ਮਨਜੀਤ ਬਾਵਾ ਦਾ ‘ਅਨਟਾਈਟਲਡ’ ਚਿੱਤਰ : The Tribune India

ਕਲਾ ਜੁਗਤ

ਮਨਜੀਤ ਬਾਵਾ ਦਾ ‘ਅਨਟਾਈਟਲਡ’ ਚਿੱਤਰ

ਮਨਜੀਤ ਬਾਵਾ ਦਾ ‘ਅਨਟਾਈਟਲਡ’ ਚਿੱਤਰ

ਜਗਤਾਰਜੀਤ ਸਿੰਘ

ਸਾਡੇ ਸਮਾਜ ਦੀ ਨਜ਼ਰ ਚਿੱਤਰਕਲਾ ਖੇਤਰ ਵੱਲ ਘੱਟ ਹੀ ਜਾਂਦੀ ਹੈ। ਜੇ ਜਾਂਦੀ ਹੈ ਤਾਂ ਕਲਾਕਾਰ ਦੀ ਕਿਰਤ ਨੂੰ ਕਿਤਾਬਾਂ ਦੇ ਸਰਵਰਕ ਬਣਾ-ਬਣਾ ਕੇ ਖਪਾ ਲਿਆ ਜਾਂਦਾ ਹੈ। ਇਸ ਵੇਲੇ ਕਿਰਤ ਦੀ ਬਜਾਏ ਕਰਤੇ ਦੇ ਨਾਂ ਨੂੰ ਪਹਿਲ ਦਿੱਤੀ ਹੈ। ਇਉਂ ਕਰਕੇ ਲੇਖਕ ਆਪਣੇ ਆਪ ਨੂੰ ਕਲਾਕਾਰ ਦੇ ਕਰੀਬ ਹੋਣ ਦਾ ਭਰਮ ਪਾਲ ਵਧਦਾ-ਫੁਲਦਾ ਰਹਿੰਦਾ ਹੈ। ਕਲਾਕਾਰ ਵੀ ਆਪਣੇ ਕੰਮ ਦੀ ਮਸ਼ਹੂਰੀ ਹੁੰਦੀ ਜਾਣ ਖ਼ੁਸ਼ ਹੁੰਦਾ ਰਹਿੰਦਾ ਹੈ। ਅਜਿਹੇ ਵੇਲੇ ਕੰਮ ਦੇ ਗੁਣ-ਲੱਛਣ, ਸਮਝਣ ਸਮਝਾਉਣ ਉਰਾਂ-ਪਰ੍ਹਾਂ ਵਿਚਰਦੇ ਰਹਿੰਦੇ ਹਨ।

ਅਜੋਕੇ ਸਮੇਂ ਕਈ ਕਲਾਕਾਰ ਆਪਣੀ ਸਿਰਜਣਾ ਦੀ ਤਾਕਤ ਨਾਲ ਸਾਹਮਣੇ ਆਏ। ਚੰਗੇ ਪ੍ਰਗਟਾਵੇ ਦੇ ਬਾਵਜੂਦ ਉਹ ਹਾਲੇ ਤਕ ਅਣਜਾਣ ਹੀ ਹਨ। ਇਕ ਖ਼ਿਆਲ ਤਾਂ ਸਾਫ਼ ਹੈ ਕਿ ਕੰਮ ਦੇ ਨਾਲੋ-ਨਾਲ ਬਹੁਤ ਕੁਝ ਹੋਰ ਵੀ ਕਰਨਾ ਪੈਂਦਾ ਹੈ ਜਿਵੇਂ ਕਿਤਾਬ ਛਪਣ ਬਾਅਦ ਲੇਖਕ ਕਰਦਾ ਹੈ।

ਬਣੀ ਹੋਈ ਮੂਰਤ ਦੇਖ ਕੇ ਜੇ ਕਲਾਕਾਰ ਦਾ ਨਾਮ ਜੀਭ ਉਪਰ ਆ ਜਾਵੇ ਤਾਂ ਘੱਟ ਪ੍ਰਾਪਤੀ ਵਾਲੀ ਗੱਲ ਨਹੀਂ। ਦੂਜੇ ਵਰਗਾ ਕੰਮ ਕਰਨਾ, ਚੰਗਾ ਨਹੀਂ ਕਿਹਾ ਜਾ ਸਕਦਾ। ਮਨਜੀਤ ਬਾਵਾ (1941-2008) ਨੇ ਆਪਣੇ ਬਣਾਏ ਜਾ ਰਹੇ ਆਕਾਰ ਨੂੰ ਦਰਸ਼ਨੀ ਰੂਪ ਦੇਣ ਲਈ ਉਸ ਨੂੰ ਕਈ ਵਾਰ ਪੈਨਸਿਲ ਨਾਲ ਉਲੀਕਿਆ। ਮੁੜ-ਮੁੜ ਚਲਦੀ ਪੈਨਸਿਲ ਚਿਤਵੇ ਰੂਪ ਨੂੰ ਅਸਲੀ ਰੂਪ ਦੇ ਕਰੀਬ ਲੈ ਜਾਂਦੀ ਹੈ। ਜੋੜ-ਤੋੜ, ਘਾਟਾ-ਵਾਧਾ ਅੰਤ ਤਕ ਚਲਦਾ ਰਹਿੰਦਾ ਹੈ। ਵਿਸ਼ੇ, ਵਿਚਾਰ ਅਤੇ ਰੂਪ ਦੀ ਆਪਸੀ ਸਾਂਝ ਬਣ ਜਾਣ ਉਪਰੰਤ ਖਾਕੇ ਨੂੰ ਪੂਰਾ ਹੋਇਆ ਮੰਨ ਲਿਆ ਜਾਂਦਾ ਹੈ। ਇਹ ਕੰਮ ਦਾ ਪਹਿਲਾ ਪੜਾਅ ਹੈ। ਅਗਲੇ ਕਦਮ ਅਨੁਸਾਰ ਉਸ ਖਾਕੇ ਨੂੰ ਕੈਨਵਸ ਉਪਰ ਉਤਾਰਿਆ ਜਾਂਦਾ ਹੈ। ਇੱਥੋਂ ਕੈਨਵਸ ਰੰਗਣ ਦਾ ਕੰਮ ਸ਼ੁਰੂ ਹੁੰਦਾ ਹੈ।

ਮਨਜੀਤ ਬਾਵਾ ਨੇ ਆਮ ਤੌਰ ’ਤੇ ਵੱਡੇ ਕੈਨਵਸ ਬਣਾਏ ਹਨ, ਵਿਸ਼ਾ ਵਸਤੂ ਭਾਵੇਂ ਕੋਈ ਵੀ ਹੋਵੇ। ਵੱਡਾ ਕੈਨਵਸ ਮੂਲ ਚਿੱਤਰ ਦਾ ਪਿਛੋਕੜ ਤਿਆਰ ਕਰਨ ਵਿਚ ਸਹਾਈ ਹੁੰਦਾ ਹੈ। ਚਿਤੇਰਾ ਇਹਦੇ ਲਈ ‘ਇਕ ਸਮੇਂ ਇਕ ਹੀ ਰੰਗ’ ਦਾ ਨੇਮ ਪਾਲਦਾ ਹੈ। ਪਿੱਛੇ ਵਾਲਾ ਰੰਗ ਹਮੇਸ਼ਾ ਗੂੜ੍ਹਾ ਅਤੇ ਚਟਕ ਹੁੰਦਾ ਹੈ। ਲਾਲ ਰੰਗ ਦੀ ਵਰਤੋਂ ਮੁੜ-ਮੁੜ ਕੀਤੀ ਹੈ। ਦੂਜੇ ਰੰਗ ਘੱਟ ਹਨ। ਸਿਆਹ ਪਿਛੋਕੜ ਵਾਲੀ ਕਿਰਤ ਵਿਰਲੀ ਟਾਵੀਂ ਹੈ। ਇਹ ਪੱਟੀ ਸੋਹਣੇ ਢੰਗ ਨਾਲ ਇਕਸਾਰ ਲਾਈ ਜਾਂਦੀ ਹੈ। ਦੂਰੋਂ-ਨੇੜਿਓਂ ਜਾਂ ਕਿਸੇ ਵੀ ਕੋਣ ਤੋਂ ਦੇਖਿਆਂ ਬੁਰਸ਼ ਛੋਹ ਉਪਰ ਚੜ੍ਹੀ ਬੁਰਸ਼ ਛੋਹ ਜਾਂ ਕੋਈ ਝਰੀਟ ਨਹੀਂ ਦਿਸਦੀ। ਇਸੇ ਪਿੱਠਭੂਮੀ ਅੱਗੇ ਆਕਾਰਾਂ ਨੂੰ ਜੀਵੰਤ ਕੀਤਾ ਜਾਂਦਾ ਹੈ। ਪੂਰੀ ਸਪੇਸ ਵਿਚਾਲੇ ਇਕ ਆਕਾਰ ਹੋ ਸਕਦਾ ਹੈ ਤੇ ਇਕ ਤੋਂ ਵੱਧ ਵੀ। ਵਿਅਕਤੀ/ਦੇਵਤੇ ਨਾਲ ਜਾਨਵਰਾਂ ਦੀ ਮੌਜੂਦਗੀ ਹੋ ਸਕਦੀ ਹੈ।

‘ਅਨਟਾਈਟਲਡ’ ਪੇਂਟਿੰਗ ਦਾ ਆਕਾਰ ਸੰਤਾਲੀ ਇੰਚ ਗੁਣਾਂ ਸੱਠ ਇੰਚ ਹੈ। ਸੱਜੇ ਪਾਸੇ ਗੋਡਿਆਂ ਭਾਰ ਹੋਇਆ ਮਨੁੱਖੀ ਆਕਾਰ ਬੰਸਰੀ ਵਜਾ ਰਿਹਾ ਹੈ। ਉਸ ਦੇ ਸਾਹਮਣੇ ਖੜ੍ਹੀਆਂ-ਬੈਠੀਆਂ ਗਊਆਂ ਦੀ ਸਥਿਤੀ ਭਿੰਨ ਭਿੰਨ ਹੈ। ਇਸ ਦੇ ਸਿਵਾਏ ਹੋਰ ਕੋਈ ਇਕਾਈ ਨੂੰ ਨੇੜੇ ਨਹੀਂ ਆਉਣ ਦਿੱਤਾ।

ਚਿੱਤਰ ਦੇਖਦਿਆਂ ਹੀ ਗਊਆਂ ਨਾਲ ਖੜ੍ਹੇ ਕ੍ਰਿਸ਼ਨ ਭਗਵਾਨ ਦੀਆਂ ਅਨੇਕਾਂ ਤਸਵੀਰਾਂ ਦਰਸ਼ਕ ਦੀਆਂ ਅੱਖਾਂ ਅੱਗੋਂ ਗੁਜ਼ਰਨ ਲੱਗਦੀਆਂ ਹਨ। ਇਸ ਚਿੱਤਰ ਵਿਚ ਕ੍ਰਿਸ਼ਨ ਭਗਵਾਨ ਦਾ ਉਹ ਰੂਪ ਹਾਜ਼ਰ ਨਹੀਂ ਜਿਸ ਨੂੰ ਭਗਤ ਲੋਕ ਸਦੀਆਂ ਤੋਂ ਪਛਾਣਦੇ ਆ ਰਹੇ ਹਨ। ਖ਼ੁਦ ਚਿੱਤਰਕਾਰ ਮਨਜੀਤ ਬਾਵਾ ਨੇ ਚਿੱਤਰ ਨੂੰ ਸਿਰਲੇਖ ਨਾ ਦੇ ਕੇ ਇਸ ਨੂੰ ਇਕ ਸੁਤੰਤਰ ਹੋਂਦ ਵਜੋਂ ਦੇਖਣ ਲਈ ਕਿਹਾ ਹੈ। ਗਊਆਂ ਤਾਂ ਹਨ ਪਰ ਜੋ ਸ਼ਖ਼ਸ ਬੰਸਰੀ ਵਜਾ ਰਿਹਾ ਹੈ, ਉਸ ਦਾ ਸ਼ਿੰਗਾਰ ਕ੍ਰਿਸ਼ਨ ਭਗਵਾਨ ਜਿਹਾ ਨਹੀਂ। ਇਸ ਆਧਾਰ ਸਦਕਾ ਇਹ ਪੇਂਟਿੰਗ ਕ੍ਰਿਸ਼ਨ ਭਗਵਾਨ ਨਾਲ ਜੋੜ ਕੇ ਨਹੀਂ ਦੇਖੀ ਜਾਣੀ ਚਾਹੀਦੀ। ਇਸ ਖ਼ਿਆਲ ਨੂੰ ‘ਅਨਟਾਈਟਲਡ’ ਸਿਰਲੇਖ ਮਜ਼ਬੂਤੀ ਦਿੰਦਾ ਹੈ।

ਆਦਮੀ ਦਾ ਸਰੀਰ ਨੀਲੇ, ਜਾਮਣੀ ਰੰਗਾਂ ਦੇ ਮਿਸ਼ਰਨ ਅਤੇ ਉਨ੍ਹਾਂ ਦੀ ਰੰਗਤ ਨਾਲ ਬਣਿਆ ਹੈ। ਉਸ ਦੇ ਸਰੀਰ ਦਾ ਉਪਰਲਾ ਅਤੇ ਹੇਠਲਾ ਭਾਗ ਪੀਲੇ ਰੰਗ ਦੇ ਕੱਪੜੇ ਵਿਚ ਲਿਪਟਿਆ ਹੈ। ਚਿੱਤਰ ਨੂੰ ਚਿੱਤਰਕਾਰ ਪ੍ਰਗਟਾਵੇ ਦੀ ਖੇਡ ਵਜੋਂ ਦੇਖ-ਦਿਖਾ ਰਿਹਾ ਹੈ। ਇਹ ਕਾਰਜ ਹੋਰ ਭਾਰਤੀ ਚਿੱਤਰਕਾਰਾਂ ਨੇ ਵੀ ਕੀਤਾ ਹੈ। ਪ੍ਰਸਿੱਧ ਚਿੱਤਰਕਾਰ ਮਕਬੂਲ ਫਿਦਾ ਹੁਸੈਨ ਨੇ ਭਾਰਤੀ ਮਿਥਿਹਾਸ ਨੂੰ ਕੈਨਵਸ ਉਪਰ ਆਪਣੀ ਸ਼ੈਲੀ ਰਾਹੀਂ ਖ਼ੂਬ ਚਿਤਰਿਆ।

ਕੈਨਵਸ ਉਪਰ ਦਿਸਦੇ ਆਕਾਰਾਂ ਵਿਚ ਪੰਜ ਗਊਆਂ ਅਤੇ ਇਕ ਬੈਲ ਹਨ। ਇੱਥੇ ਬਣਤਰ ਅਤੇ ਸੁਭਾਅ ਦੋਵੇਂ ਮਾਅਨੇ ਵਾਲੇ ਹਨ। ਗਊਆਂ ਸ਼ਾਂਤ ਚਿਤ, ਸਥਿਰ ਹਨ। ਸਾਰੇ ਮਾਹੌਲ ਵਿਚ ਇਕ ਬੈਲ ਹੀ ਹਰਕਤ ਵਿਚ ਹੈ। ਉਹ ਸਰੀਰਕ ਹਿਲਜੁਲ ਰਾਹੀਂ ਆਪਣੀ ਮਸਤੀ ਜ਼ਾਹਿਰ ਕਰ ਰਿਹਾ ਹੈ। ਇਸ ਨੂੰ ਖਰੂਦ ਪਾਉਂਦਾ ਹੋਇਆ ਵੀ ਕਹਿ ਸਕਦੇ ਹਾਂ। ਜੀਭ ਦਾ ਮੂੰਹੋਂ ਬਾਹਰ ਨਿਕਲਣਾ, ਪੂਛ ਦਾ ਤਣਿਆ ਹੋਣਾ ਉਪਰੋਕਤ ਲਿਖੇ ਦੀ ਪ੍ਰੋੜਤਾ ਕਰਦੇ ਹਨ। ਇਸ ਦੇ ਮੁਕਾਬਲੇ ਸ਼ਾਂਤ ਚਿਤ ਗਊਆਂ ਨੂੰ ਦੇਖਿਆ ਜਾ ਸਕਦਾ ਹੈ। ਉਹ ਭਾਵੇਂ ਬੈਠੀਆਂ ਹਨ ਜਾਂ ਖੜ੍ਹੀਆਂ, ਕਿਸੇ ਦੀ ਪੂਛ ਨਹੀਂ ਦਿਸਦੀ। ਸਥਿਤੀ ਅਨੁਸਾਰ ਪੂਛਾਂ ਹੋਣੀਆਂ ਚਾਹੀਦੀਆਂ ਸਨ। ਪਤਾ ਚਲਦਾ ਹੈ ਕਿ ਚਿੱਤਰਕਾਰ ਸਥਿਤੀ ਅਨੁਸਾਰ ਕੰਮ ਨਹੀਂ ਕਰ ਰਿਹਾ ਸਗੋਂ ਮਰਜ਼ੀ ਅਨੁਸਾਰ ਕਰ ਰਿਹਾ ਹੈ। ਮਰਜ਼ੀ ਚਿਤੇਰੇ ਨੂੰ ਵਾਸਤਵਿਕਤਾ ਤੋਂ ਦੂਰ ਜਾਂ ਉਸ ਦੇ ਕਰੀਬ ਲੈ ਆਉਣ ਦੇ ਸਮਰੱਥ ਹੈ। ਓਦਾਂ ਮਰਜ਼ੀ ਸਾਰੀ ਕਿਰਤ ’ਤੇ ਭਾਰੂ ਹੈ। ਇਹੋ ਕਲਾਕਾਰ ਦੀ ਸੁਤੰਤਰਤਾ ਦੇ ਹੱਕ ਵਿਚ ਖੜ੍ਹਦੀ ਹੈ।

ਇਸ ਖ਼ਿਆਲ ਦੀ ਪਰਖ ਲਈ ਚਿੱਤਰ ਦੀ ਪਿੱਠਭੂਮੀ ਵੱਲ ਮੁੜਦੇ ਹਾਂ ਜਿਹੜੀ ਲਾਲ ਅਤੇ ਪੂਰੀ ਤਰ੍ਹਾਂ ਪੱਧਰੀ ਹੈ। ਸਥਿਤੀ ਮੁਤਾਬਿਕ ਕਿਸੇ ਵੀ ਤਰ੍ਹਾਂ ਦੀ ਜ਼ਮੀਨ, ਘਾਹ-ਫੂਸ, ਛੋਟੇ-ਵੱਡੇ ਰੁੱਖ, ਫੁੱਲ-ਬੂਟੇ ਆਦਿ ਹੋਣੇ ਚਾਹੀਦੇ ਸਨ। ਪਰ ਇੱਥੇ ਤਾਂ ਘਾਹ ਦਾ ਤਿਣਕਾ ਵੀ ਨਹੀਂ। ਮਨਜੀਤ ਬਾਵਾ ਕਿਹਾ ਕਰਦਾ ਸੀ ਕਿ ਮੈਂ ਆਪਣੇ ਕੰਮ ਵਿਚ ਕਾਂਗੜਾ, ਬਸੌਲੀ, ਰਾਜਸਥਾਨੀ ਚਿੱਤਰ ਸ਼ੈਲੀਆਂ ਦੇ ਤੱਤ ਰਲਾਉਣ ਦਾ ਯਤਨ ਕਰਦਾ ਰਹਿੰਦਾ ਹਾਂ। ਬਸੌਲੀ ਕਲਮ ਦੇ ਲਘੂ ਚਿੱਤਰਾਂ ਵਿਚ ਸਪਾਟ ਪਿਛੋਕੜ ਦੇਖਣ ਨੂੰ ਮਿਲਦਾ ਹੈ। ‘ਅਨਟਾਈਟਲਡ’ ਚਿੱਤਰ ਵਿਚ ਉਹੀ ਪ੍ਰਭਾਵ ਦਿਸ ਆਉਂਦਾ ਹੈ। ਚਿੱਤਰਕਾਰ ਉਹ ਪ੍ਰਭਾਵ ਕਬੂਲਦਿਆਂ ਹੋਰ ਅਗਾਂਹ ਵਧਦਾ ਹੈ ਜਦੋਂ ਬਨਸਪਤੀ ਅਤੇ ਹੋਰ ਕੁਦਰਤੀ ਇਕਾਈਆਂ ਨੂੰ ਫਰੇਮ ਵਿਚੋਂ ਬਾਹਰ ਧੱਕ ਦਿੰਦਾ ਹੈ।

ਸਾਰੇ ਆਕਾਰ ਕਿੱਥੇ ਹਨ, ਪਤਾ ਨਹੀਂ ਚਲਦਾ। ਇਸ ਰਾਹੀਂ ਸਮੇਂ ਦਾ ਵੀ ਪਤਾ ਨਹੀਂ ਚਲਦਾ। ਹਰ ਆਕਾਰ ਧਰਤੀ ਉਪਰ ਟਿਕਿਆ ਹੋਇਆ ਨਹੀਂ ਸਗੋਂ ਖਲਾਅ ਵਿਚ ਲਟਕਦਾ ਲੱਗਦਾ ਹੈ। ਗਊਆਂ ਦੇ ਬੈਠਣ ਅਤੇ ਖੜ੍ਹੇ ਹੋਣ ਦੇ ਅੰਦਾਜ਼ ਤੋਂ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦੀ ਦੇਹ ਅਤੇ ਪੈਰਾਂ ਥੱਲੇ ਜ਼ਮੀਨ ਹੈ, ਪਰ ਅਸਲ ਵਿਚ ਚਿਤੇਰੇ ਨੇ ਜ਼ਮੀਨ ਬਣਾਈ ਹੀ ਨਹੀਂ। ਬਿਲਕੁਲ ਅਜਿਹੀ ਸਥਿਤੀ ਬੰਸਰੀਵਾਦਕ ਦੀ ਹੈ। ਦਰਸ਼ਕ ਨੂੰ ਸਪਸ਼ਟ ਨਹੀਂ ਹੁੰਦਾ ਕਿ ਉਸ ਦੇ ਗੋਡੇ ਕਿਸ ਆਸਰੇ ਟਿਕੇ ਹਨ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਸਭ ਕੁਝ ਕਾਗਜ਼ੀ ਹੈ, ਭਾਰ ਵਿਹੂੁਣਾ ਹੈ।

ਹਰ ਵਸਤ ਤਿੰਨ ਦਿਸ਼ਾਵੀ ਹੁੰਦੀ ਹੈ ਲੰਮੀ, ਚੌੜੀ ਅਤੇ ਮੋਟੀ/ਉੱਚੀ। ਇਹੋ ਨੁਕਤੇ ਵਸਤੂ ਨੂੰ ਹੁਜਮ (ਭਾਰ) ਦਿੰਦੇ ਹਨ। ਪੱਛਮ ਦੇ ਕਲਾਕਾਰਾਂ ਨੇ ਇਹਦੇ ਪਰਿਪੇਖ ਦਾ ਆਸਰਾ ਲਿਆ। ਵਸਤੂ ਨੂੰ ਤਿੰਨ ਦਿਸ਼ਾਵੀ ਬਣਾਇਆ ਗਿਆ। ਨੇੜੇ ਦੀ ਚੀਜ਼ ਵੱਡੀ ਅਤੇ ਦੂਰ ਦੀ ਚੀਜ਼ ਛੋਟੀ ਬਣਾਈ ਜਾਂਦੀ। ਵਸਤੂ ਉਪਰ ਪੈਂਦੀ ਧੁੱਪ-ਛਾਂ ਸਾਰੀ ਸਥਿਤੀ ਨੂੰ ਨਿਖਾਰ ਦੇ ਦਿੰਦੀ।

ਭਾਰਤੀ ਲਘੂ-ਚਿੱਤਰ ਪੱਛਮੀ ਕਲਾ-ਸੂਝ ਅਨੁਕੂਲ ਨਹੀਂ ਚਲਦੇ। ਇੱਥੇ ਨੇੜੇ ਦੀ ਵਸਤੂ ਛੋਟੀ ਅਤੇ ਦੂਰ ਦੀ ਵਸਤੂ ਵੱਡੀ ਹੋ ਸਕਦੀ ਹੈ। ਬਣਾਏ ਗਏ ਆਕਾਰ ਦੀ ਲੰਬਾਈ-ਚੌੜਾਈ ਤਾਂ ਹੁੰਦੀ ਹੈ, ਤੀਜਾ ਆਯਾਮ (ਗਹਿਰਾਈ) ਲਗਪਗ ਗਾਇਬ ਹੁੰਦਾ ਹੈ। ਲੋਅ ਦਾ ਸਰੋਤ ਨਹੀਂ ਦੱਸਿਆ ਜਾਂਦਾ। ਨਤੀਜੇ ਵਜੋਂ ਧੁੱਪ-ਛਾਂ ਦੀ ਲਘੂ-ਚਿੱਤਰਾਂ ਵਿਚ ਅਣਹੋਂਦ ਹੁੰਦੀ ਹੈ।

ਲਘੂ ਚਿੱਤਰਾਂ ਦੇ ਇੱਥੇ ਵਿਚਾਰੇ ਗੁਣ ਲੱਛਣਾਂ ਦੀ ਹਲਕੀ ਜਿਹੀ ਝਲਕ ਇਸ ਕੰਮ ਵਿਚੋਂ ਦਿਸਦੀ ਹੈ। ਗੱਲ ਨੂੰ ਗਹਿਰਾਈ ਨਾਲ ਵਿਚਾਰਿਆਂ ਪਤਾ ਲੱਗਦਾ ਹੈ ਕਿ ਮਨਜੀਤ ਬਾਵਾ ਲਘੂ-ਚਿੱਤਰਾਂ ਦਾ ਉਹ ਪੱਖ ਦੇਖਦਾ ਹੀ ਨਹੀਂ ਜਿੱਥੇ ਅਤਿ ਬਰੀਕੀ ਅਤੇ ਇਕਾਈਆਂ ਨੂੰ ਤਫ਼ਸੀਲ ਨਾਲ ਬਣਾਇਆ ਗਿਆ ਹੁੰਦਾ ਹੈ। ਕਹਿ ਸਕਦੇ ਹਾਂ ਜਿਸ ਤੱਤ ਨੂੰ ਸ਼ਿੱਦਤ ਨਾਲ ਅਪਣਾਇਆ ਗਿਆ ਹੈ, ਉਹ ਚਿੱਤਰ ਦੀ ਸਪਾਟ ਪਿੱਠਭੂਮੀ ਹੈ। ਅਜਿਹਾ ਕਰਨ ਨਾਲ ਅਨੇਕਾਂ ਵੇਰਵੇ ਬਾਹਰ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਕੈਨਵਸ ਦਾ ਅੰਗ ਹੋਣਾ ਚਾਹੀਦਾ ਹੈ। ਚਿੱਤਰ ਦੀ ਖ਼ਾਸੀਅਤ ਇਹ ਹੈ ਕਿ ਪਿਛੋਕੜ ਵਾਲਾ ਪੋਤਿਆ ਰੰਗ ‘ਇਕਸਾਰ’ ਰਹਿੰਦਾ ਹੈ।

ਖੜ੍ਹੀਆਂ ਤਿੰਨ ਅਤੇ ਬੈਠੀਆਂ ਦੋ ਗਊਆਂ ਸ਼ਾਂਤ ਚਿਤ ਹਨ। ਅੱਗੇ ਬੈਠੀ ਗਾਂ ਦੀ ਉਮਰ ਸਭ ਨਾਲੋਂ ਘੱਟ ਹੈ। ਉਹਦੇ ਸਿਰ ’ਤੇ ਹਾਲੇ ਸਿੰਗ ਨਹੀਂ ਆਏ। ਉਮਰੋਂ ਛੋਟੀ ਹੋਣ ਦੇ ਬਾਵਜੂਦ ਵਿਹਾਰ ਪੱਖੋਂ ਵੱਖਰੀ ਨਹੀਂ। ਗਊਆਂ ਦੇ ਵਿਚ-ਵਿਚਾਲੇ ਸਾਨ੍ਹ ਆਕਾਰ ਅਤੇ ਹਰਕਤ ਪੱਖੋਂ ਭਿੰਨ ਹੈ। ਉਹ ਮੱਛਰਿਆ ਲੱਗਦਾ ਹੈ। ਉਸ ਦੀ ਚਿੱਤਰਿਤ ਮੁਦਰਾ ਨੁਕਸਾਨ ਪਹੁੰਚਾਉਣ ਵਾਲੀ ਪ੍ਰਤੀਤ ਹੁੰਦੀ ਹੈ। ਜਾਨਵਰਾਂ ਦੇ ਸਰੀਰਾਂ ਨੂੰ ਵੱਖਰਤਾ ਦੇਣ ਲਈ ਭਿੰਨ ਰੰਗਾਂ ਦੀ ਮਿਲੀ ਜੁਲੀ ਰੰਗਤ ਦੀਆਂ ਛੋਹਾਂ ਦਿੱਤੀਆਂ ਹਨ। ਧੁੱਪ-ਛਾਂ ਦੀ ਪੂਰਤੀ ਇਸੇ ਨਾਲ ਕਰ ਲਈ ਗਈ ਹੈ।

ਗਊਆਂ ਨੂੰ ਖਲਾਰ ਲੈਣ ਵਾਲੀ ਜੁਜ਼ ‘ਬੰਸਰੀ ਦੀ ਆਵਾਜ਼’ ਹੈ। ਵਜੰਤਰੀ ਕੌਣ ਹੈ, ਚਿੱਤਰਕਾਰ ਉਸ ਨੂੰ ਨਾਮ ਦੇਣ ਤੋਂ ਝਿਜਕ ਰਿਹਾ ਹੈ। ਨਾਂ ਤੋਂ ਬਿਨਾਂ ਵੀ ਸਾਰੀ ਸਥਿਤੀ ਸਮਝ ਆ ਜਾਂਦੀ ਹੈ।

ਮਨਜੀਤ ਬਾਵਾ ਨੇ ਪਹਿਲਾਂ-ਪਹਿਲ ਗਊਆਂ ਵਿਚ ਘਿਰੇ, ਗਊਆਂ ਦੇ ਸਨਮੁੱਖ ਖੜ੍ਹੇ ਜਾਂ ਬੈਠੇ ਸ਼ਖ਼ਸ ਵਾਲੇ ਕਈ ਦਰਮਿਆਨੇ ਜਾਂ ਵੱਡੇ ਆਕਾਰ ਦੇ ਚਿੱਤਰ ਤਿਆਰ ਕੀਤੇ। ਸ਼ਖ਼ਸ ਨੂੰ ਪਹਿਲਾਂ ਕ੍ਰਿਸ਼ਨ ਅਤੇ ਬਾਅਦ ਵਿਚ ਰਾਂਝਾ ਦਾ ਨਾਂ ਦਿੱਤਾ। ਸਮੇਂ ਦੇ ਨਾਲ-ਨਾਲ ਜਦ ਚੌਗਿਰਦਾ ਗੰਧਲਾਉਣ ਲੱਗਾ ਤਾਂ ਮਨੁੱਖੀ ਪਾਤਰ ਬਿਨ ਨਾਮ ਦੇ ਆਉਣ ਲੱਗਾ। ਅਸਹਿਜ ਹੋਏ ਵਾਤਾਵਰਣ ਦਾ ਪਹਿਲਾ ਸ਼ਿਕਾਰ ਮਕਬੂਲ ਫਿਦਾ ਹੁਸੈਨ ਹੋਇਆ ਸੀ। ਉਸ ਦੇ ਪ੍ਰਗਟਾਵਿਆਂ ਉਪਰ ਹੋਏ ਹਮਲਿਆਂ ਨੇ ਦੂਸਰੇ ਕਲਾਕਾਰਾਂ ਨੂੰ ਸੁਚੇਤ ਕਰ ਦਿੱਤਾ। ਏਦਾਂ ਮਨਜੀਤ ਬਾਵਾ ਦਾ ਕੰਮ ‘ਅਨਟਾਈਟਲਡ’ ਹੋ ਗਿਆ। ਇਹ ਬਦਲਾਅ ਮਹੱਵਪੂਰਨ ਸੀ ਕਿਉਂਕਿ ਉਸ ਦਾ ਵਧੇਰੇ ਕੰਮ ਮਿਥਕ ਕਥਾਵਾਂ ਉਪਰ ਆਧਾਰਿਤ ਸੀ।

ਚਿੱਤਰ ਜੇ ਅਨੁਪਾਤ ਦੀ ਪਾਲਣਾ ਕਰ ਰਿਹਾ ਹੈ ਤਾਂ ਇਸ ਦੀ ਉਲੰਘਣਾ ਵੀ ਦਰਜ ਹੋਈ ਹੈ। ਗਊਆਂ ਇਕ-ਦੂਜੇ ਦੇ ਹਾਣ ਦੀਆਂ ਹਨ ਪਰ ਗੋਡਿਆਂ ਭਾਰ ਹੋਇਆ ਸ਼ਖ਼ਸ ਖੜ੍ਹੀਆਂ ਗਊਆਂ ਤੋਂ ਵੀ ਉੱਚਾ ਹੈ। ਇੱਥੇ ਪਰਿਪੇਖ ਦੀ ਉਲੰਘਣਾ ਹੋਈ ਹੈ। ਚੱਲੀ ਹੈ ਤਾਂ ਕਲਾਕਾਰ ਦੀ ਆਪਣੀ ਮਰਜ਼ੀ।

ਲਾਲ ਪਿਛੋਕੜ ਅੱਗੇ ਦਿਸਦੇ ਆਕਾਰ ਪੇਪਰ ਦੇ ‘ਕੱਟ ਆਊਟਸ’ ਲੱਗਦੇ ਹਨ। ਮਹਿਸੂਸ ਹੁੰਦਾ ਹੈ ਜਿਵੇਂ ‘ਕੱਟ ਆਊਟਸ’ ਨੂੰ ਰੰਗ ਕਰ ਇੱਥੇ ਟਿਕਾਅ ਦਿੱਤਾ ਹੈ।

ਕਲਾਕਾਰ ਆਪਣੇ ਕੰਮ ਨੂੰ ਹੋਰ ਵੱਖਰਤਾ ਵੀ ਦਿੰਦਾ ਹੈ। ਸਰੀਰ ਜਾਨਵਰ ਦਾ ਹੋਵੇ ਜਾਂ ਵਿਅਕਤੀ ਦਾ, ਉਹ ਉਸ ਦੀ ਸੰਰਚਨਾ ਭੰਗ ਕਰ ਆਪਣੀ ਤਰ੍ਹਾਂ ਜਿੱਥੇ ਚਿਤ ਚਾਹੇ ਮਰੋੜ ਲੈਂਦਾ ਹੈ। ਲੱਗਦਾ ਹੈ ਕਿ ਸਰੀਰ ‘ਹੱਡ ਰਹਿਤ’ ਹਨ। ਸਭ ਕੁਝ ਰਬੜ ਜਿਹਾ ਹੈ ਜਿੱਥੋਂ ਜਿਵੇਂ ਚਾਹੋ ਉਸ ਨੂੰ ਮੋੜ ਲਓ। ਇਸ ਦੀ ਉਦਾਹਰਣ ਬੰਸਰੀਵਾਦਕ ਹੈ। ਹੱਡ ਸਰੀਰ ਨੂੰ ਭਾਰ ਵੀ ਦਿੰਦੇ ਹਨ। ਇਨ੍ਹਾਂ ਦੀ ਅਣਹੋਂਦ ਕਾਰਨ ਚਿਤਰਿਤ ਆਕਾਰ ਭਾਰਹੀਣ ਲੱਗਣ ਲੱਗਦਾ ਹੈ। ਹਲਕੀ ਵਸਤੂ ਧਰਤੀ ਉਪਰ ਟਿਕੀ ਨਹੀਂ ਲੱਗਦੀ ਸਗੋਂ ਉੱਡਦੀ-ਉੱਡਦੀ ਲੱਗਦੀ ਹੈ।

ਕੰਮ ਕਰਨ ਦਾ ਢੰਗ ਸਰਲ ਹੋਣ ਕਾਰਨ ਜਾਂ ਘੱਟ ਵੇਰਵੇ ਹੋਣ ਕਾਰਨ ਮਨਜੀਤ ਬਾਵਾ ਦੇ ਕੰਮ ਦੀ ਨਕਲ ਉਸ ਦੇ ਸਮੇਂ ਹੀ ਹੋਣ ਲੱਗੀ ਸੀ। ਮਨਜੀਤ ਬਾਵਾ ਦਾ ਕੰਮ ਦੇਖ ਕੇ ਕਿਸੇ ਨਕਲ ਵੱਲ ਧਿਆਨ ਨਹੀਂ ਜਾਂਦਾ।

ਸੰਪਰਕ: 98990-91186

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

... ਕਾਗਦ ਪਰ ਮਿਟੈ ਨ ਮੰਸੁ।।

... ਕਾਗਦ ਪਰ ਮਿਟੈ ਨ ਮੰਸੁ।।

ਸ਼ਹਿਰ

View All