ਨਸੀਰੂਦੀਨ ਨਾਲ ‘ਮਿਰਜ਼ਾ ਗ਼ਾਲਿਬ’ ਬਣਾਉਣਾ ਕਿਸਮਤ ’ਚ ਸੀ: ਗੁਲਜ਼ਾਰ
ਉੱਘੇ ਲੇਖਕ ਅਤੇ ਸ਼ਾਇਰ ਗੁਲਜ਼ਾਰ ਦਾ ਮੰਨਣਾ ਹੈ ਕਿ ਸਾਲ 1988 ਵਿੱਚ ਉਨ੍ਹਾਂ ਦਾ ਟੀ ਵੀ ਸ਼ੋਅ ‘ਮਿਰਜ਼ਾ ਗ਼ਾਲਿਬ’ ਨਸੀਰੂਦੀਨ ਸ਼ਾਹ ਨਾਲ ਬਣਾਉਣਾ ਕਿਸਮਤ ਵਿੱਚ ਲਿਖਿਆ ਹੋਇਆ ਸੀ। ਸ਼ਾਹ ਉਦੋਂ ਵਿਦਿਆਰਥੀ ਸੀ ਅਤੇ ਉਸ ਨੇ ਪੱਤਰ ਭੇਜ ਕੇ ਕਿਹਾ ਸੀ...
ਉੱਘੇ ਲੇਖਕ ਅਤੇ ਸ਼ਾਇਰ ਗੁਲਜ਼ਾਰ ਦਾ ਮੰਨਣਾ ਹੈ ਕਿ ਸਾਲ 1988 ਵਿੱਚ ਉਨ੍ਹਾਂ ਦਾ ਟੀ ਵੀ ਸ਼ੋਅ ‘ਮਿਰਜ਼ਾ ਗ਼ਾਲਿਬ’ ਨਸੀਰੂਦੀਨ ਸ਼ਾਹ ਨਾਲ ਬਣਾਉਣਾ ਕਿਸਮਤ ਵਿੱਚ ਲਿਖਿਆ ਹੋਇਆ ਸੀ। ਸ਼ਾਹ ਉਦੋਂ ਵਿਦਿਆਰਥੀ ਸੀ ਅਤੇ ਉਸ ਨੇ ਪੱਤਰ ਭੇਜ ਕੇ ਕਿਹਾ ਸੀ ਕਿ ਉਹ ਗ਼ਾਲਿਬ ਦੇ ਕਿਰਦਾਰ ਲਈ ਪੂਰੀ ਤਰ੍ਹਾਂ ਢੁਕਵਾਂ ਹੈ। ਗੁਲਜ਼ਾਰ ਨੇ 19ਵੀਂ ਸਦੀ ਦੇ ਸ਼ਾਇਰ ਬਾਰੇ ਸਕ੍ਰੀਨ ਪ੍ਰਾਜੈਕਟ ਬਣਾਉਣ ਬਾਰੇ ਸੋਚਿਆ ਸੀ ਅਤੇ ਹਾਲਾਂਕਿ ਸ਼ੁਰੂ ਵਿੱਚ ਉਹ ਆਪਣੇ ਦੋਸਤ ਅਤੇ ਸਹਿਯੋਗੀ ਸੰਜੀਵ ਕੁਮਾਰ ਨਾਲ ਫਿਲਮ ਬਣਾਉਣਾ ਚਾਹੁੰਦੇ ਸਨ। 10ਵੇਂ ਜਸ਼ਨ-ਏ-ਰੇਖ਼ਤਾ ਦੇ ਉਦਘਾਟਨੀ ਸੈਸ਼ਨ ਵਿੱਚ ਗੁਲਜ਼ਾਰ ਨੇ ਆਖਿਆ ਕਿ ਕਿਸਮਤ, ਉਨ੍ਹਾਂ ਨੂੰ ਸ਼ਾਹ ਅਤੇ ਟੈਲੀਵਿਜ਼ਨ ਤੱਕ ਲੈ ਆਈ। ਇਹ ਪ੍ਰਾਜੈਕਟ ਸਾਲਾਂ ਤੱਕ ਰੁਕਿਆ ਰਿਹਾ ਅਤੇ ਟੈਲੀਵਿਜ਼ਨ ਲੜੀਵਾਰਾਂ ਦੇ ਦੌਰ ਨੇ ਗ਼ਾਲਿਬ ਦੀ ਕਹਾਣੀ ਨੂੰ ਘੰਟਿਆਂ ਵਿੱਚ ਸੁਣਾਉਣ ਦੀ ਸੰਭਾਵਨਾ ਦਾ ਰਾਹ ਖੋਲ੍ਹਿਆ। ਉਨ੍ਹਾਂ ਸਭ ਤੋਂ ਪਹਿਲਾਂ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਵਿੱਚ ‘ਡਿਪਲੋਮਾ ਫਿਲਮ’ ਵਿੱਚ ਸ਼ਾਹ ਦੀ ਅਦਾਕਾਰੀ ਦੇਖੀ ਸੀ, ਜਿਥੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਨਸੀਰੂਦੀਨ ਕੋਲ ਕਿਰਦਾਰ ’ਚ ਖੁਬਣ ਦੀ ਕਲਾ ਹੈ, ਜਦੋਂ ਉਨ੍ਹਾਂ ਨਿਰਮਾਤਾ ਨੂੰ ਸ਼ਾਹ ਦਾ ਨਾਮ ਸੁਝਾਇਆ ਤਾਂ ਉਨ੍ਹਾਂ ਸਲਾਹ ਦਿੱਤੀ ਕਿ ਇਸ ਭੂਮਿਕਾ ਲਈ ਕੋਈ ਸੋਹਣਾ-ਸੁਨੱਖਾ ਅਦਾਕਾਰ ਲਿਆ ਜਾਵੇ। ਗੁਲਜ਼ਾਰ ਨੇ ਕਿਹਾ, ‘ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਕਿਰਦਾਰ ਲਈ ਚੰਗੇ ਅਦਾਕਾਰ ਦੀ ਲੋੜ ਹੈ ਅਤੇ ਉਹ ਇਸ ਭੂਮਿਕਾ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਏਗਾ। ਮੈਨੂੰ ਯਾਦ ਹੈ ਕਿ ਬਹੁਤਿਆਂ ਨੇ ਨਸੀਰੂਦੀਨ ਦੀ ਚੋਣ ’ਤੇ ਇਤਰਾਜ਼ ਕੀਤਾ ਸੀ। ਨਿਰਮਾਤਾ ਵੀ ਸਹਿਮਤ ਨਹੀਂ ਸੀ ਪਰ ਮੈਂ ਸ਼ਾਹ ਨੂੰ ਲੈਣ ਲਈ ਅੜਿਆ ਰਿਹਾ। ਇੱਕ ਦਿਨ, ਮੈਂ ਨਿਰਮਾਤਾ ਨਾਲ ਮੀਟਿੰਗ ਕਰ ਰਿਹਾ ਸੀ ਤਾਂ ਉਦੋਂ ਨਸੀਰੂਦੀਨ ਕਮਰੇ ਵਿੱਚ ਆਇਆ। ਉਸ ਨੇ ਮੈਨੂੰ ਕਿਹਾ ਗੁਲਜ਼ਾਰ ਸਾਬ੍ਹ, ਮੈਂ ਜਦੋਂ ਕਾਲਜ ਵਿੱਚ ਸੀ, ਉਦੋਂ ਤੁਹਾਨੂੰ ਪੱਤਰ ਲਿਖਿਆ ਸੀ ਕਿ ਸੰਜੀਵ ਕੁਮਾਰ, ਗ਼ਾਲਿਬ ਦੀ ਭੂਮਿਕਾ ਨਹੀਂ ਨਿਭਾਅ ਸਕਦੇ ਕਿਉਂਕਿ ਗ਼ਾਲਿਬ ਮੋਟਾ ਨਹੀਂ ਹੈ। ਮੈਂ ਚਿੱਠੀ ਵਿੱਚ ਲਿਖਿਆ ਸੀ ਕਿ ਤੁਸੀਂ ਮੇਰਾ ਇੰਤਜ਼ਾਰ ਕਰੋ। ਮੈਂ ਇੰਡਸਟਰੀ ਵਿੱਚ ਆ ਰਿਹਾ ਹਾਂ। ਮੈਂ ਨਸੀਰ ਨੂੰ ਕਿਹਾ ਕਿ ਮੈਨੂੰ ਉਹ ਚਿੱਠੀ ਨਹੀਂ ਮਿਲੀ। ਨਸੀਰੂਦੀਨ ਨੇ ਕਿਹਾ ਮੈਨੂੰ ਪਤਾ ਹੈ, ਉਹ ਫੈਨ ਮੇਲ ਵਿੱਚ ਗੁਆਚ ਗਈ ਹੋਵੇਗੀ।’

