DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਰਤਨ ਤੋਂ ਵਾਂਝਾ ਸਦੀ ਦਾ ਮਹਾਨ ਖਿਡਾਰੀ ਮੇਜਰ ਧਿਆਨ ਚੰਦ

ਜਦੋਂ ਕਿਸੇ ਖਿਡਾਰੀ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ ਵੱਲੋਂ ਸਦੀ ਦਾ ਮਹਾਨ ਖਿਡਾਰੀ ਐਲਾਨਿਆ ਗਿਆ ਹੋਵੇ, ਜਿਸ ਦੇ ਜਨਮ ਦਿਨ ਨੂੰ ਸਮਰਪਿਤ ਦੇਸ਼ ਦਾ ਖੇਡ ਦਿਵਸ ਮਨਾਇਆ ਜਾਂਦਾ ਹੋਵੇ ਪਰ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਭਾਰਤ ਰਤਨ’ ਦੀ...

  • fb
  • twitter
  • whatsapp
  • whatsapp
Advertisement

ਜਦੋਂ ਕਿਸੇ ਖਿਡਾਰੀ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ ਵੱਲੋਂ ਸਦੀ ਦਾ ਮਹਾਨ ਖਿਡਾਰੀ ਐਲਾਨਿਆ ਗਿਆ ਹੋਵੇ, ਜਿਸ ਦੇ ਜਨਮ ਦਿਨ ਨੂੰ ਸਮਰਪਿਤ ਦੇਸ਼ ਦਾ ਖੇਡ ਦਿਵਸ ਮਨਾਇਆ ਜਾਂਦਾ ਹੋਵੇ ਪਰ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਭਾਰਤ ਰਤਨ’ ਦੀ ਸੂਚੀ ਵਿੱਚ ਉਸ ਦਾ ਜ਼ਿਕਰ ਨਾ ਹੋਵੇ ਤਾਂ ਖੇਡ ਪ੍ਰੇਮੀਆਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪੁੱਜਣੀ ਸੁਭਾਵਿਕ ਹੈ। ਆਪਣੀ ਖੇਡ ਹਾਕੀ ਵਿੱਚ ਜਾਦੂਗਰ ਦੇ ਨਾਮ ਨਾਲ ਵਿਸ਼ਵ ਪ੍ਰਸਿੱਧ ਹੋਏ ਇਸ ਖਿਡਾਰੀ ਨੇ ਜਿੰਨਾ ਸਮਾਂ ਹਾਕੀ ਖੇਡੀ ਤਾਂ ਵਿਰੋਧੀ ਮੂੰਹ ਵਿੱਚ ਉਂਗਲਾਂ ਲੈਣ ਲਈ ਮਜਬੂਰ ਸਨ ਪਰ ਹਾਕੀ ਦਾ ਇਹ ਜਾਦੂਗਰ ਦੇਸ਼ ਦੇ ਮਾੜੇ ਰਾਜਨੀਤਕ ਸਿਸਟਮ ਦਾ ਸ਼ਿਕਾਰ ਹੋਇਆ ਹੈ। ਇਸ ਮਹਾਨ ਖਿਡਾਰੀ ਦੀਆਂ ਪ੍ਰਾਪਤੀਆਂ ’ਤੇ ਝਾਤ ਮਾਰਦੇ ਹਾਂ ਅਤੇ ਦੇਖਦੇ ਹਾਂ ਕਿ ਮੇਜਰ ਧਿਆਨ ਚੰਦ ‘ਭਾਰਤ ਰਤਨ’ ਦਾ ਹੱਕਦਾਰ ਹੋ ਸਕਦਾ ਹੈ।
Advertisement

ਇੱਕ ਸਮਾਂ ਸੀ ਜਦੋਂ ਵਿਰੋਧੀ ਟੀਮ ਦੇ ਖਿਡਾਰੀ ਖੜ੍ਹ-ਖੜ੍ਹ ਕੇ ਧਿਆਨ ਚੰਦ ਦੀ ਹਾਕੀ ਦੀ ਜਾਦੂਗਰੀ ਦੇਖਦੇ ਸਨ। ਧਿਆਨ ਚੰਦ ਨੂੰ ਹਾਕੀ ਖੇਡਣ ਦਾ ਸ਼ੌਕ ਫੌਜ ਵਿੱਚ ਆਉਣ ਤੋਂ ਬਾਅਦ ਪੈਦਾ ਹੋਇਆ। ਆਪਣੇ ਖੇਡ ਜੀਵਨ ਵਿੱਚ 500 ਤੋਂ ਵੱਧ ਕੌਮਾਂਤਰੀ ਗੋਲ ਕਰਨ ਵਾਲੇ ‘ਦਿ ਵਿਜ਼ਾਰਡ’ ਖਿਡਾਰੀ ਨੇ ਭਾਰਤੀ ਟੀਮ ਦੀ ਨੁਮਾਇੰਦਗੀ ਕਰਦਿਆਂ ਦੇਸ਼ ਨੂੰ ਲਗਾਤਾਰ ਤਿੰਨ ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਕੇ ਦਿੱਤੇ।

Advertisement

ਹਾਕੀ ਦੇ ਇਸ ਜਾਦੂਗਰ ਦੀ ਖੇਡ ਦਾ ਦੀਵਾਨਾ ਦੁਨੀਆ ਦਾ ਮਹਾਨ ਤਾਨਾਸ਼ਾਹ ਹਿਟਲਰ ਵੀ ਹੋ ਗਿਆ ਸੀ ਅਤੇ ਬਰਲਿਨ ਓਲੰਪਿਕ ਵਿੱਚ ਧਿਆਨ ਚੰਦ ਦੀ ਖੇਡ ਤੋਂ ਪ੍ਰਭਾਵਿਤ ਹੋ ਕੇ ਹਿਟਲਰ ਨੇ ਉਸ ਨੂੰ ਜਰਮਨੀ ਆ ਕੇ ਰਹਿਣ ਅਤੇ ਜਰਮਨੀ ਵੱਲੋਂ ਖੇਡਣ ਦੀ ਪੇਸ਼ਕਸ਼ ਕੀਤੀ ਸੀ ਪਰ ਇਸ ਮਹਾਨ ਦੇਸ਼ ਭਗਤ ਖਿਡਾਰੀ ਨੇ ਇਹ ਕਹਿ ਕੇ ਹਿਟਲਰ ਦਾ ਪ੍ਰਸਤਾਵ ਠੁਕਰਾ ਦਿੱਤਾ ਸੀ ਕਿ ਉਹ ਹਮੇਸ਼ਾ ਭਾਰਤ ਵੱਲੋਂ ਹੀ ਖੇਡਣਾ ਚਾਹੇਗਾ। ਖੇਡ ਜਗਤ ਵਿੱਚ ਜਿੰਨੀਆਂ ਪ੍ਰਾਪਤੀਆਂ ਧਿਆਨ ਚੰਦ ਦੀਆਂ ਹਨ, ਸ਼ਾਇਦ ਓਨੀਆਂ ਕਿਸੇ ਹੋਰ ਦੀਆਂ ਨਹੀਂ ਹਨ ਅਤੇ ਖੇਡ ਪ੍ਰੇਮੀ ਇਨ੍ਹਾਂ ਪ੍ਰਾਪਤੀਆਂ ਤੋਂ ਅਣਜਾਣ ਨਹੀਂ ਹਨ। ਮੇਜਰ ਧਿਆਨ ਚੰਦ ਭਾਰਤੀ ਖੇਡ ਜਗਤ ਦੀਆਂ ਮਹਾਨ ਹਸਤੀਆਂ ਵਿੱਚੋਂ ਅਜਿਹੀ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਭਾਰਤ ਦੀ ਝੋਲੀ ਤਿੰਨ ਓਲੰਪਿਕ ਗੋਲਡ ਮੈਡਲ ਪਾਏ ਹਨ। ਸੋ, ਇੱਥੇ ਅਸੀਂ ਉਨ੍ਹਾਂ ਨੂੰ ਦੇਸ਼ ਦੇ ਸਰਬਉੱਚ ਸਨਮਾਨ ‘ਭਾਰਤ ਰਤਨ’ ਦੇਣ ਦੀ ਗੱਲ ਕਰ ਰਹੇ ਹਾਂ, ਜੋ ਹਾਲੇ ਤੱਕ ਖਿਡਾਰੀਆਂ ਵਿੱਚੋਂ ਸਿਰਫ਼ ਸਚਿਨ ਤੇਂਦੁਲਕਰ ਨੂੰ ਹੀ ਮਿਲਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੇਂਦੁਲਕਰ ਵਰਗਾ ਮਹਾਨ ਖਿਡਾਰੀ ਅਜੇ ਤੱਕ ਕ੍ਰਿਕਟ ਜਗਤ ਵਿੱਚ ਨਹੀਂ ਹੋਇਆ ਪਰ ਖੇਡ ਜਗਤ ਦੇ ਵਿਦਵਾਨ ਧਿਆਨ ਚੰਦ ਦੀ ਤੁਲਨਾ ਸਦੀ ਦੇ ਮਹਾਨ ਖਿਡਾਰੀਆਂ ਪੇਲੇ (ਫੁਟਬਾਲ) ਅਤੇ ਡਾਨ ਬ੍ਰੈਡਮੈਨ (ਕ੍ਰਿਕਟ) ਨਾਲ ਕਰਦੇ ਹਨ। ਜਦੋਂ ਧਿਆਨ ਚੰਦ ਨੂੰ ਸਦੀ ਦਾ ਮਹਾਨ ਖਿਡਾਰੀ ਐਲਾਨਿਆ ਜਾ ਚੁੱਕਾ ਹੈ, ਫਿਰ ਕਿਉਂ ਸਮੇਂ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਇਹ ਸਰਬਉੱਚ ਸਨਮਾਨ ਦੇਣ ਤੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਹ ਉਹ ਮਹਾਨ ਖਿਡਾਰੀ ਹੈ ਜਿਸ ਦੀ ਸਟਿੱਕ ਨਾਲ ਗੇਂਦ ਇਸ ਕਦਰ ਚਿਪਕੀ ਰਹਿੰਦੀ ਸੀ ਕਿ ਇੱਕ ਵਾਰ ਹਾਲੈਂਡ ਵਿੱਚ ਸਟਿੱਕ ਖੋਲ੍ਹ ਕੇ ਦੇਖਣ ਤੱਕ ਦੀ ਨੌਬਤ ਆ ਗਈ ਸੀ। ਉਂਝ ਸਾਡੇ ਦੇਸ਼ ਵਿੱਚ ਛੋਟੇ-ਛੋਟੇ ਐਵਾਰਡ ਦੇਣ ਸਮੇਂ ਰਾਜਨੀਤੀ ਦੇਖਣ ਨੂੰ ਮਿਲਦੀ ਹੈ ਪਰ ਜਦੋਂ ਦੇਸ਼ ਦੇ ਮਹਾਨ ਖਿਡਾਰੀ ਇਸ ਤਰ੍ਹਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੁੰਦੇ ਹਨ ਤਾਂ ਦਿਲ ਉਦਾਸ ਹੋ ਜਾਂਦਾ ਹੈ। ਆਖ਼ਰ ਕਿਉਂ ਦੇਸ਼ ਦਾ ਇਹ ਹੀਰਾ ਅਜੇ ਤੱਕ ਇਸ ਸਨਮਾਨ ਤੋਂ ਵਾਂਝਾ ਹੈ? ਸਮੇਂ-ਸਮੇਂ ’ਤੇ ਖੇਡ ਪ੍ਰੇਮੀਆਂ ਵੱਲੋਂ ਮੇਜਰ ਧਿਆਨ ਚੰਦ ਨੂੰ ਇਹ ਪੁਰਸਕਾਰ ਦੇਣ ਦੀ ਮੰਗ ਕੀਤੀ ਜਾਂਦੀ ਰਹੀ ਹੈ ਪਰ ਸਰਕਾਰਾਂ ਅਤੇ ਉਨ੍ਹਾਂ ਵੱਲੋਂ ਬਣਾਈਆਂ ਕਮੇਟੀਆਂ ਨੇ ਇਸ ਸਬੰਧੀ ਅਜੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ। ਮਰਹੂਮ ਮਿਲਖਾ ਸਿੰਘ ਨੇ ਵੀ ਇੱਕ ਟੀ ਵੀ ਇੰਟਰਵਿਊ ਵਿੱਚ ਕਿਹਾ ਸੀ ਕਿ ਭਾਰਤ ਰਤਨ ਜੇਕਰ ਕਿਸੇ ਖਿਡਾਰੀ ਸਭ ਤੋਂ ਪਹਿਲਾਂ ਮਿਲਣਾ ਚਾਹੀਦਾ ਹੈ, ਤਾਂ ਉਹ ਹਨ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ। ਦੇਸ਼ ਦੇ ਖੇਡ ਰਣਨੀਤੀਕਾਰਾਂ ਅਤੇ ਸਰਕਾਰੀ ਯੋਜਨਾਕਾਰਾਂ ਨੂੰ ਸਵਾਲ ਹੈ ਕਿ ਇੱਕ ਪਾਸੇ ਅਸੀਂ ਇਸ ਖੇਡ ਨੂੰ ਕੌਮੀ ਖੇਡ ਦਾ ਦਰਜਾ ਦਿੰਦੇ ਹਾਂ ਜਦਕਿ ਦੂਸਰੇ ਪਾਸੇ ਇਸ ਖੇਡ ਵਿੱਚ ਅਜੇ ਤੱਕ ਦੇ ਦੁਨੀਆ ਦੇ ਬਿਹਤਰੀਨ ਖਿਡਾਰੀ ਨੂੰ ਅਸੀਂ ਦੇਸ਼ ਦੇ ਵੱਡੇ ਸਨਮਾਨ ਦੇ ਯੋਗ ਨਹੀਂ ਸਮਝਦੇ? ਇਹ ਕਿਤੇ ਨਾ ਕਿਤੇ ਸਾਡੀ ਕੌਮੀ ਖੇਡ ਦੇ ਨਾਲ-ਨਾਲ ਦੇਸ਼ ਲਈ ਮਿਹਨਤ ਕਰਨ ਵਾਲੇ ਸਾਰੇ ਖਿਡਾਰੀਆਂ ਦੇ ਨਿਰਾਦਰ ਦੇ ਤੁਲ ਜਾਪਦਾ ਹੈ। ਜੇਕਰ ਦੇਖੀਏ ਤਾਂ ਮੇਜਰ ਧਿਆਨ ਚੰਦ ਦੁਨੀਆ ਭਰ ਵਿੱਚ ਵੱਸਦੇ ਸਮੁੱਚੇ ਖੇਡ ਪ੍ਰੇਮੀਆਂ ਦੀ ਨਜ਼ਰ ਵਿੱਚ ਅਨਮੋਲ ਰਤਨ ਹੈ ਪਰ ਸਾਡੇ ਦੇਸ਼ ਦੇ ਇਸ ਸਿਸਟਮ ਨੇ ਅਜੇ ਤੱਕ ਇਸ ਮਹਾਨ ਖਿਡਾਰੀ ਨੂੰ ਆਪਣੇ ਹੀ ਦੇਸ਼ ਦਾ ਰਤਨ ਨਹੀਂ ਮੰਨਿਆ। ਖੇਡਾਂ ਇੱਕ ਮਾਤਰ ਅਜਿਹਾ ਖੇਤਰ ਹਨ ਜਿਨ੍ਹਾਂ ਵਿੱਚ ਜਦੋਂ ਵੀ ਕੌਮਾਂਤਰੀ ਪੱਧਰ ’ਤੇ ਕਿਸੇ ਦੇਸ਼ ਦਾ ਝੰਡਾ ਬੁਲੰਦ ਹੁੰਦਾ ਹੈ ਤਾਂ ਉਸ ਦੇਸ਼ ਦੇ ਲੋਕ ਮਾਣ ਮਹਿਸੂਸ ਕਰਦੇ ਹਨ ਅਤੇ ਅਜੇ ਤੱਕ ਕੁਝ ਗਿਣਵੇਂ-ਚੁਣਵੇਂ ਖਿਡਾਰੀ ਹੀ ਹਨ ਜਿਨ੍ਹਾਂ ਨੇ ਵਿਸ਼ਵ ਅਤੇ ਓਲੰਪਿਕ ਪੱਧਰ ’ਤੇ ਭਾਰਤ ਦਾ ਝੰਡਾ ਬੁਲੰਦ ਕੀਤਾ ਹੈ। ਇਸ ਲਈ ਅਸਲੀ ਰਤਨਾਂ ਨੂੰ ਪਛਾਣ ਕੇ ਇਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦੇਣ ਦੀ ਲੋੜ ਹੈ। ਅੱਜ ਦੇਸ਼ ਦਾ ਹਰ ਖੇਡ ਪ੍ਰੇਮੀ ਉਸ ਸਮੇਂ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਜਦੋਂ ਹਾਕੀ ਦੇ ਜਾਦੂਗਰ ਨੂੰ ਭਾਰਤ ਰਤਨ ਦੀ ਉਪਾਧੀ ਨਾਲ ਨਿਵਾਜਿਆ ਜਾਵੇਗਾ। ਮੇਜਰ ਧਿਆਨ ਚੰਦ ਜਦੋਂ ਆਪਣੇ ਜੀਵਨ ਦੇ ਆਖ਼ਰੀ ਪੜਾਅ ’ਚੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੇ ਇੱਕ ਟਿੱਪਣੀ ਕੀਤੀ ਸੀ ਜੋ ਉਨ੍ਹਾਂ ਦੀ ਮਨੋਦਸ਼ਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਸੀ, ‘ਮੈਂ ਜਦੋਂ ਮਰਾਂਗਾ ਦੁਨੀਆ ਰੋਏਗੀ ਪਰ ਭਾਰਤ ਦੇ ਲੋਕ ਮੇਰੇ ਲਈ ਹੰਝੂ ਨਹੀਂ ਵਹਾਉਣਗੇ, ਮੈਂ ਉਨ੍ਹਾਂ ਨੂੰ ਜਾਣਦਾ ਹਾਂ।’’

ਸੰਪਰਕ: 94174-79449

Advertisement
×