ਭਾਪਾ ਜੀ ਜਦੋਂ ਵੀ ਕਿਸੇ ਨੂੰ ਚਿੱਠੀ ਪੱਤਰ ਲਿਖਦੇ ਜਾਂ ਆਪਣੀ ਕੋਈ ਰਚਨਾ ਅਖ਼ਬਾਰਾਂ ਰਸਾਲਿਆਂ ਨੂੰ ਭੇਜਦੇ ਤਾਂ ਪੱਕਾ ਪਤਾ ਜ਼ਰੂਰ ਲਿਖਦੇ ਸਨ। ਪੱਕਾ ਪਤਾ ਇਹ ਸੀ:
ਸੰਤੋਖ ਸਿੰਘ ਧੀਰ
ਪਿੰਡ: ਡਡਹੇੜੀ, ਮਕਾਨ ਨੰ: 689, ਫੇਜ਼: 10,
ਤਹਿਸੀਲ: ਅਮਲੋਹ, ਐੱਸ.ਏ.ਐੱਸ. ਨਗਰ ਮੁਹਾਲੀ 160061
ਜ਼ਿਲ੍ਹਾ ਲੁਧਿਆਣਾ (ਪੰਜਾਬ) (ਹੁਣ ਫਤਹਿਗੜ੍ਹ ਸਾਹਿਬ)
ਫੋਨ ਨੰ: 0172-221920
ਯਾਦ: 8 ਫਰਵਰੀ 2010 ਨੂੰ ਭਾਪਾ ਜੀ ਸਾਡੇ ਤੋਂ ਵਿਛੜੇ ਸਨ। ਯਾਦ ਤਾਜ਼ਾ ਹੀ ਲੱਗਦੀ ਹੈ ਜਦੋਂ 9 ਫਰਵਰੀ ਨੂੰ ਅਖ਼ਬਾਰਾਂ ਦੀ ਸੁਰਖ਼ੀਆਂ ਪੜ੍ਹੀਆਂ: ਪੰਜਾਬੀ ਦੇ ਉੱਘੇ ਲੇਖਕ ਸੰਤੋਖ ਸਿੰਘ ਧੀਰ ਨਹੀਂ ਰਹੇ; ਪ੍ਰਸਿੱਧ ਸਾਹਿਤਕਾਰ ਸੰਤੋਖ ਸਿੰਘ ਧੀਰ ਦਾ ਦਿਹਾਂਤ; ਪ੍ਰਸਿੱਧ ਪੰਜਾਬੀ ਲੇਖਕ ਸੰਤੋਖ ਸਿੰਘ ਧੀਰ ਨਹੀਂ ਰਹੇ; ਇਕ ਯੁਗ ਦਾ ਅੰਤ ਸ਼ਿਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਨਹੀਂ ਰਹੇ, ਸੰਤੋਖ ਸਿੰਘ ਧੀਰ ਨਹੀਂ ਰਹੇ ਆਦਿ। ਰੇਡੀਓ, ਟੈਲੀਵਿਜ਼ਨ ਚੈਨਲਾਂ ’ਤੇ ਤਾਂ 8 ਫਰਵਰੀ ਦੀ ਰਾਤ ਨੂੰ ਹੀ ਖ਼ਬਰਾਂ ਨਸ਼ਰ ਹੋ ਗਈਆਂ ਸਨ। ਪਰਿਵਾਰ ਦੀ ਸਹਿਮਤੀ ਨਾਲ ਭਾਪਾ ਜੀ ਦੀ ਦੇਹ ਪੀ.ਜੀ.ਆਈ. ਨੂੰ ਸੌਂਪੀ ਗਈ ਸੀ। 10 ਫਰਵਰੀ 2010 ਨੂੰ ਅਖ਼ਬਾਰ ‘ਨਵਾਂ ਜ਼ਮਾਨਾ’ ਨੇ ਖ਼ਬਰ ਪ੍ਰਕਾਸ਼ਿਤ ਕੀਤੀ: ‘ਸੰਤੋਖ ਸਿੰਘ ਧੀਰ ਦੇ ਦਰਸ਼ਨਾਂ ਲਈ ਉਮੜੀ ਭੀੜ। ਸੈਂਕੜੇ ਲੇਖਕਾਂ ਅਤੇ ਬੁੱਧੀਜੀਵੀਆਂ ਦਾ ਕਾਫ਼ਲਾ ਧੀਰ ਜੀ ਦਾ ਸਰੀਰ ਖੋਜ ਕਾਰਜਾਂ ਲਈ ਸੌਂਪਣ ਵਾਸਤੇ ਨਾਅਰੇ ਮਾਰਦਾ ਹੋਇਆ ਪੀ.ਜੀ.ਆਈ. ਪੁੱਜਿਆ।’
ਉਨ੍ਹਾਂ ਦੀ ਆਖ਼ਰੀ ਪੁਸਤਕ ‘ਕੋਧਰੇ ਦਾ ਮਹਾਂਗੀਤ’ ਸੀ ਜੋ ਬਿਮਾਰੀ ਦੀ ਹਾਲਤ ਵਿੱਚ ਤਕਰੀਬਨ ਬਿਸਤਰੇ ਵਿੱਚ ਹੀ ਲਿਖੀ ਸੀ।
ਭਾਪਾ ਜੀ ਦਾ ਜਨਮ ਸ਼ਤਾਬਦੀ ਵਰ੍ਹਾ ਵਿਸ਼ਵ
ਪੱਧਰ ਉੱਤੇ ਮਨਾਉਣ ਲਈ ਜਨਮ ਸ਼ਤਾਬਦੀ
ਤਾਲਮੇਲ ਕਮੇਟੀ ਦਾ ਗਠਨ ਹੋਇਆ ਸੀ ਜੋ ਸਾਡੇ ਸਤਿਕਾਰਯੋਗ ਗੁਰਬਚਨ ਸਿੰਘ ਭੁੱਲਰ ਦੀ ਸਰਪ੍ਰਸਤੀ ਹੇਠ ਕੀਤਾ ਗਿਆ।
ਹੁਣ ਤਾਂ ਯਾਦਾਂ ਹੀ ਸਾਂਝੀਆਂ ਕਰ ਸਕਦੇ ਹਾਂ।
ਸਭ ਤੋਂ ਪਹਿਲਾਂ ਸਾਡੇ ਬੀਬੀ ਜੀ ਦਾ ਜ਼ਿਕਰ ਕਰਨਾ ਚਾਹੁੰਦੀ ਹਾਂ ਜੋ ਸਾਡੇ ਕੋਲੋਂ 2001 ਵਿੱਚ ਵਿਛੜ ਗਏ ਸਨ। ਸਾਡੇ ਵੱਲੋਂ ਇਹ ਜਨਮ ਸ਼ਤਾਬਦੀ ਵਰ੍ਹਾ ਬੀਬੀ ਜੀ ਨੂੰ ਸਮਰਪਿਤ ਕੀਤਾ ਜਾਂਦਾ ਹੈ। ਭਾਪਾ ਜੀ ਉੱਘੇ ਸਾਹਿਤਕਾਰ ਸਨ। ਉਨ੍ਹਾਂ ਨੂੰ ਸਾਹਿਤਕਾਰ ਬਣਾਉਣ ਵਿੱਚ ਮਾਂ (ਸੁਰਿੰਦਰ ਕੌਰ) ਦਾ ਅਹਿਮ ਯੋਗਦਾਨ ਸੀ। ਸੁੱਘੜ ਸੁਆਣੀ, ਗੁਣਾਂ ਦੀ ਗੁਥਲੀ, ਹਰ ਇੱਕ ਦਾ ਸਤਿਕਾਰ ਕਰਨ ਵਾਲੀ, ਪਰਿਵਾਰ ਨੂੰ ਇਕਜੁਟ ਰੱਖਣ ਵਾਲੀ ਬੀਬੀ ਨੇ ਤੰਗੀਆਂ ਕੱਟੀਆਂ, ਰੱਜ ਕੇ ਗ਼ਰੀਬੀ ਹੰਢਾਈ। ਫੇਰ ਵੀ ਜ਼ਿੰਦਗੀ ਵਿੱਚ ਕਦੇ ਗਿਲਾ-ਸ਼ਿਕਵਾ ਨਹੀਂ ਕੀਤਾ। ਹਰ ਵਕਤ ਭਾਪਾ ਜੀ ਨੂੰ ਹੌਸਲਾ ਦੇਣਾ ਕਿ ਉਨ੍ਹਾਂ ਦੀ ਮਿਹਨਤ ਤੇ ਹੁਨਰ ਦਾ ਇੱਕ ਨਾ ਇੱਕ ਦਿਨ ਮੁੱਲ ਜ਼ਰੂਰ ਪਵੇਗਾ। ਬੀਬੀ ਭਾਵੇਂ ਅਨਪੜ੍ਹ ਸੀ, ਪਰ ਕਲਾਕਾਰ ਸੀ। ਕਸੀਦਾ ਕੱਢਦੀ, ਦਰੀਆਂ ਬੁਣਦੀ, ਸਰਕੜਿਆਂ ਦਾ ਤੀਲ੍ਹਾ-ਤੀਲ੍ਹਾ ਜੋੜਦੀ। ਬੋਹੀਏ, ਟੋਕਰੀਆਂ ਬਣਾਉਂਦੀ। ਇਹ ਸਭ ਉਸ ਦੇ ਕਲਾਕਾਰ ਹੋਣ ਦਾ ਪ੍ਰਤੀਕ ਸਨ। ਭਾਪਾ ਜੀ ਪੋਚਵੀਂ ਪੱਗ ਬੰਨ੍ਹਦੇ ਸਨ। ਪੱਗ ਨੂੰ ਮਾਵਾ ਬੀਬੀ ਜੀ ਹੀ ਦਿੰਦੇ ਸਨ। ਭਾਪਾ ਜੀ ਬੜੇ ਸਲੀਕੇ ਨਾਲ ਕੱਪੜੇ ਪਹਿਨਦੇ। ਕਮੀਜ਼ ਦੇ ਬਟਨ ਤੱਕ ਚੈੱਕ ਕਰਕੇ ਪ੍ਰੈਸ ਕਰਦੇ ਸਨ ਜੋ ਕੋਲਿਆਂ ਦੀ ਲੋਹੇ ਵਾਲੀ ਪ੍ਰੈਸ ਹੁੰਦੀ ਸੀ। ਸਲੀਕੇ ਨਾਲ ਪਹਿਨੇ ਕੱਪੜਿਆਂ ਤੇ ਪੋਚਵੀਂ ਪੱਗ ਪਿੱਛੇ ਇੱਕ ਸੁਲਝੀ ਹੋਈ ਸੁੱਘੜ ਸੁਆਣੀ ਦੀ ਝਲਕ ਪੈਂਦੀ ਸੀ।
ਭਾਪਾ ਜੀ ਕੋਈ ਕਵਿਤਾ ਜਾਂ ਕਹਾਣੀ ਲਿਖਦੇ,
ਇੱਥੋਂ ਤੱਕ ਕਿਸੇ ਨੂੰ ਚਿੱਠੀ ਪੱਤਰ ਵੀ ਲਿਖਦੇ ਤਾਂ
ਸਭ ਤੋਂ ਪਹਿਲਾਂ ਬੀਬੀ ਜੀ ਨੂੰ ਹੀ ਪੜ੍ਹਾਉਂਦੇ ਜਾਂ
ਆਪ ਪੜ੍ਹ ਕੇ ਸੁਣਾਉਂਦੇ ਸਨ। ਬੀਬੀ ਜੀ ਨੇਕ
ਸਲਾਹ ਦਿੰਦੇ ਸਨ। ਉਨ੍ਹਾਂ ਦੇ ਅਸਲੀ ਸਲਾਹਕਾਰ
ਸਨ। ਜਦੋਂ ਉਹ ਕਹਿੰਦੇ ਕਿ ਬਿਲਕੁਲ ਸਹੀ ਹੈ ਤਾਂ ਹੀ ਕਿਸੇ ਹੋਰ ਨੂੰ ਪੜ੍ਹਨ ਲਈ ਦਿੰਦੇ ਸਨ।
ਵੱਡੀ ਕਬੀਲਦਾਰੀ ਦਾ ਬੋਝ ਪਿਆ ਤਾਂ ਬੀਬੀ ਜੀ ਨੇ ਪੂਰੀ ਤਨਦੇਹੀ ਨਾਲ ਨਿਭਾਇਆ। ਘਰ ਦਾ ਸਾਰਾ ਕੰਮ ਕਰਦੇ। ਸਾਂਝਾ ਪਰਿਵਾਰ ਸੀ। 100 ਰੁਪਏ ਘਰ ਦੇ ਖਰਚ ਲਈ ਮਿਲਦੇ। ਥੋੜ੍ਹੀ ਬਹੁਤੀ ਕਮਾਈ ਅਖ਼ਬਾਰਾਂ ਰਸਾਲਿਆਂ ਵਿੱਚ ਛਪੀਆਂ ਰਚਨਾਵਾਂ ਤੋਂ ਹੁੰਦੀ ਸੀ। ਬੀਬੀ ਜੀ ਦੇ ਹੱਥਾਂ ’ਤੇ ਇੱਕ ਪੈਸਾ ਵੀ ਨਾ ਟਿਕਦਾ। ਮੌਸਮ ਤੋਂ ਉਲਟ ਕੱਪੜੇ ਪਾਉਣ ਲਈ ਮਿਲਣੇ। ਉਨ੍ਹਾਂ ਨੇ ਘਰੇਲੂ ਤੇ ਸਾਹਿਤਕ ਜੀਵਨ ਵਿੱਚ ਥੰਮ੍ਹ ਜਿੰਨਾ ਸਹਾਰਾ ਦਿੱਤਾ। ਔਕੜਾਂ ਅਤੇ ਦੁੱਖਾਂ ਨੂੰ ਸਹਾਰਦਿਆਂ ਭਾਪਾ ਜੀ ਨੂੰ ਸਾਹਿਤਕਾਰ ਬਣਾਇਆ। ਕਫ਼ ਤੇ ਬਟਨ ਵੀ ਲਾਏ ਹੋਣਗੇ ਅਤੇ ਉੱਧੜੀਆਂ ਕਮੀਜ਼ਾਂ ਨੂੰ ਸੀਣਾਂ ਵੀ ਲਾਈਆਂ ਹੋਣਗੀਆਂ। ਮੈਨੂੰ ਨਹੀਂ ਲੱਗਦਾ ਕਿ ਭਾਪਾ ਜੀ ਨੇ ਬੀਬੀ ਨੂੰ ਕਦੇ ਫਿੱਟੇ-ਮੂੰਹ ਵੀ ਆਖਿਆ ਹੋਵੇ। ਭਾਪਾ ਜੀ ਨੇ ਬੀਬੀ ਦੇ ਅਜਿਹੇ ਜੀਵਨ ਤੋਂ ਪ੍ਰਭਾਵਿਤ ਹੋ ਕੇ ‘ਘਰ ਵਿੱਚ ਗੁਆਚੀ ਪਰੀ’ ਕਹਾਣੀ ਲਿਖੀ ਜੋ ਉਨ੍ਹਾਂ ਦੀਆਂ ਪ੍ਰਸਿੱਧ ਕਹਾਣੀਆਂ ਵਿੱਚੋਂ ਇੱਕ ਹੈ। 1940 ਵਿੱਚ ਪਹਿਲੀ ਕਵਿਤਾ ‘ਗੁਲਾਬੀ ਕਾਗਜ਼ ਉੱਤੇ ਲਿਖੀ ਕਵਿਤਾ’ ਬੀਬੀ ਜੀ ਨੂੰ ਪਹਿਲੀ ਚਿੱਠੀ ਦੇ ਰੂਪ ਵਿੱਚ ਲਿਖੀ ਸੀ। ਇੱਥੋਂ ਹੀ ਭਾਪਾ ਜੀ ਦਾ ਸਾਹਿਤਕ ਜੀਵਨ ਸ਼ੁਰੂ ਹੋਇਆ। ਜਦੋਂ ਬੀਬੀ ਜੀ ਬਿਮਾਰ ਸਨ ਤਾਂ ਭਾਪਾ ਜੀ ਨੇ ਕਵਿਤਾ ਲਿਖੀ:
ਮੇਰੀ ਪਤਨੀ ਹੈ ਬੀਮਾਰ
ਇਕ ਪਛੋਤਾਵਾ ਮੈਨੂੰ
ਵੱਢ-ਵੱਢ ਖਾ ਰਿਹਾ ਹੈ।
ਲੜ ਨਿਖੱਟੂ ਇਕ ਕਵੀ ਦੇ
ਲੱਗ ਗਈ ਇਕ ਭੋਲੀ ਨਾਰ
ਜਿਹੜਾ ਕਰ ਸਕਿਆ ਕਦੇ ਨਾ
ਉਸ ਦੇ ਪੂਰੇ ਚਾਅ-ਮਲਾਰ। (ਝੱਖੜ ਝੁੱਲਣ)
ਸਾਡਾ ਪਿੰਡ ਡਡਹੇੜੀ, ਮੰਡੀ ਗੋਬਿੰਦਗੜ੍ਹ ਨੇੜੇ ਹੈ। ਭਾਪਾ ਜੀ ਨੂੰ ਆਲ ਇੰਡੀਆ ਰੇਡਿਓ ’ਤੇ ਰਿਕਾਰਡਿੰਗ ਕਰਾਉਣ ਲਈ ਪਿੰਡ ਤੋਂ ਜਲੰਧਰ ਜਾਣਾ ਪੈਂਦਾ ਸੀ। ਮੈਂ ਉਦੋਂ ਛੋਟੀ ਸੀ। ਸਮਝ ਵੀ ਨਹੀਂ ਸੀ। ਅਸੀਂ ਸਾਰੇ ਜਣੇ ਬੈਠ ਕੇ ਰੇਡੀਓ ’ਤੇ ਕਹਾਣੀ ਜਾਂ ਕਵਿਤਾ ਸੁਣਦੇ। ਇੱਕ ਦਿਨ ਮੈਂ ਪੁੱਛ ਲਿਆ, ‘‘ਭਾਪਾ ਜੀ, ਏਨਾ ਛੋਟਾ ਰੇਡੀਓ, ਤੁਸੀਂ ਇਸ ਵਿੱਚ ਕਿਵੇਂ ਵੜ ਜਾਂਦੇ ਹੋ?’’ ਇਹ ਸੁਣ ਕੇ ਉਹ ਖ਼ੂਬ ਹੱਸੇ। ਬਾਅਦ ਵਿੱਚ ਮੈਨੂੰ ਚੰਗੀ ਤਰ੍ਹਾਂ ਸਮਝਾਇਆ ਕਿ ਜਲੰਧਰ ਰਿਕਾਰਡ ਕਰਵਾ ਕੇ ਆਉਂਦਾ ਹਾਂ।
ਅਹਿਮ ਯਾਦ: ਸਾਡੇ ਪਿੰਡ ਡਡਹੇੜੀ ਵਿੱਚ ਨਾ ਕੋਈ ਡਾਕਖਾਨਾ ਸੀ ਤੇ ਨਾ ਹੀ ਕੋਈ ਡਾਕੀਆ ਆਉਂਦਾ ਸੀ। ਭਾਪਾ ਜੀ ਦਾ ਸਾਰਾ ਚਿੱਠੀ ਪੱਤਰ, ਰਸਾਲਾ ਆਰਸੀ, ਪ੍ਰੀਤਲੜੀ, ਪੰਜ ਦਰਿਆ, ਜਾਗ੍ਰਤੀ ਅਤੇ ਅਖ਼ਬਾਰ ਵੀ ਡਾਕ ਰਾਹੀਂ ਹੀ ਆਉਂਦੇ ਸਨ। ਮੰਡੀ ਗੋਬਿੰਦਗੜ੍ਹ ਡਾਕਟਰ ਸ਼ੇਰ ਸਿੰਘ ਦੀ ਦੁਕਾਨ ਸੀ। ਉਹ ਭਾਪਾ ਜੀ ਦਾ ਸਤਿਕਾਰ ਕਰਦੇ ਸਨ। ਅਸੀਂ ਦਵਾਈ ਵੀ ਉਸ ਡਾਕਟਰ ਤੋਂ ਹੀ ਲੈਂਦੇ ਸੀ। ਦਵਾਈ ਵੀ ਸਾਨੂੰ ਮੁਫ਼ਤ ਮਿਲਦੀ ਸੀ। ਉਨ੍ਹਾਂ ਦੇ ਪਤੇ ’ਤੇ ਹੀ ਸਾਰੀ ਡਾਕ ਆਉਂਦੀ ਸੀ। ਅਸੀਂ ਸਾਰੇ ਭੈਣ ਭਰਾ ਮੰਡੀ ਗੋਬਿੰਦਗੜ੍ਹ ਹੀ ਪੜ੍ਹਨ ਜਾਂਦੇ ਸੀ। ਪਿੰਡ ਸਿਰਫ਼ ਪ੍ਰਾਇਮਰੀ ਸਕੂਲ ਹੀ ਸੀ। ਸਕੂਲੋਂ ਪੜ੍ਹਨ ਤੋਂ ਬਾਅਦ ਡਾਕਟਰ ਸ਼ੇਰ ਸਿੰਘ ਦੀ ਦੁਕਾਨ ਤੋਂ ਹੋ ਕੇ ਆਉਣਾ ਤੇ ਚਿੱਠੀ ਪੱਤਰ ਲੈ ਕੇ ਆਉਣਾ ਸਾਡੀ ਡਿਊਟੀ ਸੀ। ਭਾਪਾ ਜੀ ਘਰ ਬੈਠੇ ਉਡੀਕਦੇ ਰਹਿੰਦੇ ਸਨ। ਜੇ ਕਿਤੇ ਅਚਨਚੇਤ ਕਦੇ ਅਸੀਂ ਭੁੱਲ ਜਾਣਾ ਤਾਂ ਉਨ੍ਹਾਂ ਨੇ ਸਾਨੂੰ ਵਾਪਸ ਭੇਜ ਦੇਣਾ। ਕਈ ਵਾਰ ਤਾਂ ਚਿੱਠੀ ਪੱਤਰ ਆਇਆ ਹੀ ਨਹੀਂ ਸੀ ਹੁੰਦਾ।
ਜਦੋਂ ਮੈਂ ਭਾਪਾ ਜੀ ਨੂੰ ਚਿੱਠੀ ਲਿਖੀ ਤਾਂ ਉਨ੍ਹਾਂ ਕੋਲੋਂ ਮਿਲੀ ਨਸੀਹਤ ਅੱਜ ਵੀ ਯਾਦ ਹੈ। ਮੈਂ ਐਮ.ਏ. ਪੰਜਾਬੀ ਕਰ ਰਹੀ ਸੀ। ਜਵਾਬ ਵਿੱਚ ਮੇਰੀਆਂ ਗ਼ਲਤੀਆਂ ਲਾਲ ਪੈੱਨ ਨਾਲ ਅੰਡਰ ਲਾਈਨ ਕਰਕੇ ਕੱਢੀਆਂ ਗਈਆਂ ਸਨ। ਚਿੱਠੀ ਵੀ ਨਾਲ ਨੱਥੀ ਕਰਕੇ ਵਾਪਸ ਕਰ ਦਿੱਤੀ ਤੇ ਲਿਖਿਆ: ਤੂੰ ਐਮ.ਏ. ਪੰਜਾਬੀ ਦੀ ਵਿਦਿਆਰਥਣ ਏਂ, ਅੱਗੋਂ ਕੋਈ ਗ਼ਲਤੀ ਨਹੀਂ ਕਰਨੀ।
ਯਾਦਾਂ ਲਈ ਜੁੜ ਬੈਠੇ ਹਾਂ। ਯਾਦਾਂ ਤਾਜ਼ੀਆਂ ਹੋ ਰਹੀਆਂ ਹਨ। ਜਿਵੇਂ ਕੱਲ੍ਹ ਦੀ ਗੱਲ ਹੋਵੇ। ਮੈਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੁਲਾਜ਼ਮ ਸੀ। ਮੇਰੀ ਨੌਕਰੀ ਵਾਸਤੇ ਭਾਪਾ ਜੀ ਨੇ ਬਹੁਤ ਉਪਰਾਲਾ ਕੀਤਾ। ਉਸ ਵੇਲੇ ਸ. ਭਰਪੂਰ ਸਿੰਘ ਬੋਰਡ ਦੇ ਚੇਅਰਮੈਨ ਸਨ। ਉਸ ਨੇ ਦੋ ਤਿੰਨ ਸੌ ਮੁਲਾਜ਼ਮ ਭਰਤੀ ਕੀਤੇ ਸਨ। ਜਿਸ ਨੇ ਬਾਰ੍ਹਵੀਂ ਕੀਤੀ ਹੋਵੇ ਤੇ ਟਾਈਪ ਕਰਨੀ ਜਾਣਦਾ ਹੋਵੇ, ਉਹ ਕਲਰਕ ਭਰਤੀ ਹੋ ਸਕਦਾ ਸੀ। ਮੈਂ ਐਮ.ਏ. ਪੰਜਾਬੀ ਸੀ। ਭਾਪਾ ਜੀ ਭਰਪੂਰ ਸਿੰਘ ਨੂੰ ਜਾ ਕੇ ਮਿਲੇ। ਉਨ੍ਹਾਂ ਬੜਾ ਸਤਿਕਾਰ ਦਿੱਤਾ, ‘‘ਧੀਰ ਸਾਹਿਬ, ਤੁਹਾਨੂੰ ਕੌਣ ਨਹੀਂ ਜਾਣਦਾ! ਮੈਂ ਖ਼ੁਦ ਤੁਹਾਡੀਆਂ ਕਿਤਾਬਾਂ ਪੜ੍ਹ ਕੇ ਇਸ ਕੁਰਸੀ ’ਤੇ ਬੈਠਾ ਹਾਂ। ਇਹ ਤੁਹਾਡੀ ਨਹੀਂ, ਮੇਰੀ ਲੜਕੀ ਹੈ। ਤੁਸੀਂ ਕਿਸੇ ਤੋਂ ਉਪਰੋਂ ਅਖਵਾ ਦੇਵੋ। ਕਿਸੇ ਸਰਕਾਰੀ ਬੰਦੇ ਤੋਂ। ਮੇਰਾ ਭਾਵ ਕਿਸੇ ਐਮ.ਐਲ.ਏ. ਤੋਂ ਜਾਂ ਕਿਸੇ ਵਜ਼ੀਰ ਵਗੈਰਾ ਤੋਂ। ਮੈਂ ਤੁਹਾਡੀ ਲੜਕੀ ਨੂੰ ਨੌਕਰੀ ’ਤੇ ਰੱਖ ਲਵਾਂਗਾ। ਭਾਪਾ ਜੀ ਨੇ ਆਪਣੀ ਉਂਗਲ ਖੜ੍ਹੀ ਕਰ ਕੇ ਕਿਹਾ, ‘‘ਕਿਸੇ ਨੂੰ ਕਿਉਂ ਕਹਾਂ? ਮੈਂ ਨਹੀਂ ਕਿਸੇ ਨੂੰ ਕਹਿਣਾ। ਨੌਕਰੀ ਦੇਣੀ ਹੈ ਤਾਂ ਦੇ। ਨਹੀਂ ਦੇਣੀ ਤਾਂ ਨਾ ਸਹੀ। ਮੇਰੀ ਲੜਕੀ ਕਲਰਕ ਦੇ ਨਹੀਂ ਸਗੋਂ ਵਿਸ਼ਾ ਮਾਹਿਰ ਦੇ ਯੋਗ ਹੈ।’’ ਇਹੀ ਭਾਪਾ ਜੀ ਦੀ ਅਣਖ ਦਾ ਪ੍ਰਤੀਕ ਸੀ।
ਗੁਰਚਰਨ ਰਾਮਪੁਰੀ ਉਨ੍ਹਾਂ ਦੇ ਨਜ਼ਦੀਕੀ ਦੋਸਤਾਂ ਵਿੱਚੋਂ ਸਨ। ਸਮਝੋ, ਸਾਡੇ ਪਰਿਵਾਰਕ ਮੈਂਬਰ ਸਨ। ਬਹੁਤ ਦੇਰ ਪਹਿਲਾਂ ਕੈਨੇਡਾ ਜਾ ਵੱਸੇ ਸਨ। ਸਾਡੀ ਆਰਥਿਕ ਹਾਲਤ ਤੋਂ ਜਾਣੂੰ ਸਨ। ਵੈਨਕੂਵਰ ਵਿੱਚ ਆਪਣੇ ਕਿਸੇ ਮਿੱਤਰ ਨਾਲ ਰਾਮਪੁਰੀ ਹੋਰਾਂ ਨੇ ਭਾਪਾ ਜੀ ਦੀ ਕੁਝ ਮਦਦ ਕਰਨ ਲਈ ਗੱਲ ਕੀਤੀ। ਉਸ ਮਿੱਤਰ ਨੇ ਕਿਹਾ ਕਿ ਪੰਜਾਬ ਦੇ ਭਾਸ਼ਾ ਵਿਭਾਗ ਦਾ ਵਜ਼ੀਰ ਆਪ ਵੀ ਸਾਹਿਤਕ ਰੁਚੀਆਂ ਵਾਲਾ ਹੈ। ਉਸ ਵਜ਼ੀਰ ਨੂੰ ਖ਼ਤ ਲਿਖ ਦਿੱਤਾ ਗਿਆ। ਜੁਆਬ ਆਇਆ: ‘ਧੀਰ ਹੋਰਾਂ ਨੂੰ ਕਹੋ, ਮੈਨੂੰ ਆ ਕੇ ਮਿਲੇ। ਮੈਂ ਵੇਖਾਗਾਂ ਕਿ ਉਸ ਦੀ ਕਿਵੇਂ ਮਦਦ ਕਰਨੀ ਹੈ।’ ਗੁਰਚਰਨ ਰਾਮਪੁਰੀ ਨੇ ਇਹੀ ਗੱਲ ਚਿੱਠੀ ਵਿੱਚ ਭਾਪਾ ਜੀ ਨੂੰ ਲਿਖ ਦਿੱਤੀ। ਚਿੱਠੀ ਦੇ ਜੁਆਬ ਵਿੱਚ ਬੜੀ ਅਣਖ ਨਾਲ ਭਾਪਾ ਜੀ ਨੇ ਲਿਖਿਆ: ‘ਮੈਂ ਉਸ ਵਜ਼ੀਰ ਨੂੰ ਜਾ ਕੇ ਕਿਉਂ ਮਿਲਾਂ? ਮੈਂ ਕਿਸੇ ਵਜ਼ੀਰ ਵਜ਼ੂਰ ਨੂੰ ਨਹੀਂ ਮਿਲਣਾ। ਉਹ ਆਪਣੇ ਘਰ ਵਜ਼ੀਰ, ਮੈਂ ਆਪਣੇ ਘਰ ਵਜ਼ੀਰ।’
ਭਾਪਾ ਜੀ ਚਾਰ ਸਾਲ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਰਹੇ। ਇਸ ਬਾਰੇ ‘ਚਾਰ ਵਰ੍ਹੇ’ ਕਿਤਾਬ ਵੀ ਲਿਖੀ। ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਸਾਹਿਤ ਅਕਾਦਮੀ, ਪੰਜਾਬੀ ਭਵਨ, ਲੁਧਿਆਣਾ ਵਿੱਚ ਵੋਟਾਂ ਸਨ। ਭਾਪਾ ਜੀ ਪ੍ਰਧਾਨਗੀ ਲਈ ਖੜ੍ਹੇ ਸਨ। ਮੇਰੀ ਵੋਟ ਵੀ ਬਣਾਈ ਗਈ ਸੀ। ਮੈਂ ਲੁਧਿਆਣੇ ਵੋਟ ਪਾਉਣ ਗਈ। ਪੰਜਾਬੀ ਭਵਨ ਦੇ ਲਾਅਨ ਵਿੱਚ ਭਾਪਾ ਜੀ ਨੇ ਮੈਨੂੰ ਰੋਕ ਲਿਆ। ਕਹਿੰਦੇ, ‘‘ਜੇ ਸੱਚਮੁੱਚ ਤੇਰੀ ਵੋਟ ਬਣਦੀ ਹੈ ਤਾਂ ਵੋਟ ਪਾਉਣੀ ਹੈ। ਨਹੀਂ ਕੋਈ ਵੋਟ ਨਈਂ ਪਾਉਣੀ।’’ ਇਹ ਗੱਲ ਮੈਨੂੰ ਵਾਰ-ਵਾਰ ਯਾਦ ਆਉਂਦੀ ਰਹਿੰਦੀ ਹੈ ਕਿ ਭਾਪਾ ਜੀ ਨੇ ਕੋਈ ਲਾਲਚ ਨਹੀਂ ਵਿਖਾਇਆ।
‘ਸਿੰਘਾਵਲੀ’ ਕਾਵਿ-ਸੰਗ੍ਰਹਿ 1983 ਵਿੱਚ ਛਪਿਆ ਸੀ। ਇਸ ਵਿੱਚ 1977 ਤੋਂ 1982 ਤੱਕ ਦੀਆਂ ਕਵਿਤਾਵਾਂ ਹਨ ਜਿਹੜੀਆਂ ਵਿਚਾਰਧਾਰਕ ਤੇ ਸਾਹਿਤਕ ਪੱਖੋਂ ਕਿਤੇ ਵੀ ਊਣੀਆਂ ਨਹੀਂ। ਇਸ ਕਿਤਾਬ ਦਾ ਨਾਂ ‘ਸਿੰਘਾਵਲੀ’ ਰੱਖਣ ਨਾਲ ਵੀ ਯਾਦ ਜੁੜੀ ਹੋਈ ਹੈ। 689 ਫੇਜ਼ 10 ਦੀ ਗੱਲ ਹੈ। ਗਿਆਨੀ ਆਤਮਾ ਸਿੰਘ ਸ਼ਾਂਤ ਅਕਸਰ ਸਾਡੇ ਘਰ ਆਉਂਦੇ ਰਹਿੰਦੇ ਸਨ। ਜਦੋਂ ਆਉਂਦੇ ਤਕਰੀਬਨ ਹਫ਼ਤਾ ਹਫ਼ਤਾ ਰਹਿੰਦੇ। ਸੁਲਝੇ ਹੋਏ ਇਨਸਾਨ ਸਨ। ਇਸ ਕਿਤਾਬ ਦਾ ਨਾਂ ਰੱਖਣ ਲਈ ਗਿਆਨੀ ਜੀ ਤੇ ਭਾਪਾ ਜੀ ਸਾਰੀ ਰਾਤ ਵਿਚਾਰ-ਵਟਾਂਦਰਾ ਕਰਦੇ ਰਹੇ। ਗੁਰਬਾਣੀ ਦੀਆਂ ਤੁਕਾਂ ’ਤੇ ਵੀ ਵਿਚਾਰ ਕੀਤੀ ਗਈ। ਅਖੀਰ ਇਸ ਕਿਤਾਬ ਦਾ ਨਾਂ ‘ਸਿੰਘਾਵਲੀ’ ਰੱਖਿਆ ਗਿਆ। ਇਹੀ ਗਿਆਨੀ ਆਤਮਾ ਸਿੰਘ ਸ਼ਾਂਤ ਭਾਪਾ ਜੀ ਦੇ ਨਾਵਲ ‘ਯਾਦਗਾਰ’ ਦਾ ਪਾਤਰ ਪਵਿੱਤਰ ਸਿੰਘ ਦਰਵੇਸ਼ ਸੀ।
17 ਜਨਵਰੀ 2010 ਨੂੰ ਮੇਰੇ ਵੱਡੇ ਬੇਟੇ ਦਾ ਵਿਆਹ ਸੀ। ਭਾਪਾ ਜੀ ਬਿਮਾਰੀ ਕਾਰਨ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕੇ। ਮੈਂ ਉਨ੍ਹਾਂ ਨਾਲ ਨਾਨਕਿਆਂ ਦੀ ਭੇਲੀ ਦੇਣ ਬਾਰੇ ਗੱਲ ਕੀਤੀ ਜੋ ਸਵਾ ਮਹੀਨਾ ਪਹਿਲਾਂ ਹੀ ਦੇਣੀ ਹੁੰਦੀ ਹੈ। ਪਹਿਲਾਂ ਭੇਲੀ ਹੀ ਵਿਆਹ ਦਾ ਸੱਦਾ-ਪੱਤਰ ਹੁੰਦਾ ਸੀ। ਸਵਾ ਮਹੀਨਾ ਏਸ ਕਰਕੇ ਕਿ ਨਾਨਕ ਛੱਕ ਦੀ ਤਿਆਰੀ ਕੀਤੀ ਜਾਂਦੀ ਸੀ। ਭਾਪਾ ਜੀ ਨੇ ਮੈਨੂੰ ਕੋਲ ਬਿਠਾ ਕੇ ਕਿਹਾ।, ‘‘ਪਤਾ ਤੈਨੂੰ ਭੇਲੀ ਕੀ ਹੁੰਦੀ ਹੈ? ਸੁਣ ਸਵਾ ਕਿਲੋ ਗੁੜ ਉੱਤੇ ਖੰਮਣੀ ਬੰਨ੍ਹੀ ਹੋਵੇ। ਖੰਮਣੀ ਨੂੰ ਮੌਲੀ ਵੀ ਆਖਦੇ ਹਨ। ਦੁਬ ਵੀ ਲਿਆਵੀਂ। ਦੁਬ ਮਤਲਬ ਹਰੇ ਘਾਹ ਦੀ ਗੁਟੀ। ਇਹੀ ਸ਼ਗਨ ਹੁੰਦਾ ਸੀ। ਲੱਡੂ ਭਾਵੇਂ ਜਿੰਨੇ ਮਰਜ਼ੀ ਲਿਆਵੀਂ।’’ ਉਸ ਵੇਲੇ ਪੁਰਾਣੇ ਪਿੰਡਾਂ ਦੀ ਜਿਉਂਦੀ ਜਾਗਦੀ ਤਸਵੀਰ ਮੈਨੂੰ ਆਪਣੀਆਂ ਅੱਖਾਂ ਸਾਹਮਣੇ ਆ ਗਈ ਜਾਪੀ।
ਭਾਪਾ ਜੀ ਉੱਘੇ ਸਾਹਿਤਕਾਰ ਸਨ। ਅਸਲੀ ਯਾਦਾਂ ਤਾਂ ਉਨ੍ਹਾਂ ਦੇ ਜਿਉਂਦੇ ਜਾਗਦੇ ਪਾਤਰ ਹਨ। ਪਿੰਡ ਦਾ ਨਕਸ਼ਾ ਬਦਲ ਗਿਆ ਹੈ, ਪਰ ਸਾਡੇ ਘਰ ਦੀ ਉਹ ਬੈਠਕ ਹਾਲੇ ਵੀ ਉੱਥੇ ਹੀ ਹੈ ਜਿੱਥੇ ਬੈਠ ਕੇ ਉਨ੍ਹਾਂ ਨੇ ਕਹਾਣੀਆਂ ਤੇ ਕਵਿਤਾਵਾਂ ਲਿਖੀਆਂ। ਮੇਜ਼ ਕੁਰਸੀ ਵੀ ਨਸੀਬ ਨਹੀਂ ਹੋਈ। ਸਾਂਝੀ ਕੰਧ, ਸਵੇਰ ਹੋਣ ਤੱਕ, ਸਧਾਰਨ ਆਦਮੀ, ਕੋਈ ਇਕ ਸਵਾਰ, ਲੁਟੇਰੇ, ਮੇਰਾ ਉਜੜਿਆ ਗੁਆਂਢੀ ਦੇ ਪਾਤਰ ਚੰਨਣ, ਭਿੰਦਰ, ਦੀਨਾ, ਬਾਰੂ ਤਾਂਗੇਵਾਲਾ, ਦੁੱਲਾ ਜਿਉਂਦੇ ਜਾਗਦੇ ਪਾਤਰ ਹਨ ਜੋ ਅੱਜ ਪਿੰਡ ਪਿੰਡ ਮਿਲਦੇ ਹਨ। ਸਾਰੇ ਪਾਤਰ ਮਿਹਨਤਕਸ਼ ਮਜ਼ਦੂਰ, ਕਿਰਤੀ ਕਿਸਾਨ ਹਨ। ਭਿੰਦਰ ਤਾਂ ਪੂਰੇ ਫਖ਼ਰ ਨਾਲ ਕਹਿੰਦਾ ਕਿ ‘ਸਵੇਰ ਹੋਣ ਤੱਕ’ ਸਾਡੇ ਘਰ ਤੇ ਸਾਡੇ ਟੱਬਰ ਦੀ ਕਹਾਣੀ ਹੈ। ਕਹਾਣੀ ‘ਕੋਈ ਇਕ ਸਵਾਰ’ ਦੇ ਮੁੱਖ ਪਾਤਰ ਬਾਰੂ ਤਾਂਗੇਵਾਲਾ ਦੇ ਮੂੰਹੋਂ ਕਹਾਏ ਸ਼ਬਦ “ਜਾਂਦਾ ਕੋਈ ਇਕ ਸਵਾਰ ਖੰਨੇ ਦਾ ਬਈਓ” ਬੱਚੇ-ਬੱਚੇ ਦੀ ਜ਼ੁਬਾਨ ’ਤੇ ਚੜ੍ਹੇ ਹੋਏ ਹਨ। ਬਾਰੂ ਤਾਂਗੇ ਵਾਲਾ ਦੀਆਂ ਕੁਝ ਲਾਈਨਾਂ ਯਾਦ ਹੀ ਰਹਿੰਦੀਆਂ ਹਨ:
ਅੱਡਾ ਵਸਦਾ ਘਣਾਂ-ਘਣੇਰਾਂ
ਮੇਰਾ ਤਾਂਗਾ ਮੇਰਾ-ਈ-ਮੇਰਾ
ਮੇਰਾ ਛਾਂਟਾ ਅੰਬਰ ਛੂਹੇ
ਪੁੱਜਣਾ ਮੈਂ ਚਾਨਣ ਦੇ ਬੂਹੇ
ਹਾਰ ਗਿਆ, ਪਰ ਹਾਰ ਨਾ ਮੰਨਾਂ
ਮੁੜ ਕੇ ਮੁੱਢ ਸੰਗਰਾਮ ਦਾ ਬੰਨ੍ਹਾਂ।
ਮੈਂ ਹਾਂ ਬਾਰੂ ਤਾਂਗੇ ਵਾਲਾ
ਮੈਂ ਹਾਂ ਬਾਰੂ ਤਾਂਗੇ ਵਾਲਾ।
(ਮੇਰੀ ਕਲਮ)
ਸਾਡੀ ਆਰਥਿਕ ਹਾਲਤ ਮਾੜੀ ਹੀ ਰਹੀ। ਭਾਪਾ ਜੀ ਕੁੱਲ ਵਕਤੀ ਲੇਖਕ ਸਨ। ਜੀਵਨ ਪ੍ਰੀਤੀ, ਪੰਜ ਦਰਿਆ, ਪ੍ਰੀਤਲੜੀ ਤੇ ਨਵਾਂ ਜ਼ਮਾਨਾ ਅਖ਼ਬਾਰ ਵਿੱਚ ਨੌਕਰੀ ਕੀਤੀ, ਪਰ ਛੱਡ ਦਿੱਤੀ। ਅਸਲ ਵਿੱਚ ਉਹ ਉੱਚੀਆਂ ਨੀਵੀਆਂ ਗੱਲਾਂ ਨਾਲ ਸਮਝੌਤਾ ਨਹੀਂ ਕਰ ਸਕੇ। ਦਰਜਨਾਂ ਪੁਸਤਕਾਂ ਲਿਖੀਆਂ। ਪੁਸਤਕਾਂ ਛਪਵਾਉਣ ਵਿੱਚ ਦਿੱਕਤ ਆਉਂਦੀ ਰਹੀ। ਪਹਿਲੀ ਪੁਸਤਕ ‘ਗੁੱਡੀਆਂ ਪਟੋਲੇ’ ਛਪਵਾਉਣ ਲਈ ਬੀਬੀ ਜੀ ਦੀ ਸਿਰ ਦੀ ਸੋਨੇ ਦੀ ਸੂਈ ਵੇਚੀ। ਮੁੜ ਕੇ ਉਹ ਸੂਈ ਬਣ ਨਹੀਂ ਸਕੀ। ਭਾਪਾ ਜੀ ਨੇ ਸਾਰੀ ਜ਼ਿੰਦਗੀ ਅਣਖ ਕਾਇਮ ਰੱਖੀ। ਬੜੀ ਖੁਦਾਰ ਕਿਸਮ ਦੀ ਸ਼ਖ਼ਸੀਅਤ ਸੀ।
ਅਣਖ ਦਾ ਪ੍ਰਤੀਕ ਉਨ੍ਹਾਂ ਦੀ ਖੜ੍ਹੀ ਉਂਗਲ ਸੀ ਜੋ ਕਦੇ ਨਹੀਂ ਝੁਕੀ। ਦ੍ਰਿੜ੍ਹ ਨਿਸ਼ਚੈ ਤੇ ਸਵੈ-ਵਿਸ਼ਵਾਸ ਦੀ ਨਿਸ਼ਾਨੀ ਮੰਨੀ ਜਾਂਦੀ ਸੀ। ਇਹ ਖੜ੍ਹੀ ਉਂਗਲ ਮੇਰੇ ਪਿਤਾ ਸੰਤੋਖ ਸਿੰਘ ਧੀਰ ਦੀ ਹੀ ਹੋ ਸਕਦੀ ਹੈ ਕਿਸੇ ਹੋਰ ਦੀ ਨਹੀਂ। ਭਾਪਾ ਜੀ ਨੂੰ ਸਦਾ ਹੀ ਝੋਰਾ ਰਿਹਾ ਕਿ ਮੈਂ ਨਾ ਚੰਗਾ ਪਤੀ ਬਣ ਸਕਿਆ ਨਾ ਚੰਗਾ ਪਿਤਾ।
ਪਰ ਮੈਨੂੰ ਬੜਾ ਦੁੱਖ ਹੈ ਕਿ ਸਾਡੇ ਵਿਚੋਂ ਕੋਈ ਵੀ ਭੈਣ ਭਰਾ ਉਨ੍ਹਾਂ ਦੀਆਂ ਲੀਹਾਂ ’ਤੇ ਨਹੀਂ ਚੱਲ ਸਕਿਆ। ਕੁਝ ਵੀ ਹੋਵੇ, ਗੁਰੂ ਨਾਨਕ ਦੇ ਸਿੱਖ ਦੇ ਰੂਪ ਵਿੱਚ ਤੇ ਲੈਨਿਨ ਦੇ ਸਿਪਾਹੀ ਦੇ ਰੂਪ ਵਿੱਚ ਸੰਤੋਖ ਸਿੰਘ ਧੀਰ ਹਮੇਸ਼ਾਂ ਸਾਡੇ ਅੰਗ-ਸੰਗ ਹਨ।
ਸੰਪਰਕ: 98147-00083