ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਕੇਵਲ ਧਾਲੀਵਾਲ

ਆਜ਼ਾਦੀ ਤੋਂ ਬਾਅਦ ਜਦੋਂ ਨਵੇਂ ਭਾਰਤ ਦਾ ਨਿਰਮਾਣ ਹੋ ਰਿਹਾ ਸੀ, ਨੰਗਲ ਵਿਖੇ ਭਾਖੜਾ ਡੈਮ ਬਣ ਰਿਹਾ ਸੀ ਤਾਂ ਉਸ ਵੇਲੇ ਸੰਵੇਦਨਾਵਾਂ ਨਾਲ ਭਰਪੂਰ ਮਜ਼ਦੂਰਾਂ ਦੀ ਮਿਹਨਤ ਦਾ ਕਦਰਦਾਨ ਤੇ ਸਮਾਜਿਕ ਬਰਾਬਰੀ ਲਈ ਫ਼ਿਕਰਮੰਦ, ਸੀਮੈਂਟ ਤਕਨਾਲੋਜੀ ਵਿਚ ਮੁਹਾਰਤ ਰੱਖਣ ਵਾਲਾ, ਇਕ ਨੌਜਵਾਨ ਇੰਜੀਨੀਅਰ, ਭਾਖੜਾ ਡੈਮ ’ਤੇ ਖੜ੍ਹਾ ਦੇਖ ਰਿਹਾ ਸੀ, ਕਿ ਇਕ ਦਰਿਆ ਦੇ ਪਾਣੀ ਦਾ ਵਹਿਣ ਮੋੜ ਕੇ ਦੂਜੇ ਪਾਸੇ ਕੀਤਾ ਜਾ ਰਿਹਾ ਹੈ, ਤਾਂ ਉਸ ਵੇਲੇ ਉਸਦੇ ਮਨ ਵਿੱਚ ਵਿਚਾਰ ਆਉਂਦਾ ਹੈ ਕਿ ਜੇਕਰ ਅਸੀਂ ਦਰਿਆਵਾਂ ਦੇ ਵਹਿਣ ਮੋੜ ਸਕਦੇ ਹਾਂ ਤਾਂ ਜ਼ਿੰਦਗੀ ਦਾ ਵਹਿਣ ਕਿਉਂ ਨਹੀਂ ਮੋੜ ਸਕਦੇ, ਤੇ ਜ਼ਿੰਦਗੀ ਦੇ ਵਹਿਣ ਨੂੰ ਇਕ ਨਵਾਂ ਰੂਪ ਦੇਣ ਲਈ ਚੰਗੀ ਜ਼ਿੰਦਗੀ ਦੇ ਸੁਪਨਿਆਂ ਨਾਲ ਭਰਪੂਰ ਉਹ ਨੌਜਵਾਨ ਗੁਰਸ਼ਰਨ ਸਿੰਘ, ਰੰਗਮੰਚ ਦਾ ਰਸਤਾ ਚੁਣਦਾ ਹੈ।

ਕਿਉਂਕਿ ਉਸਨੂੰ ਪਤਾ ਵੀ ਹੈ ਤੇ ਪਛਾਣ ਵੀ ਹੈ ਕਿ ਜੇਕਰ ਮੈਂ ਜ਼ਿੰਦਗੀ ਵਿੱਚ ਸਮਾਜਿਕ ਬਰਾਬਰੀ ਦੀ ਗੱਲ ਕਰਨੀ ਹੈ ਤਾਂ ਇਸ ਲਈ ਸਭ ਤੋਂ ਵਧੀਆ ਰਸਤਾ ‘ਰੰਗਮੰਚ’ ਹੈ। ਕਿਉਂਕਿ ਰੰਗਮੰਚ ਸਿੱਧਾ ਦਰਸ਼ਕਾਂ ਨੂੰ ਮੁਖਾਤਿਬ ਹੁੰਦਾ ਹੈ, ਰੰਗਮੰਚ ਰਾਹੀਂ ਤੁਸੀਂ ਔਖੀ ਤੋਂ ਔਖੀ ਗੱਲ ਵੀ ਸੌਖੇ ਤਰੀਕੇ ਨਾਲ ਕਹਿ ਸਕਦੇ ਹੋ। ਭਾ’ਜੀ ਗੁਰਸ਼ਰਨ ਸਿੰਘ ਬੇਸ਼ੱਕ ਇਕ ਵੱਡੇ ਰੱਜੇ-ਪੁੱਜੇ, ਸਾਧਨ ਸੰਪੰਨ ਪਰਿਵਾਰ ਵਿਚ ਪੈਦਾ ਹੋਏ ਪਰ ਬਚਪਨ ਤੋਂ ਹੀ ਪ੍ਰੀਤਲੜੀ ਵਰਗੇ ਰਸਾਲਿਆਂ ਵਿਚ ਛਪੀਆਂ ਲਿਖਤਾਂ ਨੇ ਉਸ ਦੇ ਅੰਦਰਲੀ ਮਨੁੱਖੀ ਸੰਵੇਦਨਾ ਨੂੰ ਲੋਕਾਂ ਦੇ ਨੇੜੇ ਲੈ ਆਂਦਾ। ਉਸ ਦੇ ਬਚਪਨ ਦੇ ਜਮਾਤੀ, ਪੜ੍ਹਾਈ ਵਿਚ ਹੁਸ਼ਿਆਰ, ਦਲਿਤ ਵਰਗ ਦੇ ‘ਬੁਧੂਆ’ ਦੀ ਜ਼ਿੰਦਗੀ ਨੇ ਗੁਰਸ਼ਰਨ ਸਿੰਘ ਦੀ ਮਾਨਵਵਾਦੀ ਸੰਵੇਦਨਾ ਨੂੰ ਝੰਜੋੜਿਆ ਤੇ ਉਸ ਮਹਿਸੂਸ ਕੀਤਾ ਕਿ ਅਸੀਂ ਕਿਹੋ ਜਿਹੇ ਸਮਾਜ ਵਿਚ ਰਹਿ ਰਹੇ ਹਾਂ ਜਿੱਥੇ ‘ਬੁਧੂਆ’ ਵਰਗੇ ਗ਼ਰੀਬ ਘਰ ਦੇ ਹੁਸ਼ਿਆਰ ਬੱਚਿਆਂ ਨੂੰ ਪੜ੍ਹਾਈ ਦੇ ਬਰਾਬਰ ਮੌਕੇ ਨਹੀਂ ਮਿਲਦੇ ਤੇ ‘ਬੁਧੂਆ’ ਵਰਗੇ ਪੜ੍ਹਾਈ ਵਿਚੇ ਛੱਡ ਕੇ ਸੜਕਾਂ ’ਤੇ ਝਾੜੂ ਮਾਰਨ ਲਈ ਕਿਉਂ ਮਜਬੂਰ ਹੋ ਜਾਂਦੇ ਨੇ। ਗੁਰਸ਼ਰਨ ਸਿੰਘ ਨੇ ਜਦੋਂ 1947 ਦੀ ਵੰਡ ਮੌਕੇ ਹੋਈ ਕਤਲੋਗਾਰਤ ਤੇ ਨੰਗੀਆਂ ਔਰਤਾਂ ਦੇ ਜਲੂਸ ਦੇ ਰੂਪ ’ਚ ਮਨੁੱਖਤਾ ਨੂੰ ਸ਼ਰਮਸਾਰ ਹੁੰਦੇ ਵੇਖਿਆ ਤਾਂ ਉਹ ਅੰਦਰ ਤੱਕ ਝੰਜੋੜਿਆ ਗਿਆ। ਉਸ ਤੋਂ ਬਾਅਦ ਉਹ ਸਾਰੀ ਉਮਰ ਖੁੱਲ੍ਹ ਕੇ ਹੱਸ ਨਾ ਸਕਿਆ। ਇਸੇ ਲਈ ਉਸ ਨੇ 1947 ਵੇਲੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਬਣੇ ਸ਼ਰਨਾਰਥੀ ਕੈਂਪਾਂ ਵਿਚ ਘਰਾਂ ਤੋਂ ਉਜੜ ਕੇ ਆਏ ਲੋਕਾਂ ਦੀ ਸੇਵਾ ਲਈ ਭਗਤ ਪੂਰਨ ਸਿੰਘ ਨਾਲ ਮਿਲ ਕੇ ਦਿਨ ਰਾਤ ਇਕ ਕਰ ਦਿੱਤਾ। ਜਦੋਂ ਕੋਈ ਮਨੁੱਖ ਏਨੀਆਂ ਸੰਵੇਦਨਾਵਾਂ ਨਾਲ ਭਰਿਆ ਹੋਵੇ ਤਾਂ ਉਹ ਰੰਗਮੰਚ ਕਰਨੋਂ ਕਿਵੇਂ ਰਹਿ ਸਕਦਾ ਹੈ। ਪੰਜਾਬ ਇਪਟਾ ਲਹਿਰ ਦੇ ਪ੍ਰੋਗਰਾਮਾਂ ਨੂੰ ਆਯੋਜਿਤ ਕਰਨ ਦੀ ਜ਼ਿੰਮੇਵਾਰੀ ਵੀ ਉਸ ਨੇ ਨਿਭਾਈ ਤੇ ਕਾਮਰੇਡ ਰਾਮ ਸਿੰਘ ਭੜੋਲੀਆਂ ਦੀ ਇਲੈਕਸ਼ਨ ਵੇਲੇ ਪ੍ਰੋਗਰਾਮਾਂ ਨੂੰ ਆਯੋਜਿਤ ਕਰਦਿਆਂ ਉਹ ਮੋਢੇ ਉੱਤੇ ਬੈਟਰੀ ਚੁੱਕ ਕੇ ਇਕ ਥਾਂ ਤੋਂ ਦੂਜੀ ਥਾਂ ’ਤੇ ਪਹੁੰਚਦੇ ਰਹੇ।

ਫੇਰ ਉਹ ਨੰਗਲ ਡੈਮ ਬਣਾਉਂਦਿਆਂ ਮਜ਼ਦੂਰਾਂ ਦੇ ਹੱਕ ਵਿਚ 1956 ਵਿਚ ਪਹਿਲਾ ਨਾਟਕ ‘ਲੋਹੜੀ ਦੀ ਹੜਤਾਲ’ ਲਿਖਦਾ ਤੇ ਖੇਡਦਾ ਹੈ, ਫੇਰ 1958 ਵਿਚ ਕਰਤਾਰ ਸਿੰਘ ਦੁੱਗਲ ਦਾ ਨਾਟਕ ‘ਦੀਵਾ ਬੁਝ ਗਿਆ’ ਖੇਡ ਕੇ ਨੰਗਲ ਵਿਚ ਹੀ ‘ਥੜਾ ਥੀਏਟਰ ਸ਼ੈਲੀ’ ਦੀ ਸਥਾਪਨਾ ਕਰਦਾ ਹੈ, ਨੰਗਲ ਰਹਿੰਦਿਆਂ ਹੀ 1959 ਵਿਚ ਕੈਲਾਸ਼ ਕੌਰ ਨਾਲ ਵਿਆਹ ਹੋਇਆ ਤੇ 1959 ਵਿਚ ਹੀ ਨਵਾਂ ਨਾਟਕ ‘ਘੁੰਮਣਘੇਰੀ’ ਭਾ’ਜੀ ਨੇ ਲਿਖਿਆ, ਖੇਡਿਆ ਤੇ ਨੰਗਲ ਵਿਚ ਨਾਟਕੀ ਸਰਗਰਮੀਆਂ ਦੀ ਲਗਾਤਾਰਤਾ ਜਾਰੀ ਰੱਖੀ। ਨੰਗਲ ਵਿਚ ‘ਸਟਾਫ਼ ਡਰਾਮਾਟਿਕ ਕਲੱਬ ਨੰਗਲ’ ਦੀ ਸਥਾਪਨਾ ਕੀਤੀ। ਸ੍ਰੀਮਤੀ ਕੈਲਾਸ਼ ਕੌਰ ਨੇ ਵਿਆਹ ਤੋਂ ਕੁਝ ਦੇਰ ਬਾਅਦ ਹੀ ਗੁਰਸ਼ਰਨ ਸਿੰਘ ਦੇ ਨਾਟਕਾਂ ਵਿਚ ਭੂਮਿਕਾਵਾਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੰਗਲ ਤੋਂ ਜੋਗਿੰਦਰ ਨਗਰ ਹਿਮਾਚਲ ਪ੍ਰਦੇਸ਼ ਬਦਲੀ ਹੋਣ ਤੋਂ ਬਾਅਦ 1962 ਵਿਚ ਅੰਮ੍ਰਿਤਸਰ ਵਿਖੇ ਬਦਲੀ ਹੋਣ ਤੋਂ ਬਾਅਦ, ਆਪਣੇ ਜੱਦੀ ਘਰ ‘ਗੁਰੂ ਖ਼ਾਲਸਾ ਨਿਵਾਸ’ ਵਿੱਚ ਰਿਹਾਇਸ਼ ਕੀਤੀ ਤੇ 1962 ਵਿਚ ਹੀ ‘ਅੰਮ੍ਰਿਤਸਰ ਨਾਟਕ ਕਲਾ ਕੇਂਦਰ’ ਦੀ ਸਥਾਪਨਾ ਕੀਤੀ। ਗੁਰਸ਼ਰਨ ਸਿੰਘ ਇਕੋ ਇਕ ਅਜਿਹਾ ਨਾਟਕਕਾਰ, ਨਿਰਦੇਸ਼ਕ ਤੇ ਅਦਾਕਾਰ ਹੈ ਜਿਸ ਨੇ ਈਸ਼ਵਰ ਚੰਦਰ ਨੰਦਾ ਤੋਂ ਲੈ ਕੇ ਅਜਮੇਰ ਔਲਖ ਤੱਕ ਸਾਰੇ ਪੰਜਾਬੀ ਨਾਟਕਕਾਰਾਂ ਦੇ ਨਾਟਕਾਂ ਨੂੰ ਆਪਣੇ ਨਾਟ-ਗਰੁੱਪ ਨਾਲ ਖੇਡਿਆ, ਵਿਦੇਸ਼ੀ ਨਾਟਕਾਂ ਦਾ ਅਨੁਵਾਦ ਵੀ ਕੀਤਾ ਤੇ ਖੇਡਿਆ ਵੀ; ਇਬਸਨ, ਗੋਰਕੀ, ਬੈਕਟ, ਓ ਨੀਲ ਤੋਂ ਇਲਾਵਾ ਹਿੰਦੀ ਦੇ ਕਈ ਨਾਟਕਕਾਰਾਂ ਦੇ ਨਾਟਕ ਅਨੁਵਾਦ ਕੀਤੇ ਤੇ ਖੇਡੇ। ਇਹ ਅਨੁਵਾਦ ਭਾਸ਼ਾ ਵਿਭਾਗ ਪੰਜਾਬ ਤੇ ਨੈਸ਼ਨਲ ਬੁੱਕ ਟਰੱਸਟ ਵੱਲੋਂ ਵੀ ਛਾਪੇ ਗਏ। ਜਦੋਂ ਅਸੀਂ ‘ਗੁਰਸ਼ਰਨ ਸਿੰਘ ਹੋਣ ਦੇ ਅਰਥ’ ਲੱਭਣੇ ਹੋਣ ਤਾਂ ਉਹਦੇ ਸਮਿਆਂ ਦੇ ਪੰਜਾਬ ਦੇ ਇਤਿਹਾਸ ਨੂੰ ਵੀ ਸਮਝਣਾ ਪਵੇਗਾ ਤੇ ਉਸ ਸਮੇਂ ਪੰਜਾਬ ਅੰਦਰ ਚਲੀਆਂ ਲਹਿਰਾਂ ਨੂੰ ਵੀ ਸਮਝਣਾ ਪਵੇਗਾ। ਉਸ ਨੇ 1962 ਤੋਂ 1968 ਤੱਕ ਅੰਮ੍ਰਿਤਸਰ ਦੇ ਓਪਨ ਏਅਰ ਥੀਏਟਰ ਗਾਂਧੀ ਗਰਾਊਂਡ ਵਿਚ ਨਾਟਕ ਸਰਗਰਮੀਆਂ ਕੀਤੀਆਂ। ਇਨ੍ਹਾਂ ਸਰਗਰਮੀਆਂ ਵਿਚ ਬਲਰਾਜ ਸਾਹਨੀ ਦੀ ਬੇਜੋੜ ਅਦਾਕਾਰੀ ਵਾਲਾ ਇਕ ਪਾਤਰੀ ਨਾਟਕ ‘ਉਪਰਲੀ ਮੰਜ਼ਿਲ’ ਵੀ ਹਿੱਸਾ ਬਣਿਆ। ਗੁਰਸ਼ਰਨ ਸਿੰਘ ਓਪਨ ਏਟਰ ਥੀਏਟਰ ਵਿਚ ਇਕ ਸਾਲ ਵਿਚ ਚਾਰ ਨਾਟਕ ਸਮਾਗਮ (ਕਦੀ ਜ਼ਿਆਦਾ ਵੀ) ਕਰਦੇ। ਦਰਸ਼ਕਾਂ ਕੋਲੋਂ ਇਕ ਸਾਲ ਦਾ ਚੰਦਾ ਦਸ ਰੁਪਏ ਲਿਆ ਜਾਂਦਾ ਤੇ ਨਾਟਕ ਸਮਾਗਮ ਦਾ ਕਾਰਡ ਡਾਕ ਰਾਹੀਂ ਜਾਂ ਹੱਥੀਂ ਮੈਂਬਰ ਦਰਸ਼ਕਾਂ ਤੱਕ ਪਹੁੰਚਾਇਆ ਜਾਂਦਾ। ਪਰ ਸਾਲ 1969 ਗੁਰਸ਼ਰਨ ਸਿੰਘ ਦੇ ਰੰਗਮੰਚ ਵਿਚ ਇਕ ਹੋਰ ਨਵਾਂ ਮੋੜ ਲੈ ਕੇ ਆਇਆ। ਇਹ ਸਾਲ ਬਾਬਾ ਨਾਨਕ ਜੀ ਦੇ 500 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸੀ। ਇਸ ਸਾਲ ਬਾਬਾ ਨਾਨਕ ਜੀ ਦੇ ਹੱਥੀਂ ਕਿਰਤ ਕਰਨ ਦੇ ਸਿਧਾਂਤ ਉੱਤੇ ਪਹਿਰਾ ਦਿੰਦਾ ਤੇ ਆਪਣੇ ਹੱਕਾਂ ਦੀ ਰਖਵਾਲੀ ਕਰਦਾ ਡਾ. ਗੁਰਦਿਆਲ ਸਿੰਘ ਫੁੱਲ ਦਾ ਨਾਟਕ ‘ਜਿਨ ਸੱਚ ਪਲੇ ਹੋਏ’ ਖੇਡਿਆ ਗਿਆ। ਇਸ ਨਾਟਕ ਰਾਹੀਂ ਗੁਰਸ਼ਰਨ ਸਿੰਘ ਨੇ ਪੰਜਾਬ ਦੇ ਪਿੰਡਾਂ ਵੱਲ ਰੁਖ਼ ਕੀਤਾ। ਇਸ ਨਾਟਕ ਰਾਹੀਂ ਗੁਰਸ਼ਰਨ ਸਿੰਘ ਨੇ ਮਹਿਸੂਸ ਕੀਤਾ ਕਿ ਨਾਟਕ ਦੇ ਅਸਲੀ ਦਰਸ਼ਕ ਤਾਂ ਪਿੰਡਾਂ ਵਿਚ ਨੇ ਜਿੱਥੇ ਹਜ਼ਾਰਾਂ ਦੀ ਤਦਾਦ ਵਿਚ ਲੋਕ ਅੱਧੀ-ਅੱਧੀ ਰਾਤ ਤੱਕ ਨਾਟਕ ਦੇਖਣ ਲਈ ਬੈਠੇ ਰਹਿੰਦੇ ਨੇ ਤੇ ਸ਼ਹਿਰਾਂ ਵਿਚ ਬਹੁਤ ਹੀ ਨਖਰਿਆਂ ਨਾਲ ਦਰਸ਼ਕ, ਆਡੀਟੋਰੀਅਮ ਤੱਕ ਪਹੁੰਚਦਾ ਹੈ। ਗੁਰਸ਼ਰਨ ਸਿੰਘ ਨੇ 1969 ਵਿਚ ਇਸੇ ਨਾਟਕ ਦੀ ਪੇਸ਼ਕਾਰੀ ਤੋਂ ਆਪਣੇ ਕਲਾਕਾਰਾਂ ਨੂੰ ਸ਼ੁਰੂ ਵਿਚ ਪ੍ਰਤੀ ਸ਼ੋਅ ਦਸ ਰੁਪਏ ਜੇਬ ਖਰਚ ਲਈ ਦੇਣੇ ਸ਼ੁਰੂ ਕੀਤੇ ਜੋ ਬਾਅਦ ਵਿਚ 15 ਰੁਪਏ ਤੇ ਫੇਰ 1978 ਤੱਕ 20 ਰੁਪਏ ਪ੍ਰਤੀ ਸ਼ੋਅ ਮਿਲਦੇ ਸਨ। ਫੇਰ 30, 35 ਤੇ 1988 ਤੱਕ 50 ਰੁਪਏ। ਗੁਰਸ਼ਰਨ ਸਿੰਘ ਦੀ ਪੈਸੇ ਪ੍ਰਤੀ ਇਮਾਨਦਾਰੀ ਬਹੁਤ ਵੱਡੀ ਉਦਾਹਰਣ ਹੈ, ਜੇਕਰ ਕਿਸੇ ਦਾ ਇਕ ਰੁਪਿਆ ਜਾਂ ਪੰਜਾਹ ਪੈਸੇ ਵੀ ਰਹਿ ਜਾਂਦੇ ਤਾਂ ਉਸ ਦੇ ਕੋਲ ਜਾ ਕੇ ਦੇ ਕੇ ਆਉਂਦੇ। ਜਦੋਂ ਭਾ’ਜੀ ਨੇ ਪ੍ਰਸਿੱਧ ਫ਼ਿਲਮ ਨਿਰਦੇਸ਼ਕ ਸਾਗਰ ਸਰਹੱਦੀ ਨਾਲ ਮਿਲ ਕੇ ਪੰਜਾਬੀ ਵਿਚ ਇਕ ਸਾਰਥਕ ਫ਼ਿਲਮ ‘ਹਾਣੀ’ ਬਣਾਉਣ ਦਾ ਆਗਾਜ਼ ਕੀਤਾ ਤਾਂ ਉਸ ਲਈ ਪੈਸੇ ਪੰਜਾਬ ਤੋਂ ਅਤੇ ਕੁਝ ਬਾਹਰ ਰਹਿੰਦੇ ਦੋਸਤਾਂ ਕੋਲੋਂ ਦਸ ਹਜ਼ਾਰ, ਦਸ ਹਜ਼ਾਰ ਜਾਂ ਵੱਧ ਵੀ ਇਕੱਠੇ ਕੀਤੇ ਗਏ। ਫ਼ਿਲਮ ਸ਼ੁਰੂ ਤਾਂ ਹੋਈ, ਪਰ ਬਣ ਨਾ ਸਕੀ। ਸਾਰੇ ਇਕੱਠੇ ਕੀਤੇ ਪੈਸੇ ਵੀ ਡੁੱਬ ਗਏ, ਪਰ ਇਹ ਗੁਰਸ਼ਰਨ ਭਾ’ਜੀ ਦੀ ਇਮਾਨਦਾਰੀ ਸੀ ਕਿ ਉਨ੍ਹਾਂ ਨੇ ਸਭ ਨੂੰ ਹੌਲੀ-ਹੌਲੀ ਪੈਸੇ ਵਾਪਸ ਕੀਤੇ। ਗੁਰਸ਼ਰਨ ਸਿੰਘ ਨੇ ਹਰ ਰਾਜਸੀ, ਸਿਆਸੀ ਵਰਤਾਰੇ ਦੀਆਂ ਚਾਲਾਂ ਨੂੰ ਨਾਟਕਾਂ ਰਾਹੀਂ ਵੰਗਾਰਿਆ ਤੇ ਲੋਕਾਈ ਦਾ ਸਾਥ ਦਿੱਤਾ। ਇਸੇ ਲਈ ਐਮਰਜੈਂਸੀ ਵੇਲੇ 1975 ਵਿਚ ਗੁਰਸ਼ਰਨ ਸਿੰਘ ਨੂੰ ਨਾਟਕ ‘ਤਖ਼ਤ ਲਹੌਰ’ ਅਤੇ ‘ਮਸ਼ਾਲ’ ਦੀ ਪੇਸ਼ਕਾਰੀ ਲਈ ਤਿੰਨ ਮਹੀਨੇ ਜੇਲ੍ਹ ਵਿੱਚ ਵੀ ਰਹਿਣਾ ਪਿਆ ਤੇ ਸਰਕਾਰੀ ਨੌਕਰੀ ਤੋਂ ਵੀ ਬਰਖ਼ਾਸਤ ਕਰ ਦਿੱਤਾ ਗਿਆ। ਉਸ ਵੇਲੇ ਗੁਰਸ਼ਰਨ ਸਿੰਘ ਦੀ ਟੀਮ ਵਿਚ ਕੰਮ ਕਰਦੇ ਕਹਿੰਦੇ-ਕਹਾਉਂਦੇ ਕਲਾਕਾਰ ਵੀ ਡਰ ਕੇ ਉਨ੍ਹਾਂ ਦਾ ਸਾਥ ਛੱਡ ਗਏ ਸਨ। ਇੱਥੋਂ ਤੱਕ ਕਿ ਉਨ੍ਹਾਂ ’ਚੋਂ ਕੋਈ ਭਾ’ਜੀ ਨੂੰ ਜੇਲ੍ਹ ਵਿਚ ਵੀ ਨਹੀਂ ਸੀ ਮਿਲਣ ਜਾਂਦਾ, ਸਿਰਫ਼ ਕੁਲਵੰਤ ਸਿੰਘ (ਲਾਈਟ ਐਂਡ ਸਾਊਂਡ ਵਾਲਾ) ਸ੍ਰੀਮਤੀ ਕੈਲਾਸ਼ ਕੌਰ ਨੂੰ ਸਕੂਟਰ ਉੱਤੇ ਨਾਲ ਲੈ ਕੇ ਜੇਲ੍ਹ ਵਿਚ ਭਾ’ਜੀ ਨੂੰ ਮਿਲਣ ਜਾਂਦਾ ਸੀ। ਵੈਸੇ ਭਾ’ਜੀ ਨੇ ਕਦੇ ਵੀ ਇਸ ਗੱਲ ਦਾ ਕੋਈ ਗਿਲਾ ਨਹੀਂ ਸੀ ਕੀਤਾ।

ਇਸੇ ਲਈ ਭਾ’ਜੀ ਨੇ ਜੇਲ੍ਹ ਤੋਂ ਬਾਹਰ ਆ ਕੇ ਫਿਰ ਨਵੇਂ ਕਲਾਕਾਰਾਂ ਨਾਲ ਨਵੀਂ ਟੀਮ ਤਿਆਰ ਕੀਤੀ ਤੇ ਅੰਮ੍ਰਿਤਸਰ ਸਕੂਲ ਆਫ਼ ਡਰਾਮਾ ਦੀ ਸਥਾਪਨਾ ਕੀਤੀ। ਫਿਰ ਤੋਂ ਪਿੰਡਾਂ ਵੱਲ ਰੁਖ਼ ਕੀਤਾ ਤੇ ਸੈਂਕੜੇ ਸ਼ੋਅ ਅਨਿਆਂ ਤੇ ਸਮਾਜਿਕ ਨਾਬਰਾਬਰੀ ਵਿਰੁੱਧ ਕੀਤੇ। ਕੇਂਦਰ ਸਰਕਾਰ ਬਦਲਣ ’ਤੇ ਨੌਕਰੀ ਫਿਰ ਬਹਾਲ ਹੋ ਗਈ। ਭਾ’ਜੀ ਨੇ 1978 ਵਿਚ ਹਿੰਦੋਸਤਾਨ ਦੇ ਪ੍ਰਸਿੱਧ ਨਾਟਕ ਨਿਰਦੇਸ਼ਕ ਤੇ ਡਿਜ਼ਾਈਨਰ ਬੰਸੀ ਕੌਲ ਨੂੰ ਬੁਲਾ ਕੇ ਥੀਏਟਰ ਵਰਕਸ਼ਾਪ ਅੰਮ੍ਰਿਤਸਰ ਵਾਲੇ ਘਰ ਵਿਚ ਲਗਵਾਈ ਤੇ ਭਾ’ਜੀ ਦਾ ਲਿਖਿਆ ਮਹਾਂਨਾਟਕ ‘ਧਮਕ ਨਗਾਰੇ ਦੀ’ ਬੰਸੀ ਕੌਲ ਦੀ ਨਿਰਦੇਸ਼ਨਾ ਵਿਚ ਤਿਆਰ ਹੋਇਆ। ਇਸ ਨਾਟਕ ਨੇ ਪੰਜਾਬੀ ਰੰਗਮੰਚ ਦੇ ਇਤਿਹਾਸ ਵਿਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ।

1978 ਵਿਚ ਹੀ ਪੰਜਾਬ ਸੰਕਟ ਤੇ ਅਤਿਵਾਦ ਦਾ ਇਕ ਨਵਾਂ ਦੌਰ ਸ਼ੁਰੂ ਹੁੰਦਾ ਹੈ। ਹੁਣ ਗੁਰਸ਼ਰਨ ਸਿੰਘ ਦੇ ਰੰਗਮੰਚ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ। 1980 ਦਾ ਬੱਸ ਕਿਰਾਇਆ ਘੋਲ ਚੱਲਦਾ ਹੈ ਤਾਂ ਗੁਰਰਸ਼ਰਨ ਸਿੰਘ ਨੌਕਰੀ ਤੋਂ ਅਸਤੀਫ਼ਾ ਦੇ ਕੇ ਅਗਾਊਂ ਸੇਵਾਮੁਕਤੀ ਲੈ ਕੇ ਆਪਣੀ ਬਾਕੀ ਜ਼ਿੰਦਗੀ ਨੂੰ ਰੰਗਮੰਚ ਦੇ ਲੇਖੇ ਲਾ ਦਿੰਦਾ ਹੈ। ਹੁਣ ਗੁਰਸ਼ਰਨ ਸਿੰਘ ਪੰਜਾਬ ਸਮੱਸਿਆ ਬਾਰੇ ਸ਼ਰੇਆਮ ਦੋਸ਼ੀ ਧਿਰਾਂ ਦੇ ਨਾਮ ਲੈ ਕੇ ਨਾਟਕ ਖੇਡਦਾ ਹੈ। ਉਹ ਕਿਸੇ ਸਰਕਾਰ ਕੋਲੋਂ ਨਹੀਂ ਡਰਦਾ ਸਗੋਂ ਸਰਕਾਰਾਂ ਉਹਦੇ ਨਾਟਕਾਂ ਤੋਂ ਡਰਦੀਆਂ ਨੇ। ਉਹ ਖ਼ੁਦ ਗਰਜਵੀਂ ਤੇ ਬੁਲੰਦ ਆਵਾਜ਼ ਵਾਲਾ ਬਿਹਤਰੀਨ ਅਦਾਕਾਰ, ਬੁਲੰਦ ਹੌਸਲੇ ਨਾਲ ਵਰ੍ਹਦੀਆਂ ਗੋਲੀਆਂ, ਹਨੇਰੀਆਂ ਗਲੀਆਂ ਵਿਚ ‘ਛੱਟਾ ਚਾਨਣਾਂ ਦਾ’ ਦੇਈ ਜਾਂਦਾ। ਉਹ ਹਰ ਦੋਸ਼ੀ ਧਿਰ ਉੱਤੇ ਇਲਜ਼ਾਮ ਦੀ ਉਂਗਲ ਆਪਣੇ ਨਾਟਕਾਂ ਰਾਹੀਂ ਰੱਖਦਾ। ਇਸ ਤਰ੍ਹਾਂ ਉਹ ਕੌਮਾਂਤਰੀ ਪੱਧਰ ’ਤੇ ਦੁਨੀਆਂ ਦੇ ਬਿਹਤਰੀਨ ਇਨਕਲਾਬੀ ਨਾਟਕਕਾਰਾਂ ਦੇ ਹਾਣ ਦਾ ਬਣ ਜਾਂਦਾ ਹੈ। ਨਾਟਕਾਂ ਅੰਦਰਲੇ ਪਾਤਰਾਂ ਵਿਚਲੇ ਵਾਰਤਾਲਾਪ ਅੰਦਰਲੀ ਤਨਜ਼, ਸੰਜੀਦਗੀ, ਡਰਾਮੈਟਿਕ ਰਵਾਨੀ ਤੇ ਸਿਖਰ ਤੇ ਇੱਛਤ ਯਥਾਰਥ ਉਸ ਦੀਆਂ ਪੇਸ਼ਕਾਰੀਆਂ ਦਾ ਹਾਸਿਲ ਬਣਦੇ ਹਨ। ਉਹ ਥੜ੍ਹਾ ਰੰਗਮੰਚ ਸ਼ੈਲੀ ਤੋਂ ‘ਪੇਂਡੂ ਰੰਗਮੰਚ ਸ਼ੈਲੀ’ ਤੇ ਫੇਰ ਨੁੱਕੜ ਨਾਟਕ ਸ਼ੈਲੀ ਦੇ ਸਫ਼ਰ ਵੱਲ ਤੁਰਦਾ ਹੈ। 1982 ਤੋਂ 1988 ਤੱਕ ਹਿੰਦੋਸਤਾਨ ਦੀ ਸਿਰਮੌਰ ਜਨਵਾਦੀ ਰੰਗਮੰਚ ਸੰਸਥਾ ‘ਜਨ ਨਾਟਯ ਮੰਚ’ ਦਾ ਗੁਰਸ਼ਰਨ ਸਿੰਘ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ। ਉਸ ਦੀ ‘ਨੁੱਕੜ ਨਾਟਕ ਸ਼ੈਲੀ’ ਤੋਂ ਭੋਪਾਲ ਵਿਖੇ ਸਈਂ ਪਰਾਂਜਪੇ, ਬੀ.ਵੀ. ਕਾਰੰਥ ਤੇ ਪਰਲ, ਪਦਮਸੀ ਕਨਹਾਹੀ ਲਾਲ ਵਰਗੇ ਕਲਾਕਾਰ ਉਸ ਅੱਗੇ ਨਤਮਸਤਕ ਹੋ ਜਾਂਦੇ ਨੇ। ਇੱਥੇ ਹੀ ਨਿਸ਼ਾਤ ਨਾਟਕ ਮੰਚ ਦਿੱਲੀ ਦੇ ਸ਼ੁਮਸੁਲ ਇਸਲਾਮ ਤੇ ਨੀਲਿਮਾ ਉਸਨੂੰ ‘ਜਨ ਨਾਟਯ ਅੰਦੋਲਨ ਦਾ ਸਿਪਾਹਸਲਾਰ’ ਸਨਮਾਨ ਦੇਂਦੇ ਨੇ। ਜੇਕਰ ਉਹ ਟੈਲੀਵਿਜ਼ਨ ਦੀ ਦੁਨੀਆਂ ਵੱਲ ਜਾਂਦਾ ਹੈ ਤਾਂ ਉਸ ਦੀ ਅਦਾਕਾਰੀ ਸਦਕਾ ਬੱਚੇ-ਬੱਚੇ ਦੀ ਜ਼ੁਬਾਨ ’ਤੇ ‘ਭਾਈ ਮੰਨਾ ਸਿੰਘ’ ਦਾ ਨਾਮ ਚੜ੍ਹ ਜਾਂਦਾ ਹੈ। ਪੰਜਾਬ ਦੇ ਕਾਲੇ ਸਮਿਆਂ ਵਿਚ ਪ੍ਰੀਤਲੜੀ ਦੇ ਨੌਜਵਾਨ ਸੰਪਾਦਕ ਸੁਮੀਤ ਦੀ ਅਤਿਵਾਦੀਆਂ ਵੱਲੋਂ ਕੀਤੀ ਹੱਤਿਆ ਦੇ ਰੋਸ ਵਜੋਂ ਉਹ ਨਾਟਕ ‘ਹਿੱਟ ਲਿਸਟ’ ਖੇਡਦਾ ਹੈ। ਨੌਜਵਾਨ ਕਵੀ ਪਾਸ਼ ਦੀ ਹੱਤਿਆ ਤੇ ਉਹ ਨਾਟਕ ‘ਖੇਤਾਂ ਦਾ ਪੁੱਤ’ ਖੇਡ ਕੇ ਜਾਬਰਾਂ ਨੂੰ ਲਲਕਾਰਦਾ ਹੈ। ਮਜਬੂਰੀਵੱਸ, ਫੇਰ ਇਕ ਵਾਰ ਉਹ ਅੰਮ੍ਰਿਤਸਰੋਂ ਉੱਖੜ ਕੇ ਚੰਡੀਗੜ੍ਹ ਜਾ ਵਸਦਾ ਹੈ। ਇੱਥੇ ਚੰਡੀਗੜ੍ਹ ਸਕੂਲ ਆਫ਼ ਡਰਾਮਾ ਤੇ ਸੜਕ ਨਾਟਕ ਟੋਲੀ ਬਣਾ ਕੇ ਫੇਰ ਪੰਜਾਬ ਦੇ ਪਿੰਡਾਂ ਵਿਚ ਤੇ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਵਿਚ ਨਾਟਕ ਖੇਡਦਾ ਹੈ। ਸਕੂਟਰ ਤੋਂ ਡਿੱਗਣ ਕਰਕੇ ਉਸ ਦੀ ਲੱਤ ’ਤੇ ਪਲੱਸਤਰ ਲੱਗ ਜਾਂਦਾ ਹੈ , ਪਰ ਉਹ ਫੇਰ ਵੀ ਜਿੱਥੇ ਨਾਟਕ ਦੇ ਸ਼ੋਅ ਲਈ ਪਹੁੰਚਣਾ ਸੀ, ਉਥੇ ਪਲੱਸਤਰ ਲਗੀ ਲੱਤ ਨਾਲ ਪਹੁੰਚ ਜਾਂਦਾ ਹੈ, ਉਮਰ ਦੇ ਆਖਰੀ ਪੜਾਅ ਦੌਰਾਨ ਸ਼ੂਗਰ ਦੀ ਬਿਮਾਰੀ ਕਰਕੇ ਉਹ ਸਟੇਜ ’ਤੇ ਜਾ ਕੇ ਅਦਾਕਾਰੀ ਨਹੀਂ ਕਰ ਸਕਦਾ, ਪਰ ਵੀਲ੍ਹਚੇਅਰ ’ਤੇ ਬੈਠ ਕੇ ਦਰਸ਼ਕਾਂ ਵਿਚ ਬੈਠਾ ਜਾਂ ਸਟੇਜ ਦੀ ਸਾਈਡ ’ਤੇ ਬੈਠ ਕੇ ਮਾਈਕ ਵਿਚ ਡਾਇਲਾਗ ਬੋਲ ਦਿੰਦਾ ਹੈ। ਲੋਕਾਂ ਨੂੰ ਤਾਂ ਵੀ ਮਨਜ਼ੂਰ ਹੈ ਕਿਉਂਕਿ ਉਸ ਨੇ ਆਪਣੀ ਸੱਚੀ-ਸੁੱਚੀ ਸ਼ਖ਼ਸੀਅਤ ਨੂੰ ਉਸ ਬੁਲੰਦੀ ਤੱਕ ਲਿਆਂਦਾ ਕਿ ਦਰਸ਼ਕ ਉਸ ਦੀ ਆਵਾਜ਼ ਨੂੰ ਉਸ ਦੀ ਹੋਂਦ ਨੂੰ ਕਿਸੇ ਵੀ ਰੂਪ ਵਿਚ ਸਵੀਕਾਰ ਕਰਦੇ। ਉਸਨੂੰ ਸਮਾਜ ਦੇ ਹਰ ਵਰਗ ਦਾ ਫ਼ਿਕਰ ਰਹਿੰਦਾ। ਇਸੇ ਲਈ ਉਹ ਲੋਕ ਪੱਖੀ ਸਭਿਆਚਾਰ ਨਾਲ ਜੁੜੀਆਂ ਧਿਰਾਂ ਨੂੰ 1982 ਵਿਚ ‘ਪੰਜਾਬ ਲੋਕ ਸਭਿਆਚਾਰਕ ਮੰਚ’ (ਪਲਸ ਮੰਚ) ਦੇ ਬੈਨਰ ਹੇਠ ਇਕੱਠਿਆਂ ਕਰਨ ਵਿਚ ਕਾਮਯਾਬ ਹੋ ਜਾਂਦਾ ਹੈ ਤਾਂ ਜੋ ਲੋਕ ਦੋਖੀ ਤਾਕਤਾਂ ਨੂੰ ਇਕ ਪਲੇਟਫਾਰਮ ਤੋਂ ਨਾਟਕਾਂ, ਗੀਤਾਂ ਰਾਹੀਂ ਵੰਗਾਰਿਆ ਜਾ ਸਕੇ। ਦੂਜੇ ਪਾਸੇ ਉਹ ਪੰਜਾਬ ਦੀਆਂ ਸਾਰੀਆਂ ਖੱਬੇ ਪੱਖੀ ਧਿਰਾਂ ਨੂੰ ‘ਇਨਕਲਾਬੀ ਏਕਤਾ ਕੇਂਦਰ’ ਰਾਹੀਂ ਵੀ ਇਕੱਠਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਇੱਥੇ ਉਸ ਨੂੰ ਕਾਮਯਾਬੀ ਨਹੀਂ ਮਿਲਦੀ। ਉਹ ਲੋਕਾਂ ਨੂੰ ਜਾਗਣ ਦਾ ਹੋਕਾ ਦੇਣ ਲਈ ਐਕਸ਼ਨ ਗੀਤਾਂ ਵਰਗੀ ਨਵੀਂ ਵਿਧਾ ਨੂੰ ਜਨਮ ਦਿੰਦਾ ਹੈ। ਗੰਦੇ ਗੀਤਾਂ ਦੇ ਬਦਲ ਵਜੋਂ ਇਨਕਲਾਬੀ ਤੇ ਉਸਾਰੂ ਸੋਚ ਵਾਲੇ ਗੀਤਾਂ ਦੀਆਂ ਕੈਸੇਟਾਂ ਤਿਆਰ ਕਰਵਾਉਂਦਾ ਹੈ, ਬੱਸਾਂ ਵਿਚ ਚੱਲਦੇ ਅਸ਼ਲੀਲ ਗੀਤਾਂ ਦੀ ਜਗ੍ਹਾ ਡਰਾਈਵਰਾਂ ਨੂੰ ਚੰਗੇ ਗੀਤਾਂ ਦੀਆਂ ਕੈਸੇਟਾਂ ਵੰਡਦਾ ਹੈ। ਹਰ ਨਾਟਕ ਪ੍ਰੋਗਰਾਮ ਤੋਂ ਬਾਅਦ ਚੰਗੇ ਸਾਹਿਤ ਦੀਆਂ ਆਪ ਛਾਪੀਆਂ, ਲਾਗਤ ਕੀਮਤ ’ਤੇ ਕਿਤਾਬਾਂ ਦਾ ਸਟਾਲ ਲਗਾਉਂਦਾ ਹੈ, ਲੋਕਾਂ ਵਿਚ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਦਾ ਹੈ। ਉਹ ਪੰਜਾਬ, ਪੰਜਾਬੀਅਤ ਤੇ ਸਮਾਜਿਕ ਬਰਾਬਰੀ ਲਈ ਪ੍ਰਤੀਬੱਧਤਾ ਆਪਣੇ ਨਾਟਕਾਂ ਰਾਹੀਂ ਨਿਭਾਉਂਦਾ ਹੈ। ਉਹ ਦਲਿਤਾਂ ਦੇ ਵਿਹੜਿਆਂ ਵਿਚ ਨਾਟਕ ਖੇਡਦਾ। ਜੇਕਰ ਕਿਸੇ ਨਾਟਕ ਸਮਾਗਮ ਵਿਚ ਦਰਸ਼ਕਾਂ ਵਿੱਚ ਔਰਤਾਂ ਦੀ ਸ਼ਮੂਲੀਅਤ ਨਾ ਹੁੰਦੀ ਤਾਂ ਉਹ ਨਾਟਕ ਨਾ ਖੇਡਦਾ, ਆਪ ਘਰਾਂ ’ਚੋਂ ਜਾ ਕੇ ਬੀਬੀਆਂ ਭੈਣਾਂ ਨੂੰ ਨਾਟਕ ਦੇਖਣ ਲਈ ਪ੍ਰੇਰਦਾ। ਉਸ ਦੇ ਨਾਟਕ ਪਰਿਵਾਰ ਵਿਚ ਬੈਠ ਕੇ ਦੇਖਣ ਵਾਲੇ ਤੇ ਔਰਤਾਂ ਦੇ ਹੱਕਾਂ ਦੀ ਗੱਲ ਕਰਦੇ। ਉਸ ਨੇ ਕਦੇ ਵੀ ਕਿਸੇ ਕਿਸਮ ਦੀ ਗਾਲ੍ਹ ਨਹੀਂ ਸੀ ਕੱਢੀ, ਹਮੇਸ਼ਾਂ ਗਾਲ੍ਹਾਂ ਦੇ ਖ਼ਿਲਾਫ਼ ਗੱਲ ਕੀਤੀ। ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਸਰਟੀਫਿਕੇਟ ’ਤੇ ਸਿਰਫ਼ ਬਾਪ ਦਾ ਨਾਮ ਹੀ ਲਿਖਿਆ ਜਾਂਦਾ ਸੀ ਤਾਂ ਉਸ ਨੇ ਸਿੱਖਿਆ ਬੋਰਡ ਦੇ ਦਫ਼ਤਰ ਦੇ ਬਾਹਰ ਆਪਣੇ ਨਾਟਕਾਂ ਰਾਹੀਂ ਮਾਂ ਦੇ ਨਾਮ ਦੀ ਮਹੱਤਤਾ ਬਿਆਨ ਕੀਤੀ ਤਾਂ ਫੇਰ ਅਧਿਕਾਰੀਆਂ ਨੇ ਸਰਟੀਫਿਕੇਟ ’ਤੇ ਬਾਪ ਦੇ ਨਾਲ ਮਾਂ ਦਾ ਨਾਮ ਵੀ ਸ਼ਾਮਿਲ ਕੀਤਾ। ਲੁਧਿਆਣੇ ਦੇ ਰੇਲਵੇ ਪੁਲ ਉੱਤੇ ਜਦੋਂ ਸ਼ਹੀਦ ਭਗਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਗਿਆ ਤਾਂ ਉਸ ਨੇ ਉਸ ਬੁੱਤ ਲਾਗੇ ਨਾਟਕ ਖੇਡਿਆ ‘ਇਕਲਾਬ ਸਾਡੀ ਮੰਜ਼ਿਲ ਹੈ’। ਇਸ ਨਾਟਕ ਰਾਹੀਂ ਉਸ ਨੇ ਭਗਤ ਸਿੰਘ ਦੇ ਰੂਪ ਵਿਚ ਪਾਤਰ ਰਾਹੀਂ ਕਿਹਾ ਕਿ ‘ਜਾਂ ਤਾਂ ਮੇਰਾ ਬੁੱਤ ਵੀ ਇੱਥੋਂ ਲਾਹ ਦਿਓ, ਨਹੀਂ ਤੇ ਮੇਰੇ ਨਾਲ ਰਾਜਗੁਰੂ, ਸੁਖਦੇਵ ਦਾ ਵੀ ਬੁੱਤ ਲਗਾਇਆ ਜਾਵੇ, ਫੇਰ ਪ੍ਰਸ਼ਾਸਨ ਨੇ ਸ਼ਹੀਦ ਰਾਜਗੁਰੂ, ਸੁਖਦੇਵ ਤੇ ਭਗਤ ਸਿੰਘ ਦੇ ਬੁੱਤ ਉੱਥੇ ਹੀ ਇਕੋ ਜਗ੍ਹਾ ਲਗਾਏ। ਉਸ ਦੇ ਨਾਟਕ ਸਮਿਆਂ ਦੀ ਆਵਾਜ਼ ਬਣਦੇ ਰਹੇ ਤੇ ਬਣਦੇ ਰਹਿਣਗੇ। ਬੇਸ਼ੱਕ ਉਸਦੇ ਨਾਟਕਾਂ ਤੇ ਪੀਐੱਚ.ਡੀ. ਤੇ ਐਮ.ਫ਼ਿਲ. ਦੇ ਥੀਸਿਸ ਹੋਏ, ਪਰ ਫੇਰ ਵੀ ਕਈ ਵਾਰੀ ਕੁਝ ਲੋਕ ਸਵਾਲ ਕਰਦੇ ਨੇ ਕਿ ਗੁਰਸ਼ਰਨ ਸਿੰਘ ਦੇ ਨਾਟਕ ਯੂਨੀਵਰਸਿਟੀਆਂ ਦੇ ਸਿਲੇਬਸ ਵਿਚ ਕਿਉਂ ਨਹੀਂ ਲਗਾਏ ਜਾਂਦੇ, ਕੀ ਇਹ ਨਾਟਕ ਉਨ੍ਹਾਂ ਯੂਨੀਵਰਸਿਟੀਆਂ ਦੇ ਹਾਣ ਦੇ ਨਹੀਂ? ਦਰਅਸਲ, ਗੱਲ ਇਹ ਹੈ ਕਿ ਇਹ ਯੂਨੀਵਰਸਿਟੀਆਂ ਉਸ ਦੇ ਨਾਟਕਾਂ ਦੇ ਹਾਣ ਦੀਆਂ ਨਹੀਂ। ਕਿਉਂਕਿ ਉਸ ਦੇ ਨਾਟਕ ਤਾਂ ਲੋਕਾਈ ਦੀ ਯੂਨੀਵਰਸਿਟੀ ਵਿੱਚ ਲੱਗੇ ਨੇ ਤੇ ਹਰ ਰੋਜ਼ ਕਿਤੇ ਨਾ ਕਿਤੇ ਖੇਡੇ ਜਾ ਰਹੇ ਨੇ। ਉਹ ਪੰਜਾਬ ਦਾ ਇੱਕੋ ਇਕ ਵੱਡਾ ਨਾਟਕਕਾਰ ਹੈ ਜਿਸ ਦੇ ਨਾਟਕ ਭਾਰਤ ਦੀਆਂ 15 ਤੋਂ ਵੱਧ ਭਾਸ਼ਾਵਾਂ ਵਿਚ ਅਨੁਵਾਦ ਹੋਏ ਤੇ ਖੇਡੇ ਗਏ ਨੇ। ਉਸ ਦੀ ਕਲਾ ਨੂੰ ਪਿਆਰ ਕਰਨ ਵਾਲੇ ਤੇ ਪ੍ਰਸ਼ੰਸਕ ਦੁਨੀਆਂ ਦੇ ਹਰ ਕੋਨੇ ਵਿਚ ਮਿਲ ਜਾਂਦੇ ਨੇ। ਸਿੱਖ ਇਤਿਹਾਸ ਬਾਰੇ ਉਸ ਨੇ ਸਭ ਤੋਂ ਵੱਧ ਨਾਟਕ ਲਿਖੇ ਵੀ ਤੇ ਖੇਡੇ ਵੀ। ਉਹ ਬਾਬਾ ਨਾਟਕ, ਗੁਰੂ ਗੋਬਿੰਦ ਸਿੰਘ ਜੀ ਤੇ ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਸੀ। ਉਸ ਨੇ ਪੰਜਾਹ ਸਾਲ ਤੋਂ ਵੱਧ ਪੰਜਾਬੀ ਰੰਗਮੰਚ ਤੇ ਪੰਜਾਬੀ ਲੋਕਾਂ ਦੇ ਦਿਲਾਂ ’ਤੇ ਰਾਜ ਕੀਤਾ। ਉਸ ਦੇ ਲਿਖੇ ਹੋਏ ਨਾਟਕਾਂ ਦੀ ਗਿਣਤੀ 200 ਦੇ ਕਰੀਬ ਹੈ।

ਏਸ਼ੀਆ ਦੇ ਸਭ ਤੋਂ ਵੱਡੇ ਰੰਗਮੰਚ ਅਦਾਰੇ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਪੰਜਾਹ ਸਾਲ ਪੂਰੇ ਹੋਏ ਤਾਂ ਉਸ ਨੂੰ ਐਨ.ਐੱਸ.ਡੀ. ਵਿਖੇ ਅੰਤਰਰਾਸ਼ਟਰੀ ਨਾਟਕ ਮੇਲੇ ਦੌਰਾਨ ਖ਼ਾਸ ਤੌਰ ’ਤੇ ਨਾਟਕ ਕਰਨ ਲਈ ਸੱਦਾ ਦਿੱਤਾ ਗਿਆ। ਉਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਵੱਲੋਂ ਬੁਲਾ ਕੇ ਵਿਦਿਆਰਥੀਆਂ ਨਾਲ ਨਾਟਕ ‘ਨਾਇਕ’ ਤਿਆਰ ਰਕਰਵਾਇਆ ਗਿਆ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਇੰਡੀਅਨ ਥੀਏਟਰ ਵਿਭਾਗ ਵੱਲੋਂ ਸੱਦਾ ਦੇ ਕੇ ਉਸ ਕੋਲੋਂ ਨਾਟਕ ‘ਅੱਗ’ ਤਿਆਰ ਕਰਵਾਇਆ ਗਿਆ। ਉਸ ਦੇ ਫ਼ਿਕਰਾਂ ਦੀ ਬਾਂਹ ਫੜਨ ਵਾਲੇ ਉਸ ਦੇ ਆਪਣਿਆਂ ਨੇ ਉਸ ਦੇ ਨਾਮ ਉੱਤੇ ਗੁਰਸ਼ਰਨ ਕਲਾ ਭਵਨ ਮੁੱਲਾਂਪੁਰ, ਭਾ’ਜੀ ਗੁਰਸ਼ਰਨ ਸਿੰਘ ਓਪਨ ਏਅਰ ਥੀਏਟਰ ਵਿਰਸਾ ਵਿਹਾਰ ਅੰਮ੍ਰਿਤਸਰ, ਗੁਰਸ਼ਰਨ ਸਿੰਘ ਰੰਗਮੰਚ ਸਦਨ, ਗੁਰਸ਼ਰਨ ਸਿੰਘ ਨਾਟ ਉਤਸਵ ਅਤੇ ‘ਗੁਰਸ਼ਰਨ ਸਿੰਘ ਦੇ ਲਿਖੇ 170 ਨਾਟਕਾਂ ਅਤੇ ਜੀਵਨੀ ਨੂੰ ਅੱਠ ਕਿਤਾਬਾਂ ਦੇ ਰੂਪ ਵਿਚ ਸਾਂਭਿਆ ਵੀ ਹੈ।

‘ਗੁਰਸ਼ਰਨ ਸਿੰਘ ਹੋਣ ਦੇ ਅਰਥ’ ਕਿਤੇ ਕਿਤਾਬਾਂ, ਰਸਾਲਿਆਂ ਤੇ ਸਿਲੇਬਸਾਂ ਵਿਚ ਲੁਕੇ ਹੋਏ ਨਹੀਂ ਸਗੋਂ ਗੁਰਸ਼ਰਨ ਸਿੰਘ ਹੋਣ ਦੇ ਅਰਥ ਉਦੋਂ ਪਤਾ ਲੱਗਦੇ ਨੇ ਜਦੋਂ ਦਸ-ਦਸ ਹਜ਼ਾਰ ਦਰਸ਼ਕਾਂ ਦੀ ਹਾਜ਼ਰੀ ਵਿਚ ਉਸ ਦੇ ਨਾਟਕਾਂ ਨੂੰ ਸਲਾਮ ਕਿਹਾ ਜਾਂਦਾ ਹੈ। ਜਦੋਂ ਸਿਰਫ਼ ਇਨਕਲਾਬੀ ਨਿਹਚਾ ਪੁਰਸਕਾਰ ਸਮਾਗਮ ਵਿਚ ਪੰਝੀ ਹਜ਼ਾਰ ਤੋਂ ਵੱਧ ਲੋਕ ਉਸ ਨੂੰ ਸਨਮਾਨ ਦਿੰਦੇ ਹੋਏ ਸਲਾਮ ਕਰਦੇ ਨੇ। ਇਸ ਲਈ ਅਸੀਂ ਅੱਜ ਉਸ ਦੀ ਬਰਸੀ ਮੌਕੇ ਉਸ ਨੂੰ ਯਾਦ ਵੀ ਕਰਦੇ ਆਂ ਤੇ ਉਸ ਦੀ ਨਾਟਕਕਾਰੀ ਨੂੰ ਸਲਾਮ ਕਰਦੇ ਹੋਏ ਆਪਣੀ ਰੰਗਮੰਚ ਸ਼ੈਲੀ ਰਾਹੀਂ ਉਸਦੇ ਫ਼ਿਕਰਾਂ ਦੀ ਬਾਂਹ ਵੀ ਫੜਦੇ ਹਾਂ।

ਸੰਪਰਕ: 98142-99422

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All