ਵਿਅੰਗ

ਕਰੋਨਾ ਵੇਲੇ ਆਈਆਂ ਯਾਦਾਂ

ਕਰੋਨਾ ਵੇਲੇ ਆਈਆਂ ਯਾਦਾਂ

ਕੇ.ਐਲ. ਗਰਗ

ਕੇ.ਐਲ. ਗਰਗ

ਚਤਰੀ ਬੋਬੀ ਨੂੰ ਜੇ ਗਾਉਣਾ ਆਉਂਦਾ ਹੁੰਦਾ ਤਾਂ ਸੱਚਮੁੱਚ ਉਸ ਨੇ ਠੋਡੀ ’ਤੇ ਹੱਥ ਧਰ, ਬੁੱਲ੍ਹ ਟੇਰ-ਟੇਰ, ਲੱਕ ਮਟਕਾ-ਮਟਕਾ ਕੇ ਗਾਉਂਦੇ ਹੋਣਾ ਸੀ:

ਆਤਾ ਹੈ ਯਾਦ, ਮੁਝ ਕੋ ਗੁਜ਼ਰਾ ਹੂਆ ਜ਼ਮਾਨਾ,

ਹਾਫ਼ਿਜ਼ ਖ਼ੁਦਾ ਤੁਮਾਰ੍ਹਾ...

ਜਦੋਂ ਵੀ ਆਂਢ-ਗੁਆਂਢ ਦੀ ਹੋਈ ਬੁੱਢੀ ਠੇਰੀ ਕਰੋਨਾ ਬਾਰੇ ਗੱਲ ਕਰਦੀ ਹੈ ਤਾਂ ਚਤਰੀ ਬੋਬੀ ਝੱਟ ਗਿੱਧਾ ਜਿਹਾ ਪਾਉਂਦਿਆਂ ਆਖ ਦਿੰਦੀ ਹੈ:

‘‘ਜਾ ਵੱਢੇ ਦੇ, ਪਤਾ ਨੀਂ, ਕੇਹੇ ਜੇ ਟੈਮ ਆਗੇ ਆ, ਨਾਨੀ ਚੇਤੇ ਆਈ ਪਈ ਐ। ਸੁਰਗਾਂ ’ਚ ਬਾਸਾ ਹੋਵੇ ਬਚਾਰੀ ਦਾ, ਉਹ ਵੇਲੇ, ਉਹੀ ਸੇ...।’’

ਨਾਨੀ ਦੀ ਗੱਲ ਤਾਂ ਫੇਰ ਕਰਾਂਗੇ, ਪਹਿਲਾਂ ਚਤਰੀ ਬੋਬੀ ਦੇ ਬੁੜ੍ਹਿਆਂ ਨੂੰ ਚੇਤੇ ਕਰ ਲਈਏ। ਆਪਣੇ ਵੱਡੇ-ਵਡੇਰਿਆਂ ਨੂੰ ਯਾਦ ਕਰਦਿਆਂ ਬੋਬੀ ਚਤਰੀ ਦੱਸਦੀ ਹੈ:

‘‘ਭਾਈ, ਉਹ ਵੀ ਜ਼ਮਾਨੇ ਤੇ। ਸਾਰਾ ਦਿਨ ਬੁੜ੍ਹਿਆਂ ਨੇ ਤਮਾਕੂ ਦੇ ਸੂਟੇ ਖਿੱਚਦੇ ਰਹਿਣਾ, ਸੂਟੇ ਖਿੱਚਦੇ ਰਹਿਣਾ ਤੇ ਸਾਰੀ-ਸਾਰੀ ਰਾਤ ਖੰਘੀ ਜਾਣਾ। ਜਾਂਹ ਤਾਂ ਮਿਲਣ ਵੀ ਦਿਖਦੇ ਸੇ। ਬਿੰਦ ਝੱਟ ਟਿਕ ਜਾਂਦੇ ਤਾਂ ਘਰ ਦਿਆਂ ਨੇ ਸ਼ੁਕਰ ਕਰਨਾ ਤੇ ਅੱਖ ਲਾਉਣ ਜੋਗੇ ਹੋਣਾ।’’

ਕਰੋਨਾ ਦਾ ਜ਼ਿਕਰ ਆਉਂਦਿਆਂ ਹੀ ਬੋਬੀ ਚਤਰੀ ਗਿੱਧਾ ਜਿਹਾ ਪਾਉਂਦਿਆਂ ਆਖਦੀ ਹੈ:

ਲੈ ਹੁਣ ਮੱਦੀ ਦੇ ਭਾਪੇ ਨੂੰ ਹੀ ਲੈ ਲੋ। ਮਜ਼ਾਲ ਐ ਰਾਤ ਨੂੰ ਪਿਆ ਸਾਹ ਵੀ ਕੱਢ ਜੇ। ਬੱਤੀਆਂ ਤਾਂ ਇਹ ਵੀ ਬਥੇਰੀਆਂ ਪੀਂਦਾ। ਪਹਿਲਾਂ ਖੰਘਦਾ ਵੀ ਰਹਿੰਦਾ ਤੀ। ਪਰ ਹੁਣ ਪਤਾ ਨੀਂ ਕੀ ਪਟਮੇਲੀ ਬੱਜਗੀ ਐ, ਮਜ਼ਾਲ ਐ ਕਦੇ ਚੂੰ ਵੀ ਕੀਤੀ ਹੋਵੇ। ਮੁਰਦਿਆਂ ਵਾਂਝ ਸਾਹ ਸੂਤ ਕੇ ਪਿਆ ਰਹਿੰਦਾ ਹੈ। ਮੈਂ ਇਕ ਦਿਨ ਪੁੱਛਿਆ ਤਾਂ ਰੋਣੀ ਜਿਹੀ ਸੂਰਤ ਬਣਾ ਕੇ ਕਹਿੰਦਾ: ‘‘ਮੱਦੀ ਦੀ ਬੀਬੀ, ਮੈਂ ਤਾਂ ਜਾਣ ਕ। ਨੀਂ ਖੰਘਦਾ। ਬੱਤੀਆਂ ਪੀਣ ਆਲੇ ਨੂੰ ਭਲਾ ਖੰਘ ਕਿਵੇਂ ਨਾ ਆਵੇ। ਖੰਘ ਰੋਕ-ਰੋਕ ਰੱਖਦਾਂ। ਖੰਘ ਰੋਕ-ਰੋਕ ਕੇ ਤਾਂ ਕਈ ਵਾਰ ਮੇਰੀਆਂ ਰਗਾਂ ਪਾਟਣ ’ਤੇ ਆ ਜਾਂਦੀਆਂ।’’

‘‘ਫੇਰ ਮੱਦੀ ਦੇ ਭਾਪੇ ਤੈਨੂੰ ਰੋਕਦਾ ਕਿਹੜੈ?’’ ਮੈਂ ਪੁੱਛਦੀ ਹਾਂ।

ਭੋਲਾ ਜਿਹਾ ਮੂੰਹ ਬਣਾ ਕੇ ਆਖਦਾ ਐ: ‘‘ਆਹੀ ਕਰੋਨਾ। ਡਰਦਾਂ ਬਈ ਜੇ ਭੋਰਾ ਕੁ ਵੀ ਖੰਘਿਆ ਤਾਂ ਪੁੱਤਾਂ ਨੇ ਹਸਪਤਾਲ ਛੱਡ ਆਉਣੈਂ ਤੇ ਆਪਣੇ ਸਲੱਗ ਪੁੱਤਾਂ ਨੇ ਮੁੜ ਉੱਤਾ ਨੀਂ ਵਾਚਣਾ ਬਈ ਭਾਪਾ ਮਰਿਆ ਕਿ ਜਿਉਂਦੈ। ਰਗਾਂ ਪਾਟ ਕੇ ਘਰੇ ਭਾਵੇਂ ਮਰਜਾਂ, ਪਰ ਮੈਂ ਹਸਪਤਾਲ ’ਚ ਰੁਲ-ਰੁਲ ਕੇ ਨੀਂ ਮਰਨਾ ਚਾਹੁੰਦਾ ਮੱਦੀ ਦੀ ਬੀਬੀ।’’

ਬੁਖ਼ਾਰ, ਤਾਪ ਦੀ ਗੱਲ ਚੱਲ ਪਵੇ ਤਾਂ ਬੋਬੀ ਚਤਰੀ ਝੱਟ ਕਹਿ ਦਿੰਦੀ ਹੈ:

‘‘ਲੈ ਭਾਈ ਅੱਗੇ ਕਿਹੜਾ ਤਾਪ ਨੀਂ ਸੀ ਚੜ੍ਹਦਾ ਲੋਕਾਂ ਨੂੰ। ਏਨਾ-ਏਨਾ ਤਾਪ ਚੜ੍ਹਦਾ ਸੀ ਪਿੰਡਾ ਭੱਠੀ ਆਂਙ ਤਪਣ ਲੱਗ ਜਾਂਦਾ ਤੀ। ਚੰਦਰੇ ਥਰਮਾਮੀਟਰ ਟੁੱਟਣ ਆਲੇ ਹੋ ਜਾਂਦੇ ਤੀ। ਟੇਕੂ ਪੰਸਾਰੀ ਤੋਂ ਦੋ ਪੈਹੇ ਦਾ ਦੁਸ਼ਾਂਦਾ ਲਿਆਈਦਾ ਤੀ, ਦੋ ਬਾਰ ’ਬਾਲ ਦੇ ਪੀ ਲੈਂਦੇ ਤੀ ਤੇ ਤਾਪ ਫੂ-ਫੁਰਨ ਹੋ ਜਾਂਦਾ ਤੀ।’’

ਸਾਹ ਖਿੱਚ ਕੇ ਬੋਬੀ ਚਤਰੀ ਮੁੜ ਬਿਰਤਾਂਤ ਪੇਸ਼ ਕਰਦੀ ਹੋਈ ਆਖਦੀ ਹੈ:

‘‘ਲੈ ਆਪਣੇ ਭੋਲੂ ਨੂੰ ਭੋਰਾ ਕੁ ਤਾਪ ਹੋਇਐ, ਗਿੱਠ ਕੁ ਤਾਂ ਜੁਆਕ ਐ, ਕੁੱਕੜੀ ਦੇ ਚੂਚੇ ਆਂਙ ਪੰਦਰਾਂ ਦਿਨਾਂ ਦਾ ਤਾੜਿਆ ਹੋਇਐ ਉਪਰ ਚਬਾਰੇ ’ਚ। ਅਖੇ ਕੋਰੋਟਾਈਨ ਕੀਤੈ। ਇਹੇ ਜੇ ਜੁਆਕ ਨੂੰ ਤਾਂ ਹਿੱਕ ਨਾਲ ਲਾ-ਲਾ ਰੱਖਦੈ, ਬੁੱਘੀਆਂ ਲੈਂਦਾ ਈ ਨੀ ਥੱਕਦਾ ਤੇ ਇਨ੍ਹਾਂ ਸਾਡੇ ਚੰਦਰੇ ਜੁਆਕਾਂ ਨੇ ਉਸ ਅਭੋਲ ਨੂੰ ਤਾੜ ਰੱਖਿਐ ਉਪਰ ਚਬਾਰੇ ’ਚ। ਜਦੋਂ ਉਹ ਕੱਲਾਕਾਰਾ ‘ਬੋਬੀ, ਬੋਬੀ’ ਆਖ ਵਾਜਾਂ ਮਾਰਦੈ ਤਾਂ ਮੇਰਾ ਤਾਂ ਭਾਈ ਕਲੇਜਾ ਮੱਚਣ ਲੱਗਦੈ। ਮੈਂ ਤਾਂ ਸੌ ਬਾਰ ਆਖਿਐ ਕਿ ਮੈਨੂੰ ਛੱਡ ਦਿਓ ਉਹਦੇ ਕੋਲ, ਜੋ ਹੁੰਦੈ ਹੋ ਜਾਵੇ। ਪਰ ਇੱਥੇ ਸੁਣਦਾ ਕੌਣ ਐ। ਝੱਟ ਕਹਿ ਦਿੰਦੇ ਐ, ਬੇਬੇ, ਸਾਰੇ ਟੱਬਰ ਨੂੰ ਤਾਂ ਨੀ ਮਰਵਾਉਂਣਾ। ਆਪਾਂ ਨੂੰ ਹੋ ਗਿਆ ਤਾਂ ‘ਲਾਜ ਵੀ ਨੀ ਕਰਾ ਹੋਣਾ, ਪ੍ਰਾਈਵੇਟ ਹਸਪਤਾਲਾਂ ਵਾਲੇ ਤਾਂ ਭਾਂਡੇ ਆਂਙ ਮੁੰਨ ਦੇਣਗੇ। ਬੜਾ ਹੀ ਤਰਸ ਆਉਂਦੈ ਭਾਈ ਮੈਨੂੰ ਤਾਂ ਬਚਾਰੇ ਭੋਲੂ ’ਤੇ। ਭੋਰਾ ਕੁ ਭਰ ਜੁਆਕ ਦੀ ਕੀ ਦੁਰਦਸ਼ਾ ਕੀਤੀ ਪਈ ਐ। ਖੇਡਣ-ਮੱਲ੍ਹਣ ਦੇ ਦਿਨ ਤੇ ਬਚਾਰੇ ਦੇ ਤੇ ਇਹ ਤਾੜਿਆ ਪਿਐ ਚਬਾਰੇ ’ਚ। ਬੜਾ ਯਾਦ ਆਉਂਦੈ, ਕਾਨਾ ਟੇਕੂ ਪੰਸਾਰੀ। ਮਾਰੋ ਭਾਮੇਂ ਛੱਡੋ, ਮੈਥੋਂ ਤਾਂ ਡਾਡਾਂ ਮਾਰਦਾ ਜੁਆਕ ਝੱਲਿਆ ਨੀ ਜਾਂਦਾ। ਬਲੂੰਗੜੇ ਆਂਙ ਮਿਆਊਂ-ਮਿਆਊਂ ਕਰਦਾ ਰਹਿੰਦਾ ਸਾਰਾ-ਸਾਰਾ ਦਿਨ-ਰਾਤ।’’

ਕਰੋਨਾ ਦੇ ਇਨ੍ਹਾਂ ਦਿਨਾਂ ਵਿਚ ਖਾਂਸੀ ਜ਼ੁਕਾਮ ਤੇ ਗਲੇ ਦੀ ਖੁਰਖੁਰੀ ਦੀਆਂ ਗੱਲਾਂ ਆਮ ਹੀ ਲੋਕ ਇਕ ਦੂਸਰੇ ਨਾਲ ਕਰਦੇ ਰਹਿੰਦੇ ਹਨ। ਸੁਣਦਿਆਂ ਹੀ ਬੋਬੀ ਚਤਰੀ ਚਿੜ੍ਹ ਪੈਂਦੀ ਹੈ:

‘‘ਇਹ ਵੀ ਕੋਈ ਬਿਮਾਰੀਆਂ ਨੇ ਜਿਨ੍ਹਾਂ ਨੂੰ ਸ਼ਹਿਰੀਆਂ ਨੇ ਭੂਏ ਚੜ੍ਹਾਇਆ ਪਿਐ। ਠੰਢ-ਗਰਮੀ ’ਚ ਤਾਂ ਇਹ ਸਦਾ ਆਮ ਹੀ ਹੁੰਦੀਆਂ ਰਹਿੰਦੀਆਂ ਤੀ। ਅਖੇ ਜੀ ਤੁਸੀਂ ਪੌਜੇਟਿਵ ਆਗੇ, ਭੱਜੋ ਹਸਪਤਾਲ ਨੂੰ। ਜਾਉ ਵੱਡੇ ਡਾਕਟਰ ਕੋਲ। ਜਖਾਮ ਹੁੰਦਾ ਤੀ ਤਾਂ ਭੋਰਾ ਕੁ ਗਰਮ ਪਾਣੀ ਦੀ ਭਾਫ਼ ਲੈ ਲਈਦੀ ਤੇ ਜ਼ਖਾਮ ਮਾਰਿਆ ਨੀਂ ਤੀ ਲੱਭਦਾ। ਸੁੰਢ, ਅਜਵੈਣ, ਸੌਂਫ, ਮਲੱਠੀ ਦਾ ਕਾੜ੍ਹਾ ਪੀ ਲਈਦਾ ਤੀ ਤੇ ਖ਼ਾਂਸੀ ਜ਼ਖਾਮ ਤਾਂ ਲੱਭਿਆ ਨੀਂ ਤੀ ਲੱਭਦਾ। ਤੇ ਇਨ੍ਹਾਂ ਨੇ ਇਹਨੂੰ ਈ ਰੋਗ ਬਣਾ ਰੱਖਿਐ। ਅਸਲ ’ਚ ਭਾਈ ਹੁਣ ਲੋਕਾਂ ਕੋਲ ਪੈਹੇ ਆ ਜਾਂਦੇ ਤੇ ਸ਼ੌਕ ਈ ਚੜ੍ਹਿਆ ਰਹਿੰਦਾ ਵੱਡੇ ਡਾਕਟਰਾਂ ਕੋਲ ਜਾਣ ਦਾ। ਛਾਤੀ ’ਤੇ ਹੱਥ ਮਾਰ-ਮਾਰ ਵੱਡੇ-ਵੱਡੇ ਡਾਕਟਰਾਂ ਦੇ ਨਾਂ ਦੱਸਦੇ ਐ। ਦੋ ਪੈਹੇ ਦੀ ਦਵਾਈ ਬਦਲੇ ਹਜ਼ਾਰਾਂ ਖਰਚ ਕੇ ਇਨ੍ਹਾਂ ਦੀ ਤਮ੍ਹਾ ਮੱਠੀ ਹੁੰਦੀ ਐ। ਬਮਾਰੀ ਨੇ ਨੀ, ਪੈਹੇ ਨੇ ਮਾਰ ਲੀ ਦੁਨੀਆ। ਮਾਰ੍ਹ ਕਮਲੀ ਹੋਈ ਪਈ ਐ ਪੈਹੇ ਕਰਕੇ।’’

ਮਾਸਕ ਬੰਨ੍ਹੀ ਫਿਰਦੀ ਹੇੜ ਦੀ ਹੇੜ ਨੂੰ ਦੇਖ ਕੇ ਵੀ ਬੋਬੀ ਚਤਰੀ ਬੋਲਣੋਂ ਨਹੀਂ ਰਹਿ ਸਕਦੀ:

‘‘ਇਹ ਕਾਹਤੋਂ ਬੰਨ੍ਹੀ ਫਿਰਦੇ ਐ ਇਹ ਮੂੰਹ-ਪੱਟੀਆਂ? ਸਾਰੇ ਸੁਲਤਾਨਾ ਡਾਕੂ ਬਣੇ ਫਿਰਦੇ ਐ।’’

‘‘ਹਵਾ ਗੰਦੀ ਹੋ ਗਈ ਐ ਬੋਬੀ। ਬਮਾਰੀ ਦਾ ਡਰ ਬਣਿਆ ਰਹਿੰਦਾ। ਹਵਾ ਦੀ ਲਾਗ ਤੋਂ ਬਚਣ ਲਈ ਬੰਨ੍ਹਦੇ ਨੇ ਇਹ ਮਾਸਕ।’’ ਕੋਈ ਦੱਸਦਾ ਹੈ ਤਾਂ ਬੋਬੀ ਚਤਰੀ ਚਿੜ ਪੈਂਦੀ ਹੈ:

‘‘ਹਵਾ ਭਾਈ ਗੰਦੀ ਕੀਹਨੇ ਕਰਤੀ? ਰੁੱਖ ਤਾਂ ਇਕ ਨੀ ਰਹਿਣ ਦਿੱਤਾ ਇਨ੍ਹਾਂ ਚੰਦਰਿਆਂ ਨੇ। ਤਾਜ਼ੀ ਵਾ ਆਊ ਕਿੱਥੋਂ? ਅਖੇ ਆਪੇ ਫਾਥੜੀਏ, ਤੈਨੂੰ ਕੌਣ ਛਡਾਵੇ। ਆਪਣੀਆਂ ਕਰਨੀਆਂ, ਆਪਣੀਆਂ ਭਰਨੀਆਂ। ਸੈਰ ਇਨ੍ਹਾਂ ਨੇ ਨੀਂ ਕਰਨੀ, ਦੋ ਡਿੰਞਾਂ ਇਨ੍ਹਾਂ ਨੇ ਨੀਂ ਪੁੱਟਣੀਆਂ। ਬਮਾਰੀਆਂ ਨੂੰ ਤਾਂ ਆਪ ਸਰਾਧ ਖਾਣ ਵਾਲੇ ਬਾਹਮਣ ਵਾਂਗ ਸੱਦਾ ਦਿੰਦੇ ਐ ਲੋਕ। ਅਖੇ: ਆ ਬਲਾਏ ਤਪ੍ਹੈਰਾ ਕੱਟ ਜਾਹ।’’

ਬੋਬੀ ਚਤਰੀ ਪੁਰਾਣੇ ਜ਼ਮਾਨੇ ਦੀ ਐ। ਨਵੇਂ ਜ਼ਮਾਨੇ, ਨਵੀਂ ਤਕਨੀਕ ਤੇ ਨਵੀਂ ਟੈਂਟ-ਫੈਂਟ ਵਾਲਿਆਂ ਨੂੰ ਉਸ ਦੀਆਂ ਗੱਲਾਂ ਸਮਝ ਨਹੀਂ ਆ ਸਕਦੀਆਂ। ਹਾਂ, ਸੱਚ ਜੇ ਬੋਬੀ ਚਤਰੀ ਨੂੰ ਗਾਉਣਾ ਆਉਂਦਾ ਹੁੰਦਾ ਤਾਂ ਉਸ ਜ਼ਰੂਰ ਠੋਡੀ ’ਤੇ ਹੱਥ ਧਰ, ਬੁੱਲ੍ਹ ਟੇਰ੍ਹ-ਟੇਰ੍ਹ, ਲੱਕ ਮਟਕਾ-ਮਟਕਾ ਗਾਉਂਦੇ ਹੋਣਾ ਸੀ:

‘‘ਆਤਾ ਹੈ ਯਾਦ ਹਮਕੋ ਗੁਜ਼ਰਾ ਹੂਆ ਜ਼ਮਾਨਾ...

ਹਾਫ਼ਿਜ਼ ਖ਼ੁਦਾ ਤੁਮਾਰ੍ਹਾ।

ਹਾਫ਼ਿਜ਼ ਖ਼ੁਦਾ ਤੁਮਾਰ੍ਹਾ।

ਸਰਬੱਤ ਦਾ ਭਲਾ।

ਸੰਪਰਕ: 94635-37050

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All