DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਸਨੂਈ ਬੁੱਧੀ ਅਤੇ ਪੰਜਾਬੀ ਸੱਭਿਆਚਾਰ

ਇੱਕ ਸਮਾਂ ਸੀ ਜਦੋਂ ਮਸ਼ੀਨਾਂ ਮਨੁੱਖ ਦੀ ਮਿਹਨਤ ਦਾ ਸਹਾਰਾ ਹੁੰਦੀਆਂ ਸਨ। ਅੱਜ ਮਸ਼ੀਨ ਮਨੁੱਖ ਦੀ ਸੋਚ ਨੂੰ ਵੀ ਚੁਣੌਤੀ ਦੇ ਰਹੀ ਹੈ। ਮਸਨੂਈ ਬੁੱਧੀ (ਏਆਈ) ਸਿਰਫ਼ ਕੰਪਿਊਟਰ ਵਿਗਿਆਨ ਜਾਂ ਉਦਯੋਗਿਕ ਤਰੱਕੀ ਤੱਕ ਸੀਮਤ ਨਹੀਂ ਰਹੀ, ਸਗੋਂ ਇਹ ਭਾਸ਼ਾਵਾਂ, ਸੱਭਿਆਚਾਰ,...

  • fb
  • twitter
  • whatsapp
  • whatsapp
Advertisement

ਇੱਕ ਸਮਾਂ ਸੀ ਜਦੋਂ ਮਸ਼ੀਨਾਂ ਮਨੁੱਖ ਦੀ ਮਿਹਨਤ ਦਾ ਸਹਾਰਾ ਹੁੰਦੀਆਂ ਸਨ। ਅੱਜ ਮਸ਼ੀਨ ਮਨੁੱਖ ਦੀ ਸੋਚ ਨੂੰ ਵੀ ਚੁਣੌਤੀ ਦੇ ਰਹੀ ਹੈ। ਮਸਨੂਈ ਬੁੱਧੀ (ਏਆਈ) ਸਿਰਫ਼ ਕੰਪਿਊਟਰ ਵਿਗਿਆਨ ਜਾਂ ਉਦਯੋਗਿਕ ਤਰੱਕੀ ਤੱਕ ਸੀਮਤ ਨਹੀਂ ਰਹੀ, ਸਗੋਂ ਇਹ ਭਾਸ਼ਾਵਾਂ, ਸੱਭਿਆਚਾਰ, ਸਾਹਿਤ ਅਤੇ ਸਮਾਜਿਕ ਰਿਸ਼ਤਿਆਂ ਤੱਕ ਆਪਣਾ ਪ੍ਰਭਾਵ ਛੱਡ ਰਹੀ ਹੈ। ਪੰਜਾਬੀ ਸੱਭਿਆਚਾਰ ਜੋ ਹਜ਼ਾਰਾਂ ਸਾਲਾਂ ਦੀ ਲੋਕਧਾਰਾ, ਮੌਖਿਕ ਪਰੰਪਰਾ ਅਤੇ ਜੀਵੰਤ ਅਨੁਭਵਾਂ ਨਾਲ ਬਣਿਆ ਹੈ, ਅੱਜ ਏਆਈ ਇਸ ਦੇ ਸਾਹਮਣੇ ਨਵਾਂ ਤਜਰਬਾ ਵੀ ਹੈ ਅਤੇ ਗੰਭੀਰ ਸੰਕਟ ਵੀ।

ਇਸ ਤਕਨੀਕੀ ਵਿਕਾਸ ਨੇ ਮਨੁੱਖੀ ਜੀਵਨ ਨੂੰ ਆਸਾਨ ਬਣਾਇਆ ਹੈ, ਪਰ ਨਾਲ ਹੀ ਇੱਕ ਗੰਭੀਰ ਸੱਭਿਆਚਾਰਕ ਚਿੰਤਾ ਵੀ ਪੈਦਾ ਕੀਤੀ ਹੈ। ਕੀ ਮਨੁੱਖੀ ਅਨੁਭਵ, ਭਾਵਨਾ ਅਤੇ ਸੰਵੇਦਨਾ ਨੂੰ ਮਸ਼ੀਨ ਬਰਕਰਾਰ ਰੱਖ ਸਕਦੀ ਹੈ? ਮਸਨੂਈ ਬੁੱਧੀ ਤੋਂ ਬਿਨਾਂ ਲਿਖੀ ਕਵਿਤਾ, ਕਹਾਣੀ ਜਾਂ ਕੋਈ ਵੀ ਸਾਹਿਤਕ ਵੰਨਗੀ ਵਿੱਚ ਭਾਵਨਾਵਾਂ ਛੁਪੀਆਂ ਹੁੰਦੀਆਂ ਹਨ ਜਾਂ ਨਹੀਂ? ਦਰਅਸਲ, ਕਿਸੇ ਵੀ ਭਾਸ਼ਾ ਦਾ ਸਾਹਿਤ ਉਸ ਭਾਸ਼ਾ ਦੇ ਸੱਭਿਆਚਾਰ ਦੀਆਂ ਭਾਵਨਾਵਾਂ ਨੂੰ ਪੇਸ਼ ਕਰਦਾ ਹੈ, ਪਰ ਮਸਨੂਈ ਬੁੱਧੀ ਅਜਿਹਾ ਨਹੀਂ ਕਰ ਸਕਦੀ।

Advertisement

ਏਆਈ ਦੇ ਆਉਣ ਨਾਲ ਪੰਜਾਬੀ ਭਾਸ਼ਾ ਨੂੰ ਡਿਜ਼ੀਟਲ ਜਗਤ ਵਿੱਚ ਨਵੀਂ ਜਗ੍ਹਾ ਮਿਲੀ ਹੈ। ਅੱਜ ਗੁਰਮੁਖੀ ਲਿਪੀ ਲਈ ਵੌਇਸ-ਟੂ-ਟੈਕਸਟ ਅਤੇ ਆਟੋ ਅਨੁਵਾਦ ਵਰਗੇ ਸਾਧਨ ਉਪਲੱਬਧ ਹਨ। ਇਸ ਨਾਲ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਲਈ ਆਪਣੀ ਭਾਸ਼ਾ ਨਾਲ ਜੁੜੇ ਰਹਿਣਾ ਆਸਾਨ ਹੋਇਆ ਹੈ। ਵਿਦਿਆਰਥੀ, ਖੋਜਕਰਤਾ ਅਤੇ ਲੇਖਕ ਡਿਜ਼ੀਟਲ ਸਰੋਤਾਂ ਰਾਹੀਂ ਪੰਜਾਬੀ ਲਿਖਤਾਂ ਤੱਕ ਪਹੁੰਚ ਰਹੇ ਹਨ, ਪਰ ਇੱਥੇ ਇੱਕ ਖ਼ਤਰਾ ਵੀ ਹੈ। ਪੰਜਾਬੀ ਦੇ ਮੁਹਾਵਰੇ, ਲਹਿਜੇ ਅਤੇ ਸੱਭਿਆਚਾਰਕ ਸੰਦਰਭ ਮਸ਼ੀਨ ਲਈ ਸਮਝਣਾ ਅਜੇ ਵੀ ਮੁਸ਼ਕਿਲ ਹੈ। ਗ਼ਲਤ ਅਨੁਵਾਦ ਸਿਰਫ਼ ਸ਼ਬਦਾਂ ਦੀ ਗ਼ਲਤੀ ਨਹੀਂ ਹੁੰਦਾ, ਉਹ ਅਰਥਾਂ ਅਤੇ ਭਾਵਨਾਵਾਂ ਨੂੰ ਵੀ ਵਿਗਾੜ ਸਕਦਾ ਹੈ।

Advertisement

ਏਆਈ ਅੱਜ ਕਵਿਤਾ ਲਿਖ ਸਕਦੀ ਹੈ, ਕਹਾਣੀ ਦਾ ਖਾਕਾ ਤਿਆਰ ਕਰ ਸਕਦੀ ਹੈ ਅਤੇ ਵਿਸ਼ਿਆਂ ’ਤੇ ਲੇਖ ਬਣਾਉਂਦੀ ਹੈ। ਇਸ ਨਾਲ ਲੇਖਨ ਦੀ ਗਤੀ ਵਧੀ ਹੈ ਅਤੇ ਖੋਜ ਕੰਮ ਆਸਾਨ ਹੋਇਆ ਹੈ। ਪੁਰਾਤਨ ਪੰਜਾਬੀ ਸਾਹਿਤ ਦੀ ਡਿਜ਼ੀਟਲ ਸੰਭਾਲ ਵੀ ਏਆਈ ਦੀ ਵੱਡੀ ਉਪਲੱਬਧੀ ਹੈ, ਪਰ ਸਵਾਲ ਇਹ ਹੈ ਕੀ ਮਸ਼ੀਨ ਉਸ ਦਰਦ ਨੂੰ ਸਮਝ ਸਕਦੀ ਹੈ ਜੋ ਕਿਸਾਨੀ ਸੰਘਰਸ਼, ਵਿਛੋੜੇ ਜਾਂ ਪ੍ਰੇਮ ਵਿੱਚ ਵਸਦਾ ਹੈ? ਜੇ ਸਾਹਿਤ ਤੋਂ ਮਨੁੱਖੀ ਸੰਵੇਦਨਾ ਗਾਇਬ ਹੋ ਗਈ ਤਾਂ ਉਹ ਸਿਰਫ਼ ਡੇਟਾ ਬਣ ਕੇ ਰਹਿ ਜਾਵੇਗਾ। ਜਦੋਂਕਿ ਪੰਜਾਬੀ ਲੋਕਧਾਰਾ ਜਿਵੇਂ ਲੋਰੀਆਂ, ਵਿਆਹ ਦੇ ਗੀਤ, ਤਿਉਹਾਰ ਅਤੇ ਰਸਮਾਂ ਸਿਰਫ਼ ਜਾਣਕਾਰੀ ਜਾਂ ਡੇਟਾ ਨਹੀਂ, ਸਗੋਂ ਜੀਵੰਤ ਅਨੁਭਵ ਹਨ। ਏਆਈ ਇਨ੍ਹਾਂ ਨੂੰ ਰਿਕਾਰਡ ਕਰ ਸਕਦੀ ਹੈ, ਸੰਭਾਲ ਸਕਦੀ ਹੈ ਅਤੇ ਦੁਨੀਆ ਤੱਕ ਪਹੁੰਚਾ ਸਕਦੀ ਹੈ। ਇਹ ਇੱਕ ਵੱਡਾ ਲਾਭ ਹੈ, ਪਰ ਸੱਭਿਆਚਾਰ ਨੂੰ ਸਿਰਫ਼ ਡਿਜ਼ੀਟਲ ਫਾਇਲਾਂ ਵਿੱਚ ਕੈਦ ਕਰ ਦੇਣਾ ਖ਼ਤਰਨਾਕ ਵੀ ਹੋ ਸਕਦਾ ਹੈ। ਜੀਵੰਤ ਸੱਭਿਆਚਾਰ ਲੋਕਾਂ ਦੀ ਸਾਂਝੀ ਜ਼ਿੰਦਗੀ ਵਿੱਚ ਸਾਹ ਲੈਂਦਾ ਹੈ, ਨਾ ਕਿ ਸਿਰਫ਼ ਸਰਵਰਾਂ ’ਤੇ।

ਅੱਜ ਦੀ ਨੌਜਵਾਨ ਪੀੜ੍ਹੀ ਏਆਈ ਨਾਲ ਜੁੜੀ ਹੋਈ ਹੈ। ਸੋਸ਼ਲ ਮੀਡੀਆ, ਡਿਜ਼ੀਟਲ ਟੂਲ ਅਤੇ ਅੰਗਰੇਜ਼ੀ-ਕੇਂਦਰਿਤ ਸਮੱਗਰੀ ਨੇ ਉਸ ਦੀ ਸੋਚ ਨੂੰ ਪ੍ਰਭਾਵਿਤ ਕੀਤਾ ਹੈ। ਇਸ ਨਾਲ ਇੱਕ ਖ਼ਤਰਾ ਪੈਦਾ ਹੋ ਰਿਹਾ ਹੈ ਕਿ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਹਾਸ਼ੀਏ ’ਤੇ ਨਾ ਚਲੇ ਜਾਣ। ਜੇ ਏਆਈ ਸਿਰਫ਼ ਅੰਗਰੇਜ਼ੀ ਜਾਂ ਪ੍ਰਮੁੱਖ ਭਾਸ਼ਾਵਾਂ ’ਚ ਵਿਕਸਤ ਹੁੰਦੀ ਰਹੀ, ਤਾਂ ਛੋਟੀਆਂ ਭਾਸ਼ਾਵਾਂ ਲਈ ਥਾਂ ਘਟਦੀ ਜਾਵੇਗੀ। ਇਸ ਲਈ ਜ਼ਰੂਰੀ ਹੈ ਕਿ ਪੰਜਾਬੀ ਵਿੱਚ ਡਿਜ਼ੀਟਲ ਸਿੱਖਿਆ, ਐਪਸ ਅਤੇ ਏਆਈ ਟੂਲ ਵਿਕਸਤ ਕੀਤੇ ਜਾਣ। ਏਆਈ ਨਿਰਪੱਖ ਨਹੀਂ ਹੁੰਦੀ। ਉਹ ਉਸ ਡੇਟਾ ਤੋਂ ਸਿੱਖਦੀ ਹੈ ਜੋ ਉਸ ਨੂੰ ਦਿੱਤਾ ਜਾਂਦਾ ਹੈ। ਜੇ ਡੇਟਾ ਅਧੂਰਾ ਜਾਂ ਪੱਖਪਾਤੀ ਹੋਵੇ ਤਾਂ ਨਤੀਜੇ ਵੀ ਓਹੋ ਜਿਹੇ ਹੋਣਗੇ। ਪੰਜਾਬੀ ਇਤਿਹਾਸ, ਧਰਮ ਅਤੇ ਸੱਭਿਆਚਾਰ ਦੀ ਗਲਤ ਪੇਸ਼ਕਾਰੀ ਏਆਈ ਰਾਹੀਂ ਫੈਲ ਸਕਦੀ ਹੈ। ਇਸ ਲਈ ਲੋੜ ਹੈ ਕਿ ਏਆਈ ਦੇ ਵਿਕਾਸ ਵਿੱਚ ਸੱਭਿਆਚਾਰਕ ਸੰਵੇਦਨਸ਼ੀਲਤਾ ਅਤੇ ਨੈਤਿਕਤਾ ਨੂੰ ਕੇਂਦਰ ਵਿੱਚ ਰੱਖਿਆ ਜਾਵੇ।

ਏਆਈ ਦੀ ਸੱਭਿਆਚਾਰਕ ਭਵਿੱਖ ਪੱਖੀ ਦਿਸ਼ਾ ਨੂੰ ਸੰਤੁਲਨ ਨਾਲ ਸੰਭਾਲਿਆ ਜਾ ਸਕਦਾ ਹੈ। ਇਸ ਨੂੰ ਸੱਭਿਆਚਾਰ ਦਾ ਵੈਰੀ ਨਹੀਂ ਬਣਾਇਆ ਜਾ ਸਕਦਾ। ਇਹ ਇੱਕ ਸਾਧਨ ਹੈ, ਇਸ ਦਾ ਵਰਤੋਕਾਰ ਮਨੁੱਖ ਹੈ। ਜੇ ਪੰਜਾਬੀ ਵਿਦਵਾਨ, ਭਾਸ਼ਾ ਵਿਗਿਆਨੀ ਅਤੇ ਤਕਨੀਕੀ ਮਾਹਿਰ ਇਕੱਠੇ ਕੰਮ ਕਰਨ ਤਾਂ ਏਆਈ ਪੰਜਾਬੀ ਸੱਭਿਆਚਾਰ ਦੇ ਪੁਨਰਜਾਗਰਣ ਦਾ ਸਾਧਨ ਬਣ ਸਕਦੀ ਹੈ। ਏਆਈ ਜਿੱਥੇ ਪੰਜਾਬੀ ਸੱਭਿਆਚਾਰ ਲਈ ਇੱਕ ਵੱਡੀ ਚੁਣੌਤੀ ਵੀ ਹੈ, ਉੱਥੇ ਹੀ ਇੱਕ ਸੁਨਹਿਰੀ ਮੌਕਾ ਵੀ ਹੈ। ਇਹ ਸਾਡੀ ਸਮਝ ਅਤੇ ਫ਼ੈਸਲੇ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਤਕਨੀਕ ਨੂੰ ਆਪਣੀ ਭਾਸ਼ਾ, ਸਾਹਿਤ ਅਤੇ ਪਛਾਣ ਦੀ ਰੱਖਿਆ ਲਈ ਵਰਤਦੇ ਹਾਂ ਜਾਂ ਅਣਜਾਣੇ ਵਿੱਚ ਆਪਣੀਆਂ ਜੜਾਂ ਤੋਂ ਦੂਰ ਹੋ ਜਾਂਦੇ ਹਾਂ।

ਏਆਈ ਅੱਜ ਮਨੁੱਖੀ ਜੀਵਨ ਦੇ ਹਰ ਖੇਤਰ ਵਿੱਚ ਪੈਰ ਪਸਾਰ ਚੁੱਕੀ ਹੈ। ਦਫ਼ਤਰੀ ਕੰਮ, ਸਿਹਤ, ਸਿੱਖਿਆ, ਵਪਾਰ ਅਤੇ ਸੰਚਾਰ ਦੇ ਨਾਲ ਨਾਲ ਹੁਣ ਇਹ ਭਾਸ਼ਾਵਾਂ, ਸਾਡੇ ਸੱਭਿਆਚਾਰਾਂ ਦੇ ਨਾਲ ਨਾਲ ਸਾਡੇ ਰਹਿਣ-ਸਹਿਣ ’ਤੇ ਵੀ ਡੂੰਘਾ ਪ੍ਰਭਾਵ ਪਾ ਰਹੀ ਹੈ। ਇਸ ਗੱਲ ਵਿੱਚ ਕੋਈ ਅਤਿਕਥਨੀ ਨਹੀਂ ਕਿ ਤਕਨੀਕੀ ਤਰੱਕੀ ਨੂੰ ਰੋਕਿਆ ਨਹੀਂ ਜਾ ਸਕਦਾ। ਬਲਕਿ ਜੇ ਅਸੀਂ ਇਸ ਨੂੰ ਰੋਕਣ ਜਾਂ ਇਸ ਦਾ ਕੋਈ ਹੱਲ ਕੱਢਣ ਦੀ ਵੀ ਕੋਸ਼ਿਸ਼ ਕਰਾਂਗੇ ਤਾਂ ਨਾ ਕੇਵਲ ਅਸੀਂ ਬਹੁਤ ਪਿੱਛੇ ਰਹਿ ਜਾਵਾਂਗੇ, ਸਗੋਂ ਆਪਣੀ ਨੌਜਵਾਨ ਪੀੜ੍ਹੀ ਤੋਂ ਵੀ ਦੂਰ ਚਲੇ ਜਾਵਾਂਗੇ।

ਪੰਜਾਬੀ ਸਾਹਿਤ ਲਈ ਵੀ ਇਹ ਇੱਕ ਸੰਵੇਦਨਸ਼ੀਲ ਮੋੜ ਹੈ। ਇਹ ਕਵਿਤਾ ਅਤੇ ਕਹਾਣੀ ਲਿਖ ਸਕਦੀ ਹੈ, ਪਰ ਕੀ ਉਹ ਕਿਸਾਨੀ ਸੰਘਰਸ਼, ਵਿਛੋੜੇ ਜਾਂ ਮਾਂ-ਬੋਲੀ ਦੇ ਦਰਦ ਨੂੰ ਮਹਿਸੂਸ ਕਰ ਸਕਦੀ ਹੈ? ਜੇ ਸਾਹਿਤ ਮਨੁੱਖੀ ਅਨੁਭਵ ਤੋਂ ਵੱਖ ਹੋ ਗਿਆ ਤਾਂ ਉਹ ਸਿਰਫ਼ ਮਸ਼ੀਨੀ ਉਤਪਾਦ ਬਣ ਕੇ ਰਹਿ ਜਾਵੇਗਾ। ਸਭ ਤੋਂ ਵੱਡੀ ਚਿੰਤਾ ਨੌਜਵਾਨ ਪੀੜ੍ਹੀ ਨਾਲ ਜੁੜੀ ਹੈ। ਅੰਗਰੇਜ਼ੀ-ਕੇਂਦਰਿਤ ਡਿਜ਼ੀਟਲ ਸਮੱਗਰੀ ਅਤੇ ਸੋਸ਼ਲ ਮੀਡੀਆ ਨੇ ਨੌਜਵਾਨਾਂ ਨੂੰ ਆਪਣੀ ਮਾਂ-ਬੋਲੀ ਤੋਂ ਦੂਰ ਕੀਤਾ ਹੈ। ਜੇ ਪੰਜਾਬੀ ਵਿੱਚ ਇਸ ਲਈ ਸਾਧਨ ਵਿਕਸਤ ਨਹੀਂ ਹੁੰਦੇ ਤਾਂ ਭਵਿੱਖ ਵਿੱਚ ਭਾਸ਼ਾਈ ਅਸਮਾਨਤਾ ਹੋਰ ਡੂੰਘੀ ਹੋਵੇਗੀ। ਅਸੀਂ ਆਮ ਦੇਖਦੇ ਹਾਂ ਕਿ ਪੰਜਾਬੀ ਭਾਸ਼ਾ ਵਿੱਚ ਚੱਲ ਰਹੇ ਵੱਖ ਵੱਖ ਟੀਵੀ ਚੈਨਲ ਪੰਜਾਬੀ ਭਾਸ਼ਾ ਦਾ ਬੇੜਾ ਗਰਕ ਕਰ ਰਹੇ ਹਨ। ਇਸ ਸੰਦਰਭ ਵਿੱਚ ਸਰਕਾਰਾਂ, ਵਿਦਿਅਕ ਸੰਸਥਾਵਾਂ ਅਤੇ ਤਕਨੀਕੀ ਮਾਹਿਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਏਆਈ ਨੂੰ ਸੱਭਿਆਚਾਰਕ ਸੰਵੇਦਨਸ਼ੀਲਤਾ ਨਾਲ ਵਿਕਸਤ ਕੀਤਾ ਜਾਵੇ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਡੇਟਾ ਨਹੀਂ, ਸਗੋਂ ਜੀਵੰਤ ਵਿਰਾਸਤ ਸਮਝਿਆ ਜਾਵੇ।

ਏਆਈ ਨਾ ਤਾਂ ਪੂਰੀ ਤਰ੍ਹਾਂ ਵੈਰੀ ਹੈ ਅਤੇ ਨਾ ਹੀ ਸੁਰੱਖਿਆਤਮਕ। ਇਹ ਸਿਰਫ਼ ਇੱਕ ਸਾਧਨ ਹੈ। ਇਸ ਦਾ ਭਵਿੱਖ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਨੂੰ ਆਪਣੀ ਪਛਾਣ ਦੇ ਹੱਕ ਵਿੱਚ ਵਰਤਦੇ ਹਾਂ ਜਾਂ ਤਕਨੀਕ ਦੀ ਅੰਨ੍ਹੀ ਦੌੜ ਵਿੱਚ ਆਪਣੀਆਂ ਜੜ੍ਹਾਂ ਤੋਂ ਦੂਰ ਹੋ ਜਾਂਦੇ ਹਾਂ। ਡਿਜ਼ੀਟਲ ਤਕਨੀਕ ਕਿਵੇਂ ਭਾਸ਼ਾਵਾਂ ਨੂੰ ਬਦਲ ਰਹੀ ਹੈ, ਸੱਭਿਆਚਾਰਕ ਪ੍ਰਗਟਾਵੇ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਲੋਕਾਂ ਦੀ ਸਾਂਝੀ ਪਛਾਣ ਨੂੰ ਨਵੇਂ ਰੂਪ ਦੇ ਰਹੀ ਹੈ। ਇਹ ਵਿਸ਼ਾ ਵਿਸ਼ਵ ਪੱਧਰ ’ਤੇ ਸੱਭਿਆਚਾਰਕ ਨੀਤੀ ਅਤੇ ਭਾਸ਼ਾ ਦੀ ਰੱਖਿਆ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਵੈੱਬਸਾਈਟ, ਐਪਸ, ਸੋਸ਼ਲ ਮੀਡੀਆ ਰਾਹੀਂ ਭਾਸ਼ਾ ਦੀ ਪਹੁੰਚ ਵਧੀ ਹੈ। ਪੰਜਾਬੀ ਵਿੱਚ ਅਨੁਵਾਦ, ਆਵਾਜ਼ ਤੋਂ ਸ਼ਬਦ ਵਰਗੇ ਸਾਧਨਾਂ ਨਾਲ ਲਿਖਤ ਅਤੇ ਬੋਲੀ ਆਸਾਨ ਹੋਈ ਹੈ, ਪਰ ਖ਼ਤਰਾ ਇਹ ਹੈ ਕਿ ਡਿਜ਼ੀਟਲ ਦੁਨੀਆ ਵਿੱਚ ਕੁਝ ਗਿਣਤੀ ਦੀਆਂ ‘ਵੱਡੀਆਂ ਭਾਸ਼ਾਵਾਂ’ ਹਾਵੀ ਹਨ। ਛੋਟੀਆਂ ਜਾਂ ਦੇਸੀ ਭਾਸ਼ਾਵਾਂ (ਜਿਵੇਂ ਪੰਜਾਬੀ) ਨੂੰ ਜੇ ਡਿਜ਼ੀਟਲ ਸਹਾਇਤਾ ਨਾ ਮਿਲੇ ਤਾਂ ਉਹ ਹਾਸ਼ੀਏ ਤੋਂ ਗਾਇਬ ਹੋ ਜਾਂਦੀਆਂ ਹਨ।

ਸੱਭਿਆਚਾਰ ’ਤੇ ਵੀ ਡਿਜ਼ੀਟਲ ਪ੍ਰਭਾਵ ਪਿਆ ਹੈ। ਸੱਭਿਆਚਾਰ ਸਿਰਫ਼ ਰਸਮਾਂ ਜਾਂ ਤਿਉਹਾਰ ਨਹੀਂ, ਇਹ ਜੀਵਨ-ਢੰਗ, ਵਿਚਾਰ, ਮੁੱਲ ਅਤੇ ਯਾਦਾਂ ਹਨ। ਡਿਜ਼ੀਟਲ ਤਕਨੀਕ ਨੇ ਲੋਕਧਾਰਾ ਨੂੰ ਰਿਕਾਰਡ ਕਰਕੇ ਸੰਭਾਲਿਆ, ਲੋਕ ਗੀਤ, ਕਹਾਣੀਆਂ, ਰਸਮਾਂ ਨੂੰ ਗਲੋਬਲ ਦਰਸ਼ਕ ਦਿੱਤੇ, ਪਰ ਸੱਭਿਆਚਾਰ ਨੂੰ ‘ਡੇਟਾ’ ਬਣਾਉਣ ਨਾਲ ਇਹ ਡਰ ਵੀ ਪੈਦਾ ਹੁੰਦਾ ਹੈ ਕਿ ਕਿਤੇ ਜੀਵੰਤ ਪਰੰਪਰਾ ਮਸ਼ੀਨੀ ਸਮੱਗਰੀ ਵਿੱਚ ਨਾ ਬਦਲ ਜਾਵੇ।

ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਲਈ ਇਹ ਧਾਰਨਾ ਹੈ ਕਿ ਡਿਜ਼ੀਟਲ ਤਕਨੀਕ ਨੂੰ ਵੈਰੀ ਨਹੀਂ, ਸਾਥੀ ਬਣਾਇਆ ਜਾਵੇ। ਪੰਜਾਬੀ ਵਿੱਚ ਐਪਸ, (ਏਆਈ) ਟੂਲ, ਸਿੱਖਿਆ ਸਮੱਗਰੀ ਬਣਾਈ ਜਾਵੇ, ਲੋਕਧਾਰਾ ਨੂੰ ਸੰਭਾਲਦੇ ਹੋਏ ਜੀਵੰਤ ਰੱਖਿਆ ਜਾਵੇ। ਤਕਨੀਕ ਅਟੱਲ ਹੈ, ਪਰ ਸੱਭਿਆਚਾਰ ਦੀ ਦਿਸ਼ਾ ਸਾਡੇ ਫ਼ੈਸਲੇ ਤੈਅ ਕਰਦੀ ਹੈ। ਜੇ ਡਿਜ਼ੀਟਲ ਵਿਕਾਸ ਸੱਭਿਆਚਾਰਕ ਸਮਝ ਨਾਲ ਹੋਵੇ ਤਾਂ ਭਾਸ਼ਾਵਾਂ ਬਚਦੀਆਂ ਵੀ ਹਨ ਅਤੇ ਫਲਦੀਆਂ ਵੀ। ਤਕਨੀਕੀ ਤਰੱਕੀ ਨੂੰ ਰੋਕਿਆ ਨਹੀਂ ਜਾ ਸਕਦਾ, ਪਰ ਇਹ ਜ਼ਰੂਰ ਸੋਚਿਆ ਜਾ ਸਕਦਾ ਹੈ ਕਿ ਇਸ ਤਰੱਕੀ ਦੀ ਕੀਮਤ ਕਿਤੇ ਸਾਡੀ ਸੱਭਿਆਚਾਰਕ ਪਛਾਣ ਤਾਂ ਨਹੀਂ ਬਣ ਰਹੀ।

ਸੰਪਰਕ: 98151-39576

Advertisement
×