ਪਰਵਾਸੀ ਕਾਮੇ, ਸਹੂਲਤਾਂ ਅਤੇ ਸਮੱਸਿਆਵਾਂ
ਪਿਛਲੇ ਦਿਨੀਂ ਹੁਸ਼ਿਆਰਪੁਰ ਨੇੜੇ ਹੋਈ ਦੁਖਦਾਈ ਘਟਨਾ ਨੇ ਸਾਰਿਆਂ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ। ਇਸ ਘਟਨਾ ਨੂੰ ਕਰਨ ਵਾਲਾ ਦੂਜੇ ਸੂਬੇ ਤੋਂ ਆਇਆ ਇੱਕ ਕਾਮਾ ਸੀ। ਲੋਕਾਂ ਵਿੱਚ ਗੁੱਸਾ ਭਰਨਾ ਸੁਭਾਵਿਕ ਹੀ ਸੀ। ਇਸ ਘਟਨਾ ਵਿਰੁੱਧ ਥਾਂ-ਥਾਂ ਵਿਖਾਏ...
ਪਿਛਲੇ ਦਿਨੀਂ ਹੁਸ਼ਿਆਰਪੁਰ ਨੇੜੇ ਹੋਈ ਦੁਖਦਾਈ ਘਟਨਾ ਨੇ ਸਾਰਿਆਂ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ। ਇਸ ਘਟਨਾ ਨੂੰ ਕਰਨ ਵਾਲਾ ਦੂਜੇ ਸੂਬੇ ਤੋਂ ਆਇਆ ਇੱਕ ਕਾਮਾ ਸੀ। ਲੋਕਾਂ ਵਿੱਚ ਗੁੱਸਾ ਭਰਨਾ ਸੁਭਾਵਿਕ ਹੀ ਸੀ। ਇਸ ਘਟਨਾ ਵਿਰੁੱਧ ਥਾਂ-ਥਾਂ ਵਿਖਾਏ ਕੀਤੇ ਗਏ। ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪਰਵਾਸੀ ਕਾਮਿਆਂ ਵਿਰੁੱਧ ਮਤੇ ਪਾਸ ਕੀਤੇ। ਪੰਜਾਬੀਆਂ ਵਿੱਚ ਹੀ ਇੱਕ ਬਹਿਸ ਸ਼ੁਰੂ ਹੋ ਗਈ। ਕੁਝ ਚਿਰ ਪਿੱਛੋਂ ਲੋਕਾਂ ਦਾ ਗੁੱਸਾ ਠੰਢਾ ਹੋ ਜਾਵੇਗਾ ਤੇ ਗੱਲ ਆਈ ਗਈ ਹੋ ਜਾਵੇਗੀ। ਲੋੜ ਆਪਸ ਵਿੱਚ ਬਹਿਸ ਕਰਨ ਦੀ ਨਹੀਂ ਹੈ ਸਗੋਂ ਇਸ ਸਮੱਸਿਆ ਦੇ ਹੱਲ ਬਾਰੇ ਕਿਸੇ ਠੋਸ ਵਿਚਾਰ ਵਟਾਂਦਰੇ ਦੀ ਹੈ ਤਾਂ ਜੋ ਕੋਈ ਠੀਕ ਹੱਲ ਲੱਭਿਆ ਜਾ ਸਕੇ।
ਪੰਜਾਬ ਵਿੱਚ ਹਰੇ ਇਨਕਲਾਬ ਦੇ ਆਉਣ ਨਾਲ ਖੇਤੀ ਮਜ਼ਦੂਰਾਂ ਦੀ ਵਧੇਰੇ ਲੋੜ ਪਈ, ਵਿਸ਼ੇਸ਼ ਕਰਕੇ ਝੋਨੇ ਦੀ ਫ਼ਸਲ ਦੀ ਲੁਆਈ ਤਾਂ ਮਜ਼ਦੂਰਾਂ ਦੀ ਸਹਾਇਤਾ ਬਗੈਰ ਹੋਣੀ ਮੁਸ਼ਕਿਲ ਹੀ ਹੋ ਗਈ। ਝੋਨਾ ਪੰਜਾਬ ਦੀ ਰਵਾਇਤੀ ਫ਼ਸਲ ਨਹੀਂ ਹੈ, ਪਰ ਵੱਧ ਝਾੜ ਦੇਣ ਵਾਲੀਆਂ ਮਧਰੇ ਕੱਦ ਦੀਆਂ ਨਵੀਆਂ ਕਿਸਮਾਂ ਆਉਣ ਨਾਲ ਅਤੇ ਬਿਜਲੀ ਨਾਲ ਚੱਲਣ ਵਾਲੇ ਟਿਊਬਵੈੱਲਾਂ ਦੀ ਗਿਣਤੀ ਵਿੱਚ ਵਾਧੇ ਨਾਲ ਝੋਨਾ ਸਾਉਣੀ ਦੀ ਮੁੱਖ ਫ਼ਸਲ ਬਣ ਗਿਆ ਹੈ। ਪੰਜਾਬੀ ਕਿਸਾਨ ਨੂੰ ਇਸ ਫ਼ਸਲ ਦੀ ਕਾਸ਼ਤ ਦੀ ਆਦਤ ਨਹੀਂ ਸੀ। ਵਿਸ਼ੇਸ਼ ਕਰਕੇ ਝੋਨੇ ਦੀ ਲੁਆਈ ਔਖਾ ਕੰਮ ਹੈ। ਜੂਨ ਦੀ ਗਰਮੀ ਵਿੱਚ ਪਾਣੀ ਖੜ੍ਹੇ ਖੇਤਾਂ ਵਿੱਚ ਝੋਨੇ ਦੀ ਪਨੀਰੀ ਲਗਾਈ ਜਾਂਦੀ ਹੈ। ਉਸ ਲਈ ਕੁਝ ਕਿਸਾਨਾਂ ਨੇ ਪੂਰਬੀ ਉੱਤਰ ਪ੍ਰਦੇਸ਼ ਵਿੱਚੋਂ ਕਾਮਿਆਂ ਦਾ ਪ੍ਰਬੰਧ ਕੀਤਾ। ਇਸ ਕਰ ਕੇ ਇਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਪੂਰਬੀਏ ਵੀ ਆਖਿਆ ਜਾਂਦਾ ਹੈ। ਪੰਜਾਬ ਵਿੱਚ ਮਜ਼ਦੂਰੀ ਵੀ ਵਧੇਰੇ ਸੀ ਅਤੇ ਧੱਕਾਸ਼ਾਹੀ ਬਹੁਤ ਘੱਟ ਹੋਣ ਕਰ ਕੇ ਗ਼ਰੀਬੀ ਅਤੇ ਉਤਲੀਆਂ ਜਾਤਾਂ ਦੇ ਸਤਾਏ ਹੋਏ ਪੰਜਾਬ ਵਿੱਚ ਆਉਣ ਵਾਲੇ ਮਜ਼ਦੂਰਾਂ ਦੀ ਗਿਣਤੀ ਵਿੱਚ ਹਰ ਸਾਲ ਵਾਧਾ ਹੋ ਰਿਹਾ ਹੈ। ਕੁਝ ਮਜ਼ਦੂਰ ਰਾਜਸਥਾਨ ਵਿੱਚੋਂ ਵੀ ਹਨ, ਪਰ ਉਹ ਵਧੇਰੇ ਕਰਕੇ ਸੜਕਾਂ ਜਾਂ ਉਸਾਰੀ ਦਾ ਕੰਮ ਕਰਦੇ ਹਨ। ਕਣਕ ਹੇਠ ਰਕਬੇ ਵਿੱਚ ਹੋਏ ਵਾਧੇ ਕਾਰਨ ਕਣਕ ਦੀ ਵਾਢੀ ਵੇਲੇ ਵੀ ਇਨ੍ਹਾਂ ਦੀ ਲੋੜ ਪੈਂਦੀ ਸੀ। ਪਹਿਲੇ ਪਹਿਲ ਇਹ ਫ਼ਸਲ ਮੌਸਮ ਵਿੱਚ ਹੀ ਆਉਂਦੇ ਸਨ ਅਤੇ ਕੁਝ ਪੈਸੇ ਕਮਾ ਕੇ ਵਾਪਸ ਵਤਨ ਪਰਤ ਜਾਂਦੇ ਸਨ, ਪਰ ਹੌਲੀ-ਹੌਲੀ ਸਾਡੇ ਕਿਸਾਨਾਂ ਦੀ ਨਿਰਭਰਤਾ ਇਨ੍ਹਾਂ ਮਜ਼ਦੂਰਾਂ ਉਤੇ ਵਧਣੀ ਸ਼ੁਰੂ ਹੋ ਗਈ ਅਤੇ ਉਨ੍ਹਾਂ ਨੇ ਇੱਕ ਜਾਂ ਦੋ ਕਾਮੇ ਪੱਕੇ ਤੌਰ ’ਤੇ ਆਪਣੇ ਫਾਰਮਾਂ ਉੱਤੇ ਰੱਖ ਲਏ। ਇਹ ਕਾਮੇ ਗ਼ਰੀਬ ਘਰਾਂ, ਪੱਛੜੀਆਂ ਜਾਂ ਅਨੁਸੂਚਿਤ ਜਾਤੀਆਂ ਵਿੱਚੋਂ ਚੜ੍ਹਦੀ ਜਵਾਨੀ ਵਿੱਚ ਵਧੇਰੇ ਪੈਸੇ ਕਮਾਉਣ ਦੇ ਲਾਲਚ ਵਿੱਚ ਪੰਜਾਬ ਰਹਿਣ ਲੱਗ ਪਏ। ਪੰਜਾਬ ਵਿੱਚ ਪੈਸੇ ਵੀ ਵਧੇਰੇ ਮਿਲਦੇ ਹਨ, ਠਾਕੁਰਾਂ ਦੀ ਧੱਕੇਸ਼ਾਹੀ ਵੀ ਨਹੀਂ ਹੁੰਦੀ ਅਤੇ ਰੱਜ ਕੇ ਖਾਣ ਨੂੰ ਰੋਟੀ ਵੀ ਮਿਲਦੀ ਹੈ। ਪੰਜਾਬ ਵਿੱਚ ਸੱਤਰਵਿਆਂ ਪਿੱਛੋਂ ਖੇਤ ਮਜ਼ਦੂਰਾਂ ਦੀ ਗਿਣਤੀ ਹਰ ਸਾਲ 33 ਪ੍ਰਤੀਸ਼ਤ ਵਧ ਰਹੀ ਹੈ। ਪਿਛਲੇ ਸਾਲ ਤੀਕ ਕੇਵਲ ਖੇਤੀ ਮਜ਼ਦੂਰਾਂ ਦੀ ਹੀ ਗਿਣਤੀ 25 ਲੱਖ ਸੀ। ਖੇਤੀ ਪਿੱਛੋਂ ਇਹ ਰੁਝਾਨ ਸਨਅੱਤ ਅਤੇ ਸ਼ਹਿਰਾਂ ਵੱਲ ਹੋ ਗਿਆ। ਹੁਣ ਸ਼ਹਿਰਾਂ ਵਿੱਚ ਲਗਭਗ ਸਾਰੇ ਕਾਮੇ ਹੀ ਪਰਵਾਸੀ ਮਜ਼ਦੂਰ ਹਨ। ਪਿਛਲੇ ਪੰਜ ਦਹਾਕਿਆਂ ਤੋਂ ਚੱਲ ਰਹੇ ਇਸ ਸਿਲਸਿਲੇ ਵਿੱਚ ਹਰ ਸਾਲ ਵਾਧਾ ਹੋ ਰਿਹਾ ਹੈ। ਇਨ੍ਹਾਂ ਦੀ ਗਿਣਤੀ ਸ਼ਹਿਰਾਂ ਵਿੱਚ ਪਿੰਡਾਂ ਨਾਲੋਂ ਵੀ ਵੱਧ ਹੈ। ਜਿੱਥੇ ਇਹ ਹਰ ਤਰ੍ਹਾਂ ਦਾ ਧੰਦਾ ਕਰ ਰਹੇ ਹਨ।
ਆਪਣੇ ਪੈਰ ਪੱਕੇ ਹੋਣ ਪਿੱਛੋਂ ਇਨ੍ਹਾਂ ਨੇ ਆਪਣੇ ਟੱਬਰ ਨਾਲ ਲਿਆਉਣੇ ਸ਼ੁਰੂ ਕਰ ਦਿੱਤੇ ਹਨ। ਸ਼ਹਿਰਾਂ ਵਿੱਚ ਇਨ੍ਹਾਂ ਦੀਆਂ ਔਰਤਾਂ ਘਰਾਂ ਵਿੱਚ ਕੰਮ ਕਰ ਕੇ ਮਰਦਾਂ ਵਾਂਗ ਹੀ ਕਮਾਈ ਕਰਨ ਲੱਗ ਪਈਆਂ ਹਨ। ਜਿਹੜੇ ਬੱਚੇ ਪੰਜਾਬ ਵਿੱਚ ਜਨਮੇ ਅਤੇ ਇੱਥੇ ਹੀ ਵੱਡੇ ਹੋਏ, ਉਨ੍ਹਾਂ ਨੂੰ ਆਪਣੇ ਵਤਨ ਦੀ ਬਹੁਤੀ ਖਿੱਚ ਨਹੀਂ ਹੈ। ਜੇ ਉਹ ਵਤਨ ਜਾਂਦੇ ਹਨ ਤਾਂ ਉੱਥੋਂ ਦੀ ਗ਼ਰੀਬੀ ਤੋਂ ਡਰ ਮੁੜ ਪੰਜਾਬ ਵਾਪਸ ਆ ਜਾਂਦੇ ਹਨ। ਹੁਣ ਤਾਂ ਇਨ੍ਹਾਂ ਲੋਕਾਂ ਨੇ ਛੋਟੇ ਮੋਟੇ ਧੰਦੇ ਵੀ ਸ਼ੁਰੂ ਕਰ ਲਏ ਹਨ ਅਤੇ ਇੱਥੇ ਹੀ ਵਸੇਬਾ ਕਰਨ ਦਾ ਮਨ ਬਣਾ ਲਿਆ ਹੈ। ਪਰਵਾਸੀ ਮਜ਼ਦੂਰਾਂ ਨੇ ਜਿੱਥੇ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕੀਤਾ ਹੈ ਉੱਥੇ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਵੀ ਜਨਮ ਦਿੱਤਾ ਹੈ। ਵਧੀ ਗਿਣਤੀ ਨੇ ਇਨ੍ਹਾਂ ਵਿੱਚ ਰਾਜਸੀ ਚੇਤਨਾ ਵੀ ਉਜਾਗਰ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਣ ਇਹ ਆਪਣੇ ਹੱਕ ਲਈ ਬਹਿਸ ਕਰਦੇ ਹਨ, ਕੰਮ ਤੋਂ ਨਾਂਹ ਵੀ ਕਰਦੇ ਹਨ, ਦਲੇਰੀ ਦਾ ਵਿਖਾਵਾ ਕਰਦੇ ਹਨ ਅਤੇ ਚੋਣਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰਨ ਦੀ ਧਮਕੀ ਦਿੰਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿੱਚ ਮਜ਼ਦੂਰਾਂ ਦੀ ਲੋੜ ਹੈ, ਪਰ ਬਿਨਾਂ ਕਿਸੇ ਰੋਕ ਟੋਕ ਤੋਂ ਭਾਰੀ ਗਿਣਤੀ ਵਿੱਚ ਇਨ੍ਹਾਂ ਦੇ ਆਉਣ ਨਾਲ ਸਮੱਸਿਆਵਾਂ ਵਧੇਰੇ ਸਾਹਮਣੇ ਆ ਰਹੀਆਂ ਹਨ। ਪੰਜਾਬ ਦੀ ਖੁਸ਼ਹਾਲੀ ਵੇਖ ਕੇ ਇਨ੍ਹਾਂ ਸੂਬਿਆਂ ਵਿੱਚ ਕਈ ਭੈੜੇ ਚਰਿੱਤਰ ਵਾਲੇ ਲੋਕ ਵੀ ਪੰਜਾਬ ਆਉਣ ਲੱਗ ਪਏ ਹਨ ਜਿਨ੍ਹਾਂ ਦੀਆਂ ਗ਼ਲਤ ਹਰਕਤਾਂ ਦਾ ਪੰਜਾਬ ਦੇ ਸ਼ਾਂਤ ਮਾਹੌਲ ਉਤੇ ਭੈੜਾ ਅਸਰ ਪੈਂਦਾ ਹੈ।
ਪਰਵਾਸੀ ਮਜ਼ਦੂਰ ਆਪਣੇ ਨਾਲ ਨਸ਼ਿਆਂ ਦੀ ਵਰਤੋਂ ਲੈ ਕੇ ਆਏ ਹਨ। ਤੰਬਾਕੂ ਪੀਣਾ ਅਤੇ ਖਾਣਾ ਇਨ੍ਹਾਂ ਵਿੱਚੋਂ ਬਹੁਤਿਆਂ ਦੀ ਆਦਤ ਹੈ। ਤੰਬਾਕੂ, ਜਰਦਾ ਅਤੇ ਪਾਨ ਮਸਾਲਾ ਹਰ ਵੇਲੇ ਫੱਕਦੇ ਰਹਿਣਾ ਇਨ੍ਹਾਂ ਦਾ ਆਮ ਜਿਹਾ ਕੰਮ ਹੈ। ਸਾਡੇ ਲੋਕੀਂ ਵੀ, ਖ਼ਾਸ ਕਰ ਕੇ ਕਿਸਾਨ ਜਦੋਂ ਖੇਤ ਮਜ਼ਦੂਰਾਂ ਤੋਂ ਵੱਧ ਕੰਮ ਲੈਣਾ ਹੋਵੇ ਤਾਂ ਉਨ੍ਹਾਂ ਨੂੰ ਨਸ਼ੇ ਖਾਣ ਲਈ ਉਤਸ਼ਾਹਿਤ ਕਰਦੇ ਹਨ। ਕਣਕ ਦੀ ਕਟਾਈ, ਗਹਾਈ ਅਤੇ ਝੋਨੇ ਦੀ ਲੁਆਈ ਦੌਰਾਨ ਨਸ਼ਿਆਂ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਇਨ੍ਹਾਂ ਨੂੰ ਅਫ਼ੀਮ ਵੀ ਖੁਆਈ ਜਾਂਦੀ ਹੈ। ਜਦੋਂ ਇਨ੍ਹਾਂ ਨੂੰ ਨਸ਼ਾ ਕਰਵਾਇਆ ਜਾਂਦਾ ਹੈ ਤਾਂ ਸਥਾਨਕ ਕਾਮੇ ਅਤੇ ਕਿਸਾਨ ਆਪ ਵੀ ਇਸ ਦੀ ਲਪੇਟ ਵਿੱਚ ਆ ਜਾਂਦੇ ਹਨ। ਨੌਜਵਾਨਾਂ ਉਤੇ ਇਸ ਦਾ ਪ੍ਰਭਾਵ ਵਧੇਰੇ ਹੁੰਦਾ ਹੈ। ਇਹ ਵੇਖਣ ਵਿੱਚ ਆਇਆ ਹੈ ਕਿ ਪੇਂਡੂ ਨੌਜਵਾਨਾਂ ਵਿੱਚ ਨਸ਼ਿਆਂ ਦੀ ਵਰਤੋਂ ਵਧ ਰਹੀ ਹੈ। ਸ਼ਰਾਬ ਤੋਂ ਬਿਨਾਂ ਦੂਜੇ ਨਸ਼ੇ ਕਰਨ ਲੱਗ ਪਏ ਹਨ। ਇੱਕ ਸਰਵੇਖਣ ਅਨੁਸਾਰ ਪੰਜਾਬ ਦੇ ਪਿੰਡਾਂ ਵਿੱਚ ਅੱਧੀ ਮਰਦਾਵੀਂ ਵਸੋਂ ਨਸ਼ਿਆਂ ਦੀ ਲਪੇਟ ਵਿੱਚ ਆ ਗਈ ਹੈ। ਸ਼ਹਿਰਾਂ ਵਿੱਚ ਬੱਚੇ ਵੀ ਇਸ ਤੋਂ ਪ੍ਰਭਾਵਿਤ ਹੋਏ ਹਨ। ਸਕੂਲਾਂ ਦੇ ਨੇੜੇ ਇਨ੍ਹਾਂ ਪਰਵਾਸੀਆਂ ਨੇ ਪਾਨ, ਸਿਗਰਟ, ਪਾਨ ਮਸਾਲੇ ਆਦਿ ਦੇ ਖੋਖੇ ਜਾਂ ਰੇਹੜੀਆਂ ਖੜ੍ਹੀਆਂ ਕਰ ਲਈਆਂ ਹਨ।
ਬਹੁਤੇ ਮਜ਼ਦੂਰ ਗ਼ਰੀਬੀ ਦੇ ਮਾਰੇ ਪੰਜਾਬ ਆਉਂਦੇ ਹਨ। ਇਨ੍ਹਾਂ ਵਿੱਚੋਂ ਕਈਆਂ ਨੂੰ ਤਪਦਿਕ ਤੇ ਹੋਰ ਛੂਤ ਦੀਆਂ ਬਿਮਾਰੀਆਂ ਹੁੰਦੀਆਂ ਹਨ। ਇਨ੍ਹਾਂ ਦੀਆਂ ਔਰਤਾਂ ਜਦੋਂ ਘਰਾਂ ਵਿੱਚ ਬਰਤਨ ਸਾਫ਼ ਕਰਦੀਆਂ ਹਨ ਜਾਂ ਰਸੋਈ ਵਿੱਚ ਕੰਮ ਕਰਦੀਆਂ ਹਨ ਤਾਂ ਉਹ ਇਨ੍ਹਾਂ ਬਿਮਾਰੀਆਂ ਦੇ ਕੀਟਾਣੂ ਬਰਤਨ ਅਤੇ ਭੋਜਨ ਵਿੱਚ ਛੱਡ ਦਿੰਦੀਆਂ ਹਨ। ਇਸੇ ਤਰ੍ਹਾਂ ਜਿਹੜੇ ਬੱਚੇ ਢਾਬਿਆਂ, ਚਾਹ ਦੀਆਂ ਦੁਕਾਨਾਂ ਜਾਂ ਘਰਾਂ ਵਿੱਚ ਕੰਮ ਕਰਦੇ ਹਨ, ਉਹ ਬਿਮਾਰੀਆਂ ਦੇ ਜਰਮ ਦੂਜਿਆਂ ਤੱਕ ਪਹੁੰਚਾ ਦਿੰਦੇ ਹਨ। ਇੰਝ ਪੰਜਾਬ ਵਿੱਚ ਇਹ ਬਿਮਾਰੀਆਂ ਫੈਲ ਰਹੀਆਂ ਹਨ। ਮਜ਼ਦੂਰਾਂ ਦੀ ਬਹੁਗਿਣਤੀ ਰੋਜ਼ੀ-ਰੋਟੀ ਦੀ ਭਾਲ ਵਿੱਚ ਪੰਜਾਬ ਆਉਂਦੀ ਹੈ ਅਤੇ ਮਿਹਨਤ ਕਰ ਕੇ ਆਪਣੀ ਰੋਟੀ ਕਮਾਉਂਦੀ ਹੈ, ਪਰ ਪੰਜਾਬ ਦੀ ਖੁਸ਼ਹਾਲੀ ਨੇ ਜਰਾਇਮ ਪੇਸ਼ਾ ਲੋਕਾਂ ਨੂੰ ਵੀ ਆਪਣੇ ਵੱਲ ਖਿੱਚਿਆ ਹੈ। ਚੋਰੀ ਦੀਆਂ ਵਾਰਦਾਤਾਂ, ਬੱਚਿਆਂ ਨੂੰ ਚੁੱਕਣਾ ਅਤੇ ਕਾਲੇ ਕੱਛਿਆਂ ਵਾਲੇ ਟੋਲੇ ਦੀਆਂ ਕਾਰਵਾਈਆਂ ਇਨ੍ਹਾਂ ਲੋਕਾਂ ਵੱਲੋਂ ਹੀ ਹੋ ਰਹੀਆਂ ਹਨ। ਪੰਜਾਬ ਵਿੱਚ ਪਹਿਲਾਂ ਆਪਸੀ ਲੜਾਈ ਝਗੜੇ ਹੀ ਹੁੰਦੇ ਸਨ, ਅਜਿਹੀਆਂ ਵਾਰਦਾਤਾਂ ਬਹੁਤ ਘੱਟ ਸਨ, ਪਰ ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਵਿੱਚ ਵਾਧਾ ਹੋਇਆ ਹੈ। ਪੁਲੀਸ ਵੱਲੋਂ ਕੀਤੀ ਜਾਂਚ ਰਾਹੀਂ ਇਹ ਸਿੱਧ ਵੀ ਹੋ ਗਿਆ ਹੈ ਕਿ ਇਨ੍ਹਾਂ ਨੂੰ ਕਰਨ ਵਾਲਿਆਂ ਵਿੱਚ ਪਰਵਾਸੀਆਂ ਦਾ ਹੱਥ ਹੈ।
ਕਿਸਾਨਾਂ ਨੇ ਪਰਵਾਸੀ ਮਜ਼ਦੂਰਾਂ ਨੂੰ ਖੇਤੀ ਵਿੱਚ ਆਪਣੀ ਸਹਾਇਤਾ ਲਈ ਬੁਲਾਇਆ ਸੀ, ਕਿਉਂਕਿ ਸਿੰਚਾਈ ਸਹੂਲਤਾਂ ਵਿੱਚ ਵਾਧੇ ਅਤੇ ਵੱਧ ਝਾੜ ਵਾਲੀਆਂ ਕਿਸਮਾਂ ਦੇ ਆਉਣ ਨਾਲ ਖੇਤੀ ਕਾਮਿਆਂ ਦੀ ਲੋੜ ਵਿੱਚ ਚੋਖਾ ਵਾਧਾ ਹੋਇਆ ਹੈ, ਪਰ ਹੌਲੀ ਹੌਲੀ ਪੰਜਾਬ ਦੇ ਕਿਸਾਨ ਦੀ ਨਿਰਭਰਤਾ ਇਨ੍ਹਾਂ ਮਜ਼ਦੂਰਾਂ ਉਤੇ ਵਧਣੀ ਸ਼ੁਰੂ ਹੋ ਗਈ। ਹੁਣ ਪੰਜਾਬ ਵਿੱਚ ਸ਼ਾਇਦ ਹੀ ਕੋਈ ਅਜਿਹਾ ਕਿਸਾਨ ਹੋਵੇਗਾ ਜਿਸ ਕੋਲ ਇੱਕ ਜਾਂ ਦੋ ਪੱਕੇ ਕਾਮੇ ਨਹੀਂ ਹੋਣਗੇ। ਬਹੁਤ ਵਾਰ ਕਿਸਾਨ ਇਨ੍ਹਾਂ ਮਜ਼ਦੂਰਾਂ ਉਤੇ ਹੀ ਖੇਤੀ ਦਾ ਕੰਮ ਛੱਡ ਦਿੰਦੇ ਹਨ। ਇੱਥੋਂ ਤੀਕ ਕਿ ਟਰੈਕਟਰ ਵੀ ਇਹ ਹੀ ਚਲਾਉਣ ਲੱਗ ਪਏ ਹਨ। ਇਨ੍ਹਾਂ ਮਜ਼ਦੂਰਾਂ ਨੂੰ ਖੇਤੀ ਕੰਮਾਂ ਦੀ ਪੂਰੀ ਸੂਝ ਨਹੀਂ ਹੁੰਦੀ ਅਤੇ ਨਾ ਹੀ ਮਾਲਕ ਜਿੰਨਾ ਦਰਦ ਹੁੰਦਾ ਹੈ, ਇਸ ਕਰਕੇ ਉਹ ਕਈ ਵਾਰ ਲਾਪ੍ਰਵਾਹੀ ਕਰ ਦਿੰਦੇ ਹਨ। ਖੇਤ ਦੀ ਤਿਆਰੀ ਪੂਰੀ ਨਾ ਹੋਣੀ, ਬੀਜ ਤੇ ਖਾਦ ਪਾਉਣ ਸਮੇਂ ਲਾਪ੍ਰਵਾਹੀ, ਕੀਟ ਨਾਸ਼ਕ ਜਾਂ ਨਦੀਨ ਨਾਸ਼ਕ ਜ਼ਹਿਰਾਂ ਦੀ ਵਰਤੋਂ ਸਹੀ ਨਾ ਹੋਣੀ ਆਦਿ ਨਾਲ ਖੇਤੀ ਉਪਜ ਉਤੇ ਭੈੜਾ ਅਸਰ ਪਿਆ ਹੈ। ਪਿੱਛੇ ਕਈ ਸਾਲਾਂ ਤੋਂ ਖੇਤੀ ਉਪਜ ਵਿੱਚ ਖੜੋਤ ਆ ਗਈ ਹੈ। ਹੋਰ ਕਈ ਕਾਰਨਾਂ ਦੇ ਨਾਲੋ ਨਾਲ ਇਸ ਖੜੋਤ ਦਾ ਇਹ ਵੀ ਇੱਕ ਕਾਰਨ ਹੈ।
ਸ਼ੁਰੂ ਵਿੱਚ ਜਦੋਂ ਪਰਵਾਸੀ ਮਜ਼ਦੂਰ ਆਏ ਤਾਂ ਉਹ ਕੇਵਲ ਹੁਨਰ ਰਹਿਤ ਮਜ਼ਦੂਰ ਸਨ। ਮਜ਼ਦੂਰਾਂ ਹੀ ਮੰਗ ਵਧੇਰੇ ਸੀ। ਇਸ ਕਰਕੇ ਸਥਾਨਕ ਮਜ਼ਦੂਰਾਂ ਉਤੇ ਕੋਈ ਬਹੁਤ ਅਸਰ ਨਹੀਂ ਪਿਆ, ਪਰ ਹੌਲੀ ਹੌਲੀ ਇਨ੍ਹਾਂ ਵਿੱਚੋਂ ਕੁਝ ਮਜ਼ਦੂਰਾਂ ਨੇ ਹੁਨਰ ਸਿੱਖ ਲਏ ਅਤੇ ਚੰਗੇ ਪੈਸੇ ਬਣਾਉਣ ਦੇ ਲਾਲਚ ਵਿੱਚ ਬਹੁਤ ਸਾਰੇ ਹੁਨਰਮੰਦ ਮਜ਼ਦੂਰ ਅਤੇ ਕਾਰੀਗਰ ਵੀ ਪੰਜਾਬ ਆ ਗਏ ਹਨ। ਕਾਰਖਾਨਿਆਂ ਵਿੱਚ ਵੀ ਉਹ ਹੁਣ ਹੁਨਰਮੰਦ ਕਾਮੇ ਬਣ ਗਏ ਹਨ। ਕਈ ਤਾਂ ਸੁਪਰਵਾਈਜ਼ਰ ਵੀ ਹਨ। ਜਿਸ ਨਾਲ ਸਥਾਨਕ ਹੁਨਰਮੰਦ ਕਾਮਿਆਂ ਦੀ ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਹੈ। ਇਹ ਸਸਤੇ ਭਾਅ ਕੰਮ ਕਰਨ ਨੂੰ ਰਾਜ਼ੀ ਹੋ ਜਾਂਦੇ ਹਨ ਅਤੇ ਸਥਾਨਕ ਲੋਕਾਂ ਨਾਲ ਮੁਕਾਬਲਾ ਕਰਦੇ ਹਨ।
ਇਹ ਲੋਕ ਕਮਾਈ ਕਰਨ ਆਉਂਦੇ ਹਨ। ਸਾਰਾ ਟੱਬਰ ਹੀ ਮਿਹਨਤ ਕਰਦਾ ਹੈ। ਇਨ੍ਹਾਂ ਦਾ ਮੁੱਖ ਮੰਤਵ ਵੱਧ ਤੋਂ ਵੱਧ ਪੈਸਾ ਵਾਪਸ ਭੇਜਣਾ ਹੈ। ਇਸ ਕਰ ਕੇ ਇਹ ਸਸਤੀ ਤੋਂ ਸਸਤੀ ਥਾਂ ਬਸੇਰਾ ਕਰਦੇ ਹਨ ਅਤੇ ਖੁਰਾਕ ਵੀ ਘੱਟ ਤੋਂ ਘੱਟ ਖਾਂਦੇ ਹਨ। ਇਹ ਸਸਤੀਆਂ ਝੁੱਗੀਆਂ ਜਾਂ ਰੈਣ ਬਸੇਰੇ ਸ਼ਹਿਰੀ ਗੰਦਗੀ ਵਿੱਚ ਵਾਧਾ ਕਰਦੇ ਹਨ। ਖੁਰਾਕ ਦੀ ਕਮੀ ਅਤੇ ਗੰਦੀ ਥਾਂ ਰਹਿਣ ਨਾਲ ਇਨ੍ਹਾਂ ਨੂੰ ਬਿਮਾਰੀਆਂ ਵੀ ਵਧੇਰੇ ਲੱਗਦੀਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਰਵਾਸੀ ਮਜ਼ਦੂਰਾਂ ਨੇ ਸਾਡੀ ਆਰਥਿਕਤਾ ਵਿੱਚ ਚੋਖੀ ਸਹਾਇਤਾ ਕੀਤੀ ਹੈ, ਪਰ ਇਨ੍ਹਾਂ ਉਤੇ ਪੂਰੀ ਤਰ੍ਹਾਂ ਨਿਰਭਰਤਾ ਸੁਖਾਵੀਂ ਸਿੱਧ ਨਹੀਂ ਹੋਈ। ਸਾਡੇ ਲੋਕਾਂ ਵਿੱਚ ਹੱਥੀਂ ਕੰਮ ਕਰਨ ਦੀ ਆਦਤ ਘਟਦੀ ਜਾ ਰਹੀ ਹੈ। ਜੇਕਰ ਇਸੇ ਤਰ੍ਹਾਂ ਰੁਝਾਨ ਬਣਿਆ ਰਿਹਾ ਤਾਂ ਪੰਜਾਬ ਜਿੱਥੇ ਕਿਰਤ ਦਾ ਸਤਿਕਾਰ ਹੁੰਦਾ ਹੈ, ਇਸ ਤੋਂ ਵਾਂਝਾ ਰਹਿ ਜਾਵੇਗਾ। ਇਸ ਦੇ ਅਸਰ ਪ੍ਰਤੱਖ ਵੇਖਣ ਨੂੰ ਮਿਲ ਰਹੇ ਹਨ। ਕੁਝ ਸਾਲ ਪਹਿਲਾਂ ਪੰਜਾਬ ਜਿਹੜਾ ਆਰਥਿਕ ਪੱਖੋਂ ਦੇਸ਼ ਵਿੱਚ ਪਹਿਲੇ ਨੰਬਰ ਉਤੇ ਸੀ, ਹੁਣ ਬਹੁਤ ਪਿੱਛੇ ਚਲਾ ਗਿਆ ਹੈ। ਪੰਜਾਬ ਦੀ ਵਿਕਾਸ ਦਰ ਸਭ ਤੋਂ ਵੱਧ ਸੀ, ਹੁਣ ਕੌਮੀ ਵਿਕਾਸ ਦਰ ਨਾਲੋਂ ਵੀ ਘਟ ਗਈ ਹੈ। ਭਵਿੱਖ ਦੀ ਖੇਤੀ ਸਿਆਣਪ ਦੀ ਖੇਤੀ ਹੋਵੇਗੀ ਜਿੱਥੇ ਕਿਸਾਨ ਨੂੰ ਆਪ ਹਰ ਬੂਟੇ ਨਾਲ ਗੱਲਾਂ ਕਰਨੀਆਂ ਪੈਣਗੀਆਂ। ਵਿਸ਼ਵ ਵਪਾਰ ਖੁੱਲ੍ਹਣ ਨਾਲ ਮੁਕਾਬਲੇ ਦਾ ਯੁੱਗ ਸ਼ੁਰੂ ਹੋ ਗਿਆ ਹੈ। ਹੁਣ ਤਾਂ ਵਧੀਆ ਅਤੇ ਸਸਤੀ ਉਪਜ ਹੀ ਮੰਡੀ ਵਿੱਚ ਵੇਚੀ ਜਾ ਸਕੇਗੀ ।
ਕੋਈ ਸਮਾਂ ਸੀ ਜਦੋਂ ਪਿੰਡ ਵਿੱਚ ਕਿਸਾਨ ਕੁੱਕੜ ਦੀ ਬਾਂਗ ਸੁਣ ਸਵੇਰੇ ਚਾਰ ਵਜੇ ਹੀ ਬਲਦਾਂ ਦੀ ਜੋਗ ਲੈ ਕੇ ਹਲ਼ ਵਾਹੁਣ ਟੁਰ ਪੈਂਦਾ ਸੀ। ਸੂਰਜ ਨਿਕਲਣ ਤੱਕ ਉਹ ਚਾਰ ਕਨਾਲ ਦੀ ਵਹਾਈ ਕਰ ਲੈਂਦਾ ਸੀ। ਖੇਤ ਵਿੱਚ ਹੀ ਉਸ ਦਾ ਨਾਸ਼ਤਾ ਜਾਂਦਾ ਸੀ ਜਿਸ ਵਿੱਚ ਰੋਟੀਆਂ, ਮੱਖਣ, ਆਚਾਰ ਅਤੇ ਲੱਸੀ ਹੁੰਦੇ ਸਨ। ਹੁਣ ਸਾਡੇ ਕਿਸਾਨ ਖ਼ਾਸ ਕਰਕੇ ਨੌਜਵਾਨ ਸੂਰਜ ਦੇ ਚੜ੍ਹਨ ਪਿੱਛੋਂ ਬਿਸਤਰੇ ਵਿੱਚੋਂ ਉੱਠਦੇ ਹਨ। ਨਹਾ ਧੋ ਕੇ ਤਿਆਰ ਹੋ ਕੇ ਖੇਤ ਨੂੰ ਜਾਂਦੇ ਹਨ। ਟਿਊਬਵੈੱਲ ਉੱਤੇ ਹੀ ਭਈਏ ਨੂੰ ਕਰਨ ਵਾਲੇ ਕੰਮ ਬਾਰੇ ਦੱਸ ਕੇ ਆਪ ਸਕੂਟਰ ਦੀ ਕਿੱਕ ਮਾਰ ਸ਼ਹਿਰ ਵੱਲ ਰਵਾਨਾ ਹੋ ਜਾਂਦੇ ਹਨ। ਕਈ ਕਿਸਾਨ ਤਾਂ ਫ਼ਸਲ ਨੂੰ ਵੇਖਣ ਦਾ ਵੀ ਕਸ਼ਟ ਨਹੀਂ ਕਰਦੇ।
ਘਰ ਅਤੇ ਖੇਤ ਦੀ ਸਾਰੀ ਜ਼ਿੰਮੇਵਾਰੀ ਪਰਵਾਸੀ ਮਜ਼ਦੂਰ ਦੇ ਸਿਰ ਹੈ। ਜੇਕਰ ਇਹੋ ਸਿਲਸਿਲਾ ਚੱਲਦਾ ਰਿਹਾ ਤਾਂ ਫਿਰ ਸਾਡੀ ਖੇਤੀ ਅਤੇ ਸਾਡੇ ਘਰਾਂ ਦਾ ਰੱਬ ਹੀ ਰਾਖਾ। ਪੰਜਾਬ ਵਿੱਚ ਇਨ੍ਹਾਂ ਦੀ ਗਿਣਤੀ ਦੇ ਵਾਧੇ ਨਾਲ ਇੱਥੋਂ ਦੀ ਵਸੋਂ ਦਾ ਸੰਤੁਲਨ ਵੀ ਵਿਗੜ ਰਿਹਾ ਹੈ। ਰਾਜਸੀ ਆਗੂਆਂ ਨੇ ਆਪਣੀਆਂ ਕੁਰਸੀਆਂ ਲਈ ਇਨ੍ਹਾਂ ਲੋਕਾਂ ਦੀਆਂ ਵੋਟਾਂ ਵੀ ਬਣਵਾ ਲਈਆਂ ਹਨ। ਜੇਕਰ ਇਹ ਸਿਲਸਿਲਾ ਇਵੇਂ ਹੀ ਚੱਲਦਾ ਰਿਹਾ ਤਾਂ ਅਨੇਕਾਂ ਕੁਰਬਾਨੀਆਂ ਦੇ ਕੇ ਅਤੇ ਚੋਖਾ ਰਕਬਾ ਹੱਥੋਂ ਗੁਆ ਕੇ ਪ੍ਰਾਪਤ ਕੀਤੇ ਪੰਜਾਬੀ ਸੂਬੇ ਦਾ ਮੁੜ ਸਰੂਪ ਵਿਗੜ ਜਾਵੇਗਾ। ਅਜਿਹਾ ਸਮਾਂ ਵੀ ਆ ਸਕਦਾ ਹੈ ਜਦੋਂ ਕੋਸ਼ਿਸ਼ ਕੀਤਿਆਂ ਵੀ ਕਿਸੇ ਖਿੱਤੇ ਨੂੰ ਪੰਜਾਬੀ ਸੂਬਾ ਆਖਣਾ ਔਖਾ ਹੋ ਜਾਵੇਗਾ।
ਇਹ ਸਮੱਸਿਆ ਦਿਨ ਬ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸਾਡੇ ਆਗੂ ਕਬੂਤਰ ਵਾਂਗ ਅੱਖਾਂ ਮੀਟੀ ਬੈਠੇ ਹਨ। ਜੇਕਰ ਕੁਝ ਸਮਾਂ ਇੰਝ ਹੀ ਹੋਰ ਬੈਠੇ ਰਹੇ ਫਿਰ ਬਿੱਲੀ ਤੋਂ ਬਚਣਾ ਔਖਾ ਹੋ ਜਾਵੇਗਾ। ਇਸ ਸਬੰਧੀ ਕੋਈ ਠੋਸ ਅਤੇ ਉਸਾਰੂ ਨੀਤੀ ਬਣਾਈ ਜਾਵੇ ਅਤੇ ਉਸ ਉਤੇ ਸੰਜੀਦਗੀ ਨਾਲ ਅਮਲ ਕੀਤਿਆਂ ਹੀ ਇਸ ਸਮੱਸਿਆ ਦਾ ਢੁੱਕਵਾਂ ਹੱਲ ਲੱਭਿਆ ਜਾ ਸਕਦਾ ਹੈ।
ਹੱਥੀਂ ਕੰਮ ਨਾ ਕਰਨ ਦੀ ਆਦਤ ਨੇ ਪੰਜਾਬੀ ਮਰਦਾਂ ਅਤੇ ਔਰਤਾਂ ਵਿੱਚ ਬਿਮਾਰੀਆਂ ਦਾ ਚੋਖਾ ਵਾਧਾ ਕੀਤਾ ਹੈ। ਪੈਰਾਂ ਭਾਰ ਬੈਠ ਹੁਣ ਕੋਈ ਕੰਮ ਕਰਦਾ ਹੀ ਨਹੀਂ, ਗੋਡੇ ਬਦਲਾਉਣ ਵਾਲਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸੇ ਤਰ੍ਹਾਂ ਘਰ ਦਾ ਦੁੱਧ, ਮੱਖਣ, ਲੱਸੀ ਦੀ ਵਰਤੋਂ ਬਹੁਤ ਘਟ ਗਈ ਹੈ। ਚਾਹ, ਨਸ਼ੇ ਅਤੇ ਬਾਜ਼ਾਰੀ ਖਾਣਿਆਂ ਦੀ ਵਰਤੋਂ ਵਧ ਰਹੀ ਹੈ। ਇੰਝ ਕੈਂਸਰ ਰੋਗ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਹੁਨਰੀ ਕੰਮ ਆਪ ਨਾ ਕਰਨ ਕਰਕੇ ਪੰਜਾਬੀ ਹੁਨਰ ਵਿਹੂਣੇ ਹੋ ਰਹੇ ਹਨ। ਹੋਰ ਵੀ ਕਈ ਸਮੱਸਿਆਵਾਂ ਹਨ। ਸਾਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਹੁਨਰੀ ਬਣਾਈਏ, ਸਰਕਾਰੀ ਸਕੂਲਾਂ ਵਿੱਚ ਪੜ੍ਹਾਈਏ। ਹੁਣ ਸਰਕਾਰੀ ਸਕੂਲਾਂ ਵਿੱਚ ਬਹੁਤੇ ਬੱਚੇ ਇਨ੍ਹਾਂ ਦੇ ਹੀ ਪੜ੍ਹਦੇ ਹਨ। ਪੰਜਾਬੀ ਦੀ ਪੜ੍ਹਾਈ ਕਰਨ ਕਰਕੇ ਛੋਟੀਆਂ ਨੌਕਰੀਆਂ ਵੀ ਇਹ ਬੱਚੇ ਹੀ ਕਰ ਰਹੇ ਹਨ।
ਸਾਡੇ ਆਗੂਆਂ ਅਤੇ ਸਮਾਜ ਸੇਵਕਾਂ ਨੂੰ ਬੈਠ ਕੇ ਗੰਭੀਰ ਚਰਚਾ ਕਰਨੀ ਚਾਹੀਦੀ ਹੈ ਤਾਂ ਜੋ ਸਹੂਲਤ ਤੋਂ ਸਮੱਸਿਆ ਬਣ ਰਹੀ ਇਸ ਸਮੱਸਿਆ ਦਾ ਹੱਲ ਲੱਭਿਆ ਜਾ ਸਕੇ। ਪੰਜਾਬੀਆਂ ਨੂੰ ਆਪ ਆਪਣਾ ਕੰਮ ਕਰਨ ਲਈ ਉਤਸ਼ਾਹਿਤ ਕਰੋ। ਕੰਮ ਘੱਟ ਮਿਲਣ ਕਾਰਨ ਇਨ੍ਹਾਂ ਵਿੱਚੋਂ ਬਹੁਤੇ ਆਪਣੇ ਆਪ ਵਾਪਸ ਚਲੇ ਜਾਣਗੇ।

