DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਨਹਿਰੇ ਭਵਿੱਖ ਦੀ ਤਲਾਸ਼ ਲਈ ਪਰਵਾਸ

ਸਾਡੇ ਦੇਸ਼ ਵਿੱਚ ਰਾਸ਼ਟਰੀ ਨੌਜਵਾਨ ਦਿਵਸ ਹਰ ਸਾਲ 12 ਜਨਵਰੀ ਨੂੰ ਮਨਾਇਆ ਜਾਂਦਾ ਹੈ, ਇਸ ਦਿਨ ਨੂੰ ਸਵਾਮੀ ਵਿਵੇਕਾਨੰਦ ਦੀ ਜਯੰਤੀ ਵਜੋਂ ਮਨਾਇਆ ਜਾਂਦਾ ਹੈ। ਨੌਜਵਾਨਾਂ ਲਈ ਸਿੱਖਿਆ ਦੇ ਮਹੱਤਵ ਨੂੰ ਸਮਝਦਿਆਂ ਸਵਾਮੀ ਵਿਵੇਕਾਨੰਦ ਕਹਿੰਦੇ ਸਨ ਕਿ ਨੌਜਵਾਨਾਂ ਦੇ ਸਸ਼ਕਤੀਕਰਨ...

  • fb
  • twitter
  • whatsapp
  • whatsapp
Advertisement

ਸਾਡੇ ਦੇਸ਼ ਵਿੱਚ ਰਾਸ਼ਟਰੀ ਨੌਜਵਾਨ ਦਿਵਸ ਹਰ ਸਾਲ 12 ਜਨਵਰੀ ਨੂੰ ਮਨਾਇਆ ਜਾਂਦਾ ਹੈ, ਇਸ ਦਿਨ ਨੂੰ ਸਵਾਮੀ ਵਿਵੇਕਾਨੰਦ ਦੀ ਜਯੰਤੀ ਵਜੋਂ ਮਨਾਇਆ ਜਾਂਦਾ ਹੈ। ਨੌਜਵਾਨਾਂ ਲਈ ਸਿੱਖਿਆ ਦੇ ਮਹੱਤਵ ਨੂੰ ਸਮਝਦਿਆਂ ਸਵਾਮੀ ਵਿਵੇਕਾਨੰਦ ਕਹਿੰਦੇ ਸਨ ਕਿ ਨੌਜਵਾਨਾਂ ਦੇ ਸਸ਼ਕਤੀਕਰਨ ਲਈ ਸਿੱਖਿਆ ਬਹੁਤ ਜ਼ਰੂਰੀ ਹੈ ਅਤੇ ਅਨੁਭਵ ਦੁਨੀਆ ਦਾ ਸਭ ਤੋਂ ਵਧੀਆ ਅਧਿਆਪਕ ਹੈ। ਸਵਾਮੀ ਵਿਵੇਕਾਨੰਦ ਦਾ ਮੰਨਣਾ ਸੀ ਕਿ ਨੌਜਵਾਨ ਸਾਰੀਆਂ ਸਮੱਸਿਆਵਾਂ ਨਾਲ ਲੜ ਸਕਦੇ ਹਨ ਅਤੇ ਨੌਜਵਾਨ ਵਰਗ ਦੇਸ਼ ਦਾ ਸਰਮਾਇਆ ਹੈ, ਪਰ ਅੱਜ ਜੋ ਸਾਡੇ ਨੌਜਵਾਨਾਂ ਦੀ ਤ੍ਰਾਸਦੀ ਹੈ, ਉਸ ’ਤੇ ਸਵਾਲ ਉੱਠਣੇ ਸੁਭਾਵਿਕ ਹਨ।

ਕੀ ਅਸੀਂ ਇਸ ਦਿਨ ਨੂੰ ਸਿੱਖਿਆ ਅਤੇ ਰਾਜਨੀਤੀ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਅਤੇ ਵਿਸ਼ਵਵਿਆਪੀ ਚੁਣੌਤੀਆਂ ਨੂੰ ਹੱਲ ਕਰਨ ਲਈ ਪ੍ਰਭਾਵਸ਼ਾਲੀ ਸਰੋਤ ਪ੍ਰਬੰਧਨ ਲਈ ਇੱਕ ਸਾਧਨ ਵਜੋਂ ਵਰਤ ਸਕੇ ਹਾਂ ? ਕੀ ਅਸੀਂ ਨੌਜਵਾਨ ਪੀੜ੍ਹੀ ਨੂੰ ਅੰਧਵਿਸ਼ਵਾਸੀ ਯੁੱਗ ਵਿੱਚੋਂ ਕੱਢ ਕੇ ਨਵੀਂ ਵਿਗਿਆਨਕ ਦੁਨੀਆ ਨਾਲ ਜੋੜਨ ਵਿੱਚ ਸਫਲ ਹੋਏ ਹਾਂ? ਕੀ ਅਸੀਂ ਨੌਜਵਾਨ ਪੀੜ੍ਹੀ ਨੂੰ ਚੰਗਾ ਸਿਸਟਮ, ਚੰਗੀ ਸਿੱਖਿਆ, ਚੰਗਾ ਰੁਜ਼ਗਾਰ ਅਤੇ ਖੁਸ਼ਹਾਲ ਭਵਿੱਖ ਦੇਣ ਵਿੱਚ ਸਫਲ ਹੋਏ ਹਾਂ ? ਸਾਨੂੰ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਨੌਜਵਾਨ ਵਰਗ ਨੂੰ ਸੁਨਿਹਰੇ ਭਵਿੱਖ ਦੀ ਤਲਾਸ਼ ਲਈ ਪਰਵਾਸ ਕਰਨ ਦੇ ਕਾਰਨਾਂ ਵਿੱਚ ਹੀ ਲੱਭ ਪਵੇਗਾ।

Advertisement

ਇਹ ਦਿਵਸ ਭਾਰਤ ਦੇ ਨੌਜਵਾਨ ਵਰਗ ਲਈ ਕੀ ਲੈ ਕੇ ਆਉਂਦਾ ਹੈ ਅਤੇ ਸਾਡੇ ਮੁਲਕ ਦੀਆਂ ਸਰਕਾਰਾਂ ਇਸ ਦਿਨ ਨੌਜਵਾਨਾਂ ਦੇ ਚੰਗੇ ਭਵਿੱਖ ਅਤੇ ਉਨ੍ਹਾਂ ਦੇ ਰੁਜ਼ਗਾਰ ਸਬੰਧੀ ਕਿੰਨੀਆਂ ਕੁ ਨਵੀਆਂ ਨੀਤੀਆਂ ਲੈ ਕੇ ਆਉਂਦੀਆਂ ਹਨ, ਇਸ ਦਾ ਅੰਦਾਜ਼ਾ ਨੌਜਵਾਨ ਪੀੜ੍ਹੀ ਦੇ ਲਗਾਤਾਰ ਵੱਧ ਰਹੇ ਪਰਵਾਸ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਅੱਜ ਸਾਡੇ ਦੇਸ਼ ਖ਼ਾਸ ਕਰ ਪੰਜਾਬ ਦਾ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਜਿਸ ਹਿਸਾਬ ਨਾਲ ਦੂਜੇ ਮੁਲਕਾਂ ਵਿੱਚ ਪਰਵਾਸ ਕਰ ਰਿਹਾ ਹੈ, ਇਸ ਤੋਂ ਸਹਿਜੇ ਹੀ ਆਪਣੇ ਮੁਲਕ ਦੀ ਤ੍ਰਾਸਦੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸਾਡੇ ਦੇਸ਼ ਦੀ ਤ੍ਰਾਸਦੀ ਕਹਿ ਲਵੋ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦੀ ਰਾਜਨੀਤੀ ਅਤੇ ਸਿਆਸਤ ਹੀ ਦੇਸ਼ ਦੀ ਮਾੜੀ ਸਥਿਤੀ ਦਾ ਕਾਰਨ ਬਣੀ ਹੈ। ਇਹ ਇੱਕ ਕੌੜਾ ਸੱਚ ਹੈ ਕਿ ਅੱਜ ਦੇਸ਼ ਦੇ 90 ਫੀਸਦੀ ਨੇਤਾ ਸਿਰਫ਼ ਸੱਤਾ, ਕੁਰਸੀ ਅਤੇ ਪੈਸੇ ਲਈ ਰਾਜਨੀਤੀ ਦੀ ਖੇਡ ਖੇਡ ਰਹੇ ਹਨ। ਰਾਜਨੀਤਕ ਪਾਰਟੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਸੱਤਾ ਹਾਸਲ ਕਰਨ ਵਿੱਚ ਕਾਮਯਾਬ ਹੋ ਜਾਂਦੀਆਂ ਹਨ ਅਤੇ ਪੰਜ ਸਾਲ ਬਾਅਦ ਕੋਈ ਹੋਰ ਪਾਰਟੀ ਸੱਤਾ ਵਿੱਚ ਆ ਜਾਂਦੀ ਹੈ। ਇਹ ਪੰਜ ਸਾਲ ਦਾ ਵਕਤ ਸਿਰਫ਼ ਇੱਕ-ਦੂਜੇ ’ਤੇ ਦੁਸ਼ਣ ਲਾਉਣ ਵਿੱਚ ਨਿਕਲ ਜਾਂਦਾ ਹੈ।

Advertisement

ਸੱਤਾ ਹਾਸਲ ਕਰਨ ਲਈ ਰਾਜਨੀਤਕ ਪਾਰਟੀਆਂ ਵੱਲੋਂ ਧਰਮ ਅਤੇ ਜਾਤ ਦੇ ਪੱਤੇ ਖੇਡੇ ਜਾਂਦੇ ਹਨ ਜਾਂ ਫਿਰ ਆਟਾ ਦਾਲ ਵਰਗੀਆਂ ਸਕੀਮਾਂ ਦੇ ਆਸਰੇ ਸੱਤਾ ਹਾਸਲ ਕਰਨ ਵਿੱਚ ਕਾਮਯਾਬ ਹੋ ਜਾਂਦੀਆਂ ਹਨ। ਦੇਸ਼ ਨੂੰ ਵਿਕਾਸਸ਼ੀਲ ਅਤੇ ਖੁਸ਼ਹਾਲ ਕਿਵੇਂ ਬਣਾਇਆ ਜਾਵੇ, ਨੌਜਵਾਨਾਂ ਨੂੰ ਚੰਗੀ ਸਿੱਖਿਆ, ਰੁਜ਼ਗਾਰ ਅਤੇ ਸਿਹਤ ਦੇਣ ਲਈ ਕੀ ਰਾਜਨੀਤੀ ਬਣਾਈ ਜਾਵੇ? ਸ਼ਾਇਦ ਇਹ ਸੋਚਣ ਦਾ ਕਿਸੇ ਰਾਜਨੀਤਕ ਪਾਰਟੀ ਕੋਲ ਸਮਾਂ ਹੀ ਨਹੀਂ ਹੈ। ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਕਿਵੇਂ ਪੈਦਾ ਕਰਨੇ ਹਨ, ਨੌਜਵਾਨਾਂ ਨੂੰ ਵਿਗਿਆਨ ਨਾਲ ਕਿਵੇਂ ਜੋੜਨਾ ਹੈ, ਨੌਜਵਾਨਾਂ ਨੂੰ ਨਵੀਂ ਟੈਕਨਾਲੋਜੀ ਦੀ ਸਿੱਖਿਆ ਕਿਵੇਂ ਦੇਣੀ ਹੈ, ਇਸ ਸਬੰਧੀ ਸਰਕਾਰਾਂ ਕਦੇ ਵੀ ਗੰਭੀਰ ਨਹੀਂ ਹੋਈਆਂ। ਮੁੱਠੀ ਭਰ ਸਰਕਾਰੀ ਨੌਕਰੀਆਂ ਨਾਲ ਦੇਸ਼ ਦਾ ਨੌਜਵਾਨ ਬੇਰੁਜ਼ਗਾਰੀ ਦੀ ਦਲਦਲ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ। ਦੇਸ਼ ਦੀ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਹੋਰ ਬਹੁਤ ਸਾਰੇ ਸੰਘਰਸ਼ਾਂ ਵਿੱਚ ਨੌਜਵਾਨਾਂ ਦਾ ਅਹਿਮ ਰੋਲ ਰਿਹਾ ਹੈ। ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਉੱਥੋਂ ਦੇ ਨੌਜਵਾਨਾਂ ਦੇ ਚਿਹਰਿਆਂ ਤੋਂ ਸਹਿਜੇ ਹੀ ਪੜ੍ਹੀ ਜਾ ਸਕਦੀ ਹੈ। ਨੌਜਵਾਨ ਇੱਕ ਇਹੋ ਜਿਹਾ ਵਰਗ ਹੈ, ਜਿਸ ਤੋਂ ਬਿਨਾਂ ਕਿਸੇ ਦੇਸ਼ ਜਾਂ ਸੂਬੇ ਦੀ ਸੱਤਾ ਤਬਦੀਲੀ ਨਹੀਂ ਹੋ ਸਕਦੀ। ਅੱਜ ਦੇਸ਼ ਦਾ ਨੌਜਵਾਨ ਦੂਜੇ ਦੇਸ਼ਾਂ ਵੱਲ ਜਾਣ ਲਈ ਜੱਦੋ ਜਹਿਦ ਕਰ ਰਿਹਾ ਹੈ, ਜਿਸ ਦਾ ਵੱਡਾ ਕਾਰਨ ਦੇਸ਼ ਵਿੱਚ ਰਾਜਨੀਤਕ ਸਿਸਟਮ ਸਹੀ ਨਾ ਹੋਣ ਕਰਕੇ ਦੇਸ਼ ਵਿੱਚ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਗ਼ਰੀਬੀ, ਆਬਾਦੀ ਅਤੇ ਨਸ਼ੇ ਵਰਗੀਆਂ ਸਮੱਸਿਆਵਾਂ ਦਾ ਲਗਾਤਾਰ ਵਧਦੇ ਰਹਿਣਾ ਹੈ। ਪਾਰਟੀਆਂ ਵੱਲੋਂ ਕਈ ਤਰ੍ਹਾਂ ਦੇ ਵਾਅਦੇ ਜ਼ਰੂਰ ਕੀਤੇ ਜਾਂਦੇ ਹਨ, ਪਰ ਕੋਈ ਠੋਸ ਨੀਤੀ ਨਹੀਂ ਬਣਾਈ ਜਾਂਦੀ। ਜਦੋਂਕਿ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਇਹ ਹੁਣ ਵੀ ਹੈ, ਪਰ ਸੋਨੇ ਦੀ ਖਾਣ ਵਿੱਚੋਂ ਕਿਸੇ ਸਰਕਾਰ ਨੇ ਸੋਨਾ ਕੱਢਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਦੇਸ਼ ਦਾ ਵਾਤਾਵਰਨ ਅਤੇ ਜ਼ਮੀਨ ਖੁਸ਼ਹਾਲੀ ਦੇ ਅਨੂਕੂਲ ਹੋਣ ਦੇ ਬਾਵਜੂਦ ਸੋਨੇ ਦੀ ਚਿੜੀ ਕਿਹਾ ਜਾਣ ਵਾਲਾ ਭਾਰਤ ਵਿਕਾਸਸ਼ੀਲ ਦੇਸ਼ਾਂ ਤੋਂ ਬਹੁਤ ਪੱਛੜ ਗਿਆ ਹੈ। ਹੁਣ ਤੱਕ ਦੇਸ਼ ਦੀ ਸਿਆਸਤ ਹਮੇਸ਼ਾਂ ਸਿਰਫ਼ ਧਨਾਢ ਲੋਕਾਂ ਤੱਕ ਹੀ ਸੀਮਤ ਰਹੀ ਹੈ। ਪਾਰਟੀਆਂ ਅਤੇ ਰਾਜਨੀਤਕ ਲੋਕਾਂ ਵੱਲੋਂ ਵੱਡੇ-ਵੱਡੇ ਲੋਕਾਂ ਅਤੇ ਕੰਪਨੀਆਂ ਤੋਂ ਪਾਰਟੀ ਫੰਡ ਲੈ ਕੇ ਅਤੇ ਪੈਸਾ ਵੰਡ ਕੇ ਚੋਣਾਂ ਜਿੱਤ ਲਈਆਂ ਜਾਂਦੀਆਂ ਹਨ ਅਤੇ ਬਾਅਦ ’ਚ ਉਨ੍ਹਾਂ ਦੇ ਮੁਤਾਬਕ ਹੀ ਸਰਕਾਰਾਂ ਚੱਲਦੀਆਂ ਹਨ। ਇਸ ਕਰਕੇ ਰਾਜਨੀਤੀ ਸਮਾਜ ਸੇਵਾ ਦੀ ਬਜਾਏ ਇੱਕ ਬਿਜ਼ਨਸ ਬਣ ਕੇ ਰਹਿ ਚੁੱਕੀ ਹੈ। ਇੱਥੋਂ ਤੱਕ ਕਿ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦੇ ਵੀ ਵੇਚੇ ਅਤੇ ਖ਼ਰੀਦੇ ਜਾਂਦੇ ਹਨ। ਜ਼ਿਆਦਾਤਰ ਰਾਜਨੀਤੀ ਪੈਸੇ ਅਤੇ ਧਨਾਢ ਲੋਕਾਂ ਦੇ ਦੁਆਲੇ ਘੁੰਮਦੀ ਘੁੰਮਦੀ ਗ਼ਰੀਬਾਂ, ਨੌਜਵਾਨਾਂ ਅਤੇ ਦੇਸ਼ ਦੀਆਂ ਹੋਰ ਸਮੱਸਿਆਵਾਂ ਤੱਕ ਪਹੁੰਚਦੇ ਪਹੁੰਚਦੇ ਦਮ ਤੋੜ ਜਾਂਦੀ ਹੈ।

ਲੇਬਰ ਬਿਊਰੋ ਦੇ ਅੰਕੜਿਆਂ ਅਨੁਸਾਰ ਭਾਰਤ ਦੁਨੀਆ ਦਾ ਸਭ ਤੋਂ ਵੱਧ ਬੇਰੁਜ਼ਗਾਰਾਂ ਦਾ ਦੇਸ਼ ਬਣ ਚੁੱਕਿਆ ਹੈ। ਦੇਸ਼ ਵਿੱਚ ਨੌਕਰੀਆਂ ਦਿਨ ਪ੍ਰਤੀ ਦਿਨ ਘਟ ਰਹੀਆਂ ਹਨ, ਸਵੈ-ਰੁਜ਼ਗਾਰ ਦੇ ਮੌਕੇ ਦੇਸ਼ ਦੇ ਨੌਜਵਾਨਾਂ ਨੂੰ ਨਹੀਂ ਮਿਲ ਰਹੇ। ਭਾਰਤ ਚੀਨ ਨੂੰ ਪਛਾੜ ਕੇ ਦੁਨੀਆ ’ਚ ਅਬਾਦੀ ’ਚ ਪਹਿਲਾ ਵੱਡਾ ਦੇਸ਼ ਬਣ ਚੁੱਕਾ ਹੈ ਜਿਸ ਦੀ 65 ਫ਼ੀਸਦੀ ਆਬਾਦੀ ਦੀ ਔਸਤ ਉਮਰ 35 ਸਾਲ ਦੇ ਕਰੀਬ ਹੈ। ਭਾਵ ਭਾਰਤ ’ਚ ਨੌਜਵਾਨ ਕਾਮਾ ਸ਼ਕਤੀ, ਦੁਨੀਆ ਦੇ ਵਿਕਾਸਸ਼ੀਲ ਦੇਸ਼ਾਂ ਨਾਲੋਂ ਵੀ ਵੱਡੀ ਹੈ, ਪਰ ਇਸ ਕਾਮਾ ਸ਼ਕਤੀ ਕੋਲ ਰੁਜ਼ਗਾਰ, ਇੱਛੁਕ ਰੁਜ਼ਗਾਰ ਜਾਂ ਸਵੈ ਰੁਜ਼ਗਾਰ ਦੀ ਘਾਟ ਹੈ, ਜੋ ਵੱਡੀ ਨਿਰਾਸ਼ਾ ਦਾ ਕਾਰਨ ਹੈ। ਇਹ ਕਈ ਹਾਲਤਾਂ ਵਿੱਚ ਉਸ ਨੂੰ ਪਰਵਾਸ ਹੰਢਾਉਣ ਲਈ ਮਜਬੂਰ ਕਰ ਰਹੀ ਹੈ ਜਾਂ ਫਿਰ ਉਸ ਨੂੰ ਸਮਾਜ ਵਿਰੋਧੀ ਸਰਗਰਮੀਆਂ, ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਵੱਲ ਪ੍ਰੇਰਿਤ ਕਰਦੀ ਹੈ। ਜੇਕਰ ਇਕੱਲੇ ਪੰਜਾਬ ਦੇ ਨੌਜਵਾਨਾਂ ਦੇ ਪਰਵਾਸ ਦੀ ਗੱਲ ਕਰੀਏ ਤਾਂ ਅੰਦਾਜ਼ਨ ਇਸ ਵੇਲੇ ਸਿਰਫ਼ ਕੈਨੇਡਾ ਵਿੱਚ ਹੀ 12 ਲੱਖ ਤੋਂ ਵੱਧ ਪੰਜਾਬੀ ਪਹੁੰਚ ਚੁੱਕੇ ਹਨ, ਇਗਲੈਂਡ ਵਿਖੇ 8 ਲੱਖ ਦੇ ਕਰੀਬ ਅਤੇ ਆਸਟਰੇਲੀਆ ਵਿੱਚ ਵੀ ਕਰੀਬ 5 ਲੱਖ ਤੋਂ ਵੱਧ ਪੰਜਾਬੀ ਪਹੁੰਚ ਚੁੱਕੇ ਹਨ। ਜੇਕਰ ਵਿਦੇਸ਼ ਜਾਣ ਦੀਆਂ ਸ਼ਰਤਾਂ ਨਰਮ ਕਰ ਦਿੱਤੀਆਂ ਜਾਣ ਤਾਂ ਸ਼ਾਇਦ ਅੱਧੇ ਤੋਂ ਜ਼ਿਆਦਾ ਪੰਜਾਬੀ ਨੌਜਵਾਨ ਬਾਹਰਲੇ ਮੁਲਕਾਂ ਵਿੱਚ ਜਾ ਸਕਦੇ ਹਨ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਦੇਸ਼ ਦਾ ਨੌਜਵਾਨ ਇਸ ਸਮੇਂ ਨਿਰਾਸ਼ਾ ਦੇ ਆਲਮ ਵਿੱਚੋਂ ਗੁਜ਼ਰ ਰਿਹਾ ਹੈ। ਇਸ ਨਿਰਾਸ਼ਤਾ ਕਾਰਨ ਉਹ ਆਪਣੇ ਜਨਤਕ ਜੀਵਨ ਵਿੱਚ ਸੁਤੰਤਰ ਫ਼ੈਸਲੇ ਨਹੀਂ ਲੈ ਸਕਦੇ। ਉਨ੍ਹਾਂ ਦੇ ਜੀਵਨ ਵਿੱਚ ਉਦਾਸੀ ਅਤੇ ਨਿਰਾਸ਼ਾ ਦਾ ਆਲਮ ਆਮ ਵੇਖਿਆ ਜਾਣ ਲੱਗਾ ਹੈ। ਉਨ੍ਹਾਂ ਦੇ ਮਨ ’ਚ ਪੈਦਾ ਹੋ ਰਹੇ ਨਕਾਰਾਤਮਕ ਵਿਚਾਰ, ਕ੍ਰੋਧ ਅਤੇ ਤਣਾਅ ਉਨ੍ਹਾਂ ਦੇ ਵਿਅਕਤੀਗਤ ਜੀਵਨ ’ਤੇ ਬੁਰਾ ਪ੍ਰਭਾਵ ਛੱਡ ਰਹੇ ਹਨ। ਉਹ ਆਪਣੇ ਸੱਭਿਆਚਾਰ, ਸਮਾਜਿਕ ਮੁੱਲਾਂ ਅਤੇ ਪਰੰਪਰਾਵਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਇਸ ਸਮੇਂ ਦੇਸ਼ ਅਤੇ ਸੂਬਿਆਂ ਦੀ ਵਿਗੜੀ ਅਰਥ ਵਿਵਸਥਾ ਨੂੰ ਥਾਂ-ਸਿਰ ਲਿਆਉਣ ਲਈ ਵੱਡੇ ਕਦਮ ਪੁੱਟਣ ਦੀ ਲੋੜ ਹੈ, ਪਰ ਇਸ ਤੋਂ ਵੀ ਵੱਡੀ ਲੋੜ ਸਥਾਨਕ ਪੱਧਰ ’ਤੇ ਅਸਥਾਈ ਅਤੇ ਸਥਾਈ ਰੁਜ਼ਗਾਰ ਸਿਰਜਣ ਦੀ ਹੈ। ਇਸ ਵਾਸਤੇ ਭਾਰਤ ਅਤੇ ਸੂਬਿਆਂ ਨੂੰ ਆਪਣੀਆਂ ਨੀਤੀਆਂ ਵਿੱਚ ਵੱਡਾ ਬਦਲਾਅ ਕਰਨਾ ਹੋਏਗਾ ਅਤੇ ਨਾ-ਬਰਾਬਰੀ ਵਾਲੇ ਲੋਕਾਂ ਦੀ ਲੁੱਟ-ਖਸੁੱਟ ਵਾਲੇ ਅਰਥਚਾਰੇ ਨੂੰ ਕਾਬੂ ਕਰਨਾ ਹੋਵੇਗਾ। ਸਰਕਾਰਾਂ ਨੂੰ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਠੋਸ ਨੀਤੀਆਂ ਲਿਆਉਣ ਦੀ ਲੋੜ ਹੈ, ਕਿਉਂਕਿ ਜਿਸ ਦੇਸ਼ ਦਾ ਨੌਜਵਾਨ ਵਰਗ ਨਿਰਾਸ਼ ਹੈ ਤਾਂ ਉਸ ਦੇਸ਼ ਦੇ ਵਿਕਾਸ ਵਿੱਚ ਤੇਜ਼ੀ ਆਉਣੀ ਨਾ ਮੁਮਕਿਨ ਹੈ। ਜੇਕਰ ਅਸੀਂ ਆਪਣੇ ਦੇਸ਼ ਦੇ ਨੌਜਵਾਨਾਂ ਦੀ ਊਰਜਾ ਬਾਹਰਲੇ ਮੁਲਕਾਂ ਦੀ ਬਜਾਏ ਆਪਣੇ ਦੇਸ਼ ਵਿੱਚ ਲਾਉਣਾ ਚਾਹੁੰਦੇ ਹਾਂ ਤਾਂ ਸਰਕਾਰਾਂ ਨੂੰ ਦੇਸ਼ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦੇ ਸਾਧਨਾਂ ’ਤੇ ਗੰਭੀਰ ਚਰਚਾ ਕਰਨ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਅੰਧਵਿਸ਼ਵਾਸੀ ਸੋਚ ’ਚੋਂ ਕੱਢ ਕੇ ਵਿਗਿਆਨਕ, ਕਿੱਤਾਮੁਖੀ ਅਤੇ ਨਵੀਂ ਤਕਨਾਲੋਜੀ ਨਾਲ ਜੋੜਨ ਦੀ ਲੋੜ ਹੈ ਤਾਂ ਹੀ ਅਸੀਂ ਵਿਕਾਸਸ਼ੀਲ ਦੇਸ਼ਾਂ ਦੀ ਰੀਸ ਕਰਨ ਦੇ ਕਾਬਲ ਬਣ ਸਕਦੇ ਹਾਂ। ਜਿਸ ਦਿਨ ਸਾਡੇ ਨੌਜਵਾਨ ਰਾਜਨੀਤੀ ਸਮਝਣ ਅਤੇ ਸਮਝਾਉਣ ਲੱਗ ਪਏ ਤਾਂ ਅਖੌਤੀ ਅਤੇ ਭ੍ਰਿਸ਼ਟ ਲੀਡਰਾਂ ਨੂੰ ਰਾਜਨੀਤੀ ਕਰਨੀ ਇੰਨੀ ਆਸਾਨ ਨਹੀਂ ਹੋਵੇਗੀ। ਡਾਕਟਰ ਭੀਮ ਰਾਓ ਅੰਬੇਡਕਰ ਅਤੇ ਸ਼ਹੀਦਾਂ ਦੇ ਸੁਪਨਿਆਂ ਦੇ ਲੋਕਤੰਤਰ ਦੀ ਬਹਾਲੀ, ਦੇਸ਼ ਦੇ ਨਿਰਮਾਣ, ਵਿਕਾਸ ਅਤੇ ਸਾਫ਼ ਸੁਥਰੀ ਰਾਜਨੀਤੀ ਲਈ ਨੌਜਵਾਨ ਪੀੜ੍ਹੀ ਦਾ ਯੋਗਦਾਨ ਬੜੀ ਅਹਿਮੀਅਤ ਰੱਖਦਾ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਨੌਜਵਾਨ ਪੀੜ੍ਹੀ ਆਰਥਿਕ ਪੱਖੋਂ ਮਜ਼ਬੂਤ ਹੋਵੇਗੀ ਅਤੇ ਉਨ੍ਹਾਂ ਕੋਲ ਰੁਜ਼ਗਾਰ ਹੋਵੇਗਾ। ਜਿਸ ਦਿਨ ਦੇਸ਼ ਦਾ ਨੌਜਵਾਨ ਵਰਗ ਮਜ਼ਬੂਤ ਹੋ ਗਿਆ, ਉਸ ਦਿਨ ਦੇਸ਼ ਨੂੰ ਮਜ਼ਬੂਤ ਹੋਣੋਂ ਕੋਈ ਨਹੀਂ ਰੋਕ ਸਕਦਾ। ਇਹ ਉਦੋਂ ਹੀ ਸੰਭਵ ਹੋ ਸਕਦਾ ਹੈ ਜਿਸ ਦਿਨ ਦੇਸ਼ ਅਤੇ ਸੂਬੇ ਦਾ ਰਾਜਨੀਤਕ ਸਿਸਟਮ ਇਮਾਨਦਾਰ ਅਤੇ ਸਾਫ਼ ਸੁਥਰਾ ਹੋਵੇਗਾ।

ਸੰਪਰਕ: 94179-90040

Advertisement
×