ਤੰਦਰੁਸਤੀ ਦਾ ਅਣਗੌਲਿਆ ਹਿੱਸਾ ਮਾਨਸਿਕ ਸਿਹਤ
ਸਾਲ 2026 ਦਾ ‘ਵਿਸ਼ਵ ਮਾਨਸਿਕ ਸਿਹਤ ਦਿਵਸ’ 10 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ‘ਸੁਣੇ ਹੋਏ ਜੀਵਨ ਅਨੁਭਵ: ਅਸਲ ਆਵਾਜ਼ਾਂ, ਅਸਲ ਬਦਲਾਅ’ (Lived experiences heard: real voices, real change) ਥੀਮ ਤਹਿਤ ਇਹ ਦਿਨ ਵਿਸ਼ਵ ਸਿਹਤ ਸੰਗਠਨ ਤੇ ਮਾਨਸਿਕ ਸਿਹਤ ਲਈ...
ਸਾਲ 2026 ਦਾ ‘ਵਿਸ਼ਵ ਮਾਨਸਿਕ ਸਿਹਤ ਦਿਵਸ’ 10 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ‘ਸੁਣੇ ਹੋਏ ਜੀਵਨ ਅਨੁਭਵ: ਅਸਲ ਆਵਾਜ਼ਾਂ, ਅਸਲ ਬਦਲਾਅ’ (Lived experiences heard: real voices, real change) ਥੀਮ ਤਹਿਤ ਇਹ ਦਿਨ ਵਿਸ਼ਵ ਸਿਹਤ ਸੰਗਠਨ ਤੇ ਮਾਨਸਿਕ ਸਿਹਤ ਲਈ ਵਿਸ਼ਵ ਫੈਡਰੇਸ਼ਨ ਵੱਲੋਂ ਸਾਂਝੇ ਤੌਰ ’ਤੇ ਮਨਾਇਆ ਜਾ ਰਿਹਾ ਹੈ। ਇਸ ਦਿਨ ਦੀ ਅਹਿਮੀਅਤ ਇਸ ਲਈ ਵੀ ਵਧ ਜਾਂਦੀ ਹੈ ਕਿ ਮੌਜੂਦਾ ਸਮੇਂ ਵਿੱਚ ਦੁਨੀਆ ਭਰ ਵਿੱਚ ਸੌ ਕਰੋੜ ਤੋਂ ਵੱਧ ਲੋਕ ਮਾਨਸਿਕ ਰੋਗਾਂ ਤੋਂ ਪੀੜਤ ਹਨ, ਜਿਨ੍ਹਾਂ ਵਿੱਚੋਂ 60 ਫ਼ੀਸਦ ਲੋਕ ਮਾਨਸਿਕ ਉਦਾਸੀ (Depression) ਜਾਂ ਚਿੰਤਾ ਨਾਲ ਗ੍ਰਸਤ ਹਨ। ਖ਼ਾਸ ਕਰਕੇ ‘ਕੋਵਿਡ-19’ ਤੋਂ ਬਾਅਦ ਇਨ੍ਹਾਂ ਮਰੀਜ਼ਾਂ ਵਿੱਚ ਔਰਤਾਂ ਦੀ ਗਿਣਤੀ 27 ਤੋਂ 30 ਫ਼ੀਸਦੀ ਤੇ ਪੁਰਸ਼ਾਂ ਦੀ 21 ਤੋਂ 24 ਫ਼ੀਸਦੀ ਦੀ ਦਰ ਨਾਲ ਵਧੀ ਹੈ।
ਭਾਰਤ ਵਿੱਚ ਮਾਨਸਿਕ ਸਿਹਤ ਸੇਵਾਵਾਂ ਦੇ ਖੇਤਰ ਨੂੰ ਮਜ਼ਬੂਤ ਬਣਾਉਣ ਦੀ ਚੁਣੌਤੀ ਕਾਫ਼ੀ ਵੱਡੀ ਹੈ ਕਿਉਂਕਿ ਹਰ ਸੱਤ ਭਾਰਤੀਆਂ ਵਿੱਚੋਂ ਇੱਕ ਮਾਨਸਿਕ ਬਿਮਾਰੀ ਤੋਂ ਪੀੜਤ ਹੈ। ਜ਼ਿਕਰਯੋਗ ਹੈ ਕਿ ਤਕਰੀਬਨ 20 ਕਰੋੜ ਲੋਕ ਸਿੱਧੇ ਜਾਂ ਅਸਿੱਧੇ ਤੌਰ ’ਤੇ ਮਾਨਸਿਕ ਬਿਮਾਰੀਆਂ ਜਾਂ ਪ੍ਰੇਸ਼ਾਨੀਆਂ ਤੋਂ ਪੀੜਤ ਹਨ। ਪਿਛਲੇ ਤੀਹ ਸਾਲਾਂ ਵਿੱਚ ਦੂਜੀਆਂ ਬਿਮਾਰੀਆਂ ਦੇ ਮੁਕਾਬਲੇ ਮਾਨਸਿਕ ਰੋਗੀਆਂ ਦੀ ਗਿਣਤੀ ਦੁੱਗਣੀ ਦਰ ਨਾਲ ਵਧੀ ਹੈ। ਤ੍ਰਾਸਦੀ ਇਹ ਹੈ ਕਿ ਹਰ ਪੰਜ ਮਰੀਜ਼ਾਂ ਵਿੱਚੋਂ ਚਾਰ ਨੂੰ ਸਹੀ ਸਮੇਂ ’ਤੇ ਇਲਾਜ ਨਹੀਂ ਮਿਲਦਾ। ਇਸ ਦੇ ਮੁੱਖ ਕਾਰਨ ਰੋਗ ਦੀ ਠੀਕ ਸਮੇਂ ’ਤੇ ਪਛਾਣ ਨਾ ਹੋਣਾ ਅਤੇ ਸਿਹਤ ਸੇਵਾਵਾਂ ਦਾ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਣਾ ਹੈ। ਦੇਸ਼ ਵਿੱਚ ਦੂਜੀਆਂ ਬਿਮਾਰੀਆਂ ਦੇ ਮਾਹਿਰਾਂ ਦੇ ਮੁਕਾਬਲੇ ਮਾਨਸਿਕ ਰੋਗਾਂ ਦੇ ਮਾਹਿਰਾਂ ਦੀ ਗਿਣਤੀ ਕਾਫ਼ੀ ਘੱਟ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਤੈਅ ਮਾਪਦੰਡਾਂ ਅਨੁਸਾਰ ਦੇਸ਼ ਵਿੱਚ ਇੱਕ ਲੱਖ ਦੀ ਆਬਾਦੀ ਪਿੱਛੇ ਮਾਨਸਿਕ ਰੋਗਾਂ ਦੇ ਤਿੰਨ ਮਾਹਿਰ ਹੋਣੇ ਚਾਹੀਦੇ ਹਨ ਜਦੋਂਕਿ ਭਾਰਤ ਵਿੱਚ ਇਹ ਅੰਕੜਾ ਇੱਕ ਲੱਖ ਪਿੱਛੇ ਸਿਰਫ਼ 0.75 ਹੈ। ਇਸ ਤੋਂ ਇਲਾਵਾ ਮਾਨਸਿਕ ਰੋਗਾਂ ਨਾਲ ਜੁੜੀਆਂ ਮਾਹਿਰ ਨਰਸਾਂ ਦੀ ਘਾਟ ਵੱਖਰੀ ਹੈ।
ਵੱਖ-ਵੱਖ ਅਧਿਐਨਾਂ ਵਿੱਚ ਵੇਖਿਆ ਗਿਆ ਹੈ ਕਿ ਸਰੀਰਕ ਰੋਗਾਂ ਅਤੇ ਮਾਨਸਿਕ ਰੋਗਾਂ ਵਿੱਚ ਨੇੜੇ ਦਾ ਰਿਸ਼ਤਾ ਹੁੰਦਾ ਹੈ। ਉਦਾਹਰਣ ਵਜੋਂ, ਤਣਾਅ ਅਤੇ ਕੈਂਸਰ ਦੀ ਸਹਿ-ਹੋਂਦ ਹੁੰਦੀ ਹੈ ਭਾਵ ਇਹ ਦੋਵੇਂ ਇੱਕ-ਦੂਜੇ ਦੇ ਪੂਰਕ ਹੋ ਸਕਦੇ ਹਨ। ਇਸੇ ਤਰ੍ਹਾਂ ਚਿੰਤਾ ਅਤੇ ਦਿਲ ਦੀਆਂ ਬਿਮਾਰੀਆਂ ਆਪਸ ਵਿੱਚ ਸਬੰਧਿਤ ਹਨ। ਜਦੋਂ ਕੋਈ ਵਿਅਕਤੀ ਲੰਮੀ ਸਰੀਰਕ ਬਿਮਾਰੀ ਤੋਂ ਪੀੜਤ ਹੁੰਦਾ ਹੈ ਤਾਂ ਉਹ ਬਿਮਾਰੀ ਬਾਰੇ ਸੋਚ-ਸੋਚ ਕੇ ਮਾਨਸਿਕ ਰੋਗੀ ਬਣ ਜਾਂਦਾ ਹੈ ਤੇ ਉਸ ਦੀ ਇਹ ਮਾਨਸਿਕ ਸਥਿਤੀ ਉਸ ਦੇ ਤੰਦਰੁਸਤ ਹੋਣ ਵਿੱਚ ਅੜਿੱਕਾ ਬਣਨ ਲੱਗਦੀ ਹੈ। ਇੱਕ ਅਨੁਮਾਨ ਅਨੁਸਾਰ ਲੰਮੀ ਬਿਮਾਰੀ ਨਾਲ ਪੀੜਤ ਪੰਜ ਲੋਕਾਂ ਵਿੱਚੋਂ ਤਿੰਨ ਮਨੋਰੋਗੀ ਬਣ ਜਾਂਦੇ ਹਨ। ਟੀ ਬੀ, ਏਡਜ਼, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਜਾਂ ਦਿਲ ਦੀ ਬਿਮਾਰੀ ਦੇ ਮਰੀਜ਼ ਅਕਸਰ ਬਿਮਾਰੀ ਕਰਕੇ ਜਾਂ ਵਿੱਤੀ ਤੰਗੀ ਕਾਰਨ ਜਾਂ ਸਮਾਜਿਕ ਦਬਾਅ ਕਾਰਨ ਚਿੰਤਾ ਵਿੱਚ ਰਹਿੰਦੇ ਹਨ ਅਤੇ ਸਿੱਟੇ ਵਜੋਂ ਮਨੋਰੋਗੀ ਬਣ ਜਾਂਦੇ ਹਨ। ਅਕਸਰ ਹੀ ਕਿਸੇ ਲੰਮੀ ਬਿਮਾਰੀ ਦਾ ਇਲਾਜ ਕਰਵਾ ਰਿਹਾ ਮਰੀਜ਼ ਆਰਥਿਕ ਤੰਗੀ ਕਾਰਨ ਮਾਨਸਿਕ ਬਿਮਾਰੀ ਦੇ ਇਲਾਜ ਨੂੰ ਅੱਖੋਂ ਪਰੋਖੇ ਕਰ ਦਿੰਦਾ ਹੈ। ਇਸੇ ਮਾਨਸਿਕ ਤਣਾਅ ਕਾਰਨ ਹੀ ਲੋਕਾਂ ਵਿੱਚ ਆਤਮ-ਹੱਤਿਆ ਦਾ ਰੁਝਾਨ ਵਧ ਜਾਂਦਾ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਮੁਤਾਬਿਕ ਦੇਸ਼ ਵਿੱਚ ਸਾਲ 2023 ਵਿੱਚ 1,71,418 ਆਤਮ-ਹੱਤਿਆ ਦੇ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਦਾ ਸਿੱਧਾ ਸਬੰਧ ਵਿਅਕਤੀ ਦੇ ਮਾਨਸਿਕ ਰੋਗੀ ਹੋਣ ਨਾਲ ਹੁੰਦਾ ਹੈ। ਪੁਰਸ਼ਾਂ ਵਿੱਚ ਆਤਮ-ਹੱਤਿਆ ਦਾ ਰੁਝਾਨ 72.8 ਫ਼ੀਸਦੀ ਤੇ ਔਰਤਾਂ ਵਿੱਚ 27.2 ਫ਼ੀਸਦੀ ਹੈ। ਮਾਹਿਰਾਂ ਦਾ ਵਿਚਾਰ ਹੈ ਕਿ ਜੇਕਰ ਦੇਸ਼ ਵਿੱਚ ਮੁੱਢਲੀਆਂ ਸਿਹਤ ਸੇਵਾਵਾਂ ਵਿੱਚ ਤਣਾਅ ਅਤੇ ਮਾਨਸਿਕ ਰੋਗਾਂ ਨੂੰ ਵੀ ਸ਼ਾਮਿਲ ਕਰ ਲਿਆ ਜਾਵੇ ਤਾਂ ਸਰੀਰਕ ਰੋਗੀਆਂ ਨੂੰ ਮਨੋਰੋਗਾਂ ਤੋਂ ਬਚਾਇਆ ਜਾ ਸਕਦਾ ਹੈ ਅਤੇ ਮਾਨਸਿਕ ਰੋਗੀਆਂ ਦੇ ਇਲਾਜ ਲਈ ਵੱਖਰੇ ਤੌਰ ’ਤੇ ਹੁੰਦੇ ਖਰਚਿਆਂ ਤੋਂ ਵੀ ਬਚਿਆ ਜਾ ਸਕਦਾ ਹੈ।
ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ 10.6 ਤੋਂ 15 ਫ਼ੀਸਦੀ ਅੱਧਖੜ੍ਹ ਵਿਅਕਤੀ ਮਾਨਸਿਕ ਬਿਮਾਰੀਆਂ ਤੋਂ ਪੀੜਤ ਹਨ, ਜਿਨ੍ਹਾਂ ਨੂੰ ਮਾਹਿਰ ਡਾਕਟਰਾਂ ਦੀ ਲੋੜ ਹੈ। ਅਦਾਰੇ ਅਨੁਸਾਰ ਭਾਰਤ ਦੀ ਔਸਤਨ ਦਸ ਹਜ਼ਾਰ ਆਬਾਦੀ ਪਿੱਛੇ ਹਰ ਸਾਲ 2,443 ਲੋਕ ਮਾਨਸਿਕ ਬਿਮਾਰੀਆਂ ਤੋਂ ਪੀੜਤ ਪਾਏ ਜਾਂਦੇ ਹਨ, ਜਿਸ ਦਾ ਅਸਰ ਉਨ੍ਹਾਂ ਦੇ ਕੰਮਕਾਰ ’ਤੇ ਵੀ ਪੈਂਦਾ ਹੈ। ਵਿਸ਼ਾ ਮਾਹਿਰ ਇਸ ਨੂੰ ‘ਅਸਮਰੱਥਾ-ਅਨੁਕੂਲਿਤ ਜੀਵਨ ਵਰ੍ਹਾ’ ਵਜੋਂ ਪ੍ਰਭਾਸ਼ਿਤ ਕਰਦੇ ਹਨ। ਇਹ ਅੰਕੜਾ ਸਮਾਜ ਵਿੱਚ ਮਿਆਰੀ ਤੌਰ ’ਤੇ ਸਿਹਤਮੰਦ ਲੋਕਾਂ ਅਤੇ ਅਸਲ ਸਮਾਜਿਕ ਜੀਵਨ ਵਿੱਚ ਮਾਨਸਿਕ ਤੌਰ ’ਤੇ ਬਿਮਾਰ ਲੋਕਾਂ ਦੀ ਗਿਣਤੀ ਨੂੰ ਦਰਸਾਉਂਦਾ ਹੈ। ਉਕਤ ਅੰਕੜਾ ਸੰਕੇਤ ਕਰਦਾ ਹੈ ਕਿ ਦੇਸ਼ ਦੀ ਸਮੁੱਚੀ ਆਬਾਦੀ ਵਿੱਚੋਂ ਇੱਕ-ਚੌਥਾਈ ਹਿੱਸੇ ਦੇ ਬਰਾਬਰ ਲੋਕਾਂ ਦਾ ਮਾਨਸਿਕ ਤੌਰ ’ਤੇ ਅਸਮਰੱਥ ਹੋਣ ਕਰਕੇ ਜਾਂ ਤਾਂ ਸਮਾਂ ਬਰਬਾਦ ਹੁੰਦਾ ਹੈ ਜਾਂ ਫਿਰ ਕੰਮ ਕਰਨ ਦੀ ਸਮਰੱਥਾ ਘਟ ਜਾਂਦੀ ਹੈ। ਅਦਾਰੇ ਦਾ ਅਨੁਮਾਨ ਹੈ ਕਿ ਉਕਤ ਅਸਮਰੱਥਾ ਕਾਰਨ ਘਟੀ ਉਤਪਾਦਨ ਸਮਰੱਥਾ ਕਰਕੇ ਭਾਰਤ ਨੂੰ ਹਰ ਸਾਲ ਅਰਬਾਂ ਰੁਪਏ ਦਾ ਵਿੱਤੀ ਘਾਟਾ ਪੈ ਰਿਹਾ ਹੈ। ਅੰਕੜਿਆਂ ਵਿੱਚ ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿਚਲੇ ਫ਼ਰਕ ਤੋਂ ਪਤਾ ਲੱਗਦਾ ਹੈ ਕਿ ਪਿੰਡਾਂ ਦੀ ਬਜਾਏ ਸ਼ਹਿਰੀ ਇਲਾਕਿਆਂ ਵਿੱਚ ਲੋਕ ਤਣਾਅ ਤੋਂ ਵਧੇਰੇ ਗ੍ਰਸਤ ਹਨ। ਇਹ ਪਾੜਾ ਦੋਵੇਂ ਵਰਗਾਂ ਦੀ ਜੀਵਨ ਸ਼ੈਲੀ ਵਿਚਲੇ ਫ਼ਰਕ ਕਰਕੇ ਹੈ ਕਿਉਂਕਿ ਸ਼ਹਿਰੀ ਲੋਕ ਵਧੇਰੇ ਤਣਾਅ ਵਾਲਾ ਜੀਵਨ ਬਤੀਤ ਕਰਦੇ ਹਨ।
ਮਾਨਸਿਕ ਤੌਰ ’ਤੇ ਬਿਮਾਰ ਲੋਕਾਂ ਵਿੱਚੋਂ 70 ਤੋਂ 90 ਫ਼ੀਸਦੀ ਲੋਕ ਸਬੰਧਿਤ ਵਿਸ਼ਾ ਮਾਹਿਰਾਂ ਤੋਂ ਇਲਾਜ ਨਹੀਂ ਕਰਾਉਂਦੇ ਜਾਂ ਕਰਾਉਣ ਦੇ ਸਮਰੱਥ ਨਹੀਂ ਹੁੰਦੇ। ਇਸ ਪਿੱਛੇ ਮੁੱਖ ਕਾਰਨ ਹਨ: ਅਸਲ ਰੋਗ ਪ੍ਰਤੀ ਜਾਗਰੂਕਤਾ ਦੀ ਘਾਟ, ਸਮਾਜਿਕ ਬਦਨਾਮੀ ਦਾ ਡਰ ਅਤੇ ਵਿਸ਼ਾ ਮਾਹਿਰਾਂ ਤੇ ਸਿਖਲਾਈਯਾਫ਼ਤਾ ਸਟਾਫ ਦੀ ਘਾਟ। ਇਹ ਵੀ ਸਮਝਣ ਦੀ ਲੋੜ ਹੈ ਕਿ ਸਾਡੇ ਰੂੜ੍ਹੀਵਾਦੀ ਸਮਾਜ ਵਿੱਚ ਮਾਨਸਿਕ ਰੋਗਾਂ ਦੇ ਮਾਹਿਰਾਂ ਤੋਂ ਇਲਾਜ ਕਰਵਾਉਣ ਵਾਲੇ ਲੋਕਾਂ ਨੂੰ ਪਾਗਲ ਜਾਂ ਨੀਮ ਪਾਗਲ ਸਮਝਿਆ ਜਾਂਦਾ ਹੈ, ਜਿਸ ਕਰਕੇ ਦਿਮਾਗ਼ੀ ਤੌਰ ’ਤੇ ਪ੍ਰੇਸ਼ਾਨ ਲੋਕ ਮਾਹਿਰ ਡਾਕਟਰਾਂ ਕੋਲ ਜਾਣ ਤੋਂ ਵੀ ਪ੍ਰਹੇਜ਼ ਕਰਦੇ ਹਨ। ਇਸ ਸਮੱਸਿਆ ਦਾ ਹੱਲ ਸਮਾਜ ਨੂੰ ਮਾਨਸਿਕ ਸਿਹਤ ਬਾਰੇ ਜਾਗਰੂਕ ਕਰਨਾ ਅਤੇ ਸਿਹਤ ਸਹੂਲਤਾਂ ਦਾ ਵਿਸਥਾਰ ਹੈ। ਕਈ ਸੰਸਥਾਵਾਂ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੀਆਂ ਹਨ, ਪਰ ਹਾਲੇ ਵੀ ਇਸ ਦਿਸ਼ਾ ਵਿੱਚ ਵੱਡੇ ਯਤਨਾਂ ਦੀ ਲੋੜ ਹੈ।
ਸੰਪਰਕ: 62842-20595

