ਲੜੀ ਨੰਬਰ 31

ਮੱਖਣ ਸਿੰਘ ਦੀ ਕਾਵਿਕ ਕੁਮੈਂਟਰੀ

ਮੱਖਣ ਸਿੰਘ ਦੀ ਕਾਵਿਕ ਕੁਮੈਂਟਰੀ

ਇਕ ਖੇਡ ਮੇਲੇ ਦੌਰਾਨ ਕੁਮੈਂਟਰੀ ਕਰ ਰਹੇ ਪ੍ਰਿੰਸੀਪਲ ਸਰਵਣ ਸਿੰਘ ਅਤੇ ਮੱਖਣ ਸਿੰਘ।

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

ਪ੍ਰਿੰਸੀਪਲ ਸਰਵਣ ਸਿੰਘ ਨੇ ਐਤਕੀਂ ਆਪਣੇ ਇਸ ਕਾਲਮ ਵਿਚ ਮੈਥ ਦੇ ਲੈਕਚਰਰ ਮੱਖਣ ਸਿੰਘ ਹਕੀਮਪੁਰ ਦਾ ਜਿ਼ਕਰ ਛੇੜਿਆ ਹੈ। ਦੁਨੀਆ ਭਰ ਵਿਚ ਮੈਥ ਦੇ ਲੈਕਚਰਰ ਤਾਂ ਬਥੇਰੇ ਹੋਣਗੇ ਪਰ ਹਕੀਮਪੁਰ ਵਾਲਾ ਮੱਖਣ ਸਿੰਘ ਜਿਨ੍ਹਾਂ ਕਾਰਨਾਂ ਕਰ ਕੇ ਬਾਕੀਆਂ ਸਾਰਿਆਂ ਨਾਲੋਂ ਵਿਲੱਖਣ ਹੈ, ਉਹ ਇਸ ਲੇਖ ਵਿਚ ਬਿਆਨ ਕੀਤਾ ਗਿਆ ਹੈ। ਮੱਖਣ ਸਿੰਘ ਕੁਮੈਂਟਰੀ ਦੇ ਸਿਰ ਉਤੇ ਬਹੁਤ ਵੱਡੀ ਪੁਲਾਂਘ ਭਰਨ ਵਿਚ ਕਾਮਯਾਬ ਰਿਹਾ ਹੈ। ਬਹੁਤ ਸਾਰੇ ਨਵੇਂ ਕੁਮੈਂਟੇਟਰ ਉਹਦੀ ਰੀਸ ਕਰਦੇ ਹਨ ਅਤੇ ਉਸ ਨੂੰ ਉਸਤਾਦ ਆਖ ਕੇ ਮਾਣ-ਸਤਿਕਾਰ ਦਿੰਦੇ ਹਨ। ਉਹਦੀ ਕੁਮੈਂਟਰੀ ਦਾ ਆਪਣਾ ਨਿਆਰਾ ਅਤੇ ਨਿਵੇਕਲਾ ਰੰਗ ਹੁੰਦਾ ਹੈ।

ਪੰਜਾਬੀ ਖੇਡ ਸਾਹਿਤ ਵਿਚ ਖੇਡ ਬੁਲਾਰਿਆਂ ਦਾ ਵੀ ਯੋਗਦਾਨ ਹੈ; ਵਿਸ਼ੇਸ਼ ਤੌਰ ਤੇ ਕਬੱਡੀ ਕੁਮੈਂਟੇਟਰਾਂ ਦਾ। ਖੇਡ ਬੁਲਾਰੇ ਖੇਡ ਸ਼ਬਦਾਵਲੀ ਵਿਚ ਵਾਧਾ ਕਰਨ ਦੇ ਨਾਲ ਨਾਲ ਨਵੇਂ ਖੇਡ ਮੁਹਾਵਰੇ, ਖੇਡ ਅਖਾਣ, ਕਾਵਿ-ਬੰਦ, ਸਿ਼ਅਰ, ਟੱਪੇ, ਨਵੇਂ ਅਲੰਕਾਰ ਤੇ ਗੀਤ-ਗਾਣੇ ਪ੍ਰਚੱਲਤ ਕਰ ਰਹੇ ਹਨ। ਉਨ੍ਹਾਂ ਵਿਚ ਮੈਥ ਦੇ ਲੈਕਚਰਰ ਮੱਖਣ ਸਿੰਘ ਹਕੀਮਪੁਰ ਦਾ ਵਿਸ਼ੇਸ਼ ਜਿ਼ਕਰ ਕਰਨਾ ਬਣਦਾ ਹੈ। ਉਸ ਨੂੰ ਕਬੱਡੀ ਦੀ ਕੁਮੈਂਟਰੀ ਦਾ ਰੋਲ ਮਾਡਲ ਮੰਨ ਕੇ ਬਹੁਤ ਸਾਰੇ ਨਵੇਂ ਕੁਮੈਂਟੇਟਰਾਂ ਨੇ ਉਹਦੀ ਰੀਸ ਕੀਤੀ ਹੈ ਤੇ ਉਸ ਨੂੰ ਉਸਤਾਦ ਜੀ ਕਹਿ ਕੇ ਸੰਬੋਧਨ ਕਰਦੇ ਹਨ। ਅੱਗੋਂ ਮੱਖਣ ਸਿੰਘ ਮੈਨੂੰ ਗੁਰੂ ਜੀ ਕਹਿੰਦਾ ਹੈ ਪਰ ਮੈਂ ਉਹਦਾ ਗੁਰੂ ਨਹੀਂ। ਜਿੰਨਾ ਉਹਨੇ ਮੈਥੋਂ ਸਿੱਖਿਆ, ਓਨਾ  ਮੈਂ ਵੀ ਉਹਤੋਂ ਸਿੱਖਿਆ। ਸਾਡੀ ਜੋੜੀ ਕਵੀਸ਼ਰ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਵਾਂਗ ਬਣੀ ਸੀ।

ਮੱਖਣ ਸਿੰਘ ਦੇ ਬੋਲਾਂ ਵਿਚ ਸਰਸਵਤੀ ਦੇ ਸੰਖ ਗੂੰਜਦੇ ਹਨ, ਲਫ਼ਜ਼ਾਂ ਦਾ ਗਿੱਧਾ ਪੈਂਦਾ ਹੈ ਤੇ ਲਤੀਫਿ਼ਆਂ ਦੀਆਂ ਫੁੱਲਝੜੀਆਂ ਚਲਦੀਆਂ ਹਨ। ਵਿਚੇ ਲੋਕ ਗੀਤਾਂ ਦਾ ਨਾਚ ਹੁੰਦਾ ਹੈ। ਕੁਮੈਂਟਰੀ ਕਲਾ ਦੇ ਮੈਦਾਨ ਵਿਚ ਉਸ ਨੇ ਮਿਹਨਤ ਵੀ ਬਹੁਤ ਕੀਤੀ ਤੇ ਉਹਦੀ ਮਿਹਨਤ ਨੂੰ ਰੰਗ ਭਾਗ ਵੀ ਚੰਗੇ ਲੱਗੇ। ਕਦੇ ਉਹ ਸਕੂਟਰ ਤੇ ਚੜ੍ਹਨ ਨੂੰ ਤਰਸਦਾ ਸੀ ਪਰ ਕੁਮੈਂਟਰੀ ਦੀ ਬਰਕਤ ਨਾਲ ਵੀਹ ਬਾਈ ਸਾਲਾਂ ਤੋਂ ਹਵਾਈ ਜਹਾਜ਼ਾਂ ਦਾ ਸਵਾਰ ਹੈ। ਕਦੇ ਕੈਨੇਡਾ ਜਾਂਦਾ ਹੈ, ਕਦੇ ਇੰਗਲੈਂਡ, ਕਦੇ ਅਮਰੀਕਾ ਤੇ ਕਦੇ ਆਸਟਰੇਲੀਆ। ਸਾਲ ਵਿਚ ਤਿੰਨ ਤਿੰਨ ਗੇੜੇ ਤਾਂ ਉਹ ਇੰਡੀਆ ਤੋਂ ਅਮਰੀਕਾ ਦੇ ਈ ਕੱਢਦਾ ਰਿਹੈ। ਮੈਂ ਪੰਜਾਹ ਕੁ ਹਵਾਈ ਅੱਡੇ ਵੇਖੇ ਹਨ ਪਰ ਉਹ ਸੌ ਤੋਂ ਵੱਧ ਹਵਾਈ ਅੱਡਿਆਂ ਤੋਂ ਚੜ੍ਹ ਉੱਤਰ ਚੁੱਕੈ!

ਜਿਵੇਂ ਢੋਲ ਦਾ ਡਗਾ ਨੱਚਣ ਵਾਲਿਆਂ ਦੇ ਪੱਬ ਚੁੱਕ ਦਿੰਦੈ, ਉਵੇਂ ਕਬੱਡੀ ਦੀ ਲੱਛੇਦਾਰ ਕੁਮੈਂਟਰੀ ਵੀ ਦਰਸ਼ਕਾਂ ਨੂੰ ਪੱਬਾਂ ਭਾਰ ਕਰੀ ਰੱਖਦੀ ਹੈ। ਜਿਵੇਂ ਸਪੇਰਾ ਬੀਨ ਨਾਲ ਸੱਪ ਨੂੰ ਕੀਲ ਲੈਂਦੈ, ਉਵੇਂ ਕੁਮੈਂਟੇਟਰ ਦਿਲਚਸਪ ਕੁਮੈਂਟਰੀ ਨਾਲ ਕਬੱਡੀ ਦੇ ਦਰਸ਼ਕਾਂ ਨੂੰ ਹਿੱਲਣ ਨਹੀਂ ਦਿੰਦਾ। ਉਹਦੇ ਹੁਲਾਰਵੇਂ, ਬਲਿਹਾਰਵੇਂ, ਲਲਕਾਰਵੇਂ ਤੇ ਚੱਕਵੇਂ ਥੱਲਵੇਂ ਬੋਲ, ਖੇਡ ਦਿਖਾਉਣ ਤੇ ਖੇਡ ਦੇਖਣ ਵਾਲਿਆਂ ਦੇ ਦਿਲਾਂ ਅੰਦਰ ਤਰੰਗਾਂ ਛੇੜਦੇ ਉਨ੍ਹਾਂ ਦਾ ਮਨ ਪਰਚਾਉਂਦੇ ਖੇਡ ਦੇਖਣ ਦਾ ਨਸ਼ਾ ਦੂਣ-ਸਵਾਇਆ ਕਰੀ ਜਾਂਦੇ ਹਨ। ਜਿਵੇਂ ਗੀਤ ਤੇ ਸਾਜ਼ ਦਾ ਸੰਬੰਧ ਹੈ, ਉਵੇਂ ਕਬੱਡੀ ਤੇ ਕੁਮੈਂਟਰੀ ਦਾ ਸੰਬੰਧ ਜੁੜ ਗਿਆ ਹੈ।

ਮੈਨੂੰ ਯਾਦ ਆ ਰਿਹੈ 6 ਅਗਸਤ 1995 ਦਾ ਉਹ ਦਿਨ ਜਦੋਂ ਵੈਨਕੂਵਰ ਦੇ ਬੀਸੀ ਪਲੇਸ ਵਿਚ ਪੰਦਰਾਂ ਹਜ਼ਾਰ ਦਰਸ਼ਕਾਂ ਦਾ ਇਕੱਠ ਬੜੀ ਬੇਤਾਬੀ ਨਾਲ ਪੂਰਬੀ ਅਤੇ ਪੱਛਮੀ ਪੰਜਾਬ ਦੀਆਂ ਕਬੱਡੀ ਟੀਮਾਂ ਦਾ ਮੈਚ ਉਡੀਕ ਰਿਹਾ ਸੀ। ਉਡੀਕ ਵਿਚ ਤਾਂਘ ਸੀ, ਅੱਚਵੀ ਸੀ, ਅਕੇਵਾਂ ਸੀ, ਤਣਾਅ ਸੀ ਤੇ ਸ਼ੋਰ-ਸ਼ਰਾਬਾ ਵੀ ਸੀ। ਇਨਡੋਰ ਸਟੇਡੀਅਮ ਵਿਚ ਹੁੰਮਸ ਭਰੀ ਬੇਚੈਨੀ ਸੀ। ਮਾਈਕ ਉਤੋਂ ਸ਼ਾਂਤ ਰਹਿਣ ਦੀਆਂ ਅਪੀਲਾਂ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ। ਗੀਤ-ਸੰਗੀਤ ਵੀ ਦਰਸ਼ਕਾਂ ਨੂੰ ਚੁੱਪ ਨਹੀਂ ਸੀ ਕਰਾ ਰਿਹਾ ਤੇ ਨਾ ਹੀ ਲਤੀਫਿ਼ਆਂ ਦਾ ਕੋਈ ਲੁਤਫ਼ ਲੈ ਰਿਹਾ ਸੀ। ਕਬੱਡੀ ਦੇ ਸੁੰਨੇ ਪਏ ਅਖਾੜੇ ਬਾਰੇ ਕੁਮੈਂਟੇਟਰ ਵੀ ਦਰਸ਼ਕਾਂ ਨੂੰ ਕੀ ਦੱਸਦੇ?

ਫਿਰ ਜਦੋਂ ਸਟੇਡੀਅਮ ਦੇ ਦੁਆਰ ਵਿਚੋਂ ਭਖੇ ਹੋਏ ਖਿਡਾਰੀ ਅੰਦਰ ਆਉਂਦੇ ਨਜ਼ਰੀਂ ਪਏ ਤਾਂ ਮੇਰੇ ਮੂੰਹੋਂ ਆਪ-ਮੁਹਾਰੇ ਬੋਲ ਨਿਕਲੇ, “ਲਓ ਆ ਗਏ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਬੱਬਰ ਸ਼ੇਰ। ਮਾਵਾਂ ਦੇ ਬਲੀ ਪੁੱਤਰ। ਮਾਰਦੇ ਆ ਥਾਪੀਆਂ ਤੇ ਪਾਉਂਦੇ ਆ ਬਾਘੀਆਂ। ਕੰਬਦੀ ਐ ਧਰਤੀ ਇਨ੍ਹਾਂ ਦੇ ਕਦਮਾਂ ਥੱਲੇ। ਇਨ੍ਹਾਂ ਦੇ ਜੁੱਸੇ ਦੇਖੋ, ਸਾਧੇ ਤੇ ਕਮਾਏ ਹੋਏ, ਦੁੱਧ ਮੱਖਣਾਂ ਦੇ ਪਾਲੇ ਹੋਏ। ਦੇਖੋ ਇਨ੍ਹਾਂ ਨੂੰ ਮਿਹਲਦੇ ਤੇ ਮਚਲਦੇ। ਸਡੌਲ ਜੁੱਸਿਆਂ ਤੋਂ ਨਿਗਾਹਾਂ ਤਿਲ੍ਹਕ ਤਿਲ੍ਹਕ ਪੈਂਦੀਆਂ। ਇਨ੍ਹਾਂ ਦੀ ਚੜ੍ਹਤ ਦੇਖੋ ਤੇ ਦੇਖਿਓ ਇਨ੍ਹਾਂ ਦੀਆਂ ਪਕੜਾਂ। ਇਕ ਇਕ ਕਬੱਡੀ ਲੱਖ ਲੱਖ ਦੀ ਪਊ ਜੋ ਸੇਰ ਸੇਰ ਲਹੂ ਵਧਾਊ...!”

ਕੁਮੈਂਟਰੀ ਦੀ ਇੰਨੀ ਕੁ ਭੂਮਿਕਾ ਬੰਨ੍ਹਣ ਨਾਲ ਸ਼ੋਰ ਪਾਉਂਦਾ ਸਟੇਡੀਅਮ ਸ਼ਾਂਤ ਹੋ ਗਿਆ ਸੀ। ਉਡੀਕ ਦਾ ਅਕੇਵਾਂ ਕਿਧਰੇ ਪਰ ਲਾ ਕੇ ਉੱਡ ਗਿਆ ਸੀ। ਚਾਰ ਚੁਫੇਰੇ ਚੁੱਪ ਵਰਤ ਗਈ ਸੀ ਅਤੇ ਦਰਸ਼ਕਾਂ ਦੀਆਂ ਨਿਗਾਹਾਂ ਖਿਡਾਰੀਆਂ ਦੇ ਜੁੱਸੇ ਨਿਹਾਰਨ ਲੱਗ ਪਈਆਂ ਸਨ। ਖਿਡਾਰੀ ਢੇਰੀਆਂ ਨੂੰ ਮੱਥੇ ਟੇਕ ਕੇ ਜੁੱਸੇ ਹੋਰ ਗਰਮਾਉਣ ਲੱਗੇ ਤੇ ਅਸੀਂ ਉਨ੍ਹਾਂ ਦੀ ਜਾਣ-ਪਛਾਣ ਕਰਵਾਉਣ ਲੱਗੇ: ਲਾਇਲਪੁਰੀਆ ਅਸਲਮ ਡੋਗਰ, ਰਾਵਲਪਿੰਡੀਆ ਆਬਿਦ ਪੱਪੂ, ਮੁਲਤਾਨ ਦਾ ਅਮੀਨ ਜੱਟ, ਸ਼ੇਖ਼ੂਪੁਰੇ ਦੇ ਮੁਹੰਮਦ ਇਕਬਾਲ ਮਲਿਕ ਤੇ ਅਕੀਲ ਅੱਬਾਸ, ਸਾਹੀਵਾਲ ਦਾ ਸ਼ਹਿਜ਼ਾਦ ਗ਼ੁਲਖ਼ਾਨ, ਫੈਸਲਾਬਾਦ ਦੇ ਨਬੀਦ ਅਹਿਮਦ ਗੁੱਜਰ ਤੇ ਜਾਵੇਦ ਜੰਜੂਆ ਅਤੇ ਲਾਹੌਰੀਆ ਰਿਆਜ਼ ਜੱਟ। ਏਧਰ ਕਪੂਰਥਲੀਆ ਬਲਵਿੰਦਰ ਫਿੱਡਾ, ਬਾਜੇਖਾਨੇ ਦਾ ਹਰਜੀਤ ਬਰਾੜ, ਗੁਰਦਾਸਪੁਰੀਆ ਸ਼ੱਬਾ, ਕਪੂਰਥਲੀਏ ਮੰਗੀ ਤੇ ਨੇਕੀ, ਗਾਜੇਆਣੀਆਂ ਕਾਲਾ, ਗੇਲਾ ਘੋਲੀਆ, ਜਗਤਾਰ ਧਨੌਲਾ, ਬਿਜਲੀ ਬੋਰਡ ਦਾ ਭੀਮਾ, ਅੜੈਚਾਂ ਦਾ ਅੰਗਰੇਜ਼ ਤੇ ਕੌਂਕਿਆਂ ਦਾ ਬਾਜ। ਜਿਵੇਂ ਜਿਵੇਂ ਖਿਡਾਰੀਆਂ ਦੇ ਨਾਂ ਲਏ ਜਾਂਦੇ, ਉਹ ਹੱਥ ਖੜ੍ਹੇ ਕਰ ਕੇ ਦਰਸ਼ਕਾਂ ਤੋਂ ਤਾੜੀਆਂ ਦੀ ਦਾਦ ਲਈ ਜਾਂਦੇ।

ਮੈਚ ਸ਼ੁਰੂ ਹੋਇਆ ਤਾਂ ਕੁਮੈਂਟਰੀ ਦੀ ਗਰਾਰੀ ਵੀ ਉਸੇ ਰਫ਼ਤਾਰ ਨਾਲ ਗਿੜਨ ਲੱਗੀ, “ਲਓ ਬਈ ਚੜ੍ਹਦੇ ਪੰਜਾਬ ਦਾ ਚੜ੍ਹਦਾ ਸੂਰਜ ਹਰਜੀਤ ਬਰਾੜ, ਟੇਕ ਕੇ ਧਰਤੀ ਮਾਂ ਨੂੰ ਮੱਥਾ, ਮੰਗ ਕੇ ਸੂਰਜ ਤੋਂ ਵਰ, ਚੱਲਿਆ ਕਬੱਡੀ ਪਾਉਣ। ਜੁਆਨ ਦੀ ਚੜ੍ਹਤ ਦੇਖੋ ਜਿਵੇਂ ਕੰਧਾਰ ਦਾ ਕਿਲ੍ਹਾ ਫਤਿਹ ਕਰਨ ਚੱਲਿਆ ਹੋਵੇ। ਗੱਠਿਆ ਜੁੱਸਾ, ਫਰਕਦੇ ਡੌਲੇ, ਥੱਬੇ ਥੱਬੇ ਦੇ ਪੱਟ, ਪੈਂਦੀਆਂ ਘੁੱਗੀਆਂ, ਖੁਣੀਆਂ ਮੋਰਨੀਆਂ ਤੇ ਚਮਕਦੇ ਚੰਦ। ਦੇਖਦੇ ਆਂ ਇਹਨੂੰ ਕਿਹੜਾ ਮਾਈ ਦਾ ਲਾਲ ਡੱਕਦਾ? ਕਬੱਡੀ... ਕਬੱਡੀ... ਕਬੱਡੀ...। ਅਹੁ ਲੜ ਗਿਆ ਲਾਇਲਪੁਰੀਆ ਨਾਗ। ਪਾ ਲਿਆ ਨਾਗਵਲ, ਪੈ ਗਿਆ ਪੇਚਾ, ਲੱਗ ਗਿਆ ਜੱਫਾ। ਹੋ ਗਿਆ ਸਾਨ੍ਹਾਂ ਦਾ ਭੇੜ। ਵੱਜਦੀਆਂ ਧੌਲਾਂ, ਪੈਂਦੇ ਆ ਪਟਾਕੇ। ਸੁੱਟਦਾ ਲਾਹ ਲਾਹ ਹਰਜੀਤ। ਅਹੁ ਨਿਕਲ ਗਿਆ ਜੰਜੂਏ ਦੇ ਜੱਫੇ ਚੋਂ। ਨੲ੍ਹੀਂ ਰੀਸਾਂ ਹਰਜੀਤ ਦੀਆਂ। ਜੀ ਓ ਸੱਜਣਾਂ, ਸਦਕੇ ਸੋਹਣਿਆਂ! ਪੁਆਇੰਟ ਹਰਜੀਤ ਦਾ, ਪਹਿਲਾ ਪੈਂ੍ਹਟ ਚੜ੍ਹਦੇ ਪੰਜਾਬ ਦਾ।” ਉਸੇ ਵੇਲੇ ਕਿਸੇ ਨੇ ਹਰਜੀਤ ਨੂੰ ਸੌ ਡਾਲਰ ਦਾ ਇਨਾਮ ਬੁਲਵਾਇਆ ਤੇ ਕਿਸੇ ਨੇ ਪੰਜ ਸੌ ਡਾਲਰ ਦਾ।

ਕਬੱਡੀ ਦੀ ਕੁਮੈਂਟਰੀ ਕਿਲ੍ਹਾ ਰਾਇਪੁਰ ਦੀਆਂ ਖੇਡਾਂ ਤੋਂ ਚੱਲੀ ਹੈ। ਜੋਗਿੰਦਰ ਸਿੰਘ ਪੀਟੀ ਨੂੰ ਕਬੱਡੀ ਦਾ ਮੋਢੀ ਕੁਮੈਂਟੇਟਰ ਮੰਨਿਆ ਜਾਂਦਾ ਹੈ। ਕਹਿੰਦੇ ਹਨ, ਉਹਦੇ ਦਿਲਚਸਪ ਟੋਟਕਿਆਂ ਦੀਆਂ ਬੰਦੇ ਤਾਂ ਕੀ, ਰੁੱਖ ਤੇ ਝਾੜ ਬੂਟੇ ਵੀ ਗਵਾਹੀਆਂ ਭਰਦੇ ਸਨ। ਉਸ ਨੇ ਹੀ ਮੰਨੇ ਦੰਨੇ ਕੁਮੈਂਟੇਟਰ ਦਾਰਾ ਸਿੰਘ ਗਰੇਵਾਲ ਨੂੰ ਕੁਮੈਂਟਰੀ ਦੀ ਜਾਗ ਲਾਈ ਸੀ। ਕਿਲ੍ਹਾ ਰਾਇਪੁਰੀ ਕੁਮੈਂਟਰੀ ਵਿਚ ਲੋਕ ਗੀਤਾਂ ਦੇ ਟੱਪਿਆਂ, ਨਿੱਕੇ ਨਿੱਕੇ ਪ੍ਰਸੰਗਾਂ, ਹਾਸੇ ਮਖੌਲਾਂ ਤੇ ਅਖਾਣਾਂ ਮੁਹਾਵਰਿਆਂ ਦਾ ਮਸਾਲਾ ਪਾਇਆ ਹੁੰਦਾ। ਦਾਰੇ ਹੋਰੀਂ ਚਲਦੀ ਖੇਡ ਸਮੇਂ ਗਲੋਟੇ ਵਾਂਗ ਉਧੜਦੇ ਤੇ ਲਫ਼ਜ਼ਾਂ ਦੀਆਂ ਗੁੱਡੀਆਂ ਘੁਕਾ ਦਿੰਦੇ। ਜਦੋਂ ਕੋਈ ਜਾਫੀ, ਧਾਵੀ ਨੂੰ ਫੜਦਾ ਤਾਂ ਦਾਰਾ ਸਿੰਘ ਆਖਦਾ, “ਲੈ ਆ-ਗੀ ਘੁਲਾੜੀ ਚ ਬਾਂਹ, ਲੱਗ-ਗੇ ਜਿੰਦੇ, ਬਣਾ-ਤਾ ਚੱਕਰਚੂੰਡਾ, ਗੱਡ-ਤਾ ਅਰਲਾਕੋਟ। ਤੋਲ-ਤਾ ਮੰਡੀ ਦੇ ਕੰਡੇ ਆਂਗੂੰ। ਲਟੈਣਾਂ ਵਰਗੇ ਗੱਭਰੂ, ਖਰਾਸ ਦੇ ਪੁੜ ਵਰਗੀ ਛਾਤੀ, ਫੌਲਾਦੀ ਡੌਲੇ, ਚੁੰਘੀਆਂ ਬੂਰੀਆਂ ਝੋਟੀਆਂ, ਸਾਡੇ ਅੰਗੂੰ ਦੋ ਪ੍ਰਸੈਂਟ ਵਾਲਾ ਦੁੱਧ ਨੀ ਪੀਤਾ। ਲਓ ਬਿਜਲੀ ਬੋਰਡ ਦਾ ਭੀਮਾ ਚੱਲਿਆ ਕਬੱਡੀ ਪਾਉਣ, ਦੇਖਦੇ ਆਂ ਕੀਹਨੂੰ ਮਾਰਦਾ ਕਰੰਟ? ਅਹੁ ਮਾਰਿਆ ਚਲਾ ਕੇ ਮੱਕੀ ਦੇ ਪੂਲੇ ਆਂਗੂੰ...।”

ਢੁੱੁਡੀਕੇ ਦੇ ਖੇਡ ਮੇਲੇ ਵਿਚ ਨਾਵਲਕਾਰ ਜਸਵੰਤ ਸਿੰਘ ਕੰਵਲ ਵੀ ਕਦੇ ਕਦੇ ਮਾਈਕ ਫੜ ਲੈਂਦਾ ਤੇ ਅਸੀਂ ਦੋਵੇਂ ਦਰਸ਼ਕਾਂ ਦਾ ਚਿੱਤ ਪਰਚਾਉਣ ਲਈ ਹਾਸਾ ਮਖੌਲ ਵੀ ਕਰ ਲੈਂਦੇ। ਕੰਵਲ ਦੀ ਕੁਮੈਂਟਰੀ ਨਾਵਲੀ ਵਾਰਤਾਲਾਪ ਵਰਗੀ ਹੁੰਦੀ ਸੀ। ਮੈਂ ਤਾਂ ਖਿਡਾਰੀਆਂ ਦੇ ਕੱਛਿਆਂ ਦੀਆਂ ਰੰਗਦਾਰ ਧਾਰੀਆਂ ਦਾ ਹੀ ਜਿ਼ਕਰ ਕਰਦਾ ਪਰ ਉਹ ਲਾਲ ਰੰਗ ਦੇ ਕੱਛੇ ਵਿਚੋਂ ਇਨਕਲਾਬ ਦੀ ਝਲਕ ਦਿਖਾ ਦਿੰਦਾ। ਪਿਛਲੇ ਕੁਝ ਸਾਲਾਂ ਤੋਂ ਕਬੱਡੀ ਦੀ ਕੁਮੈਂਟਰੀ ਵਿਚ ਕਾਫੀ ਨਿਖਾਰ ਆਇਆ ਹੈ ਤੇ ਕੁਝ ਖ਼ੁਸ਼ਾਮਦੀ ਵਿਗਾੜ ਵੀ। ਪਹਿਲਾਂ ਕੁਮੈਂਟਰੀ ਸ਼ੌਕੀਆ ਹੁੰਦੀ ਸੀ, ਹੁਣ ਪੇਸ਼ਾਵਰ ਹੋ ਗਈ ਹੈ। ਜਿਵੇਂ ਟੂਰਨਾਮੈਂਟਾਂ ਵਿਚ ਤਕੜੇ ਖਿਡਾਰੀਆਂ ਦੀ ਸੱਦ-ਪੁੱਛ ਹੁੰਦੀ ਹੈ, ਉਵੇਂ ਉੱਚ ਪਾਏ ਦੇ ਟੂਰਨਾਮੈਂਟਾਂ ਲਈ ਚੰਗੇ ਕੁਮੈਂਟੇਟਰ ਵੀ ਉਚੇਚੇ ਸੱਦੇ-ਬੁਲਾਏ ਜਾਂਦੇ ਹਨ। ਗਾਉਣ ਵਾਲਿਆਂ ਵਾਂਗ ਕੁਮੈਂਟੇਟਰ ਟੂਰਨਾਮੈਂਟਾਂ ਦੀਆਂ ਅਗਾਊਂ ਸਾਈਆਂ ਫੜਨ ਲੱਗੇ ਹਨ। ਉਨ੍ਹਾਂ ਨੂੰ ਵੀ ਖਿਡਾਰੀਆਂ ਵਾਂਗ ਮਾਨ-ਸਨਮਾਨ ਦਿੱਤਾ ਜਾਣ ਲੱਗਾ ਹੈ। ਸੋਨੇ ਦੀਆਂ ਚੇਨੀਆਂ, ਸਕੂਟਰ, ਮੋਟਰਸਾਈਕਲ ਤੇ ਜੀਪਾਂ ਕਾਰਾਂ। ਇੰਗਲੈਂਡ, ਅਮਰੀਕਾ ਤੇ ਕੈਨੇਡਾ ਵਿਚੋਂ ਪੰਜਾਬ ਦੇ ਕੁਮੈਂਟੇਟਰਾਂ ਨੂੰ ਹਵਾਈ ਜਹਾਜ਼ਾਂ ਦੀਆਂ ਅਗਾਊਂ ਟਿਕਟਾਂ ਆਉਣ ਲੱਗ ਪਈਆਂ ਹਨ।

ਪਰਵੀਨ ਕੁਮੈਂਟੇਟਰ ਆਪਣੀ ਕੁਮੈਂਟਰੀ ਨਾਲ ਚੱਲ ਰਹੀ ਖੇਡ ਦਾ ਗੀਅਰ ਬਦਲਣ ਦੀ ਸਮਰੱਥਾ ਰੱਖਦਾ ਹੁੰਦਾ ਹੈ ਤੇ ਸਾਧਾਰਨ ਖੇਡ ਨੂੰ ਵੀ ਅਸਾਧਾਰਨ ਬਣਾ ਦਿੰਦਾ ਹੈ। ਸੰਤੁਲਿਤ ਕੁਮੈਂਟਰੀ ਉਹ ਹੁੰਦੀ ਹੈ ਜੀਹਦੇ ਵਿਚ ਕੁਮੈਂਟੇਟਰ ਕਿਸੇ ਪਾਸੇ ਵੀ ਬਹੁਤਾ ਉਲਾਰ ਨਾ ਹੋਵੇ। ਉਹ ਲੋਕ ਮੁਹਾਵਰੇ ਵਿਚ ਬੋਲੇ, ਖੇਡ ਦੀ ਰਫ਼ਤਾਰ ਨਾਲ ਫਿ਼ਕਰੇ ਛੋਟੇ ਵੱਡੇ ਕਰੇ ਤੇ ਖਿਡਾਰੀਆਂ ਦੇ ਜ਼ੋਰ ਲੱਗਣ ਵੇਲੇ ਆਪਣੀ ਆਵਾਜ਼ ਵੀ ਸਿਖਰਲੀ ਪਿੱਚ ਉੱਤੇ ਲੈ ਜਾਵੇ। ਇਉਂ ਲੱਗੇ ਜਿਵੇਂ ਖੇਡਦਿਆਂ ਉਹਦਾ ਵੀ ਜ਼ੋਰ ਲੱਗ ਰਿਹਾ ਹੋਵੇ।

ਕੁਮੈਂਟੇਟਰ ਲੋਕ ਗੀਤਾਂ, ਪ੍ਰਚਲਿਤ ਗੀਤਾਂ, ਹਾਸ-ਵਿਅੰਗ, ਟਿੱਚਰ-ਮਖੌਲ, ਲਤੀਫਿ਼ਆਂ, ਹੱਲਾਸ਼ੇਰੀਆਂ ਤੇ ਲਲਕਾਰਾਂ ਦਾ ਹਿਸਾਬ ਕਿਤਾਬ ਨਾਲ ਸਹਾਰਾ ਲਵੇ। ਸਬਜ਼ੀ-ਭਾਜੀ ਵਾਂਗ ਲੂਣ, ਮਿਰਚ, ਮਸਾਲਾ ਸਹੀ ਮਿਕਦਾਰ ਚ ਪਾਵੇ। ਕਿਸੇ ਇਕ ਵਸਤ ਦੇ ਵਾਧੂ ਹੋ ਜਾਣ ਨਾਲ ਸਭ ਕੁਝ ਬੇਸੁਆਦਾ ਹੋ ਜਾਂਦਾ ਹੈ। ਇਥੋਂ ਤਕ ਕਿ ਕਿਸੇ ਦੀ ਲੋੜੋਂ ਵੱਧ ਪ੍ਰਸੰਸਾ ਵੀ ਬਹੁਤੇ ਮਿੱਠੇ ਵਾਂਗ ਬਹੁਤੀ ਚੰਗੀ ਨਹੀਂ ਹੁੰਦੀ। ਕੁਮੈਂਟੇਟਰ ਅਖਾੜੇ ਦਾ ਰੰਗ-ਢੰਗ, ਮੌਸਮ, ਆਲਾ-ਦੁਆਲਾ, ਧੁੱਪ-ਛਾਂ, ਵਗਦੀ `ਵਾ ਤੇ ਆਕਾਸ਼ ਵਿਚ ਉਡਦੇ ਪੰਛੀਆਂ ਦੀ ਬਾਤ ਵੀ ਪਾਉਂਦਾ ਜਾਵੇ। ਖੇਡ ਮੇਲੇ ਦੇ ਇਲਾਕੇ ਦੀ ਸਥਾਨਕ ਬੋਲ ਚਾਲ ਦੀਆਂ ਛੋਹਾਂ ਦੇਣੀਆਂ ਨਾ ਭੁੱਲੇ। ਖਿਡਾਰੀਆਂ, ਖੇਡ ਪ੍ਰਬੰਧਕਾਂ, ਖੇਡ ਪ੍ਰੋਮੋਟਰਾਂ, ਵਿਸ਼ੇਸ਼ ਵਿਅਕਤੀਆਂ ਤੇ ਇਨਾਮ ਦੇਣ ਵਾਲਿਆਂ ਦੀ ਢੁੱਕਵੀਂ ਉਸਤਤ ਜ਼ਰੂਰ ਕਰੇ ਪਰ ਮਿਰਾਸਪੁਣੇ ਤੋਂ ਬਚੇ। ਖ਼ੁਸ਼ਾਮਦ ਕਰਨੀ ਕੁਮੈਂਟੇਟਰਾਂ ਦਾ ਕੰਮ ਨਹੀਂ ਹੁੰਦਾ। ਖੇਡ ਜਦ ਰੁਕੇ ਤਾਂ ਉਹ ਖੇਡਾਂ ਦੀਆਂ ਬਾਤਾਂ ਪਾ ਕੇ ਦਰਸ਼ਕਾਂ ਦਾ ਮਨ ਪਰਚਾਈ ਰੱਖੇ। ਉਹ ਹਸਮੁੱਖ ਤੇ ਮਿਲਾਪੜਾ ਹੋਵੇ ਅਤੇ ਇੰਨਾ ਪ੍ਰਭਾਵਸ਼ਾਲੀ ਵੀ ਕਿ ਚਲਦੇ ਮੈਚਾਂ ਸਮੇਂ ਬਾਹਰੀ ਦਖਲ ਅੰਦਾਜ਼ੀ ਨੂੰ ਰੋਕਣ ਵਿਚ ਮਦਦਗਾਰ ਹੋ ਸਕੇ। ਖੇਡ ਮੈਦਾਨ ਵਿਚ ਉਹ ਸੂਤਰਧਾਰ ਬਣ ਕੇ ਖੇਡ ਮੇਲੇ ਨੂੰ ਬੰਨ੍ਹੇ। ਉਸ ਨੂੰ ਅਹਿਸਾਸ ਹੋਵੇ, ਉਹਦੇ ਸਿਰ ਭਾਰੀ ਜਿ਼ੰਮੇਵਾਰੀ ਹੈ ਤੇ ਉਹ ਹਜ਼ਾਰਾਂ ਦਰਸ਼ਕਾਂ ਦਾ ਰਹਿਨੁਮਾ ਹੈ।

ਮੱਖਣ ਸਿੰਘ ਦਾ ਜਨਮ 15 ਅਕਤੂਬਰ 1957 ਨੂੰ ਬੰਗੇ ਨੇੜੇ ਪਿੰਡ ਹਕੀਮਪੁਰ ਵਿਚ ਬੰਤਾ ਸਿੰਘ ਅਤੇ ਕਰਤਾਰ ਕੌਰ ਦੇ ਘਰ ਹੋਇਆ। ਉਹ ਚਾਰ ਭਰਾਵਾਂ ਤੇ ਪੰਜ ਭੈਣਾਂ ਵਿਚ ਸਭ ਤੋਂ ਛੋਟਾ ਸੀ ਜਿਸ ਕਰ ਕੇ ਲਾਡਲਾ ਰਿਹਾ। ਉਹਦੀ ਨਿੱਕੇ ਹੁੰਦੇ ਦੀ ਜਿ਼ਦ ਪੁੱਗ ਜਾਂਦੀ, ਸ਼ਰਾਰਤਾਂ ਸਹਿਣ ਹੋ ਜਾਂਦੀਆਂ। ਪਿੰਡ ਦੇ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਪਿਛੋਂ ਦਸਵੀਂ ਤਕ ਉਹ ਮੁਕੰਦਪੁਰ ਪੜ੍ਹਿਆ। 1974 ਵਿਚ ਰਾਮਗੜ੍ਹੀਆ ਕਾਲਜ ਫਗਵਾੜੇ ਪੜ੍ਹਨ ਲੱਗ ਪਿਆ ਤੇ 1978 ਵਿਚ ਬੀਐੱਸਸੀ (ਨਾਨ ਮੈਡੀਕਲ) ਕਰ ਗਿਆ। ਅਗਲੇ ਸਾਲ ਉਸ ਨੇ ਬੀਐੱਡ ਕਰ ਲਈ ਤੇ ਗੌਰਮਿੰਟ ਮਿਡਲ ਸਕੂਲ ਭੰਗਲ ਖੁਰਦ ਵਿਚ ਹਿਸਾਬ ਦਾ ਮਾਸਟਰ ਜਾ ਲੱਗਾ। ਦਸ ਸਾਲ ਕਰਨਾਣੇ ਦੇ ਸਕੂਲ ਵਿਚ ਪੜ੍ਹਾਇਆ ਜਿਥੇ ਜਾਣ ਆਉਣ ਲਈ ਦੱਬ ਕੇ ਸਾਈਕਲ ਵਾਹਿਆ। ਉਦੋਂ ਉਹਦੀ ਰੀਝ ਸਕੂਟਰ ਲੈਣ ਦੀ ਸੀ ਜੋ ਪੂਰੀ ਨਹੀਂ ਸੀ ਹੁੰਦੀ।

1990 ਵਿਚ ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮੈਥ ਦੀ ਐੱਮਐੱਸਸੀ ਕਰ ਲਈ ਤੇ ਅਗਲੇ ਸਾਲ ਪੱਖੋਵਾਲ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਲੈਕਚਰਾਰ ਜਾ ਲੱਗਾ। 1992 ਤੋਂ 95 ਤਕ ਲਧਾਣੇ ਝਿੱਕੇ ਦੇ ਸੈਕੰਡਰੀ ਸਕੂਲ ਦਾ ਕਾਰਜਕਾਰੀ ਪ੍ਰਿੰਸੀਪਲ ਰਿਹਾ। 1996 ਵਿਚ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਆ ਗਿਆ। ਸਬੱਬੀਂ ਮੈਂ ਵੀ ਉਸੇ ਸਾਲ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦਾ ਪ੍ਰਿੰਸੀਪਲ ਬਣਿਆ। ਇਕ ਦਿਨ ਉਹ ਮਿਲਣ ਆਇਆ ਤਾਂ ਮੈਨੂੰ ਉਹਦੀ ਨਿਮਰਤਾ ਭਾਅ ਗਈ। ਉਹ ਬੋਲਦਾ ਘੱਟ ਹੈ ਤੇ ਸੁਣਦਾ ਵੱਧ। ਕਿਸੇ ਨੂੰ ਕੌੜਾ ਫਿੱਕਾ ਬੋਲਦਾ ਤਾਂ ਕਦੇ ਸੁਣਿਆ ਹੀ ਨਹੀਂ। ਮੈਂ ਉਸ ਨੂੰ ਕਈ ਰੰਗਾਂ ਚ ਦੇਖਿਆ। ਸੋਚੀਂ ਪਿਆ, ਝੂਰਦਾ ਤੇ ਨੱਚਦਾ ਟਪਦਾ ਵੀ। ਮੈਨੂੰ ਪੁਰੇਵਾਲ ਖੇਡ ਮੇਲੇ ਦਾ ਸੱਦਾ ਪੱਤਰ ਦੇਣ ਆਉਂਦਾ, ਸਟਾਫ ਦਾ ਸਹਿਯੋਗ ਮੰਗਦਾ, ਮਿੱਠਾ ਬੋਲਦਾ, ਨਿੰਮ੍ਹਾ ਨਿੰਮ੍ਹਾ ਮੁਸਕਰਾਉਂਦਾ ਤੇ ਨੀਵੀਆਂ ਪਾਉਂਦਾ। ਫਿਰ ਕਾਰ ਵਿਚ ਮੈਨੂੰ ਖੇਡ ਮੇਲਿਆਂ ਤੇ ਲਿਜਾਣ ਲੱਗ ਪਿਆ ਤੇ ਰਿਟਾਇਰ ਹੋਣ ਪਿੱਛੋਂ ਅਸੀਂ ਹਵਾਈ ਜਹਾਜ਼ਾਂ ਚ ਇਕੱਠੇ ਸਫ਼ਰ ਕਰਨ ਲੱਗੇ। ਸਾਨੂੰ ਇਕੱਠਿਆਂ ਕੁਮੈਂਟਰੀ ਕਰਨ ਦੇ ਮੌਕੇ ਮਿਲਦੇ। ਫਾਈਨਲ ਮੈਚ ਦੀ ਕੁਮੈਂਟਰੀ ਮੈਂ ਹਮੇਸ਼ਾਂ ਉਹਤੋਂ ਕਰਵਾਉਂਦਾ। ਉਹ ਨਾਲ ਹੁੰਦਾ ਤਾਂ ਮੈਨੂੰ ਕੋਈ ਫਿਕਰ ਨਾ ਹੁੰਦਾ; ਇੰਜ ਲੱਗਦਾ ਜਿਵੇਂ ਘਰ ਦਾ ਜੀਅ ਮੇਰੇ ਨਾਲ ਹੈ।

ਅਸੀਂ ਹੋਟਲਾਂ ਵਿਚ ਇਕੋ ਕਮਰੇ ਚ ਠਹਿਰਦੇ। ਕਦੇ ਕਦੇ ਉਹ ਬਚਪਨ ਦੀਆਂ ਗੱਲਾਂ ਛੇੜ ਬਹਿੰਦਾ। ਦੱਸਦਾ ਕਿ ਨਿੱਕਾ ਹੁੰਦਾ ਧਾਰਮਿਕ ਗੀਤ ਗਾਉਂਦਾ ਹੁੰਦਾ ਸੀ: ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰਦੀ। ਉਹਦਾ ਫੁੱਫੜ ਤੇ ਜੀਜਾ ਉਹਨੂੰ ਇਨਾਮ ਦਿੰਦੇ ਤੇ ਕਹਿੰਦੇ ਹੁਣ ਕੋਈ ਨਵਾਂ ਗੀਤ ਸੁਣਾ। ਮੱਖਣ ਸਿੰਘ ਨਵੇਂ ਨਮੂਨੇ ਦਾ ਗੀਤ ਸੁਣਾਉਂਦਾ: ਨੀ ਚਿੱਟੀਏ ਕਬੂਤਰੀਏ, ਨੀ ਅੱਜ ਤੈਨੂੰ ਲੈ ਜਾਣਾ। ਪਰਿਵਾਰ ਹੱਸਦਾ ਅਤੇ ਫੁੱਫੜ ਤੇ ਜੀਜੇ ਨੂੰ ਹੋਰ ਇਨਾਮ ਦੇਣੇ ਪੈਂਦੇ। ਨਿੱਕੇ ਹੁੰਦੇ ਉਹਨੂੰ ਹਵਾਈ ਜਹਾਜ਼ ਦੇਖਣ ਦਾ ਬੜਾ ਸ਼ੌਕ ਸੀ। ਜਦੋਂ ਜਹਾਜ਼ ਦੀ ਗੂੰਜ ਸੁਣਨੀ, ਉਹਨੇ ਰੋਟੀ ਛੱਡ ਕੇ ਬਾਹਰ ਭੱਜ ਪੈਣਾ ਤੇ ਉਦੋਂ ਤਕ ਅਸਮਾਨ ਵੱਲ ਦੇਖਦੇ ਰਹਿਣਾ ਜਦੋਂ ਤਕ ਜਹਾਜ਼ ਲੋਪ ਨਾ ਹੋ ਜਾਣਾ। ਉਹਦੇ ਮਨ ਵਿਚ ਹਵਾਈ ਜਹਾਜ਼ ਦਾ ਪਾਇਲਟ ਬਣਨ ਦੀ ਰੀਝ ਪੈਦਾ ਹੋ ਗਈ। ਉਹੋ ਰੀਝ ਸੀ ਜਿਸ ਕਰ ਕੇ ਉਹ ਸਾਇੰਸ ਦੀ ਪੜ੍ਹਾਈ ਵੱਲ ਰੁਚਿਤ ਹੋਇਆ। ਉਸ ਨੂੰ ਹਾਲੇ ਵੀ ਹਵਾਈ ਜਹਾਜ਼ ਦਾ ਉਡਣਾ, ਰੇਲ ਗੱਡੀ ਦਾ ਚੱਲਣਾ ਤੇ ਪਾਣੀ ਦਾ ਵਗਣਾ ਵਧੇਰੇ ਖਿੱਚ ਪਾਉਂਦਾ ਹੈ। ਪਾਇਲਟ ਤਾਂ ਭਾਵੇਂ ਉਹ ਨਹੀਂ ਬਣ ਸਕਿਆ ਪਰ ਕੁਮੈਂਟਰੀ ਦੇ ਸਿਰ ਤੇ ਹਵਾਈ ਜਹਾਜ਼ਾਂ ਦੀ ਸਵਾਰੀ ਕਰਨ ਵਿਚ ਉਹ ਕਿਸੇ ਪਾਇਲਟ ਤੋਂ ਪਿੱਛੇ ਨਹੀਂ ਰਿਹਾ।

ਇਕ ਵਾਰ ਮੈਨੂੰ ਵੈਨਕੂਵਰ ਤੋਂ ਫੋਨ ਆਇਆ, “ਪ੍ਰੋ. ਮੱਖਣ ਸਿੰਘ ਤੁਹਾਡੇ ਕੋਲ ਨੇ?” ਮੈਂ ਕਿਹਾ, “ਨਹੀਂ, ਉਹ ਹੁਣ ਅਸਮਾਨ ਵਿਚ ਐ।” ਅੱਗੋਂ ਆਵਾਜ਼ ਆਈ, “ਕਿਉਂ ਮਖੌਲ ਕਰਦੇ ਓ ਜੀ। ਉਹ ਏਥੇ ਈ ਕਿਤੇ ਤੁਹਾਡੇ ਕੋਲ ਹੋਣੈ। ਛੇਤੀ ਦੱਸੋ, ਬਹੁਤ ਜ਼ਰੂਰੀ ਕੰਮ ਐਂ। ਅਸੀਂ ਉਹਨੂੰ ਬਿਨਾਂ ਪੁੱਛੇ ਈ ਟੂਰਨਾਮੈਂਟ ਰੱਖ ਬੈਠੇ ਆਂ। ਲੋਕਾਂ ਦੀ ਮੰਗ ਐ ਕਿ ਟੂਰਨਾਮੈਂਟ ਦੀ ਕੁਮੈਂਟਰੀ ਮੱਖਣ ਸਿੰਘ ਤੋਂ ਹੀ ਕਰਾਉਣੀ ਐਂ।”

ਮੈਂ ਫਿਰ ਆਖਿਆ, “ਦੱਸਿਆ ਤਾਂ ਹੈ ਕਿ ਉਹ ਹੁਣ ਅਸਮਾਨ ਵਿਚ ਐ। ਅੱਧਾ ਘੰਟਾ ਪਹਿਲਾਂ ਈ ਲੰਡਨ ਨੂੰ ਹਵਾਈ ਜਹਾਜ਼ ਚੜ੍ਹਾਇਐ। ਲਹਿੰਬਰ ਕੰਗ ਹੋਰਾਂ ਦੇ ਸੱਦੇ ਤੇ ਇੰਗਲੈਂਡ ਦੇ ਕਬੱਡੀ ਟੂਰਨਾਮੈਂਟ ਚ ਕੁਮੈਂਟਰੀ ਕਰਨ ਜਾ ਰਿਹੈ। ਉਥੋਂ ਮੁੜੇਗਾ ਤਾਂ ਛੱਬੀ ਜੁਲਾਈ ਨੂੰ ਅਸੀਂ ਯੌਰਕ ਯੂਨੀਵਰਸਿਟੀ ਦੇ ਸਟੇਡੀਅਮ ਵਿਚ ਇਕੱਠੇ ਕੁਮੈਂਟਰੀ ਕਰਾਂਗੇ। ਸਤਾਈ ਜੁਲਾਈ ਨੂੰ ਉਹ ਹਕੀਮਪੁਰ ਦੇ ਪੁਰੇਵਾਲ ਭਰਾਵਾਂ ਕੋਲ ਪੁੱਜੇਗਾ ਤੇ ਐਬਟਸਫੋਰਡ ਦਾ ਟੂਰਨਾਮੈਂਟ ਭੁਗਤਾਵੇਗਾ। ਦੋ ਅਗਸਤ ਨੂੰ ਅਸੀਂ ਟੋਰਾਂਟੋ ਚ ਟੂਰਨਾਮੈਂਟ ਭੁਗਤਾਉਣੈ। ਤਿੰਨ ਤੇ ਚਾਰ ਅਗਸਤ ਨੂੰ ਕੈਲਗਰੀ ਹੋਵਾਂਗੇ, ਦਸ ਨੂੰ ਹੈਮਿਲਟਨ ਤੇ ਸਤਾਰਾਂ ਨੂੰ ਸਿ਼ਕਾਗੋ। ਹੁਣ ਦੱਸੋ, ਤੁਸੀਂ ਕਿਹੜੀ ਤਾਰੀਖ ਬੰਨ੍ਹੀ ਬੈਠੇ ਓਂ? ਕਿਤੇ ਮੌਂਟਰੀਅਲ ਜਾਂ ਐਡਮਿੰਟਨ ਵਾਲਿਆਂ ਵਾਲੀ ਤਾਂ ਨੀ ਬੰਨ੍ਹ ਬੈਠੇ?”

ਅੱਗੋਂ ਉਹ ਕੀ ਕਹਿੰਦੇ? ਮੱਖਣ ਸਿੰਘ ਦਾ ਮਹੀਨਾ ਤਾਂ ਪਹਿਲਾਂ ਹੀ ਬੁੱਕ ਸੀ। ਉਦੋਂ ਉਹਦੇ ਰੁਝੇਵੇਂ ਦਾ ਇਹ ਹਾਲ ਸੀ ਕਿ ਸਾਲ ਚ ਸੱਠ ਸੱਤਰ ਟੂਰਨਾਮੈਂਟ ਭੁਗਤਾਉਂਦਾ ਸੀ। ਤੀਹ ਚਾਲੀ ਪੰਜਾਬ ਵਿਚ, ਤੇ ਵੀਹ ਤੀਹ ਬਾਹਰ। ਇੰਗਲੈਂਡ, ਅਮਰੀਕਾ ਤੇ ਕੈਨੇਡਾ ਦੇ ਉਹਨੇ ਸਾਰੇ ਸ਼ਹਿਰ ਹੀ ਗਾਹੇ ਪਏ ਸਨ। ਆਸਟਰੇਲੀਆ ਵੀ ਜਾ ਆਇਆ ਸੀ। ਇਕ ਦਿਨ ਮੈਂ ਦਫਤਰ ਵਿਚ ਬੈਠਾ ਸਾਂ। ਪਾਕਿਸਤਾਨੀ ਪੰਜਾਬ ਦੇ ਸਪੋਰਟਸ ਡਾਇਰੈਕਟਰ ਦਾ ਫੋਨ ਆਇਆ, ਪਈ ਤੁਹਾਡੇ ਕੋਲ ਪ੍ਰੋ. ਮੱਖਣ ਸਿੰਘ ਕਬੱਡੀ ਦਾ ਬੜਾ ਅਫਲਾਤੂਨ ਕੁਮੈਂਟੇਟਰ ਸੁਣੀਂਦਾ ਏ। ਉਹਨੂੰ ਸਾਡੇ ਵੱਲ ਭੇਜ ਸਕੋ ਤਾਂ ਬੜੀ ਮਿਹਰਬਾਨੀ ਹੋਵੇਗੀ। ਵੀਜ਼ੇ ਦਾ ਅੜਿੱਕਾ ਨਾ ਪੈਂਦਾ ਤਾਂ ਉਹਨੇ ਉਧਰ ਵੀ ਧੰਨ ਧੰਨ ਕਰਾ ਆਉਣੀ ਸੀ।

ਉਹ ਫੂੰ-ਫਾਂ ਵਾਲਾ ਕੁਮੈਂਟੇਟਰ ਨਹੀਂ। ਜਣੇ ਖਣੇ ਨੂੰ ਪਾਈਏ ਕੁ ਦਾ ਹੋ ਮਿਲਦਾ ਹੈ ਤੇ ਹਰ ਇਕ ਦਾ ਮਨ ਮੋਹ ਲੈਂਦਾ ਹੈ। ਉਹਨੂੰ ਸਿਸ਼ਟਾਚਾਰ ਨਾਲ ਰਹਿਣਾ ਬਹਿਣਾ ਆਉਂਦਾ ਹੈ ਤੇ ਜਿਸ ਘਰ ਰਹੇ, ਘਰ ਦਾ ਜੀਅ ਬਣ ਜਾਂਦਾ। ਇਹੋ ਕਾਰਨ ਹੈ ਕਿ ਪਰਦੇਸਾਂ ਵਿਚ ਉਹਨੂੰ ਹੱਥੀਂ ਛਾਵਾਂ ਹੁੰਦੀਆਂ ਹਨ। ਉਹ 1983 ਵਿਚ ਪੱਕੇ ਤੌਰ ਤੇ ਕੈਨੇਡਾ ਜਾਣ ਨੂੰ ਫਿਰਦਾ ਸੀ ਪਰ ਚੰਗਾ ਰਿਹਾ ਕਿ ਨਹੀਂ ਜਾ ਸਕਿਆ। ਚਲਾ ਜਾਂਦਾ ਤਾਂ ਕੁਮੈਂਟਰੀ ਦਾ ਸ਼ਾਹਸਵਾਰ ਨਹੀਂ ਸੀ ਬਣ ਸਕਣਾ।

1992 ਵਿਚ ਉਹਦਾ ਵਿਆਹ ਬੀਬੀ ਸਰਬਜੀਤ ਕੌਰ ਨਾਲ ਹੋਇਆ ਸੀ ਜਿਸ ਦਾ ਪੇਕਾ ਪਿੰਡ ਲਿੱਦੜ ਕਲਾਂ ਹੈ। ਉਨ੍ਹਾਂ ਦੇ ਦੋ ਪੁੱਤਰ ਹਨ ਜੋ ਪਟਰੋਲ ਪੰਪ ਚਲਾਉਂਦੇ ਹਨ। ਪਰਿਵਾਰ ਹੁਣ ਬੰਗੇ ਵਾਲੀ ਕੋਠੀ ਵਿਚ ਰਹਿੰਦਾ ਹੈ। ਮੱਖਣ ਸਿੰਘ ਹਜ਼ਾਰਾਂ ਲਫ਼ਜ਼ਾਂ ਵਿਚ ਕੁਝ ਲਫ਼ਜ਼ ਵਾਰ ਵਾਰ ਬੋਲਦਾ ਹੈ ਜਿਵੇਂ ‘ਅਹੁ ਦੇਖੋ ਸਾਹਮਣੇ’ ‘ਵਾਹ ਬਈ ਵਾਹ’ ‘ਨੲ੍ਹੀਂ ਰੀਸਾਂ’ ਤੇ ‘ਚੱਪਾ ਚੱਪਾ ਚਰਖਾ ਚੱਲੇ’। ਪਹਿਲਾਂ ਉਹ ਲੋਕ ਗੀਤਾਂ ਦੇ ਟੱਪੇ ਵਧੇਰੇ ਵਰਤਦਾ ਸੀ, ਹੁਣ ਕਬੱਡੀ ਬਾਰੇ ਜੋੜੇ ਛੰਦ ਵਧੇਰੇ ਸੁਣਾਉਂਦਾ ਹੈ:

ਗੋਲ ਜਿਹਾ ਦਾਇਰਾ ਵਿਚ ਹੰਧੇ ਦੋ ਦਿਸਦੇ,

ਚੜ੍ਹ ਜਾਂਦਾ ਚਾਅ ਜਾਂ ਖਿਡਾਰੀ ਵਿਚ ਦਿਸਦੇ।

ਜਾਈਏ ਬਲਿਹਾਰੇ ਜੀਹਨੇ ਕਾਢ ਇਹਦੀ ਕੱਢੀ,

ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ

ਕਈ ਹੁਣ ਖੇਡਦੇ ਤੇ ਕਈਆਂ ਖੇਡ ਛੱਡੀ...

ਲੋਕ ਝੂੰਮ ਉਠਦੇ ਪ੍ਰੋਫ਼ੈਸਰ ਜਦੋਂ ਬੋਲਦਾ,

ਕੱਲੇ ਕੱਲੇ ਗੱਭਰੂ ਦਾ ਨਾਂ ਪਿੰਡ ਫੋਲਦਾ

ਮਾਂ ਪਿਓ ਬਾਬਿਆਂ ਦੀ ਗੱਲ ਕਰੇ ਵੱਡੀ,

ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ

ਕਈ ਹੁਣ ਖੇਡਦੇ...

ਖੇਡਣ ਨੂੰ ਤਾਂ ਉਹ ਕਬੱਡੀ ਵੀ ਖੇਡਿਆ, ਫੁੱਟਬਾਲ ਵੀ ਪਰ ਉਹਦੀ ਮਹਿਬੂਬ ਖੇਡ ਹਾਕੀ ਸੀ। ਜਦੋਂ ਉਹ ਰੇਡੀਓ ਤੋਂ ਜਸਦੇਵ ਸਿੰਘ ਦੀ ਕੁਮੈਂਟਰੀ ਸੁਣਦਾ ਤਾਂ ਉਹਦਾ ਮਨ ਵੀ ਉਹਦੀ ਰੀਸ ਕਰਨ ਨੂੰ ਕਰਦਾ। ਜਗਤਪੁਰ ਸਟੇਡੀਅਮ ਵਿਚ ਮਨਾਏ ਜਾਂਦੇ ਮੇਲਿਆਂ ਨੇ ਉਹਨੂੰ ਕੁਮੈਂਟਰੀ ਦੀ ਜਾਗ ਲਾਈ। 1982 ਦੇ ਖੇਡ ਮੇਲੇ ਵਿਚ ਉਸ ਨੇ ਪਹਿਲੀ ਵਾਰ ਮਾਈਕ ਫੜ ਕੇ ਦੇਖਿਆ। 1990 ਵਿਚ ਉਹਨੂੰ ਆਲ ਇੰਡੀਆ ਹੋਲਾ ਮਹੱਲਾ ਕੁਸ਼ਤੀਆਂ ਦੀ ਕੁਮੈਂਟਰੀ ਕਰਨ ਲਈ ਸੱਦਾ ਆਇਆ। ਜਲੰਧਰ ਦੇ ਹੰਸ ਰਾਜ ਸਟੇਡੀਅਮ ਵਿਚ ਉਸ ਨੇ ਕੁਸ਼ਤੀਆਂ ਦੀ ਕੁਮੈਂਟਰੀ ਕੀਤੀ। ਫਿਰ ਤਾਂ ਚੱਲ ਸੋ ਚੱਲ ਹੋ ਗਈ ਤੇ 1999 ਤੋਂ ਉਹ ਇੰਗਲੈਂਡ, ਕੈਨੇਡਾ ਤੇ ਅਮਰੀਕਾ ਵੀ ਜਾਣ ਲੱਗ ਪਿਆ।

ਜਦੋਂ ਉਹ ਛੋਟੇ ਬੱਚਿਆਂ ਦਾ ਮੈਚ ਖਿਡਾ ਰਿਹਾ ਹੋਵੇ ਤਾਂ ਉਨ੍ਹਾਂ ਦੇ ਨਾਂ ਵੱਡੇ ਖਿਡਾਰੀਆਂ ਵਾਲੇ ਰੱਖ ਦਿੰਦਾ ਹੈ। ਕਹਿੰਦਾ ਹੈ, ਆਹ ਚੱਲਿਆ ਤੋਖੀ ਤੇ ਅਹੁ ਲੱਗ ਗਿਆ ਕਿਰਪਾਲ ਬਾਵਾ। ਆਹ ਭਲਕ ਦਾ ਦੇਵੀ ਦਿਆਲ ਤੇ ਅਹੁ ਭਲਕ ਦਾ ਹਰਜੀਤ ਬਰਾੜ। ਇਉਂ ਉਹ ਬੱਚਿਆਂ ਦੇ ਮੈਚ ਵਿਚ ਵੀ ਰੌਣਕਾਂ ਲਾ ਦਿੰਦਾ ਹੈ। ਕੋਈ ਮੈਚ ਕਿੰਨਾ ਵੀ ਸਾਧਾਰਨ ਕਿਉਂ ਨਾ ਹੋਵੇ, ਉਹਦੀ ਕੁਮੈਂਟਰੀ ਨਾਲ ਅਸਾਧਰਨ ਬਣ ਜਾਂਦਾ ਹੈ। ਕਈ ਤਾਂ ਇਹ ਵੀ ਕਹਿੰਦੇ ਸੁਣੇ ਹਨ ਕਿ ਉਹਦੀ ਕੁਮੈਂਟਰੀ ਸੁਣਦਿਆਂ ਮੈਚ ਦੇਖਣ ਦੀ ਲੋੜ ਹੀ ਨਹੀਂ ਪੈਂਦੀ!

ਇਕੇਰਾਂ ਉਸ ਨੇ ਮਾਲਟਨ ਦੇ ਵਾਈਲਡਵੁੱਡ ਪਾਰਕ ਵਿਚ ਗੋਰੇ ਖਿਡਾਰੀਆਂ ਬਾਰੇ ਬੜੀ ਰੌਚਕ ਕੁਮੈਂਟਰੀ ਕੀਤੀ। ਵਿਚੇ ਉਹ ਪੰਜਾਬੀ ਬੋਲਦਾ ਤੇ ਵਿਚੇ ਅੰਗਰੇਜ਼ੀ ਦੀਆਂ ਪੱਚਰਾਂ ਲਾਈ ਜਾਂਦਾ। ਕਿਸੇ ਦਾ ਨਾਂ ਡੈਰਿਕ, ਕਿਸੇ ਦਾ ਹੈਰੀ ਤੇ ਕਿਸੇ ਦਾ ਮਾਈਕਲ ਲੈਂਦਾ। ਕਿਸੇ ਨੂੰ ‘ਕਮ ਔਨ’ ਤੇ ਕਿਸੇ ਨੂੰ ‘ਗੋ ਬੈਕ’ ਕਹਿ ਕੇ ਸਾਵਧਾਨ ਕਰਦਾ। ਜੀਹਦੇ ਨਾਂ ਦਾ ਪਤਾ ਨਾ ਲੱਗਦਾ, ਉਹਦੇ ਬਾਰੇ ਕਹਿੰਦਾ: ਨੀ ਇਹ ਰੋਡਾ ਭੋਡਾ ਕੌਣ, ਭਾਬੀ ਦੀਵਾ ਜਗਾ...।

ਉਹਦੀ ਕੁਮੈਂਟਰੀ ਵਾਂਗ ਗੱਲਾਂ ਤਾਂ ਉਹਦੇ ਬਾਰੇ ਜਿੰਨੀਆਂ ਮਰਜ਼ੀ ਕਰੀ ਜਾਈਏ ਪਰ ਲੇਖ ਮੁਕਾਉਣ ਲਈ ਨਵੇਂ ਕੁਮੈਂਟੇਟਰਾਂ ਨੂੰ ਸਲਾਹ ਹੈ ਕਿ ਉਹ ਮੱਖਣ ਸਿੰਘ ਵਾਂਗ ਮਾਹੌਲ ਬੰਨ੍ਹਣਾ ਸਿੱਖਣ, ਰਿਆਜ਼ ਕਰਨ, ਉਚਾਰਨ ਸੋਧਣ, ਖੇਡ ਸਾਹਿਤ ਪੜ੍ਹਨ ਤੇ ਖਿਡਾਰੀਆਂ ਬਾਰੇ ਪੂਰੀ ਜਾਣਕਾਰੀ ਰੱਖਣ। ਮੱਖਣ ਸਿੰਘ ਮੌਕਾ ਵੇਖ ਕੇ ਖਿਡਾਰੀਆਂ ਦੇ ਨਾਂ ਥਾਂ ਤੇ ਅੱਗਾ ਪਿੱਛਾ ਹੀ ਨਹੀਂ, ਸਾਕ ਸਕੀਰੀਆਂ, ਸਕੂਲ ਕਾਲਜ ਤੇ ਉਨ੍ਹਾਂ ਦੇ ਕੋਚਾਂ ਦੇ ਨਾਂ ਥਾਂ ਵੀ ਗਿਣਾ ਜਾਂਦਾ ਹੈ। ਖਿਡਾਰੀਆਂ ਦੇ ਪਿੰਡਾਂ ਦਾ ਨਕਸ਼ਾ ਅੱਖਾਂ ਅੱਗੇ ਚਿਤਰ ਦਿੰਦਾ ਹੈ। ਉਹ ਕਬੱਡੀ ਦਾ ਕੁਮੈਂਟੇਟਰ ਹੀ ਨਹੀਂ, ਕਬੱਡੀ ਦਾ ਇਨਸਾਈਕਲੋਪੀਡੀਆ ਹੈ।

ਸੰਪਰਕ: +1-905-799-1661

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All