DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਨ ਦਾ ਰੌਲ਼ਾ ਬਨਾਮ ਦਿਮਾਗ਼ੀ ਤਵਾਜ਼ਨ

ਮਨੋਵਿਗਿਆਨ ਦੀਆਂ ਧਾਰਨਾਵਾਂ ਅਚੰਭਿਆਂ ਨਾਲ ਭਰਪੂਰ ਹੁੰਦੀਆਂ ਹਨ। ਪਹਿਲੀ ਨਜ਼ਰੇ ਇਹ ਕਿਸੇ ਨੂੰ ਵੀ ਅਜੀਬ ਲੱਗ ਸਕਦੀਆਂ ਹਨ ਪਰ ਗਹਿਰਾਈ ਨਾਲ ਵਾਚਣ ’ਤੇ ਦਿਮਾਗ਼ ਖੋਲ੍ਹਣ ਦੀ ਸਮਰੱਥਾ ਰੱਖਦੀਆਂ ਹਨ। ਕਾਫ਼ੀ ਸਮੇਂ ਤੱਕ ਮਨੋਵਿਗਿਆਨ ਨੂੰ ਦਰਸ਼ਨ ਸ਼ਾਸਤਰ ਦਾ ਹੀ ਹਿੱਸਾ ਮੰਨਿਆ...

  • fb
  • twitter
  • whatsapp
  • whatsapp
Advertisement

ਮਨੋਵਿਗਿਆਨ ਦੀਆਂ ਧਾਰਨਾਵਾਂ ਅਚੰਭਿਆਂ ਨਾਲ ਭਰਪੂਰ ਹੁੰਦੀਆਂ ਹਨ। ਪਹਿਲੀ ਨਜ਼ਰੇ ਇਹ ਕਿਸੇ ਨੂੰ ਵੀ ਅਜੀਬ ਲੱਗ ਸਕਦੀਆਂ ਹਨ ਪਰ ਗਹਿਰਾਈ ਨਾਲ ਵਾਚਣ ’ਤੇ ਦਿਮਾਗ਼ ਖੋਲ੍ਹਣ ਦੀ ਸਮਰੱਥਾ ਰੱਖਦੀਆਂ ਹਨ। ਕਾਫ਼ੀ ਸਮੇਂ ਤੱਕ ਮਨੋਵਿਗਿਆਨ ਨੂੰ ਦਰਸ਼ਨ ਸ਼ਾਸਤਰ ਦਾ ਹੀ ਹਿੱਸਾ ਮੰਨਿਆ ਜਾਂਦਾ ਰਿਹਾ ਹੋਣ ਕਰ ਕੇ ਕੁਝ-ਕੁਝ ਇਸ ਵਿੱਚੋਂ ਦਰਸ਼ਨ (Philosophy) ਦੀ ਝਲਕ ਵੀ ਦਿਖਾਈ ਦਿੰਦੀ ਹੈ। ਮਨੁੱਖੀ ਦਿਮਾਗ਼ ਦੋ ਪੱਧਰਾਂ ’ਤੇ ਕੰਮ ਕਰਦਾ ਹੈ- ਚੇਤਨ ਅਤੇ ਅਵਚੇਤਨ। ਸਿਗਮੰਡ ਫਰਾਇਡ, ਜਿਸ ਨੇ ਮਨੋਵਿਗਿਆਨ ਦੇ ਹਰੇਕ ਪੱਖ ਉੱਪਰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪਰਛਾਵਾਂ ਪਾਇਆ ਹੈ, ਨੇ ਮਨੁੱਖੀ ਦਿਮਾਗ਼ ਦੀ ਪਾਣੀ ਉੱਪਰ ਤੈਰ ਰਹੇ ਬਰਫ਼ ਦੇ ਉਸ ਟੁਕੜੇ ਨਾਲ ਤੁਲਨਾ ਕੀਤੀ ਹੈ, ਜਿਸ ਦਾ 90 ਫ਼ੀਸਦੀ ਭਾਗ ਪਾਣੀ ਵਿੱਚ ਡੁੱਬਿਆ ਹੁੰਦਾ ਹੈ ਅਤੇ ਸਿਰਫ਼ 10 ਫ਼ੀਸਦੀ ਭਾਗ ਹੀ ਦਿਖਾਈ ਦਿੰਦਾ ਹੈ। ਫਰਾਇਡ ਇਸ 10 ਫ਼ੀਸਦੀ ਦਿਖਾਈ ਦੇਣ ਵਾਲੇ ਭਾਗ ਨੂੰ ਚੇਤਨ ਮਨ ਅਤੇ 90 ਫ਼ੀਸਦੀ ਭਾਵ ਡੁੱਬੇ ਹੋਏ ਭਾਗ ਨੂੰ ਅਵਚੇਤਨ ਮਨ ਕਹਿੰਦਾ ਹੈ। ਫਰਾਇਡ ਅਤੇ ਹੋਰ ਕਈ ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਮਨੁੱਖ ਦੇ ਜੀਵਨ ਦੀ ਦਿਸ਼ਾ ਤੈਅ ਕਰਨ ਵਾਲਾ ਮੁੱਖ ਰੂਪ ਵਿੱਚ ਇਹ ‘90 ਫ਼ੀਸਦੀ ਹਿੱਸਾ’ (ਅਵਚੇਤਨ ਮਨ) ਹੀ ਹੈ। ਸਦੀਆਂ ਤੋਂ ਸਾਡੇ ਗੁਰੂਆਂ-ਪੀਰਾਂ ਨੇ ਮਨ ਦੀ ਸ਼ਕਤੀ ਦੀ ਮਹੱਤਤਾ ਸਮਝਾਈ ਹੈ। ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਕਿ ‘ਮਨ ਜੀਤੈ ਜਗ ਜੀਤ’ ਅਤੇ ਮਹਾਤਮਾ ਬੁੱਧ ਦੁਆਰਾ ਸੁਝਾਇਆ ‘ਅਸ਼ਟ-ਮਾਰਗ’ ਇਸਦੀਆਂ ਪ੍ਰਤੱਖ ਉਦਾਹਰਣਾਂ ਹਨ। ਇਸ ਸਮੇਂ ਸਾਡੇ ਦਿਮਾਗ਼ ਵਿੱਚ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਇਸ ਅਵਚੇਤਨ ਮਨ ’ਤੇ ਕਾਬੂ ਪਾਇਆ ਜਾ ਸਕਦਾ ਹੈ ? ਜਾਂ ਕੀ ਕੋਈ ਅਜਿਹਾ ਤਰੀਕਾ ਵੀ ਹੈ ਜਿਸ ਨਾਲ ਅਵਚੇਤਨ ਮਨ ਨੂੰ ਆਪਣੀ ਇੱਛਾ ਅਨੁਸਾਰ ਮੋੜਿਆ ਜਾ ਸਕਦਾ ਹੈ ? ਉੱਤਰ ਨਿਰਾਸ਼ ਕਰਨ ਵਾਲਾ ਨਹੀਂ ਹੈ। ਆਧੁਨਿਕ ਮਨੋਵਿਗਿਆਨ ਵਿੱਚ ਅਨੇਕ ਅਜਿਹੇ ਤਰੀਕੇ ਹਨ ਜਿਨ੍ਹਾਂ ਨੂੰ ਇਸ ਮਕਸਦ ਲਈ ਵਰਤਿਆ ਜਾ ਸਕਦਾ ਹੈ। ਇਨ੍ਹਾਂ ਵਿੱਚੋਂ ਸਭ ਤੋਂ ਅਹਿਮ ਅਤੇ ਪ੍ਰਭਾਵੀ ਤਰੀਕਾ ‘ਅਚੇਤ ਸੰਦੇਸ਼’ (Subliminal signals/messages) ਹੈ। ਵੱਖ-ਵੱਖ ਵਿਧੀਆਂ ਵਰਤ ਕੇ ਸਾਡੇ ਦਿਮਾਗ਼ ਦੇ ‘ਅਵਚੇਤਨ ਹਿੱਸੇ’ ਨੂੰ ਪਹਿਲਾਂ ਐਕਟਿਵ ਕਰਨਾ ਪੈਂਦਾ ਹੈ ਤਾਂ ਕਿ ‘ਅਚੇਤ ਸੰਦੇਸ਼’ ਸਾਡੀ ਦਿਮਾਗ਼ੀ ਪ੍ਰਣਾਲੀ (Neural Activity) ਦਾ ਹਿੱਸਾ ਬਣ ਜਾਣ। ਇਸ ਨਾਲ ਹੈਰਾਨ ਕਰਨ ਵਾਲੀ ਤਬਦੀਲੀ ਇਹ ਵਾਪਰਦੀ ਹੈ ਕਿ ਸਾਡੇ ਦਿਮਾਗ਼ ਦੀ ‘ਨਿਊਰੋਨ ਪ੍ਰਣਾਲੀ’ ਨਵੇਂ ਸਿਰੇ ਤੋਂ ਪਰਿਭਾਸ਼ਤ ਹੋਣ ਲੱਗਦੀ ਹੈ। ਮੈਡੀਟੇਸ਼ਨ, ਸਾਹ ਪ੍ਰਕਿਰਿਆ (breathing pattern) ’ਤੇ ਧਿਆਨ ਦੇਣਾ, ਯੋਗਨਿਦਰਾ ਆਦਿ ਸਾਡੇ ਅਵਚੇਤਨ ਮਨ ਨੂੰ ਕਿਰਿਆਸ਼ੀਲ ਕਰਨ ਦੇ ਕੁਝ ਤਰੀਕੇ ਹਨ ਜੋ ਸਹਿਜੇ ਹੀ ਅਮਲ ਵਿੱਚ ਲਿਆਂਦੇ ਜਾ ਸਕਦੇ ਹਨ। ਜਦੋਂ ਇਨ੍ਹਾਂ ਤਰੀਕਿਆਂ ਨਾਲ ਅਵਚੇਤਨ ਮਨ ਨੂੰ ਐਕਟਿਵ ਕਰ ਲਿਆ ਜਾਂਦਾ ਹੈ ਤਾਂ ਮਧੁਰ ਭਾਸ਼ਾ ਵਰਤ ਕੇ ਜਿਵੇਂ ਸੰਗੀਤ ਜਾਂ ਕੁਝ ਸਕਾਰਾਤਮਕ ਸੰਦੇਸ਼ ਦਿਮਾਗ਼ ਨੂੰ ਦਿੱਤੇ ਜਾ ਸਕਦੇ ਹਨ ਜੋ ਸਾਡੀ ਅਵਚੇਤਨ ਪ੍ਰਣਾਲੀ ਦਾ ਹਿੱਸਾ ਬਣ ਕੇ ਸਾਡੇ ਸੁਭਾਅ ਨੂੰ ਮੁੜ-ਪਰਿਭਾਸ਼ਤ ਕਰ ਸਕਦੇ ਹਨ।

ਸਾਡਾ ਦਿਮਾਗ਼ ਪੰਜ ਤਰ੍ਹਾਂ ਦੀਆਂ ਤਰੰਗਾਂ ਤਹਿਤ ਕੰਮ ਕਰਦਾ ਹੈ। ਇਹ ਹਨ ਐਲਫ਼ਾ, ਬੀਟਾ, ਗੈਮਾ, ਥੀਟਾ ਅਤੇ ਡੈਲਟਾ। ਇਨ੍ਹਾਂ ਨੂੰ ਮਨੁੱਖੀ ਦਿਮਾਗ਼ ਦੀਆਂ ਪੰਜ ਅਵਸਥਾਵਾਂ ਵੀ ਕਿਹਾ ਜਾ ਸਕਦਾ ਹੈ। ਇਨ੍ਹਾਂ ਵਿੱਚੋਂ ਦੋ ਅਵਸਥਾਵਾਂ ਐਲਫਾ ਅਤੇ ਥੀਟਾ ਅਵਚੇਤਨ ਮਨ ਨਾਲ ਸੰਬੰਧਤ ਹਨ। ਦੂਜੇ ਸ਼ਬਦਾਂ ਵਿੱਚ ਜਦੋਂ ਇਨ੍ਹਾਂ ਤਰੰਗਾਂ ’ਤੇ ਕੰਮ ਕੀਤਾ ਜਾਂਦਾ ਹੈ ਤਾਂ ਸਾਡਾ ਅਵਚੇਤਨ ਮਨ ਐਕਟਿਵ ਹੋ ਜਾਂਦਾ ਹੈ। ਜੇਕਰ ਇਨ੍ਹਾਂ ਤਕਨੀਕੀ ਸ਼ਬਦਾਂ ਨੂੰ ਲਾਂਭੇ ਰੱਖ ਕੇ ਆਸਾਨ ਲਫਜ਼ਾਂ ਵਿੱਚ ਸਮਝੀਏ ਕਿ ‘ਜਾਗੋਮੀਚੀ’ ਜਾਂ ‘ਸੰਪੂਰਨ ਆਨੰਦ’ ਦੀ ਅਵਸਥਾ ਵਿੱਚ ਸਾਡਾ ਅਵਚੇਤਨ ਮਨ ਆਮ ਨਾਲੋਂ ਵਧੇਰੇ ਕਿਰਿਆਸ਼ੀਲ ਹੁੰਦਾ ਹੈ ਅਤੇ ਇਹੀ ਅਜਿਹਾ ਸਮਾਂ ਹੁੰਦਾ ਹੈ ਜਦੋਂ ਅਸੀਂ ਆਪਣੇ ਅਵਚੇਤਨ ਮਨ ਨੂੰ ‘ਅਚੇਤ ਸੰਦੇਸ਼’ ਦੇ ਕੇ ਆਪਣੀ ਸ਼ਖ਼ਸੀਅਤ ਦਾ ਪੁਨਰ-ਨਿਰਮਾਣ ਕਰ ਸਕਦੇ ਹਾਂ। ‘ਜਾਗੋਮੀਚੀ’ ਵਾਲੀ ਅਵਸਥਾ ਗਹਿਰੀ ਨੀਂਦ ਵਿੱਚ ਜਾਣ ਤੋਂ ਇੱਕਦਮ ਪਹਿਲਾਂ ਅਤੇ ਜਾਗਣ ਤੋਂ ਇੱਕਦਮ ਬਾਅਦ ਹੁੰਦੀ ਹੈ ਅਤੇ ‘ਸੰਪੂਰਨ ਆਨੰਦ’ ਦੀ ਅਵਸਥਾ ਚੌਵੀ ਘੰਟਿਆਂ ਵਿੱਚੋਂ ਕਦੇ ਵੀ ਹੋ ਸਕਦੀ ਹੈ। ਖਾਸਕਰ ਜਦੋਂ ਅਸੀਂ ਕੁਦਰਤ ਦੇ ਬਹੁਤ ਨੇੜੇ ਅਤੇ ਸੰਸਾਰਕ ਵਿਚਾਰਾਂ ਤੋਂ ਪਰ੍ਹੇ ਹੁੰਦੇ ਹਾਂ। ਬੱਚਿਆਂ ਦਾ ਅਵਚੇਤਨ ਮਨ ਆਮ ਬਾਲਗ ਇਨਸਾਨ ਨਾਲੋਂ ਵੱਧ ਕਿਰਿਆਸ਼ੀਲ ਹੁੰਦਾ ਹੈ। ਸਾਡੇ ਅਵਚੇਤਨ ਮਨ ਨੂੰ ਨਿਰਦੇਸ਼ ਦੇਣ ਦਾ ਇੱਕ ਹੋਰ ਅਹਿਮ ਮੌਕਾ ਉਸ ਵੇਲੇ ਹੁੰਦਾ ਹੈ ਜਦੋਂ ਅਸੀਂ ਕਿਸੇ ਵੀ ਮਨੁੱਖੀ ਜਜ਼ਬਾਤ ਜਿਵੇਂ ਕਿ ਗੁੱਸੇ, ਖੁਸ਼ੀ, ਉਦਾਸੀ, ਸ਼ਰਧਾ, ਸਤਿਕਾਰ ਜਾਂ ਸਮਰਪਣ ਆਦਿ ਦੇ ਭਾਵ ਨੂੰ ਲੈ ਕੇ ਸਿਖ਼ਰ (extreme) ’ਤੇ ਹੁੰਦੇ ਹਾਂ। ਕੁਝ ਮਹੱਤਵਪੂਰਨ ਪਲ, ਜੋ ਸਾਨੂੰ ਕੁਦਰਤੀ ਅਵਸਥਾ ਵਿੱਚ ਲਿਜਾਣ ’ਚ ਸਹਾਈ ਹੋ ਸਕਦੇ ਹਨ, ਉਨ੍ਹਾਂ ਵਿੱਚ ਕੋਈ ਮਧੁਰ ਸੰਗੀਤ, ਮਧੁਰ ਆਵਾਜ਼ ਜਾਂ ਕੋਈ ਮਨਮੋਹਕ ਕੁਦਰਤੀ ਨਜ਼ਾਰਾ ਜਿਵੇਂ ਕਿ ਬਾਰਿਸ਼ ਜਾਂ ਸੁਹਾਵਣਾ ਮੌਸਮ ਆਦਿ ਸਾਡੀ ਮਦਦ ਕਰ ਸਕਦਾ ਹੈ। ਇਨ੍ਹਾਂ ਪ੍ਰਸਥਿਤੀਆਂ ਵਿੱਚ ਸਾਡਾ ਅਵਚੇਤਨ ਮਨ ਸਾਡੇ ਆਲੇ-ਦੁਆਲੇ ਦੇ ਮਾਹੌਲ ਤੋਂ ਜੋ ਸੂਚਨਾ ਗ੍ਰਹਿਣ ਕਰਦਾ ਹੈ, ਉਹ ਸਾਡੇ ਨਿਊਰੋਨ ਸਿਸਟਮ ਦਾ ਹਿੱਸਾ ਬਣ ਜਾਂਦੀ ਹੈ ਅਤੇ ਸਾਡਾ ਸੁਭਾਅ, ਆਦਤਾਂ, ਸ਼ਖ਼ਸੀਅਤ ਉਸ ਅਨੁਸਾਰ ਢਲਣਾ ਸ਼ੁਰੂ ਹੋ ਜਾਂਦਾ ਹੈ। ਇੱਕ ਹੋਰ ਗੱਲ ਜੋ ਅਹਿਮ ਹੈ ਕਿ ‘ਦਿਮਾਗ਼ ਦੇ 90 ਫ਼ੀਸਦੀ ਹਿੱਸੇ’ (Subconscious mind) ਤੱਕ ਵਿਚਾਰਾਂ ਦੇ ਪ੍ਰਵਾਹ ਦੇ ਪਹੁੰਚਣ ਦਾ ਇੱਕੋ-ਇੱਕ ਤਰੀਕਾ ‘10 ਫ਼ੀਸਦੀ ਹਿੱਸੇ’ (Conscious mind) ਰਾਹੀਂ ਹੋ ਕੇ ਹੀ ਗੁਜ਼ਰਦਾ ਹੈ। ਇਸ ਲਈ ਚੇਤਨ ਮਨ ਵਿੱਚ ਚੱਲ ਰਹੀ ਕਸ਼ਮਕਸ਼ ਤੋਂ ਜੋ ਨਤੀਜਾ ਨਿਕਲਦਾ ਹੈ, ਅਵਚੇਤਨ ਮਨ ਵਿੱਚ ਉਹ ਸਥਾਈ ਤੌਰ ’ਤੇ ਜਮ੍ਹਾਂ ਹੋ ਜਾਂਦਾ ਹੈ, ਜਿਸਦਾ ਨਤੀਜਾ ਅਸੀਂ ਸਾਡੀ ਸ਼ਖ਼ਸੀਅਤ ਵਿੱਚ ਆਏ ਬਦਲਾਅ ਦੇ ਰੂਪ ਵਿੱਚ ਦੇਖਦੇ ਹਾਂ। ਸਾਡੇ ਲਈ ਚੰਗੀ ਗੱਲ ਇਹੀ ਹੈ ਕਿ ਅਵਚੇਤਨ ਮਨ ਵਿੱਚ ਵਿਚਾਰ ਪਹੁੰਚਣ ਤੋਂ ਪਹਿਲਾਂ ਸਾਡੇ ਚੇਤਨ ਮਨ ਦੀ ‘ਤਾਰਕਿਕ ਕਸ਼ਮਕਸ਼’ ਵਿੱਚੋਂ ਉਸ ਨੂੰ ਸਫ਼ਲਤਾਪੂਰਵਕ ਲੰਘਣਾ ਪੈਂਦਾ ਹੈ, ਇਸ ਲਈ ਸਾਡੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਜੇਕਰ ਕੋਈ ਨਕਾਰਤਮਕ ਵਿਚਾਰ ਸਾਡੇ ਚੇਤਨ ਮਨ ਵਿੱਚ ਦਾਖ਼ਲ ਹੋ ਵੀ ਜਾਵੇ ਤਾਂ ਵੀ ਅਸੀਂ ਉਸ ਵੇਲੇ ਤੱਕ ਉਸ ’ਤੇ ਤਰਕ ਕਰਦੇ ਰਹੀਏ ਜਦੋਂ ਤੱਕ ਉਹ ਵਿਚਾਰ ਸਕਾਰਾਤਮਕ ਵਿਚਾਰ ਦੇ ਰੂਪ ਵਿੱਚ ਤਬਦੀਲ ਨਾ ਹੋ ਜਾਵੇ।

Advertisement

ਸੰਪਰਕ: 98148-29005

Advertisement

Advertisement
×