ਮਿਲਦਾ ਹੈ। ਵਿਕਸਿਤ ਦੇਸ਼ਾਂ ਨੇ ਸਾਡੀਆਂ ਇਨ੍ਹਾਂ ਪ੍ਰਬੰਧਕੀ ਕਮਜ਼ੋਰੀਆਂ ਨੂੰ ਭਾਂਪਦਿਆਂ ਆਪਣੇ ਕਾਨੂੰਨਾਂ ਨੂੰ ਅਜਿਹਾ ਸਰੂਪ ਦੇ ਦਿੱਤਾ ਹੈ ਕਿ ਬੱਚੇ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਅਤੇ ਫਿਰ ਪੱਕੀ ਰਿਹਾਇਸ਼ ਦੇ ਯੋਗ ਹੋ ਜਾਂਦੇ ਹਨ। ਉਹ ਮੁਲਕ ਕਦੇ ਨਹੀਂ ਚਾਹੁੰਦੇ ਕਿ ਦੂਜੇ ਦੇਸ਼ਾਂ ਤੋਂ ਆ ਰਹੀ ਅਥਾਹ ਪੂੰਜੀ ਅਤੇ ਹੁਨਰ ਉਨ੍ਹਾਂ ਹੱਥੋਂ ਨਿਕਲੇ, ਬਸ਼ਰਤੇ ਉੱਥੇ ਜਾਣ ਵਾਲੇ ਲੋਕ ਕਾਨੂੰਨ ਦਾ ਸਨਮਾਨ ਕਰਨ। ਵਿਦੇਸ਼ੀ ਸਰਕਾਰਾਂ ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਸਾਡੇ ਵਰਗੇ ਦੇਸ਼ਾਂ ਦੀ ਪੂੰਜੀ ਉਨ੍ਹਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰ ਰਹੀ ਹੈ।
ਜੇਕਰ ਪੰਜਾਬ ਵੱਲ ਝਾਤੀ ਮਾਰੀਏ ਤਾਂ ਇੱਥੇ ਵੀਰਾਨੀ ਛਾਈ ਹੋਈ ਹੈ। ਚੰਗੇ-ਭਲੇ ਖਾਂਦੇ-ਪੀਂਦੇ ਪਰਿਵਾਰਾਂ ਕੋਲ ਜ਼ਮੀਨ-ਜਾਇਦਾਦ ਹੋਣ ਦੇ ਬਾਵਜੂਦ ਬੱਚੇ ਵਿਦੇਸ਼ਾਂ ਵਿੱਚ ਵਸਣ ਨੂੰ ਤਰਜੀਹ ਦੇ ਰਹੇ ਹਨ। ਬਜ਼ੁਰਗ ਮਾਪੇ ਬਿਰਧ ਆਸ਼ਰਮਾਂ ਵਿੱਚ ਦਿਨ ਕੱਟਣ ਲਈ ਮਜਬੂਰ ਹਨ ਜਾਂ ਉੱਥੇ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ। ਲੱਖਾਂ-ਕਰੋੜਾਂ ਦੀਆਂ ਜਾਇਦਾਦਾਂ ਲਾਵਾਰਿਸਾਂ ਵਾਂਗ ਸੁੰਨੀਆਂ ਪਈਆਂ ਹਨ ਅਤੇ ਆਲੀਸ਼ਾਨ ਘਰ ਦਿਨ-ਰਾਤ ਆਪਣਿਆਂ ਨੂੰ ਅਵਾਜ਼ਾਂ ਮਾਰ ਰਹੇ ਹਨ। ਵਿਦੇਸ਼ ਗਏ ਬੱਚਿਆਂ ਦਾ ਨਾ ਇਨ੍ਹਾਂ ਘਰਾਂ ਅਤੇ ਨਾ ਹੀ ਮਾਪਿਆਂ ਨਾਲ ਉਹ ਪੁਰਾਣਾ ਮੋਹ ਰਿਹਾ ਹੈ, ਜੋ ਕਿ ਬਹੁਤ ਚਿੰਤਾਜਨਕ ਵਰਤਾਰਾ ਹੈ।
ਵਧ ਰਹੇ ਅਪਰਾਧ ਨੇ ਵੀ ਪਰਵਾਸ ਵਿੱਚ ਵੱਡਾ ਹਿੱਸਾ ਪਾਇਆ ਹੈ, ਜਿਸ ਕਾਰਨ ਸ਼ਰੀਫ਼ ਅਤੇ ਹੋਣਹਾਰ ਬੱਚੇ ਪੰਜਾਬ ਵਿੱਚ ਰਹਿਣਾ ਨਹੀਂ ਚਾਹੁੰਦੇ। ਪੰਜਾਬ ਵਿੱਚ ਵਹਿੰਦੇ ਨਸ਼ਿਆਂ ਦੇ ਦਰਿਆ ਅਤੇ ਗੈਂਗਸਟਰਵਾਦ ਤੋਂ ਘਬਰਾਏ ਮਾਪੇ ਆਪਣੇ ਬੱਚਿਆਂ ਨੂੰ ਛੇਤੀ ਤੋਂ ਛੇਤੀ ਇੱਥੋਂ ਬਾਹਰ ਭੇਜਣਾ ਚਾਹੁੰਦੇ ਹਨ। ਮਾਪਿਆਂ ਨੂੰ ਡਰ ਹੈ ਕਿ ਕਿਧਰੇ ਉਨ੍ਹਾਂ ਦੇ ਬੱਚੇ ਮਾੜੀ ਸੰਗਤ ਵਿੱਚ ਪੈ ਕੇ ਜਾਂ ਗੈਂਗਸਟਰ ਕਲਚਰ ਦਾ ਸ਼ਿਕਾਰ ਹੋ ਕੇ ਆਪਣੀ ਜ਼ਿੰਦਗੀ ਬਰਬਾਦ ਨਾ ਕਰ ਲੈਣ। ਇੱਕ ਤ੍ਰਾਸਦੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਜੇਕਰ ਕੋਈ ਨੌਜਵਾਨ ਪੜ੍ਹ-ਲਿਖ ਕੇ ਕੋਈ ਵੱਡਾ ਕਾਰੋਬਾਰ ਖੋਲ੍ਹਦਾ ਹੈ ਤਾਂ ਉਸ ਕੋਲੋਂ ਗੈਂਗਸਟਰਾਂ ਵੱਲੋਂ ਫਿਰੌਤੀਆਂ ਮੰਗੀਆਂ ਜਾਂਦੀਆਂ ਹਨ। ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰ ਦਿੱਤਾ ਜਾਂਦਾ ਹੈ। ਇਹ ਖ਼ੌਫ਼ਨਾਕ ਮਾਹੌਲ ਸਾਡੀ ਜਵਾਨੀ ਨੂੰ ਹਿਜਰਤ ਲਈ ਮਜਬੂਰ ਕਰ ਰਿਹਾ ਹੈ। ਮਾਪੇ ਬੇਸ਼ੱਕ ਆਪਣੀ ਕਰੋੜਾਂ ਦੀ ਜਾਇਦਾਦ ਮਿੱਟੀ ਵਿੱਚ ਮਿਲਦੀ ਵੇਖ ਅਤੇ ਆਪਣਾ ਬੁਢਾਪਾ ਰੁਲਦਾ ਮਹਿਸੂਸ ਕਰ ਰਹੇ ਹਨ, ਪਰ ਆਪਣੇ ਬੱਚਿਆਂ ਦੀ ਸਲਾਮਤੀ ਲਈ ਉਹ ਸੀਨੇ ’ਤੇ ਪੱਥਰ ਰੱਖ ਕੇ ਉਨ੍ਹਾਂ ਨੂੰ ਵਿਦੇਸ਼ ਤੋਰ ਰਹੇ ਹਨ।
ਜ਼ਮੀਨੀ ਪੱਧਰ ’ਤੇ ਜਾ ਕੇ ਅਪਰਾਧਾਂ ਨੂੰ ਠੱਲ੍ਹ ਪਾਉਣੀ ਪਵੇਗੀ। ਦਰਅਸਲ, ਪਰਵਾਸ ਨੂੰ ਹੱਲਾਸ਼ੇਰੀ ਦੇਣ ਲਈ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਰਕਾਰਾਂ ਹੀ ਜ਼ਿੰਮੇਵਾਰ ਹਨ। ਇਸੇ ਲਈ ਕਿਸੇ ਸ਼ਾਇਰ ਨੇ ਸੱਚ ਹੀ ਲਿਖਿਆ ਹੈ:
ਵੱਸਦੇ-ਰੱਸਦੇ ਘਰ ਜੋ ਖੰਡਰ ਹੋ ਗਏ ਨੇ,
ਨਾ ਬੱਚਿਆਂ ਨੂੰ ਚਿੰਤਾ, ਨਾ ਸਰਕਾਰਾਂ ਨੂੰ।
ਪਰਤੇ ਨਾ ਜੋ ਨਿਕਲੇ ਸੀ ਰੁਜ਼ਗਾਰਾਂ ਨੂੰ,
ਸੁੰਨੇ ਵਿਹੜੇ ਲੋਚ ਰਹੇ ਪਰਿਵਾਰਾਂ ਨੂੰ।
ਸੰਪਰਕ: 99888-11681

