ਲੜੀ ਨੰਬਰ 77

ਮੀਡੀਆ ਸਿਕੰਦਰ ਸਿੱਧੂ ਦਮਦਮੀ

ਮੀਡੀਆ ਸਿਕੰਦਰ ਸਿੱਧੂ ਦਮਦਮੀ

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

ਸਿੱਧੂ ਦਮਦਮੀ ਇਕਹਿਰੇ ਸਰੀਰ ਦਾ ਨਿੱਗਰ ਲੇਖਕ, ਪਾਏਦਾਰ ਪੱਤਰਕਾਰ, ਸੁਹਿਰਦ ਸੰਪਾਦਕ, ਧੀਮਾ ਰੇਡੀਓਕਾਰ ਤੇ ਟੀਵੀ ਸ਼ੋਆਂ ਦਾ ਗੂੰਜਵਾਂ ਪੇਸ਼ਕਾਰ ਹੈ। ਉਸ ਦੇ ‘ਸਿੱਧੂ ਸ਼ੋਅ’ ਦੀਆਂ ਸਿਫ਼ਤਾਂ ਲੋਕ ਅੱਜ ਵੀ ਹੁੱਬ ਕੇ ਕਰਦੇ ਹਨ। ਉਸ ਨੇ ਪੰਜਾਬੀ ਮੀਡੀਆਕਾਰੀ ਵਿਚ ਨਵੇਂ ਤਜਰਬੇ ਕਰ ਕੇ ਇਸ ਨੂੰ ਹੋਰ ਅਮੀਰੀ ਬਖ਼ਸ਼ੀ ਤੇ ਹੋਰਨਾਂ ਭਾਸ਼ਾਵਾਂ ਦੇ ਹਾਣ ਦੀ ਬਣਾਇਆ। ਉਹਦੀ ਬੋਲ ਚਾਲ ਵਿਚ ਬਠਿੰਡੇ ਦਾ ਲਬੋ-ਲਹਿਜਾ ਤੇ ਮਲਵਈ ਮੋਹ ਹੈ। ਉਹਦੀਆਂ ਲਿਖਤਾਂ ਦੀ ਲਿਸ਼ਕ ਟਿੱਬਿਆਂ ਦੇ ਕੱਕੇ ਰੇਤੇ ਵਰਗੀ ਹੈ। ਉਸ ਦੀ ਕਲਮ ਨੂੰ ਸ੍ਰੀ ਦਮਦਮਾ ਸਾਹਿਬ ਦੇ ਲਿਖਣਸਰ ਵਿਚ ਡੁੱਲ੍ਹੀ ਸੋਨ-ਸਿਆਹੀ ਦੀ ਗੁੜ੍ਹਤੀ ਮਿਲੀ ਹੈ। 2021 ਵਿਚ ਛਪੀ ਉਹਦੀ ਪੁਸਤਕ ‘ਖ਼ਬਰ ਖ਼ਤਮ’ ਬਿਲਕੁਲ ਨਵੇਕਲੇ ਰੰਗ ਵਾਲੀ ਹੈ।

ਸਿੱਧੂ ਦਮਦਮੀ ਪੰਜਾਬੀ ਮੀਡੀਏ ਦਾ ਸਿਕੰਦਰ ਹੈ। ਉਸ ਨੇ ‘ਪੰਜਾਬੀ ਟ੍ਰਿਬਿਊਨ’ ਦਾ ਐਡੀਟਰ ਹੁੰਦਿਆਂ ਇਸ ਅਖ਼ਬਾਰ ਨੂੰ ਇੰਟਰਨੈੱਟ ਤੇ ਲਿਆਉਣ ਦੀ ਪਹਿਲ ਕੀਤੀ। ਇਉਂ ‘ਪੰਜਾਬੀ ਟ੍ਰਿਬਿਊਨ’ ਗਲੋਬਲ ਪਹੁੰਚ ਵਾਲਾ ਹੋ ਗਿਆ ਜੋ ਅਨੇਕਾਂ ਮੁਲਕਾਂ ਵਿਚ ਵਸਦੇ ਪੰਜਾਬੀਆਂ ਦਾ ਮਨਭਾਉਂਦਾ ਅਖ਼ਬਾਰ ਬਣ ਗਿਆ। ਸਿੱਧੂ ਦਮਦਮੀ ਪੰਜਾਬੀ ਮੀਡੀਆ ਸੰਸਾਰ ਦਾ ਜਗਤ ਪ੍ਰਸਿੱਧ ਚਿਹਰਾ ਅਤੇ ਨਾਂ ਹੈ। ਉਸ ਨੂੰ ਅੱਧੀ ਸਦੀ ਹੋ ਗਈ ਸੂਚਨਾ ਸੰਚਾਰ ਦੇ ਅਦਾਰਿਆਂ ਵਿਚ ਵਿਚਰਦਿਆਂ। ਉਸ ਨੇ 1972 ਤੋਂ ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਚ ਸਰਵਿਸ ਸ਼ੁਰੂ ਕੀਤੀ ਸੀ; ਫਿਰ ਭਾਰਤ ਸਰਕਾਰ ਦਾ ਸੂਚਨਾ ਅਫਸਰ ਲੱਗਣ ਦੇ ਨਾਲ ਨਾਲ ਆਲ ਇੰਡੀਆ ਰੇਡੀਓ, ਦੂਰਦਰਸ਼ਨ, ਪ੍ਰਾਈਵੇਟ ਨਿਊਜ਼ ਚੈਨਲਾਂ ਦਾ ਮੁਖੀ, ਬਰਾਡਕਾਸਟਰ, ਸਾਹਿਤਕ ਰਸਾਲੇ ‘ਸੰਖ’ ਦਾ ਸੰਪਾਦਕ ਤੇ ਨਾਮਵਰ ਰੋਜ਼ਾਨਾ ਅਖ਼ਬਾਰ ‘ਪੰਜਾਬੀ ਟ੍ਰਿਬਿਊਨ’ ਦਾ ਤਿੰਨ ਸਾਲ ਐਡੀਟਰ ਰਹਿ ਕੇ ਰਿਟਾਇਰ ਹੋਇਆ। ਉਸ ਨੇ ਹਫ਼ਤਾਵਾਰੀ ਅੰਕਾਂ ਵਿਚ ਸੰਪਾਦਕੀ ਕਾਲਮ ‘ਸਤਰਾਂ ਤੇ ਸੈਨਤਾਂ’ ਲਿਖਣ ਦੇ ਨਾਲ ਨਾਲ ਪੁਸਤਕਾਂ ਵੀ ਲਿਖੀਆਂ। ਇਨ੍ਹਾਂ ਵਿਚ ‘ਸਾਹਿਬਾਂ ਦੀ ਦੁਚਿੱਤੀ’, ‘ਗੁਆਚੀ ਗੱਲ’, ‘ਭਾਗ ਸਿੰਘ (ਸੰਪਾਦਿਤ)’, ‘ਮਹਾਭਾਰਤ (ਅਨੁਵਾਦ)’ ਤੇ ‘ਖ਼ਬਰ ਖ਼ਤਮ’ ਸ਼ਾਮਲ ਹਨ। ਅੱਜ ਕੱਲ੍ਹ ਉਹ ਕੈਲੀਫੋਰਨੀਆ ਤੋਂ ਨਿਕਲਦੇ ਪੰਦਰਵਾੜਾ ਪੱਤਰ ‘ਪੰਜਾਬੀ ਪ੍ਰੈੱਸ ਯੂਐੱਸਏ’ ਦਾ ਮੁੱਖ ਸੰਪਾਦਕ ਹੈ।

ਉਸ ਦਾ ਜਨਮ 2 ਜੂਨ 1949 ਨੂੰ ਤਲਵੰਡੀ ਸਾਬੋ ਵਿਖੇ ਕਰਤਾਰ ਸਿੰਘ ਸਿੱਧੂ ਅਤੇ ਜਸਵੰਤ ਕੌਰ ਦੇ ਘਰ ਹੋਇਆ। ਮਾਪਿਆਂ ਨੇ ਉਹਦਾ ਨਾਂ ਗੁਰਮੇਲ ਸਿੰਘ ਰੱਖਿਆ। ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ ਵਿਚ ਪੜ੍ਹਦਿਆਂ ਉਸ ਨੇ ਕਹਾਣੀ ‘ਸ਼ਰੀਂਹ ਦੇ ਪੱਤੇ’ ਗੁਰਮੇਲ ਸਿੱਧੂ ਦਮਦਮੀ ਦੇ ਨਾਂ ਹੇਠ ‘ਨਾਗਮਣੀ’ ਨੂੰ ਭੇਜੀ ਤਾਂ ਜੁਆਬ ਵਿਚ ਅੰਮ੍ਰਿਤਾ ਪ੍ਰੀਤਮ ਦਾ ਖੁਸ਼ਖ਼ਤ ਤੇ ਰੰਗਦਾਰ ਪੋਸਟ ਕਾਰਡ ਮਿਲਿਆ। ਲਿਖਿਆ ਸੀ: ਕਹਾਣੀ ਮਿਲ ਗਈ। ਛਾਪਣਾ ਚਾਹਾਂਗੀ ਪਰ ਇਸ ਦਾ ਨਾਂ ਬਦਲ ਕੇ। ਤੁਹਾਡਾ ਆਪਣਾ ਨਾਂ ਵੀ ਜੇ ਛੋਟਾ ਹੋਵੇ, ਚੰਗਾ ਲੱਗੇਗਾ। ਉਹ ਕਹਾਣੀ ‘ਚੂਰ ਭੂਰ ਗੱਲਾਂ’ ਦੇ ਸਿਰਲੇਖ ਨਾਲ ‘ਸਿੱਧੂ ਦਮਦਮੀ’ ਦੇ ਨਾਂ ਹੇਠ ਛਪੀ। ਇੰਜ ਉਹ ਗੁਰਮੇਲ ਸਿੰਘ ਸਿੱਧੂ ਤੋਂ ਸਿੱਧੂ ਦਮਦਮੀ ਬਣਿਆ। ਸਿੱਧੂ ਦਮਦਮੀ ਵੈਸੇ ਕਿਸੇ ਕਵੀ ਦਾ ਨਾਂ ਲੱਗਦੈ। ਕਹਾਣੀਕਾਰ ਬਣਨ ਤੋਂ ਪਹਿਲਾਂ ਸਿੱਧੂ ਸੀ ਵੀ ਕਵੀ! ‘ਗੁਆਚੀ ਗੱਲ’ ਉਹਦਾ ਕਾਵਿ ਸੰਗ੍ਰਹਿ ਹੈ।

ਅਸੀਂ ਇਕ ਦੂਜੇ ਨੂੰ ਪੜ੍ਹਦੇ ਤਾਂ 1970ਵਿਆਂ ਤੋਂ ਸਾਂ ਪਰ ਮੇਲ 2006 ਵਿਚ ‘ਪੰਜਾਬੀ ਟ੍ਰਿਬਿਊਨ’ ਦੇ ਦਫਤਰ ਹੋਇਆ। ਉਹ ਮੇਰੀਆਂ ਖੇਡ ਲਿਖਤਾਂ ਦਾ ਪ੍ਰਸ਼ੰਸਕ ਸੀ। ਉਸ ਨੇ ਮੈਨੂੰ ‘ਬਕੱਲਮਖ਼ੁਦ’ ਕਾਲਮ ਲਿਖਣ ਲਈ ਕਿਹਾ ਜਿਸ ਦੀਆਂ ਪੰਜਾਹ ਕੁ ਕਿਸ਼ਤਾਂ ‘ਪੰਜਾਬੀ ਟ੍ਰਿਬਿਊਨ’ ਵਿਚ ਛਪੀਆਂ। ਉਹੀ ਕਿਸਤਾਂ ਫਿਰ ਮੇਰੀ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਦਾ ਆਧਾਰ ਬਣੀਆਂ ਜਿਸ ਦੀਆਂ ਗੁਰਮੁਖੀ ਐਡੀਸ਼ਨਾਂ ਛਪਣ ਦੇ ਨਾਲ ਨਾਲ ਲਾਹੌਰ ਦੇ ਇਕ ਪ੍ਰਕਾਸ਼ਕ ਨੇ ਸ਼ਾਹਮੁਖੀ ਐਡੀਸ਼ਨ ਵੀ ਛਾਪਿਆ। ਸ਼ਾਹਮੁਖੀ ਵਿਚ ਕਿਤਾਬ ਦਾ ਨਾਂ ‘ਹਸਦਿਆਂ ਖੇਲਦਿਆਂ’ ਹੀ ਪੜ੍ਹਿਆ ਜਾ ਰਿਹੈ।

ਸਿੱਧੂ ਦਮਦਮੀ ਦੀ ਕਿਤਾਬ ‘ਖ਼ਬਰ ਖ਼ਤਮ’ ਦਾ ਸਰਵਰਕ।

ਸਿੱਧੂ ਦਮਦਮੀ ਇਕਹਿਰੇ ਸਰੀਰ ਦਾ ਨਿੱਗਰ ਲੇਖਕ, ਪਾਏਦਾਰ ਪੱਤਰਕਾਰ, ਸੁਹਿਰਦ ਸੰਪਾਦਕ, ਧੀਮਾ ਰੇਡੀਓਕਾਰ ਤੇ ਟੀਵੀ ਸ਼ੋਆਂ ਦਾ ਗੂੰਜਵਾਂ ਪੇਸ਼ਕਾਰ ਹੈ। ਉਸ ਦੇ ‘ਸਿੱਧੂ ਸ਼ੋਅ’ ਦੀਆਂ ਸਿਫ਼ਤਾਂ ਲੋਕ ਅੱਜ ਵੀ ਹੁੱਬ ਕੇ ਕਰਦੇ ਹਨ। ਉਸ ਨੇ ਪੰਜਾਬੀ ਮੀਡੀਆਕਾਰੀ ਵਿਚ ਨਵੇਂ ਤਜਰਬੇ ਕਰ ਕੇ ਇਸ ਨੂੰ ਹੋਰ ਅਮੀਰੀ ਬਖ਼ਸ਼ੀ ਤੇ ਹੋਰਨਾਂ ਭਾਸ਼ਾਵਾਂ ਦੇ ਹਾਣ ਦੀ ਬਣਾਇਆ। ਉਹਦੀ ਬੋਲ ਚਾਲ ਵਿਚ ਬਠਿੰਡੇ ਦਾ ਲਬੋ-ਲਹਿਜਾ ਤੇ ਮਲਵਈ ਮੋਹ ਹੈ। ਉਹਦੀਆਂ ਲਿਖਤਾਂ ਦੀ ਲਿਸ਼ਕ ਟਿੱਬਿਆਂ ਦੇ ਕੱਕੇ ਰੇਤੇ ਵਰਗੀ ਹੈ। ਉਸ ਦੀ ਕਲਮ ਨੂੰ ਸ੍ਰੀ ਦਮਦਮਾ ਸਾਹਿਬ ਦੇ ਲਿਖਣਸਰ ਵਿਚ ਡੁੱਲ੍ਹੀ ਸੋਨ-ਸਿਆਹੀ ਦੀ ਗੁੜ੍ਹਤੀ ਮਿਲੀ ਹੈ। 2021 ਵਿਚ ਛਪੀ ਉਹਦੀ ਨਵੇਕਲੀ ਪੁਸਤਕ ‘ਖ਼ਬਰ ਖ਼ਤਮ’ ਨਾ ਸਿਰਫ਼ ਪੜ੍ਹਨਯੋਗ ਹੈ ਬਲਕਿ ਹੋਰਨਾਂ ਨੂੰ ਵੀ ਪੜ੍ਹਾਉਣ ਤੇ ਲਾਇਬਰੇਰੀਆਂ ਦਾ ਸਿ਼ੰਗਾਰ ਬਣਾਉਣ ਯੋਗ ਹੈ। ਉਹਦੇ ਟਾਈਟਲ ਸਕੈੱਚ ਉੱਤੇ ਲੇਖਕ ਇਕ ਹੱਥ ਪੈੱਨ ਤੇ ਦੂਜੇ ਹੱਥ ਮਾਈਕ ਫੜੀ ਖੜ੍ਹਾ ਹੈ। ਉਹਦੇ ਸੱਜੇ ਖੱਬੇ ਟ੍ਰਿਬਿਊਨ ਅਦਾਰੇ ਦੇ ਦਰਜਨ ਕੁ ਐਡੀਟਰਾਂ ਦੇ ਦਸਤਖ਼ਤ ਹਨ। ਟਾਈਟਲ ਦੇ ਪਿਛਲੇ ਪਾਸੇ ਛਾਪੀਆਂ ਤਿੰਨ ਟੂਕਾਂ ਵਿਚੋਂ ਤੀਜੀ ਹੈ:

ਲੋਕ ਸਭਾ ਵਿਚ ਜਦੋਂ ਇੰਦਰਾ ਗਾਂਧੀ ਦੀ ਹਾਜ਼ਰੀ ਵਿਚ ਕਾਮਰੇਡ ਮੈਂਬਰ ਤੇਜਾ ਸਿੰਘ ਸੁਤੰਤਰ ਨੇ ਪ੍ਰਾਣ ਤਿਆਗੇ ਤਾਂ ਉਹਦੇ ਝੋਲੇ ਵਿਚੋਂ ਅਚਾਰ ਤੇ ਦੋ ਰੋਟੀਆਂ ਨਿਕਲੀਆਂ। ਇਹਦੇ ਨਾਲ ਖ਼ਬਰ ਖ਼ਤਮ ਹੋ ਜਾਂਦੀ ਹੈ!

‘ਖ਼ਬਰ ਖ਼ਤਮ’ ਦਾ ਤਤਕਰਾ ਦੇਖੋ। ਗੱਪ ਸੱਚ ਦਾ ਸੰਸਾਰ: ਬੰਗਾਲਣ ਬੰਦੀ, ਖ਼ਬਰ ਖ਼ਤਮ, ਫਲੈਸ਼। ਟੀਵੀਕਾਰੀ: ਧੀਮੀ ਸੁਰ ਦੀ ਪੱਤਰਕਾਰੀ, ਜਥੇਦਾਰ ਟੌਹੜਾ ਦੀ ਆਖ਼ਰੀ ਟੀਵੀ ਮੁਲਾਕਾਤ, ਕਾਮਰੇਡ ਸੁਰਜੀਤ ਦੀ ਪਹਿਲੀ ਟੀਵੀ ਇੰਟਰਵਿਊ, ਕੁਲਦੀਪ ਮਾਣਕ ਦੀ ਆਖ਼ਰੀ ਟੀਵੀ ਇੰਟਰਵਿਊ। ਮੀਡੀਆ ਦੀਆਂ ਮੋਰੀਆਂ: ਉਲਟ ਸਿਖਰ, ਪ੍ਰੈੱਸ ਦਾ ਦੂਜਾ ਪਾਸਾ, ਅਨਸੈਂਸਰਡ, ਮੰਤਰ ਤੇ ਮੀਡੀਆ। ਤੱਥ ਤੇ ਵੱਥ: ਮੈਚ ਹਿੰਦ ਤੇ ਪਾਕਿ ਦਾ ਹੋਣ ਲੱਗਾ, ਪੁਰਸਕਾਰ ਦਾ ਦਾਗ। ਪਹਿਲੇ ਪਹਿਲ: ਪਹਿਲਾ ਗੈੱਸਟ ਤੇ ਪਹਿਲਾ ਟਾਕ ਸ਼ੋਅ। ਦਾਗਦਾਰੀਆਂ: ਕਵਿਤਾ ਵਿਚਾਰੀ ਕੀ ਕਰੇ, ਬਹਿਮਣ, ਚੌਂਤੀ ਸੈਕਟਰ, ਮੱਲ ਸਿੰਘ ਦਾ ਢਹਿਣਾ। ਰਹਾਓ ਤੋਂ ਉਪਰੰਤ: ਗਾਰਗੀ ਦੀ ਬਠਿੰਡਾ ਗੇੜੀ, ਅੰਮ੍ਰਿਤਾ ਦੇ ਮਲਵਈ, ਡੁੱਲ੍ਹ ਗਈ ਸੋਨੇ ਦੀ ਸਿਆਹੀ। ਸ਼ਬਦਾਂ ਸੰਜਮ ਏਨਾ ਕਿ 140 ਪੰਨਿਆਂ ਦੀ ਪੁਸਤਕ ਵਿਚ ਹਜ਼ਾਰ ਸਫਿਆਂ ਦਾ ਮੈਟਰ ਸਮਾਇਆ ਹੋਇਐ। ਪੇਸ਼ ਹੈ ਉਸ ਵਿਚਲਾ ਖੇਡ ਕਹਾਣੀ ਵਰਗਾ ਲੇਖ:

ਮੈਚ ਹਿੰਦ ਪਾਕਿ ਦਾ ਹੋਣ ਲੱਗਾ...

1982 ਦੇ ਪਹਿਲੇ ਦਸੰਬਰ ਦੀ ਇੱਕ ਸੁਹਾਣੀ ਸ਼ਾਮ ਸੀ। ਠੀਕ ਚਾਰ ਵੱਜੇ ਸਨ ਜਦੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਨੌਵੀਆਂ ਏਸ਼ਿਆਈ ਖੇਡਾਂ ਦੇ ਹਾਕੀ ਫਾਈਨਲ ਦੀ ਗੇਂਦ ਨੂੰ ਪਹਿਲੀ ਹਿੱਟ ਲਾਈ ਗਈ। ਦਿੱਲੀ ਦੇ ਨੈਸ਼ਨਲ ਸਟੇਡੀਅਮ ਦੀ ਹਾਕੀ ਗਰਾਊਂਡ ਵਿਚ ਵਿਛਾਏ ਹਰੇ ਰੰਗ ਦੇ ਮੋਮੀ ਘਾਹ/ਐਸਟਰੋਟਰਫ ਤੇ ਦੋਹਾਂ ਟੀਮਾਂ ਦੇ ਖਿਡਾਰੀਆਂ ਦਰਮਿਆਨ ਚੱਲਦੀ ਗੇਂਦ ਦੇ ਜਿਵੇਂ ਫੰਘ ਨਿਕਲ ਆਏ ਹੋਣ ਤੇ ਉਹ ਰਿੜ੍ਹਨ ਦੀ ਥਾਂ ਉੱਡਣ ਲੱਗ ਪਈ ਹੋਵੇ।

ਉਨ੍ਹੀਂ ਦਿਨੀਂ ਮੈਂ ਦਿੱਲੀ ਵਿਖੇ ‘ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ’ ਵਿਚ ਮੀਡੀਆ ਦਾ ਰਿਫਰੈਸ਼ਰ ਕੋਰਸ ਕਰ ਰਿਹਾ ਸਾਂ। ਦੇਸ਼ ਭਰ ਵਿਚੋਂ ਭਾਰਤੀ ਸੂਚਨਾ ਸੇਵਾ ਦੇ ਅਫਸਰ ਇਸ ਵਿਚ ਮੇਰੇ ਸਹਿਯੋਗੀ ਸਨ। ਇਸੇ ਕੋਰਸ ਦੇ ਹਿੱਸੇ ਵਜੋਂ ਮੈਨੂੰ ਏਸ਼ਿਆਈ ਖੇਡਾਂ-82 ਵਿਚ ਪ੍ਰੈੱਸ ਅਫਸਰ ਦੀ ਡਿਊਟੀ ਤੇ ਤਾਇਨਾਤ ਕੀਤਾ ਗਿਆ ਸੀ। ਸ਼ੁਰੂ ਵਿਚ ਮੇਰੀ ਡਿਊਟੀ ਕਨਾਟ ਪਲੇਸ ਨੇੜਲੇ ਸ਼ਿਵਾਜੀ ਸਟੇਡੀਅਮ ਵਿਚ ਔਰਤਾਂ ਦੀ ਹਾਕੀ ਚੈਂਪੀਅਨਸ਼ਿਪ ਕਵਰ ਕਰਨ ਲਈ ਲਾਈ ਗਈ ਸੀ ਪਰ ਖੇਡਾਂ ਦੇ ਆਖਰੀ ਹਫਤੇ ਮੈਨੂੰ ਇੰਡੀਆ ਗੇਟ ਦੀ ਕੰਨੀ ਤੇ ਪੈਂਦੇ ਨੈਸ਼ਨਲ ਸਟੇਡੀਅਮ ਵਿਚ ਭੇਜ ਦਿੱਤਾ ਗਿਆ ਸੀ ਜਿਥੇ ਮਰਦਾਂ ਦੇ ਹਾਕੀ ਮੁਕਾਬਲੇ ਹੋ ਰਹੇ ਸਨ। ਇਸ ਲਈ ਇਸ ਨੇ ਬਿੱਲੀ ਦੇ ਭਾਗਾਂ ਨੂੰ ਛਿੱਕਾ ਟੁੱਟਣ ਵਾਲੀ ਸੁਖਦ ਸਥਿਤੀ ਬਣਾ ਦਿੱਤੀ ਸੀ। ਹਿੰਦ-ਪਾਕਿ ਦੀ ਹਾਕੀ ਵੇਖਣ ਦੀ ਮੇਰੀ ਚਿਰੋਕਣੀ ਹਸਰਤ ਪੂਰੀ ਹੋਣ ਦਾ ਸਬਬ ਬਣ ਗਿਆ ਸੀ। ਇਹੀ ਕਾਰਨ ਸੀ ਕਿ ਉਤੇਜਨਾ ਨਾਲ ਲਬਾਲਬ ਭਰਿਆ ਮੈਂ ਉਸ ਵੇਲੇ ਓਸ ਨੈਸ਼ਨਲ ਸਟੇਡੀਅਮ ਦੇ ਅੰਤਰਰਾਸ਼ਟਰੀ ਪ੍ਰੈੱਸ ਬਾਕਸ ਵਿਚ ਬੈਠਾ ਹੋਇਆ ਸਾਂ ਜਿਥੇ ਪਾਕਿਸਤਾਨ ਤੇ ਭਾਰਤ ਦੀਆਂ ਹਾਕੀ ਟੀਮਾਂ ਇੱਕ ਦੂਜੇ ਨਾਲ ਭਿੜੀਆਂ ਹੋਈਆਂ ਸਨ। ਸੰਸਾਰ ਭਰ ਦੇ ਲੋਕ ਸਾਹ ਰੋਕ ਕੇ ਇਸ ਯਾਦਗਾਰੀ ਮੈਚ ਨੂੰ ਵੇਖ ਤੇ ਸੁਣ ਰਹੇ ਸਨ। ਸਟੋਰੀਏ ਇਸ ਵਿਚ ਹੋਣ ਵਾਲੀ ਜਿੱਤ ਹਾਰ ਤੇ ਕਰੋੜਾਂ ਦਾ ਸੱਟਾ ਖੇਡ ਰਹੇ ਸਨ।

ਇਹੀ ਕਾਰਨ ਸੀ ਕਿ ਲਗਪਗ 25 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲਾ ਦਿੱਲੀ ਦਾ ਨੈਸ਼ਨਲ ਸਟੇਡੀਅਮ ਦਰਸ਼ਕਾਂ ਨਾਲ ਕਿਨਾਰਿਆਂ ਉੱਤੋਂ ਦੀ ਛਲਕ ਰਿਹਾ ਸੀ। ਸਟੇਡੀਅਮ ਤੋਂ ਬਾਹਰ ਪਾਕਿਸਤਾਨ ਤੇ ਭਾਰਤ ਦੇ ਪਿੰਡਾਂ ਸ਼ਹਿਰਾਂ ਵਿਚ ਲੱਖਾਂ ਦਰਸ਼ਕ ਰੇਡੀਓ/ਟੀਵੀ ਸੈੱਟਾਂ ਨਾਲ ਚਿਪਕੇ ਬੈਠੇ ਸਨ। ਖੇਡਾਂ, ਸਿਆਸਤ ਤੇ ਕੂਟਨੀਤੀ ਦੇ ਨੁਕਤੇ ਤੋਂ ਇਸ ਮੈਚ ਦੀ ਏਨੀ ਅਹਿਮੀਅਤ ਸੀ ਕਿ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ, ਰਾਜੀਵ ਗਾਂਧੀ ਸਮੇਤ ਲਗਪਗ ਸਾਰੀ ਸਰਕਾਰ ਤੇ ਪਾਰਲੀਮੈਂਟ ਸ਼ਾਇਦ ਪਹਿਲੀ ਤੇ ਆਖਰੀ ਵਾਰ ਕਿਸੇ ਮੈਚ ਦੇ ਦਰਸ਼ਕਾਂ ਵਿਚ ਇੰਜ ਸ਼ਾਮਲ ਹੋਏ ਸਨ; ਉਹ ਵੀ ਹਿੰਦ-ਪਾਕਿ ਦੇ ਹਾਕੀ ਮੈਚ ਵਿਚ।

ਕੁਝ ਦਿਨ ਪਹਿਲਾਂ ਹਿੰਦ-ਪਾਕਿ ਦੇ ਹਾਕੀ ਮੈਚਾਂ ਬਾਰੇ ‘ਟ੍ਰਿਬਿਊਨ’ ਦੇ ਦਿੱਲੀ ਦੇ ਬਜ਼ੁਰਗ ਪੱਤਰਕਾਰ ਸਤਿੰਦਰਾ ਸਿੰਘ ਵਲੋਂ ਕੀਤੀ ਟਿੱਪਣੀ ਮੈਨੂੰ ਯਾਦ ਆ ਰਹੀ ਸੀ: ‘ਸੰਤਾਲੀ ਦੀ ਵੰਡ’ ਨੇ ਭਾਵੇਂ ਦੋਵਾਂ ਦੇਸ਼ਾਂ ਦੇ ਟੋਟੇ ਕਰ ਦਿੱਤੇ ਹਨ ਪਰ ਇਨ੍ਹਾਂ ਵਿਚ ਨਾੜੂਏ ਦੀ ਸਾਂਝ ਹਾਲੀ ਵੀ ਬੋਲਦੀ ਰਹਿੰਦੀ ਹੈ। ਹਿੰਦ-ਪਾਕਿ ਦਾ ਹਾਕੀ ਮੁਕਾਬਲਾ ਅਜਿਹਾ ਹੀ ਇੱਕ ਮੌਕਾ ਹੁੰਦਾ ਹੈ। ਇਸੇ ਲਈ ਭਾਰਤ ਤੇ ਪਾਕਿਸਤਾਨ ਭਾਵੇਂ ਜੰਗ ਤਾਂ ਦੁਸ਼ਮਣਾਂ ਵਾਂਗ ਲੜਦੇ ਹਨ ਪਰ ਹਾਕੀ ਸ਼ਰੀਕਾਂ ਵਾਂਗ ਖੇਡਦੇ ਹਨ। ਸ਼ਰੀਕੇਬਾਜ਼ੀ ਵਿਚ ਕੀਨਾ ਵੀ ਹੁੰਦਾ ਹੈ ਤੇ ਲਗਾਓ ਵੀ।

ਨਿਰਸੰਦੇਹ ਮੇਰੇ ਲਈ ਇਹ ਮੈਚ ਅੱਖੀਂ ਵੇਖਣਾ ਅਭੁੱਲ ਮੌਕਾ ਸੀ, ਖ਼ਾਸ ਤੌਰ ਤੇ ਉਦੋਂ ਜਦੋਂ ਨਾਲ ਵਾਲੇ ਬਾਕਸ ਵਿਚ ਦੇਸ਼ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੀ ਬੈਠੇ ਹੋਣ। ਵੀਆਈਪੀ ਤੇ ਵੀਵੀਆਈਪੀ ਵਿਅਕਤੀਆਂ ਦੀਆਂ ਕੁਰਸੀਆਂ ਅੰਤਰਰਾਸ਼ਟਰੀ ਪ੍ਰੈੱਸ ਲਈ ਰਾਖਵੀਂ ਰੱਖੀ ਗਈ ਥਾਂ ਨੇੜੇ ਹੀ ਲਾਈਆਂ ਹੋਈਆਂ ਸਨ। ਇਹ ਵੀ ਇਤਫਾਕ ਸੀ ਕਿ ‘ਪ੍ਰੈੱਸ ਅਫਸਰ’ ਦੇ ਤੌਰ ਮੇਰੀ ਡਿਊਟੀ ਵੀ ਇਸੇ ਪ੍ਰੈੱਸ ਬਾਕਸ ਵਿਚ ਹੀ ਲੱਗੀ ਹੋਈ ਸੀ। ਇਸੇ ਲਈ ਜ਼ਿੰਦਗੀ ਵਿਚ ਪਹਿਲੀ ਵਾਰ ਇੰਦਰਾ ਗਾਂਧੀ ਨੂੰ ਮੈਂ ਏਨਾ ਨੇੜਿਓਂ ਤੱਕ ਸਕਿਆ ਸੀ। ਗਿਆਨੀ ਜ਼ੈਲ ਸਿੰਘ ਨੂੰ ਤਾਂ ਮੈਂ ਬਚਪਨ ਚ ਹੀ ਨੇੜਿਓਂ ਉਦੋਂ ਵੇਖ ਚੁਕਿਆ ਸਾਂ ਜਦੋਂ ਉਹ ਸੂਬਾ ਕਾਂਗਰਸ ਦਾ ਪ੍ਰਧਾਨ ਹੁੰਦਿਆਂ ਕੇਰਾਂ ਵਿਸਾਖੀ ਮੇਲੇ ਤੇ ਸਾਡੇ ਘਰ (ਤਲਵੰਡੀ ਸਾਬੋ) ਦੁਪਹਿਰ ਕੱਟ ਕੇ ਗਏ ਸਨ।

ਨੱਕੋ-ਨੱਕ ਭਰੇ ਸਟੇਡੀਅਮ ਵਿਚ ਲਹਿਰਾਏ ਜਾ ਰਹੇ ਕੱਪੜੇ ਅਤੇ ਕਾਗਜ਼ ਤੋਂ ਬਣੇ ਹਜ਼ਾਰਾਂ ਤਿਰੰਗਿਆਂ ਦੀ ਸ਼ੂਕਰ ਪੈ ਰਹੀ ਸੀ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇਨ੍ਹਾਂ ਦੇ ਟਰੱਕ ਭਰ ਭਰ ਕੇ ਲਿਆਂਦੇ ਗਏ ਸਨ ਤੇ ਦਰਸ਼ਕਾਂ ’ਚ ਵੰਡੇ ਗਏ ਸਨ।

ਆਪਣੇ ਵਤਨ ਦੀ ਧਰਤੀ ਉਤੇ ਆਪਣੇ ਸ਼ਰੀਕ ਨੂੰ ਹਰਾਉਣ ਦੀ ਉਮੀਦ ਵਿਚ ਵੱਜਦੀਆਂ ਤਾੜੀਆਂ ਦੀ ਗੜਗੜਾਹਟ ਨਾਲ ਮੈਚ ਹੋਇਆ ਤਾਂ ਦਰਸ਼ਕਾਂ ਦੀਆਂ ਅੱਖਾਂ ਗੇਂਦ ਦੇ ਨਾਲ ਨਾਲ ਕਿਸੇ ਰੋਬੋਟ ਵਾਂਗ ਘੁੰਮਣ ਲੱਗੀਆਂ। ਤਦ ਅੰਤਰਰਾਸ਼ਟਰੀ ਹਾਕੀ ਵਿਚ ਮੋਮੀ ਘਾਹ/ਐਸਟਰੋਟਰਫ ਦਾ ਚਲਨ ਨਵਾਂ ਨਵਾਂ ਸੀ। ਇਸ ਦੀ ਮੁਲਾਇਮੀ ਆਪਣਾ ਜਾਦੂ ਵਿਖਾ ਰਹੀ ਸੀ। ਜੇ ਇਕ ਸਕਿੰਟ ਭਾਰਤੀ ਖਿਡਾਰੀ ਗੇਂਦ ਨੂੰ ਪਾਕਿਸਤਾਨ ਦੀ ‘ਡੀ’ ਵਿਚ ਲੈ ਜਾਂਦੇ ਤਾਂ ਦੂਜੇ ਸਕਿੰਟ ਪਾਕਿਸਤਾਨੀ ਫਾਰਵਰਡ ਉਸ ਨੂੰ ਖ਼ਤਰਨਾਕ ਢੰਗ ਨਾਲ ਭਾਰਤੀ ਗੋਲ ਕੋਲ ਪਹੁੰਚਾ ਦਿੰਦੇ।

ਜਿਉਂ ਹੀ ਭਾਰਤੀ ਖਿਡਾਰੀ ਗੇਂਦ ਨੂੰ ਗਰਾਊਂਡ ਦੇ ਪਾਕਿਸਤਾਨ ਵਾਲੇ ਅੱਧ ਵਿਚ ਲੈ ਕੇ ਜਾਂਦੇ ਤਾਂ ਹੱਲਾਸ਼ੇਰੀ ਦਿੰਦਿਆਂ ਸਾਰਾ ਸਟੇਡੀਅਮ ਤਾੜੀਆਂ, ਸੀਟੀਆਂ ਤੇ ਚੰਘਿਆੜਾਂ ਮਾਰਦਾ ਸੀਟਾਂ ਤੇ ਖੜ੍ਹਾ ਹੋ ਜਾਂਦਾ। ਹਜ਼ਾਰਾਂ ਲੋਕਾਂ ਦੀਆਂ ਜੋਸ਼ੀਲੀਆਂ ਆਵਾਜ਼ਾਂ ਦੇ ਕੋਰਸ ਨੇ ਜਿਵੇਂ ਦਰਸ਼ਕਾਂ ਨੂੰ ਕੀਲ ਲਿਆ ਸੀ। ਭਾਰਤੀ ਟੀਮ ਦੀ ਚੜ੍ਹਾਈ ਤੇ ਸਟੇਡੀਅਮ ਅੰਦਰਲੇ ਮਾਹੌਲ ਕਾਰਨ ਭਾਰਤ ਦੇ ਜਿੱਤ ਜਾਣ ਦੀ ਆਸ ਚੁਫੇਰੇ ਤਾਰੀ ਸੀ।

ਪਰ ਉਸ ਵੇਲੇ ਮੇਰਾ ਪੱਤਰਕਾਰ ਵਾਲਾ ਦਿਮਾਗ ਕੁਝ ਹੋਰ ਹੀ ਸੋਚ ਰਿਹਾ ਸੀ; ਹੋਰ ਹੀ ਸ਼ੰਕੇ ਖੜ੍ਹੇ ਕਰ ਰਿਹਾ ਸੀ - ਭਾਰਤ ਸਰਕਾਰ ਨੂੰ ਸਾਡੀ ਟੀਮ ਜਿੱਤਣ ਦਾ ਏਨਾ ਯਕੀਨ ਕਿਵੇਂ ਹੈ ਕਿ ਸਮੁੱਚੀ ਸਰਕਾਰ ਤੇ ਪਾਰਲੀਮੈਂਟ ਹੀ ਦਰਸ਼ਕਾਂ ਵਿਚ ਆ ਸ਼ਾਮਲ ਹੋਈਆਂ ਹਨ? ਨਿਰਸੰਦੇਹ, ਸਾਡੀ ਸਰਕਾਰ ਦੇ ਮੁਖੀ, ਵਿਰੋਧੀ ਦੇਸ਼ ਤੇ ਹੋਣ ਵਾਲੀ ਸੰਭਾਵੀ ਜਿੱਤ ਦੇ ਜਸ਼ਨ ਵਿਚ ਸ਼ਾਮਲ ਹੋਣ ਲਈ ਹੀ ਆਏ ਹੋਣਗੇ ਨਾ ਕਿ ਹਾਰ ਦਾ ਮੂੰਹ ਵੇਖਣ। ਜਿੱਤ ਦਾ ਏਨਾ ਯਕੀਨ ਤੇ ਗਰੂਰ!!! ਖ਼ੈਰ, ਮੈਂ ਆਪਣੇ ਅਜਿਹੇ ਅਵੈੜੇ ਖਿਆਲਾਂ ਨੂੰ ਮਾਨਸਿਕ ਝਿੜਕ ਮਾਰ ਕੇ ਚੁੱਪ ਕਰਵਾ ਦਿੱਤਾ।

ਸੱਤਰ ਮਿੰਟ ਚੱਲੇ ਮੈਚ ਦਾ ਚੌਥਾ ਮਿੰਟ ਭਾਰਤ ਲਈ ਉਦੋਂ ਸੁਲੱਖਣਾ ਸਿੱਧ ਹੋਇਆ ਜਦੋਂ ਭਾਰਤੀ ਕਪਤਾਨ ਜ਼ਫਰ ਇਕਬਾਲ ਨੇ ਪੈਨਲਟੀ ਸਟਰੋਕ ਨੂੰ ਵਰਤਦਿਆਂ ਪਾਕਿਸਤਾਨੀ ਗੋਲਕੀਪਰ ਸ਼ਾਹਿਦ ਅਲੀ ਦੀ ਵੱਖੀ ਕੋਲੋਂ ਦੀ ਗੇਂਦ ਕੱਢ ਕੇ ਮੈਚ ਦਾ ਪਹਿਲਾ ਗੋਲ ਠੋਕ ਦਿੱਤਾ। ਸਟੇਡੀਅਮ ਵਿਚ ਚੁਫੇਰੇ ਲਗੇ ਡਿਜੀਟਲ ਸਕੋਰ ਬੋਰਡ ‘ਇੰਡੀਆ-1’ ਤੇ ‘ਪਾਕਿਸਤਾਨ-0’ ਦੇ ਅੰਕੜਿਆਂ ਨਾਲ ਚਮਕਣ ਲੱਗੇ। ਭਾਰਤੀ ਦਰਸ਼ਕਾਂ ਦੇ ਸ਼ੋਰ ਨਾਲ ਸਟੇਡੀਅਮ ਜਿਵੇਂ ਪਾਟਣ ਤੇ ਆ ਗਿਆ। ਇੰਦਰਾ ਗਾਂਧੀ ਤੇ ਗਿਆਨੀ ਜ਼ੈਲ ਸਿੰਘ ਵੀ ਆਪਣੇ ਹੱਥਾਂ ਵਿਚ ਫੜੇ ਹੋਏ ਵੱਡ-ਅਕਾਰੀ ਤਿਰੰਗੇ ਲਹਿਰਾਉਣ ਲੱਗੇ।

ਪਰ ਪੈਂਦੀ ਸੱਟੇ ਹੀ ਪਾਕਿਸਤਾਨੀ ਰਾਈਟ ਆਊਟ ਫਾਰਵਰਡ ਨੇ ਭਾਰਤੀ ਗੋਲਕੀਪਰ ਰੰਜਨ ਨੇਗੀ ਨੂੰ ਝਕਾਨੀ ਦੇ ਕੇ ਪਾਕਿਸਤਾਨੀ ਧਿਰ ਵੱਲੋਂ ਪਹਿਲਾ ਗੋਲ ਕਰ ਕੇ ਸਕੋਰ ਬਰਾਬਰ ਕਰ ਦਿੱਤਾ। ਸਟੇਡੀਅਮ ਕੁਝ ਛਿਣਾਂ ਲਈ ਖਾਮੋਸ਼ ਹੋ ਗਿਆ। ਨਿਰਸੰਦੇਹ ਦਰਸ਼ਕਾਂ ਦੀ ਇਹ ਖਾਮੋਸ਼ੀ ਸਮਝੀ ਜਾ ਸਕਦੀ ਸੀ ਕਿਉਂਕਿ ਇਸ ਮੁਕਾਬਲੇ ਵਿਚ ਪਾਕਿਸਤਾਨ ਭਾਰਤ ਦੀ ਸਰਜ਼ਮੀਨ ਤੇ ਭਾਰਤ ਨੂੰ ਹੀ ਹਰਾਉਣ ਤੇ ਭਾਰਤ ਆਪਣੀ ਸਰਜ਼ਮੀਨ ਤੇ ਪਾਕਿਸਤਾਨੀਆਂ ਨੂੰ ਹਰਾਉਣ ਦੇ ਤਹੱਈਏ ਨਾਲ ਉਤਰਿਆ ਹੋਇਆ ਸੀ। ਹਾਕੀ ਦੇ ਮਾਹਿਰ ਪੱਤਰਕਾਰਾਂ ਅਨੁਸਾਰ ਉਂਜ ਵੀ ਇਸ ਮੈਚ ਵਿਚ ਭਾਰਤੀ ਟੀਮ ਦਾ ਹੱਥ ਕਈ ਪੱਖੋਂ ਪਾਕਿਸਤਾਨੀਆਂ ਤੋਂ ਉਤੇ ਸੀ: ਵੇਖੀ ਪਛਾਣੀ, ਹੰਢਾਈ ਤੇ ਪੈਰੀਂ ਲੱਗੀ ਹੋਈ ਹਾਕੀ ਗਰਾਊਂਡ ਸੀ; ਹੱਲਾਸ਼ੇਰੀ ਦੇਣ ਲਈ ਹਜ਼ਾਰਾਂ ਹਮਵਤਨੀ ਤੇ ਸਾਰੀ ਸਰਕਾਰ ਹਾਜ਼ਰ ਸੀ।

ਸਕੋਰ ਬਰਾਬਰ ਹੋਣ ਪਿਛੋਂ ਮੈਚ ਜਿਵੇਂ ਅਗਲੇ ਗੇਅਰ ਵਿਚ ਪੈ ਗਿਆ ਤੇ ਦਰਸ਼ਕਾਂ ਦਾ ਜੋਸ਼ ਹੋਰ ਉਬਾਲੇ ਮਾਰਨ ਲੱਗਾ। ਭਾਰਤੀ ਰਾਸ਼ਟਰ ਦੇ ਮੁਖੀ ਤੋਂ ਲੈ ਕੇ ਸਾਧਾਰਨ ਦਰਸ਼ਕ ਤਕ ਸਭ ਦੇ ਅੰਦਰ ਜਿਵੇਂ ਮਾਨਸਿਕ ਤੌਰ ਤੇ ਸਮਾਨਾਂਤਰ ਮੈਚ ਵੀ ਚੱਲ ਰਿਹਾ ਸੀ ਜਿਸ ਵਿਚ ਕੇਵਲ ਹਾਕੀ ਟੀਮ ਹੀ ਨਹੀਂ ਸਗੋਂ ਸਮੁੱਚਾ ਰਾਸ਼ਟਰ ਆਪੂੰ ਖੇਡਦਾ ਪਰਸਿਓ ਪਰਸਿਓ ਹੋ ਰਿਹਾ ਸੀ।

ਹੱਲਾਸ਼ੇਰੀ ਦੇ ਝੱਖੜ ਨਾਲ ਇੱਕ ਵਾਰ ਫਿਰ ਸਟੇਡੀਅਮ ਥਰਥਰਾਉਣ ਲੱਗਿਆ- ਭਾਰਤੀ ਟੀਮ ਨੇ ਪਾਕਿਸਤਾਨੀ ਟੀਮ ਦੀ ‘ਡੀ’ ਉੱਤੇ ਇੱਕ ਵਾਰ ਫਿਰ ਹਮਲਾ ਕੀਤਾ ਸੀ ਪਰ ਗੱਲ ਨਹੀਂ ਬਣੀ ਸਗੋਂ ਕੁੱਝ ਕੁ ਮਿੰਟਾਂ ਪਿਛੋਂ ਹੀ ਕਲੀਮਉੱਲਾ ਦੇ ‘ਪਾਸ’ ਨੂੰ ਗੋਲ ਪੋਸਟ ਵਿਚ ਪਹੁੰਚਾ ਕੇ ਲੈਫਟ ਇਨ ਵਾਰਵਰਡ ਹਨੀਫ ਨੇ ਪਾਕਿਸਤਾਨ ਦਾ ਸਕੋਰ ‘ਇਕ’ ਤੋਂ ਵਧਾ ਕੇ ‘ਦੋ’ ਕਰ ਦਿੱਤਾ। ਅੱਧਾ ਸਮਾਂ ਪੁੱਗਣ ਤੋਂ ਪਹਿਲਾਂ ਹੀ ਪਾਕਿਸਤਾਨੀ ਟੀਮ ਦੇ ਮਨਜ਼ੂਰ ਜੂਨੀਅਰ ਨੇ ਭਾਰਤੀ ਗੋਲਕੀਪਰ ਨੇਗੀ ਦੇ ਕੋਲ ਦੀ ਅਛੋਪਲੇ ਹੀ ਗੇਂਦ ਲੰਘਾ ਕੇ ਭਾਰਤੀ ਖਿਡਾਰੀਆਂ ਦੇ ਅੱਗੇ ਤੀਸਰੇ ਗੋਲ ਦੀ ਜਿਵੇਂ ਮਾਨਸਿਕ ਠੱਲ੍ਹ ਖੜ੍ਹੀ ਕਰ ਦਿਤੀ ਸੀ।

ਤਦ ਹੀ ਪ੍ਰੈੱਸ ਬਾਕਸ ਵਿਚ ਬੈਠੇ ਹਾਕੀ ਦੇ ਇੱਕ ਘਾਗ ਫਰੰਗੀ ਪੱਤਰਕਾਰ ਦੀ ਰਾਏ ਮੈਨੂੰ ਸੁਣਾਈ ਦਿੱਤੀ ਕਿ ਹੁਣ ਭਾਰਤੀ ਟੀਮ ਲਈ ਪਹਿਲ ਮੈਚ ਜਿੱਤਣ ਦੀ ਥਾਂ ਸਕੋਰ ਬਰਾਬਰ ਕਰਨਾ ਬਣ ਗਿਆ ਸੀ। ਜਿਹੜੀ ਸਥਿਤੀ ਵਿਚ ਮੈਚ ਹੁਣ ਪਹੁੰਚ ਗਿਆ ਸੀ, ਉਸ ਵਿਚੋਂ ਨਿਕਲਣ ਲਈ ਉਸ ਨੂੰ ਇੱਕ ਗੋਲ ਦੀ ਤੁਰੰਤ ਲੋੜ ਸੀ- ਮਾਨਸਿਕ ਤੌਰ ਤੇ ਵੀ।

ਹਾਫ-ਟਾਈਮ ਦੀ ਵਿਸਲ ਵੱਜੀ ਤਾਂ ਦੋਹਾਂ ਟੀਮਾਂ ਨੇ 1-2 ਖਿਡਾਰੀ ਤਬਦੀਲ ਕੀਤੇ। ਗਰਾਊਂਡ ਦੇ ਦੂਜੇ ਪਾਸੇ ਪਾਕਿਸਤਾਨੀ ਖੇਮਾ ਚਹਿਕ ਵਿਚ ਸੀ ਪਰ ਇਧਰ ਭਾਰਤੀ ਖੇਮੇ ਦੇ ਪ੍ਰਬੰਧਕਾਂ ਵਿਚ ਹਫੜਾ ਦਫੜੀ ਵਾਲਾ ਮਾਹੌਲ ਸੀ। ਇਹ ਵੀ ਫੁਸਫਸਾਹਟ ਚੱਲ ਪਈ ਸੀ ਕਿ ਟੀਮ, ਦਰਸ਼ਕਾਂ ਵਿਚ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਸ਼ਾਮਲ ਹੋਣ ਦਾ ਮਾਨਸਿਕ ਦਬਾਓ ਮੰਨ ਗਈ ਲਗਦੀ ਸੀ। ਹਾਲਾਂਕਿ ਭਾਰਤੀ ਖੇਮੇਂ ਵਿਚ ਪਹਿਲਾਂ ਇਸ ਦੇ ਉਲਟ ਧਾਰਨਾ ਚੱਲ ਰਹੀ ਸੀ ਕਿ ਦੇਸ਼ ਦੀਆਂ ਸਿਰਮੌਰ ਸਖਸ਼ੀਅਤਾਂ ਦੀ ਸਟੇਡੀਅਮ ਚ ਹਾਜ਼ਰੀ ਭਾਰਤੀ ਟੀਮ ਦਾ ਹੌਸਲਾ ਦੁੱਗਣਾ ਕਰ ਦੇਵੇਗੀ।

ਹਾਫ-ਟਾਈਮ ਪਿੱਛੋਂ ਵੀ ਜਦੋਂ ਭਾਰਤੀ ਟੀਮ ਦੇ ਪੈਰ ਨਾ ਲੱਗੇ ਤਾਂ ਭਾਰਤ ਨੂੰ ਹਰ ਹਾਲਤ ਵਿਚ ਜੇਤੂ ਵੇਖਣ ਲਈ ਉਮੜੇ ਭਾਰਤੀ ਦਰਸ਼ਕਾਂ ਦਾ ਹੌਸਲਾ ਮੱਠਾ ਪੈਣਾ ਕੁਦਰਤੀ ਸੀ। ਜਿਉਂ ਜਿਉਂ ਪਾਕਿਸਤਾਨੀ ਧਿਰ ਦੇ ਗੋਲਾਂ ਦੀ ਗਿਣਤੀ ਵਧਦੀ ਜਾ ਰਹੀ ਸੀ, ਤਿਉਂ ਤਿਉਂ ਸਟੇਡੀਅਮ ਖਾਮੋਸ਼ ਹੁੰਦਾ ਜਾ ਰਿਹਾ ਸੀ। ਜਦੋਂ ਚਾਰ ਵਜੇ ਮੈਚ ਦੀ ਪਹਿਲੀ ਹਿੱਟ ਲੱਗੀ ਸੀ ਤਾਂ ਫਰਿਸ਼ਤਿਆਂ ਨੇ ਵੀ ਨਹੀਂ ਸੀ ਸੋਚਿਆ ਕਿ ਮੈਚ ਅਜਿਹਾ ਮੋੜ ਵੀ ਕੱਟ ਸਕਦਾ ਹੈ! ਸਗੋਂ ਮੇਰਾ ਦਿਮਾਗ ਤਾਂ ਉਦੋਂ ਕੁੱਝ ਹੋਰ ਦਾ ਹੋਰ ਹੀ ਸੋਚ ਰਿਹਾ ਸੀ- ਜਿਸ ਤੇ ਹੁਣ ਮੈਨੂੰ ਘਿਣ ਆ ਰਹੀ ਸੀ। ਪਾਕਿਸਤਾਨੀ ਟੀਮ ਨੇ ਜਿਵੇਂ ਭਾਰਤੀ ਟੀਮ ਦੇ ਗੋਲਕੀਪਰ ਨੇਗੀ ਵਿਚ ਟੀਮ ਦੀ ਕਮਜ਼ੋਰ ਕੜੀ ਲੱਭ ਲਈ ਲਗਦੀ ਸੀ। ਪਤਾ ਨਹੀਂ ਕਿਉਂ ਫਿਰ ਵੀ ਉਸ ਨੂੰ ਬਦਲਿਆ ਨਹੀਂ ਸੀ ਜਾ ਰਿਹਾ।

ਮੈਚ ਭਾਰਤੀ ਟੀਮ ਦੇ ਹੱਥੋਂ ਖਿਸਕਦਾ ਜਾਂਦਾ ਲੱਗ ਰਿਹਾ ਸੀ। ਮੈਚ ਦੇ ਇੱਕ ਪਾਸੜ ਬਣਦੇ ਜਾਣ ਦੀ ਚਿੰਤਾ ਭਾਰਤੀ ਖੇਮੇ ਵਿਚ ਵੀ ਫੈਲਣ ਲੱਗੀ ਸੀ। ਜਦੋਂ ਸਕੋਰ 4-1 ਤੇ ਪਹੁੰਚ ਗਿਆ ਤਾਂ ਭਾਰਤ ਨੂੰ ਕੇਵਲ ਹਾਰ ਹੀ ਨਹੀਂ ਸਗੋਂ ਵੱਡੀ ਹਾਰ ਦਿੱਸਣ ਲੱਗੀ ਤਾਂ ਸੋਗ ਤੇ ਚਿੰਤਾ ਵੀਵੀਆਈਪੀ ਬਾਕਸ ਦੀਆਂ ਪਾਉੜੀਆਂ ਵੀ ਚੜ੍ਹ ਗਈ ਸੀ।

ਇੰਦਰਾ ਗਾਂਧੀ ਨੇ ਆਪਣੇ ਸਹਾਇਕ ਆਰਕੇ ਧਵਨ ਰਾਹੀਂ ਰਾਜੀਵ ਗਾਂਧੀ ਨੂੰ ਸੁਨੇਹਾ ਭੇਜਿਆ ਕਿ ਉਹ ਭਾਰਤੀ ਗੋਲਕੀਪਰ ਦਾ ਕੁਝ ਕਰਨ। ਰਾਜੀਵ ਨੇ ਜੁਆਬ ਦਿੱਤਾ ਕਿ ਅਜਿਹੀ ਤਬਦੀਲੀ ਕੇਵਲ ਟੀਮ ਦਾ ਕੈਪਟਨ, ਕੋਚ ਜਾਂ ਮੈਨੇਜਰ ਹੀ ਕਰ ਸਕਦੇ ਹਨ ਪਰ ਤਦ ਤਕ ਪ੍ਰੈੱਸ ਬਾਕਸ ਵਿਚ ਬੈਠੇ ਹਾਕੀ ਦੇ ਮਾਹਿਰ ਪੱਤਰਕਾਰਾਂ ਦੀ ਘੁਸਰ-ਮੁਸਰ ਉੱਚੀ ਹੋ ਚੁਕੀ ਸੀ। ਕੋਈ ਕਹਿ ਰਿਹਾ ਸੀ: ‘ਗੋਲਕੀਪਰ ਨੇਗੀ ਵਿਰੋਧੀ ਟੀਮ ਦੇ ਦਾਬੇ ਵਿਚ ਆ ਗਿਆ ਹੈ। ਉਸ ਨੂੰ ਬਿਨਾਂ ਕੋਈ ਹੋਰ ਸਕਿੰਟ ਗੁਆਏ ਬਦਲ ਦੇਣਾ ਚਾਹੀਦਾ ਹੈ। ਕੋਈ ਹੋਰ ਟੀਮ ਦੀ ਸੁਰੱਖਿਆ ਪੰਕਤੀ ਵਿਚ ਤਬਦੀਲੀ ਕਰਨ ਦਾ ਸੁਝਾਅ ਦੇ ਰਿਹਾ ਸੀ।

ਇਸੇ ਦੌਰਾਨ ਸਾਡੇ ਸਾਹਮਣੇ ਵਾਲੀਆਂ ਸਟੇਡੀਅਮ ਦੀਆਂ ਪਿਛਲੀਆਂ ਪੰਕਤੀਆਂ ਚੋਂ ਹਰੇ ਰੰਗ ਦਾ ਬੈਨਰ ਹੌਲੀ ਹੌਲੀ ਉੱਚਾ ਉੱਠਣ ਲੱਗਿਆ ਜਿਵੇਂ ਕੋਈ ਮੋਰਚੇ ਵਿਚੋਂ ਬਾਹਰ ਨਿਕਲ ਰਿਹਾ ਹੋਵੇ। ਤਿਰੰਗਿਆਂ ਨਾਲ ਭਰੇ ਪਏ ਸਟੇਡੀਅਮ ਵਿਚ ਇਹ ਪਹਿਲਾ ਪਾਕਿਸਤਾਨੀ ਝੰਡਾ ਸੀ। ਫਿਰ ਹੋਰ ਦਰਸ਼ਕ ਵੀ ਪਾਕਿਸਤਾਨੀ ਟੀਮ ਨੂੰ ਹੱਲਾਸ਼ੇਰੀ ਦੇਣ ਲੱਗੇ। ਸਟੇਡੀਅਮ ਦਾ ਮਾਹੌਲ ਬਦਲ ਚੁੱਕਾ ਸੀ। ਟਾਵੇਂ ਟਾਵੇਂ ਦਰਸ਼ਕ ਹੁਣ ਪਾਕਿਸਤਾਨੀ ਖਿਡਾਰੀਆਂ ਲਈ ਵੀ ਤਾੜੀਆਂ ਮਾਰਨ ਲੱਗੇ। ਕਈ ਦੋਵਾਂ ਦੇਸ਼ਾਂ ਦੇ ਝੰਡੇ ਸਾਂਝੀ ਤਰ੍ਹਾਂ ਲਹਿਰਾਉਣ ਲੱਗੇ। ਵੀਆਈਪੀ ਬਾਕਸ ਲਗਪਗ ਖਾਲੀ ਹੋ ਗਿਆ ਸੀ। ਕੁਰਸੀਆਂ ਦੀਆਂ ਕਤਾਰਾਂ ਵਿਚਕਾਰ ਡਿੱਗੇ ਪਏ ਝੰਡਿਆਂ ਨੂੰ ਦਰੜ ਕੇ ਲੰਘਦੇ ਜਾਂਦੇ ਕੁਝ ਦਰਸ਼ਕ ਹਾਰ ਗਈ ਭਾਰਤੀ ਟੀਮ ਨੂੰ ਅਵਾ-ਤਵਾ ਬੋਲ ਰਹੇ ਸਨ। ਤਦੇ ਮੈਂ ਵੇਖਿਆ ਕਿ ਕੇਸਰੀ ਪਟਕੇ-ਜੂੜੇ ਵਾਲੇ ਇੱਕ ਬੱਚੇ ਨੇ ਆਪਣੀ ਮਾਂ ਤੋਂ ਉਂਗਲੀ ਛੁਡਾਈ ਤੇ ਭੁੰਜੇ ਸੁੱਟੇ ਤਿਰੰਗਿਆਂ ਨੂੰ ਇਕੱਠੇ ਕਰਨ ਵਿਚ ਮਸਰੂਫ਼ ਹੋ ਗਿਆ।

***

ਦਿੱਲੀ ਦੀਆਂ ਏਸਿ਼ਆਈ ਖੇਡਾਂ ਮੈਂ ਵੀ ‘ਪੰਜਾਬੀ ਟ੍ਰਿਬਿਊਨ’ ਲਈ ਕਵਰ ਕੀਤੀਆਂ ਸਨ। ਭਾਰਤ-ਪਾਕਿ ਹਾਕੀ ਮੈਚ ਤੋਂ ਪਹਿਲਾਂ ਸੁਰਖ਼ੀ ਭੇਜੀ ਸੀ- ‘ਅੱਜ ਹੋਣਗੇ ਸਾਹਨਾਂ ਦੇ ਭੇੜ’। ਉਸ ਭੇੜ ਦੇ ਡਿਸਪੈਚ ਵਿਚੋਂ ਕੁਝ ਸਤਰਾਂ ਪੇਸ਼ ਕਰਨੀਆਂ ਵਾਜਬ ਹੋਣਗੀਆਂ:

ਜਿੱਦਣ ਹਿੰਦ-ਪਾਕਿ ਦਾ ਫਾਈਨਲ ਮੈਚ ਹੋਇਆ, ਉੱਦਣ ਸਾਰੀ ਦਿੱਲੀ ਥਾਏਂ ਖੜ੍ਹ ਗਈ। ਸ਼ਾਮ ਤਿੰਨ ਤੋਂ ਸਾਢੇ ਚਾਰ ਵਜੇ ਤਕ ਸਭ ਸੜਕਾਂ ਸੁੰਨ ਸਨ।

ਮੈਚ ਸ਼ੁਰੂ ਹੋਣ ਤੋਂ ਘੰਟਾ ਪਹਿਲਾਂ ਹੀ ਨੈਸ਼ਨਲ ਸਟੇਡੀਅਮ ਕੰਢਿਆਂ ਤਕ ਭਰ ਗਿਆ। ਉੱਦਣ ਸੁਰੱਖਿਆ ਪ੍ਰਬੰਧ ਏਨੇ ਸਖ਼ਤ ਸਨ ਕਿ ਗਾਰਡਾਂ ਨੇ ਪੱਤਰ ਪ੍ਰੇਰਕਾਂ ਦੀਆਂ ਫਾਈਲਾਂ ਵੀ ਤਿੰਨ ਤਿੰਨ ਵਾਰ ਫੋਲੀਆਂ। ਗਿਆਨੀ ਜ਼ੈਲ ਸਿੰਘ, ਮੁਹੰਮਦ ਹਦਾਇਤਉੱਲਾ, ਇੰਦਰਾ ਗਾਂਧੀ ਤੇ ਬਲਰਾਮ ਜਾਖੜ ਸਮੇਤ ਅਨੇਕਾਂ ਮੰਤਰੀ ਤੇ ਹੋਰ ਅਧਿਕਾਰੀ ਵਿਸ਼ੇਸ਼ ਵਿਅਕਤੀਆਂ ਵਾਲੀਆਂ ਸੀਟਾਂ `ਤੇ ਸੁਭਾਏਮਾਨ ਸਨ। ਫਿਲਮੀ ਹੀਰੋ ਅਮਿਤਾਭ ਬੱਚਨ ਦਰਸ਼ਕਾਂ ਦਾ ਧਿਆਨ ਬਦੋਬਦੀ ਖਿੱਚ ਰਿਹਾ ਸੀ।

ਪੌਣੇ ਤਿੰਨ ਵਜੇ ਸਭ ਗੇਟ ਬੰਦ ਹੋ ਗਏ। ਪੌੜੀਆਂ ਉਤੇ ਦਰਸ਼ਕਾਂ ਦੀ ਹਾਤ-ਹੂਤ ਦਾ ਏਨਾ ਸ਼ੋਰ ਸੀ ਜਿਵੇਂ ਸਟੇਡੀਅਮ ਵਿਚ ਭੂਚਾਲ ਆ ਗਿਆ ਹੋਵੇ। ਭਾਰਤੀ ਖੇਡ ਅਧਿਕਾਰੀਆਂ ਨੂੰ ਭਾਰਤੀ ਟੀਮ ਦੇ ਮੈਚ ਜਿੱਤ ਲੈਣ ਦੀ ਲੋੜੋਂ ਵੱਧ ਆਸ ਸੀ। ਮਿੰਟਾਂ ਸਕਿੰਟਾਂ ਵਿਚ ਤਿਰੰਗੀਆਂ ਝੰਡੀਆਂ ਦਰਸ਼ਕਾਂ ਨੂੰ ਵਰਤਾ ਦਿੱਤੀਆਂ ਗਈਆਂ। ਮੈਚ ਸ਼ੁਰੂ ਹੋਇਆ ਤਾਂ ਸਾਰਾ ਸਟੇਡੀਅਮ ਤਿਰੰਗੇ ਰੰਗ ਵਿਚ ਰੰਗਿਆ ਗਿਆ। ਜਦੋਂ ਭਾਰਤ ਦੇ ਖਿਡਾਰੀ ਗੇਂਦ ਲੈ ਕੇ ਅੱਗੇ ਵਧਦੇ ਤਾਂ ਝੰਡੀਆਂ ਉੱਚੀਆਂ ਹੋ ਜਾਂਦੀਆਂ ਤੇ ਸ਼ੋਰ ਦੀਆਂ ਲਹਿਰਾਂ ਅਕਾਸ਼ ਨੂੰ ਜਾ ਚੜ੍ਹਦੀਆਂ। ਜਦੋਂ ਚੌਥੇ ਹੀ ਮਿੰਟ ਵਿਚ ਭਾਰਤੀ ਟੀਮ ਦੇ ਕਪਤਾਨ ਜ਼ਫਰ ਇਕਬਾਲ ਨੇ ਗੋਲ ਕੀਤਾ ਤਾਂ ਹਜ਼ਾਰਾਂ ਕਿਲਕਾਰੀਆਂ ਗੂੰਜੀਆਂ।

ਪਰ 17ਵੇਂ ਮਿੰਟ ਵਿਚ ਜਦੋਂ ਕਲੀਮਉੱਲਾ ਨੇ ਗੋਲ ਲਾਹਿਆ ਤਾਂ ਕੋਈ ਤਾੜੀ ਨਾ ਵੱਜੀ ਤੇ ਪੌੜੀਆਂ ਉਤਲਾ ਸ਼ੋਰਗੁਲ ਵੀ ਸੌਂ ਗਿਆ। 19ਵੇਂ ਮਿੰਟ ਵਿਚ ਪਾਕਿਸਤਾਨੀ ਟੀਮ ਨੇ ਇਕ ਹੋਰ ਗੋਲ ਕੀਤਾ ਤਾਂ ਜਾਣੋ ਦਰਸ਼ਕਾਂ ਦੇ ਮਾਪੇ ਹੀ ਮਰ ਗਏ ਤੇ ਤਿਰੰਗੀਆਂ ਝੰਡੀਆਂ ਬੁੱਕਲਾਂ ’ਚ ਲੁਕੋ ਲਈਆਂ ਗਈਆਂ।

ਪਾਕਿਸਤਾਨੀ ਖਿਡਾਰੀ ਹੋਰ ਚੜ੍ਹਦੇ ਗਏ। ਉਨ੍ਹਾਂ ਨੇ ਉਪਰੋਥਲੀ ਸੱਤ ਗੋਲ ਕੀਤੇ ਤੇ ਭਾਰਤੀ ਟੀਮ ਨੂੰ ਉਹਦੇ ਘਰ ਏਨੀ ਸ਼ਰਮਨਾਕ ਹਾਰ ਦਿੱਤੀ ਜਿਸ ਨੂੰ ਭਾਰਤੀ ਖਿਡਾਰੀ ਕਦੇ ਵੀ ਨਹੀਂ ਭੁੱਲ ਸਕਣਗੇ। ਜਿੱਤ ਹਾਰ ਦਾ ਏਨਾ ਫਰਕ ਹੁੰਦਾ ਹੈ ਕਿ ਉੱਦਣ ਭਾਰਤੀ ਖਿਡਾਰੀ ਚੋਰਾਂ ਵਾਂਗ ਸਟੇਡੀਅਮ ’ਚੋਂ ਲੋਪ ਹੋਏ ਤੇ ਪਾਕਿਸਤਾਨੀ ਦਿਨ ਛਿਪਣ ਤਕ ਮੈਦਾਨ ਚ ਲੁਡੀਆਂ ਪਾਉਂਦੇ, ਮੇਲ੍ਹਦੇ ਤੇ ਮੁਸਕਣੀਆਂ ਵੰਡਦੇ ਫਿਰੇ।

ਸੰਪਰਕ: principalsarwansingh@gmail.com

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਸੁਪਰੀਮ ਕੋਰਟ ਤਕ ਪਹੁੰਚ ਲਈ ਦਿੱਤਾ ਤਿੰਨ ਦਿਨਾਂ ਦਾ ਸਮਾਂ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਅੰਤਿਰਮ ਜ਼ਮਾਨਤ ਖਾਰ...

ਸ਼ਹਿਰ

View All