ਮੰਦਾਕਿਨੀ ਨੇ ‘ਰਾਮ ਤੇਰੀ ਗੰਗਾ ਮੈਲੀ’ ਦੇ ਦ੍ਰਿਸ਼ਾਂ ਦੀ ਸੱਚਾਈ ਬਿਆਨੀ
1980 ਦੇ ਦਹਾਕੇ ਵਿੱਚ ਹਿੰਦੀ ਸਿਨੇਮਾ ਦੇ ਸਭ ਤੋਂ ਮਕਬੂਲ ਚਿਹਰਿਆਂ ਵਿੱਚੋਂ ਇੱਕ ਅਦਾਕਾਰਾ ਮੰਦਾਕਿਨੀ ਨੇ ਰਾਜ ਕਪੂਰ ਦੀ ਫਿਲਮ ‘ਰਾਮ ਤੇਰੀ ਗੰਗਾ ਮੈਲੀ’ ਦੇ ਚਰਚਿਤ ਝਰਨੇ ਵਾਲੇ ਦ੍ਰਿਸ਼ ਦੀ ਸ਼ੂਟਿੰਗ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਦ੍ਰਿਸ਼...
1980 ਦੇ ਦਹਾਕੇ ਵਿੱਚ ਹਿੰਦੀ ਸਿਨੇਮਾ ਦੇ ਸਭ ਤੋਂ ਮਕਬੂਲ ਚਿਹਰਿਆਂ ਵਿੱਚੋਂ ਇੱਕ ਅਦਾਕਾਰਾ ਮੰਦਾਕਿਨੀ ਨੇ ਰਾਜ ਕਪੂਰ ਦੀ ਫਿਲਮ ‘ਰਾਮ ਤੇਰੀ ਗੰਗਾ ਮੈਲੀ’ ਦੇ ਚਰਚਿਤ ਝਰਨੇ ਵਾਲੇ ਦ੍ਰਿਸ਼ ਦੀ ਸ਼ੂਟਿੰਗ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਦ੍ਰਿਸ਼ ਵਿੱਚ ਕੁਝ ਵੀ ਅਸ਼ਲੀਲ ਜਾਂ ਅਸਹਿਜ ਨਹੀਂ ਲੱਗਿਆ। ਜਦੋਂ ਮੰਦਾਕਿਨੀ ਨੇ ਇਸ ਫਿਲਮ ਲਈ ਕੈਮਰੇ ਸਾਹਮਣੇ ਕਦਮ ਰੱਖਿਆ ਤਾਂ ਉਹ ਸਿਰਫ਼ 16 ਸਾਲ ਦੀ ਸੀ। 1980 ਦੇ ਦਹਾਕੇ ਵਿੱਚ ਫਿਲਮ ਸਨਅਤ ਵਿੱਚ ਨਵੀਂ ਹੋਣ ਦੇ ਬਾਵਜੂਦ ਮੰਦਾਕਿਨੀ ਵੱਲੋਂ ਨਿਭਾਏ ‘ਗੰਗਾ’ ਦੇ ਕਿਰਦਾਰ ਨੇ ਦਰਸ਼ਕਾਂ ’ਤੇ ਡੂੰਘਾ ਪ੍ਰਭਾਵ ਛੱਡਿਆ ਅਤੇ ਉਨ੍ਹਾਂ ਨੂੰ ਉਸ ਦੌਰ ਦੀਆਂ ਪ੍ਰਮੁੱਖ ਅਦਾਕਾਰਾਵਾਂ ਵਿੱਚ ਸਥਾਪਿਤ ਕੀਤਾ। ਹਾਲਾਂਕਿ ‘ਰਾਮ ਤੇਰੀ ਗੰਗਾ ਮੈਲੀ’ ਦੇ ਕਈ ਦ੍ਰਿਸ਼ ਸਾਲਾਂ ਤੱਕ ਚਰਚਾ ਅਤੇ ਵਿਵਾਦ ਦਾ ਵਿਸ਼ਾ ਬਣੇ ਰਹੇ। ਉਨ੍ਹਾਂ ਪਲਾਂ ਨੂੰ ਯਾਦ ਕਰਦਿਆਂ ਮੰਦਾਕਿਨੀ ਨੇ ‘ਤੁਝੇ ਬੁਲਾਏਂ ਯੇਹ ਮੇਰੀ ਬਾਹੇਂ’ ਗੀਤ ਵਿੱਚ ਆਏ ਉਸ ਚਰਚਿਤ ਝਰਨੇ ਵਾਲੇ ਦ੍ਰਿਸ਼ ਦੀ ਗੱਲ ਕੀਤੀ। ਉਨ੍ਹਾਂ ਨੇ ਬੱਚੇ ਨੂੰ ਦੁੱਧ ਚੁੰਘਾਉਣ ਵਾਲੇ ਉਸ ਦ੍ਰਿਸ਼ ਬਾਰੇ ਵੀ ਗੱਲ ਕੀਤੀ ਜਿਸ ’ਤੇ ਕਾਫ਼ੀ ਬਹਿਸ ਹੋਈ ਸੀ। ਉਨ੍ਹਾਂ ਕਿਹਾ ਕਿ ਇਹ ਦ੍ਰਿਸ਼ ਫਿਲਮ ਦੇ ਮਾਸੂਮੀਅਤ ਅਤੇ ਪਵਿੱਤਰਤਾ ਦੇ ਮੁੱਖ ਸੰਦੇਸ਼ ‘ਤੇ ਆਧਾਰਿਤ ਸਨ, ਨਾ ਕਿ ਉਸ ਨਜ਼ਰੀਏ ‘ਤੇ ਜਿਸ ਨਾਲ ਬਾਅਦ ਵਿੱਚ ਇਨ੍ਹਾਂ ਨੂੰ ਦੇਖਿਆ ਗਿਆ। ਇਥੇ ਵਿਸ਼ੇਸ਼ ਇੰਟਰਵਿਊ ਵਿੱਚ ਝਰਨੇ ਵਾਲੇ ਦ੍ਰਿਸ਼ ਬਾਰੇ ਗੱਲ ਕਰਦਿਆਂ ਮੰਦਾਕਿਨੀ ਨੇ ਕਿਹਾ ਕਿ ਰਾਜ ਕਪੂਰ ਨੇ ਉਨ੍ਹਾਂ ਨੂੰ ਇਹ ਦ੍ਰਿਸ਼ ਸਮਝਾਇਆ ਸੀ ਅਤੇ ਉਨ੍ਹਾਂ ਨੇ ਇਸ ਧਾਰਨਾ ਨੂੰ ਰੱਦ ਕਰ ਦਿੱਤਾ ਕਿ ਇਹ ਦ੍ਰਿਸ਼ ਅਸ਼ਲੀਲਤਾ ਫੈਲਾਉਣ ਦੇ ਇਰਾਦੇ ਨਾਲ ਬਣਾਇਆ ਗਿਆ ਸੀ। ਫਿਲਮ ਦਾ ਮੁੱਖ ਵਿਸ਼ਾ ਪਵਿੱਤਰਤਾ ਅਤੇ ‘ਗੰਗਾ’ ਦੇ ਕਿਰਦਾਰ ਬਾਰੇ ਸੀ। ਪੂਰੀ ਫਿਲਮ ਇਸ ਬਾਰੇ ਸੀ ਕਿ ਪਵਿੱਤਰਤਾ ਕਿਵੇਂ ਖਤਮ ਹੋ ਰਹੀ ਹੈ।

