ਸ਼ਹੀਦੀ ਦਿਵਸ ਮੌਕੇ

23 ਮਾਰਚ ਦੀ ਵਿਰਾਸਤ: ਸ਼ਹੀਦ ਭਗਤ ਸਿੰਘ ਦੇ ਵਿਚਾਰ

23 ਮਾਰਚ ਦੀ ਵਿਰਾਸਤ: ਸ਼ਹੀਦ ਭਗਤ ਸਿੰਘ ਦੇ ਵਿਚਾਰ

ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ। 23 ਮਾਰਚ, 1931 ਨੂੰ ਹੋਈ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹਾਦਤ ਕਈ ਕਾਰਨਾਂ ਕਰ ਕੇ ਲਾਸਾਨੀ ਹੈ। ਇਨ੍ਹਾਂ ਸ਼ਹੀਦਾਂ ਦੇ 90ਵੇਂ ਸ਼ਹੀਦੀ ਦਿਵਸ ’ਤੇ ਅਸੀਂ ਭਗਤ ਸਿੰਘ ਦੀਆਂ ਕੁਝ ਮੌਲਿਕ ਲਿਖਤਾਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।

ਦਹਿਸ਼ਤਗਰਦੀ ਬਾਰੇ

''ਇਹ ਗੱਲ ਪ੍ਰਸਿੱਧ ਹੈ ਕਿ ਮੈਂ ਦਹਿਸ਼ਤ-ਪਸੰਦ ਰਿਹਾ ਹਾਂ ਪਰ ਮੈਂ ਦਹਿਸ਼ਤ-ਪਸੰਦ ਨਹੀਂ ਹਾਂ। ਮੈਂ ਇਕ ਇਨਕਲਾਬੀ ਹਾਂ ਜਿਸ ਦੇ ਕੁਝ ਨਿਸ਼ਚਿਤ ਵਿਚਾਰ ਅਤੇ ਆਦਰਸ਼ ਹਨ ਅਤੇ ਜਿਸ ਦੇ ਸਾਹਮਣੇ ਇਕ ਲੰਮਾ ਪ੍ਰੋਗਰਾਮ ਹੈ। ਮੇਰਾ ਇਹ ਪੱਕਾ ਵਿਸ਼ਵਾਸ ਹੈ ਕਿ ਅਸੀਂ ਬੰਬਾਂ ਅਤੇ ਪਿਸਤੌਲਾਂ ਨਾਲ ਲਾਭ ਪ੍ਰਾਪਤ ਨਹੀਂ ਕਰਾਂਗੇ। ਇਹ ਗੱਲ ਹਿੰਦੁਸਤਾਨ ਰਿਪਬਲਿਕਨ ਆਰਮੀ ਦੇ ਇਤਿਹਾਸ ਤੋਂ ਸਪੱਸ਼ਟ ਹੈ। ਨਿਰਾ ਬੰਬ ਸੁੱਟਣਾ ਨਾ ਸਿਰਫ਼ ਬੇਫ਼ਾਇਦਾ ਹੈ ਸਗੋਂ ਕਈ ਵਾਰ ਨੁਕਸਾਨਦੇਹ ਵੀ ਹੈ, ਇਸ ਦੀ ਜ਼ਰੂਰਤ ਕਿਸੇ ਖ਼ਾਸ ਹਾਲਤ ਵਿਚ ਪੈ ਸਕਦੀ ਹੈ। ਸਾਡਾ ਮੁੱਖ ਮਕਸਦ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਜਥੇਬੰਦ ਕਰਨਾ ਹੋਣਾ ਚਾਹੀਦਾ ਹੈ।’’

ਪੰਜਾਬੀ ਨੌਜਵਾਨਾਂ ਲਈ ਸੰਦੇਸ਼

ਨੌਜਵਾਨ ਪੰਜਾਬੀਓ, ਦੂਜੇ ਸੂਬਿਆਂ ਦੇ ਨੌਜਵਾਨ ਆਪ ਆਪਣੀ ਥਾਂ ’ਤੇ ਤੂਫ਼ਾਨੀ ਰਫ਼ਤਾਰ ਨਾਲ ਕੰਮ ਕਰ ਰਹੇ ਹਨ। ਤਿੰਨ ਫਰਵਰੀ ਨੂੰ ਬੰਗਾਲ ਦੇ ਨੌਜਵਾਨਾਂ ਨੇ ਜਿਸ ਜਥੇਬੰਦੀ ਤੇ ਜਾਗਰਤੀ ਦਾ ਸਬੂਤ ਦਿੱਤਾ, ਉਹ ਸਾਡੇ ਲਈ ਚਾਨਣ ਮੁਨਾਰਾ ਹੈ। ਦੂਜੇ ਪੰਜਾਬ ਆਪਣੀਆਂ ਬੇਮਿਸਾਲ ਕੁਰਬਾਨੀਆਂ ਅਤੇ ਬਲੀਦਾਨਾਂ ਦੇ ਬਾਵਜੂਦ ਰਾਜਸੀ ਤੌਰ ’ਤੇ ਪਛੜਿਆ ਹੋਇਆ ਸੂਬਾ ਮੰਨਿਆ ਜਾਂਦਾ ਹੈ। ਕਿਸ ਲਈ? ਇਸ ਕਰਕੇ ਕਿ ਅਸੀਂ ਇਕ ਯੋਧਿਆਂ ਦੀ ਕੌਮ ਵਿਚੋਂ ਤਾਂ ਹਾਂ, ਪਰ ਸਾਡੇ ਵਿਚ ਜਥੇਬੰਦੀ ਤੇ ਅਨੁਸ਼ਾਸਨ ਦੀ ਕਮੀ ਹੈ। ਅਸੀਂ ਜੋ ਕਿ ਪੁਰਾਤਨ ਸਮੇਂ ਦੀ ਟੈਕਸਿਲਾ ਦੀ ਯੂਨੀਵਰਸਿਟੀ ’ਤੇ ਮਾਣ ਕਰਦੇ ਹਾਂ, ਅੱਜ ਸਭਿਆਚਾਰ ਤੋਂ ਬਿਲਕੁਲ ਕੋਰੇ ਬੈਠੇ ਹਾਂ ਅਤੇ ਸਭਿਆਚਾਰ ਬਣਾਉਣ ਲਈ ਉੱਚ ਕੋਟੀ ਦੇ ਸਾਹਿਤ ਦੀ ਲੋੜ ਹੈ ਅਤੇ ਅਜਿਹਾ ਸਾਹਿਤ ਇਕ ਸਾਂਝੀ ਤੇ ਉਨਤ ਬੋਲੀ ਤੋਂ ਬਗ਼ੈਰ ਨਹੀਂ ਰਚਿਆ ਜਾ ਸਕਦਾ। ਅਫ਼ਸੋਸ : ਕਿ ਸਾਡੇ ਪਾਸ ਇਨ੍ਹਾਂ ਵਿਚੋਂ ਕੁਝ ਵੀ ਨਹੀਂ।

ਭਗਤ ਸਿੰਘ ਦਾ ਵਿਦਿਆਰਥੀਆਂ ਨੂੰ ਸੰਦੇਸ਼

(ਦੂਸਰੀ ਪੰਜਾਬ ਸਟੂਡੈਂਟ ਯੂਨੀਅਨ ਦੀ ਕਾਨਫਰੰਸ 19-20 ਅਕਤੂਬਰ 1929 ਨੂੰ ਲਾਹੌਰ ਵਿਚ ਹੋਈ, ਉਸ ’ਤੇ ਇਹ ਸੰਦੇਸ਼ ਵਿਦਿਆਰਥੀਆਂ ਨੂੰ ਭੇਜਿਆ ਗਿਆ। ਭਗਤ ਸਿੰਘ ਤੇ ਬੀ.ਕੇ. ਦੱਤ ਦਾ ਸੁਨੇਹਾ ਮਿਹਨਤੀ ਲੋਕਾਂ ਵਿਚ ਜਾਣ ਦਾ ਹੈ ਅਤੇ ਉਨ੍ਹਾਂ ਨੂੰ ਵਿਚਾਰਧਾਰਕ ਤੌਰ ’ਤੇ ਭਾਵੀ ਭਵਿੱਖ ਲਈ ਤਿਆਰ ਕਰਨ ਦਾ ਹੈ। ਇਹ 19 ਅਕਤੂਬਰ 1929 ਨੂੰ ਕਾਨਫਰੰਸ ਵਿਚ ਪੜ੍ਹ ਕੇ ਸੁਣਾਇਆ ਗਿਆ।)

ਅਸੀਂ ਨੌਜਵਾਨਾਂ ਨੂੰ ਬੰਬ ਤੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ। ਵਿਦਿਆਰਥੀਆਂ ਦੇ ਕਰਨ ਲਈ ਇਸ ਤੋਂ ਜ਼ਿਆਦਾ ਵੱਡੇ ਕੰਮ ਹਨ। ਆਉਣ ਵਾਲੇ ਲਾਹੌਰ ਸੈਸ਼ਨ ਵਿਚ ਕਾਂਗਰਸ ਦੇਸ਼ ਦੀ ਸਵਤੰਤਰਤਾ ਲਈ ਤਕੜੀ ਜੱਦੋਜਹਿਦ ਦਾ ਐਲਾਨ ਕਰ ਰਹੀ ਹੈ। ਕੌਮੀ ਇਤਿਹਾਸ ਦੇ ਇਸ ਨਾਜ਼ੁਕ ਸਮੇਂ ਨੌਜਵਾਨ ਜਮਾਤ ਦੇ ਸਿਰਾਂ ਉੱਤੇ ਮਣਾਂ-ਮੂੰਹੀਂ ਜ਼ਿੰਮੇਵਾਰੀ ਦਾ ਭਾਰ ਆ ਜਾਂਦਾ ਹੈ। ਹੋਰ ਸਭ ਤੋਂ ਵੱਧ ਵਿਦਿਆਰਥੀ ਹੀ ਤਾਂ ਆਜ਼ਾਦੀ ਦੀ ਲੜਾਈ ਦੀਆਂ ਮੂਹਰਲੀਆਂ ਸਫ਼ਾਂ ਵਿਚ ਲੜਦੇ ਸ਼ਹੀਦ ਹੋਏ ਹਨ। ਕੀ ਭਾਰਤੀ ਨੌਜਵਾਨ ਇਸ ਪ੍ਰੀਖਿਆ ਦੇ ਸਮੇਂ ਓਹੀ ਸੰਜੀਦਾ ਇਰਾਦਾ ਵਿਖਾਉਣ ਤੋਂ ਝਿਜਕਣਗੇ?

ਫੈਕਟਰੀਆਂ ਵਿਚ ਕੰਮ ਕਰਦੇ ਲੱਖਾਂ ਮਜ਼ਦੂਰਾਂ ਕੋਲ ਝੁੱਗੀਆਂ ਤੇ ਪੇਂਡੂ ਝੌਂਪੜੀਆਂ ਵਿਚ ਨੌਜਵਾਨਾਂ ਨੇ ਇਨਕਲਾਬ ਦਾ ਸੁਨੇਹਾ, ਦੇਸ਼ ਦੇ ਹਰ ਕੋਨੇ ਕੋਨੇ ਵਿਚ ਪਹੁੰਚਾਉਣਾ ਹੈ। ਉਸ ਇਨਕਲਾਬ ਦਾ ਸੁਨੇਹਾ ਜਿਹੜਾ ਕਿ ਉਹ ਆਜ਼ਾਦੀ ਲਿਆਵੇ, ਜਿਸ ਵਿਚ ਆਦਮੀ ਦੇ ਹੱਥੋਂ ਆਦਮੀ ਦੀ ਲੁੱਟ-ਖਸੁੱਟ ਅਸੰਭਵ ਹੋ ਜਾਵੇਗੀ, ਕਿਉਂਕਿ ਆਮ ਤੌਰ ’ਤੇ ਪੰਜਾਬ ਨੂੰ ਰਾਜਨੀਤਕ ਤੌਰ ’ਤੇ ਪਛੜਿਆ ਸਮਝਿਆ ਜਾਂਦਾ ਹੈ, ਸੋ ਇਸ ਕਰਕੇ ਇੱਥੋਂ ਦੇ ਨੌਜਵਾਨਾਂ ’ਤੇ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਆਓ, ਆਪਣੇ ਸ਼ਹੀਦ ਜਤਿੰਦਰ ਨਾਥ ਦਾਸ ਦੀ ਮਹਾਨ ਤੇ ਗੌਰਵਮਈ ਮਿਸਾਲ ਨੂੰ ਕਾਇਮ ਰੱਖਦੇ ਹੋਏ, ਆਉਣ ਵਾਲੀ ਜੰਗ ਵਿਚ ਆਪਣੀ ਮਜ਼ਬੂਤੀ ਤੇ ਅਡੋਲ ਬਹਾਦਰੀ ਰਾਹੀਂ ਆਪਣੀ ਜਾਗ੍ਰਿਤੀ ਦਾ ਸਬੂਤ ਦਿਓ।

ਕਿਸਾਨਾਂ, ਮਜ਼ਦੂਰਾਂ ਨੂੰ ਜਥੇਬੰਦ ਕਰਨ ਬਾਰੇ

ਇਹੀ ਕਾਰਨ ਹੈ ਕਿ ਸਾਡੇ ਲੀਡਰ ਅੰਗਰੇਜ਼ਾਂ ਅੱਗੇ ਗੋਡੇ ਟੇਕਣਾ ਪਸੰਦ ਕਰਦੇ ਹਨ, ਬਜਾਏ ਕਿਸਾਨਾਂ ਅੱਗੇ ਝੁਕਣ ਦੇ। ਪੰਡਿਤ ਜਵਾਹਰ ਲਾਲ ਦੀ ਗੱਲ ਵੱਖਰੀ ਹੈ। ਕੀ ਤੁਸੀਂ ਕਿਸੇ ਵੀ ਨੇਤਾ ਦਾ ਨਾਂ ਲੈ ਸਕਦੇ ਹੋ ਜਿਸ ਨੇ ਮਜ਼ਦੂਰਾਂ ਜਾਂ ਕਿਸਾਨਾਂ ਨੂੰ ਜਥੇਬੰਦ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਨਹੀਂ, ਉਹ ਖ਼ਤਰਾ ਮੁੱਲ ਨਹੀਂ ਲੈਣਗੇ। ਇਹੀ ਤਾਂ ਉਨ੍ਹਾਂ ਦੀ ਘਾਟ ਹੈ। ਇਸ ਕਰ ਕੇ ਮੈਂ ਕਹਿੰਦਾ ਹਾਂ ਕਿ ਉਹ ਸੰਪੂਰਨ ਆਜ਼ਾਦੀ ਨਹੀਂ ਚਾਹੁੰਦੇ। ਆਰਥਿਕ ਅਤੇ ਪ੍ਰਬੰਧਕੀ ਦਬਾਅ ਪਾ ਕੇ ਉਹ ਚੰਦ ਹੋਰ ਸੁਧਾਰ ਯਾਨੀ ਭਾਰਤੀ ਪੂੰਜੀਪਤੀਆਂ ਲਈ ਚੰਦ ਹੋਰ ਰਿਆਇਤਾਂ ਪ੍ਰਾਪਤ ਕਰਨਾ ਚਾਹੁਣਗੇ। ਇਸ ਕਰਕੇ ਮੈਂ ਕਹਿੰਦਾ ਹਾਂ ਕਿ ਇਸ ਅੰਦੋਲਨ ਦਾ ਭੱਠਾ ਤਾਂ ਬੈਠੇਗਾ ਹੀ। ਸ਼ਾਇਦ ਕਿਸੇ ਨਾ ਕਿਸੇ ਸਮਝੌਤੇ ਨਾਲ ਯਾ ਅਜਿਹੀ ਕਿਸੇ ਚੀਜ਼ ਦੇ ਬਗ਼ੈਰ ਹੀ। ਨੌਜਵਾਨ ਵਰਕਰ ਜਿਹੜੇ ਪੂਰੀ ਤਨਦੇਹੀ ਨਾਲ ‘ਇਨਕਲਾਬ-ਜ਼ਿੰਦਾਬਾਦ’ ਦੇ ਨਾਅਰੇ ਲਗਾਉਂਦੇ ਹਨ, ਪੂਰੀ ਤਰ੍ਹਾਂ ਆਪ ਸੰਗਠਿਤ ਨਹੀਂ ਹਨ ਅਤੇ ਆਪਣੇ ਆਪ ਅੰਦੋਲਨ ਨੂੰ ਅੱਗੇ ਲਿਜਾਣ ਦੀ ਤਾਕਤ ਨਹੀਂ ਰੱਖਦੇ ਹਨ। ਅਸਲ ਵਿਚ ਸਾਡੇ ਵੱਡੇ ਲੀਡਰ, ਸਿਵਾਏ ਪੰਡਤ ਮੋਤੀ ਲਾਲ ਨਹਿਰੂ ਦੇ ਆਪਣੇ ਆਪ ’ਤੇ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੇ, ਇਹੀ ਕਾਰਨ ਹੈ ਕਿ ਉਹ ਘੜੀ-ਮੁੜੀ ਗਾਂਧੀ ਅੱਗੇ ਬਿਨਾਂ ਸ਼ਰਤ ਦੇ ਗੋਡੇ ਟੇਕ ਦਿੰਦੇ ਹਨ। ਉਨ੍ਹਾਂ ਦੀ ਰਾਏ ਵੱਖਰੀ ਹੋਣ ’ਤੇ ਵੀ ਉਹ ਕਦੇ ਪੂਰੀ ਤਨਦੇਹੀ ਨਾਲ ਮੁਖ਼ਾਲਫ਼ਤ ਨਹੀਂ ਕਰਦੇ ਅਤੇ ਮਤੇ ਮਹਾਤਮਾ ਕਰਕੇ ਹੀ ਪਾਸ ਕਰ ਦਿੱਤੇ ਜਾਂਦੇ ਹਨ। ਇਨ੍ਹਾਂ ਹਾਲਤਾਂ ਵਿਚ ਨੌਜਵਾਨ ਕਾਰਕੁਨਾਂ ਜਿਹੜੇ ਇਨਕਲਾਬ ਵਾਸਤੇ ਪੂਰੀ ਸੰਜੀਦਗੀ ਰੱਖਦੇ ਹਨ, ਨੂੰ ਮੈਂ ਚਿਤਾਵਨੀ ਦੇਣਾ ਚਾਹਾਂਗਾ ਕਿ ਔਖਾ ਸਮਾਂ ਆ ਰਿਹਾ ਹੈ।

ਦਲਿਤਾਂ ਨੂੰ:

ਤੁਸੀਂ ਅਸਲੀ ਕਿਰਤੀ ਹੋ

(ਜੂਨ 1928 ਵਿਚ ਲਿਖੇ ਗਏ ਭਗਤ ਸਿੰਘ ਦੇ ਲੇਖ ‘ਅਛੂਤ ਦਾ ਸਵਾਲ’ ਵਿਚੋਂ ਕੁਝ ਹਿੱਸੇ)

ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਉਨ੍ਹਾਂ (ਦਲਿਤਾਂ) ਦੇ ਆਪਣੇ ਨੁਮਾਇੰਦੇ ਕਿਉਂ ਨਾ ਹੋਣ? ਉਹ ਆਪਣੀ ਵੱਖਰੀ ਤਾਦਾਦ ਕਿਉਂ ਨਾ ਮੰਗਣ? ਅਸੀਂ ਤਾਂ ਸਾਫ਼ ਕਹਿੰਦੇ ਹਾਂ ਕਿ ਉਠੋ! ਅਛੂਤ ਕਹਾਉਣ ਵਾਲੇ ਅਸਲੀ ਸੇਵਕੋ ਤੇ ਵੀਰੋ ਉਠੋ! ਆਪਣਾ ਇਤਿਹਾਸ ਦੇਖੋ! ਗੁਰੂ ਗੋਬਿੰਦ ਸਿੰਘ ਦੀ ਫੌਜ ਦੀ ਅਸਲੀ ਤਾਕਤ ਤੁਹਾਡੀ ਸੀ। ਸ਼ਿਵਾ ਜੀ ਤੁਹਾਡੇ ਆਸਰੇ ਹੀ ਇਹ ਸਭ ਕੁਝ ਕਰ ਸਕਿਆ, ਜਿਸ ਨਾਲ ਅੱਜ ਉਸ ਦਾ ਨਾਂ ਜ਼ਿੰਦਾ ਹੈ। ਤੁਹਾਡੀਆਂ ਕੁਰਬਾਨੀਆਂ ਸੋਨੇ ਦੇ ਅੱਖਰਾਂ ਵਿਚ ਲਿਖੀਆਂ ਹੋਈਆਂ ਹਨ। ਅਸੀਂ ਜੋ ਨਿੱਤ ਸੇਵਾ ਕਰਕੇ ਕੌਮ ਦੇ ਸੁੱਖ ਵਿਚ ਵਾਧਾ ਕਰਕੇ ਅਤੇ ਜ਼ਿੰਦਗੀ ਮੁਮਕਨ ਬਣਾ ਕੇ ਇਕ ਬੜਾ ਭਾਰੀ ਅਹਿਸਾਨ ਕਰ ਰਹੇ ਹੋ, ਉਸ ਨੂੰ ਅਸੀਂ ਲੋਕੀਂ ਨਹੀਂ ਸਮਝਦੇ (Land Alienation Act) ਇੰਤਕਾਲੇ ਅਰਾਜ਼ੀ ਐਕਟ ਦੇ ਮੁਤਾਬਕ ਤੁਸੀਂ ਪੈਸੇ ਇਕੱਠੇ ਕਰਕੇ ਵੀ ਜ਼ਮੀਨ ਨਹੀਂ ਖ਼ਰੀਦ ਸਕਦੇ। ਤੁਹਾਡੇ ’ਤੇ ਏਨਾ ਜ਼ੁਲਮ ਹੋ ਰਿਹਾ ਹੈ ਕਿ ਅਮਰੀਕਾ ਦੀ ਮਿਸ ਮੇਯੋ (Less than men) ਮਨੁੱਖਾਂ ਨਾਲ ਬਹੁਤ ਹੇਠਾਂ ਕਹਿੰਦੀ ਹੈ। ਉਠੋ! ਆਪਣੀ ਤਾਕਤ ਪਛਾਣੋ। ਜਥੇਬੰਦ ਹੋ ਜਾਓ। ਅਸਲ ਵਿਚ ਤੇ ਤੁਹਾਡੇ ਆਪਣੇ ਯਤਨ ਕੀਤਿਆਂ ਬਿਨਾਂ ਤੁਹਾਨੂੰ ਕੁਝ ਵੀ ਨਹੀਂ ਮਿਲ ਸਕੇਗਾ। (Those who would be free must themselves strike the blow) ਆਜ਼ਾਦੀ ਦੀ ਖ਼ਾਤਰ ਆਜ਼ਾਦੀ ਚਾਹੁਣ ਵਾਲਿਆਂ ਨੂੰ ਯਤਨ ਕਰਨਾ ਚਾਹੀਦਾ ਹੈ। ਮਨੁੱਖ ਦੀ ਹੌਲੀ-ਹੌਲੀ ਕੁਝ ਇਹੋ ਜਿਹੀ ਆਦਤ ਹੋ ਗਈ ਹੈ ਕਿ ਆਪਣੇ ਵਾਸਤੇ ਤੇ ਉਹ ਹੱਕ ਮੰਗਣਾ ਚਾਹੁੰਦਾ ਹੈ ਪਰ ਜਿਨ੍ਹਾਂ ’ਤੇ ਉਸ ਦਾ ਆਪਣਾ ਦਬਦਬਾ ਹੋਵੇ, ਉਨ੍ਹਾਂ ਨੂੰ ਉਹ ਪੈਰਾਂ ਥੱਲੇ ਹੀ ਰੱਖਣਾ ਚਾਹੁੰਦਾ ਹੈ। ਇਸ ਕਰਕੇ ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਿਆ ਕਰਦੇ। ਜਥੇਬੰਦ ਹੋ ਕੇ ਆਪਣੇ ਪੈਰਾਂ ’ਤੇ ਖਲੋ ਕੇ ਸਾਰੇ ਸਮਾਜ ਨੂੰ ਚੈਲੰਜ ਕਰ ਦਿਓ। ਦੇਖੋ ਤਾਂ ਫੇਰ ਕੌਣ ਤੁਹਾਡੇ ਹੱਕ ਦੇਣ ਤੋਂ ਇਨਕਾਰ ਕਰਨ ਦੀ ਜੁਰਅਤ ਕਰ ਸਕੇਗਾ। ਤੁਸੀਂ ਲੋਕਾਂ ਦੀ ਖੁ਼ਰਾਕ ਨਾ ਬਣੋ। ਦੂਜਿਆਂ ਦੇ ਮੂੰਹ ਵੱਲ ਨਾ ਤੱਕੋ। ਪਰ ਖ਼ਿਆਲ ਰੱਖਣਾ। ਨੌਕਰਸ਼ਾਹੀ ਦੇ ਝਾਂਸੇ ਵਿਚ ਵੀ ਨਾ ਆਉਣਾ। ਇਹ ਤੁਹਾਡੀ ਮਦਦ ਨਹੀਂ ਕਰਨਾ ਚਾਹੁੰਦੀ ਬਲਕਿ ਤੁਹਾਨੂੰ ਆਪਣਾ ਟੂਲ ਬਣਾਉਣਾ ਚਾਹੁੰਦੀ ਹੈ। ਇਹ ਸਰਮਾਏਦਾਰੀ ਨੌਕਰਸ਼ਾਹੀ ਤੁਹਾਡੀ ਗ਼ੁਲਾਮੀ ਤੇ ਗਰੀਬੀ ਦਾ ਮੁੱਖ ਕਾਰਨ ਹੈ। ਇਸ ਕਰਕੇ ਉਸ ਨਾਲ ਤੁਸੀਂ ਨਾ ਮਿਲਣਾ। ਉਸ ਦੀਆਂ ਚਾਲਾਂ ਕੋਲੋਂ ਬਚਣਾ। ਬਸ ਫੇਰ ਸਾਰਾ ਕੰਮ ਬਣ ਜਾਵੇਗਾ। ਤੁਸੀਂ ਅਸਲੀ ਕਿਰਤੀ ਹੋ! ਕਿਰਤੀਓ ਜਥੇਬੰਦ ਹੋ ਜਾਓ! ਤੁਹਾਡਾ ਕੁਝ ਨੁਕਸਾਨ ਨਹੀਂ। ਹੋਵੇਗਾ ਕੇਵਲ ਗ਼ੁਲਾਮੀ ਦੀਆਂ ਜ਼ੰਜੀਰਾਂ ਕੱਟੀਆਂ ਜਾਣਗੀਆਂ। ਉਠੋ ਮੌਜੂਦਾ ਨਿਜ਼ਾਮ ਦੇ ਵਿਰੁੱਧ ਬਗ਼ਾਵਤ ਖੜ੍ਹੀ ਕਰ ਦਿਓ। ਹੌਲੀ-ਹੌਲੀ ਕੀਤੇ ਜਾਂਦੇ ਸੁਧਾਰ ਤੇ ਰੀਫਾਰਮਾਂ ਨਾਲ ਕੁਝ ਨਹੀਂ ਬਣ ਸਕਦਾ। ਸਮਾਜਿਕ (Social) ਐਜੀਟੇਸ਼ਨ ਇਨਕਲਾਬ ਪੈਦਾ ਕਰ ਦਿਓ ਅਤੇ ਪੋਲੀਟੀਕਲ ਤੇ ਆਰਥਿਕ ਇਨਕਲਾਬ ਵਾਸਤੇ ਕਮਰ ਕੱਸੇ ਕਰ ਲਓ। ਤੁਸੀਂ ਹੀ ਮੁਲਕ ਦੀ ਜੜ੍ਹ ਹੋ, ਅਸਲੀ ਤਾਕਤ ਹੋ, ਉਠੋ! ਸੁੱਤੇ ਹੋਏ ਸ਼ੇਰੋ, ਵਿਦਰੋਹੀਓ ਵਿਪੱਲਵ ਜਾਂ ਵਿਦਰੋਹ ਖੜ੍ਹਾ ਕਰ ਦਿਓ।

ਸਮਝੌਤੇ ਦਾ ਮਹੱਤਵ

(I)

ਇਸ ਸਮੇਂ ਸਾਡਾ ਅੰਦੋਲਨ ਇਕ ਬਹੁਤ ਮਹੱਤਵਪੂਰਨ ਦੌਰ ਵਿਚ ਦੀ ਲੰਘ ਰਿਹਾ ਹੈ। ਇਕ ਸਾਲ ਦੇ ਸਖ਼ਤ ਸੰਘਰਸ਼ ਤੋਂ ਬਾਅਦ, ਗੋਲਮੇਜ਼ ਕਾਨਫ਼ਰੰਸ ਨੇ ਸਾਡੇ ਸਾਹਮਣੇ ਵਿਧਾਨਕ ਸੁਧਾਰਾਂ ਬਾਰੇ ਕੁਝ ਨਿਸ਼ਚਿਤ ਗੱਲਾਂ ਪੇਸ਼ ਕੀਤੀਆਂ ਹਨ ਅਤੇ ਕਾਂਗਰਸੀ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਆਪਣੀ ਲਹਿਰ ਨੂੰ ਮੌਜੂਦਾ ਹਾਲਤਾਂ ਵਿਚ ਵਾਪਸ ਲੈ ਕੇ ਇਸ ਵਿਚ ਮਦਦ ਦੇਣ। ਇਹ ਗੱਲ ਸਾਡੇ ਲਈ ਕੋਈ ਮਹੱਤਤਾ ਨਹੀਂ ਰੱਖਦੀ ਕਿ ਉਹ ਫ਼ੈਸਲਾ ਅੰਦੋਲਨ ਨੂੰ ਬੰਦ ਕਰਨ ਦਾ ਲੈਂਦੇ ਹਨ ਜਾਂ ਇਸਦੇ ਉਲਟ। ਇਹ ਤਾਂ ਯਕੀਨੀ ਹੈ ਕਿ ਮੌਜੂਦਾ ਅੰਦੋਲਨ ਦਾ ਅੰਤ ਕਿਸੇ ਨਾ ਕਿਸੇ ਤਰ੍ਹਾਂ ਦੇ ਸਮਝੌਤੇ ਦੇ ਰੂਪ ਵਿਚ ਹੋਵੇਗਾ। ਇਹ ਗੱਲ ਵੱਖਰੀ ਹੈ ਕਿ ਸਮਝੌਤਾ ਜਲਦੀ ਹੋ ਜਾਂਦਾ ਹੈ ਜਾਂ ਦੇਰ ਨਾਲ ਹੁੰਦਾ ਹੈ। ਅਸਲ ਵਿਚ ਸਮਝੌਤਾ ਕੋਈ ਹੀਣੀ ਜਾਂ ਨਫ਼ਰਤਯੋਗ ਚੀਜ਼ ਨਹੀਂ ਹੈ, ਜਿਸ ਤਰ੍ਹਾਂ ਕਿ ਅਸੀਂ ਆਮ ਤੌਰ ’ਤੇ ਸਮਝਦੇ ਹਾਂ। ਰਾਜਨੀਤਕ ਘੋਲਾਂ ਦਾ ਇਹ ਜ਼ਰੂਰੀ ਪੈਂਤੜਾ ਹੈ। ਕੋਈ ਵੀ ਰਾਸ਼ਟਰ ਜਿਹੜਾ ਜਾਬਰ ਸ਼ਾਸਕਾਂ ਦੇ ਵਿਰੁੱਧ ਉੱਠਦਾ ਹੈ, ਸ਼ੁਰੂ ਵਿਚ ਅਸਫਲ ਹੁੰਦਾ ਹੈ। ਜੱਦੋਜਹਿਦ ਦੇ ਮੱਧਕਾਲ ਵਿਚ ਸਮਝੌਤੇ ਰਾਹੀਂ ਅੱਧ ਪਚੱਧੇ ਸੁਧਾਰ ਪ੍ਰਾਪਤ ਕਰਦਾ ਹੈ ਅਤੇ ਸਿਰਫ਼ ਅੰਤਲੇ ਗੇੜ ਵਿਚ ਜਦ ਸਾਰੀਆਂ ਸ਼ਕਤੀਆਂ ਅਤੇ ਵਸੀਲੇ ਪੂਰੀ ਤਰ੍ਹਾਂ ਜਥੇਬੰਦ ਕਰ ਲਏ ਹੁੰਦੇ ਹਨ-ਸ਼ਾਸਕ ਸਰਕਾਰ ਨੂੰ ਖੇਰੂੰ ਖੇਰੂੰ ਕਰਨ ਲਈ ਆਖ਼ਰੀ ਜ਼ੋਰਦਾਰ ਹੱਲਾ ਮਾਰ ਸਕਦਾ ਹੈ। ਪਰ ਇਹ ਵੀ ਹੋ ਸਕਦਾ ਹੈ ਕਿ ਤਦ ਵੀ ਇਹ ਅਸਫਲ ਹੋ ਜਾਵੇ ਅਤੇ ਕਿਸੇ ਕਿਸਮ ਦੇ ਸਮਝੌਤੇ ਨੂੰ ਲਾਜ਼ਮੀ ਬਣਾ ਦੇਵੇ। ਰੂਸ ਦੀ ਮਿਸਾਲ ਨਾਲ ਇਹ ਗੱਲ ਚੰਗੀ ਤਰ੍ਹਾਂ ਸਪੱਸ਼ਟ ਕੀਤੀ ਜਾ ਸਕਦੀ ਹੈ।

(II)

ਦੁਬਾਰਾ ਫਿਰ 1917 ਦੇ ਇਨਕਲਾਬ ਤੋਂ ਬਾਅਦ ਜਦ ਬਾਲਸ਼ਵਿਕ, ਬਰੈਸਟ ਲਿਟੋਵਸਕ ਸੰਧੀ ’ਤੇ ਦਸਤਖ਼ਤ ਕਰਨ ਲਈ ਮਜਬੂਰ ਹੋਏ ਤਾਂ ਲੈਨਿਨ ਤੋਂ ਬਗ਼ੈਰ ਬਾਕੀ ਸਭ ਇਸ ਦਾ ਵਿਰੋਧ ਕਰਦੇ ਸਨ। ਪਰ ਲੈਨਿਨ ਨੇ ਕਿਹਾ, ‘‘ਅਮਨ, ਅਮਨ ਫੇਰ ਅਮਨ: ਕਿਸੇ ਵੀ ਮੁੱਲ ’ਤੇ ਅਮਨ ਹੋਣਾ ਚਾਹੀਦਾ ਹੈ। ਭਾਵੇਂ ਸਾਨੂੰ ਜਰਮਨ ਦੇ ਜੰਗਬਾਜ਼ਾਂ ਨੂੰ ਰੂਸ ਦੇ ਕੁਝ ਸੂਬੇ ਦੇਣੇ ਹੀ ਪੈਣ ਤਾਂ ਵੀ ਅਮਨ ਕਰ ਲੈਣਾ ਚਾਹੀਦਾ ਹੈ।’’ ਜਦ ਕੁਝ ਬਾਲਸ਼ਵਿਕ ਵਿਰੋਧੀ ਲੋਕਾਂ ਨੇ ਇਸ ਸੰਧੀ ਲਈ ਲੈਨਿਨ ਦੀ ਨਿੰਦਾ ਕੀਤੀ ਤਾਂ ਉਸ ਨੇ ਖੁੱਲ੍ਹ ਕੇ ਐਲਾਨ ਕੀਤਾ ਕਿ ‘‘ਬਾਲਸ਼ਵਿਕ ਜਰਮਨ ਦੇ ਹਮਲੇ ਦਾ ਸਾਹਮਣਾ ਕਰਨ ਦੀ ਸਮਰੱਥਾ ਨਹੀਂ ਰੱਖਦੇ, ਇਸ ਕਰਕੇ ਮੁਕੰਮਲ ਤਬਾਹੀ ਨਾਲੋਂ ਸੰਧੀ ਨੂੰ ਤਰਜੀਹ ਦਿੱਤੀ ਗਈ ਹੈ।’’

(III)

ਜਿਸ ਗੱਲ ਨੂੰ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ, ਉਹ ਇਹ ਹੈ ਕਿ ਸਮਝੌਤਾ ਇਕ ਅਜਿਹਾ ਜ਼ਰੂਰੀ ਹਥਿਆਰ ਹੈ, ਜਿਸ ਨੂੰ ਜਿਵੇਂ ਜਿਵੇਂ ਸੰਘਰਸ਼ ਵਿਕਸਤ ਹੁੰਦਾ ਹੈ, ਵਰਤਣਾ ਜ਼ਰੂਰੀ ਹੋ ਜਾਂਦਾ ਹੈ। ਪਰ ਜਿਸ ਗੱਲ ਦਾ ਧਿਆਨ ਹਮੇਸ਼ਾ ਰੱਖਣਾ ਹੁੰਦਾ ਹੈ, ਉਹ ਹੈ ਲਹਿਰ ਦੇ ਉਦੇਸ਼। ਸਾਨੂੰ ਉਨ੍ਹਾਂ ਉਦੇਸ਼ਾਂ ਬਾਰੇ ਜਿਨ੍ਹਾਂ ਦੀ ਪ੍ਰਾਪਤੀ ਲਈ ਅਸੀਂ ਲੜਦੇ ਹਾਂ, ਸਾਫ਼ ਦਿਮਾਗ਼ ਹੋਣਾ ਚਾਹੀਦਾ ਹੈ। ਇਹ ਗੱਲ ਸਾਨੂੰ ਆਪਣੀਆਂ ਲਹਿਰਾਂ ਦੀਆਂ ਪ੍ਰਾਪਤੀਆਂ, ਸਫਲਤਾਵਾਂ ਅਤੇ ਅਸਫਲਤਾਵਾਂ ਅੰਗਣ ਵਿਚ ਸਾਡੀ ਮੱਦਦ ਕਰਦੀ ਹੈ ਅਤੇ ਅਗਲੇ ਪ੍ਰੋਗਰਾਮ ਤੈਅ ਕਰਨ ਅਤੇ ਘੜਨ ਵਿਚ ਸਹਾਈ ਹੁੰਦੀ ਹੈ। ਤਿਲਕ ਦੀ ਨੀਤੀ ਉਸ ਦੇ ਉਦੇਸ਼ਾਂ ਦੇ ਬਾਵਜੂਦ ਯਾਨੀ ਉਸਦੀ ਪੈਂਤੜੇਬਾਜ਼ੀ ਬਹੁਤ ਹੀ ਚੰਗੀ ਸੀ। ਤੁਸੀਂ ਆਪਣੇ ਦੁਸ਼ਮਣ ਤੋਂ ਸੋਲਾਂ ਆਨੇ ਲੈਣ ਲਈ ਲੜ ਰਹੇ ਹੋ। ਤੁਹਾਨੂੰ ਇਕ ਆਨਾ ਮਿਲਦਾ ਹੈ। ਉਸ ਨੂੰ ਜੇਬ ਵਿਚ ਪਾਓ ਅਤੇ ਬਾਕੀ ਲਈ ਲੜਾਈ ਜਾਰੀ ਰੱਖੋ।

ਸੰਸਦ ਵਿਚ ਕੰਮ ਕਰਨ ਬਾਰੇ

ਡੂਮਾ (ਰੂਸੀ ਪਾਰਲੀਮੈਂਟ) ਦੀ ਸਥਾਪਨਾ ਕੀਤੀ ਗਈ। ਹੁਣ ਲੈਨਿਨ ਨੇ ਡੂਮਾ ਵਿਚ ਹਿੱਸਾ ਲੈਣ ਦੀ ਵਕਾਲਤ ਕੀਤੀ। ਇਹ 1907 ਦੀ ਗੱਲ ਹੈ। ਜਦਕਿ 1906 ਵਿਚ ਪਹਿਲੀ ਡੂਮਾ ਵਿਚ ਹਿੱਸਾ ਲੈਣ ਦੇ ਉਹ ਵਿਰੁੱਧ ਸੀ, ਇਸ ਦੇ ਬਾਵਜੂਦ ਕਿ ਉਸ ਡੂਮਾ ਵਿਚ ਕੰਮ ਕਰਨ ਦਾ ਵੱਧ ਮੌਕਾ ਸੀ ਤੇ ਇਸ ਡੂਮਾ ਦੇ ਅਧਿਕਾਰ ਸੀਮਤ ਕਰ ਦਿੱਤੇ ਗਏ ਸਨ। ਇਹ ਬਦਲੇ ਹੋਏ ਹਾਲਾਤ ਕਰ ਕੇ ਸੀ। ਹੁਣ ਪਿਛਾਂਹ ਖਿਚੂ ਤਾਕਤਾਂ ਬਹੁਤ ਵਧ ਰਹੀਆਂ ਸਨ ਅਤੇ ਲੈਨਿਨ ਡੂਮਾ ਦੇ ਮੰਚ ਨੂੰ ਸਮਾਜਵਾਦੀ ਵਿਚਾਰਾਂ ’ਤੇ ਬਹਿਸ ਕਰਨ ਲਈ ਵਰਤਣਾ ਚਾਹੁੰਦਾ ਸੀ।

ਜਮਹੂਰੀ ਪ੍ਰਕਿਰਿਆ ਬਾਰੇ

ਇਸ ਲਈ ਸ਼ਾਇਦ ਥੋੜ੍ਹੇ ਹੋਰ ਸਪੱਸ਼ਟੀਕਰਨ ਦੀ ਲੋੜ ਪਵੇ। ਪਹਿਲੀ ਗੱਲ ਇਹ ਹੈ ਕਿ ਸਾਡੇ ਲੋਕਾਂ ਦੇ ਨੁਮਾਇੰਦਿਆਂ ਨੂੰ ਰਾਜ ਪ੍ਰਬੰਧ (ਐਗਜ਼ੈਕਟਿਵ) ਉੱਤੇ ਕਿੰਨਾ ਕੁ ਅਧਿਕਾਰ ਤੇ ਜ਼ਿੰਮੇਵਾਰੀ ਹਾਸਿਲ ਹੁੰਦੀ ਹੈ। ਹੁਣ ਤਕ ਕਾਰਜਕਾਰਨੀ ਨੂੰ ਲੈਜਿਸਲੇਟਿਵ ਅਸੈਂਬਲੀ ਅੱਗੇ ਜਵਾਬਦੇਹ ਨਹੀਂ ਬਣਾਇਆ ਗਿਆ। ਵਾਇਸਰਾਏ ਨੂੰ ਵੀਟੋ ਦੀ ਤਾਕਤ (ਰੱਦ ਕਰਨ ਦੀ ਤਾਕਤ) ਹੈ, ਜਿਸ ਨਾਲ ਚੁਣੇ ਹੋਏ ਨੁਮਾਇੰਦਿਆਂ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਅਸਰ ਤੇ ਠੱਪ ਕਰ ਦਿੱਤੀਆਂ ਜਾਂਦੀਆਂ ਹਨ।

ਅਸੀਂ ਸਵਰਾਜ ਪਾਰਟੀ ਦੇ ਧੰਨਵਾਦੀ ਹਾਂ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਕਰ ਕੇ ਵਾਇਸਰਾਏ ਨੇ ਆਪਣੀ ਇਸ ਖ਼ਾਸ ਤਾਕਤ ਨੂੰ ਬੜੀ ਬੇਸ਼ਰਮੀ ਨਾਲ ਬਾਰ ਬਾਰ ਵਰਤਿਆ ਅਤੇ ਕੌਮੀ ਨੁਮਾਇੰਦਿਆਂ ਦੇ ਮਰਿਆਦਾ ਭਰਪੂਰ ਫ਼ੈਸਲੇ ਪੈਰਾਂ ਥੱਲੇ ਕੁਚਲ ਦਿੱਤੇ। ਇਹ ਗੱਲ ਪੂਰੀ ਤਰ੍ਹਾਂ ਸਾਫ਼ ਹੈ ਅਤੇ ਇਸ ’ਤੇ ਹੋਰ ਬਹਿਸ ਦੀ ਲੋੜ ਨਹੀਂ ਹੈ।

ਸਭ ਤੋਂ ਪਹਿਲਾਂ ਆਓ ਕਾਰਜਕਾਰਨੀ ਦੇ ਕਾਇਮ ਕਰਨ ਦੇ ਢੰਗ ਬਾਰੇ ਜ਼ਰੂਰ ਦੇਖੀਏ। ਕੀ ਕਾਰਜਕਾਰਨੀ ਨੂੰ ਅਸੈਂਬਲੀ ਦੇ ਚੁਣੇ ਹੋਏ ਮੈਂਬਰ ਚੁਣਦੇ ਹਨ ਜਾਂ ਅੱਗੇ ਵਾਂਗ ਉੱਪਰੋਂ ਹੀ ਠੋਸੀ ਜਾਂਦੀ ਹੈ। ਕੀ ਇਹ ਅਸੈਂਬਲੀ ਨੂੰ ਜਵਾਬਦੇਹ ਹੋਵੇਗੀ ਜਾਂ ਪਿਛਲੇ ਸਮੇਂ ਵਾਂਗ ਸਭ ਦੀ ਤੌਹੀਨ ਕਰੇਗੀ।

ਜਿੱਥੋਂ ਤਕ ਦੂਸਰੀ ਗੱਲ ਦਾ ਸਬੰਧ ਹੈ, ਉਸ ਨੂੰ ਅਸੀਂ ਬਾਲਗ ਚੋਣਾਂ ਦੀ ਗੁੰਜਾਇਸ਼ ਤੋਂ ਦੇਖ ਸਕਦੇ ਹਾਂ। ਜਾਇਦਾਦ ਮਾਲਕੀ ਦੀ ਧਾਰਾ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਕੇ ਵਿਆਪਕ ਵੋਟ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ, ਹਰ ਬਾਲਗ ਇਸਤਰੀ, ਪੁਰਸ਼ ਨੂੰ ਵੋਟ ਦਾ ਹੱਕ ਮਿਲਣਾ ਚਾਹੀਦਾ ਹੈ। ਹੁਣ ਤਾਂ ਅਸੀਂ ਸਿਰਫ਼ ਇਹ ਦੇਖ ਸਕਦੇ ਹਾਂ ਕਿ ਵੋਟ ਅਧਿਕਾਰ ਕਿਸ ਹੱਦ ਤਕ ਦਿੱਤੇ ਜਾਂਦੇ ਹਨ।

ਸੂਬਾਈ ਖ਼ੁਦਮੁਖ਼ਤਾਰੀ ਬਾਰੇ

ਮੈਂ ਇੱਥੇ ਸੂਬਾਈ ਖ਼ੁਦਮੁਖਤਿਆਰੀ ਬਾਰੇ ਕੁਝ ਕਹਿਣਾ ਚਾਹੁੰਦਾ ਹਾਂ। ਜੋ ਕੁਝ ਮੈਂ ਸੁਣਿਆ ਹੈ, ਉਸ ਦੇ ਆਧਾਰ ’ਤੇ ਮੈਂ ਇਹ ਕਹਿ ਸਕਦਾ ਹਾਂ ਕਿ ਉੱਪਰੋਂ ਠੋਸਿਆ ਗਵਰਨਰ, ਜਿਸ ਨੂੰ ਅਸੈਂਬਲੀ ਤੋਂ ਉੱਪਰ ਖ਼ਾਸ ਤਾਕਤਾਂ ਦਿੱਤੀਆਂ ਗਈਆਂ ਹੋਣ, ਤਾਨਾਸ਼ਾਹ ਤੋਂ ਘੱਟ ਸਾਬਤ ਨਹੀਂ ਹੋਵੇਗਾ। ਆਪਾਂ ਇਸ ਨੂੰ ਸੂਬਾਈ ਖ਼ੁਦਮੁਖ਼ਤਿਆਰੀ ਨਾ ਕਹਿ ਕੇ ਸੂਬਾਈ ਜ਼ੁਲਮ ਕਹੀਏ। ਇਹ ਰਾਜ ਦੀਆਂ ਸੰਸਥਾਵਾਂ ਦਾ ਅਜੀਬ ਜਮਹੂਰੀਕਰਨ ਹੈ।

ਹਰ ਚੀਜ਼ ਨੂੰ ਸਮਾਂ ਲੱਗਦੈ

ਇਨਕਲਾਬ ਬਾਰੇ, ਜਵਾਨੀ ਵੇਲੇ ਦੇ ਸੁਪਨੇ ਕਿ ਦਸਾਂ ਸਾਲਾਂ ਵਿਚ ਪ੍ਰਾਪਤ ਹੋ ਜਾਵੇਗਾ, ਲਾਂਭੇ ਰੱਖ ਦਿਓ, ਠੀਕ ਜਿਵੇਂ ਗਾਂਧੀ ਦੇ (ਇਕ ਸਾਲ ਵਿਚ ਸਵਰਾਜ) ਸੁਪਨੇ ਨੂੰ ਲਾਂਭੇ ਰੱਖਿਆ ਸੀ। ਇਸ ਲਈ ਨਾ ਤਾਂ ਜਜ਼ਬਾਤੀ ਹੋਣ ਦੀ ਲੋੜ ਹੈ ਅਤੇ ਨਾ ਹੀ ਸਰਲ ਹੋਣ ਦੀ, ਸਗੋਂ ਜ਼ਰੂਰਤ ਹੈ ਲਗਾਤਾਰ ਘੋਲ, ਕਸ਼ਟ ਸਹਿਣ ਅਤੇ ਕੁਰਬਾਨੀ ਭਰਿਆ ਜੀਵਨ ਬਿਤਾਉਣ ਦੀ। ਆਪਣਾ ਨਿੱਜਵਾਦ ਪਹਿਲਾਂ ਖ਼ਤਮ ਕਰੋ। ਨਿੱਜੀ ਆਰਾਮ ਦੇ ਸੁਪਨੇ ਲਾਹ ਕੇ ਇਕ ਪਾਸੇ ਰੱਖ ਦਿਓ ਤੇ ਫਿਰ ਕੰਮ ਸ਼ੁਰੂ ਕਰੋ। ਇੰਚ ਇੰਚ ਕਰਕੇ ਤੁਸੀਂ ਅੱਗੇ ਵਧੋਗੇ। ਇਸ ਲਈ ਹੌਸਲੇ, ਦ੍ਰਿੜ੍ਹਤਾ ਅਤੇ ਬਹੁਤ ਹੀ ਮਜ਼ਬੂਤ ਇਰਾਦੇ ਦੀ ਜ਼ਰੂਰਤ ਹੈ।

WIRELESS MESSAGE FROM BHAGAT SINGH AND DUTT

"We can not advise youngmen to take up bombs and pistols. The students have greater work to do. The Congress is going to declare grim fight for country's liberation in the coming Lahore session. At that critical moment of national history tremendous responsibility would rest on the shoulders of young community.

ਭਗਤ ਸਿੰਘ ਵੱਲੋਂ ਵਾਇਰਲੈੱਸ ਰਾਹੀਂ ਦਿੱਤਾ ਗਿਆ ਸੰਦੇਸ਼, ਜੋ ‘ਦਿ ਟ੍ਰਿਬਿਊਨ’ ਵਿਚ 22 ਅਕਤੂਬਰ 1929 ਨੂੰ ਛਪਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All