ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ

ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ

ਅਜੀਤ ਸਿੰਘ ਖੰਨਾ 

15 ਅਗਸਤ ਨੂੰ ਸ਼ਹੀਦੀ ਦਿਵਸ ’ਤੇ ਵਿਸ਼ੇਸ਼

ਭਾਰਤੀ ਇਤਿਹਾਸ ਦੇ ਪੰਨੇ ਫਰੋਲਣ ’ਤੇ ਪਤਾ ਲੱਗਦਾ ਹੈ ਕਿ ਭਾਰਤ ਨੂੰ ਲੁੱਟਣ ਲਈ ਅਨੇਕਾਂ ਹੀ ਧਾੜਵੀ ਆਏ ਤੇ ਲੁੱਟ ਕੇ ਚਲੇ ਗਏ। ਬੇਸ਼ੱਕ ਉਹ ਮੁਗਲ ਸਨ, ਡੱਚ, ਪੁਰਤਗਾਲੀ, ਫਰਾਂਸੀਸੀ ਜਾਂ ਫਿਰ ਅੰਗਰੇਜ਼।

15 ਅਗਸਤ 1947 ਨੂੰ ਦੇਸ਼ ਅਾਜ਼ਾਦ ਹੋ ਗਿਆ ਪਰ ਇਸ ਦਾ ਕੁੱਝ ਹਿੱਸਾ ਹਾਲੇ ਵੀ ਪੁਰਤਗਾਲੀਆਂ ਦੇ ਕਬਜ਼ੇ ਹੇਠ ਸੀ| ਉਧਰ, ਭਾਰਤੀ ਲੋਕਾਂ ਨੂੰ ਅਾਜ਼ਾਦੀ ਦੀ ਚਿਣਗ ਲੱਗ ਗਈ ਸੀ ਤਾਂ ਉਨ੍ਹਾਂ ਨੇ ਗੋਆ ਦੇ ਇਲਾਕੇ ਨੂੰ ਅਾਜ਼ਾਦ ਕਰਾਉਣ ਲਈ ਸ਼ਾਂਤੀਪੂਰਵਕ ਢੰਗ ਨਾਲ ਸੱਤਿਆਗ੍ਰਹਿਆਂ ਦੇ ਰੂਪ ਵਿੱਚ ਸਾਰੇ ਭਾਰਤ ’ਚੋਂ ਜਥੇ ਬਣਾ ਕੇ ਜਾਣਾ ਸ਼ੁਰੂ ਕਰ ਦਿੱਤਾ। 15 ਅਗਸਤ 1954 ਨੂੰ ਜਦੋਂ ਜਥਾ ਗੋਆ ਪਹੁੰਚਿਆ ਤਾਂ ਪੁਰਤਗਾਲੀਆਂ ਨੇ ਨਿਹੱਥੇ ਲੋਕਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਕੁੱਟਿਆ, ਮਾਰਿਆ ਤੇ ਜੇਲ੍ਹਾਂ ਵਿੱਚ ਡੱਕ ਦਿੱਤਾ| ਇਸ ਮਗਰੋਂ ਲੋਕ ਸਰਕਾਰੀ ਨੀਤੀਆਂ ਤੋਂ ਹੋਰ ਨਿਰਾਸ਼ ਹੋ ਗਏ। ਜਿਹੜੇ ਲੋਕ ਪਹਿਲਾਂ ਇਨ੍ਹਾਂ ਗੱਲਾਂ ਨੂੰ ਧੁਰ ਤੱਕ ਨਹੀਂ ਸੀ ਸੋਚਦੇ, ਉਹ ਵੀ ਭਾਰਤੀਆਂ ਨਾਲ ਖੜ੍ਹੇ ਹੋ ਕੇ ਵਿਦਰੋਹ ਕਰਨ ਲਈ ਅੱਗੇ ਆਏ। ਬਹੁਤ ਸਾਰੀਆਂ ਜਥੇਬੰਦੀਆਂ ਜਿਵੇਂ ਪਰਜਾ ਸੋਸ਼ਲਿਸਟ ਪਾਰਟੀ, ਕਮਿਊਨਿਸਟ ਪਾਰਟੀ ਆਫ ਇੰਡੀਆ, ਕਿਸਾਨ ਮਜ਼ਦੂਰ ਸਭਾ ਵੀ 15 ਅਗਸਤ, 1955 ਨੂੰ ਸੱਤਿਆਗ੍ਰਹਿ ਵਿੱਚ ਸ਼ਾਮਲ ਹੋ ਗਈਆਂ। ਉਸ ਸਮੇਂ ਪੁਰਤਗਾਲੀ ਮਿਲਟਰੀ ਨੇ ਬਿਨਾਂ ਕੋਈ ਚਿਤਾਵਨੀ ਦਿੱਤਿਆਂ ਸ਼ਾਂਤੀਪੂਰਵਕ ’ਤੇ ਲਾਠੀਚਾਰਜ ਕਰਨਾ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਕਾਫੀ ਲੋਕ ਮਾਰੇ ਗਏ। ਸਿੱਟੇ ਵਜੋਂ ਪੰਜਾਬ ’ਚੋਂ ਜਾਣ ਵਾਲੇ ਜਿਸ ਸੱਤਿਆਗ੍ਰਹੀ ਨੇ ਪੁਰਤਗਾਲੀ ਸਾਮਰਾਜ ਨੂੰ ਵੰਗਾਰਦਿਆਂ ਆਪਣੀ ਹਿੱਕ ਵਿੱਚ ਗੋਲੀ ਖਾਧੀ, ਉਹ ਸੀ ਮਾਸਟਰ ਕਰਨੈਲ ਸਿੰਘ ਈਸੜੂ।

ਊਨ੍ਹਾਂ ਦਾ ਜਨਮ ਸਤੰਬਰ 1929 ਵਿੱਚ ਸੁੰਦਰ ਸਿੰਘ ਅਤੇ ਹਰਨਾਮ ਕੌਰ ਦੇ ਘਰ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰ. 50 ਵਿੱਚ ਹੋਇਆ| ਉਹ ਤਿੰਨ ਭੈਣਾਂ ਤੇ ਦੋ ਭਰਾਵਾਂ ’ਚੋਂ ਸਭ ਤੋਂ ਛੋਟੇ ਸਨ। ਉਨ੍ਹਾਂ ਦੇ ਪਿਤਾ ਅੰਗਰੇਜ਼ੀ ਸਰਕਾਰ ਵਿੱਚ ਹਵਲਦਾਰ ਵਜੋਂ ਨੌਕਰੀ ਕਰਦੇ ਸਨ। ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ਜ਼ਮੀਨ ਦਾ ਮੁਰੱਬਾ ਅਲਾਟ ਕੀਤਾ। ਦੇਸ਼ ਦੀ ਵੰਡ ਵੇਲੇ (1974 ’ਚ) ਅੰਨ੍ਹੇਵਾਹ ਫਾਸ਼ੀਵਾਦੀਆਂ ਦੇ ਧਾਰਮਿਕ ਜਨੂੰਨ ਦੀ ਇੰਤਹਾ ਨੂੰ ਉਨ੍ਹਾਂ ਨੇ ਅੱਖੀਂ ਵੇਖਿਆ ਤੇ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਈਸੜੂ ਆ ਗਏ। ਕਰਨੈਲ ਸਿੰਘ ਨੇ ਅੱਠਵੀਂ ਦੀ ਪੜ੍ਹਾਈ ਪਿੰਡ ਖੁਸ਼ਪੁਰ ਤੋਂ ਕਰਨ ਮਗਰੋਂ ਦਸਵੀਂ ਦੀ ਪੜ੍ਹਾਈ ਖੰਨਾ ਦੇ ਖਾਲਸਾ ਸਕੂਲ ਤੋਂ ਪ੍ਰਾਪਤ ਕੀਤੀ। ਇਸੇ ਦੌਰਾਨ ਉਹ ਸਟੂਡੈਂਟਸ ਫੈਡਰੇਸ਼ਨ ਦੇ ਸਰਗਰਮ ਮੈਂਬਰ ਬਣ ਗਏ। ਇਸ ਦੌਰਾਨ ਸਰਕਾਰ ਵੱਲੋਂ ਫੀਸਾਂ ’ਚ ਕੀਤੇ ਵਾਧੇ ਨੂੰ ਲੈ ਕੇ ਵਿਦਿਆਰਥੀਆਂ ਨੇ ਸੰਘਰਸ਼ ਦਾ ਬਿਗਲ ਵਜਾ ਦਿੱਤਾ| ਖੰਨਾ ਇਲਾਕੇ ਦੇ ਵਿਦਿਆਰਥੀਆਂ ਦੀ ਕਮਾਂਡ ਕਰਨੈਲ ਸਿੰਘ ਨੇ ਸਾਂਭੀ, ਜਿਸ ਪਿੱਛੋ ਉਨ੍ਹਾਂ ਦਾ ਰੁਝਾਨ ਰਾਜਨੀਤੀ ਵੱਲ ਹੋ ਗਿਆ ਤੇ ਉਹ ਛੋਟੇ-ਮੋਟੇ ਜਲਸਿਆਂ ’ਚ ਹਿੱਸਾ ਲੈਣ ਲੱਗ ਪਏ। ਪਿੰਡ ’ਚ ਸੂਰਜ ਡੁੱਬਣ ਪਿੱਛੋਂ ਪੀਪੇ ਵਜਾ ਕੇ ਲੋਕਾਂ ਨੂੰ ਇਕੱਠੇ ਕਰਦੇ ਅਤੇ ਜੋਸ਼ੀਲੇ ਭਾਸ਼ਣ ਕਵਿਤਾਵਾਂ ਤੇ ਗੀਤ ਆਦਿ ਸੁਣਾ ਕੇ ਆਪਣੇ ਖ਼ਿਆਲਾਂ ਅਤੇ ਵਿਚਾਰਾਂ ਰਾਹੀਂ ਜਾਗਰੂਕ ਕਰਦੇ।

ਖੰਨਾ ਤੋਂ ਈਸੜੂ ਦੀ ਦੂਰੀ 12 ਕਿਲੋਮੀਟਰ ਹੈ। ਮਾਸਟਰ ਕਰਨੈਲ ਸਿੰਘ ਈਸੜੂ ਹਰ ਰੋਜ਼ ਆਉਣ-ਜਾਣ 24 ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਸਕੂਲ ਜਾਂਦੇ। ਘਰ ਵਿੱਚ ਇਨ੍ਹਾਂ ਦੇ ਵੱਡੇ ਭਰਾ ਤਖ਼ਤ ਸਿੰਘ ਪੜ੍ਹੇ ਹੋਣ ਕਰਕੇ ਕਰਨੈਲ ਸਿੰਘ ਨੂੰ ਖੇਤੀ ਦੇ ਕੰਮਾਂ ਵਿੱਚ ਰੁਚੀ ਨਹੀਂ ਸੀ| ਉਹ ਪੜ੍ਹ ਕੇ ਕੁੱਝ ਕਰਨਾ ਚਾਹੁੰਦੇ ਸਨ।

ਦੇਸ਼ ਭਗਤੀ ਦੀ ਅਸਲ ਚੇਟਕ ਉਨ੍ਹਾਂ ਨੂੰ ਆਪਣੇ ਚਾਚਾ ਜਵਾਹਰ ਸਿੰਘ ਤੋਂ ਲੱਗੀ| ਉਹ ਪਹਿਲਾਂ ਗ਼ਦਰ ਲਹਿਰ ਵਿੱਚ ਹਰਕਾਰੇ ਦੇ ਤੌਰ ’ਤੇ ਖੁਫ਼ੀਆ ਸਫਾਂ ਵਿੱਚ ਕੰਮ ਕਰਦੇ ਰਹੇ। ਬਾਅਦ ਵਿੱਚ ਬੱਬਰ ਅਕਾਲੀ    ਲਹਿਰ ਵੇਲੇ ਜੈਤੋ ਦੇ ਮੋਰਚੇ ਤੇ ਗੁਰੂ ਕੇ ਬਾਗ਼ ਦੇ ਮੋਰਚੇ ਸਮੇਂ ਢਾਈ ਸਾਲ ਕੈਦ ਵੀ ਕੱਟੀ ਤੇ ਕਿਰਤੀ ਲਹਿਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ। ਇਲਾਕੇ ਵਿੱਚ ਹੋਣ ਵਾਲੇ ਅਨਿਆਂ ਸਾਹਮਣੇ ਡੱਟ ਕੇ ਖੜ੍ਹਦੇ ਰਹੇ। ਆਪਣੇ ਚਾਚਾ ਜੀ ਵਾਂਗ ਕਰਨੈਲ ਸਿੰਘ ਅਗਾਂਹਵਧੂ ਸੋਚ, ਜ਼ੁਲਮ ਨਾਲ ਟੱਕਰ ਲੈਣ ਅਤੇ ਗਰੀਬਾਂ ਦੀ ਮਦਦ ਕਰਨ ਵਾਲੇ ਸਨ। 

ਕਹਿੰਦੇ ਹਨ ਕਿ ਇੱਕ ਵਾਰ ਈਸੜੂ ਪਿੰਡ ਦੀ ਪੰਚਾਇਤ ਨੇ ਇੱਥੋਂ ਦੇ ਗਰੀਬ ਦੁਕਾਨਦਾਰ ਨੂੰ ਕਿਸੇ ਕਾਰਨ 50 ਰੁਪਏ ਜੁਰਮਾਨਾ ਕਰ ਦਿੱਤਾ, ਜੋ ਕਿ ਬਿਲਕੁਲ ਗਲਤ ਸੀ। ਮਾਸਟਰ ਕਰਨੈਲ ਸਿੰਘ ਨੇ ਆਪਣੇ ਸਾਥੀਆਂ ਨੂੰ ਇਕੱਠੇ ਕਰਕੇ ਕਾਲੀਆਂ ਝੰਡੀਆਂ ਨਾਲ ਪੰਚਾਇਤ ਖ਼ਿਲਾਫ਼ ਮੁਜ਼ਾਹਰਾ ਕੀਤਾ| ਇਸ ਮਗਰੋਂ ਪੰਚਾਇਤ ਨੂੰ ਹਾਰ ਮੰਨ ਕੇ ਜੁਰਮਾਨਾ ਮੁਆਫ਼ ਕਰਨਾ ਪਿਆ। ਖੰਨੇ ’ਚ ਇੱਕ ਵਾਰ ਦਫ਼ਾ 144 ਲੱਗੀ ਹੋਣ ਦੇ ਬਾਵਜੂਦ ਵੀ ਮਾਸਟਰ ਕਰਨੈਲ ਸਿੰਘ ਨੇ ਮੁਜ਼ਾਹਰੇ ਦੀ ਅਗਵਾਈ ਕੀਤੀ। ਉਹ 10ਵੀਂ ਪਾਸ ਕਰਨ ਮਗਰੋਂ ਅਧਿਆਪਨ ਦੀ ਸਿਖਲਾਈ ਲਈ ਜਗਰਾਉਂ ਚਲੇ ਗਏ। ਆਪਣੇ ਚਾਚਾ ਜੀ ਕੋਲੋਂ ਰੂਸੀ ਸਾਹਿਤ ਮਿਲਦਾ ਹੋਣ ਕਰਕੇ ਉਨ੍ਹਾਂ ਆਪਣੀ ਚੇਤਨਤਾ ਮੁਤਾਬਕ ਮਾਰਕਸਵਾਦ ਤੇ ਲੈਨਿਨਵਾਦ ਦਾ ਅਧਿਐਨ ਕੀਤਾ। ਉਹ ਆਪਣੇ ਨਿੱਘੇ ਸੁਭਾਅ ਅਤੇ ਕ੍ਰਾਂਤੀਕਾਰੀ ਵਿਚਾਰਾਂ ਕਰਕੇ ਆਪਣੇ ਸਾਥੀਆਂ ਵਿੱਚ ਬੜੇ ਹਰਮਨ ਪਿਆਰੇ ਸਨ। ਸਿਖਲਾਈ ਪਿੱਛੋਂ ਉਹ ਕੁੱਝ ਚਿਰ ਪਿੰਡ ਬੰਬਾਂ ਦੇ ਸਕੂਲ ਵਿੱਚ ਅਧਿਆਪਕ ਲੱਗੇ ਰਹੇ। ਅਧਿਆਪਕ ਹੋਣ ਸਮੇਂ ਉਹ ਅਧਿਆਪਕ ਯੂਨੀਅਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ। ਇੱਕ ਵਾਰ ਟੀਚਰਜ਼ ਯੂਨੀਅਨ ਦੀ ਚੋਣ ਵੇਲੇ ਮਾਸਟਰ ਕਰਨੈਲ ਸਿੰਘ ਨੂੰ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਹੀ ਸਕੱਤਰ ਚੁਣ ਲਿਆ ਗਿਆ। ਇਸ ਤਰ੍ਹਾਂ ਉਨ੍ਹਾਂ ਦੇ ਮਨ ਵਿੱਚ ਦੇਸ਼ ਜਾਂ ਲੋਕਾਂ ਪ੍ਰਤੀ ਆਪਣਾ ਫਰਜ਼ ਪੂਰਾ ਕਰਨ ਦੀ ਰੁਚੀ ਵਧਦੀ ਜਾ ਰਹੀ ਸੀ। ਜਦੋਂ ਘਰ ਵਿੱਚ ਉਨ੍ਹਾਂ ਦੇ ਵੱਡੇ ਭਰਾ ਹਰਚੰਦ ਸਿੰਘ ਦੇ ਵਿਆਹ ਬਾਰੇ ਗੱਲ ਚੱਲੀ ਤਾਂ ਕੁੜੀ ਵਾਲਿਆਂ ਨੇ ਇਹ ਤਜਵੀਜ਼ ਰੱਖ ਦਿੱਤੀ ਕਿ ਉਹ ਇਹ ਰਿਸ਼ਤਾ ਤਾਂ ਕਰਨਗੇ ਜੇ ਉਹ ਦੋਵੇਂ ਮੁੰਡਿਆਂ ਦਾ ਰਿਸ਼ਤਾ ਲੈਣਗੇ| ਮਾਸਟਰ ਕਰਨੈਲ ਸਿੰਘ ਦੀ ਲਗਨ ਤਾਂ ਦੇਸ਼ ਭਗਤੀ ਦੇ ਕੰਮਾਂ ਵਿੱਚ ਸੀ| ਉਹ ਵਿਆਹ ਜਿਹੇ ਬੰਧਨ ਵਿੱਚ ਬੱਝਣਾ ਨਹੀਂ ਚਾਹੁੰਦੇ ਸਨ| ਘਰਦਿਆਂ ਨੇ ਮਜਬੂਰ ਕਰਕੇ ਉਨ੍ਹਾਂ ਦਾ ਵਿਆਹ ਬੀਬੀ ਚਰਨਜੀਤ ਕੌਰ ਨਾਲ ਕਰ ਦਿੱਤਾ ਪਰ ਉਹ ਕਦੇ ਵੀ ਜ਼ਿੰਦਗੀ ਵਿੱਚ ਵਿਆਹ ਦਾ ਸੁੱਖ ਨਾ ਭੋਗ ਸਕੀ| ਸਗੋਂ ਇਕੱਲੀ ਨੇ ਸਿਰਫ਼ ਵਿਆਹ ਦੀਆਂ ਯਾਦਾਂ ਸਹਾਰੇ ਹੀ ਜ਼ਿੰਦਗੀ ਕੱਢ ਦਿੱਤੀ।

 15 ਅਗਸਤ 1954 ਦੇ ਝਟਕੇ ਤੋਂ ਬਾਅਦ ਜਨਤਕ ਜਥੇਬੰਦੀਆਂ ਫਿਰ ਤੋਂ ਲਾਮਬੰਦ ਹੋਣਾ ਸ਼ੁਰੂ ਹੋ ਗਈਆਂ। ਉਦੋਂ ਹੀ ਭਾਰਤੀ ਕਮਿਊਨਿਸਟ ਪਾਰਟੀ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਨਵ-ਅੰਦੋਲਨ ਸ਼ੁਰੂ ਹੋਇਆ ਕਿ ਗੋਆ ਦੇ ਇਲਾਕੇ ਦੀ ਅਾਜ਼ਾਦੀ ਲਈ ਹੋਰ ਕਦਮ ਪੁੱਟੇ ਜਾਣ। ਸ਼ਾਂਤਮਈ ਅੰਦੋਲਨ ਰਾਹੀਂ ਲਗਾਤਾਰ ਸੱਤਿਆਗ੍ਰਹੀ ਜਥੇ ਭੇਜੇ ਜਾ ਰਹੇ ਸਨ। ਕਰਨੈਲ ਸਿੰਘ ਨੇ ਵੀ ਜਥੇ ਵਿੱਚ ਆਪਣਾ ਨਾਂ ਦੇ ਦਿੱਤਾ ਪਰ ਉਨ੍ਹਾਂ ਨੂੰ ਉੱਥੇ ਜਾਣ ਦਾ ਕਿਰਾਇਆ ਨਹੀਂ ਮਿਲ ਰਿਹਾ ਸੀ। ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਨੇ ਆਪਣੀ ਘੜੀ ਅਤੇ ਸਾਈਕਲ ਵੇਚ ਦਿੱਤਾ। ਕੁੱਝ ਪੈਸੇ ਮਿੱਤਰਾਂ ਤੋਂ ਉਧਾਰ ਲੈ ਕੇ ਲੁਧਿਆਣਾ ਤੋਂ ਮੁੰਬਈ ਲਈ ਗੱਡੀ ਚੜ੍ਹ ਗਏ। ਲੁਧਿਆਣਾ ਸਟੇਸ਼ਨ ਤੋਂ ਹੀ ਆਪਣੇ ਵੱਡੇ ਭਰਾ ਨੂੰ ਖਤ ਲਿਖਿਆ, ‘‘ਮੈਂ ਬਿਨਾਂ ਆਗਿਆ ਲਏ ਸੱਤਿਆਗ੍ਰਹਿ ਵਿੱਚ ਸ਼ਾਮਲ ਹੋਣ ਜਾ ਰਿਹਾ ਹਾਂ। ਇਜਾਜ਼ਤ ਦੇ ਦੇਣੀ, ਕਿਉਕਿ ਮੈਂ ਸ਼ਾਇਦ ਹੁਣ ਮੁੜ ਨਹੀਂ ਆ ਸਕਾਂਗਾ|’’ 12 ਅਗਸਤ 1955 ਨੂੰ ਮੁੰਬਈ ਰੇਲਵੇ ਸਟੇਸ਼ਨ ’ਤੇ ਉਹ ਸੱਤਿਆਗ੍ਰਹੀਆਂ ਦੀ ਟੋਲੀ ’ਚ ਸ਼ਾਮਲ ਹੋ ਗਿਆ| ਅਗਲੇ ਦਿਨ 13 ਅਗਸਤ ਨੂੰ ਸਾਰੇ ਦੇਸ਼ ਤੋਂ ਆਏ ਸਤਿਆਗ੍ਰਹੀਆਂ ਨੇ ਆਪਣੀਆਂ ਪਾਰਟੀਆਂ ਦੇ ਝੰਡੇ ਗੋਆ ਸਮਿਤੀ ਕੋਲ ਜਮ੍ਹਾਂ ਕਰਵਾ ਦਿੱਤੇ ਅਤੇ ਰਾਸ਼ਟਰੀ ਝੰਡੇ ਚੁੱਕ ਲਏ|

15 ਅਗਸਤ 1955 ਦੀ ਸਵੇਰ ਨੂੰ ਤਿਆਰ ਹੋ ਕੇ ਸਾਰੇ ਸੱਤਿਆਗ੍ਰਹੀ ਇੱਕ ਥਾਂ ’ਤੇ ਇਕੱਠੇ ਹੋ ਗਏ। ਉੱਥੇ ਉਨ੍ਹਾਂ ਨੇ ਝੰਡੇ ਦੀ ਰਸਮ ਅਦਾ ਕੀਤੀ। ਗੀਤ ਗਾਏ ਗਏ ਤੇ ਭੰਗੜੇ ਪਾਏ ਗਏ| ਹਰੇਕ ਸੂਬੇ ’ਚੋਂ ਇੱਕ ਇੱਕ ਸੱਤਿਅਗ੍ਰਹੀ ਚੁਣ ਕੇ ਚਾਰ-ਚਾਰ ਦੀਆਂ ਟੋਲੀਆਂ ਬਣਾ ਦਿੱਤੀਆਂ ਗਈਆਂ। ਇਨ੍ਹਾਂ ਨੂੰ ਤਿਰੰਗੇ ਝੰਡੇ ਦੀ ਰੱਖਿਆ ਕਰਨ ਅਤੇ ਆਗੂਆਂ ਦੇ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਹਦਾਇਤ ਸੀ। ਆਖਰ ਸੱਤਿਆਗ੍ਰਹੀਆਂ ਨੇ ਅੱਗੇ ਵਧਣ ਲਈ ਮਾਰਚ ਸ਼ੁਰੂ ਕੀਤਾ। ਸਭ ਤੋਂ ਅੱਗੇ ਝੰਡਾ ਫੜੀਂ ਕਾਮਰੇਡ ਚੇਤਨਾ ਜਾ ਰਿਹਾ ਸੀ ਤੇ ਨਾਲ ਹੀ ਮਧੂਕਰ ਚੌਧਰੀ ਸਨ। ਜਦੋਂ ਸੱਤਿਅਗ੍ਰਹੀ ਜਾ ਰਹੇ ਸਨ ਤਾਂ ਇੱਕ ਹਜ਼ਾਰ ਦੇ ਕਰੀਬ ਲੋਕ ਦੇਖ ਰਹੇ ਸਨ| ਉਹ ਨਾਅਰੇ ਲਾਉਂਦੇ ਜਾ ਰਹੇ ਸਨ। ਇੱਕਮੁੱਠ ਹੋ ਕੇ ਇੱਕ ਮੁਹਿੰਮ ਸਰ ਕਰਨ ਦੀ ਖੁਸ਼ੀ ਲੈ ਰਹੇ ਸਨ। ਹਾਲੇ ਕਾਮਰੇਡ ਚੇਤਨਾ ਨੇ ਗੋਆ ਦੀ ਧਰਤੀ ’ਤੇ ਪੈਰ ਹੀ ਰੱਖਿਆ ਹੀ ਸੀ ਕਿ ਪੁਰਤਗਾਲੀ ਸਿਪਾਹੀਆਂ ਨੇ ਗੋਲੀਆਂ ਦੀ ਬੁਛਾੜ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਨਿਹੱਥੇ ਸਤਿਆਗ੍ਰਹੀਆਂ ਨੂੰ ਹੁਕਮ ਮਿਲਿਆ ਕਿ ਲੰਮੇ ਪੈ ਜਾਓ ਤਾਂ ਉਹ ਪਏ-ਪਏ ਵੀ ਅੱਗੇ ਵੱਧ ਰਹੇ ਸਨ। ਫਿਰ ਕਮਾਂਡਰ-ਇਨ-ਚੀਫ਼ ਸ੍ਰੀ ਓਕ ਦੇ ਪੈਰ ਵਿੱਚ ਗੋਲੀ ਲੱਗੀ। ਸੱਤਿਆਗ੍ਰਹੀ ਵੱਖ-ਵੱਖ ਥਾਵਾਂ ਤੋਂ ਸਰਹੱਦ ਪਾਰ ਕਰ ਰਹੇ ਸਨ। ਸਾਰੀਆਂ ਥਾਵਾਂ ’ਤੇ ਹੀ ਗੋਲੀਆਂ ਵਰ੍ਹ ਰਹੀਆਂ ਸਨ। ਜਦੋਂ ਇੱਕ ਗੋਲੀ ਕਾਮਰੇਡ ਚੇਤਨਾ ਦੇ ਲੱਗੀ ਅਤੇ ਉਸ ਦੇ ਹੱਥੋਂ ਝੰਡਾ ਡਿੱਗਣ ਲੱਗਿਆ ਤਾਂ ਕਰਨੈਲ ਸਿੰਘ ਜੋਸ਼ ਭਰੇ ਅੰਦਾਜ਼ ਵਿੱਚ ਉੱਠੇ ਤੇ ਬਿਜਲੀ ਦੀ ਫੁਰਤੀ ਨਾਲ ਦੋ ਗੋਲੀਆਂ ਹਿੱਕ ਵਿੱਚ ਖਾ ਲਈਆਂ, ਜਿਹੜੀਆਂ ਉਨ੍ਹਾਂ ਦੇ ਆਗੂ ਚੇਤਨਾ ਵੱਲ ਆ ਰਹੀਆਂ ਸਨ। ਉਨ੍ਹਾਂ ਦੇਸ਼ ਦਾ ਝੰਡਾ ਨੀਵਾਂ ਨਹੀਂ ਹੋਣ ਦਿੱਤਾ। ਇਸ ਸਮੇਂ ਜਿੱਥੇ ਬਹੁਤ ਸਾਰੇ ਲੋਕ ਇਹ ਸਭ ਦੇਖ ਰਹੇ ਸਨ, ਉੱਥੇ ਤਿੰਨ ਅਮਰੀਕਾ, ਫਰਾਂਸ ਤੇ ਬਰਤਾਨੀਆ ਦੇ ਪੱਤਰਕਾਰ ਵੀ ਸਨ, ਜਿਨ੍ਹਾਂ ਨੇ ਨਿਹੱਥੇ ਲੋਕਾਂ ’ਤੇ ਹੁੰਦਾ ਇਹ ਸ਼ਰਮਨਾਕ ਹਾਦਸਾ ਦੁਨੀਆਂ ਦੀਆਂ ਅਖ਼ਬਾਰਾਂ ਵਿੱਚ ਦੂਜੇ ਦਿਨ ਹੀ ਪਹੁੰਚਾ ਦਿੱਤਾ। ਬਾਅਦ ਵਿੱਚ 1961 ਵਿੱਚ ਜਾ ਕੇ ਪੁਰਤਗਾਲੀ ਭਾਰਤ ਛੱਡ ਗਏ|

ਪਿੰਡ ਈਸੜੂ ’ਚ ਉਨ੍ਹਾਂ ਦੀ ਯਾਦਗਰ ਬਣੀ ਹੋਈ ਹੈ ਤੇ ਸਕੂਲ ਦਾ ਨਾਂ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੇ ਨਾਂ ’ਤੇ ਹੈ। ਉਨ੍ਹਾਂ ਦੇ ਨਾਂ ’ਤੇ ਹਰ ਸਾਲ ਪਿੰਡ ’ਚ ਬਹੁਤ ਵੱਡਾ ਮੇਲਾ ਭਰਦਾ ਹੈ ਤੇ ਟੂਰਨਾਮੈਂਟ ਵੀ ਕਰਵਾਇਆ ਜਾਂਦਾ ਹੈ| ਇਸ ਤੋ ਇਲਾਵਾ ਖੰਨੇ ’ਚ ਕਰਨੈਲ ਸਿੰਘ ਦੇ ਨਾਂ ’ਤੇ ਇੱਕ ਸੜਕ ਅਤੇ ਬਾਜ਼ਾਰ ਦਾ ਨਾਂ ਵੀ ਰੱਖਿਆ ਹੋਇਆ ਹੈ| ਪੰਜਾਬ ਸਰਕਾਰ ਹਰ ਸਾਲ ਸੂਬਾ ਪੱਧਰੀ ਸਮਾਗਮ ਕਰਵਾ ਕੇ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ| ਇਸ ਵਾਰ ਦੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਿੰਡ ਈਸੜੂ ਦੇ ਵਿਕਾਸ ਲਈ 1 ਕਰੋੜ ਦੀ ਰਾਸ਼ੀ ਮਨਜ਼ੂਰ ਕੀਤੀ ਜਾ ਚੁੱਕੀ ਹੈ।

ਸੰਪਰਕ: 70095-29004

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All