ਮੈਕਸਿਮ ਗੋਰਕੀ ਦਾ ਆਖ਼ਰੀ ਮਹਾਕਾਵਿਕ ਨਾਵਲ : The Tribune India

ਮੈਕਸਿਮ ਗੋਰਕੀ ਦਾ ਆਖ਼ਰੀ ਮਹਾਕਾਵਿਕ ਨਾਵਲ

ਮੈਕਸਿਮ ਗੋਰਕੀ ਦਾ ਆਖ਼ਰੀ ਮਹਾਕਾਵਿਕ ਨਾਵਲ

ਰਾਜਵਿੰਦਰ ਸਿੰਘ ਰਾਹੀ

ਰੂਸੀ ਲੇਖਕ ਮੈਕਸਿਮ ਗੋਰਕੀ ਬਾਰੇ ਸਾਹਿਤ ਆਲੋਚਕਾਂ/ਚਿੰਤਕਾਂ ਦਾ ਕਹਿਣਾ ਹੈ ਕਿ ਉਹ ਮਨੁੱਖ ਨਹੀਂ, ਮਹਾਮਾਨਵ ਸੀ। ਗੋਰਕੀ ਵੱਲੋਂ ਲਿਖੇ ਸਾਹਿਤ ’ਤੇ ਨਜ਼ਰ ਮਾਰਦਿਆਂ ਇਹ ਤਸ਼ਬੀਹ ਉਸ ’ਤੇ ਇੰਨ-ਬਿੰਨ ਢੁੱਕਦੀ ਜਾਪਦੀ ਹੈ। ਉਸ ਨੇ ਨਾਵਲ, ਨਾਟਕ, ਕਹਾਣੀਆਂ, ਸਵੈਜੀਵਨੀ, ਸਾਹਿਤਕ ਲੇਖਾਂ ਸਮੇਤ ਹਰ ਵਿਧਾ ਵਿੱਚ ਢੇਰਾਂ ਦੇ ਢੇਰ ਲਿਖਿਆ ਹੈ। ਜੇਕਰ ਉਸ ਦੀਆਂ ਚਿੱਠੀਆਂ ਨੂੰ ਵੀ ਇਸ ਵਿੱਚ ਸ਼ਾਮਲ ਕਰ ਲਿਆ ਜਾਵੇ ਤਾਂ ਉਨ੍ਹਾਂ ਦਾ ਸਾਹਿਤਕ ਮੁੱਲ ਵੀ ਉੱਚੇ ਦਰਜੇ ਦਾ ਹੈ। ਪੰਜਾਬੀ ਸਾਹਿਤਕ ਸੰਸਾਰ ’ਚ ਗੋਰਕੀ ਮੁੱਖ ਤੌਰ ’ਤੇ ਕਮਿਊਨਿਸਟਾਂ ਰਾਹੀਂ ਦਾਖ਼ਲ ਹੋਇਆ ਹੈ। ਵੈਸੇ 1940 ਦੇ ਕਰੀਬ ਸਭ ਤੋਂ ਪਹਿਲਾਂ ਨਰਿੰਦਰ ਸਿੰਘ ਸੋਚ ਨੇ ਗੋਰਕੀ ਦੇ ਸੰਸਾਰ ਪ੍ਰਸਿੱਧ ਨਾਵਲ ‘ਮਾਂ’ ਦਾ ਪੰਜਾਬੀ ਅਨੁਵਾਦ ਕਰ ਕੇ ‘ਮਜ਼ਦੂਰ’ ਸਿਰਲੇਖ ਹੇਠ ਛਾਪਿਆ ਸੀ। ਬਾਅਦ ’ਚ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ 1960 ’ਚ ‘ਮਾਂ’ ਦਾ ਪੰਜਾਬੀ ਅਨੁਵਾਦ ਕਰ ਕੇ ਇਸੇ ਨਾਂ ਹੇਠ ਆਪਣੀ ਪ੍ਰੀਤ ਬੁੱਕ ਸ਼ਾਪ ਰਾਹੀਂ ਛਾਪਿਆ। ਉਸ ਤੋਂ ਬਾਅਦ ਦਿੱਲੀ ਵਾਲੇ ਭਾਪਾ ਪ੍ਰੀਤਮ ਸਿੰਘ ਨੇ ਗੋਰਕੀ ਦੀਆਂ ਰਚਨਾਵਾਂ ਨੂੰ ਛਾਪਣਾ ਸ਼ੁਰੂ ਕੀਤਾ। ਉਨ੍ਹਾਂ ਨੇ 1961 ਵਿੱਚ ਆਪਣਾ ‘ਪ੍ਰਦੇਸੀ ਸਾਹਿਤ ਪ੍ਰਕਾਸ਼ਨ’ ਸ਼ੁਰੂ ਕੀਤਾ ਤਾਂ ਗੋਰਕੀ ਦੀ ਸਵੈ-ਜੀਵਨੀ ਦਾ ਪਹਿਲਾ ਭਾਗ ‘ਮੇਰਾ ਬਚਪਨ’ ਛਾਪਿਆ ਜਿਸ ਦਾ ਅਨੁਵਾਦ ਗੁਰਦਿਆਲ ਸਿੰਘ ਨੇ ਕੀਤਾ ਸੀ ਜੋ ਬਾਅਦ ਵਿੱਚ ਨਾਵਲਕਾਰ ਵਜੋਂ ਪ੍ਰਸਿੱਧ ਹੋਏ। ਬਾਅਦ ਵਿੱਚ ਭਾਪਾ ਜੀ ਨੇ ਪ੍ਰਦੇਸੀ ਸਾਹਿਤ ਪ੍ਰਕਾਸ਼ਨ ਨੂੰ ਨਵਯੁਗ ਪਬਲਿਸ਼ਰਜ ਵਿੱਚ ਤਬਦੀਲ ਕਰ ਲਿਆ ਤਾਂ ਉਨ੍ਹਾਂ ਨੇ ਗੋਰਕੀ ਦੀ ਸਵੈ-ਜੀਵਨੀ ਦੇ ਬਾਕੀ ਦੋਵੇਂ ਭਾਗ ‘ਮੇਰੇ ਸ਼ਾਗਿਰਦੀ ਦੇ ਦਿਨ’ ਅਤੇ ‘ਮੇਰੇ ਵਿਸ਼ਵ ਵਿਦਿਆਲੇ’ ਵੀ ਛਾਪ ਦਿੱਤੇ ਜਿਨ੍ਹਾਂ ਦੇ ਅਨੁਵਾਦ ਦਰਸ਼ਨ ਸਿੰਘ ਅਤੇ ਡਾ. ਹਰਿਭਜਨ ਸਿੰਘ ਨੇ ਕੀਤੇ ਸਨ। ਇਹ ਸਿਹਰਾ ਵੀ ਭਾਪਾ ਜੀ ਨੂੰ ਹੀ ਜਾਂਦਾ ਹੈ ਕਿ ਉਨ੍ਹਾਂ ਨੇ ਬਾਅਦ ’ਚ ਗੋਰਕੀ ਦਾ ਨਾਵਲ ‘ਤਿੰਨ ਜਣੇ’ (ਅਨੁਵਾਦ ਡਾ. ਹਰਿਭਜਨ ਸਿੰਘ), ਸਾਹਿਤਕ ਲੇਖਾਂ ਦੀ ਪੁਸਤਕ ‘ਜੀਵਨ ਤੇ ਸਾਹਿਤ’ (ਅਨੁਵਾਦ: ਗੁਲਜ਼ਾਰ ਸਿੰਘ ਸੰਧੂ), ‘ਇਟਲੀ ਦੀਆਂ ਕਹਾਣੀਆਂ’ (ਅਨੁਵਾਦ: ਸੁਖਬੀਰ), ‘ਗੋਰਕੀ ਦੇ ਖ਼ਤ’ ਅਤੇ ਗੋਰਕੀ ਦੇ ਚਾਰ ਨਾਟਕ ਵੀ ਛਾਪੇ ਸਨ। ਗੋਰਕੀ ਦਾ ਗੁਰਬਖਸ਼ ਸਿੰਘ ਪ੍ਰੀਤ ਲੜੀ ਵੱਲੋਂ ਅਨੁਵਾਦ ਕੀਤਾ ਗਿਆ ਨਾਵਲ ‘ਮਾਂ’ ਦੁਬਾਰਾ 44 ਵਰ੍ਹਿਆਂ ਬਾਅਦ 2014 ’ਚ ਭਾਪਾ ਪ੍ਰੀਤਮ ਸਿੰਘ ਦੀ ਬੇਟੀ ਰੇਣੁਕਾ ਸਿੰਘ ਨੇ ਨਵਯੁਗ ਪਬਲਿਸ਼ਰਜ ਵੱਲੋਂ ਛਾਪਿਆ (ਮਾਰਚ 2005 ’ਚ ਭਾਪਾ ਜੀ ਦੀ ਮੌਤ ਹੋ ਗਈ ਸੀ)। ਇਸ ਤੋਂ ਪਹਿਲਾਂ ‘ਮਾਂ’ ਨਾਵਲ ਨੂੰ ਪ੍ਰਗਤੀ ਪ੍ਰਕਾਸ਼ਨ ਮਾਸਕੋ ਵਾਲਿਆਂ ਨੇ 1978 ’ਚ ਛਾਪ ਦਿੱਤਾ ਸੀ, ਅਨੁਵਾਦ ਪ੍ਰੀਤਮ ਸਿੰਘ ਮਨਚੰਦਾ ਦਾ ਸੀ। ਅੱਜਕੱਲ੍ਹ ਦੇ ਨਵੇਂ ਪਾਠਕਾਂ ਨੂੰ ਇਹੋ ਨਾਵਲ ਉਪਲਬਧ ਹੈ ਜੋ ਬਾਅਦ ਵਿੱਚ ਪੰਜਾਬ ਬੁਕ ਸੈਂਟਰ ਚੰਡੀਗੜ੍ਹ ਛਾਪਦਾ ਆ ਰਿਹਾ ਹੈ।

ਪੰਜਾਬੀ ਪਾਠਕਾਂ ਨੂੰ ਗੋਰਕੀ ਦੇ ਸਮੁੱਚੇ ਸਾਹਿਤ ਬਾਰੇ ਬਹੁਤ ਘੱਟ ਜਾਣਕਾਰੀ ਹੈ। ਗੋਰਕੀ ਨੇ ਮੌਤ ਤੋਂ ਪਹਿਲਾਂ ਇੱਕ ਮਹਾਕਾਵਿਕ (epic) ਨਾਵਲ ਲਿਖਿਆ ਸੀ ਜਿਸ ’ਤੇ ਉਸ ਨੇ 1925 ਤੋਂ ਲੈ ਕੇ 1936 ਤੱਕ ਜ਼ਿੰਦਗੀ ਦੇ ਦਸ ਸਾਲ ਲਗਾਏ ਸਨ। ਇਸ ਨਾਵਲ ਦਾ ਅੰਗਰੇਜ਼ੀ ਨਾਂ The Life of Klim Samgin’ ਹੈ। ਇਸ ਨਾਵਲ ਦੀ ਕਹਾਣੀ 1917 ਦੇ ਅਕਤੂਬਰ ਇਨਕਲਾਬ ਤੋਂ ਪਹਿਲਾਂ ਦੇ ਚਾਲੀ ਵਰ੍ਹਿਆਂ ਦੀ ਦਾਸਤਾਨ ਹੈ। ਰੂਸੀ ਸਮਾਜ ਰਾਜਸੀ, ਸਮਾਜੀ, ਧਾਰਮਿਕ ਤੇ ਸੱਭਿਆਚਾਰਕ ਜੱਦੋਜਹਿਦ ਵਿਚਦੀ ਲੰਘਿਆ ਹੈ। ਰੂਸੀ ਇਨਕਲਾਬ ਦਾ ਮੁੱਢ ਰੂਸੀ ਬੁੱਧੀਜੀਵੀਆਂ ਨੇ ਬੰਨ੍ਹਿਆ ਸੀ। ਇਨਕਲਾਬ ਵਿੱਚ ਬੁੱਧੀਜੀਵੀਆਂ ਦੀ ਪ੍ਰਮੁੱਖ ਭੂਮਿਕਾ ਸੀ। ਰਾਜਨੀਤੀ, ਆਰਥਿਕਤਾ, ਇਤਿਹਾਸ, ਫਲਸਫ਼ੇ ਤੇ ਸਾਹਿਤ ਦੇ ਖੇਤਰ ਵਿੱਚ ਉਨ੍ਹਾਂ ਦੇ ਕੀਤੇ ਕੰਮ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ। ਕਿਸੇ ਦਾ ਕੰਮ ਵੀ ਵੀਹ-ਪੱਚੀ ਜਿਲਦਾਂ ਤੋਂ ਘੱਟ ਨਹੀਂ। ਗੋਰਕੀ ਦੇ ਹਥਲੇ ਨਾਵਲ ਦਾ ਵਿਸ਼ਾ ਵਸਤੂ ਰੂਸੀ ਮੱਧ ਸ਼੍ਰੇਣੀ ਤੇ ਬੁੱਧੀਜੀਵੀ ਵਰਗ ਹੈ। ਇਹ ਨਾਵਲ ਰੂਸੀ ਬੁੱਧੀਜੀਵੀਆਂ ਦੁਆਲੇ ਘੁੰਮਦਾ ਹੈ ਜਦੋਂਕਿ ਉਸ ਦੀਆਂ ਹੋਰ ਰਚਨਾਵਾਂ ਦੇ ਹਜ਼ਾਰਾਂ ਪਾਤਰ ਘੋਰ ਗ਼ਰੀਬੀ ਦੇ ਭੰਨੇ ਗੰਦੀਆਂ ਬਸਤੀਆਂ ਵਿੱਚ ਕੁਰਬਲ ਕੁਰਬਲ ਕਰਦੇ ਮਰਦ-ਔਰਤਾਂ, ਸ਼ਰਾਬੀ, ਗੁਸੈਲ, ਗੱਲ ਗੱਲ ’ਤੇ ਇੱਕ ਦੂਜੇ ਦਾ ਸਿਰ ਪਾੜਨ ਵਾਲੇ ਫੈਕਟਰੀ ਮਜ਼ਦੂਰ, ਦਮ ਘੋਟੂ ਬੇਕਰੀਆਂ ਵਿੱਚ ਕੰਮ ਕਰਦੀਆਂ ਔਰਤਾਂ, ਕੂੜੇ ਦੇ ਢੇਰਾਂ ਤੋਂ ਲੀਰਾਂ ਚੁਗਣ ਵਾਲੇ ਬੱਚੇ, ਚੋਰ-ਉਚੱਕੇ, ਕੰਧਾਂ ਨਾਲ ਧੁੱਪੇ ਬੈਠੇ ਨੇਫਿਆਂ ’ਚੋਂ ਜੂੰਆਂ ਚੁਗਦੇ ਬਿਰਧ ਆਦਿ ਹਨ। ਭਾਵੇਂ ਇਹ ਪਾਤਰ ਕਿੰਨੇ ਗੰਦੇ, ਕਰੂਪ, ਲਿਬੜੇ-ਤਿੱਬੜੇ ਸਿਸਟਮ ਅਤੇ ਸੱਤਾ ਦੇ ਮਧੋਲੇ ਹੋਏ ਹਨ, ਪਰ ਫਿਰ ਵੀ ਉਨ੍ਹਾਂ ਦਾ ਜ਼ਿੰਦਗੀ ਵਿੱਚ ਅਟੁੱਟ ਵਿਸ਼ਵਾਸ ਹੈ। ਇਨ੍ਹਾਂ ਵਿੱਚੋਂ ਹੀ ‘ਮਾਂ’ ਨਾਵਲ ਦਾ ਪਾਤਰ ਪਾਵੇਲ ਵਲਾਸੋਵ ਇਨਕਲਾਬੀ ਚੇਤਨਤਾ ਦੇ ਸਾਂਚੇ ਵਿੱਚ ਢਲਦਾ ਹੈ। ਅਸਲ ਵਿੱਚ ਗੋਰਕੀ ਦੇ ਪਾਤਰ ਮੌਤ ’ਤੇ ਜ਼ਿੰਦਗੀ ਦਾ ਝੰਡਾ ਗੱਡਦੇ ਹਨ ਪਰ ਕਲਿਮ ਸਾਮਗੀਨ ਨਾਵਲ ਦਾ ਹੀਰੋ ਕਲਿਮ ਇੱਕ ਡਰੂ ਕਿਸਮ ਦਾ ਅੰਤਰਮੁਖੀ ਬੁੱਧੀਜੀਵੀ ਹੈ ਜਿਸ ਦਾ ਨਾਂ ਹੀ ਰੂਸੀ ਸਮਾਜ ਦੀਆਂ ਸੱਭਿਆਚਾਰਕ ਪ੍ਰਪੰਰਾਵਾਂ ਦੇ ਉਲਟ ਹੈ ਪਰ ਜੋ ਰਾਜਨੀਤੀ, ਆਰਥਿਕਤਾ, ਫਲਸਫ਼ੇ, ਇਤਿਹਾਸ ਅਤੇ ਸਾਹਿਤ ਦਾ ਗਿਆਤਾ ਹੈ। ਸਾਰੀ ਬਹਿਸ ਹੀ ਇਨ੍ਹਾਂ ਵਿਸ਼ਿਆਂ ਦੁਆਲੇ ਘੁੰਮਦੀ ਹੈ। ਤਾਲਸਤਾਏ ਦੇ ਜੀਵਨ ਅਤੇ ਨਾਵਲਾਂ ਬਾਰੇ ਘੱਟੋ ਘੱਟ ਸੌ ਪੰਨੇ ਹਨ। ਗੋਰਕੀ ਨੂੰ ਭਾਵੇਂ ‘ਮਾਂ’ ਨਾਵਲ ਅਤੇ ਆਪਣੀ ਤ੍ਰੈ-ਲੜੀ ਸਵੈ-ਜੀਵਨੀ ਰਾਹੀਂ ਅਪਾਰ ਸਫਲਤਾ ਮਿਲੀ ਪਰ ਫਿਰ ਵੀ ਉਸ ਦੇ ਮਨ ਦੇ ਕਿਸੇ ਕੋਨੇ ’ਚ ਤਾਲਸਤਾਏ ਦੇ War and Peace ਅਤੇ ਮਿਖਾਇਲ ਸ਼ੋਲੋਖੋਵ ਦੇ Quiet Flows the Don ਵਰਗਾ ਮਹਾਕਾਵਿਕ ਨਾਵਲ ਲਿਖਣ ਦੀ ਰੀਝ ਮਚਲਦੀ ਸੀ। ਅਫ਼ਸੋਸ ਦੀ ਗੱਲ ਇਹ ਹੈ ਕਿ ਗੋਰਕੀ ਦਾ ਇਹ ਮਹਾਕਾਵਿਕ ਨਾਵਲ ਛਪਦਿਆਂ ਹੀ ਬੁਰੀ ਤਰ੍ਹਾਂ ਫਲਾਪ ਹੋ ਗਿਆ। ਇਹ ਨਾਵਲ ਨਾਵਲਕਾਰੀ ਅਤੇ ਇਤਿਹਾਸਕ ਦਵੰਦ ਦਾ ਮਹਾਦ੍ਰਿਸ਼ ਪੇਸ਼ ਕਰਦਾ ਹੈ। ਇਸ ਦੇ ਬਾਵਜੂਦ ਇਹ ਨਾਵਲ ਪਾਠਕਾਂ ਦੇ ਤਾਂ ਕੀ, ਆਲੋਚਕਾਂ ਦੇ ਵੀ ਮੂੰਹ ਨਹੀਂ ਚੜ੍ਹਿਆ। ਇਸ ਨਾਵਲ ਦਾ ਸਿਰਫ਼ ਰੂਸੀ ਤੋਂ ਅੰਗਰੇਜ਼ੀ ਅਨੁਵਾਦ ਹੀ ਹੋਇਆ ਸੀ। ਗੋਰਕੀ ਦੀਆਂ ਹੋਰ ਰਚਨਾਵਾਂ ਵਾਂਗ ਯੌਰਪ ਅਤੇ ਦੁਨੀਆਂ ਦੀਆਂ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਅੱਗੇ ਨਹੀਂ ਤੁਰਿਆ। ਜਦ 1936 ’ਚ ਗੋਰਕੀ ਦੀ ਮੌਤ ਹੋਈ ਤਾਂ ਉਸ ਸਮੇਂ ਤੱਕ ਉਹ ਇਸ ਨਾਵਲ ਦੇ ਚਾਰ ਭਾਗ ਲਿਖ ਚੁੱਕਿਆ ਸੀ, ਹਾਲਾਂ ਚੌਥਾ ਭਾਗ ਵੀ ਅਧੂਰਾ ਕਿਹਾ ਜਾਂਦਾ ਹੈ। ਚੌਥਾ ਭਾਗ ਅਕਤੂਬਰ 1917 ਦੇ ਸ਼ੁਰੂਆਤੀ ਦਿਨਾਂ ’ਤੇ ਆ ਕੇ ਖ਼ਤਮ ਹੋ ਜਾਂਦਾ ਹੈ ਜਿੱਥੇ ਲੈਨਿਨ ਫਿਨਲੈਂਡ ਤੋਂ ਆ ਕੇ ਰੂਸ ਵਿੱਚ ਦਾਖਲ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਜੇਕਰ ਸਾਹਾਂ ਦੀ ਤੰਦ ਅੱਧਵਾਟਿਓਂ ਨਾ ਟੁੱਟਦੀ ਤਾਂ ਗੋਰਕੀ ਨੇ ਨਾਵਲ ਦਾ ਪੰਜਵਾਂ ਭਾਗ ਵੀ ਲਿਖਣਾ ਸੀ ਜਿਸ ਵਿੱਚ ਅਕਤੂਬਰ ਇਨਕਲਾਬ ਦਾ ਭਰਵਾਂ ਜ਼ਿਕਰ ਹੋਣਾ ਸੀ। ਇਸ ਨਾਵਲ ਦੇ ਪਹਿਲੇ ਭਾਗ ਦਾ ਰੂਸੀ ਤੋਂ ਅੰਗਰੇਜ਼ੀ ਅਨੁਵਾਦ ਮਸ਼ਹੂਰ ਅਨੁਵਾਦਕ ਬਰਨਾਰਡ ਗਿਲਬਰਟ ਗੁਰਨੇ ਨੇ ਕੀਤਾ ਸੀ ਜੋ 1930 ਵਿੱਚ ਛਪਿਆ। ਬਾਕੀ ਤਿੰਨ ਭਾਗਾਂ ਦਾ ਰੂਸੀ ਤੋਂ ਅੰਗਰੇਜ਼ੀ ਅਨੁਵਾਦ ਅਲੈਗਜਾਂਡਰ ਬਕਸ਼ੇ ਨੇ ਕੀਤਾ ਸੀ। ਨਾਵਲ ਦਾ ਦੂਜਾ ਭਾਗ 1931, ਤੀਜਾ 1933 ਅਤੇ ਚੌਥਾ ਭਾਗ 1938 ਵਿੱਚ ਛਪਿਆ। ਛਪਣ ਸਾਰ ਹੀ ਇਹ ਨਾਵਲ ਕਿਸੇ ਹਨੇਰੀ ਖੱਡ ਵਿੱਚ ਦਫ਼ਨ ਹੋ ਗਿਆ। ਮੁੜ ਇਸ ਦਾ ਕੋਈ ਅੰਗਰੇਜੀ ਐਡੀਸ਼ਨ ਨਹੀਂ ਛਪਿਆ ਤੇ ਨਾ ਹੀ ਰੂਸੀ ਐਡੀਸ਼ਨ। ਰੂਸ ਦੇ ਮਾਸਕੋ ਵਿਚਲੇ ਪ੍ਰੋਗ੍ਰੈਸ ਪਬਲਿਸ਼ਰਜ਼ ਨੇ 1978 ਵਿੱਚ ਗੋਰਕੀ ਦੀਆਂ ਅੰਗਰੇਜ਼ੀ ਰਚਨਾਵਾਂ ਨੂੰ ਦਸ ਭਾਗਾਂ ਵਿੱਚ ਛਾਪਿਆ ਸੀ। ਉਸ ਸੈੱਟ ਵਿੱਚ ਵੀ ਇਹ ਨਾਵਲ ਨਹੀਂ ਸੀ। ਗੋਰਕੀ ਦੀਆਂ ਰਚਨਾਵਾਂ ਬਾਰੇ ਲਿਖੇ ਗਏ ਲੰਬੇ ਮੁੱਖਬੰਧ ਵਿੱਚ ਵੀ ਇਸ ਨਾਵਲ ਦਾ ਜ਼ਿਕਰ ਤੱਕ ਨਹੀਂ ਸੀ।

ਸੁਆਲ ਪੈਦਾ ਹੁੰਦਾ ਹੈ ਕਿ ਜਦ ਮਾਸਕੋ ਵਿੱਚ ਗੋਰਕੀ ਦੇ ਨਾਂ ’ਤੇ ਵੱਖਰਾ ਸਾਹਿਤਕ ਇੰਸਟੀਚਿਊਟ ਵੀ ਹੈ ਤਾਂ ਇਸ ਨਾਵਲ ਦੀ ਚਰਚਾ ਕਿਉਂ ਨਹੀਂ ਛਿੜੀ? ਕੀ ਇਸ ਨਾਵਲ ਦੇ ਨਾਕਾਮ ਹੋਣ ਦੇ ਕਾਰਨ ਰਾਜਸੀ ਹਨ ਜਾਂ ਕਲਾ ਪੱਖ ਤੋਂ ਹੀ ਨਾਵਲ ਊਣਾ-ਪੌਣਾ ਹੈ? ਕਿਹਾ ਜਾਂਦਾ ਹੈ ਕਿ ਗੋਰਕੀ ਦੇ ਸਟਾਲਿਨ ਨਾਲ ਸਬੰਧ ਸੁਖਾਵੇਂ ਨਹੀਂ ਸਨ। ਸਟਾਲਿਨ ਵੱਲੋਂ ਪੋਲਿਟ ਬਿਊਰੋ ਦੇ ਮੈਂਬਰਾਂ ਸਮੇਤ ਆਮ ਲੋਕਾਂ ’ਤੇ ਜਬਰ ਦੀ ਮੁਹਿੰਮ ਚਲਾਈ ਹੋਈ ਸੀ ਜਿਸ ਕਾਰਨ ਗੋਰਕੀ ਉਸ ਤੋਂ ਦੁਖੀ ਸੀ। ਵੈਸੇ ਤਾਂ ਲੋਕਾਂ ਨਾਲ ਪ੍ਰਤੀਬੱਧ ਲੇਖਕਾਂ/ਬੁੱਧੀਜੀਵੀਆਂ ਦੇ ਸੱਤਾ ਅਤੇ ਸਥਾਪਤੀ ਨਾਲ ਸਬੰਧ ਹਮੇਸ਼ਾ ਹੀ ਤਣਾਅ ਭਰੇ ਹੁੰਦੇ ਹਨ, ਭਾਵੇਂ ਉਨ੍ਹਾਂ ਦੀ ਆਪਣੀ ਹੀ ਪਾਰਟੀ ਕਿਉਂ ਨਾ ਹੋਵੇ। ਜਦ 19 ਜੂਨ 1936 ਨੂੰ ਗੋਰਕੀ ਦੀ ਮੌਤ ਹੋ ਗਈ ਤਾਂ ਲੋਕ ਇਸ ਨੂੰ ਗ਼ੈਰ ਕੁਦਰਤੀ ਮੰਨਦੇ ਸਨ। ਇਹ ਅਫ਼ਵਾਹ ਸੀ ਕਿ ਸਟਾਲਿਨ ਨੇ ਗੋਰਕੀ ਦਾ ਕਤਲ ਕਰਵਾਇਆ ਹੈ। ਵੈਸੇ ਮਹੀਨੇ ਤੋਂ ਹੀ ਗੋਰਕੀ ਦੇ ਬਿਮਾਰ ਹੋਣ ਦੀਆਂ ਖ਼ਬਰਾਂ ਆ ਰਹੀਆਂ ਸਨ। ਉਸ ਦੀ ਸਿਹਤ ਬਾਰੇ ਰੋਜ਼ਾਨਾ ਸਰਕਾਰੀ ਬੁਲੇਟਿਨ ਜਾਰੀ ਹੁੰਦਾ ਸੀ। ਗੋਰਕੀ ਦੇ ਕਤਲ ਦੀ ਗੱਲ ਇੰਨੀ ਫੈਲ ਗਈ ਕਿ ਸਰਕਾਰ ਨੂੰ ਮੈਡੀਕਲ ਬੋਰਡ ਦਾ ਗਠਨ ਕਰ ਕੇ ਉਸ ਦਾ ਪੋਸਟ ਮਾਰਟਮ ਕਰਵਾਉਣਾ ਪਿਆ। ਬੋਰਡ ਨੇ ਰਿਪੋਰਟ ਦਿੱਤੀ ਕਿ ਉਸ ਦੀ ਮੌਤ ਨਮੂਨੀਆ ਵਿਗੜਨ ਕਾਰਨ ਹੋਈ ਹੈ। ਮਿਖਾਇਲ ਸ਼ੋਲੋਖੋਵ ਦੇ ਜੀਵਨੀ ਲੇਖਕ ਬਰਾਇਨ ਜੇ. ਬੋਐੱਕ ਦਾ ਕਹਿਣਾ ਹੈ ਕਿ ਲੋਕਾਂ ਨੇ ਬੋਰਡ ਦੀ ਰਿਪੋਰਟ ’ਤੇ ਉੱਕਾ ਹੀ ਯਕੀਨ ਨਹੀਂ ਕੀਤਾ ਅਤੇ ਉਹ ਹੋਰ ਬੋਰਡ ਦੇ ਗਠਨ ਦੀ ਮੰਗ ਕਰਦੇ ਰਹੇ। ਰੂਸੀ ਲੇਖਕ ਈਗੋਰ ਗੂਜ਼ੈਂਕੋ ਨੇ ਤਾਂ ਗੋਰਕੀ ਦੇ ਜੀਵਨ ’ਤੇ ਆਧਾਰਿਤ ਆਪਣੇ ਨਾਵਲ The fall of a Titan ਵਿੱਚ ਸਪੱਸ਼ਟ ਬਿਆਨ ਕੀਤਾ ਹੈ ਕਿ ਸਟਾਲਿਨ ਨੇ ਗੋਰਕੀ ਦਾ ਕਤਲ ਕਰਵਾਇਆ ਹੈ। ਸਟਾਲਿਨ ਚਾਹੁੰਦਾ ਸੀ ਕਿ ਗੋਰਕੀ ਉਸ ਨੂੰ ਇਤਿਹਾਸ ਦੇ ਹੀਰੋ ਪੀਟਰ ਮਹਾਨ ਵਾਂਗ ਨਾਇਕ ਬਣਾ ਕੇ ਉਸ ਬਾਰੇ ਨਾਵਲ ਲਿਖੇ ਪਰ ਗੋਰਕੀ ਨੇ ਇਨਕਾਰ ਕਰ ਦਿੱਤਾ ਸੀ। ਉਸ ਨੇ ਗੋਰਕੀ ਨੂੰ ਘਰ ਵਿੱਚ ਹੀ ਕੈਦ ਕਰ ਰੱਖਿਆ ਸੀ ਅਤੇ ਘਰ ਦੇ ਜੀਆਂ ਤੱਕ ਨੂੰ ਵੀ ਮਿਲਣ ਨਹੀਂ ਦਿੱਤਾ ਜਾਂਦਾ ਸੀ। ਸ਼ਾਇਦ ‘ਕਲਿਮ ਸਾਮਗੀਨ ਦਾ ਜੀਵਨ’ ਨਾਵਲ ਵੀ ਇਸ ਦੁਖਾਂਤ ਦੀ ਭੇਟ ਚੜ੍ਹ ਗਿਆ ਹੋਵੇ।

ਇਹ ਤਾਂ ਪ੍ਰਸਿੱਧ ਕਵੀ ਅਤੇ ਹਿੰਦੀ ਦੇ ਮਸ਼ਹੂਰ ਪ੍ਰਕਾਸ਼ਕ, ਸੰਵਾਦ ਪ੍ਰਕਾਸ਼ਨ ਮੇਰਠ ਦੇ ਮਾਲਕ ਅਲੋਕ ਸ੍ਰੀਵਾਸਤਵ ਦੇ ਹੌਸਲੇ ਅਤੇ ਲਗਨ ਦੀ ਦਾਦ ਦੇਣੀ ਬਣਦੀ ਹੈ ਜਿਸ ਨੇ ਇਤਿਹਾਸ ਦੀ ਡੂੰਘੀ ਖੱਡ ਵਿੱਚੋਂ ਗੋਰਕੀ ਦੇ ਨਾਵਲ ਨੂੰ ਬਾਹਰ ਕੱਢ ਲਿਆਂਦਾ ਹੈ। ਪਹਿਲਾਂ ਉਸ ਨੇ ਅਮਰੀਕਾ ਦੀਆਂ ਲਾਇਬ੍ਰੇਰੀਆਂ ਵਿੱਚੋਂ ਇਸ ਨਾਵਲ ਨੂੰ ਲੱਭ ਕੇ ਲਿਆਂਦਾ ਅਤੇ ਫਿਰ ਸਮਰੱਥ ਅਨੁਵਾਦਕਾਂ ਕੋਲੋਂ ਇਸ ਨੂੰ ਹਿੰਦੀ ਵਿੱਚ ਅਨੁਵਾਦ ਕਰਵਾ ਕੇ ਪ੍ਰਕਾਸ਼ਤ ਕੀਤਾ ਹੈ। ਚੌਵੀ ਸੌ ਪੰਨਿਆਂ ਦੇ ਇਸ ਮਹਾਨਾਵਲ ਦਾ ਪਹਿਲਾ, ਦੂਜਾ ਅਤੇ ਚੌਥਾ ਭਾਗ ਅੰਗਰੇਜ਼ੀ ਤੋਂ ਅਤੇ ਤੀਜਾ ਭਾਗ ਸਿੱਧਾ ਰੂਸੀ ਭਾਸ਼ਾ ਤੋਂ ਅਨੁਵਾਦ ਕੀਤਾ ਗਿਆ ਹੈ।
ਸੰਪਰਕ: 98157-51332

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਵਾਸੀਆਂ ਦੀ ਸਾਨੂੰ ਪੂਰੀ ਹਮਾਇਤ: ਭਗਵੰਤ ਮਾਨ

ਪੰਜਾਬ ਵਾਸੀਆਂ ਦੀ ਸਾਨੂੰ ਪੂਰੀ ਹਮਾਇਤ: ਭਗਵੰਤ ਮਾਨ

28 ਹਜ਼ਾਰ ਹੋਰ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਐਲਾਨ

ਅੰਕਿਤਾ ਕਤਲ ਕੇਸ: ਭਾਜਪਾ ਆਗੂ ਦੇ ਪੁੱਤ ਸਣੇ ਤਿੰਨ ਗ੍ਰਿਫ਼ਤਾਰ

ਅੰਕਿਤਾ ਕਤਲ ਕੇਸ: ਭਾਜਪਾ ਆਗੂ ਦੇ ਪੁੱਤ ਸਣੇ ਤਿੰਨ ਗ੍ਰਿਫ਼ਤਾਰ

ਛੇ ਦਿਨ ਮਗਰੋਂ ਨਹਿਰ ’ਚੋਂ ਮਿਲੀ ਲਾਸ਼; ਲੜਕੀ ਨੂੰ ਰਿਜ਼ੌਰਟ ਦੇ ਗਾਹਕਾਂ ...

ਹਿਮਾਚਲ ਦੇ ਵੋਟਰ ਮੁੜ ਭਾਜਪਾ ਦੇ ਹੱਕ ’ਚ: ਮੋਦੀ

ਹਿਮਾਚਲ ਦੇ ਵੋਟਰ ਮੁੜ ਭਾਜਪਾ ਦੇ ਹੱਕ ’ਚ: ਮੋਦੀ

ਮੀਂਹ ਕਾਰਨ ਮੰਡੀ ਰੈਲੀ ’ਚ ਨਹੀਂ ਪਹੁੰਚ ਸਕੇ ਪ੍ਰਧਾਨ ਮੰਤਰੀ; ਵੀਡੀਓ-ਕਾ...

ਅੱਸੂ ਦੀ ਝੜੀ: ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ

ਅੱਸੂ ਦੀ ਝੜੀ: ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ

ਪੰਜਾਬ ’ਚ ਕਈ ਥਾਵਾਂ ’ਤੇ ਫਸਲਾਂ ਵਿਛੀਆਂ; ਝਾੜ ਪ੍ਰਭਾਵਿਤ ਹੋਣ ਦਾ ਖਦਸ਼ਾ

ਸ਼ਹਿਰ

View All