ਕਿਸਾਨੀ ਘੋਲ

ਸਿੰਧ ਦੇ ਕਿਸਾਨ ਸੰਘਰਸ਼ ਦਾ ਸ਼ਹੀਦ ਸੂਫ਼ੀ ਸ਼ਾਹ ਇਨਾਇਤ

ਸਿੰਧ ਦੇ ਕਿਸਾਨ ਸੰਘਰਸ਼ ਦਾ ਸ਼ਹੀਦ ਸੂਫ਼ੀ ਸ਼ਾਹ ਇਨਾਇਤ

ਪ੍ਰੋਫੈਸਰ ਅਰਵਿੰਦ

ਪ੍ਰੋਫੈਸਰ ਅਰਵਿੰਦ

ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਲੈਣ ਅਤੇ ਇਨ੍ਹਾਂ ਨੂੰ ਬਰਕਰਾਰ ਰੱਖਣ ਲਈ ਲੰਮਾ ਸੰਘਰਸ਼ ਕਰਨਾ ਪਿਆ। ਅਜੋਕੇ ਸਮੇਂ ਵਿਚ ਵੀ ਆਪਣੇ ਹੱਕਾਂ ਖ਼ਾਤਰ ਕਿਸਾਨ ਦਿੱਲੀ ਦੇ ਬਾਰਡਰਾਂ ਉੱਪਰ ਬੈਠੇ ਹਨ। ਇਨ੍ਹਾਂ ਸੰਘਰਸ਼ੀ ਕਿਸਾਨਾਂ ਨੂੰ ਇਤਿਹਾਸ ਵਿਚ ਹੋਏ ਕਿਸਾਨੀ ਘੋਲਾਂ ਤੋਂ ਸੇਧ ਲੈਣੀ ਚਾਹੀਦੀ ਹੈ ਜਿਨ੍ਹਾਂ ਵਿਚ ਸਿੰਧ ਦਾ ਸੰਘਰਸ਼ ਵੀ ਸ਼ੁਮਾਰ ਹੈ।

ਪਿਛਲੇ ਇਕ ਸਾਲ ਤੋਂ ਕਿਸਾਨ ਆਪਣੇ ਹੱਕਾਂ ਖ਼ਾਤਰ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਹੋਏ ਹਨ। ਇਸ ਸੰਦਰਭ ਵਿਚ ਕਿਸਾਨ ਸੰਘਰਸ਼ ਦੇ ਇਤਿਹਾਸ ਵੱਲ ਧਿਆਨ ਦੇਣ ਦੀ ਲੋੜ ਹੈ। ਕਿਸਾਨਾਂ ਦਾ ਸਮੇਂ ਸਮੇਂ ਦੀਆਂ ਹਕੂਮਤਾਂ ਨਾਲ ਸੰਘਰਸ਼ ਓਨਾ ਹੀ ਪੁਰਾਣਾ ਹੈ ਜਿੰਨੀ ਕਿਸਾਨੀ। ਚੰਦਰਗੁਪਤ ਮੌਰੀਆ ਦੇ ਦੌਰ ਵਿਚ ਵੀ ਲਗਾਨ ਵਿਰੁੱਧ ਕਿਸਾਨਾਂ ਦੇ ਸੰਘਰਸ਼ ਦਾ ਜ਼ਿਕਰ ਮਿਲਦਾ ਹੈ। ਕਿਸਾਨਾਂ ਤੋਂ ਲਗਾਨ ਲੈ ਕੇ ਹੀ ਜਾਗੀਰਦਾਰੀਆਂ ਅਤੇ ਸਰਕਾਰਾਂ ਚਲਦੀਆਂ ਰਹੀਆਂ ਅਤੇ ਕਿਸਾਨਾਂ ਨੂੰ ਹਰ ਦੌਰ ਵਿਚ ਆਪਣੇ ਹੱਕਾਂ ਦੀ ਲੜਾਈ ਲੜਨੀ ਪਈ ਹੈ। ਇਕ ਪਾਸੇ ਕਿਸਾਨਾਂ ਦੇ ਪੁੱਤਰ ਭਰਤੀ ਹੋ ਕੇ ਸਮੇਂ ਸਮੇਂ ਦੀਆਂ ਫ਼ੌਜਾਂ ਦਾ ਹਿੱਸਾ ਬਣਦੇ ਰਹੇ ਹਨ ਅਤੇ ਦੂਜੇ ਪਾਸੇ ਰਾਜਿਆਂ ਵੱਲੋਂ ਜਾਗੀਰਾਂ ਦੇਣਾ ਤੇ ਜਾਗੀਰਦਾਰਾਂ ਵੱਲੋਂ ਆਮ ਕਿਸਾਨਾਂ ਦੀ ਲੁੱਟ ਅਤੇ ਹੋਰ ਅੱਤਿਆਚਾਰ ਸਾਡੇ ਇਤਿਹਾਸ ਦਾ ਅਟੁੱਟ ਹਿੱਸਾ ਰਹੇ ਹਨ। ਪੰਜਾਬ ਵਿਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੁਗ਼ਲਾਂ ਨਾਲ ਜੰਗ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਵਿਚ ਸਰਹਿੰਦ ਨੂੰ ਫ਼ਤਹਿ ਕਰ ਕੇ ਰਾਜ ਆਪਣੇ ਹੱਥ ਵਿਚ ਲਿਆ ਤਾਂ ਇਸ ਖਿੱਤੇ ਵਿਚ ਪਹਿਲੀ ਵਾਰ ਜਾਗੀਰਦਾਰੀ ਪ੍ਰਥਾ ਨੂੰ ਖ਼ਤਮ ਕੀਤਾ ਗਿਆ ਅਤੇ ਦੁਨੀਆ ਵਿਚ ਪਹਿਲੀ ਵਾਰ ਕਿਸਾਨਾਂ ਨੂੰ ਜ਼ਮੀਨ ਦੀ ਮਾਲਕੀ ਮਿਲੀ। ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ 1716 ਵਿਚ ਗੁਰਦਾਸ ਨੰਗਲ ਦੀ ਘੇਰਾਬੰਦੀ ਤੋਂ ਬਾਅਦ ਮੁਗ਼ਲ ਸਲਤਨਤ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਫਿਰ ਦਿੱਲੀ ਵਿਚ ਸ਼ਹੀਦ ਕਰ ਦਿੱਤਾ ਸੀ, ਪਰ ਪੰਜਾਬ ਵਿਚ ਜਾਗੀਰਦਾਰੀ ਪ੍ਰਥਾ ਮੁੜ ਸਥਾਪਿਤ ਨਾ ਹੋ ਸਕੀ ਤੇ ਸਿੱਖਾਂ ਦੀ ਤਾਕਤ ਵਧਦੀ ਗਈ। ਸਿੱਖ ਫ਼ੌਜ ਮੁੱਖ ਰੂਪ ਵਿਚ ਪੰਜਾਬ ਦੀ ਕਿਸਾਨੀ ਵਿਚੋਂ ਹੀ ਪੈਦਾ ਹੋਈ ਸੀ। ਇਸ ਸਾਰੇ ਇਤਿਹਾਸਕ ਵਰਤਾਰੇ ਪਿੱਛੇ ਕਿਸਾਨਾਂ ਨਾਲ ਲੰਬੇ ਸਮੇਂ ਤੋਂ ਹੁੰਦੀ ਆ ਰਹੀ ਬੇਇਨਸਾਫ਼ੀ ਅਤੇ ਉਨ੍ਹਾਂ ਦਾ ਸਮੇਂ ਦੇ ਹਾਕਮਾਂ ਵਿਰੁੱਧ ਰੋਸ ਵੱਡਾ ਕਾਰਨ ਸੀ। ਇਸ ਲਈ ਇਸ ਖਿੱਤੇ ਵਿਚ 18ਵੀਂ ਸਦੀ ਵਿਚ ਜਾਗੀਰਦਾਰੀ ਨਿਜ਼ਾਮ ਦਾ ਖ਼ਾਤਮਾ ਕਿਸਾਨ ਅੰਦੋਲਨ ਦੀ ਇਕ ਵੱਡੀ ਜਿੱਤ ਦੇ ਰੂਪ ਵਿਚ ਵੇਖਿਆ ਜਾਣਾ ਚਾਹੀਦਾ ਹੈ। ਪੰਜਾਬ ਵਿਚ ਸਿੱਖਾਂ ਦੀ ਚੜ੍ਹਤ ਧਾਰਮਿਕ ਪੱਖ ਦੇ ਨਾਲ ਨਾਲ ਆਵਾਮ ਤੇ ਖ਼ਾਸਕਰ ਕਿਸਾਨੀ ਦੇ, ਤਤਕਾਲੀ ਲੋਟੂ ਅਤੇ ਅੱਤਿਆਚਾਰੀ ਨਿਜ਼ਾਮ ਵਿਰੁੱਧ, ਰੋਸ ਦਾ ਨਤੀਜਾ ਵੀ ਸੀ।

ਸ਼ਾਹ ਇਨਾਇਤਉਲ੍ਹਾ ਸਿੰਧ ਦਾ ਇਕ ਸੂਫ਼ੀ ਸੀ ਜਿਸ ਦਾ ਜਨਮ 1655 ਈਸਵੀ ਵਿਚ ਹੋਇਆ। ਉਹ ਸਾਦੋ ਲੰਗਾਹ ਦਾ ਪੋਤਰਾ ਅਤੇ ਫਜ਼ਲਾਹ ਲੰਗਾਹ ਦਾ ਪੁੱਤਰ ਸੀ। ਉਨ੍ਹਾਂ ਦਾ ਪਰਿਵਾਰ ਪੜ੍ਹੇ ਲਿਖੇ ਸੂਫ਼ੀਆਂ ਦਾ ਪਰਿਵਾਰ ਸੀ ਜਿਸ ਦੀ ਮੀਰਾਂਪੁਰ ਸਿੰਧ ਵਿਚ ਚੰਗੀ ਮਾਨਤਾ ਸੀ। ਇਨਾਇਤਉਲ੍ਹਾ ਨੇ ਸ਼ਮਸ ਸ਼ਾਹ ਕੋਲੋਂ ਤਾਲੀਮ ਲਈ ਅਤੇ ਤਾਲੀਮ ਦੇ ਸਿਲਸਿਲੇ ਵਿਚ ਉਹ ਇਰਾਨ ਅਤੇ ਇਰਾਕ ਵੀ ਗਿਆ। ਭਾਰਤ ਵਿਚ ਵੀ ਉਹ ਵੱਖ ਵੱਖ ਸਥਾਨਾਂ ’ਤੇ ਰਿਹਾ ਅਤੇ ਮਸ਼ਹੂਰ ਸੂਫ਼ੀ ਅਬਦੁਲ ਮਲਿਕ ਦਾ ਸ਼ਾਗਿਰਦ ਬਣਿਆ ਜੋ ਹੈਦਰਾਬਾਦ ਦੇ ਨਿਜ਼ਾਮ ਦਾ ਸਲਾਹਕਾਰ ਸੀ। ਫਿਰ ਉਸ ਨੇ ਮਸ਼ਹੂਰ ਵਿਦਵਾਨ ਗ਼ੁਲਾਮ ਮੁਹੰਮਦ ਕੋਲੋਂ ਹੋਰ ਤਾਲੀਮ ਲਈ। ਦਸ ਸਾਲ ਦੀ ਤਾਲੀਮ ਮੁਕੰਮਲ ਕਰ ਕੇ ਇਨਾਇਤਉਲ੍ਹਾ ਆਪਣੇ ਮੁਰਸ਼ਦ ਨਾਲ ਸਿੰਧ ਵਾਪਸ ਆਇਆ ਜਿੱਥੇ ਉਹਦੀ ਝੋਕ ਦੀ ਬਹੁਤ ਮਾਨਤਾ ਹੋ ਗਈ। ਉਹ ਝੋਕ ਸ਼ਰੀਫ ਦੇ ਸ਼ਾਹ ਇਨਾਇਤ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਸ਼ਾਹ ਇਨਾਇਤ ਆਪਣੇ ਪੈਰੋਕਾਰਾਂ ਨੂੰ ਨਵੀਂ ਸੋਚ ਦਿੰਦਾ ਸੀ। ਇਸ ਲਈ ਉਸ ਦੀਆਂ ਇਨਕਲਾਬੀ ਗੱਲਾਂ ਸਮੇਂ ਦੇ ਹਾਕਮਾਂ ਨੂੰ ਪਸੰਦ ਨਾ ਆਈਆਂ ਤੇ ਉਹਨੂੰ ਝੋਕ ਛੱਡ ਕੇ ਮੀਰਾਂਪੁਰ ਜਾਣਾ ਪਿਆ ਜੋ ਉਹਦੇ ਪੁਰਖਿਆਂ ਦੀ ਧਰਤੀ ਸੀ। ਝੋਕ ਸ਼ਰੀਫ ਸਿੰਧ ਦੇ ਠੱਟਾ ਜ਼ਿਲ੍ਹੇ ਵਿਚ ਹੈ ਤੇ ਝੋਕ ਸ਼ਬਦ ਪਿੰਡ ਜਾਂ ਕਿਸੇ ਸੂਫ਼ੀ ਦੀ ਜਗ੍ਹਾ ਲਈ ਵੀ ਵਰਤਿਆ ਜਾਂਦਾ ਹੈ। ਇਹ ਦੱਸਣਾ ਵੀ ਜ਼ਰੂਰੀ ਹੈ ਕਿ ਪੰਜਾਬ ਵਿਚ ਬਾਬਾ ਬੁੱਲ੍ਹੇ ਸ਼ਾਹ ਦਾ ਗੁਰੂ ਸ਼ਾਹ ਇਨਾਇਤ ਕਾਦਰੀ (1643-1728) ਸੀ ਜੋ ਇਸੇ ਸਮੇਂ ਦਾ ਇਕ ਵੱਖਰਾ ਕਾਦਰੀ-ਸ਼ਾਤਰੀ ਸਿਲਸਿਲੇ ਦਾ ਸੂਫ਼ੀ ਸੀ।

ਸਿੰਧ ਬਹੁਤ ਉਪਜਾਊ ਧਰਤੀ ਹੈ ਅਤੇ ਇਸ ਦਾ ਇਤਿਹਾਸ ਬਹੁਤ ਪੁਰਾਣਾ ਹੈ। ਸੱਤਵੀਂ ਸਦੀ ਵਿਚ ਮੀਰ ਕਾਸਮ ਨੇ ਸਿੰਧ ’ਤੇ ਕਬਜ਼ਾ ਕੀਤਾ ਅਤੇ ਅਕਬਰ ਦੇ ਰਾਜ ਕਾਲ ਦੌਰਾਨ ਸਿੰਧ ਮੁਗ਼ਲ ਸਲਤਨਤ ਦਾ ਹਿੱਸਾ ਬਣਿਆ। ਦਿੱਲੀ ਤੋਂ ਦੂਰ ਹੋਣ ਕਾਰਨ ਸਿੰਧ ਦੇ ਸੂਬੇਦਾਰ ਹੀ ਬਾਦਸ਼ਾਹ ਦੇ ਨਾਮ ’ਤੇ ਆਪਣੇ ਢੰਗ ਨਾਲ ਰਾਜ ਕਰਦੇ ਰਹੇ। ਇਸ ਉੱਤੇ ਦਿੱਲੀ ਦਰਬਾਰ ਦੀ ਨਜ਼ਰਸਾਨੀ ਅਤੇ ਦਖ਼ਲਅੰਦਾਜ਼ੀ ਬਹੁਤ ਘੱਟ ਸੀ।

ਜਾਗੀਰਦਾਰੀ ਪ੍ਰਥਾ ਮੁੱਖ ਰਹੀ ਅਤੇ ਆਮ ਕਿਸਾਨਾਂ ਦੀ ਹਾਲਤ ਮਾੜੀ ਸੀ। ਔਰੰਗਜ਼ੇਬ ਦੇ ਫੌਤ ਹੋਣ ਤੋਂ ਬਾਅਦ ਹਾਲਾਤ ਹੋਰ ਵੀ ਮਾੜੇ ਹੋ ਗਏ। ਅਫ਼ਸਰਸ਼ਾਹੀ ਅਤੇ ਅਰਾਜਕਤਾ ਫੈਲਾਉਣ ਵਾਲੇ ਤੱਤਾਂ ਨੇ ਆਮ ਲੋਕਾਂ ਨੂੰ ਬੇਤਹਾਸ਼ਾ ਲੁੱਟਣਾ ਸ਼ੁਰੂ ਕਰ ਦਿੱਤਾ।

ਨੱਬੇ ਫ਼ੀਸਦੀ ਜ਼ਮੀਨ ਬਹੁਤ ਥੋੜ੍ਹੇ ਲੋਕਾਂ ਦੇ ਹੱਥ ਵਿਚ ਸੀ ਅਤੇ ਆਮ ਲੋਕਾਂ ਨੂੰ ਦੋ ਵਕਤ ਦੀ ਰੋਟੀ ਮਿਲਣੀ ਵੀ ਮੁਸ਼ਕਿਲ ਹੋ ਚੁੱਕੀ ਸੀ। ਇਸ ਨਿਜ਼ਾਮ ਵਿਚ ਸੂਫ਼ੀ ਸੰਤਾਂ ਅਤੇ ਮਦਰੱਸਿਆਂ ਕੋਲ ਵੀ ਬਾਦਸ਼ਾਹ ਵੱਲੋਂ ਦਿੱਤੀਆਂ ਜ਼ਮੀਨਾਂ ਸਨ ਜਿਨ੍ਹਾਂ ਉਪਰ ਸਰਕਾਰ ਕੋਈ ਲਗਾਨ ਨਹੀਂ ਸੀ ਵਸੂਲਦੀ। ਫਿਰ ਵੀ ਕਿਸਾਨਾਂ ਕੋਲੋਂ ਇਹ ਸੂਫ਼ੀ ਤੇ ਮਦਰੱਸੇ ਆਪਣੀ ਮਰਜ਼ੀ ਮੁਤਾਬਿਕ ਲਗਾਨ ਵਸੂਲਦੇ ਸਨ। ਜਾਗੀਰਦਾਰਾਂ ਅਤੇ ਜ਼ਮੀਨ ਉਪਰ ਕਾਬਜ਼ ਹੋਰ ਸੰਸਥਾਵਾਂ ਲਈ ਕਿਸਾਨਾਂ ਤੋਂ ਲਗਾਨ ਵਸੂਲਣ ਦੇ ਕੋਈ ਨਿਯਮ ਨਹੀਂ ਸਨ ਅਤੇ ਉਨ੍ਹਾਂ ਵਿਚੋਂ ਕਈ ਤਾਂ ਸਾਰੀ ਦੀ ਸਾਰੀ ਉਪਜ ਹੀ ਕਿਸਾਨਾਂ ਕੋਲੋਂ ਹਥਿਆ ਲੈਂਦੇ ਸਨ।

ਸ਼ਾਹ ਇਨਾਇਤ ਦੇ ਪਰਿਵਾਰ ਦੀ ਸਥਾਨਕ ਲੋਕਾਂ ਵਿਚ ਸਦਰ ਦੀਨ ਉਰਫ਼ ਸਾਧੋ ਲੰਗਾਹ ਦੇ ਸਮੇਂ ਤੋਂ ਹੀ ਬਹੁਤ ਮਾਨਤਾ ਸੀ ਅਤੇ ਉਨ੍ਹਾਂ ਨਾਲ ਜੁੜੇ ਪੈਰੋਕਾਰਾਂ ਦੀ ਗਿਣਤੀ ਬਹੁਤ ਸੀ। ਇਸ ਪਰਿਵਾਰ ਕੋਲ ਬਹੁਤ ਵੱਡੀ ਵਾਹੀਯੋਗ ਜ਼ਮੀਨ ਦਾ ਖੇਤਰ ਸੀ ਜਿਸ ਦਾ ਲਗਾਨ ਉਹ ਉਗਰਾਹੁੰਦੇ ਸਨ। ਸ਼ਾਹ ਇਨਾਇਤ ਕਿਸਾਨਾਂ ਦੀ ਨਿਘਰਦੀ ਹਾਲਤ ਬਾਰੇ ਫ਼ਿਕਰਮੰਦ ਸੀ ਅਤੇ ਇਸ ਸਥਿਤੀ ਵਿਚ ਤਬਦੀਲੀ ਚਾਹੁੰਦਾ ਸੀ। ਉਸ ਨੇ ਆਪਣੇ ਪੁਰਖਿਆਂ ਦੀਆਂ ਜ਼ਮੀਨਾਂ ਨੂੰ ਸਮੂਹਿਕ ਜਾਇਦਾਦ ਐਲਾਨ ਦਿੱਤਾ ਅਤੇ ਇਕ ਨਵੀਂ ਸਮੂਹਿਕ ਆਰਥਿਕ ਪ੍ਰਣਾਲੀ ਸਾਹਮਣੇ ਲਿਆਂਦੀ। ਇਸ ਨਵੀਂ ਪ੍ਰਣਾਲੀ ਅਨੁਸਾਰ ਜ਼ਮੀਨਾਂ ਨੂੰ ਪਿੰਡ ਵਾਸੀਆਂ ਦੇ ਸਮੂਹਿਕ ਯਤਨਾਂ ਰਾਹੀਂ ਵਾਹਿਆ ਤੇ ਬੀਜਿਆ ਜਾਂਦਾ ਅਤੇ ਉਪਜ ਨੂੰ ਕੀਤੀ ਗਈ ਮਿਹਨਤ ਅਤੇ ਲੋੜਾਂ ਦੇ ਆਧਾਰ ’ਤੇ ਕਿਸਾਨਾਂ ਵਿਚ ਬਰਾਬਰ ਵੰਡਿਆ ਜਾਂਦਾ। ਇਹ ਤਜਰਬਾ ਸਫ਼ਲ ਸਾਬਿਤ ਹੋਇਆ। ਸ਼ਾਹ ਇਨਾਇਤ ਨੇ ਸਭ ਨੂੰ ਸਮਝਾਇਆ ਕਿ ਇਸ ਧਰਤੀ ਦਾ ਮਾਲਕ ਰੱਬ ਹੈ ਅਤੇ ਹਲ ਵਾਹੁਣ ਵਾਲੇ ਤੇ ਰੱਬ ਦੇ ਵਿਚਕਾਰ ਹੋਰ ਕੋਈ ਮਾਲਕ ਨਹੀਂ ਹੈ।

ਇਸ ਨਵੀਂ ਸੋਚ ਨੂੰ ਦੱਬੇ-ਕੁਚਲੇ ਲੋਕਾਂ ਅਤੇ ਲੁੱਟੀ ਹੋਈ ਜਨਤਾ ਨੇ ਅਪਣਾਇਆ ਅਤੇ ਉਹ ਆਪਣੇ ਜ਼ਿਮੀਂਦਾਰਾਂ ਨੂੰ ਛੱਡ ਕੇ ਇਸ ਸਮੂਹਿਕ ਆਰਥਿਕ ਪ੍ਰਣਾਲੀ ਵਿਚ ਸ਼ਾਮਲ ਹੋਣ ਲੱਗੇ। ਸਿੰਧ ਵਿਚ ਇਸ ਪ੍ਰਣਾਲੀ ਜ਼ਰੀਏ ਇਕ ਨਵੀਂ ਸ਼ਕਤੀ ਦਾ ਉਭਾਰ ਹੋਇਆ। ਕਈ ਹੋਰ ਸੂਫ਼ੀ ਵੀ ਇਸ ਪ੍ਰਣਾਲੀ ਵਿਚ ਸ਼ਾਮਿਲ ਹੋਏ ਤੇ ਇਕ ਵੱਡੇ ਖੇਤਰ ਵਿਚ ਜਾਗੀਰਦਾਰਾਂ ਤੋਂ ਕਿਸਾਨ ਆਪਣੇ ਹੱਕ ਮੰਗਣ ਅਤੇ ਝੋਕ ਵਰਗੀ ਪ੍ਰਣਾਲੀ ਅਪਣਾਉਣ ਦੀ ਮੰਗ ਕਰਨ ਲੱਗੇ। ਸਪਸ਼ਟ ਹੈ ਕਿ ਇਹ ਜਾਗੀਰਦਾਰ ਮਾਲਕਾਂ ਅਤੇ ਮੁਲਾਣਿਆਂ ਨੂੰ ਮਨਜ਼ੂਰ ਨਹੀਂ ਸੀ। ਉਨ੍ਹਾਂ ਨੂੰ ਆਪਣੀ ਮਾਲਕੀ ਖੁੱਸਦੀ ਦਿਸਣ ਲੱਗੀ। ਉਹ ਸਾਰੇ ਆਪਸੀ ਮੱਤਭੇਦ ਭੁਲਾ ਕੇ ਇਸ ਨਵੀਂ ਸਮੂਹਿਕ ਖੇਤੀ ਦੀ ਸ਼ਕਤੀ ਵਿਰੁੱਧ ਇਕੱਠੇ ਹੋ ਗਏ। ਸ਼ਾਹ ਇਨਾਇਤ ਨੇ ਆਪਣੀ ਝੋਕ ਵਿਚ ਨਵੀਂ ਸਮੂਹਿਕ ਖੇਤੀ ਪ੍ਰਣਾਲੀ ਦੀ ਹਿਫ਼ਾਜ਼ਤ ਲਈ ਫ਼ੌਜ ਵੀ ਤਿਆਰ ਕਰ ਲਈ ਸੀ। ਸਿੰਧ ਦੇ ਸਾਰੇ ਨਿਜ਼ਾਮ ਨੂੰ ਇਸ ਨਵੀਂ ਲਹਿਰ ਤੋਂ ਖ਼ਤਰਾ ਮਹਿਸੂਸ ਹੋਣ ਲੱਗ ਪਿਆ। ਉਨ੍ਹਾਂ ਨੇ ਰਲ ਕੇ ਝੋਕ ਉੱਪਰ ਹਮਲਾ ਕੀਤਾ ਅਤੇ ਕਾਫ਼ੀ ਨੁਕਸਾਨ ਤੇ ਜ਼ੁਲਮ ਕੀਤਾ।

ਮਾਮਲਾ ਦਿੱਲੀ ਦਰਬਾਰ ਤੱਕ ਗਿਆ ਅਤੇ ਦਰਬਾਰ ਨੇ ਝੋਕ ਦੇ ਹੱਕ ਵਿਚ ਫਰਮਾਨ ਜਾਰੀ ਕਰਦਿਆਂ ਹਮਲੇ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ। ਇਸ ਨਾਲ ਅੰਦੋਲਨ ਨੂੰ ਮਦਦ ਮਿਲੀ ਅਤੇ ਹੋਰ ਬਹੁਤ ਸਾਰੀ ਜ਼ਮੀਨ ਤੇ ਕਿਸਾਨ ਇਸ ਵਿਚ ਸ਼ਾਮਿਲ ਹੋ ਗਏ। ਛੇਤੀ ਹੀ ਸਮੂਹਿਕ ਖੇਤੀ ਦਾ ਇਹ ਸਮੂਹ ਸਿੰਧ ਵਿਚ ਇਕ ਵੱਡੀ ਤਾਕਤ ਬਣ ਗਿਆ।

1716 ਵਿਚ ਦਿੱਲੀ ਦੇ ਬਾਦਸ਼ਾਹ ਫਾਰਖ਼ੁਸੀਅਰ ਨੇ ਆਜ਼ਮ ਖ਼ਾਨ ਨੂੰ ਸਿੰਧ ਦਾ ਸੂਬੇਦਾਰ ਨਿਯੁਕਤ ਕੀਤਾ। ਸਾਰੇ ਮੁਕਾਮੀ ਹਾਕਮ, ਜਾਗੀਰਦਾਰ ਤੇ ਮੁਲਾਣੇ ਇਕੱਠੇ ਹੋ ਕੇ ਉਸ ਨੂੰ ਮਿਲੇ। ਉਨ੍ਹਾਂ ਨੇ ਸ਼ਾਹ ਇਨਾਇਤ ਦੀਆਂ ਇਨਕਲਾਬੀ ਗਤੀਵਿਧੀਆਂ ਅਤੇ ਸਮੂਹਿਕ ਖੇਤੀ ਦੇ ਖ਼ਤਰੇ ਤੋਂ ਉਸ ਨੂੰ ਜਾਣੂੰ ਕਰਵਾਇਆ। ਸੂਬੇਦਾਰ ਨੇ ਬਾਦਸ਼ਾਹ ਨੂੰ ਚਿੱਠੀ ਲਿਖੀ ਜਿਸ ਵਿਚ ਕਿਹਾ ਗਿਆ ਕਿ ਸ਼ਾਹ ਇਨਾਇਤ ਨੇ ਆਪਣੇ ਆਪ ਨੂੰ ਆਜ਼ਾਦ ਘੋਸ਼ਿਤ ਕਰ ਦਿੱਤਾ ਹੈ, ਇਸ ਲਈ ਉਸ ਨੂੰ ਕੁਚਲਣ ਲਈ ਫਰਮਾਨ ਜਾਰੀ ਕੀਤਾ ਜਾਵੇ ਤੇ ਸ਼ਾਹੀ ਫ਼ੌਜ ਭੇਜੀ ਜਾਵੇ। ਇਹ ਇਲਜ਼ਾਮ ਝੂਠਾ ਸੀ। ਬਾਦਸ਼ਾਹ ਨੇ ਤੱਥਾਂ ਦੀ ਤਹਿਕੀਕਾਤ ਕੀਤੇ ਬਿਨਾਂ ਹੀ ਸੂਬੇਦਾਰ ਦੀ ਚਿੱਠੀ ਮੁਤਾਬਿਕ ਫਰਮਾਨ ਜਾਰੀ ਕਰ ਦਿੱਤਾ ਅਤੇ ਕੁਮਕ ਭੇਜੀ ਤਾਂ ਜੋ ਝੋਕ ਦੇ ਵਿਦਰੋਹ ਨੂੰ ਖ਼ਤਮ ਕੀਤਾ ਜਾ ਸਕੇ।

ਝੋਕ ਦੁਆਲੇ ਮੁਗ਼ਲ ਫ਼ੌਜ ਦਾ ਘੇਰਾ ਛੇ ਮਹੀਨੇ ਚੱਲਿਆ। ਝੋਕ ਨੇ ਆਪਣੀ ਹਿਫ਼ਾਜ਼ਤ ਬਾਖ਼ੂਬੀ ਕੀਤੀ। ਹਜ਼ਾਰਾਂ ਕਿਸਾਨ ਸ਼ਹੀਦ ਹੋਏ, ਪਰ ਫ਼ੌਜ ਨੂੰ ਝੋਕ ’ਤੇ ਕਾਬਜ਼ ਨਾ ਹੋਣ ਦਿੱਤਾ। ਅੰਤ ਸਮਝੌਤੇ ਦੇ ਸੱਦੇ ਤਹਿਤ (ਜਿਸ ਵਿਚ ਵਾਅਦਾ ਕੀਤਾ ਗਿਆ ਸੀ ਕਿ ਸ਼ਾਹ ਇਨਾਇਤ ਦੇ ਪੇਸ਼ ਹੋ ਜਾਣ ’ਤੇ ਫ਼ੌਜ ਝੋਕ ਦਾ ਕੋਈ ਨੁਕਸਾਨ ਨਹੀਂ ਕਰੇਗੀ) ਸ਼ਾਹ ਇਨਾਇਤ ਪੇਸ਼ ਹੋ ਗਿਆ, ਪਰ ਮੁਗ਼ਲ ਫ਼ੌਜ ਨੇ ਸਮਝੌਤਾ ਤੋੜਿਆ ਅਤੇ ਝੋਕ ਨੂੰ ਕੁਚਲ ਦਿੱਤਾ। ਸ਼ਾਹ ਇਨਾਇਤ ਨੂੰ ਮੁਗ਼ਲ ਦਰਬਾਰ ਵਿਚ ਪੇਸ਼ ਕੀਤਾ ਅਤੇ 8 ਜਨਵਰੀ 1718 ਨੂੰ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਹ ਸ਼ਾਹ ਇਨਾਇਤ ਸ਼ਹੀਦ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਦੰਦਕਥਾ ਮੁਤਾਬਿਕ ਉਸ ਦੇ ਕੱਟੇ ਹੋਏ ਸਿਰ ਨੇ ਫ਼ਾਰਸੀ ਵਿਚ ਕਲਾਮ ਕਿਹਾ ਜੋ ਬੇਸਿਰਨਾਮਾ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਮੁਗ਼ਲ ਦਰਬਾਰ ਵਿਚ ਸ਼ਾਹ ਇਨਾਇਤ ਇਕ ਆਲਮ ਸੂਫ਼ੀ ਵਜੋਂ ਜਾਣਿਆ ਜਾਂਦਾ ਸੀ ਅਤੇ ਉਸ ਦੇ ਕਈ ਮੁਰੀਦ ਸਨ। ਉਸ ਦੀ ਸ਼ਹਾਦਤ ਤੋਂ ਬਾਅਦ ਦਰਬਾਰ ਵਿਚ ਖਲਬਲੀ ਮੱਚ ਗਈ ਤੇ ਸ਼ਾਹ ਇਨਾਇਤ ਦੇ ਇਕ ਮੁਰੀਦ ਨੇ ਫਾਰਖ਼ੁਸੀਅਰ ਦੀ ਅੱਖ ਕੱਢ ਦਿੱਤੀ।

ਇਸ ਨਾਲ ਸਿੰਧ ਵਿਚ ਕਿਸਾਨ ਅੰਦੋਲਨ ਅਸਥਾਈ ਤੌਰ ’ਤੇ ਖ਼ਤਮ ਹੋ ਗਿਆ, ਪਰ ਜ਼ਮੀਨ ਉਪਰ ਵਾਹੁਣ ਵਾਲੇ ਦੇ ਹੱਕ ਦੀ ਗੱਲ ਅਤੇ ਇਸ ਲਈ ਲੜਾਈ ਦਾ ਮੁੱਢ ਬੱਝ ਗਿਆ। ਸੂਫ਼ੀ ਸ਼ਾਹ ਇਨਾਇਤ ਸ਼ਹੀਦ ਨੇ ਖੇਤੀਬਾੜੀ ਵਿਚ ਆਮਦਨ ਵੰਡ ਦੇ ਢੰਗ ਨੂੰ ਸਮਾਜਵਾਦੀ ਲੀਹਾਂ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜੋ ਬੇਮਿਸਾਲ ਹੈ ਤੇ ਸੰਸਾਰ ਵਿਚ ਅਜਿਹੀਆਂ ਪਹਿਲੀਆਂ ਕੋਸ਼ਿਸ਼ਾਂ ਵਿਚੋਂ ਹੈ। ਅੱਜ ਵੀ ਇਸ ਦਾ ਪ੍ਰਭਾਵ ਸਿੰਧ ਵਿਚ ਕਿਸਾਨੀ ਦੇ ਰਿਵਾਜਾਂ ਅਤੇ ਉਨ੍ਹਾਂ ਦੇ ਸੂਫ਼ੀਆਂ ਨਾਲ ਲਗਾਅ ਤੋਂ ਦੇਖਿਆ ਜਾ ਸਕਦਾ ਹੈ। ਸਿੰਧ ਵਿਚ ਸ਼ਾਹ ਇਨਾਇਤ ਦੇ ਪੈਰੋਕਾਰ ਪੀਲੇ ਕੱਪੜੇ ਅੱਜ ਵੀ ਪਾਉਂਦੇ ਹਨ ਅਤੇ ਕਿਸਾਨੀ ਵਿਚ ਸੂਫ਼ੀਆਂ ਦਾ ਚੋਖਾ ਪ੍ਰਭਾਵ ਹੈ। ਦੁਨੀਆ ਪ੍ਰਤੀ ਉਸ ਦਾ ਨਜ਼ਰੀਆ ਬਿਨਾਂ ਕਿਸੇ ਭੇਦਭਾਵ ਵਾਲੇ ਸਮਾਜ ਦੀ ਸਿਰਜਣਾ ਸੀ ਜਿਸ ਵਿਚ ਸਮਾਜਿਕ, ਆਰਥਿਕ ਅਤੇ ਧਾਰਮਿਕ ਸਥਿਤੀ ਦੇ ਆਧਾਰ ’ਤੇ ਲੋਕਾਂ ਵਿਚ ਫ਼ਰਕ ਨਾ ਸਮਝਿਆ ਜਾਵੇ। ਸਿੰਧ ਤੋਂ ਬਾਹਰ ਸ਼ਾਹ ਇਨਾਇਤ ਅਤੇ ਉਸ ਦੇ ਕਾਰਜਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਸੰਭਵ ਹੈ ਕਿ ਕਿਸਾਨ ਸੰਘਰਸ਼ ਦੇ ਇਤਿਹਾਸ ਨੂੰ ਫਰੋਲਿਆਂ ਦੁਨੀਆ ਦੇ ਹੋਰ ਹਿੱਸਿਆਂ ਵਿਚੋਂ ਵੀ ਸੰਘਰਸ਼ ਦੀਆਂ ਵਡਮੁੱਲੀਆਂ ਉਦਾਹਰਣਾਂ ਮਿਲਣ।

ਅਠਾਰਵੀਂ ਸਦੀ ਦੇ ਦੂਸਰੇ ਦਹਾਕੇ ਵਿਚ ਪੰਜਾਬ ਵਿਚ ਸਿੱਖਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਜ਼ਮੀਨ ’ਤੇ ਮਾਲਕੀ ਕਿਸਾਨਾਂ ਨੂੰ ਦੇਣਾ, ਸ਼ਾਹ ਇਨਾਇਤ ਸ਼ਹੀਦ ਦਾ ਸਿੰਧ ਵਿਚ ਸਮੂਹਿਕ ਖੇਤੀ ਸ਼ੁਰੂ ਕਰਨਾ ਅਤੇ ਉਸ ਦਾ ਸਿੰਧ ਵਿਚ ਇਕ ਵੱਡੀ ਲਹਿਰ ਦੇ ਰੂਪ ਵਿਚ ਉੱਭਰਨਾ ਸਪਸ਼ਟ ਦਰਸਾਉਂਦਾ ਹੈ ਕਿ ਇਨ੍ਹਾਂ ਖਿੱਤਿਆਂ ਵਿਚ ਕਿਸਾਨੀ ਵਿਚ ਸਮੇਂ ਦੇ ਨਿਜ਼ਾਮ ਦੇ ਖ਼ਿਲਾਫ਼ ਰੋਹ ਸੀ। ਦੋਵਾਂ ਹੀ ਖਿੱਤਿਆਂ ਵਿਚ ਧਾਰਮਿਕ ਅਤੇ ਅਧਿਆਤਮਕ ਧਾਰਾਵਾਂ, ਪੰਜਾਬ ਵਿਚ ਸਿੱਖ ਅਤੇ ਸਿੰਧ ਵਿਚ ਸੂਫ਼ੀ ਵਿਚਾਰਧਾਰਾ, ਨੇ ਇਸ ਰੋਹ ਨੂੰ ਤਾਕਤ ਵਿਚ ਤਬਦੀਲ ਕਰਨ ਵਿਚ ਹਿੱਸਾ ਪਾਇਆ। ਸ਼ਾਹ ਇਨਾਇਤ ਦੀ ਝੋਕ ਦੀ ਘੇਰਾਬੰਦੀ ਛੇ ਮਹੀਨੇ ਤੱਕ ਚੱਲੀ ਅਤੇ ਹਜ਼ਾਰਾਂ ਕਿਸਾਨ ਸ਼ਹੀਦ ਹੋਏ ਜਿੱਥੋਂ ਉਸ ਦੀ ਤਾਕਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪੰਜਾਬ ਵਿਚ ਸਿੱਖੀ ਅਤੇ ਸਿੰਧ ਵਿਚ ਸ਼ਾਹ ਇਨਾਇਤ ਦੀ ਲਹਿਰ ਉਸ ਸਮੇਂ ਦੀਆਂ ਸਮਾਜਿਕ ਤੇ ਆਰਥਿਕ ਬਰਾਬਰੀ ਨੂੰ ਪ੍ਰਣਾਈਆਂ ਹੋਈਆਂ ਲਹਿਰਾਂ ਸਨ। ਇਹ ਵੀ ਸਪਸ਼ਟ ਹੈ ਕਿ ਸਮੇਂ ਦੇ ਨਿਜ਼ਾਮ ਨੇ ਸੱਤਾ ਅਤੇ ਇਸ ਨਾਲ ਜੁੜੀਆਂ ਸੰਸਥਾਵਾਂ ਬਚਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਅਤੇ ਸ਼ਾਹ ਇਨਾਇਤ ਉੱਪਰ ਇਕੋ ਤਰ੍ਹਾਂ ਦਾ ਜ਼ੁਲਮ ਕੀਤਾ।

ਕਿਸਾਨਾਂ ਦਾ ਸੰਘਰਸ਼ ਅੱਜ ਵੀ ਜਾਰੀ ਹੈ ਅਤੇ ਮਸਲਾ ਅੱਜ ਵੀ ਜ਼ਮੀਨ ਦੀ ਮਾਲਕੀ ਦਾ ਹੈ। ਕਿਸਾਨਾਂ ਦੀ ਜ਼ਮੀਨ ਖੋਹ ਕੇ ਕਾਰਪੋਰੇਟ ਇਸ ਉਪਰ ਕਬਜ਼ਾ ਜਮਾਉਣਾ ਚਾਹੁੰਦੇ ਹਨ। ਹਰੇ ਇਨਕਲਾਬ ਨੇ ਪਹਿਲਾਂ ਹੀ ਕਿਸਾਨਾਂ ਨੂੰ ਕੰਪਨੀਆਂ ਅਤੇ ਸਰਕਾਰਾਂ ਦਾ ਮੁਹਤਾਜ ਬਣਾਇਆ ਹੋਇਆ ਹੈ। ਸਮੇਂ ਦੀ ਲੋੜ ਹੈ ਕਿ ਕਿਸਾਨ ਸ਼ਾਹ ਇਨਾਇਤ ਸ਼ਹੀਦ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਕਿਸਾਨ ਸੰਘਰਸ਼ ਦੇ ਇਤਿਹਾਸ ਤੋਂ ਸੇਧ ਲੈਣ ਤਾਂ ਜੋ ਸਮਾਜ ਅੱਗੇ ਵਧ ਸਕੇ ਅਤੇ ਆਵਾਮ ਦੀ ਲੁੱਟ ਖ਼ਤਮ ਹੋ ਸਕੇ। ਅਜੋਕੇ ਸਮੇਂ ਵਿਚ ਖੇਤੀ ਦਾ ਨਵਾਂ ਮਾਡਲ ਕਿਸਾਨ ਕੇਂਦਰਤ ਸਹਿਕਾਰੀ ਤੇ ਕੁਦਰਤੀ ਖੇਤੀ ਹੈ ਜਿਸ ਨੂੰ ਅਮਲ ਵਿਚ ਲਿਆਉਣ ਲਈ ਸੰਘਰਸ਼ ਅਤੇ ਖੋਜ ਦੀ ਲੋੜ ਹੈ।

* ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਪਰਕ: 98885-64456

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All