ਸਤਲੁਜ ਦੇ ਕਦੀਮੀ ਵਹਿਣਾਂ ਦੀ ਨਕਸ਼ਾਬੰਦੀ : The Tribune India

ਪੰਜਾਬ ਦੇ ਵਹਿਣ

ਸਤਲੁਜ ਦੇ ਕਦੀਮੀ ਵਹਿਣਾਂ ਦੀ ਨਕਸ਼ਾਬੰਦੀ

ਸਤਲੁਜ ਦੇ ਕਦੀਮੀ ਵਹਿਣਾਂ ਦੀ ਨਕਸ਼ਾਬੰਦੀ

ਪੱਛਮੀ ਅਤੇ ਡੱਬਵਾਲੀ ਨੈਵਾਲਾਂ ਨੂੰ ਦਰਸਾਉਂਦਾ ਨਕਸ਼ਾ

ਜਤਿੰਦਰ ਮੌਹਰ

ਲੋਕ-ਰਵਾਇਤਾਂ ਅਤੇ ਇਤਿਹਾਸ ਦੀਆਂ ਕਿਤਾਬਾਂ ਵਿੱਚ ਸਤਲੁਜ ਦੇ ਵੱਖਰੇ ਵੱਖਰੇ ਵਹਿਣਾਂ ਬਾਬਤ ਬੇਸ਼ੁਮਾਰ ਹਵਾਲੇ ਮਿਲਦੇ ਹਨ। ਸਤਲੁਜ ਅਤੇ ਇਹਦੇ ‘ਪੁਰਾਣੇ ਵਹਿਣਾਂ’ ਨੂੰ ਨਕਸ਼ੇ ਉੱਤੇ ਉਤਾਰਨ ਦਾ ਕੰਮ ਮੁਲਕ ਉੱਤੇ ਰਾਜ ਕਰਨ ਆਏ ਬਰਤਾਨਵੀ ਬਸਤੀਵਾਦੀਆਂ ਨੇ ਕੀਤਾ। ਸਾਡੇ ਖਿੱਤੇ ਨੂੰ ਬਿਹਤਰ ਢੰਗ ਨਾਲ ਸਮਝਣਾ ਉਨ੍ਹਾਂ ਦੀ ਮਜਬੂਰੀ ਅਤੇ ਲੋੜ ਸੀ। ਜੇਮਜ਼ ਰੈਨਲ ਨੇ 1788 ਦੇ ਨਕਸ਼ੇ ਵਿੱਚ ਸਤਲੁਜ ਅਤੇ ਬਿਆਸ ਦੀ ਸਾਂਝੀ ਧਾਰਾ ਨੂੰ ਚਾਰ ਵਹਿਣਾਂ ਵਿੱਚ ਵੰਡਦਿਆਂ ਦਿਖਾਇਆ ਸੀ। 1839-40 ਵਿੱਚ ਅੰਗਰੇਜ਼ ਸਰਵੇਅਰ ਵਿਲੀਅਮ ਬਰਾਊਨ ਨੇ ਦੱਖਣੀ ਪੰਜਾਬ ਅਤੇ ਭੱਟੀ ਮੁਲਕ ਦੇ ਸਰਵੇਖਣ ਦੌਰਾਨ ਕੁਝ ਵਹਿਣਾਂ ਅਤੇ ਨੀਵਾਣਾਂ (ਡਿਪਰੈਸ਼ਨਜ਼) ਦਾ ਜ਼ਿਕਰ ਕੀਤਾ। ਉਹਦੀ ਖੋਜ ਤੋਂ ਬਣੇ ਨਕਸ਼ੇ ਵਿੱਚ ਪੰਜ ਵਹਿਣ ਸਾਫ਼ ਦਿਸਦੇ ਹਨ। ਪਹਿਲਾ ਵਹਿਣ ਮਲੋਟ-ਅਬੋਹਰ-ਸੱਪਾਂਵਾਲੀ-ਕੱਲਰਖੇੜਾ-ਮਿਰਜ਼ੇਵਾਲਾ-ਤਤਾਰਸਰ-ਪਦਮਪੁਰ-ਬਾਲਰ (ਪਾਕਿਸਤਾਨ) ਸੀ। ਇਹ ਵਹਿਣ ਰੋਪੜ (ਹੁਣ ਰੂਪਨਗਰ) ਤੋਂ ਤਕਰੀਬਨ 160 ਮੀਲ ਹੇਠਾਂ ਸ਼ੁਰੂ ਹੁੰਦਾ ਸੀ। ਦੂਜਾ ਪਥਰਾਲਾ-ਡੱਬਵਾਲੀ-ਲੋਹਗੜ੍ਹ-ਢਾਬਾਂ-ਲਾਲਗੜ੍ਹ ਸੀ ਅਤੇ ਤੀਜਾ ਫੁੱਲੋ ਖੇੜੀ-ਹੱਸੂ-ਮਾਖਾ-ਪੰਨਾ-ਮੌਜਗੜ੍ਹ-ਜੰਡਵਾਲਾ ਸੀ। ਚੌਥੇ ਵਹਿਣ ਦਾ ਰਸਤਾ ਫੱਤਾ-ਦੇਸੂ ਛੋਟਾ-ਝੋਰੜ ਰੋਹੀ-ਬੜਾ ਗੁੱਧਾ-ਛਤਰਾਣਾ-ਸਾਹੂਵਾਲਾ-ਕਰਮਗੜ੍ਹ ਤੋਂ ਸ਼ੇਖੁਪੁਰੇ ਅਤੇ ਮੋਰਾਂਵਾਲੇ ਦੇ ਵਿਚਕਾਰੋਂ ਰਣੀਏ ਵੱਲ ਨੂੰ। ਪੰਜਵਾਂ ਵਹਿਣ ਘੱਗਰ ਦਰਿਆ ਦਾ ਸੀ।

ਪਹਿਲੇ ਤਿੰਨ ਵਹਿਣਾਂ ਨੂੰ ਨੈਆਂ ਜਾਂ ਨੈਵਾਲਾਂ ਨਾਮ ਦਿੱਤਾ ਗਿਆ। ਚੌਥੇ ਨੂੰ ਵਾਹਰ ਜਾਂ ਵਾਹ ਨਦੀ ਕਿਹਾ ਗਿਆ। ਵਾਹ ਦਾ ਅਰਥ ਵਹਿਣ ਤੋਂ ਹੈ ਅਤੇ ਵਾਹਰ ਦਾ ਅਰਥ ‘ਵੱਡੀ ਗਿਣਤੀ ਵਿੱਚ ਅਚਾਨਕ ਚੜ੍ਹ ਆਏ ਲੋਕਾਂ ਦੀ ਭੀੜ’ ਤੋਂ ਲਿਆ ਜਾਂਦਾ ਹੈ। ਬਰਸਾਤ ਵਿੱਚ ਇਹ ਨਦੀ ਵਾਹਰ ਵਾਂਗ ਚੜ੍ਹੀ ਅਤੇ ਠਾਠਾਂ ਮਾਰਦੀ ਦੇਖੀ ਜਾ ਸਕਦੀ ਹੈ। ਵਾਹਰ ਨਦੀ ਦੇ ਦੋ ਵਹਿਣ ਸਨ। ਇੱਕ ਸੁਨਾਮ ਵੱਲੋਂ ਆਉਂਦਾ ਸੀ ਅਤੇ ਦੂਜਾ ਮੂਨਕ ਤੇ ਰਤੀਏ ਵੱਲੋਂ।

ਨੈ ਜਾਂ ਨੈਵਾਲ ਦਾ ਅਰਥ ਵਹਿਣ, ਦਰਿਆ ਜਾਂ ਨਹਿਰ ਤੋਂ ਹੁੰਦਾ ਹੈ। ਪੰਜਾਬੀ ਕਵੀ ਸ਼ਾਹ ਹੁਸੈਨ ਨੇ ਆਪਣੀ ਰਚਨਾ ਵਿੱਚ ‘ਨੈ’ ਸ਼ਬਦ ਦੇ ਅਰਥ ਉਘਾੜੇ ਹਨ।

ਨੈਂ ਵੀ ਡੂੰਘੀ ਤੁਲ੍ਹਾ ਪੁਰਾਣਾ

ਸ਼ੀਹਾਂ ਤਾਂ ਪੱਤਣ ਮੱਲੇ

ਮੈਂ ਭੀ ਝੋਕ ਰਾਂਝਣ ਦੀ ਜਾਣਾ

ਨਾਲ ਮੇਰੇ ਕੋਈ ਚੱਲੇ

1832-33 ਈਸਵੀ ਵਿੱਚ ਹਰੀਕੇ ਤੋਂ ਬਾਰਾਂ ਮੀਲ ਹੇਠਾਂ ਜੰਗਲ ਵਿੱਚ ਮੁਕਾਮੀ ਲੋਕ ਸਤਲੁਜ ਨੂੰ ‘ਨੈ’ ਕਹਿੰਦੇ ਸਨ। ਬਾਰਾਂ ਦੇ ਖਿੱਤੇ ਵਿੱਚ ਰਾਵੀ ਦਰਿਆ ਅੱਠ ਕੋਹ ਲਗਾਤਾਰ ਤੀਰ ਵਾਂਗ ਸਿੱਧਾ ਵਗਦਾ ਹੈ। ਉੱਥੇ ਇਹਨੂੰ ‘ਸਿੱਧ ਨੈ’ ਆਖਦੇ ਸਨ। ਸਿੱਧ ਦਾ ਅਰਥ ਸਿੱਧਾ ਅਤੇ ਨੈ ਦਾ ਅਰਥ ਦਰਿਆ ਹੈ। ਹੈਰਾਨੀ ਦੀ ਗੱਲ ਹੈ ਕਿ ਕੇਂਦਰੀ-ਪੂਰਬੀ ਭਾਰਤ ਦੇ ਸੰਥਾਲੀ ਲੋਕ ਆਪਣੇ ਲੋਕ ਗੀਤਾਂ ਵਿੱਚ ਆਪਣੇ ਪੁਰਾਣੇ ਮੁਲਕ ‘ਸਿੰਧ-ਪੰਜਾਬ’ ਨੂੰ ਯਾਦ ਕਰਦੇ ਹਨ। ਉਹ ਸਿੰਧ ਨਦੀ ਨੂੰ ਸਿੰਜੋ ਨੈ ਦੇ ਨਾਮ ਨਾਲ ਸੱਦਦੇ ਹਨ। ਕਿਤਾਬ ‘ਸੈਰਿ-ਪੰਜਾਬ’ (1847) ਦੱਸਦੀ ਹੈ ਕਿ ਫ਼ਿਰੋਜ਼ਪੁਰ ਦੇ ਇਲਾਕੇ ਨੂੰ ਨੈ ਦਾ ਮੁਲਕ ਕਿਹਾ ਜਾਂਦਾ ਸੀ ਕਿਉਂਕਿ ਇਹ ਸਤਲੁਜ ਅਤੇ ਕਈ ਨੈਆਂ ਦੇ ਕੰਢਿਆਂ ਉੱਤੇ ਆਬਾਦ ਸੀ। ‘ਸੁੱਕਰ ਨੈ’ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਮਸ਼ਹੂਰ ਨਦੀ ਸੀ ਜਿਹਦੀਆਂ ਨਿਸ਼ਾਨੀਆਂ ਮੌਜੂਦ ਹਨ। ਨੈ ਜਾਂ ਨੈਵਾਲ ਤੋਂ ਬਿਨਾਂ ਵਹਿਣ ਜਾਂ ਨਦੀ ਲਈ ‘ਨਾਲੀ’ ਸ਼ਬਦ ਦੱਖਣੀ ਪੰਜਾਬ, ਉੱਤਰੀ ਰਾਜਸਥਾਨ ਅਤੇ ਦੱਖਣੀ-ਪੱਛਮੀ ਹਰਿਆਣਾ ਵਿੱਚ ਮਸ਼ਹੂਰ ਹੈ।

ਦਰਿਆਏ ਦੰਦਾ ਨੂੰ ਦਿਖਾਉਂਦਾ ਨਕਸ਼ਾ

ਭੱਟੀ ਮੁਲਕ ਦੇ ਸਰਵੇਖਣ ਤੋਂ ਅਗਲੇ ਸਾਲਾਂ ਵਿੱਚ ਅੰਗਰੇਜ਼ਾਂ ਨੇ ਸਤਲੁਜ ਵਿੱਚੋਂ ਨਹਿਰ ਕੱਢਣ ਦਾ ਮਨ ਬਣਾਇਆ। ਇਹਦੇ ਲਈ ਸਿੱਧਵਾਂ ਬੇਟ (ਲੁਧਿਆਣਾ) ਨੇੜਲੇ ਪਿੰਡ ਤਿਹਾੜਾ ਦੇ ਕੋਲ ਸਤਲੁਜ ਦੇ ਕੰਢੇ ਦੀ ਚੋਣ ਕੀਤੀ ਗਈ। ਇਹਦੇ ਦੌਰਾਨ ਅੰਗਰੇਜ਼ਾਂ ਦਾ ਧਿਆਨ ਕੁਝ ਹੋਰ ਵਹਿਣਾਂ ਵੱਲ ਗਿਆ। ਸੀ.ਜੇ. ਹਡਗਸਨ ਨੂੰ ਤਿਹਾੜਾ ਨਹਿਰ (1847) ਦੇ ਸਰਵੇਖਣ ਵਿੱਚ ਕੁਝ ਅਜਿਹੇ ਵਹਿਣਾਂ ਦਾ ਪਤਾ ਲੱਗਿਆ ਜੋ ਸਤਲੁਜ ਵੱਲੋਂ ਆ ਰਹੇ ਸਨ ਅਤੇ ਮਾਲਵੇ ਦੇ ਖਿੱਤੇ ਵਿੱਚ ਫੈਲੇ ਹੋਏ ਸਨ। ਪਿੰਡ ਅਖਾੜਾ (ਨੇੜੇ ਜਗਰਾਉਂ) ਤੋਂ ਸਤਲੁਜ ਦੇ ਮੌਜੂਦਾ ਕੰਢੇ ਦੇ ਵਿਚਕਾਰ ਇਨ੍ਹਾਂ ਵਹਿਣਾਂ ਦੀ ਮੌਜੂਦਗੀ ਸੀ। ਇਨ੍ਹਾਂ ਵਿੱਚ ਇੱਕ ਵਹਿਣ ਤਿਹਾੜੇ ਤੋਂ ਗਿਆਰਾਂ ਮੀਲ ਮੋਗੇ ਦੇ ਪੂਰਬ ਵਿੱਚ ਚੁਗਾਵਾਂ ਪਿੰਡ ਕੋਲ ਸੀ। ਦੂਜਾ ਵਹਿਣ ਸ਼ੇਖੂਪੁਰੇ ਵੱਲੋਂ ਆਉਂਦਾ ਸੀ ਅਤੇ ਅਜੀਤਵਾਲ ਤੱਕ ਚੰਗਾ ਚੌੜਾ ਸੀ। ਦੋਵਾਂ ਦਾ ਸਾਂਝਾ ਵਹਿਣ ਭਲੂਰ ਅਤੇ ਡੇਮਰੂ ਤੱਕ ਪਛਾਨਣਯੋਗ ਸੀ।

ਡੇਮਰੂ ਦੇ ਪੱਛਮ ਵਿੱਚ ਹੋਰ ਵਹਿਣ ਸੀ ਜੋ ਧਰਮਕੋਟ ਜਾਂ ਕੋਟ ਈਸੇ ਖਾਂ-ਸਲੀਣਾ-ਡਗਰੂ-ਸੋਸਣ-ਮੁੱਦਕੀ-ਜੰਡਵਾਲਾ-ਮਿਸਰੀਵਾਲਾ-ਪੱਕਾ ਵੱਲੋਂ ਆ ਰਿਹਾ ਸੀ ਅਤੇ ਅੱਗੇ ਫ਼ਰੀਦਕੋਟ ਤੱਕ ਸਾਫ਼ ਦਿਸਦਾ ਸੀ। ਇਹ ਸਾਰੇ ਫ਼ਰੀਦਕੋਟ ਦੇ ਨੇੜੇ ਮਿਲਦੇ ਸਨ ਅਤੇ ਵੱਡਾ ਵਹਿਣ ਬਣਾਉਂਦੇ ਸਨ। ਹਡਗਸਨ ਨੇ ਲੋਪੋਂ (ਬੱਧਨੀ) ਤੋਂ ਫ਼ਰੀਦਕੋਟ ਨੂੰ ਜਾਂਦਿਆਂ ਵੱਡਾ ਵਹਿਣ ਦੇਖਿਆ ਜੋ ਅੱਧੇ ਤੋਂ ਮੀਲ ਤੱਕ ਚੌੜਾ ਸੀ।

ਹਡਗਸਨ ਨੂੰ ਲੱਗਿਆ ਕਿ ਰੋਪੜ ਤੋਂ ਲੁਧਿਆਣੇ ਤੱਕ ਦਰਿਆ ਦੇ ਖੱਬੇ ਕੰਢੇ ਦੇ ਨਾਲ ਲਗਾਤਾਰ ਚੱਲੇ ਆ ਰਹੇ ਢਾਹੇ (ਉੱਚੇ ਕੰਢੇ) ਦਾ ਅੰਤ ਤਿਹਾੜਾ-ਭੂੰਦੜੀ ਕੋਲ ਹੋ ਜਾਣਾ ਚਾਹੀਦਾ ਸੀ। ਸਤਲੁਜ ਤੋਂ 12 ਮੀਲ ਦੱਖਣ ਵਿੱਚ ਅਚਾਨਕ ਧਰਤੀ ਤੀਹ ਫੁੱਟ ਤੱਕ ਨੀਵੀਂ ਚਲੇ ਜਾਂਦੀ ਸੀ। ਉਹਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਜ਼ੀਰਾ ਤਹਿਸੀਲ ਦੇ ਦੱਖਣੀ ਹਿੱਸੇ ਤੋਂ ਸ਼ੁਰੂ ਹੋ ਕੇ ਵਾਇਆ ਮੁੱਦਕੀ-ਫ਼ਰੀਦਕੋਟ-ਮੁਕਤਸਰ ਅਤੇ ਅੱਗੇ ਨੁਕੇੜਾ ਤੱਕ ਸੰਘਣੇ ਟਿੱਬਿਆਂ ਦੀ ਅਟੁੱਟ ਲੜੀ ਹੈ ਜੋ ਮੁਕਾਮੀ ਲੋਕਾਂ ਮੁਤਾਬਿਕ ਦਰਿਆ ਦਾ ਪੁਰਾਣਾ ਵਹਿਣ ਸੀ। ਇਹ ਵਹਿਣ ਰੂਪੀ ਰੇਤਲੇ ਟਿੱਬੇ ਵੱਖਰੇ ਕਿਸਮ ਦਾ ਦ੍ਰਿਸ਼ ਸਿਰਜਦੇ ਸਨ। ਇਸ ਖਿੱਤੇ ਦੀ ਜ਼ਮੀਨ ਦਾਤੀ ਦੇ ਦੰਦੇ ਵਾਂਗ ਉੱਚੀ ਥਾਂ ਤੋਂ ਨੀਵੀਂ ਥਾਂ ਵੱਲ ਜਾਂਦੀ ਸੀ। ਇਸ ਵਹਿਣ ਜਾਂ ਖਿੱਤੇ  ਨੂੰ ਦੰਦਾ ਜਾਂ ਦਰਿਆਇ-ਦੰਦਾ ਕਿਹਾ ਜਾਂਦਾ ਸੀ। ਸੀ.ਐਫ਼. ਉਲਡਮ (1874) ਨੇ ਦੰਦਾ ਸ਼ਬਦ ਨੂੰ ਢੰਡ ਸ਼ਬਦ ਦੇ ਰੂਪ ਵਿੱਚ ਪੜ੍ਹਿਆ, ‘‘ਢੰਡ ਦਾ ਮਤਲਬ ਉਸ ਧਾਰਾ ਜਾਂ ਖਿੱਤੇ ਤੋਂ ਹੈ ਜਿਹਦੇ ਵਿੱਚ ਪਾਣੀ ਬੇਸ਼ੱਕ ਮੌਜੂਦ ਹੈ ਪਰ ਦਰਿਆ ਦਾ ਮੁੱਖ ਵਹਿਣ ਇਹਨੂੰ ਛੱਡ ਚੁੱਕਿਆ ਹੈ। ਦਰਿਆ ਦਾ ਮੁੱਖ ਵਹਿਣ ਹੋਰ ਪੱਛਮ ਵੱਲ ਵਧ ਚੁੱਕਿਆ ਸੀ।’’ ਸ਼ਾਹ ਹੁਸੈਨ ਨੇ ਢੰਡ ਬਾਬਤ ਕਿਹਾ,

‘‘ਢੰਡ ਪੁਰਾਣੀ ਕੁੱਤਿਆਂ ਲੱਕੀ,

ਅਸੀਂ ਸਰਵਰ ਮਾਹਿ ਧੋਤਿਆ ਸੇ,

ਕਹੈ ਹੁਸੈਨ ਫ਼ਕੀਰ ਸਾਈਂ ਦਾ

ਅਸੀਂ ਟੱਪਣ ਟੱਪ ਨਿਕਲਿਆ ਸੇ।’’

ਦਰਿਆਇ-ਦੰਦਾ ਦਾ ਰਸਤਾ ਤਿਹਾੜਾ-ਧਰਮਕੋਟ-ਡਗਰੂ-ਮੁੱਦਕੀ-ਫ਼ਰੀਦਕੋਟ-ਮੁਕਤਸਰ-ਪੱਛਮ ਵਿੱਚ ਰੱਤਾਖੇੜਾ ਦੇ ਨੇੜੇ ਭਾਗਸਰ, ਅਬੋਹਰ ਅਤੇ ਫਾਜ਼ਿਲਕਾ ਦੇ ਐਨ ਅੱਧ ਵਿੱਚੋਂ, ਬਹਾਵਲਪੁਰ ਦੇ ਦੱਖਣ-ਪੂਰਬ ਤੋਂ 13 ਮੀਲ ਦੱਖਣ ਵਿੱਚ, ਪਾਕਟਪਟਨ ਤੋਂ 23 ਮੀਲ ਦੱਖਣ ਵਿੱਚ ਦਰਜ ਕੀਤਾ ਗਿਆ ਹੈ।

ਵਿਲੀਅਮ ਬਰਾਊਨ ਦੇ ਲੱਭੇ ਦੱਖਣੀ ਜਾਂ ਭੱਟੀ ਮੁਲਕ ਦੇ ਵਹਿਣਾਂ ਦਾ ਹਡਗਸਨ ਨੇ ਸਤਲੁਜ ਦੇ ਮੌੌਜੂਦਾ ਵਹਿਣ ਦੇ ਨੇੜਲੇ ਅਤੇ ਕੇਂਦਰੀ ਹਿੱਸੇ ਦੇ ਵਹਿਣਾਂ ਨਾਲ ਜੋੜ-ਤੋੜ ਬਣਾਉਣ ਦੀ ਕੋਸ਼ਿਸ਼ ਕੀਤੀ। ਹਡਗਸਨ ਨੇ ਤਿਹਾੜਾ ਨਹਿਰ ਦਾ ਸਰਵੇਖਣ ਕਰਦਿਆਂ ਮਲੋਟ ਨੇੜਲੇ ਪਿੰਡ ਦਾਨਾਵਾਲੇ ਤੋਂ ਉੱਪਰ ਥੇੜੀ-ਕੋਟਭਾਈ-ਸਾਹਿਬ ਚੰਦ-ਭਲਾਈਆਣਾ-ਅਬਲੂ-ਚੰਦਭਾਨ-ਮੱਲ੍ਹਾ-ਭਗਤਾ ਭਾਈਕਾ-ਗੁਰੂਸਰ-ਕਿਸ਼ਨਗੜ੍ਹ ਪੱਖਰਵੱਢ-ਪੱਤੋ ਹੀਰਾ ਸਿੰਘ-ਲੋਪੋਂ-ਮੱਲ੍ਹਾ-ਅਖਾੜਾ ਤੱਕ ਵਹਿਣ ਦੀਆਂ ਕੜੀਆਂ ਜੋੜਨ ਦਾ ਐਲਾਨ ਕੀਤਾ। ਮਲੋਟ ਤੋਂ ਅੱਗੇ ਅਬੋਹਰ-ਸੱਪਾਂਵਾਲੀ-ਕੱਲਰਖੇੜਾ-ਤਤਾਰਸਰ-ਬਾਲਰ ਵਾਲੇ ਵਹਿਣ ਦਾ ਰਸਤਾ ਵਿਲੀਅਮ ਬਰਾਊਨ ਨੇ ਪਹਿਲਾਂ ਦੱਸ ਦਿੱਤਾ ਸੀ। ਮੋਰਾਕੀ (ਮੋਰੱਕੋ ਦੇ) ਯਾਤਰੀ ਇਬਨ-ਬਤੂਤਾ ਨੇ 1333 ਈਸਵੀ ਵਿੱਚ ਅਬੋੋਹਰ ਦੇ ਨੇੜੇ ਦਰਿਆ ਦਾ ਜ਼ਿਕਰ ਕੀਤਾ ਸੀ। ਸੀ.ਐਫ਼. ਉਲਡਮ ਨੇ ਇਬਨ-ਬਤੂਤਾ ਦੇ ਹਵਾਲੇ ਦਾਅਵਾ ਕੀਤਾ ਕਿ ਉਸ ਸਮੇਂ ਸਤਲੁਜ ਅਬੋਹਰ ਕੋਲੋਂ ਵਗ ਰਿਹਾ ਸੀ। ਕੀ ਇਬਨ-ਬਤੂਤਾ ਨੇ ਮਲੋਟ-ਅਬੋਹਰ-ਕੋਇਲ ਖੇੜਾ ਵਾਲਾ ਵਹਿਣ ਦੇਖਿਆ ਹੋਵੇਗਾ?

ਹਡਗਸਨ ਨੂੰ ਅਖਾੜੇ (ਜਗਰਾਉਂ) ਤੋਂ ਮਲੋਟ ਤੱਕ ਵਹਿਣ ਟੁੱਟਵੇਂ ਰੂਪ ਵਿੱਚ ਮਿਲੇ। ਮਲੋਟ ਕੋਲ ਇਸ ਵਹਿਣ ਨੂੰ ਝੀਲ ਕਿਹਾ ਜਾਂਦਾ ਸੀ। ਮਲੋਟ ਦੇ ਕੋਲ ਦਾਨਾਵਾਲਾ ਤੋਂ ਥੇੜੀ-ਗੁਰੂਸਰ-ਕੋਟ ਭਾਈ-ਸਾਹਿਬਚੰਦ-ਭਲਾਈਆਣਾ-ਅਬਲੂ ਤੱਕ ਸਾਫ਼ ਵਹਿਣ ਸੀ। ਅਬਲੂ ਤੋਂ ਮਹਿਮੇ ਤੱਕ ਕਈ ਵਹਿਣ ਵੱਖਰੇ ਹੁੰਦੇ ਸਨ। ਅਬਲੂ ਦੇ ਹੇਠਾਂ ਇੱਕ ਵਹਿਣ ਸਾਹਿਬ ਚੰਦ ਵੱਲੋਂ ਅਤੇ ਦੂਜਾ ਭਿਸਿਆਣੇ ਤੋਂ ਸੀ। ਅਬਲੂ ਤੋਂ ਉੱਘੜਵਾਂ ਵਹਿਣ ਚੰਦਭਾਨ, ਫਤਹਿਗੜ੍ਹ ਅਤੇ ਮੱਲ੍ਹੇ ਵੱਲ ਜਾਂਦਾ ਸੀ। ਮੱਲ੍ਹੇ ਤੋਂ ਭਗਤੇ ਤੱਕ ਲਗਾਤਾਰ ਵਹਿੰਦਾ ਵਹਿਣ ਨਹੀਂ ਮਿਲਿਆ ਪਰ ਦੋ ਜਾਂ ਤਿੰਨ ਦਿਸ਼ਾਵਾਂ ਨੂੰ ਜਾਂਦੇ ਵਹਿਣ ਦਿਸਦੇ ਸਨ। ਭਗਤਾ ਭਾਈਕਾ ਤਾਂ ਵਸਿਆ ਹੀ ਵਹਿਣ ਦੇ ਵਿਚਕਾਰ ਸੀ। ਭਗਤੇ ਤੋਂ ਉੱਪਰ ਵੱਲ ਨੂੰ ਗੁਰੂਸਰ-ਕਿਸ਼ਨਗੜ੍ਹ ਪੱਖਰਵੱਢ-ਪੱਤੋ ਹੀਰਾ ਸਿੰਘ ਵਹਿਣ ਬਿਲਕੁਲ ਉੱਘੜਵਾਂ ਸੀ।

ਕਹਿਣ ਦਾ ਮਤਲਬ ਅੰਗਰੇਜ਼ਾਂ ਨੇ ਵੱਖਰੇ ਵੱਖਰੇ ਦਿਸਦੇ ਅਤੇ ਟੁੱਟਵੇਂ ਵਹਿਣਾਂ ਨੂੰ ਜੋੜ ਕੇ ਵਹਿਣ ਦੀ ਲਗਾਤਾਰਤਾ ਦਾ ਨਕਸ਼ਾ ਬਣਾਉਣ ਦੀ ਕੋਸ਼ਿਸ਼ ਕੀਤੀ। ਮੇਜਰ ਬੇਕਰ ਨੇ ਸਾਹਮਣੇ ਆਏ ਵਹਿਣਾਂ ਦੀ ਰੌਸ਼ਨੀ ਵਿੱਚ ਨਹਿਰ ਦਾ ਨਕਸ਼ਾ ਪੇਸ਼ ਕੀਤਾ। ਉਹਦੇ ਮੁਤਾਬਿਕ ਸਤਲੁਜ ਦੇ ਵਿੱਚੋਂ ਤਿਹਾੜੇ ਨੇੜਿਉਂ ਨਹਿਰ ਕੱਢ ਕੇ ਪਾਣੀ ਚੁਗਾਵਾਂ ਅਤੇ ਸ਼ੇਖੂਪੁਰੇ ਵਾਲੇ ਸਾਂਝੇ ਵਹਿਣ (ਮੌਜੂਦਾ ਮੋਗਾ ਨਾਲਾ) ਵਿੱਚ ਪਾਇਆ ਜਾਵੇ। ਚੁਗਾਵਾਂ ਵਾਲੇ ਵਹਿਣ ਨੂੰ ਦਰਿਆਇ-ਦੰਦਾ ਵਾਲੇ ਵਹਿਣ ਨਾਲ ਜੋੜ ਕੇ ਫ਼ਰੀਦਕੋਟ ਅਤੇ ਮੁਕਤਸਰ ਤੱਕ ਪਾਣੀ ਪੁਚਾਇਆ ਜਾਵੇ। ਚੁਗਾਵਾਂ ਤੋਂ ਭਗਤਾ ਭਾਈਕਾ ਤੱਕ ਨਹਿਰ ਕੱਢੀ ਜਾਵੇ ਅਤੇ ਭਗਤੇ ਕੋਲ ਵਹਿੰਦੀ ਅਬੋਹਰ ਨਈਵਾਲ (ਮਾਛੀਵਾੜਾ-ਅਖਾੜਾ-ਭਗਤਾ-ਮਲੋਟ-ਅਬੋਹਰ) ਵਿੱਚ ਪਾਣੀ ਸੁੱਟ ਕੇ ਅਬੋਹਰ ਤੱਕ ਪਾਣੀ ਪੁਚਾਇਆ ਜਾਵੇ।

ਤਿਹਾੜਾ ਤੋਂ ਨਹਿਰ ਕੱਢਣ ਦੀ ਜੁਗਤ ਗੋਰਿਆਂ ਦੇ ਸੂਤ ਨਹੀਂ ਬੈਠੀ ਤਾਂ ਉਨ੍ਹਾਂ ਨੇ ਰੋਪੜ ਕੋਲੋਂ ਨਹਿਰ ਕੱਢਣ ਲਈ ਸਰਵੇਖਣ ਕਰਵਾਏ। ਰੋਪੜ ਨੇੜੇ ਸਤਲੁਜ ਦੀ ਖਾੜੀ ਬਣਦੀ ਸੀ। ਇੱਥੇ ਕਈ ਦਰਿਆ ਸਤਲੁਜ ਵਿੱਚ ਮਿਲਦੇ ਹਨ ਜਿਵੇਂ ਬੁੱਧਕੀ, ਸੁਘ ਰਾਉ ਅਤੇ ਸੀਸਵਾਂ। ਕੁਝ ਵਹਿਣ ਇਹਦੇ ਨੇੜਿਉਂ ਨਿਕਲਦੇ ਸਨ। ਇਨ੍ਹਾਂ ਵਿੱਚੋਂ ਕਈ ਸੁੱਕੇ ਅਤੇ ਬਰਸਾਤੀ ਸਨ। ਬੁੱਢਾ ਦਰਿਆ ਰੋਪੜ ਦੇ ਪੱਛਮ ਵਿੱਚੋਂ ਬੇਲੇ ਕੋਲੋਂ ਨਿਕਲਦਾ ਸੀ।

ਲੁਧਿਆਣੇ ਜ਼ਿਲ੍ਹੇ ਦੀ ਬੰਦੋਬਸਤ ਰਪਟ (ਸੈਟਲਮੈਂਟ ਰਿਪੋਰਟ, 1859) ਵਿੱਚ ਐਚ. ਡੇਵਿਡਸਨ ਨੇ ਸਤਲੁਜ ਦੇ ਕਿਸੇ ਪੁਰਾਣੇ ਵਹਿਣ ਦੀ ਤਫ਼ਸੀਲ ਦਿੱਤੀ ਹੈ। ਅਕਬਰ ਤੋਂ ਸ਼ਾਹਜਹਾਂ ਦੇ ਵੇਲੇ ਦੇ ਕਾਨੂੰਗੋ ਰਿਕਾਰਡ ਮੁਤਾਬਿਕ ਇਹ ਵਹਿਣ ਲੁਧਿਆਣੇ ਜ਼ਿਲ੍ਹੇ ਵਿੱਚ ਵਹਿੰਦਾ ਸੀ ਜੋ ਛੋਟੀ ਨਦੀ ਸੀ। ਇਲਾਕੇ ਦੀ ਅੱਧੀ ਖੇਤੀ ਇਸ ਨਦੀ ਤੋੋਂ ਹੁੰਦੀ ਸੀ। ਪਿੱਛੋਂ ਦੇ ਰਿਕਾਰਡ ਵਿੱਚ ਇਲਾਕੇ ਦੀ ਧਰਤੀ ਨੂੰ ਗੈਰ-ਸੇਂਜੂ ਕਰਾਰ ਦਿੱਤਾ ਗਿਆ ਕਿਉਂਕਿ ਸਤਲੁਜ ਵਿੱਚੋਂ ਆਉਣ ਵਾਲੀ ਇਹ ਨਦੀ ਸੁੱਕ ਗਈ ਸੀ। ਰੋਪੜ ਦੇ ਨੇੜੇ ਸਤਲੁਜ ਵਿੱਚੋਂ ਨਿਕਲਣ ਵਾਲੀ ਇਹ ਧਾਰਾ ਬਹਿਲੋਲਪੁਰ ਦੇ ਦੱਖਣ ਤੋਂ, ਸਮਰਾਲਾ ਦੇ ਉੱਤਰ ਵੱਲੋਂ, ਕੋਟ ਗੰਗੂ ਰਾਏ ਅਤੇ ਕਟਾਣੀ ਦੇ ਦੱਖਣ ਤੋਂ ਹੁੰਦੀ ਹੋਈ, ਪਾਇਲ ਇਲਾਕੇ ਅਤੇ ਉਮਾਇਆਪੁਰ (ਉਮੈਦਪੁਰ) ਪਰਗਣੇ ਰਾਹੀਂ ਪਿੰਡ ਨਾਰੰਗਵਾਲ ਕੋਲੋਂ ਵਗਦੀ ਹੋਈ ਬੁਰਜ ਲਿੱਟਾਂ (ਨੇੜੇ ਅਖਾੜਾ) ਪਹੁੰਚਦੀ ਸੀ। ਉੱਥੋਂ ਇਹ ਦੱਖਣ ਜਾਂ ਦੱਖਣ ਪੱਛਮ (ਅਬੋਹਰ) ਵੱਲ ਜਾਂਦੀ ਸੀ। ਡੇਵਿਡਸਨ ਨੇ ਇਸ ਵਹਿਣ ਦੇ ਰਸਤੇ ਰਾਹੀਂ ਨਹਿਰ ਕੱਢਣ ਦਾ ਸੁਝਾਅ ਦਿੱਤਾ ਸੀ। ਇਸੇ ਰਾਹ ਉੱਤੇ ਸਰਹਿੰਦ ਨਹਿਰ ਕੱਢੀ ਗਈ। ਇਹ ਘੱਟੋ-ਘੱਟ ਦੋਰਾਹਾ ਤੱਕ ਅਤੇ ਅੱਗੇ ਬੱਸੀਆਂ ਤੱਕ ਅਬੋਹਰ ਬਰਾਂਚ ਨਹਿਰ ਦੇ ਨੇੜੇ ਤੇੜੇ ਦਾ ਰਸਤਾ ਬਿਆਨ ਹੁੰਦਾ ਹੈ।

ਰੋਪੜ ਤੋਂ ਅਖਾੜਾ ਪਿੰਡ ਤੱਕ ਦੇ ਵਹਿਣ ਦਾ ਨਕਸ਼ਾ ਡੇਵਿਡਸਨ ਨੇ ਖਿੱਚ ਦਿੱਤਾ। ਅਖਾੜੇ ਤੋਂ ਲੋਪੋਂ-ਭਗਤਾ ਭਾਈਕਾ-ਮਲੋਟ-ਅਬੋਹਰ-ਕੱਲਰਖੇੜਾ ਵਾਲਾ ਨਕਸ਼ਾ ਪਹਿਲਾਂ (ਹਡਗਸਨ ਦੁਆਰਾ) ਖਿੱਚਿਆ ਜਾ ਚੁੱਕਿਆ ਸੀ। ਰੋਪੜ-ਕੱਲਰਖੇੜਾ ਅਤੇ ਅੱਗੇ ਬਾਲਰ (ਪਾਕਿਸਤਾਨ) ਤੱਕ ਦੇ ਵਹਿਣ ਨੂੰ ਪੱਛਮੀ ਨੈਵਾਲ ਜਾਂ ਅਬੋਹਰ ਨੈਵਾਲ ਦਾ ਨਾਮ ਦਿੱਤਾ ਗਿਆ। ਇਹ ਤੋਂ ਇਲਾਵਾ ਅੰਗਰੇਜ਼ਾਂ ਨੇ ਜ਼ਮੀਨੀ ਅਤੇ ਨਹਿਰੀ ਸਰਵੇਖਣਾਂ ਦੇ ਹਵਾਲਿਆਂ ਨਾਲ ਸਤਲੁਜ ਦੇ ਕਈ ਹੋਰ ਪੁਰਾਣੇ ਵਹਿਣਾਂ ਦੀ ਨਿਸ਼ਾਨਦੇਹੀ ਅਤੇ ਨਕਸ਼ਾਬੰਦੀ ਦਾ ਦਾਅਵਾ ਕੀਤਾ ਜਿਨ੍ਹਾਂ ਵਿੱਚ ਚਮਕੌਰ -ਦਹਿੜੂ- ਮਾਲੇਰਕੋਟਲਾ -ਪੰਜਗਰਾਈਆਂ- ਭੱਦਰਵੱਡ-ਠੀਕਰੀਵਾਲਾ- ਜੇਠੂਕੇ- ਮੰਡੀ ਕਲਾਂ- ਪੱਕਾ- ਪਥਰਾਲਾ-ਡੱਬਵਾਲੀ ਵਹਿਣ ਨੂੰ ਕੇਂਦਰੀ ਜਾਂ ਡੱਬਵਾਲੀ ਨੈਵਾਲ ਕਿਹਾ ਗਿਆ। ਜਿਹਦੀ ਬਚੀ-ਖੁਚੀ ਨਿਸ਼ਾਨੀ ਲਸਾੜਾ ਚੋਅ ਦੱਸੀ ਜਾਂਦੀ ਹੈ। ਇਹਨੂੰ ਭੱਡਲੀ ਨਦੀ ਕਿਹਾ ਜਾਂਦਾ ਸੀ। ਭੱਡਲੀ ਨਦੀ ਮਲਵਈ ਲੋਕ-ਰਵਾਇਤ ਦੀ ਸਭ ਤੋਂ ਮਸ਼ਹੂਰ ਨਦੀ ਸੀ। ਚਮਕੌਰ-ਭੀਖੀ-ਹਨੂੰਮਾਨਗੜ੍ਹ ਵਹਿਣ ਨੂੰ ਪੂਰਬੀ ਨੈਵਾਲ ਕਿਹਾ ਗਿਆ ਹੈ। ਅੰਗਰੇਜ਼ਾਂ ਦੇ ਨਕਸ਼ਿਆਂ ਵਿੱਚ ਸਤਲੁਜ ਦੇ ਕਦੀਮੀਂ ਵਹਿਣਾਂ ਵਜੋਂ ਦਰਜ ਹੋਏ ਵਹਿਣਾਂ ਵਿੱਚ ਤਿੰਨ ਨੈਵਾਲਾਂ, ਦਰਿਆਇ-ਦੰਦਾ, ਬੁੱਢਾ ਦਰਿਆ ਅਤੇ ਸੁੱਕਰ ਨਦੀ ਅਹਿਮ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸਰਕਾਰ ਨੇ 10 ਯੂ-ਟਿਊਬ ਚੈਨਲਾਂ ’ਤੇ ਪਈਆਂ 45 ਵੀਡੀਓਜ਼ ਬਲਾਕ ਕੀਤੀਆਂ: ਠਾਕੁਰ

ਸਰਕਾਰ ਨੇ 10 ਯੂ-ਟਿਊਬ ਚੈਨਲਾਂ ’ਤੇ ਪਈਆਂ 45 ਵੀਡੀਓਜ਼ ਬਲਾਕ ਕੀਤੀਆਂ: ਠਾਕੁਰ

ਵੀਡੀਓਜ਼ ਵਿੱਚ ਸੀ ਵੱਖ-ਵੱਖ ਧਰਮਾਂ ਦੇ ਫਿਰਕਿਆਂ ਵਿਚਾਲੇ ਨਫ਼ਰਤ ਫੈਲਾਉਣ...

ਸੀਯੂਈਟੀ-ਪੀਜੀ ਦਾ ਨਤੀਜਾ ਐਲਾਨਿਆ

ਸੀਯੂਈਟੀ-ਪੀਜੀ ਦਾ ਨਤੀਜਾ ਐਲਾਨਿਆ

ਕੌਮੀ ਟੈਸਟਿੰਗ ਏਜੰਸੀ ਨੇ ਪ੍ਰੀਖਿਆ ਦੇ ਵਿਸ਼ਾ ਵਾਰ ਟੌਪਰਾਂ ਦਾ ਐਲਾਨ ਕੀਤ...

ਸੁਪਰੀਮ ਕੋਰਟ ਨੇ ਚੋਣ ਨਿਸ਼ਾਨ ਅਲਾਟ ਕਰਨ ਦੇ ਮੁੱਦੇ ਬਾਰੇ ਪਟੀਸ਼ਨ ਖਾਰਜ ਕੀਤੀ

ਸੁਪਰੀਮ ਕੋਰਟ ਨੇ ਚੋਣ ਨਿਸ਼ਾਨ ਅਲਾਟ ਕਰਨ ਦੇ ਮੁੱਦੇ ਬਾਰੇ ਪਟੀਸ਼ਨ ਖਾਰਜ ਕੀਤੀ

ਸਿਖਰਲੀ ਅਦਾਲਤ ਵੱਲੋਂ ਪਟੀਸ਼ਨ ਚੋਣ ਅਮਲ ’ਚ ਅੜਿੱਕਾ ਕਰਾਰ

ਸ਼ਹਿਰ

View All