ਮੀਡੀਆ ਦਾ ਸਿਰਜਿਆ ਰੱਬ ਅਤੇ ‘ਐਕਟ ਆਫ ਗੌਡ’

ਮੀਡੀਆ ਦਾ ਸਿਰਜਿਆ ਰੱਬ ਅਤੇ ‘ਐਕਟ ਆਫ ਗੌਡ’

ਅਮਨਦੀਪ ਸਿੰਘ ਸੇਖੋਂ

ਭਾਰਤੀ ਰੁਪਿਆ ਕਿਸ-ਕਿਸ ਕਰੰਸੀ ਤੋਂ ਕਿੰਨਾ ਪਛੜ ਚੁੱਕਾ ਹੈ, ਇਸ ਦਾ ਬਿਓਰਾ ਬਹੁਤ ਲੰਬਾ ਹੈ। ਪਰ ਸਾਡੇ ਦੇਸ਼ ਦੇ ਨਿਊਜ਼ ਚੈਨਲਾਂ ਦੀ ਟੀਆਰਪੀ ਦੀ ਦੌੜ ਵਿਚ ਇਹ ਰੀਆ ਚੱਕਰਵਰਤੀ ਤੋਂ ਵੀ ਪਛੜ ਚੁੱਕਾ ਹੈ। ਇਕ ਸੁਣੱਖੇ ਨੌਜਵਾਨ ਫਿਲਮੀ ਸਿਤਾਰੇ ਦੀ ਖ਼ੁਦਕੁਸ਼ੀ ਦੀ ਖਬਰ ਦੇ ਸਹਾਰੇ, ਸਾਡੇ ਟੀਵੀ ਚੈਨਲਾਂ ਨੇ ਉਸ ਮੀਲਾਂ ਲੰਬੇ ਸਫਰ ਨੂੰ ਘਟਾ ਕੇ ਪੇਸ਼ ਕਰਨ ਵਿਚ ਅਪਾਰ ਸਫਲਤਾ ਹਾਸਲ ਕੀਤੀ ਸੀ, ਜਿਸ ਨੂੰ ਚਾਣਚੱਕ ਕੀਤੀ ਗਈ ਤਾਲਾਬੰਦੀ ਦੌਰਾਨ ਮਜ਼ਦੂਰਾਂ ਦੇ ਨੰਗੇ ਪੈਰਾਂ ਅਤੇ ਭੁੱਖੇ ਪੇਟਾਂ ਨੇ ਤੈਅ ਕੀਤਾ ਸੀ। ਕਿੰਨੇ ਨੌਜਵਾਨ ਬੇਰੁਜ਼ਗਾਰੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਗਏ, ਕਿੰਨੇ ਕਿਸਾਨਾਂ ਨੇ ਕਰਜ਼ੇ ਦੀ ਮਾਰ ਨਾ ਝੱਲਦਿਆਂ ਖ਼ੁਦਕੁਸ਼ੀ ਕੀਤੀ ਇਸਦਾ ਹਿਸਾਬ ਸਰਕਾਰ ਤੋਂ ਮੰਗਣ ਦੀ ਥਾਂ ਸਾਡੇ ਟੀਵੀ ਚੈਨਲ ਫਿਲਮ ਨਿਰਮਾਤਾਵਾਂ ਤੋਂ ਮੰਗਣ ‘ਤੇ ਜੁਟੇ ਰਹੇ ਕਿ ਉਨ੍ਹਾਂ ਨੇ ਪ੍ਰਸ਼ਾਂਤ ਸਿੰਘ ਰਾਜਪੂਤ ਨੂੰ ਰੁਜ਼ਗਾਰ ਕਿਉਂ ਨਹੀਂ ਦਿੱਤਾ?

ਦੇਸ਼ ਦੇ ਆਮ ਆਦਮੀ ਨੇ ਜਦੋਂ ਆਪ ਹੀ ਇਹ ਫੈਸਲਾ ਕਰ ਲਿਆ ਕਿ ਉਸਦੇ ਜੀਵਨ ਨਾਲ ਜੁੜੇ ਮੁੱਦਿਆਂ ਨੂੰ ਰਾਜਨੀਤਿਕ ਸਵਾਲ ਮੰਨਣ ਦਾ ਵੇਲਾ ਹੁਣ ਖਤਮ ਹੋ ਚੁੱਕਾ ਹੈ ਤਾਂ ਵਿਚਾਰੇ ਰਾਜਨੀਤਿਕ ਦਲ ਵੀ ਕੀ ਕਰਦੇ। ਬਿਹਾਰ ਦੀਆਂ ਚੋਣਾਂ ਸਿਰ ਉੱਤੇ ਹਨ। ਵਿਰੋਧੀ ਧਿਰ ਕਿੰਨੀਆਂ ਵੀ ਲਾ ਲਵੇ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਸਿਹਤ, ਕਾਨੂੰਨ ਵਿਵਸਥਾ ਵਰਗੇ ਘਸੇ-ਪਿਟੇ ਮੁੱਦਿਆਂ ਦੀਆਂ ਤਾਨਾਂ। ‘ਆਊਗਾ ਤਾਂ ਮੋਦੀ ਹੀ।’ ਤੇ ਆਉਣ ਲਈ ਕੋਈ ਮੁੱਦਾ ਤਾਂ ਚਾਹੀਦਾ ਹੈ ਜਿਸ ਦੇ ਸਹਾਰੇ ਕਿਸੇ ਅਸਲੀ ਜਾਂ ਕਾਲਪਨਿਕ ਵਿਰੋਧੀ ਨੂੰ ਕੁੱਟਿਆ ਜਾ ਸਕੇ। ਜਿਸ ਦੇ ਹੱਕ ਵਿਚ ਬਿਹਾਰੀਆਂ ਨੂੰ ਇਕ-ਜੁੱਟ ਹੋਣ ਦਾ ਨਾਅਰਾ ਦਿੱਤਾ ਜਾ ਸਕੇ। ਸੋ ਇਹ ਮੁੱਦਾ ਹੁਣ ਭਾਜਪਾ ਅਤੇ ਉਸਦੇ ਸਹਿਯੋਗੀ ਦਲਾਂ ਨੂੰ ਮਿਲ ਗਿਆ ਹੈ। ਇਹ ਸਾਬਿਤ ਕਰਦੇ ਹੋਏ ਕਿ ਕਿਸੇ ਖਬਰ ਨੂੰ ਮੀਡੀਆ ਜੇ ਚਾਹੇ ਤਾਂ ਇਕ ਦਿਨ ਵਿਚ ਮਾਰ ਸਕਦਾ ਹੈ ਅਤੇ ਜੇ ਚਾਹੇ ਤਾਂ ਤਿੰਚ-ਚਾਰ ਮਹੀਨੇ ਵੀ ਜਿਉਂਦਾ ਰੱਖ ਸਕਦਾ ਹੈ, ਮੀਡੀਆ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ਬਰ ਨੂੰ ਬਿਹਾਰ ਇਲੈਕਸ਼ਨਾਂ ਤੱਕ ਖਿੱਚਣ ਦਾ ਫੈਸਲਾ ਕਰ ਲਿਆ ਹੈ। ਇਹ ਸਭ ਕਿਸ ਦੇ ਇਸ਼ਾਰੇ ’ਤੇ ਹੋ ਰਿਹਾ ਹੈ, ਇਹ ਜਾਨਣਾ ਹੋਵੇ ਤਾਂ ਸੁਸ਼ਾਂਤ ਸਿੰਘ ਰਾਜਪੂਤ ਲਈ ਇਨਸਾਫ ਮੰਗਣ ਵਾਲੀਆਂ ਫਿਲਮੀ ਹਸਤੀਆਂ ਵੱਲ ਇਕ ਨਜ਼ਰ ਮਾਰੋ ਅਤੇ ਬਿਹਾਰ ਭਾਜਪਾ ਦੇ ਉਸ ਪੋਸਟਰ ਵੱਲ ਨਜ਼ਰ ਮਾਰੋ ਜਿਸ ਉੱਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਤਸਵੀਰ ਹੈ, ਭਾਜਪਾ ਦਾ ਚੋਣ ਨਿਸ਼ਾਨ ਹੈ ਅਤੇ ਹੇਠਾਂ ਲਿਖਿਆ ਹੈ ‘ਨਾ ਭੂਲੇਂਗੇ ਨਾ ਭੂਲਨੇ ਦੇਂਗੇ’।

ਹੁਣ ਲਗਦਾ ਹੈ ਕਿ ਬਿਹਾਰੀ ਆਪਣੇ ਜੀਵਨ ਨਾਲ ਜੁੜੇ ਸਾਰੇ ਦੁੱਖ ਦਰਦ ਭੁੱਲ ਕੇ ਭਾਜਪਾ ਨੂੰ ਇਸ ਲਈ ਵੋਟ ਦੇ ਸਕਣਗੇ ਕਿ ਸਿਰਫ ਇਹ ਪਾਰਟੀ ਉਨ੍ਹਾਂ ਦੇ ‘ਫਿਲਮੀ ਲੱਲਾ’ ਦੇ ਇਨਸਾਫ ਲਈ ਲੜ ਰਹੀ ਹੈ। ਚੋਣਾਂ ਜਿੱਤਣ ਲਈ ਕਿਸੇ ਨਾਲ ਤਾਂ ਲੜਨਾ ਜ਼ਰੂਰੀ ਹੈ। ਪਹਿਲਾਂ ਫਿਲਮੀ ਦੁਨੀਆਂ ਦਾ ਖ਼ਾਨ ਗੈਂਗ, ਫੇਰ ਖਾਨਦਾਨ ਗੈਂਗ ਅਤੇ ਹੁਣ ਰੀਆ ਚੱਕਰਵਰਤੀ। ਚਾਹੇ ਇਸ ਕੇਸ ਵਿਚ ਹਾਲੇ ਤੱਕ ਕੋਈ ਅਜਿਹੀ ਲੀਡ ਨਹੀਂ ਮਿਲੀ ਕਿ ਕਿਸੇ ਨੂੰ ਮੁੱਖ ਸ਼ੱਕੀ ਹੀ ਮੰਨ ਲਿਆ ਜਾਵੇ। ਪਰ ਸੀਬੀਆਈ, ਈਡੀ ਅਤੇ ਐਨਸੀਬੀ ਵਰਗੀਆਂ ਵੱਡੀਆਂ ਜਾਂਚ ਏਜੰਸੀਆਂ ਦਿਨ ਰਾਤ ਇਕ ਕਰ ਰਹੀਆਂ ਹਨ ਕਿ ਕਿਸੇ ਤਰ੍ਹਾਂ ਕੋਈ ‘ਬਲੀ ਦਾ ਬੱਕਰਾ ਜਾਂ ਬੱਕਰੀ’ ਮਿਲ ਜਾਵੇ ਬੱਸ। ਭਾਰਤ ਦਾ ਵਿਸ਼ਾਲ ਮੱਧ-ਵਰਗ ਜੋ ਹਰ ਰੋਜ਼ ਰਾਤ ਨੌ ਵਜੇ ਟੀਵੀ ਅੱਗੇ ਆ ਕੇ ਬੈਠਦਾ ਹੈ, ਆਪਣੇ ਜਿਉਂਦੇ ਹੋਣ ਦੇ ਇਕਲੌਤੇ ਸਬੂਤ ਵਜੋਂ ਜਿਸਨੂੰ ਹਰ ਰੋਜ਼ ਆਪਣੇ ਖੂਨ ਵਿਚ ਉਬਾਲ ਲਿਆਉਣ ਦੀ ਲੋੜ ਪੈਂਦੀ ਹੈ। ਇਹ ਮੰਨ ਹੀ ਨਹੀਂ ਸਕਦਾ ਕਿ ਕੋਈ ਘਟਨਾ ਬਿਨਾ ਕਾਰਨ ਹੋ ਸਕਦੀ ਹੈ। ਉਹ ਸਹੀ ਸੋਚਦਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਖ਼ੁਦਕੁਸ਼ੀ ਕੀਤੀ ਹੈ ਤਾਂ ਕੋਈ ਨਾ ਕੋਈ ਤਾਂ ਜ਼ਿੰਮੇਦਾਰ ਹੋਵੇਗਾ ਹੀ। ‘ਨੇਸ਼ਨ ਵਾਂਟ ਟੂ ਨੋ’।

ਪਰ ਦੂਜੇ ਪਾਸੇ ਇਕ ਹਲਕੀ ਜਿਹੀ ਕਨਸੋਅ ਕਿਤੋਂ ਮਿਲਦੀ ਹੈ ਕਿ ਦੇਸ਼ ਦੀ ਜੀਡੀਪੀ ਬੁਰੀ ਤਰ੍ਹਾਂ ਡਿੱਗ ਕੇ ਮਨਫ਼ੀ 23.9 ਫ਼ੀਸਦੀ ’ਤੇ ਜਾ ਪਈ ਹੈ। ਇਸ ਦਾ ਕਾਰਨ ਲੱਭਣ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ ਹੈ। ਇਸ ਲਈ ਕੌਣ ਜ਼ਿੰਮੇਵਾਰ ਹੈ ‘ਨੇਸ਼ਨ’ ਜਾਨਣਾ ਨਹੀਂ ਚਾਹੁੰਦਾ। ਚਲੋ, ਮੰਨ ਲੈਂਦੇ ਹਾਂ ਕਿ ਇਹ ਇਕ ‘ਐਕਟ ਆਫ ਗੌਡ’ ਸੀ, ਪਰ ਇਸ ਤੋਂ ਪਹਿਲਾਂ ‘ਐਕਟ ਆਫ ਮੈਨ’ ਕੀ ਸੀ, ਇਹ ਵੀ ਤਾਂ ਕੋਈ ਦੱਸੇ। ਦੇਸ਼ ਦੀ ਜੀਡੀਪੀ ਕਰੋਨਾ ਮਹਾਂਮਾਰੀ ਤੋਂ ਪਹਿਲਾਂ ਵੀ ਸਿਰਫ 4 ਫ਼ੀਸਦੀ ਦੀ ਰਫਤਾਰ ਨਾਲ ਵਧ ਰਹੀ ਸੀ। ਤੇ ਇਹ ਡਿੱਗਣੀ ਸ਼ੁਰੂ ਹੋਈ ਸੀ 8 ਫ਼ੀਸਦੀ ਤੋਂ। 8 ਨਵੰਬਰ, 2016 ਦੀ ਉਸ ਰਾਤ ਤੋਂ ਪਿੱਛੋਂ, ਜਦੋਂ ਰਾਤ ਦੇ 8 ਵਜੇ ਮੋਦੀ ਜੀ ਨੇ ਟੀਵੀ ‘ਤੇ ਆ ਕੇ ਇਹ ਐਲਾਨ ਕੀਤਾ ਸੀ ਕਿ ‘‘500 ਔਰ 1000 ਕੇ ਨੋਟ ਲੀਗਲ ਟੈਂਡਰ ਨਹੀਂ ਰਹੇਂਗੇ’’। ਉਸ ਵੇਲੇ ਤੋਂ ਜੀਡੀਪੀ ਅਜਿਹੀ ਫਿਸਲੀ ਕਿ ਫਿਰ ਕਦੇ ਸੰਭਲ ਨਹੀਂ ਸਕੀ। ਸਾਡੇ ਪ੍ਰਧਾਨ ਮੰਤਰੀ ਕਿਉਂਕਿ ‘ਰਾਅ ਵਿਜ਼ਡਮ’ ਵਿਚ ਯਕੀਨ ਰੱਖਦੇ ਨੇ ਇਸ ਲਈ ਉਨ੍ਹਾਂ ਨੂੰ ਇਹ ਯਾਦ ਰਿਹਾ ਕਿ ‘ਘਰ ਮੇਂ ਸ਼ਾਦੀ ਹੈ ਲੇਕਿਨ ਪੈਸਾ ਨਹੀਂ ਹੈ, ਮਾਂ ਬੀਮਾਰ ਹੈ ਲੇਕਿਨ ਪੈਸਾ ਨਹੀਂ ਹੈ’ ਪਰ ਉਹ ਇਹ ਭੁੱਲ ਗਏ ਕਿ ‘ਦੁਕਾਨੋਂ ਪੇ ਸਾਮਾਨ ਹੈ, ਪਰ ਪੈਸਾ ਨਹੀਂ ਹੈ’। ਅਸਲ ਵਿਚ ਯਾਦ ਰੱਖਣ ਵਾਲੀ ਗੱਲ ਸ਼ਾਇਦ ਇਹੀ ਸੀ ਕਿ ਜੇ ਲੋਕਾਂ ਦੀ ਜੇਬ੍ਹ ਵਿਚ ਪੈਸਾ ਨਹੀਂ ਹੋਵੇਗਾ ਤਾਂ ਵਸਤਾਂ ਦੀ ਮੰਗ ਘਟ ਜਾਵੇਗੀ। ਤੇ ਜੇ ਮੰਗ ਘਟ ਗਈ ਤਾਂ ਉਦਯੋਗ ਅਤੇ ਵਪਾਰ ਠੱਪ ਹੋ ਜਾਣਗੇ? ਨੋਟਬੰਦੀ ਤੋਂ ਪਿੱਛੋਂ ਭਾਰਤ ਦੀ ਆਰਥਿਕਤਾ, ‘ਮੰਗ ਦੀ ਕਮੀ’ ਦੇ ਸੰਕਟ ਵਿਚ ਫਸੀ ਰਹੀ। ਪਰ ਸਾਡੀ ਸਰਕਾਰ ਵੱਡੇ ਉਦਯੋਗਪਤੀਆਂ ਨੂੰ ਟੈਕਸ ਛੋਟਾਂ ਦੇ ਕੇ ਪੂਰਤੀ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕਰਦੀ ਰਹੀ। ਜਦਕਿ ਅਰਥਸ਼ਾਸਤਰ ਦਾ ਇਹ ਬੁਨਿਆਦੀ ਨਿਯਮ ਹੈ ਕਿ ਮੰਗ ਵਿਚ ਵਾਧਾ ਕਰਕੇ ਪੂਰਤੀ ਵਧਾਈ ਜਾ ਸਕਦੀ ਹੈ ਪਰ ਪੂਰਤੀ ਵਿਚ ਵਾਧੇ ਨਾਲ ਮੰਗ ਪੈਦਾ ਨਹੀਂ ਹੋ ਸਕਦੀ।

ਇਕਨਾਮਿਕਸ ਦੇ ਇਹ ਬੁਨਿਆਦੀ ਨਿਯਮ ਸ਼ਾਇਦ ‘ਮੋਦੀਨਾਮਿਕਸ’ ਉੱਤੇ ਲਾਗੂ ਨਹੀਂ ਹੁੰਦੇ। ‘ਮੋਦੀਨਾਮਿਕਸ’ ਦਾ ਇੱਕੋ ਇਕ ਸੁਨਹਿਰੀ ਨਿਯਮ ਹੈ ਰਾਜਨੀਤਿਕ ਤੌਰ ’ਤੇ ਸਹੀ ਰਹਿਣਾ। ਕਿਸੇ ਨੂੰ ਵੀ ਪੁੱਛੋ ਕਿ ਮੋਦੀ ਜੀ ਦੇ ਹਰਮਨ-ਪਿਆਰੇ ਹੋਣ ਦਾ ਸਭ ਤੋਂ ਵੱਡਾ ਕਾਰਨ ਕੀ ਹੈ? ਜਵਾਬ ਹੋਵੇਗਾ ਨਿੱਡਰਤਾ, ਵੱਡੇ-ਵੱਡੇ ਫੈਸਲੇ ਬੇਝਿਜਕ ਲੈਣ ਦੀ ਹਿੰਮਤ। ਕੀ ਤੁਹਾਨੂੰ ਯਾਦ ਹੈ ਕਿ ਅਜਿਹਾ ਸਭ ਤੋਂ ਪਹਿਲਾ, ਵੱਡਾ ਦਲੇਰਾਨਾ ਫੈਸਲਾ ਉਨ੍ਹਾਂ ਨੇ ਕਿਹੜਾ ਲਿਆ ਸੀ? ਬਿਲਕੁਲ, ਨੋਟਬੰਦੀ। ਨੋਟਬੰਦੀ ਅਜਿਹਾ ਫੈਸਲਾ ਸੀ ਜਿਸ ਨੂੰ ਲੈਣ ਤੋਂ ਕੋਈ ਵੀ ਲੀਡਰ ਡਰ ਜਾਂਦਾ। ਕਿਉਂਕਿ ਇਸਦੇ ਮਨ-ਮੁਆਫ਼ਕ ਨਤੀਜੇ ਹੀ ਨਿਕਲਣਗੇ, ਇਹ ਕੋਈ ਨਹੀਂ ਸੀ ਕਹਿ ਸਕਦਾ। ਪਰ ਮੋਦੀ ਜੀ ਨੇ ਨਾ ਸਿਰਫ ਇਹ ਫੈਸਲਾ ਲਿਆ, ਸਗੋਂ ਇਸਦੀ ਅਪਾਰ ਅਸਫਲਤਾ ਤੋਂ ਪਿੱਛੋਂ ਇਕ ਸਾਲ ਤੱਕ ਇਸਦਾ ਗੁਣਗਾਣ ਵੀ ਕਰਦੇ ਰਹੇ। ਇਸ ਕਦਮ ਨੂੰ ਸਹੀ ਸਾਬਤ ਕਰਨ ਲਈ ਹਜ਼ਾਰਾਂ ਕਰੋੜ ਰੁਪਏ ਇਸ਼ਤਿਹਾਰਬਾਜ਼ੀ ਉੱਤੇ ਖਰਚ ਦਿੱਤੇ। ਪੈਸੇ ਕਿਹੜਾ ਆਪਣੇ ਸੀ, ਲੋਕਾਂ ਦੇ ਸੀ, ਖਰਚ ਦਿੱਤੇ ਸੋ ਖਰਚ ਦਿੱਤੇ। ਕਿਸਦੀ ਮਜਾਲ ਹੈ ਕਿ ਹਿਸਾਬ ਮੰਗ ਲਵੇ। ਹੁਣ ਪੁੰਨਿਆ ਪ੍ਰਸੂਨ ਵਾਜਪਾਈ ਨੇ ਆਪਣੇ ਇਕ ਨਿਊਜ਼ ਬਰਾਡਕਾਸਟ ਵਿਚ ਹਿਸਾਬ ਲਾ ਕੇ ਦੱਸਿਆ ਹੈ ਕਿ ਪਿਛਲੇ ਛੇ ਸਾਲਾਂ ਦੌਰਾਨ ਮੋਦੀ ਜੀ ਦੇ ਪ੍ਰਚਾਰ ਉੱਤੇ ਹਰ ਮਿੰਟ ਦਾ ਇਕ ਲੱਖ ਰੁਪਿਆ ਖਰਚਿਆ ਗਿਆ ਹੈ।

ਜਿਸ ਵਿਅਕਤੀ ਦੇ ਪ੍ਰਚਾਰ ਉੱਤੇ ਇਕ-ਇਕ ਮਿੰਟ ਦਾ ਇਕ ਲੱਖ ਰੁਪਿਆ ਖਰਚ ਹੁੰਦਾ ਹੈ, ਉਸਦੀ ਛਵੀ ਮਜ਼ਬੂਤ ਤਾਂ ਹੋਵੇਗੀ ਹੀ। ਮੋਦੀ ਜੀ ਦੀ ਛਵੀ ਇੰਨੀ ਮਜ਼ਬੂਤ ਹੋ ਚੁੱਕੀ ਹੈ ਕਿ ਕਿਸੇ ਵੀ ਅਲੋਚਨਾ ਦਾ ਉਸ ਉੱਤੇ ਕੋਈ ਅਸਰ ਨਹੀਂ ਹੁੰਦਾ। ਉਲਟਾ ਅਲੋਚਨਾ ਕਰਨ ਵਾਲੇ ਦੀ ਛਵੀ ਖਰਾਬ ਹੋ ਜਾਂਦੀ ਹੈ। ਰਾਹੁਲ ਗਾਂਧੀ ਨੂੰ ਮਾਹਿਰ ਲੋਕ ਚੁੱਪ ਰਹਿਣ ਦੀ ਸਲਾਹ ਦਿੰਦੇ ਹਨ। ਅਰਵਿੰਦ ਕੇਜਰੀਵਾਲ ਨੇ ਤਾਂ ਮਾਹਿਰਾਂ ਦੀ ਸਲਾਹ ਮੰਨ ਕੇ ਪੱਕੀ ਚੁੱਪ ਧਾਰ ਲਈ ਹੈ। ਮੋਦੀ ਜੀ ਨੂੰ ਸਵਾਲ ਪੁੱਛੇਗਾ ਕੌਣ? ਪ੍ਰੈਸ ਕਾਨਫਰੰਸ ਉਹ ਕਰਦੇ ਨਹੀਂ। ਇੰਟਰਵਿਊ ਦਿੰਦੇ ਹਨ ਤਾਂ ਉਸਦੀ ਸਕ੍ਰਿਪਟ ਤੇ ਡਾਇਲੌਗ ਇੰਟਰਵਿਊ ਦੇਣ ਵਾਲੇ ਅਤੇ ਲੈਣ ਵਾਲੇ ਦੋਵਾਂ ਨੂੰ ਯਾਦ ਹੁੰਦੇ ਹਨ। ਸਵਾਲ ਪੁੱਛਿਆ ਜਾਂਦਾ ਹੈ ਕਿ “ਮੋਦੀ ਜੀ ਸੱਚ-ਸੱਚ ਦੱਸਣਾ ਈਮਾਨਦਾਰੀ ਨਾਲ! ਕਿ ਅੰਬ ਚੂਪ ਕੇ ਖਾਂਦੇ ਹੋ ਜਾਂ ਕੱਟ ਕੇ?” ਜਾਂ ਫਿਰ “ਤੁਹਾਡੇ ਵਿਚ ਇਹ ਫਕੀਰੀ ਆਈ ਕਿਵੇਂ ਹੈ?” ਜਾਂ “ਭਾਰਤ ਨੂੰ ਕਾਂਗਰਸ ਮੁਕਤ ਕਰਨ ਦਾ ਵਾਅਦਾ ਤੁਸੀਂ ਕਿੰਨੀ ਦੇਰ ਵਿਚ ਪੂਰਾ ਕਰੋਂਗੇ?” ਨੌਜਵਾਨਾਂ ਨਾਲ ਕੀਤੇ ਰੁਜ਼ਗਾਰ ਦੇ ਵਾਅਦੇ, ਔਰਤਾਂ ਨਾਲ ਕੀਤੇ ਸੁਰੱਖਿਆ ਦੇ ਵਾਅਦੇ, ਕਿਸਾਨਾਂ ਨਾਲ ਕੀਤੇ ਆਮਦਨ ਦੁੱਗਣੀ ਕਰਨ ਦੇ ਵਾਅਦੇ ਅਤੇ ਦੇਸ਼ ਨਾਲ ਕੀਤੇ ਵਿਦੇਸ਼ਾਂ ਤੋਂ ਕਾਲਾ ਧਨ ਲਿਆਉਣ ਦੇ ਵਾਅਦੇ ਕਦੋਂ ਪੂਰੇ ਕਰੋਗੇ? ਇਹ ਕੋਈ ਨਹੀਂ ਪੁੱਛਦਾ।

ਦੇਸ਼ ਦਾ ਸਭ ਤੋਂ ਤਾਕਤਵਰ ਵਿਅਕਤੀ ਜੇ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਮੁਕਤ ਹੈ ਤਾਂ ਉਹ ਰੱਬ ਤੋਂ ਵੀ ਵੱਧ ਤਕੜਾ ਹੈ। ਵਿਚਾਰੇ ‘ਗੌਡ’ ਭਾਵ ਰੱਬ ਨੂੰ ਵੀ ਉਸ ਦੇ ਕੀਤੇ ਕੰਮਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣੀ ਪੈਂਦੀ ਹੈ। ਸਾਡੇ ਦੇਸ਼ ਦੇ ਮੀਡੀਆ ਦਾ ਅਤੇ ਉਸਦੇ ਸਿਰਜੇ ਭਗਵਾਨ ਦਾ ਇਹੀ ਸੱਚ ਹੈ। ਅਤੇ ਇਹ ਤੁਹਾਡੇ ਅਤੇ ਮੇਰੇ ਪੈਸੇ ਦੀ ਬਦੌਲਤ ਸੰਭਵ ਹੋਇਆ ਹੈ।

ਸੰਪਰਕ: 70099-11489

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਮੁੱਖ ਖ਼ਬਰਾਂ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

28 ਥਾਵਾਂ ’ਤੇ ਮੋਰਚੇ 15 ਦਿਨਾਂ ਲਈ ਮੁਲਤਵੀ; ਅੰਮ੍ਰਿਤਸਰ ਰੇਲ ਮਾਰਗ ’ਤ...

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਅਸ਼ਵਨੀ ਸ਼ਰਮਾ ਤੇ ਸਾਂਪਲਾ ਸਮੇਤ ਦਰਜਨਾਂ ਭਾਜਪਾ ਆਗੂ ਹਿਰਾਸਤ ’ਚ ਲਏ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਪੁਲੀਸ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ; ਕਰਜ਼ੇ ਤੇ ਕੰਮ ਨਾ ਚੱਲਣ ਕਾਰਨ ਰਹ...

ਸ਼ਹਿਰ

View All