ਰਾਮਚੰਦਰ ਗੁਹਾ
ਭਲਕੇ ਅਸੀਂ ਮਹਾਤਮਾ ਗਾਂਧੀ ਦੀ ਸ਼ਹਾਦਤ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹੋਵਾਂਗੇ। ਆਪਣੀ ਮੌਤ ਤੋਂ ਐਨੇ ਸਾਲਾਂ ਬਾਅਦ ਕੀ ਗਾਂਧੀ ਅਜੇ ਵੀ ਸਾਡੇ ਲਈ ਕੋਈ ਮਾਅਨੇ ਰੱਖਦੇ ਹਨ? ਇਸ ਲੇਖ ਵਿਚ ਮੈਂ ਅਜਿਹੇ ਦਸ ਵਜ਼ਨਦਾਰ ਕਾਰਨ ਗਿਣਾਵਾਂਗਾ ਕਿ ਗਾਂਧੀ, ਉਨ੍ਹਾਂ ਦਾ ਜੀਵਨ ਤੇ ਵਿਚਾਰ ਇੱਕੀਵੀਂ ਸਦੀ ਦੇ ਤੀਜੇ ਦਹਾਕੇ ਵਿਚ ਅਜੇ ਤਾਈਂ ਕਿਉਂ ਸਾਰਥਕ ਬਣੇ ਹੋਏ ਹਨ।
ਮਹਾਤਮਾ ਗਾਂਧੀ ਦੇ ਪ੍ਰਸੰਗਕ ਹੋਣ ਦਾ ਪਹਿਲਾ ਕਾਰਨ ਇਹ ਹੈ ਕਿ ਉਨ੍ਹਾਂ ਆਪਣੇ ਤੌਰ ‘ਤੇ ਬਲ ਪ੍ਰਯੋਗ ਕੀਤੇ ਬਿਨਾਂ ਕਿਸੇ ਜ਼ਾਲਮ ਅਥਾਰਿਟੀ ਜਾਂ ਹੁਕਮਰਾਨ ਦਾ ਵਿਰੋਧ ਕਰਨ ਦਾ ਹਿੰਦੋਸਤਾਨ ਤੇ ਦੁਨੀਆ ਨੂੰ ਇਕ ਤਰੀਕਾਕਾਰ ਦਿੱਤਾ ਸੀ। ਮਜ਼ੇ ਦੀ ਗੱਲ ਇਹ ਹੈ ਕਿ ਸਤਿਆਗ੍ਰਹਿ ਦਾ ਵਿਚਾਰ 9 ਸਤੰਬਰ 1906 ਨੂੰ ਜੋਹਾਨਸਬਰਗ ਦੇ ਐਂਪਾਇਰ ਥੀਏਟਰ ਵਿਚ ਹੋਈ ਇਕ ਮੀਟਿੰਗ ਵਿਚ ਪਣਪਿਆ ਸੀ ਜਦੋਂ ਹਿੰਦੋਸਤਾਨੀਆਂ ਨੇ ਗਾਂਧੀ ਦੀ ਅਗਵਾਈ ਹੇਠ ਨਸਲਪ੍ਰਸਤ ਕਾਨੂੰਨਾਂ ਖਿਲਾਫ਼ ਵਿਰੋਧ ਪ੍ਰਗਟਾਉਂਦਿਆਂ ਗ੍ਰਿਫ਼ਤਾਰੀਆਂ ਦੇਣ ਦਾ ਵਚਨ ਲਿਆ ਸੀ। ਪਚੰਨਵੇਂ ਸਾਲਾਂ ਬਾਅਦ ਇਸੇ ਦਿਨ ਦਹਿਸ਼ਤਪਸੰਦਾਂ ਵੱਲੋਂ ‘ਵਰਲਡ ਟਰੇਡ ਸੈਂਟਰ’ ਦੀਆਂ ਬਹੁ-ਮੰਜ਼ਿਲਾ ਇਮਾਰਤਾਂ ਉਡਾ ਦਿੱਤੀਆਂ ਗਈਆਂ ਸਨ। ਇਸ ਲਿਹਾਜ਼ ਤੋਂ 9/11 ਦੇ ਦੋ ਸਾਕੇ ਗਿਣੇ ਜਾ ਸਕਦੇ ਹਨ: ਇਕ ਅਹਿੰਸਕ ਸੰਘਰਸ਼ ਤੇ ਨਿੱਜੀ ਕੁਰਬਾਨੀ ਜ਼ਰੀਏ ਇਨਸਾਫ਼ ਹਾਸਲ ਕਰਨ ਦਾ ਤਰੀਕਾਕਾਰ ਅਤੇ ਦੂਜਾ ਦਹਿਸ਼ਤਗਰਦੀ ਤੇ ਤਾਕਤ ਜ਼ਰੀਏ ਦੁਸ਼ਮਣ ਨੂੰ ਡਰਾਉਣ ਦਾ ਢੰਗ। ਜਿਵੇਂ ਕਿ ਇਤਿਹਾਸ ਗਵਾਹ ਹੈ ਨਾਇਨਸਾਫ਼ੀ ਖਿਲਾਫ਼ ਵਿਰੋਧ ਦੇ ਢੰਗ ਦੇ ਤੌਰ ‘ਤੇ ਹੋਰਨਾਂ ਢੰਗਾਂ ਦੇ ਮੁਕਾਬਲੇ ਸਤਿਆਗ੍ਰਹਿ ਜ਼ਿਆਦਾ ਇਖ਼ਲਾਕੀ ਤੇ ਨਾਲ ਹੀ ਬਿਨਾਂ ਸ਼ੱਕ ਜ਼ਿਆਦਾ ਕਾਰਗਰ ਹੈ। ਪਹਿਲਾਂ ਦੱਖਣੀ ਅਫ਼ਰੀਕਾ ਅਤੇ ਫਿਰ ਹਿੰਦੋਸਤਾਨ ਵਿਚ ਅੰਗਰੇਜ਼ਾਂ ਦੇ ਰਾਜ ਦੌਰਾਨ ਸਤਿਆਗ੍ਰਹਿ ਦੇ ਸ਼ੁਰੂਆਤੀ ਫੁਟਾਰੇ ਤੋਂ ਬਾਅਦ ਕਈ ਹੋਰਨੀ ਥਾਈਂ ਵੀ ਗਾਂਧੀ ਦਾ ਇਹ ਤਰੀਕਾਕਾਰ ਅਜ਼ਮਾਇਆ ਗਿਆ ਜਿਨ੍ਹਾਂ ਵਿਚ ਸ਼ਾਇਦ ਸਭ ਤੋਂ ਵੱਧ ਗਿਣਨਯੋਗ ਅਮਰੀਕਾ ਵਿਚ ਸ਼ਹਿਰੀ ਆਜ਼ਾਦੀਆਂ ਲਈ ਚੱਲਿਆ ਅੰਦੋਲਨ ਸੀ।
ਗਾਂਧੀ ਦੇ ਮਹੱਤਵ ਦਾ ਦੂਜਾ ਕਾਰਨ ਇਹ ਹੈ ਕਿ ਉਹ ਆਪਣੇ ਦੇਸ਼ ਤੇ ਸਭਿਆਚਾਰ ਨੂੰ ਪਿਆਰ ਕਰਦੇ ਸਨ ਜਦੋਂਕਿ ਇਸ ਦੇ ਚਿਹਰੇ ਮੋਹਰੇ ਨੂੰ ਵਿਗਾੜਨ ਵਾਲੀਆਂ ਕੁਰੀਤੀਆਂ ਨੂੰ ਪ੍ਰਵਾਨ ਕਰ ਕੇ ਇਨ੍ਹਾਂ ਦਾ ਇਲਾਜ ਕਰਨਾ ਚਾਹੁੰਦੇ ਸਨ। ਇਤਿਹਾਸਕਾਰ ਸੁਨੀਲ ਖਿਲਨਾਨੀ ਨੇ ਇਕੇਰਾਂ ਟਿੱਪਣੀ ਕੀਤੀ ਸੀ ਕਿ ਗਾਂਧੀ ਸਿਰਫ਼ ਅੰਗਰੇਜ਼ਾਂ ਨਾਲ ਹੀ ਨਹੀਂ ਸਗੋਂ ਹਿੰਦੋਸਤਾਨ ਨਾਲ ਵੀ ਲੜ ਰਹੇ ਸਨ। ਉਹ ਜਾਣਦੇ ਸਨ ਕਿ ਉਨ੍ਹਾਂ ਦੇ ਸਮਾਜ ਭਾਵ ਸਾਡੇ ਸਮਾਜ ਦੇ ਧੁਰ ਅੰਦਰ ਤੱਕ ਅਸਮਾਨਤਾ ਭਰੀ ਪਈ ਹੈ। ਛੂਤ-ਛਾਤ ਖਿਲਾਫ਼ ਉਨ੍ਹਾਂ ਦੀ ਜੱਦੋਜਹਿਦ ਹਿੰਦੋਸਤਾਨੀਆਂ ਨੂੰ ਸੱਚੀ ਆਜ਼ਾਦੀ ਦੇ ਵਧੇਰੇ ਹੱਕਦਾਰ ਬਣਾਉਣ ਦੀ ਖ਼ਾਹਿਸ਼ ‘ਚੋਂ ਨਿਕਲੀ ਸੀ। ਤੇ ਪੂਰੇ ਨਾਰੀਵਾਦੀ ਹੁੰਦਿਆਂ ਉਨ੍ਹਾਂ ਨੇ ਔਰਤਾਂ ਨੂੰ ਜਨਤਕ ਜੀਵਨ ਵਿਚ ਲਿਆਉਣ ਲਈ ਜੋ ਯੋਗਦਾਨ ਪਾਇਆ, ਉਹ ਵੀ ਕਿਸੇ ਤੋਂ ਛੁਪਿਆ ਨਹੀਂ ਹੈ।
ਗਾਂਧੀ ਦੀ ਵੁੱਕਤ ਦਾ ਤੀਜਾ ਕਾਰਨ ਇਹ ਹੈ ਕਿ ਹਿੰਦੂ ਧਰਮ ਨਿਭਾਉਂਦੇ ਹੋਇਆਂ ਉਨ੍ਹਾਂ ਧਰਮ ਦੇ ਆਧਾਰ ‘ਤੇ ਨਾਗਰਿਕਤਾ ਨੂੰ ਪਰਿਭਾਸ਼ਤ ਕਰਨ ਤੋਂ ਇਨਕਾਰ ਕੀਤਾ। ਜੇ ਜਾਤ ਹਿੰਦੂਆਂ ਨੂੰ ਦਰਜਾ-ਬ-ਦਰਜਾ ਵੰਡਦੀ ਸੀ ਤਾਂ ਧਰਮ ਹਿੰਦੋਸਤਾਨ ਨੂੰ ਟੁਕੜਿਆਂ ਵਿਚ ਵੰਡਦਾ ਸੀ। ਗਾਂਧੀ ਇਨ੍ਹਾਂ ਖੜ੍ਹਵੇਂ ਤੇ ਅਕਸਰ ਇਤਿਹਾਸਕ ਤੌਰ ‘ਤੇ ਆਪੋ ‘ਚ ਵਿਰੋਧੀ ਖੇਮਿਆਂ ਦਰਮਿਆਨ ਪੁਲ ਉਸਾਰਨ ਲਈ ਜੱਦੋਜਹਿਦ ਕਰਦੇ ਰਹੇ ਸਨ। ਹਿੰਦੂ-ਮੁਸਲਿਮ ਸਦਭਾਵਨਾ ਸਥਾਈ ਸਰੋਕਾਰ ਬਣੀ ਰਹੀ; ਉਹ ਇਸ ਲਈ ਜੂਝਦੇ ਰਹੇ ਅਤੇ ਅਖੀਰ ਇਸੇ ਲਈ ਬਲਿਦਾਨ ਦੇਣ ਵਾਸਤੇ ਤਿਆਰ ਹੋ ਗਏ।
ਗਾਂਧੀ ਦੇ ਮਹੱਤਵ ਦਾ ਚੌਥਾ ਕਾਰਨ ਇਹ ਹੈ ਕਿ ਗੁਜਰਾਤੀ ਰੰਗ ਵਿਚ ਰੰਗੇ ਹੋਣ, ਗੁਜਰਾਤੀ ਵਾਰਤਕ ਦੇ ਧਨੀ ਹੋਣ ਦੇ ਬਾਵਜੂਦ ਉਹ ਕੋਈ ਤੰਗਨਜ਼ਰ ਰਾਸ਼ਟਰਵਦਾਦੀ ਨਹੀਂ ਸਨ। ਜਿਵੇਂ ਉਨ੍ਹਾਂ ਦੇ ਮਨ ਵਿਚ ਆਪਣੇ ਧਰਮ ਤੋਂ ਇਲਾਵਾ ਹੋਰਨਾਂ ਧਰਮਾਂ ਲਈ ਵੀ ਪਿਆਰ ਸੀ, ਉਸੇ ਤਰ੍ਹਾਂ ਹੋਰਨਾਂ ਭਾਸ਼ਾਵਾਂ ਲਈ ਵੀ ਉਨ੍ਹਾਂ ਅੰਦਰ ਓਨਾ ਹੀ ਪਿਆਰ ਤੇ ਜਗ੍ਹਾ ਸੀ। ਭਾਰਤ ਦੀ ਧਾਰਮਿਕ ਤੇ ਭਾਸ਼ਾਈ ਵਿਭਿੰਨਤਾ ਦੀ ਉਨ੍ਹਾਂ ਦੀ ਸੂਝ ਪਰਵਾਸ ਦੌਰਾਨ ਉਦੋਂ ਹੋਰ ਗਹਿਰੀ ਹੋਈ ਜਦੋਂ ਉਨ੍ਹਾਂ ਦੇ ਕਰੀਬੀ ਸਾਥੀਆਂ ਵਿਚ ਹਿੰਦੂਆਂ ਤੋਂ ਇਲਾਵਾ ਮੁੁਸਲਿਮ ਤੇ ਪਾਰਸੀ, ਗੁਜਰਾਤੀ ਦੇ ਨਾਲ ਨਾਲ ਤਮਿਲ ਬੋਲਣ ਵਾਲੇ ਵੀ ਸ਼ਾਮਲ ਹੋ ਗਏ।
ਗਾਂਧੀ ਦੀ ਸਾਰਥਿਕਤਾ ਦਾ ਪੰਜਵਾਂ ਕਾਰਨ ਇਹ ਹੈ ਕਿ ਉਹ ਦੇਸ਼ਭਗਤ ਵੀ ਸਨ ਤੇ ਕੌਮਾਂਤਰੀਵਾਦੀ ਵੀ। ਉਨ੍ਹਾਂ ਨੇ ਭਾਰਤੀ ਸਭਿਅਤਾ ਦੀ ਅਮੀਰੀ ਤੇ ਵਿਰਾਸਤ ਦੀ ਸਲਾਹੁਤਾ ਕੀਤੀ ਪਰ ਫਿਰ ਵੀ ਉਹ ਜਾਣਦੇ ਸਨ ਕਿ ਵੀਹਵੀਂ ਸਦੀ ਵਿਚ ਕੋਈ ਦੇਸ਼ ਖੂਹ ਦਾ ਡੱਡੂ ਬਣ ਕੇ ਅੱਗੇ ਨਹੀਂ ਵਧ ਸਕਦਾ। ਉਨ੍ਹਾਂ ‘ਤੇ ਜਿੰਨਾ ਹਿੰਦੋਸਤਾਨ ਦਾ ਅਸਰ ਸੀ, ਓਨਾ ਹੀ ਉਨ੍ਹਾਂ ਪੱਛਮ ਦਾ ਅਸਰ ਕਬੂਲਿਆ ਸੀ। ਉਨ੍ਹਾਂ ਦੇ ਦਾਰਸ਼ਨਿਕ ਤੇ ਸਿਆਸੀ ਦ੍ਰਿਸ਼ਟੀਕੋਣ ਨੂੰ ਘੜਨ ਵਿਚ ਜਿੰਨਾ ਯੋਗਦਾਨ ਗੋਖਲੇ ਤੇ ਰਾਇਚੰਦਭਾਈ ਦਾ ਸੀ ਓਨਾ ਹੀ ਤਾਲਸਤਾਏ ਅਤੇ ਰਸਕਿਨ ਦਾ ਸੀ। ਨਸਲੀ ਵਲਗਣਾਂ ਤੋਂ ਪਾਰ ਜਾ ਕੇ ਉਨ੍ਹਾਂ ਦੇ ਦੋਸਤੀ ਦੇ ਦਾਇਰੇ ਵਿਚ ਮਿਲੀ ਪੌਲਕ, ਹਰਮਾਨ ਕਾਲਨਬਾਖ ਤੇ ਸੀ.ਐਫ. ਐਂਡ੍ਰਿਊਜ਼ ਜਿਹੇ ਵਿਦਵਾਨ ਸ਼ਾਮਲ ਸਨ ਜਿਨ੍ਹਾਂ ਸਾਰਿਆਂ ਨੇ ਉਨ੍ਹਾਂ ਦੇ ਨਿੱਜੀ ਤੇ ਜਨਤਕ ਜੀਵਨ ਵਿਚ ਅਹਿਮ ਭੂਮਿਕਾ ਅਦਾ ਕੀਤੀ ਸੀ।
ਇੱਥੇ ਕੁਝ ਦੇਰ ਰੁਕ ਕੇ ਮੈਂ ਇਹ ਖੁਲਾਸਾ ਕਰਾਂਗਾ ਕਿ ਗਾਂਧੀ ਦੀ ਵਿਰਾਸਤ ਦੇ ਇਨ੍ਹਾਂ ਪੰਜ ਪਹਿਲੂਆਂ ਤੋਂ ਬਿਨਾਂ ਆਜ਼ਾਦ ਭਾਰਤ ਕਿਵੇਂ ਇਕ ਬਿਲਕੁਲ ਵੱਖਰਾ ਰਾਹ ਅਖ਼ਤਿਆਰ ਕਰ ਸਕਦਾ ਸੀ। ਗਾਂਧੀ ਨੇ ਹਿੰਸਾ ਨੂੰ ਤਿਆਗ ਕੇ ਗੱਲਬਾਤ ਦੇ ਰਾਹ ਦੀ ਪੈਰਵੀ ਕੀਤੀ ਸੀ, ਇਸ ਲਈ ਸਾਨੂੰ ਇਕ ਪਾਰਟੀ ਦੇ ਨਿਰੰਕੁਸ਼ ਸ਼ਾਸਕੀ ਰਾਜ (ਜੋ ਆਤਮ-ਨਿਰਣੇ ਲਈ ਹਿੰਸਾ ਦਾ ਰਾਹ ਚੁਣਨ ਵਾਲੇ ਏਸ਼ੀਆ ਤੇ ਅਫ਼ਰੀਕਾ ਦੇ ਬਹੁਤੇ ਦੇਸ਼ਾਂ ਦੀ ਹੋਣੀ ਬਣ ਗਿਆ) ਦੀ ਥਾਂ ਬਹੁ-ਪਾਰਟੀ ਲੋਕਰਾਜ ਵਜੋਂ ਉਭਰਨ ਵਿਚ ਮਦਦ ਮਿਲੀ। ਗਾਂਧੀ ਅਤੇ ਬੀ.ਆਰ. ਅੰਬੇਡਕਰ ਜਿਹੇ ਵਿਅਕਤੀਆਂ ਵੱਲੋਂ ਲਿੰਗਕ ਤੇ ਜਾਤੀ ਸਮਾਨਤਾ ਤੇ ਜ਼ੋਰ ਦੇਣ ਕਰਕੇ ਇਹ ਸਿਧਾਂਤ ਸਾਡੇ ਸੰਵਿਧਾਨ ਦਾ ਅਕਸ ਬਣ ਸਕੇ। ਗਾਂਧੀ ਤੇ ਜਵਾਹਰਲਾਲ ਨਹਿਰੂ ਜਿਹੇ ਵਿਅਕਤੀਆਂ ਨੇ ਬਹੁਤ ਸਾਰੇ ਹੋਰਨਾਂ ਦੇਸ਼ਾਂ ਦੇ ਉਲਟ ਧਾਰਮਿਕ ਤੇ ਭਾਸ਼ਾਈ ਆਜ਼ਾਦੀਆਂ ‘ਤੇ ਜ਼ੋਰ ਦਿੱਤਾ ਅਤੇ ਕਿਸੇ ਇਕ ਸ਼੍ਰੇਸਠ ਧਰਮ ਜਾਂ ਸ਼੍ਰੇਸਠ ਭਾਸ਼ਾ ਨੂੰ ਨਾਗਰਿਕਤਾ ਦਾ ਪੈਮਾਨਾ ਨਹੀਂ ਬਣਨ ਦਿੱਤਾ।
ਅੰਬੇਡਕਰ ਅਤੇ ਨਹਿਰੂ ਦੇ ਹਵਾਲਿਆਂ ਤੋਂ ਸਾਫ਼ ਹੁੰਦਾ ਹੈ ਕਿ ਮੈਂ ਇਕ ਪਲ ਲਈ ਵੀ ਇਹ ਦਾਅਵਾ ਨਹੀਂ ਕਰਦਾ ਕਿ ਲੋਕਰਾਜੀ ਤੇ ਸਰਬਸਾਂਝੇ ਸਿਆਸੀ ਅਸੂਲਾਂ ਵਾਲੇ ਆਜ਼ਾਦ ਭਾਰਤ ਦੀ ਸਿਰਜਣਾ ਵਿਚ ਇਕੱਲੇ ਗਾਂਧੀ ਦਾ ਯੋਗਦਾਨ ਸੀ। ਉਂਝ, ਆਪਣੀ ਅਗਵਾਈ ਅਤੇ ਲੋਕਰਾਜ, ਸਭਿਆਚਾਰਕ ਬਹੁਵਾਦ ਅਤੇ ਸਮਾਜਿਕ ਬਰਾਬਰੀ ‘ਤੇ ਵਾਰ-ਵਾਰ ਜ਼ੋਰ ਦੇਣ ਕਰਕੇ ਉਨ੍ਹਾਂ ਦਾ ਯੋਗਦਾਨ ਬਹੁਤ ਅਹਿਮ ਸੀ।
ਗਾਂਧੀ ਦੀ ਅਹਿਮੀਅਤ ਦਾ ਛੇਵਾਂ ਕਾਰਨ ਇਹ ਹੈ ਕਿ ਉਹ ਖ਼ਾਲਸ ਵਾਤਾਵਰਨਵਾਦੀ ਸਨ ਜਿਨ੍ਹਾਂ ਨੇ ਇਹ ਭਾਂਪ ਲਿਆ ਸੀ ਕਿ ਅੰਨ੍ਹੇਵਾਹ ਵਿਕਾਸ ਤੇ ਖਪਤਵਾਦ ਇਸ ਧਰਤੀ ਨੂੰ ਤਬਾਹੀ ਦੇ ਕੰਢੇ ‘ਤੇ ਪਹੁੰਚਾ ਦੇਵੇਗਾ। ਜਿਵੇਂ ਕਿ ਉਨ੍ਹਾਂ ਦਸੰਬਰ 1928 ਵਿਚ ਲਿਖਿਆ ਸੀ: ‘ਰੱਬ ਨਾ ਕਰੇ ਕਿ ਪੱਛਮ ਦੀ ਤਰ੍ਹਾਂ ਹੀ ਹਿੰਦੋਸਤਾਨ ਨੂੰ ਵੀ ਸਨਅਤੀਕਰਨ ਕਰਨ ਦੇ ਰਾਹ ‘ਤੇ ਚਲਣਾ ਪਵੇ। ਛੋਟੇ ਜਿਹੇ ਇਕ ਟਾਪੂ (ਇੰਗਲੈਂਡ) ਦੀ ਸਲਤਨਤ ਦੇ ਆਰਥਿਕ ਸਾਮਰਾਜਵਾਦ ਨੇ ਅੱਜ ਪੂਰੀ ਦੁਨੀਆਂ ਨੂੰ ਜੰਜ਼ੀਰਾਂ ਵਿਚ ਜਕੜਿਆ ਹੋਇਆ ਹੈ। ਜੇ ਤੀਹ ਕਰੋੜ ਦੀ ਆਬਾਦੀ ਵਾਲੀ ਸਮੁੱਚੀ ਕੌਮ ਵੀ ਇਹੋ ਜਿਹੇ ਆਰਥਿਕ ਸ਼ੋਸ਼ਣ ਦੇ ਰਾਹ ‘ਤੇ ਚੱਲ ਪਈ ਤਾਂ ਪੂਰੀ ਦੁਨੀਆ ਰੁੰਡ ਮੁੰਡ ਬਣ ਕੇ ਰਹਿ ਜਾਵੇਗੀ ਜਿਵੇਂ ਟਿੱਡੀ ਦਲ ਦੇ ਹਮਲੇ ਤੋਂ ਬਾਅਦ ਹੁੰਦਾ ਹੈ।’ ਇਹ ਇਕ ਬੇਮਿਸਾਲ ਇਲਹਾਮ ਹੀ ਸੀ ਕਿ ਪੂੰਜੀ, ਸਰੋਤਾਂ ਅਤੇ ਊਰਜਾ ਦੇ ਬੇਹਿਸਾਬ ਭੋਖੜੇ ਵਾਲੇ ਪੱਛਮੀ ਸਨਅਤੀਕਰਨ ਦੀ ਨਕਲ ਮਾਰ ਕੇ ਦਰਅਸਲ ਚੀਨ ਤੇ ਭਾਰਤ ਦੁਨੀਆ ਦੇ ਉਜਾੜੇ ਦਾ ਸਬੱਬ ਬਣਦੇ ਜਾ ਰਹੇ ਹਨ। ਆਪਣੇ ਜੀਵਨ ਅਤੇ ਕਾਰਜ ਦੌਰਾਨ ਗਾਂਧੀ ਨੇ ਜਿਸ ਸੰਜਮ ਤੇ ਜ਼ਿੰਮੇਵਾਰੀ ਦੇ ਇਖ਼ਲਾਕ ਦੀ ਪੈਰਵੀ ਕੀਤੀ, ਉਸ ਦੀ ਵਿਆਪਕ ਮਾਨਤਾ ‘ਤੇ ਹੀ ਸਾਡੇ ਗ੍ਰਹਿ ਧਰਤੀ ਦਾ ਭਵਿੱਖ ਨਿਰਭਰ ਕਰਦਾ ਹੈ।
ਗਾਂਧੀ ਦੀ ਪ੍ਰਸੰਗਕਤਾ ਦਾ ਸੱਤਵਾਂ ਕਾਰਨ ਹੈ ਨਵੇਂ ਨਵੇਂ ਲੋਕਾਂ ਨੂੰ ਮਿਲਣ ਤੇ ਨਵੇਂ ਤਜਰਬੇ ਕਰਦੇ ਰਹਿਣ ਨਾਲ ਉਨ੍ਹਾਂ ਦੀ ਪ੍ਰਫੁੱਲਤ ਹੋਣ ਤੇ ਮੌਲ਼ਣ ਦੀ ਕਾਬਲੀਅਤ। ਸ਼ਾਇਦ ਪ੍ਰਸਿੱਧ ਅਰਥਸ਼ਾਸਤਰੀ ਜੌਨ੍ਹ ਮੇਅਨਾਰਡ ਕੇਨਜ਼ ਬਾਰੇ ਗ਼ਲਤੀ ਨਾਲ ਇਕ ਕਥਨ ਜੋੋੜਿਆ ਜਾਂਦਾ ਹੈ: ‘ਜਦੋਂ ਤੱਥ ਬਦਲ ਜਾਂਦੇ ਹਨ ਤਾਂ ਮੈਂ ਆਪਣਾ ਮਨ ਬਦਲ ਲੈਂਦਾ ਹਾਂ। ਤੁਸੀਂ ਦੱਸੋ, ਕੀ ਕਰਦੇ ਹੋ ਜਨਾਬ?’ ਅਸਲ ਵਿਚ ਇਹ 1934 ਵਿਚ ਗਾਂਧੀ ਵੱਲੋਂ ਦਿੱਤਾ ਕਥਨ ਸੀ ਜੋ ਇਸ ਪ੍ਰਕਾਰ ਹੈ: ‘ਮੈਂ ਇਕਸਾਰਤਾ ਦਾ ਕੋਈ ਮਹਾਂਭਰਮ ਨਹੀਂ ਪਾਲ਼ਦਾ। ਜੇ ਮੈਂ ਹਰ ਪਲ ਆਪਣੇ ਆਪ ਨਾਲ ਸੱਚਾ ਹਾਂ ਤਾਂ ਸ਼ਾਇਦ ਮੇਰੇ ਚਿਹਰੇ ‘ਤੇ ਉਡ ਰਹੀਆਂ ਸਾਰੀਆਂ ਹਵਾਈਆਂ (ਅਸੰਗਤੀਆਂ) ‘ਤੇ ਮੈਨੂੰ ਬਿਲਕੁਲ ਕੋਈ ਮਲਾਲ ਨਹੀਂ ਹੈ।’ ਆਪਣੇ ਜੀਵਨ ਵਿਚ ਚਲਦਿਆਂ ਗਾਂਧੀ ਨੇ ਖ਼ਾਸ ਤੌਰ ‘ਤੇ ਤਿੰਨ ਮੂਲ ਮੁੱਦਿਆਂ ਬਾਰੇ ਆਪਣਾ ਮਨ ਬਦਲਿਆ ਸੀ। ਇਹ ਸਨ ਨਸਲ, ਜਾਤ ਅਤੇ ਲਿੰਗ ਜਿਨ੍ਹਾਂ ਸਾਰਿਆਂ ਉਪਰ ਉਨ੍ਹਾਂ ਆਪਣੇ ਲੜਕਪੁਣੇ ਵੇਲੇ ਦੇ ਪ੍ਰਭਾਵ ਲਾਹ ਕੇ ਵਧੇਰੇ ਅਗਾਂਹਵਧੂ ਪੈਂਤੜਾ ਅਪਣਾਇਆ ਸੀ। ਉਹ ਇਕ ਕੱਟੜ ਨਸਲਪ੍ਰਸਤ ਤੋਂ ਅਸੂਲੀ ਨਸਲਵਾਦ ਵਿਰੋਧੀ ਬਣ ਗਏ, ਜਾਤੀ ਦਰਜਾਬੰਦੀਆਂ ਨੂੰ ਦੱਬੂ ਢੰਗ ਨਾਲ ਚੁਣੌਤੀ ਦੇਣ ਵਾਲੇ ਤੋਂ ਉਹ ਇਨ੍ਹਾਂ ਨਾਲ ਸਿੱਧੇ ਤੇ ਨਿਸੰਗ ਹੋ ਕੇ ਮੱਥਾ ਲਾਉਣ ਲਈ ਤਿਆਰ ਹੋ ਗਏ ਅਤੇ ਔਰਤਾਂ ਨੂੰ ਗ਼ੈਰ-ਸਿਆਸੀ ਕਾਰਜ ਸੌਂਪਣ ਦੀ ਧਾਰਨਾ ਰੱਖਣ ਵਾਲੇ ਤੋਂ ਉਹ ਜਨਤਕ ਖੇਤਰ ਅਤੇ ਆਜ਼ਾਦੀ ਸੰਗਰਾਮ ਵਿਚ ਉਨ੍ਹਾਂ ਦੀ ਭਾਗੀਦਾਰੀ ਦੀ ਖੁੱਲ੍ਹ ਕੇ ਤਰਫ਼ਦਾਰੀ ਕਰਨ ਵਾਲੇ ਬਣ ਗਏ।
ਗਾਂਧੀ ਦੇ ਮਹੱਤਵ ਦਾ ਅੱਠਵਾਂ ਕਾਰਨ ਇਹ ਹੈ ਕਿ ਉਨ੍ਹਾਂ ਕੋਲ ਇਕ ਕਮਾਲ ਦਾ ਹੁਨਰ ਸੀ ਕਿ ਆਪਣੇ ਪੈਰੋਕਾਰਾਂ ਨੂੰ ਆਗੂ ਕਿਵੇਂ ਬਣਾਇਆ ਜਾਵੇ। ਉਹ ਪ੍ਰਤਿਭਾ ਦੀ ਪਛਾਣ ਕਰਦੇ, ਉਸ ਨੂੰ ਸਿੰਜਦੇ ਤੇ ਵਿਕਸਤ ਕਰਦੇ ਅਤੇ ਫਿਰ ਉਨ੍ਹਾਂ ਨੂੰ ਆਪਣੀ ਪਰਵਾਜ਼ ਲਈ ਆਜ਼ਾਦ ਕਰ ਦਿੰਦੇ ਸਨ। ਉਨ੍ਹਾਂ ਕੋਲ ਆਉਣ ਵਾਲੇ ਉਨ੍ਹਾਂ ਦੇ ਬਹੁਤ ਸਾਰੇ ਸ਼ਾਗਿਰਦਾਂ ਨੇ ਅੱਗੇ ਚੱਲ ਕੇ ਆਪੋ ਆਪਣੇ ਢੰਗ ਨਾਲ ਇਤਿਹਾਸ ਸਿਰਜਿਆ ਸੀ। ਇਨ੍ਹਾਂ ਸ਼ਾਨਦਾਰ ਸ਼ਾਗਿਰਦਾਂ ਵਿਚ ਜਵਾਹਰਲਾਲ ਨਹਿਰੂ, ਵੱਲਭਭਾਈ ਪਟੇਲ, ਕਮਲਾਦੇਵੀ ਚਟੋਪਾਧਿਆਏ, ਸੀ. ਰਾਜਾਗੋਪਾਲਾਚਾਰੀ, ਜ਼ਾਕਿਰ ਹੁਸੈਨ, ਜੇ.ਬੀ. ਕ੍ਰਿਪਲਾਨੀ, ਜੇ.ਸੀ. ਕੁਮਾਰੱਪਾ, ਸਰਲਾ ਦੇਵੀ (ਕੈਥਰੀਨ ਮੈਰੀ ਹੀਲਮਨ) ਅਤੇ ਹੋਰ ਬਹੁਤ ਸਾਰੇ ਸ਼ਾਮਲ ਸਨ। ਜੇ ਗਾਂਧੀ ਭਵਿੱਖ ਦੇ ਆਗੂ ਘੜਨ ਵਿਚ ਮੁਹਾਰਤ ਰੱਖਦੇ ਸਨ ਤਾਂ ਇਸ ਦੇ ਮੁਕਾਬਲੇ ਆਜ਼ਾਦ ਭਾਰਤ ਦੇ ਤਿੰਨ ਸਭ ਤੋਂ ਵੱਧ ਪ੍ਰਭਾਵਸ਼ਾਲੀ ਪ੍ਰਧਾਨ ਮੰਤਰੀ- ਜਵਾਹਰਲਾਲ ਨਹਿਰੂ, ਇੰਦਰਾ ਗਾਂਧੀ ਤੇ ਨਰਿੰਦਰ ਮੋਦੀ ਵਿਚ ਇਹ ਕਾਬਲੀਅਤ ਨਾਂਮਾਤਰ ਹੀ ਰਹੀ ਹੈ। ਉਂਝ, ਪਾਰਟੀ, ਸਰਕਾਰ, ਸਟੇਟ ਨੂੰ ਆਪਣੇ ਆਪ ਦੀ ਸੰਗਿਆ ਦੇਣ ਦੇ ਮਾਮਲੇ ਵਿਚ ਇਹ ਤਿੰਨੋਂ ਨੇੜੇ-ਤੇੜੇ ਹੀ ਹਨ। ਸੱਤਾ ਦੇ ਸ਼ਖ਼ਸੀਕਰਨ ਨੂੰ ਨਹਿਰੂ ਨੇ ਜਿੱਥੇ ਛੱਡਿਆ ਸੀ, ਇੰਦਰਾ ਉੱਥੋਂ ਬਹੁਤ ਅਗਾਂਹ ਲੈ ਗਏ ਸੀ ਤੇ ਮੋਦੀ ਨੇ ਇਸ ਨੂੰ ਇਕ ਵੱਖਰੇ ਮੁਕਾਮ ‘ਤੇ ਪਹੁੰਚਾ ਦਿੱਤਾ ਹੈ। ਫਿਰ ਵੀ ਇਹ ਤਿੰਨੋ ਆਪਣੇ ਆਪ ਨੂੰ ਘੱਟ ਜਾਂ ਵੱਧ ਅਜਿਹੇ ਆਗੂ ਦੇ ਤੌਰ ‘ਤੇ ਚਿਤਵਦੇ ਰਹੇ ਹਨ ਜਿਸ ਤੋਂ ਬਿਨਾਂ ਦੇਸ਼ ਚਲਾਇਆ ਨਹੀਂ ਜਾ ਸਕਦਾ ਤੇ ਜਿਸ ਦਾ ਬਦਲ ਨਹੀਂ ਹੈ। ਇਨ੍ਹਾਂ ਨੇ ਅਗਲੀ ਪੀੜ੍ਹੀ ਦੇ ਆਗੂਆਂ ਨੂੰ ਤਿਆਰ ਕਰਨ ਲਈ ਬਹੁਤਾ ਕੁਝ ਨਹੀਂ ਕੀਤਾ। (ਸਿਆਸਤ ਤੋਂ ਇਲਾਵਾ ਸੱਤਾ ਦੇ ਸ਼ਖ਼ਸੀਕਰਨ ਦੀ ਇਸ ਅਲਾਮਤ ਦੀ ਝਲਕ ਬਹੁਤ ਸਾਰੇ ਭਾਰਤੀ ਕਾਰਪੋਰੇਟ ਮੋਹਰੀਆਂ ਅਤੇ ਸ਼ਹਿਰੀ ਸਮਾਜ ਦੀਆਂ ਸੰਸਥਾਵਾਂ ਦੇ ਆਗੂਆਂ ਦੇ ਕਿਰਦਾਰ ‘ਚੋਂ ਵੀ ਪੈਂਦੀ ਹੈ ਜੋ ਸਿਆਸਤਦਾਨਾਂ ਵਾਂਗ ਹੀ ਆਪਣੇ ਅਦਾਰੇ ਨੂੰ ਸਵੈ ਨਾਲ ਸੰਗਿਆ ਦਿੰਦੇ ਹਨ)।
ਗਾਂਧੀ ਦੀ ਸਾਰਥਿਕਤਾ ਦਾ ਨੌਵਾਂ ਕਾਰਨ ਇਹ ਹੈ ਕਿ ਉਨ੍ਹਾਂ ਅੰਦਰ ਆਪਣੇ ਵਿਰੋਧੀਆਂ ਦੇ ਨੁਕਤਾ-ਏ-ਨਜ਼ਰ ਨੂੰ ਵੇਖਣ ਦੀ ਖ਼ੂਬੀ, ਇਸ ਦੇ ਨਾਲ ਉਨ੍ਹਾਂ ਤਕ ਪਹੁੰਚ ਬਣਾਉਣ ਅਤੇ ਮਾਣਮੱਤੇ ਢੰਗ ਨਾਲ ਸੁਲ੍ਹਾ ਕਰਨ ਦਾ ਮਾਦਾ। ਇਸ ਕਰਕੇ ਜਿਨਾਹ ਅਤੇ ਅੰਬੇਡਕਰ ਵਰਗੇ ਆਪਣੇ ਸਿਆਸੀ ਵਿਰੋਧੀਆਂ ਨਾਲ ਅਤੇ ਦੱਖਣੀ ਅਫ਼ਰੀਕਾ ਤੇ ਹਿੰਦੋਸਤਾਨ ਵਿਚਲੇ ਸਾਮਰਾਜੀ ਅਹਿਲਕਾਰਾਂ (ਗਵਰਨਰ) ਨਾਲ ਵੀ ਸਾਂਝੇਦਾਰੀ ਵਾਲੇ ਨੁਕਤਿਆਂ ਦੀ ਤਲਾਸ਼ ਲਈ ਉਹ ਸਾਲਾਂਬੱਧੀ ਨਿੱਠ ਕੇ ਕੋਸ਼ਿਸ਼ ਕਰਦੇ ਰਹੇ। ਗਾਂਧੀ ਦੀ ਕਿਸੇ ਨਾਲ ਨਿੱਜੀ ਨਾਪਸੰਦ ਜਾਂ ਨਫ਼ਰਤ ਨਹੀਂ ਸੀ ਸਗੋਂ ਬੌਧਿਕ ਜਾਂ ਸਿਆਸੀ ਮਤਭੇਦ ਸਨ ਤੇ ਇਨ੍ਹਾਂ ਮੁਤੱਲਕ ਵੀ ਉਹ ਹਮੇਸ਼ਾ ਸੁਲਝਣ ਦੇ ਆਸਵੰਦ ਰਹਿੰਦੇ ਸਨ। ਉਹ ਆਪਣੇ ਮਨ ਵਿਚ ਕਿਸੇ ਪ੍ਰਤੀ ਰੰਜ਼ਿਸ਼ ਬਿਲਕੁਲ ਨਹੀਂ ਪਾਲ਼ਦੇ ਸਨ।
ਗਾਂਧੀ ਦੀ ਪ੍ਰਸੰਗਕਤਾ ਦਾ ਦਸਵਾਂ ਕਾਰਨ ਹੈ ਉਨ੍ਹਾਂ ਦੇ ਸਿਆਸੀ ਜੀਵਨ ਦੀ ਪਾਰਦਰਸ਼ਤਾ। ਉਨ੍ਹਾਂ ਦੇ ਆਸ਼ਰਮ ਵਿਚ ਹਰ ਕੋਈ ਦਾਖ਼ਲ ਹੋ ਸਕਦਾ ਸੀ; ਕੋਈ ਵੀ ਉਨ੍ਹਾਂ ਨਾਲ ਬਹਿਸ ਕਰ ਸਕਦਾ ਸੀ ਤੇ ਇੱਥੋਂ ਤੱਕ ਕਿ ਕੋਈ ਵੀ ਬੰਦਾ ਚੱਲ ਕੇ ਉਨ੍ਹਾਂ ਦੀ ਹੱਤਿਆ ਵੀ ਕਰ ਸਕਦਾ ਸੀ, ਜਿਵੇਂ ਕਿ ਆਖ਼ਰ ਵਾਪਰਿਆ ਸੀ। ਕਿੱਡੇ ਸਿਤਮ ਦੀ ਗੱਲ ਜਾਪਦੀ ਹੈ ਜਦੋਂ ਅਸੀਂ ਗਾਂਧੀ ਦੀ ਤੁਲਨਾ ਉਨ੍ਹਾਂ ਦੇ ਅਤੇ ਸਾਡੇ ਸਮਿਆਂ ਦੇ ਸੁਰੱਖਿਆ ਦਸਤਿਆਂ ਦੇ ਜਨੂੰਨ ਦੇ ਸ਼ਿਕਾਰ ਆਪਣੇ ਸਿਆਸੀ ਆਗੂਆਂ ਨਾਲ ਕਰਦੇ ਹਾਂ।
ਗਾਂਧੀ ਜੀ ਦੇ ਜੀਵਨ ਤੋਂ ਲਏ ਸਬਕਾਂ ਦਾ ਜੋ ਵਖਿਆਨ ਮੈਂ ਇੱਥੇ ਕੀਤਾ ਹੈ, ਜ਼ਰੂਰੀ ਨਹੀਂ ਕਿ ਉਹ ਇਕੱਲੇ ਸਾਡੇ ਦੇਸ਼ ਲਈ ਹੀ ਪ੍ਰਸੰਗਕ ਹੋਣ। ਬਹਰਹਾਲ, ਸਾਡੇ ‘ਚੋਂ ਬਹੁਤੇ ਲੋਕਾਂ ਲਈ ਸੋਚਣ ਦਾ ਮਸਲਾ ਇਹ ਹੈ ਕਿ ਜਿਸ ਤਰ੍ਹਾਂ ਕੱਟੜਵਾਦੀ ਧਾਰਮਿਕ ਬਹੁਗਿਣਤੀਵਾਦ, ਅਪਮਾਨਜਨਕ ਤੇ ਗਾਲੀ ਗਲੋਚ ਦੇ ਸਿਆਸੀ ਸਭਿਆਚਾਰ, ਆਗੂਆਂ ਤੇ ਸਰਕਾਰਾਂ ਵੱਲੋਂ ਪ੍ਰਚਾਰੇ ਜਾਂਦੇ ਝੂਠ ਫਰੇਬ ਦੇ ਇਸ ਮਾਹੌਲ ਵਿਚ ਜਿਵੇਂ ਕੁਦਰਤੀ ਵਾਤਾਵਰਨ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਤੇ ਸ਼ਖ਼ਸੀ ਪੂਜਾ ਦਾ ਹਵਨ ਕੀਤਾ ਜਾ ਰਿਹਾ ਹੈ, ਕੀ ਉਸ ਦਾ ਝਲਕਾਰਾ ਭਾਰਤ ‘ਚੋਂ ਮਿਲ ਰਿਹਾ ਹੈ ਜਾਂ ਨਹੀਂ।
ਈ-ਮੇਲ: ramachandraguha@yahoo.in
ਹੋ ਚੀ ਮਿਨ੍ਹ
“ਤੁਹਾਡੀ ਅਗਵਾਈ ਤੁਹਾਡਾ ਮਹਾਤਮਾ ਗਾਂਧੀ ਕਰ ਰਿਹਾ ਹੈ, ਇਥੇ ਮੈਂ ਮਹਾਤਮਾ ਗਾਂਧੀ ਹਾਂ!” (ਹਿੰਦੋਸਤਾਨ ਦੇ ਸੁਤੰਤਰਤਾ ਸੰਗਰਾਮ ਵਿਚ ਹੋ ਚੀ ਮਿਨ੍ਹ ਨੂੰ ਅਤੇ ਵੀਅਤਨਾਮ ਦੇ ਸੰਗਰਾਮ ਵਿਚ ਹਿੰਦੁਸਤਾਨ ਦੇ ਕਰੋੜਾਂ ਲੋਕਾਂ ਨੂੰ ਡੂੰਘੀ ਦਿਲਚਸਪੀ ਸੀ। ਇਕ ਵਾਰ ਉਹਨੇ ਕੁਛ ਹਿੰਦੋਸਤਾਨੀਆਂ ਨਾਲ ਦੋਵਾਂ ਦੇਸਾਂ ਦੇ ਸੰਗਰਾਮਾਂ ਬਾਰੇ ਗੱਲਬਾਤ ਕਰਦਿਆਂ ਮੁਸਕਰਾ ਕੇ ਇਹ ਗੱਲ ਆਖੀ ਸੀ।) |
ਭਗਤ ਸਿੰਘ
ਗਾਂਧੀਵਾਦ ਆਪਣਾ ਭਾਣਾ ਮੰਨਣ ਦਾ ਮੱਤ ਰੱਖਦੇ ਹੋਏ ਵੀ ਇਨਕਲਾਬੀ ਵਿਚਾਰਧਾਰਾ ਦੇ ਕੁਝ ਨੇੜੇ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ। ਇਹ ਜਨਤਕ ਐਕਸ਼ਨ ‘ਤੇ ਨਿਰਭਰ ਕਰਦਾ ਹੈ, ਭਾਵੇਂ ਉਹ ਜਨਤਾ ਵਾਸਤੇ ਨਹੀਂ ਹੁੰਦਾ। ਉਨ੍ਹਾਂ (ਗਾਂਧੀ) ਨੇ ਕਿਰਤੀ ਇਨਕਲਾਬ ਲਈ, ਕਿਰਤੀਆਂ ਨੂੰ ਲਹਿਰ ਵਿਚ ਹਿੱਸੇਦਾਰ ਬਣਾ ਕੇ ਰਾਹ ਪਾ ਦਿੱਤਾ ਹੈ। …ਇਨਕਲਾਬੀਆਂ ਨੂੰ ‘ਅਹਿੰਸਾ ਦੇ ਫਰਿਸ਼ਤੇ’ ਨੂੰ ਉਸ ਦੀ ਯੋਗ ਥਾਂ ਦੇਣੀ ਚਾਹੀਦੀ ਹੈ। |
ਰਈਸ ਅਮਰੋਹਵੀ ਨਾ ਦੇਖੋ ਕਿ ਆਖ਼ਿਰ ਜੀਆ ਕਿਸ ਤਰ੍ਹਾਂ ਯੇ ਦੇਖੋ ਕਿ ਮਰ ਕਰ ਵੋ ਕਯਾ ਬਣ ਗਯਾ। ਗਰਜ਼ ਯੇ ਕਿ ਜਲ-ਬੁਝ ਕੇ ਗਾਂਧੀ ਕਾ ਜਿਸਮ ਅਜਬ ਨੁਸਖਾ-ਏ-ਕੀਮੀਆ1 ਬਣ ਗਯਾ ਦੰਗ2 ਥੇ ਅੰਗਰੇਜ਼ ਗਾਂਧੀ ਕੇ ਹਰ ਐਲਾਨ ਸੇ ਲਾਖ ਦੁਸ਼ਮਨ ਥੇ ਮਗਰ ਭਾਗਾ ਨਾ ਵੋਹ ਮੈਦਾਨ ਸੇ। ਹੈ ਫ਼ਕਤ3 ਜਿਸਕੀ ਤਵੱਕੋ4 ਸਾਹਿਬ-ਏ-ਇਮਾਨ5 ਸੇ ਮੌਤ ਕੋ ਖ਼ੁਸ਼-ਆਮਦੀਦ ਉਸ ਨੇ ਕਹਾ ਥਾ ਸ਼ਾਨ ਸੇ।
(1. ਕੀਮਤੀ ਧਾਤ ਬਣਾਉਣ ਦਾ ਨੁਸਖਾ, 2. ਹੈਰਾਨ, 3. ਕੇਵਲ, 4. ਵਾਸਤਾ, 5. ਇਮਾਨ ਦੇ ਝੰਡਾ-ਬਰਦਾਰ) |
ਜਿਗਰ ਮੁਰਾਦਾਬਾਦੀ ਹਜ਼ਾਰ-ਦਰ-ਹਜ਼ਾਰ ਹੈ ਅਗਰ ਚੇ ਰਹਬਿਰਾਨ-ਏ-ਮੁਲਕ1 ਮਗਰ ਵੋ ਪੀਰ-ਏ-ਨੌਜਵਾਂ2, ਵੋ ਏਕ ਮਰਦ-ਏ-ਸਫ਼-ਸ਼ਿਕਨ3 ਵਹੀ ਮਹਾਤਮਾ, ਵਹੀ ਸ਼ਹੀਦ-ਏ-ਅਮਨ-ਓ-ਆਸ਼ਤੀ4 ਪ੍ਰੇਮ ਜਿਸ ਕੀ ਜ਼ਿੰਦਗੀ, ਖ਼ਲੂਸ5 ਜਿਸ ਕਾ ਪੈਰਹਨ6 ਵਹੀ ਸਿਤਾਰੇ ਹੈਂ, ਮਗਰ ਕਹਾਂ ਵੋ ਮਾਹਤਾਬ-ਓ-ਹਿੰਦ7 ਵਹੀ ਹੈ ਅੰਜਮੁਨ8, ਮਗਰ ਕਹਾਂ ਵੋ ਸਦਰ-ਏ-ਅੰਜੁਮਨ9 (1. ਦੇਸ਼ ਦੇ ਆਗੂ, 2. ਨੌਜਵਾਨਾਂ ਦਾ ਗੁਰੂ, 3. ਲੜਾਈ ‘ਚ ਫ਼ੌਜ ਦੀ ਸਫ਼ ਨੂੰ ਚੀਰ ਦੇਣ ਵਾਲਾ ਯੋਧਾ, 4. ਅਮਨ ਤੇ ਦੋਸਤੀ (ਆਸ਼ਤੀ) ਦਾ ਸ਼ਹੀਦ, 5. ਮੁਹੱਬਤ/ਮਿੱਤਰਤਾ, 6. ਲਬਿਾਸ, 7. ਹਿੰਦ ਦਾ ਚੰਦ, 8. ਮਜਲਿਸ, 9. ਮਜਲਿਸ/ਸਭਾ ਦਾ ਸਰਦਾਰ) |
ਹਿੰਦ ਗਗਨ ਦਾ ਇੰਦੂ
ਭਾਈ ਵੀਰ ਸਿੰਘ
1.
ਉਹ ਸੁੱਤਾ ਪਿਆ ਸੀ ਸੜਕ ਦੇ ਲਾਗ
ਧਰਤੀ ਦੀ ਗੋਦ ਵਿਚ,
ਹਰੇ ਹਰੇ ਘਾਹ ਦੀ ਵਿਛਾਉਣੀ ਵਿਛੀ ਸੀ
ਧਰਤੀ ਦੀ ਗੋਦ ਵਿਚ
ਮਿੱਠੀ ਮਿੱਠੀ ਮਹਿਕ ਉੱਠ ਰਹੀ ਸੀ,
ਰੁਮਕੇ ਰੁਮਕੇ ਲੰਘ ਰਹੀ ਪੌਣ,
ਇਕ ਯੁਵਤੀ ਵਾਂਙੂ ਖਲੋ ਗਈ,
‘ਕੌਣ ਏ ਏਹ
ਮੈਨੂੰ ‘ਮਹਿਕ-ਮਗਨ’ ਕਰਨਹਾਰ?
‘ਕਿਸ ਮਾਂ ਦਾ ਜਾਇਆ ਏ?
ਕਿਸ ਭਾਗਭਰੀ ਦਾ ਪ੍ਰੀਤਮ ਏ?
ਧਰਤੀ:
‘ਇਹ ਸੁਗੰਧੀ ਏ,
‘ਹੁਣ ਸੁਗੰਧੀ ਦੇਣਹਾਰ ਏ,
‘ਸੁਗੰਧੀ-ਦਾਤਾ ਹੋਣ ਕਰਕੇ
ਆਖਦੇ ਹਨ:
‘ਗਾਂਧੀ ਏ।’
2.
ਪਉਣ ਹਿਲਾਉਣ ਲੱਗੀ ਤਾਂ
ਧਰਤੀ ਤੋਂ ਆਵਾਜ਼ ਆਈ:
‘ਨਾ ਛੇੜ ਸੁਗੰਧੀ ਦੇਣਹਾਰ ਨੂੰ!
‘ਮਤੇ ਫੇਰ ਹੋ ਜਾਏ ਸੁਗੰਧੀ’!
‘ਭੋਲੀਏ!
‘ਸੁਗੰਧੀ-ਦਾਤਾ ਹੁਣ
ਨੈਣਾ ਦਾ ਵਿਸ਼ਯ ਏ,
‘ਜਦ ਹੋ ਗਿਆ ਮੁੜਕੇ ‘ਸੁਗੰਧੀ’
ਤਾਂ ਨ ਰਹੇਗਾ ਨੈਣਾਂ ਦਾ ਵਿਸ਼ਯ
‘ਸੁਗੰਧੀ ਸੁਗੰਧੀ ਰਹੇਗੀ
‘ਪਰ
ਤੇਰੇ ਮੇਰੇ ਨੈਣ
‘ਨ ਦੇਖ ਸਕਣਗੇ ਸੁਗੰਧੀ ਨੂੰ!’
4.
ਠਾਹ! ‘ਮੇਰੀ ਗੋਲੀ ਵੱਜੀ,
‘ਆਵਾਜ਼ ਬੰਦ ਹੋ ਗਈ,
‘ਸਦਾ ਲਈ ਬੰਦ ਹੋ ਗਈ
‘ਹੁਣ ਨਾ ਸੁਣੀਵੇਗੀ’
ਕਹਿ ਕੇ ਕਾਤਲ ਨੇ ਤਾਲੀ ਵਜਾਈ!
ਪਰ
‘ਪੱਥਰ-ਵਜੇ-ਸਰੋਵਰ’ ਵਿਚ
ਲਹਿਰ-ਤਰੰਗ ਵਾਂਗ ਲਹਿਰ ਉੱਠੀ
ਗਈ ਜਗਤ ਦੇ ਅਖ਼ੀਰ ਤਕ
ਲਹਿਰਾਉਂਦੀ:
‘ਗਾਂਧੀ ਕੀ ਜੈ’,
ਗਈ ਆਵਾਜ਼ ਗੂੰਜਦੀ
ਦੁਨੀਆਂ ਦੇ ਅਖ਼ੀਰ ਤਕ।
ਪਰਤ ਪਰਤ ਆਏਗੀ,
ਰਹੇਗੀ ਗੂੰਜਦੀ
ਗੁੰਬਦ ਦੀ ਆਵਾਜ਼ ਵਾਂਗ-
‘ਗਾਂਧੀ ਕੀ ਜੈ’।
5.
ਸ਼ੌਰਯ,
ਵਾਹ ਸ਼ੌਰਯ।
ਨਿਹੱਥੇ ਤੇ ਵਾਰ।
ਬਿਨਾਂ ਵੰਗਾਰੇ ਦੇ ਵਾਰ!
ਬ੍ਰਿਧ ਤੇ ਵਾਰ!
ਸਾਧੂ ਤੇ ਵਾਰ!
ਸੰਗਤ ਅੱਗੇ ਹੱਥ ਜੋੜ ਖੜੋਤੇ
ਤੇ ਵਾਰ!
ਰੁਮਾਲ ਪੈ ਗਿਆ
ਰਾਮਾਯਾਨ ਮਹਾਭਾਰਤ ਦੇ
ਸ਼ੌਰਯ ਉੱਤੇ।
6.
ਮੈਂ ਡਿੱਠਾ ਨੀਤੀ ਗਗਨਾਂ ਦੇ ਚੜ੍ਹੇ
ਪੂਰਣਮਾ ਦੇ ਚੰਦ ਨੂੰ
‘ਠਾਹ’ ਕਰਕੇ ਗੋਲੀ ਵੱਜੀ
ਚੰਦ ਨੂੰ,
ਉਹ ਕ੍ਰੋੜਾਂ ਹੀਰਾ-ਕਣੀਆਂ ਹੋ ਢੱਠਾ
ਪਰ
ਧਰਤੀ ਦੇ ਗਰਦ ਗੁਬਾਰ ਵਿਚ
ਪਹੁੰਚਣ ਤੋਂ ਪਹਿਲੋਂ
ਇਕ ਇਕ ਕਣੀ ਨੂੰ ਬੋਚ ਲਿਆ
ਚਾਲੀ ਕ੍ਰੋੜ ਚਕੋਰਾਂ ਨੇ
ਤੇ ਬਣਾ ਲਿਆ ਚੂੜਾਮਣੀ
ਆਪਣੇ ਸੀਸ ਦੀ।
7.
ਉਹ ਮਰ ਗਿਆ,
ਉਹ ਅਗਨਿ-ਭੇਟ ਹੋ ਗਿਆ,
ਵਿਭੂਤੀ ਤੇ ਫੁਲ
ਜਮਨਾ ਗੰਗਾ ਨਰਬਦਾ ਲੈ ਗਈਆਂ,
ਪਰ
ਉਹ ਜੀ ਉਠਿਆ
ਸੀਨਿਆਂ ਵਿਚ,
ਖੇਲ ਪਿਆ
ਪਯਾਰ ਪੰਘੂੜਿਆਂ ਵਿਚ,
ਹਾਂ, ਅਮਰ ਹੋ ਗਿਆ,
ਜਗਤ ਕਦਰਦਾਨੀ ਦੇ
ਰੰਗ ਮਹੱਲਾਂ ਵਿਚ
8.
ਦੀਵਾ ਫੁਟ ਗਿਆ,
ਤੇਲ ਨਿਖੁੱਟ ਗਿਆ,
ਵੱਟੀ ਹੁਟ ਗਈ,
ਪਰ
ਜਗਾ ਗਈ ਘਟ-ਦੀਪਮਾਲਾ
ਹੁਟਦੇ ਦੀਵੇ ਦੀ ਲਾਟ-ਛੋਹ।
9.
ਅਮਰ ਹੋ ਗਿਆ
ਗੋਲੀ ਨਾਲ ਮਾਰਿਆ ਗਿਆ
ਅਹਿੰਸਾ ਦਾ ਪੁਜਾਰੀ
ਇਤਿਹਾਸ ਵਿਚ,
ਦੇਖ, ਸਤਯਾ ਅਹਿੰਸਾ ਦੇ ਪੁਜਾਰੀ ਦੀ
ਅਮਰ ਕਰ ਦਿੱਤੋਸੁ
ਹਿੰਸਕ ਨੂੰ ਭੀ ਆਪਣੇ ਨਾਲ
ਇਤਿਹਾਸ ਦੇ ਪੱਤਰਿਆਂ ਵਿਚ;
ਪਰ ਦੇਖ ਨਿਆਂ
ਅਣਡਿੱਠੇ ਨਿਆਂ-ਕਰਤਾ ਦਾ
ਮਰੀਵਣਹਾਰ ਤਾਂ ਜੀਉ ਪਿਆ
ਇਤਿਹਾਸ ਵਿਚ ਬੀ
ਪਯਾਰ ਪੀਂਘ ਝੂਟਦਾ
ਪਰ ਹਿੰਸਕ ਜੀਵਿਆ
ਘ੍ਰਿਣਾ ਦੀ ਚਰਖੜੀ ਚੜ੍ਹਿਆ
ਉਸੇ ਇਤਿਹਾਸ ਦੇ ਪਤ੍ਰਿਆਂ ਵਿਚ।
10.
ਹਿੰਸਕ ਨੇ ਮਾਰਿਆ ਅਹਿੰਸਕ ਨੂੰ
‘ਆਪਣੀ ਨਫ਼ਰਤ’ ਦਾ ਨਿਸ਼ਾਨਾ ਬਣਾ ਕੇ,
‘ਜਗਤ ਨਫ਼ਰਤ’ ਦਾ ਨਿਸ਼ਾਨਾ
ਬਣ ਗਿਆ ਆਪ।
ਪਰ ਅਹਿੰਸਕ ਨਫ਼ਰਤ ਤੋਂ ਅਞਾਣਾ ਸੀ,
ਉਸਨੂੰ ਉਠਾ ਲਿਆ ਸਨਮਾਨ ਗੋਦੀ ਵਿਚ
ਆਪਣਿਆਂ,
ਬਿਗਾਨਿਆਂ;
ਸਵਦੇਸ਼ੀਆਂ;
ਬਿਦੇਸ਼ੀਆਂ;
ਸਭਯ ਦੁਨੀਆਂ ਦੇ ਸਤ-ਓਪਰਿਆਂ:
‘ਵੱਸ ਏਥੇ ਸਦਾ ਲਈ ਸੁਹਣਿਆਂ।’
18.
ਮੈਂ ਡਿੱਠਾ,
ਫਰਿਸ਼ਤੇ ਰੋ ਰਹੇ ਸਨ
ਇਸ ਖ਼ੁਸ਼ੀ ਵਿਚ ਨਾ
ਕਿ ਸਾਡੇ ਵਿਚ ਇਕ ਹੋਰ ਦੇਵਤਾ
ਬਣ ਕੇ ਆ ਰਿਹਾ ਹੈ,
ਪਰ ਜਿਨ੍ਹਾਂ ਵਿਚੋਂ ਆ ਰਿਹਾ ਸੀ
ਉਨ੍ਹਾਂ ਦੀ ਵਿਯੋਗ-ਪੀੜਾ ਨਾਲ
ਪੀੜਿਤ ਹੋ ਕੇ।
19.
ਆਵਾਜ਼ ਆਈ:-ਠਾਹ
ਧੁਨਿ ਉਠੀ:-
‘ਰਾਮ, ਰਾ ਅ ਮ, ਰਾ ਅ ਅ ਮ!’
ਗੈਬ ਤੋਂ ਸੱਦ ਆਈ ਸੁਕਰਾਤ ਦੀ:
ਆ ਜਾ ਮੇਰੇ ਭਾਈ ਗਾਂਧੀ। ਆ ਜਾ,
‘ਇਸ ਦੁਨੀਆਂ ਪਾਸ ਇਹੋ ਕੁਛ ਹੈ;
ਇਨ੍ਹਾਂ ਆਪਣਿਆਂ ਪਾਸ
ਇਹੋ ਕੁਛ ਹੈ,
‘ਹਾਂ, ਏਹ ਨਹੀਂ ਜਾਣਦੇ
ਏਹ ਕੀਹ ਕਰ ਰਹੇ ਹਨ
‘ਪਰ ਉਹ ਜਾਣਦਾ ਹੈ,
ਉਹ ਜਾਣਦਾ ਹੈ
ਜੀਵਨ ਭਲਾ ਹੈ ਕਿ ਮਰਨ!
‘ਹਾਂ, ਕਿਸ ਵੇਲੇ ਕੀਹ ਭਲਾ ਹੈ
ਉਹ ਜਾਣਦਾ ਹੈ।’
ਸਰੀਰ ਤੋਂ ਵਿਛੁੜੀ ਗਾਂਧੀ ਰੂਹ:
‘ਤਥਾਸਤੂ!
ਮੇਰੇ ਭਾਈ! ਤਥਾਸਤੂ।’
ਗਗਨ ਗੂੰਜੇ
‘ਆਮੀਨ,
‘ਭਾਈ, ਆਮੀਨ
ਮਨਸੂਰ (ਤਾੜੀ ਮਾਰਕੇ):
‘ਆਪਾ ਨਛਾਵਰੀਏ’
ਇਸੇ ਪੁਰਸਲਾਤ ਤੋਂ ਲੰਘਕੇ
ਆਉਂਦੇ ਹਨ।’
21.
ਏਕਾਂਤ ਹੈ, ਕਮਰੇ ਵਿਚ ਕੋਈ ਨਹੀਂ,
ਮੱਧਮ ਮੱਧਮ ਚਾਨਣਾ ਹੈ
ਰੋਸ਼ਨਦਾਨ ਵਿਚੋਂ ਆ ਰਹੀਆਂ
ਚੰਦ ਰਿਸ਼ਮਾਂ ਦਾ।
ਮਲਕੜੇ
ਦਰਵਾਜ਼ੇ ਦਾ ਇਕ ਤਾਕ ਸਰਕਿਆ
ਕੋਈ ਆਇਆ ਅੰਦਰ ਛੋਪਲੇ,
ਆਹਟ ਨਹੀਂ ਆਈ
ਮੱਧਮ ਮੱਧਮ ਸੁਰ ਛਿੜ ਪਈ
ਸੁਰੀਲੀ ਸੁਰ-ਆਲਾਪ ਦੀ
ਫਿਰ ਆਲਾਪ ਸੁਰ ਪਦਾਂ ਵਿਚ ਹੋ ਬੋਲੀ
‘ਰਘੁਪਤਿ ਰਾਘਵ ਰਾਜਾ ਰਾਮ
ਪਤਿਤ ਪਾਵਨ ਸੀਤਾ ਰਾਮ।’
ਤ੍ਰਬ੍ਹਕ ਕੇ ਮੈਂ ਪੁੱਛਿਆ:
ਗਾਂਧੀ ਜੀਓ! ਤੁਸੀਂ ਹੋ?
ਆਵਾਜ਼ ਆਈ:
‘ਰਘੁਪਤਿ ਰਾਘਵ ਰਾਜਾ ਰਾਮ
ਪਤਿਤ ਪਾਵਨ ਸੀਤਾ ਰਾਮ।’
ਗਾਂਧੀ ਜੀ ਆਪ ਹੋ ਧੁਨਿ ਆਪ ਦੀ?
ਆਵਾਜ਼ ਆਈ:
‘ਅੱਲਾ ਰਾਮ
ਅੱਲਾ ਰਾਮ
ਰਘੁਪਤਿ ਰਾਘਵ ਰਾਜਾ ਰਾਮ।
ਪਤਿਤ ਪਾਵਨ ਸੀਤਾ ਰਾਮ।’